ਗੁਰਨਾਮ ਕੌਰ (ਡਾ.)
ਪ੍ਰੋ. (ਸੇਵਾਮੁਕਤ)
ਸਿਆਣੇ ਕਹਿੰਦੇ ਮਨੁੱਖ ਦੀ ਸਭ ਤੋਂ ਸੁੰਦਰ ਤਸਵੀਰ ਮਾਂ ਬਣਾਉਂਦੀ ਹੈ। ਸੋਹਣੇ ਚਿੱਤਰਕਾਰ ਵਾਂਗ ਉਹ ਜੀਵਨ ਦੇ ਹਰ ਨੈਣ ਨਕਸ਼ ਨੂੰ ਘੜਦੀ ਸੰਵਾਰਦੀ ਅਤੇ ਨਿਖਾਰਦੀ ਹੈ। ਡਾ. ਓਅੰਕਾਰ ਸਿੰਘ ਦੇ ਜੀਵਨ ਨੂੰ ਵੀ ਉਨ੍ਹਾਂ ਦੀ ਮਾਂ ਨੇ ਗੁਰਮਤਿ ਦੀਆਂ ਲੋਰੀਆਂ ਦੇ ਦੇ ਕੇ ਪਾiਲ਼ਆ। ਬਚਪਨ ਤੋਂ ਹੀ ਬਾਣੀ ਕੰਠ ਕਰਾ-ਕਰਾ ਕੇ ਕਲਗੀਧਰ ਚਮਤਕਾਰ ਵਿਚੋਂ ਸਾਖੀਆਂ ਸੁਣਾ-ਸੁਣਾ ਕੇ ਵੱਡਿਆਂ ਕੀਤਾ।
ਆਪਣੇ ਨਜ਼ਦੀਕ ਰਹਿਣ ਕਰਕੇ ਮੈਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੀ ਕਹਾਣੀ ਬੜੀ ਦਿਲਚਸਪ ਲੱਗਦੀ ਹੈ। ਆਪਣੇਂ ਬੀਜੀ ਦੇ ਕਹਿਣ ‘ਤੇ ਜੋ ਇੱਕ ਅਧਿਆਪਕਾ ਅਤੇ ਗੁਰਬਾਣੀ ਨਾਲ ਜੁੜੀ ਹੋਈ ਗੁਰੂ ਵਰੋਸਾਈ ਰੂਹ ਸੀ, ਉਹ ਸਰਕਾਰੀ ਨੌਕਰੀ ਛੱਡ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦਾਖ਼ਲ ਹੋ ਗਏ। ਉਨ੍ਹਾਂ ਦੇ ਅਕਾਦਮਿਕ ਸਫ਼ਰ ਦਾ ਇਹ ਪਹਿਲਾ ਪੜਾਅ ਹੈ।
ਇਥੇ ਓਅੰਕਾਰ ਸਿੰਘ ਜੀ ਦਾ ਵਾਹ ਪ੍ਰਿੰਸੀਪਲ ਹਰਭਜਨ ਸਿੰਘ ਨਾਲ ਪਿਆ ਜੋ ਸਿੱਖ ਧਰਮ-ਚਿੰਤਨ ਦੇ ਸਥਾਪਤ ਵਿਦਵਾਨ ਸਨ ਅਤੇ ਗੁਰਮਤਿ ਫ਼ਲਸਫੇ ਦਾ ਗੂੜ੍ਹ ਗਿਆਨ ਰੱਖਦੇ ਸਨ। ਇਸ ਕੋਰਸ ਦੌਰਾਨ ਉਨ੍ਹਾਂ ਨੇ ਗਿਆਨੀ ਦੀ ਕਲਾਸ ਵੀ ਪਾਸ ਕਰ ਲਈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ 2 ਸਾਲਾਂ ਦੀ ਪੜ੍ਹਾਈ ਨੇ ਉਨ੍ਹਾਂ ਦੇ ਅਕਾਦਮਿਕ ਸਫ਼ਰ ਵਿਚ ਪਹਿਲਾ ਮੀਲ ਪੱਥਰ ਗੱਡਿਆ। ਗੁਰਮਤਿ ਦੇ ਚਾਨਣ ਵਾਲ਼ੀ ਲਾਟ ਨੂੰ ਬਲਣ ਲਈ ਹੋਰ ਤੇਲ਼ ਪੈ ਗਿਆ। ਜਿਸ ਨੇ ਅੱਗੇ ਚੱਲ ਕੇ ਉਨ੍ਹਾਂ ਦੇ ਅੰਦਰ ਨੂੰ ਰੌਸ਼ਨ ਕਰਨ ਵਿਚ ਬਹੁਤ ਅਹਿਮ ਯੋਗਦਾਨ ਪਾਇਆ।
ਉਨ੍ਹਾਂ ਦੇ ਜੀਵਨ ਦਾ ਦੂਸਰਾ ਅਹਿਮ ਪੜਾ ਸਿੱਖ ਸਮਾਜ ਦੀ ਜਾਣੀ-ਪਛਾਣੀ ਹਸਤੀ ਪਿੰਗਲਵਾੜੇ ਵਾਲ਼ੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ ਮਿਲਾਪ ਸੀ। ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਲੱਗਿਆਂ ਮਿਲੇ ਅਤੇ ਗੱਲਾਂ ਕਰਦਿਆਂ ਕਰਦਿਆਂ ਪਿੰਗਲਵਾੜੇ ਲੈ ਗਏ। ਉਹ ਸੇਵਾ ਦੇ ਪੁੰਜ ਅਤੇ ਕਮਾਈ ਵਾਲ਼ੇ ਪੁਰਸ਼ ਸਨ। ਉਨ੍ਹਾਂ ਨੂੰ ਲੱਗਿਆ ਕਿ ਇਹ ਨੌਜੁਆਨ ਕੁੱਝ ਵੱਖਰਾ ਕਰਨ ਦੇ ਸਮਰੱਥ ਹੈ। ਆਪਣੇ ਕੋਲ਼ ਹੀ ਬਿਠਾ ਲਿਆ ਅਤੇ ਮੁੜ ਉੱਠਣ ਨਹੀਂ ਦਿੱਤਾ ਅਤੇ ਕਿਹਾ ਕਿ ਬੱਸ ਹੁਣ ਤੂੰ ਮੈਨੂੰ ਸਵੇਰੇ ਸ਼ਾਮ ਬਾਣੀ ਦਾ ਪਾਠ ਸੁਣਾਉਣਾ ਹੈ ਅਤੇ ਇਹੋ ਤੇਰੀ ਨੌਕਰੀ ਹੈ। ਭਗਤ ਪੂਰਨ ਸਿੰਘ ਉਨ੍ਹਾਂ ਲਈ ਦੂਜੀ ਮਾਂ ਬਣ ਗਏ। ਜੁਆਨੀ ਵਿਚ ਹੀ ਅੰਦਰੋਂ ਹਉਮੈ ਦੀ ਮੈਲ਼ ਨੂੰ ਧੋ ਦਿੱਤਾ। ਉਹ ਲੰਬਾ ਸਮਾਂ ਭਗਤ ਜੀ ਕੋਲ਼ ਰਹਿ ਕੇ ਉਨ੍ਹਾਂ ਨੂੰ ਪੰਜਾਂ ਬਾਣੀਆਂ ਦਾ ਪਾਠ ਸੁਰੀਲੀ ਆਵਾਜ਼ ਵਿਚ ਸੁਣਾਉਂਦੇ ਰਹੇ। ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਡਾ. ਸਾਹਿਬ ਬਹੁਤ ਰੌਚਕ ਗੱਲਾਂ ਸੁਣਾਉਂਦੇ ਹਨ। ਟਾਂਗੇ ‘ਤੇ ਸਫ਼ਰ ਕਰਦਿਆਂ ਭਗਤ ਜੀ, ਉਨ੍ਹਾਂ ਨੂੰ ਲੋਹੇ ਦਾ ਬਾਟਾ ਫੜਾ ਦਿੰਦੇ ਅਤੇ ਕਹਿੰਦੇ ਓਅੰਕਾਰ ਸਿੰਘ ਜਾਹ ਔਹ ਦੂਰ ਪਏ ਗੋਹੇ ਨੂੰ ਇਸ ਬਾਟੇ ਵਿਚ ਪਾ ਲਿਆ ਕੋਈ ਫਿਸਲ ਕੇ ਗਿਰ ਜਾਏਗਾ। ਕਈ ਵਾਰੀ ਟਾਂਗਾ ਬਹੁਤ ਅੱਗੇ ਲੰਘ ਜਾਂਦਾ ਤਾਂ ਭਗਤ ਜੀ ਦੂਰ ਪਏ ਕਿਸੇ ਮੇਖ਼ ਜਾਂ ਲੱਕੜ ਦੇ ਟੁਕੜੇ ਨੂੰ ਚੁੱਕ ਕੇ ਲਿਆਉਣ ਲਈ ਕਹਿੰਦੇ। ਓਅੰਕਾਰ ਸਿੰਘ ਜੀ ਦਸਦੇ ਹਨ ਕਿ ਉਹ ਕਹਿੰਦੇ: ਭਗਤ ਜੀ ਤੁਸੀਂ ਇਨੀਂ ਦੂਰ ਆ ਕੇ ਕਿਉਂ ਇਹ ਚੀਜ਼ ਚੁੱਕਣ ਲਈ ਕਹਿੰਦੇ ਹੋ? ਤਾਂ ਅੱਗੋਂ ਭਗਤ ਜੀ ਆਖ਼ਦੇ ਕਿ ਓਅੰਕਾਰ ਮੈਂ ਤੈਨੂੰ ਵੱਡਾ ਇਨਸਾਨ ਬਣਾਉਣਾ ਚਾਹੁੰਦਾ ਹਾਂ। ਤੇਰੇ ਅੰਦਰੋਂ ਹਉਮੈਂ ਦੀ ਮੈਲ਼ ਨੂੰ ਪੂਰੀ ਤਰ੍ਹਾਂ ਧੋਣਾ ਚਾਹੁੰਦਾ ਹਾਂ। ਓਅੰਕਾਰ ਸਿੰਘ ਹੋਰਾਂ ਦੱਸਿਆ ਕਿ ਸਮੇਂ ਨਾਲ ਭਗਤ ਜੀ ਦਾ ਉਨ੍ਹਾਂ ਨਾਲ ਅਥਾਹ ਪਿਆਰ ਬਣ ਗਿਆ। ਯੂਨੀਵਰਸਿਟੀ ਵਿਚ ਸਰਵਿਸ ਕਰਦਿਆਂ ਉਹ ਪਟਿਆਲੇ ਉਨ੍ਹਾਂ ਦੇ ਇੱਕ ਨਿੱਕੇ ਜਿਹੇ ਘਰ ਵਿਚ ਆ ਕੇ 7 ਦਿਨ ਰਹੇ ਅਤੇ ਬੇਅੰਤ ਅਸੀਸਾਂ ਬਖਸ਼ੀਆਂ।
ਉਨ੍ਹਾਂ ਦੇ ਅਕਾਦਮਿਕ ਸਫ਼ਰ ਦੀ ਅਸਲ ਕਹਾਣੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਆਉਣ ਨਾਲ ਸ਼ੁਰੂ ਹੁੰਦੀ ਹੈ। ਬੀਬਾ ਤ੍ਰਿਪਤ ਕੌਰ ਜੀ ਨਾਲ ਵਿਆਹ ਉਪਰੰਤ ਉਨ੍ਹਾਂ 1979 ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਸਰਵਿਸ ਜਾਇਨ ਕੀਤੀ। ਸਬੱਬ ਐਸਾ ਬਣਿਆ ਕਿ ਡਾ. ਬਲਕਾਰ ਸਿੰਘ ਜੀ ਨਾਲ ਇੱਕ ਦਿਨ ਅਚਾਨਕ ਮਿਲਾਪ ਹੋਇਆ। ਗੱਲਾਂ-ਬਾਤਾਂ ਵਿਚ ਉਨ੍ਹਾਂ ਡਾ. ਸਾਹਿਬ ਨੂੰ ਦੱਸਿਆ ਕਿ ਮੈਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਪੜ੍ਹਿਆ ਹਾਂ। ਡਾ. ਸਾਹਿਬ ਆਪ ਵੀ ਇਸੇ ਕਾਲਜ ਤੋਂ ਪੜ੍ਹੇ ਸਨ। ਉਨ੍ਹਾਂ ਵਾਈਸ-ਚਾਂਸਲਰ ਨੂੰ ਕਹਿ ਕੇ ਓਅੰਕਾਰ ਸਿੰਘ ਹੋਰਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਭਾਗ ਵਿਚ ਲੈ ਆਂਦਾ।
ਗੁਰਬਾਣੀ ਨੂੰ ਸਮਝਣ ਦੀ ਕਾਬਲੀਅਤ ਨੂੰ ਦੇਖਦਿਆਂ ਹੋਰਨਾਂ ਕਾਰਜਾਂ ਦੇ ਨਾਲ-ਨਾਲ ਡਾ. ਬਲਕਾਰ ਸਿੰਘ ਜੀ ਨੇ ਵਿਭਾਗ ਦੇ ਛਿਮਾਹੀ ਖੋਜ ਰਸਾਲੇ ‘ਨਾਨਕ ਪ੍ਰਕਾਸ਼ ਪਤ੍ਰਿੱਕਾ’ ਦੇ ਪਰੂਫ਼ ਪੜ੍ਹਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਲਗਾ ਦਿੱਤੀ ਕਿਉਂਕਿ ਉਦੋਂ ਵਿਭਾਗ ਵਿਚ ਕੋਈ ਪਰੂਫ਼-ਰੀਡਰ ਨਹੀਂ ਸੀ ਹੁੰਦਾ। ਸਮੇਤ ਪਤ੍ਰਿਕਾ ਦੇ, ਵਿਭਾਗ ਵੱਲੋਂ ਛਪ ਰਹੀਆਂ ਪੁਸਤਕਾਂ ਦੇ ਪਰੂਫ਼ ਵੀ ਅਕਾਦਮਿਕ ਅਮਲੇ ਨੂੰ ਆਪ ਹੀ ਪੜ੍ਹਨੇ ਪੈਂਦੇ ਸਨ। ਇਹ ਕੰਮ ਕਰਦਿਆਂ ਇੱਛਾ ਪੈਦਾ ਹੋਈ ਕਿ ਉਹ ਵੀ ਕੋਈ ਲੇਖ ਲਿਖਣ ਅਤੇ ਖੂæਬ ਮਿਹਨਤ ਕਰਕੇ ਇੱਕ ਦਿਨ ਲੇਖ ਡਾ. ਬਲਕਾਰ ਸਿੰਘ ਦੀ ਮੇਜ਼ ‘ਤੇ ਜਾ ਰੱਖਿਆ। ਲੇਖ ਤੇ ਨਿਗਾਹ ਮਾਰ ਕੇ ਡਾਕਟਰ ਬਲਕਾਰ ਸਿੰਘ ਜੀ ਨੇ ਇਹ ਕਹਿ ਕੇ ਕਿ ‘ਕਾਕਾ! ਨਾਨਕ ਪ੍ਰਕਾਸ਼ ਪਤ੍ਰਿਕਾ ਜੋ ਯੂਨੀਵਰਸਿਟੀ ਦਾ ਰਿਸਰਚ ਮੈਗਜ਼ੀਨ ਹੈ, ਵਿਚ ਸਥਾਪਤ ਵਿਦਵਾਨਾਂ ਦੇ ਖੋਜ ਲੇਖ ਛਪਦੇ ਹਨ’ ਅਤੇ ਲੇਖ ਉਨ੍ਹਾਂ ਨੂੰ ਵਾਪਸ ਕਰ ਦਿੱਤਾ।
ਵਿਭਾਗ ਵਿਚ ਰਹਿੰਦਿਆਂ ਇਸ ਸਾਰੇ ਸਮੇਂ ਦੌਰਾਨ ਉਨ੍ਹਾਂ ਯੂਨੀਵਰਸਿਟੀ ਦੇ ਪੱਤਰ-ਵਿਹਾਰ ਸਿੱਖਿਆ ਵਿਭਾਗ ਦਾ ਲਾਹਾ ਲੈਂਦਿਆਂ ਬੀ.ਏ. ਅਤੇ ਐਮ.ਏ. ਕੀਤੀ ਅਤੇ ਫਿਰ ਡਾ. ਬਲਕਾਰ ਸਿੰਘ ਜੀ ਦੀ ਗਾਈਡੈਂਸ ਥੱਲੇ ਹੀ ਕਬਿੱਤ ਸਵੱਯੇ ਭਾਈ ਗੁਰਦਾਸ ਜੀ ਦਾ ਧਰਮ-ਸ਼ਾਸਤਰੀ ਅਧਿਐਨ ਵਿਸ਼ੇ ‘ਤੇ ਪੀ.ਐਚ.ਡੀ. ਦਾ ਥੀਸਿਜ਼ ਵੀ ਲਿਖਿਆ।
ਇਸੇ ਸਮੇਂ ਦੌਰਾਨ ਡਾ. ਗੁਰਚਰਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਗੁਰਮਤਿ ‘ਤੇ ਸਰੋਤ ਸਾਹਿਤ ਤਿਆਰ ਕਰਨ ਲਈ ‘ਗੁਰੂ ਗ੍ਰੰਥ ਕੋਸ਼’ ਅਤੇ ਕੁੱਝ ਹੋਰ ਵਿਸ਼ਿਆਂ ‘ਤੇ ਕੰਮ ਕਰ ਰਹੇ ਸੀ ਅਤੇ ਡਾ. ਬਲਕਾਰ ਸਿੰਘ ਨੇ ਓਅੰਕਾਰ ਸਿੰਘ ਜੀ ਦੀ ਡਿਊਟੀ ਉਨ੍ਹਾਂ ਨਾਲ ਕੰਮ ਕਰਨ ‘ਤੇ ਲਾ ਦਿੱਤੀ। ਸਿੱਖ ਧਰਮ ਚਿੰਤਨ ਦੇ ਪਹਿਲੇ ਥਿਆਲੋਜਿਅਨ ਭਾਈ ਗੁਰਦਾਸ ਦੀਆਂ ‘ਵਾਰਾਂ’ ਨੂੰ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਮੁਸ਼ਕਿਲ ਸ਼ਬਦਾਂ ਦੇ ਅਰਥਾਂ ਸਮੇਤ ਬਹੁਤ ਪਹਿਲਾਂ ਹੀ ਛਾਪ ਦਿੱਤਾ ਗਿਆ ਸੀ ਪ੍ਰੰਤੂ ਭਾਈ ਗੁਰਦਾਸ ਜੀ ਦੇ ‘ਕਬਿੱਤ ਸਵੱਯਾਂ’ ‘ਤੇ ਇਸ ਤਰ੍ਹਾਂ ਦਾ ਸਟੀਕ ਰੂਪ ਵਿਚ ਛਪਾਈ ਦਾ ਕੰਮ ਅਜੇ ਤੱਕ ਨਹੀਂ ਸੀ ਹੋਇਆ। ਡਾ. ਗੁਰਚਰਨ ਸਿੰਘ ਹੋਰਾਂ ਨੇ ਭਾਈ ਗੁਰਦਾਸ ਦੇ ਕਬਿੱਤ ਸਵੱਯਾਂ ‘ਤੇ ਕੰਮ ਕਰਨ ਦਾ ਮਸ਼ਵਰਾ ਓਅੰਕਾਰ ਸਿੰਘ ਹੋਰਾਂ ਨੂੰ ਦਿੰਦਿਆਂ ਪ੍ਰਾਜੈਕਟ ਤਿਆਰ ਕਰਨ ਲਈ ਕਿਹਾ ਜਿਸ ਵਿਚ ਪਹਿਲਾਂ ਤਾਂ ‘ਕਬਿੱਤ ਸਵੱਯੇ’ ਦੀ ਪੂਰੀ ਟੈਕਸਟ (ਪਾਠ) ਤਿਆਰ ਕਰਨਾ ਅਤੇ ਫਿਰ ਸ਼ਬਦਾਂ ਦੀ ਅਨੁਕ੍ਰਮਣਿਕਾ, ਤੁਕ ਤਤਕਰਾ ਅਤੇ ਸ਼ਬਦ ਕੋਸ਼ ਆਦਿ ਸ਼ਾਮਲ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘ਕਬਿੱਤ ਸਵੱਯਾਂ’ ਦੇ ਵੱਖ-ਵੱਖ ਖਰੜੇ ਵੱਖਰੀਆਂ ਵੱਖਰੀਆਂ ਥਾਵਾਂ ‘ਤੇ ਮਿਲਦੇ ਹਨ ਪ੍ਰੰਤੂ ਉਨ੍ਹਾਂ ਵਿਚ ਪਾਠ-ਭੇਦ ਵੀ ਹੈ ਅਤੇ ਗਿਣਤੀ ਵਿਚ ਵੀ ਫਰਕ ਹੈ। ਉਹ ਆਪਣੇ ਮੋਢੇ ‘ਤੇ ਕੈਮਰਾ ਪਾ ਕੇ ਖਰੜਿਆਂ ਦੀ ਖੋਜ ਵਿਚ ਤੁਰ ਪਏ। ਇਸ ਤਰ੍ਹਾਂ ਉਨ੍ਹਾਂ ਨੇ ਵੱਖ ਵੱਖ ਸਰੋਤਾਂ- ਜਿਵੇਂ ਭਾਈ ਵੀਰ ਸਿੰਘ ਸਦਨ, ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਕੁੱਝ ਉਦਾਸੀ ਡੇਰਿਆਂ ਆਦਿ ਤੋਂ ਵੱਖੋ-ਵੱਖ ਖਰੜਿਆਂ ਦਾ ਅਧਿਐਨ ਕੀਤਾ। ਕੈਮਰੇ ਰਾਹੀਂ ਬਹੁਤ ਸਾਰੀ ਫੋਟੋਗਰਾਫ਼ੀ ਵੀ ਕੀਤੀ। ਡਾ. ਗੁਰਚਰਨ ਸਿੰਘ ਦੀ ਸੁਚੱਜੀ ਅਗਵਾਈ ਵਿਚ ਬਹੁਤ ਮਿਹਨਤ ਨਾਲ ਮਿਲਾਣ ਕਰਕੇ ਇੱਕ ਨਵਾਂ ਖਰੜਾ ਤਿਆਰ ਕੀਤਾ ਗਿਆ। ਜਿਸ ‘ਨਾਨਕ ਪ੍ਰਕਾਸ਼ ਪਤ੍ਰਿਕਾ’ ਵਿਚ ਉਨ੍ਹਾਂ ਦਾ ਇੱਕ ਲੇਖ ਨਹੀਂ ਸੀ ਛਪ ਸਕਿਆ, ਉਸੇ ਸਨਮਾਨਿਤ ਪਤ੍ਰਿੱਕਾ ਦੇ ਦੋ ਵਿਸ਼ੇਸ਼ ਅੰਕ ਕੇਵਲ ਤੇ ਕੇਵਲ ਉਨ੍ਹਾਂ ਦੀ ਇਸ ਮਿਹਨਤ ਨੂੰ ਛਾਪਣ ਲਈ ਉਨ੍ਹਾਂ ਦੇ ਨਾਂ ਥੱਲੇ ਕੱਢੇ ਗਏ। ਇਸ ਤਰ੍ਹਾਂ ‘ਕਬਿੱਤ ਸਵੱਯੇ ਭਾਈ ਗੁਰਦਾਸ’ (ਅਨੁਕ੍ਰਮਿਣਕਾ ਅਤੇ ਕੋਸ਼) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 1993 ਵਿਚ ਪੁਸਤਕ ਰੂਪ ਵਿਚ ਛਪਣ ਨਾਲ ਸਰੋਤ-ਸਾਹਿਤ ਵਿਚ ਮਾਣ-ਯੋਗ ਵਾਧਾ ਹੋਇਆ; ਅਤੇ ਇਸੇ ਵਿਸ਼ੇ ‘ਤੇ ‘ਕਬਿੱਤ ਸਵੱਯੇ ਭਾਈ ਗੁਰਦਾਸ (ਪਾਠ ਅਤੇ ਤੁੱਕ -ਤਤਕਰਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹੀ ਫਿਰ 2017 ਵਿਚ ਪੁਸਤਕ ਰੂਪ ਵਿਚ ਛਾਪਿਆ ਗਿਆ। ਇਹ ਤਾਂ ਸ਼ੁਰੂਆਤ ਸੀ ਕਿਉਂਕਿ ਪੀ.ਐਚ.ਡੀ ਜਾਂ ਤੁਹਾਡਾ ਪਹਿਲਾ ਖੋਜ ਕਾਰਜ ਤਾਂ ਖੋਜ-ਕਾਰਜਾਂ ਨੂੰ ਅੱਗੇ ਲੈ ਜਾਣ ਦੀ ਟਰੇਨਿੰਗ ਹੁੰਦੀ ਹੈ, ਖੋਜ ਦੀ ਸ਼ੁਰੂਆਤ ਹੁੰਦੀ ਹੈ, ਅਖ਼ੀਰ ਨਹੀਂ। ਡਾ. ਓਅੰਕਾਰ ਸਿੰਘ ਜੀ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਨੇ ਪ੍ਰੋ.ਬਲਕਾਰ ਸਿੰਘ ਦੀ ਅਗਵਾਈ ਵਿਚ ਡਾਕਟਰੇਟ ਕਰਦਿਆਂ ਅਤੇ ਡਾਕਟਰ ਗੁਰਚਰਨ ਸਿੰਘ ਜੀ ਨਾਲ ਪ੍ਰਾਜੈਕਟ ਕਰਦਿਆਂ ਅਕਾਦਮਿਕਤਾ ਦਾ ਬਹੁਤ ਲੰਬਾ ਸਫ਼ਰ ਤਹਿ ਕੀਤਾ ਹੈ। ਉਹ ਕਹਿੰਦੇ ਹਨ ਕਿ ਮੇਰੇ ਲਹੂ ਵਿਚ ਤਾਂ ਭਾਵੇਂ ਇਹ ਸਭ ਕੁੱਝ ਸੀ ਪਰ ਸ਼ਾਇਦ ਉਹ ਜੰਮਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਵਿਭਾਗ ਵਿਚ ਆਉਣ ਨਾਲ ਇਹ ਪਿਘਲ ਕੇ ਬੜੀ ਤੇਜ਼ੀ ਨਾਲ ਵਹਿਣ ਲੱਗ ਪਿਆ।
ਇਸ ਅਕਾਦਮਿਕ ਸਫ਼ਰ ਦੇ ਅਗਲੇ ਪੜਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪ੍ਰੋਫੈਸਰ ਮਨਜੀਤ ਸਿੰਘ, ਤਤਕਾਲੀਨ ਜਥੇਦਾਰ ਸ੍ਰੀ ਕੇਸ ਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ, ਦੀ ਅਗਵਾਈ ‘ਚ 1994 ਵਿਚ ਵਿਦਵਾਨਾਂ ਨੇ ਅਮਰੀਕਾ ਦੀ ਪਹਿਲੀ ਯਾਤਰਾ ਕੀਤੀ। ਉਦੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ, ਕੈਨੇਡਾ ਦੇ ਟਰਾਂਟੋ ਅਤੇ ਵੈਨਕੂਵਰ ਵਿਚ ਕਾਨਫ੍ਰੰਸਾਂ ਕਰਨ ਤੋਂ ਬਾਅਦ ਯੋਗੀ ਹਰਭਜਨ ਸਿੰਘ ਦੇ ਸੱਦੇ ‘ਤੇ ਨਿਊ ਮੈਕਸੀਕੋ ਦੇ ਸ਼ਹਿਰ ਐਸਪੀਨੋਲਾ ਜਾਣ ਦਾ ਮੌਕਾ ਵੀ ਮਿਲਿਆ। ਦੁਬਾਰਾ ਫੇਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਦੀ ਅਗਵਾਈ ਵਿਚ ਹੀ ਐਸਪੀਨੋਲਾ ਯੋਗੀ ਜੀ ਦੀ ਸੰਗਤਿ ਮਾਨਣ ਦਾ ਮੌਕਾ ਮਿਲਿਆ ਤਾਂ ਯੋਗੀ ਜੀ ਨੇ ਡਾ. ਓਅੰਕਾਰ ਸਿੰਘ ਹੋਰ ਨੂੰ ਉਨ੍ਹਾਂ ਕੋਲ ਹੀ ਰਹਿ ਕੇ ਅਮਰੀਕਨ ਸਿੰਘਾਂ ਨੂੰ ਪੰਜਾਬੀ ਪੜ੍ਹਾਉਣ ਦੀ ਸੇਵਾ ਕਰਨ ‘ਤੇ ਜ਼ੋਰ ਪਾਇਆ ਤਾਂ ਉਨ੍ਹਾਂ ਅਮਰੀਕਾ ਰਹਿਣ ਦਾ ਹੀ ਮਨ ਬਣਾ ਲਿਆ, ਇਹ ਵੀ ਇੱਕ ਸਬੱਬ ਹੀ ਸੀ। ਸਮਾਂ ਪਾ ਕੇ ਪਰਿਵਾਰ ਵੀ ਅਮਰੀਕਾ ਪਹੁੰਚ ਗਿਆ। ਇੱਕ ਵਾਰ ਉਨ੍ਹਾਂ ਮਨ ਬਣਾਇਆ ਕਿ ਵਾਪਸ ਹਿੰਦੁਸਤਾਨ ਚਲੇ ਜਾਣਾ ਹੈ। ਪਟਿਆਲੇ ਵਾਲਾ ਛੋਟਾ ਘਰ ਵੇਚ ਕੇ ਫਤਿਹਗੜ੍ਹ ਸਾਹਿਬ ਵੱਡਾ ਘਰ ਵੀ ਬਣਾ ਲਿਆ ਪਰ ਫਿਰ ਬੱਚੀਆਂ ਦੇ ਜ਼ੋਰ ਪਾਉਣ ‘ਤੇ ਅਮਰੀਕਾ ਰਹਿਣ ਦਾ ਹੀ ਮਨ ਬਣਾ ਲਿਆ।
ਇਹ ਵੀ ਗੁਰੂ ਦੀ ਮਿਹਰ ਹੀ ਹੋਈ ਕਿ ਇੱਥੇ ਫਤਿਹਗੜ੍ਹ ਸਾਹਿਬ ਆਪਣੇ ਪਿੰਡ ਰਹਿ ਕੇ ਡਾ.ਓਅੰਕਾਰ ਸਿੰਘ ਨੇ ਅਜਿਹੇ ਪ੍ਰਾਜੈਕਟ ਹੱਥ ਵਿਚ ਲਏ ਅਤੇ ਉਨ੍ਹਾਂ ਨੂੰ ਸਿਰੇ ਚੜ੍ਹਾਇਆ ਜਿਸ ਦੀ ਆਸ ਕਿਸੇ ਸੰਸਥਾਂ ਪਾਸੋਂ ਤਾਂ ਕੀਤੀ ਜਾ ਸਕਦੀ ਹੈ, ਪ੍ਰੰਤੂ ਇਕੱਲੇ ਵਿਅਕਤੀ ਪਾਸੋਂ ਇਸ ਕਿਸਮ ਦੀ ਤਵੱਕੋ ਕਰਨੀ ਅਸੰਭਵ ਨਹੀਂ ਤਾਂ ਔਖੀ ਜ਼ਰੂਰ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਸਫ਼ਲਤਾ ਵਿਚ ਉਨ੍ਹਾਂ ਦੀ ਧਰਮ-ਪਤਨੀ ਬੀਬੀ ਤ੍ਰਿਪਤ ਕੌਰ ਦੀ ਵੀ ਬਹੁਤ ਸਾਰੀ ਮਿਹਨਤ ਸ਼ਾਮਲ ਹੈ। ਇੱਥੇ ਰਹਿ ਕੇ ਦਿਨ-ਰਾਤ ਦੀ ਮਿਹਨਤ ਨਾਲ ਜੋ-ਜੋ ਪ੍ਰਾਜੈਕਟ ਡਾ. ਸਾਹਿਬ ਨੇ ਸੰਪੂਰਨ ਕਰ ਲਏ ਹਨ ਅਤੇ ਕੀਤੇ ਜਾ ਰਹੇ ਹਨ, ਇਹ ਸਾਰਾ ਕਾਰਜ ਕਿਸੇ ਸੰਸਥਾ ਨਾਲੋਂ ਘੱਟ ਨਹੀਂ ਹੈ। ਸਾਡੀਆਂ ਸਿਰਮੌਰ ਸਿੱਖ ਸੰਸਥਾਵਾਂ ਜਿਨ੍ਹਾਂ ਵਿਚ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ’ ਸਭ ਤੋਂ ਪ੍ਰਮੁਖ ਸੰਸਥਾ ਹੈ, ਜਿਸ ਦਾ ਬੱਜਟ ਕਰੋੜਾਂ ਵਿਚ ਹੈ, ਉਸ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਹੈ ਕਿ ਸਿੱਖ ਧਰਮ ਦੇ ਚਿੰਤਨ ਅਤੇ ਪਾਸਾਰ ਸਬੰਧੀ ਸਿੱਖ ਅਕਾਦਮਿਕਤਾ ਨੂੰ ਅੱਗੇ ਵਧਾਉਣ ਲਈ ਕਿਸ ਕਿਸਮ ਦੇ ਕਦਮ ਚੁੱਕਣੇ ਚਾਹੀਦੇ ਹਨ? ਉਹ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਵੀ ਟੀਕਾ ਨਹੀਂ ਕਰਵਾ ਸਕੇ। ਇਸ ਦੀ ਸਭ ਤੋਂ ਗੰਭੀਰ ਵਜ੍ਹਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਅਕਾਲੀ ਦਲ ਦੇ ਜਿਸ ਧੜੇ ਦਾ ਕਬਜ਼ਾ ਹੈ, ਉਸ ਦਾ ਸਾਰਾ ਧਿਆਨ ਕਮੇਟੀ ਦੇ ਕੀਮਤੀ ਸਰੋਤਾਂ ਦੀ ਵਰਤੋਂ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਕਰਨ ਵਿਚ ਹੈ। ਇਸੇ ਰਾਜਨੀਤੀ ਤਹਿਤ ਵੱਖ ਵੱਖ ਸਮਿਆਂ ਤੇ ਵਿਦਵਾਨਾਂ ਵੱਲੋਂ ਨਿਜੀ ਪੱਧਰ ‘ਤੇ ਕੀਤੇ ਜਾ ਰਹੇ ਅਕਾਦਿਮਕ ਕਾਰਜਾਂ ਵਿਚ ਵੀ ਬਹੁਤ ਵਾਰ ਰੋੜੇ ਅਟਕਾਏ ਜਾਂਦੇ ਹਨ ਅਤੇ ‘ਪੰਥ’ ਵਿਚੋਂ ਛੇਕਣ ਤੱਕ ਦੇ ਫੈæਸਲੇ ਸ੍ਰੀ ਅਕਾਲ ਤਖਤ ਤੋਂ ਕਰਵਾ ਦਿੱਤੇ ਜਾਂਦੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਰਾਗੀ ਦਰਸ਼ਨ ਸਿੰਘ ਜੀ ਦੀ ਹੈ, ਜੋ ਆਪ ਵੀ ਸਿੱਖ ਪੰਥ ਦੇ ਬਹੁਤ ਔਕੜਾਂ ਭਰੇ ਸਮੇਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਨ। ਬਜਾਇ ਇਸ ਦੇ ਕਿ ‘ਦਸਮ ਗ੍ਰੰਥ’ (ਜਿਸ ਦਾ ਮੁਢਲਾ ਨਾਮ ਬਚਿੱਤਰ ਨਾਟਕ ਸੀ) ਦੀਆਂ ਰਚਨਾਵਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਅਤੇ ਲੋਅ ਵਿਚ ਛਾਣਬੀਣ ਕਰਾ ਕੇ ਕੋਈ ਠੋਸ ਫ਼ੈਸਲਾ ਕਰਕੇ, ਸਿੱਖ ਜਗਤ ਨੂੰ ਇਸ ਉਲਝਣ ਵਿਚੋਂ ਕੱਢਦੇ, ਉਲਟਾ ਭਾਈ ਦਰਸ਼ਨ ਸਿੰਘ ਨੂੰ ਹੀ ਪੰਥ ਵਿਚੋਂ ਛੇਕ ਦਿੱਤਾ ਗਿਆ।
ਅਮਰੀਕਾ ਆ ਕੇ ਭਾਈ ਸਾਹਿਬ ਹਰਭਜਨ ਸਿੰਘ ਯੋਗੀ ਅਤੇ ਉਨ੍ਹਾਂ ਦੀ ਧਰਮ ਪਤਨੀ ਡਾ. ਇੰਦਰਜੀਤ ਕੌਰ ਦੀ ਸੰਗਤ ਮਾਣਨ ਦੇ ਨਾਲ ਨਾਲ ਡਾ. ਓਅੰਕਾਰ ਸਿੰਘ ਹੋਰਾਂ ਨੂੰ ਸੈਨਫਰਾਂਸਿਸਕੋ ਵਾਲੇ ਡਾ. ਕੁਲਬੀਰ ਸਿੰਘ ਥਿੰਦ ਅਤੇ ਹੋਰ ਸਥਾਪਿਤ ਵਿਦਵਾਨਾਂ ਨਾਲ ਜਾਣ-ਪਛਾਣ ਕਰਨ ਅਤੇ ਗੁਰਮਤਿ ਕਾਰਜਾਂ ਨੂੰ ਨੇਪਰੇ ਚਾੜ੍ਹਨ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਟੀਕੇ ਨੂੰ ਸੰਪੂਰਨ ਕੀਤਾ। ਇਸ ਦੇ ਲਈ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਲਿਖਤੀ ਰੂਪ ਵਿਚ ਅਸੀਸ ਮਿਲੀ ਹੋਈ ਹੈ। ਅਗਲਾ ਬਹੁਤ ਮਹੱਤਵਪੂਰਣ ਪ੍ਰਾਜੈਕਟ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿਚ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਚਾਰਣ ਸੰਥਿਆ ਦਾ ਹੈ ਜੋ ਉਹ ਆਪਣੀ ਧਰਮ ਪਤਨੀ ਤ੍ਰਿਪਤ ਕੌਰ ਜੀ ਨਾਲ ਰਲ਼ ਕੇ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਸ਼ੁੱਧ ਪਾਠ ਵੀ ਰਿਕਾਰਡ ਕਰ ਰਹੇ ਹਨ ਜੋ ਇਸੇ ਸਾਲ ਕੰਪਲੀਟ ਹੋਣ ਦੀ ਸੰਭਾਵਨਾ ਹੈ। ਸੰਪੂਰਨ ਬਾਣੀ ਦੀ ਵਿਆਖਿਆ ਵੀ ਬਹੁਤ ਵਿਗਿਆਨਕ ਢੰਗ ਨਾਲ ਆਨ ਲਾਈਨ ਪਾ ਰਹੇ ਹਨ।
ਪੰਜਾਬ ਤੋਂ ਬਾਹਰ ਪੈਦਾ ਹੋਏ ਬੱਚਿਆਂ ਨੂੰ ਕਈ ਵਾਰ ਗੁਰਮੁਖੀ ਪੜ੍ਹਨ ਦੀ ਸਹੂਲਤ ਪ੍ਰਾਪਤ ਨਹੀਂ ਹੁੰਦੀ ਇਸ ਲਈ ਉਹ ਸਿੱਖ ਧਰਮ-ਚਿੰਤਨ ਬਾਰੇ ਕਿਤਾਬੀ ਗਿਆਨ ਤੋਂ ਵਿਰਵੇ ਰਹਿ ਜਾਂਦੇ ਹਨ। ਇਸੇ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਡਾ. ਸਾਹਿਬ ਨੇ ‘ਸਿੱਖ ਅਰਦਾਸ’ ‘ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਬਹੁਤ ਹੀ ਸੁੰਦਰ ਪੁਸਤਕ ਛਪਵਾਈ ਹੈ, ਜਿਸ ਵਿਚ ਇੱਕ ਇੱਕ ਪੰਕਤੀ ਦੀ ਵਿਆਖਿਆ ਰੰਗਦਾਰ ਤਸਵੀਰਾਂ ਰਾਹੀਂ ਤਿਆਰ ਕੀਤੀ ਹੈ ਤਾਂ ਕਿ ਗੁਰਮੁਖੀ ਅੱਖਰਾਂ ਤੋਂ ਅਣਜਾਣ ਵੀ ਉਸ ਪੁਸਤਕ ਦਾ ਫਾਇਦਾ ਉਠਾ ਸਕਣ ਅਤੇ ਆਪਣੇ ਵਿਰਸੇ ਦਾ ਗਿਆਨ ਪ੍ਰਾਪਤ ਕਰਨ। ਇਸ ਪੁਸਤਕ ‘ਤੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਇੱਕ ਮੂਵੀ ਵੀ ਬਣਾਈ ਗਈ ਤਾਂ ਕਿ ਜੇ ਕਿਤਾਬ ਨਾਂ ਪੜ੍ਹੀ ਜਾ ਸਕੇ ਤਾਂ ਸਾਰੀ ਅਰਦਾਸ ਦੀ ਵਿਆਖਿਆ ਟੀ.ਵੀ. ‘ਤੇ ਲਗਾ ਕੇ ਸੁਣੀ ਜਾ ਸਕੇ।
ਇਸ ਤੋਂ ਇਲਾਵਾ ਹੁਣ ਤੱਕ ‘ਜਪੁਜੀ ਸਾਹਿਬ (ਅੰਗਰੇਜ਼ੀ ਅਤੇ ਪੰਜਾਬੀ ਵਿਚ), ਆਓ ਪੰਜਾਬੀ ਸਿੱਖੀਏ! (ਪੰਜਾਬੀ ਸਿੱਖਣ ਲਈ ਅੰਗਰੇਜ਼ੀ ਪੰਜਾਬੀ ਵਿਚ), ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਬਾਣੀ ਦੀ ਅਰਥਾਂ ਸਹਿਤ ਵਿਆਖਿਆ (ਪੰਜਾਬੀ ਅੰਗਰੇਜ਼ੀ ਅਤੇ ਹਿੰਦੀ ਵਿਚ), ਕਰਤੇ ਕੀਆਂ ਬਾਤਾਂ (ਗੁਰਮਤਿ ਨਾਲ ਸਬੰਧਿਤ ਲੇਖ), ਆਦਿ ਮੰਗਲ ਦਾ ਸਰੂਪ ਸਥਾਨ ਅਤੇ ਪਾਠ-ਭੇਦ ਉਕਾਈਆਂ, ਸੁੱਖ ਅੰਮ੍ਰਿਤ (ਹਿੰਦੀ, ਪੰਜਾਬੀ ਅੰਗ੍ਰੇਜ਼ੀ ਵਿਚ ਸੁਖਮਨੀ ਸਾਹਿਬ, ਪੰਜੇ ਬਾਣੀਆਂ ਦਾ ਨਿੱਤਨੇਮ ਸਟੀਕ, ਨਿੱਤਨੇਮ ਦਾ ਪਾਠ ਕਰਨ ਲਈ ਉਚਾਰਣ ਸੇਧਾਂ ਸਹਿਤ ਬਹੁਤ ਹੀ ਸੁੰਦਰ ਗੁਟਕਾ ਆਦਿ ਪੁਸਤਕਾਂ ਛਪ ਚੁੱਕੀਆਂ ਹਨ। ਵਾਹਿਗੁਰੂ ਦੀ ਮਿਹਰ ਨਾਲ ਇਸ ਛਪ ਚੁੱਕੇ ਕੰਮ ਤੋਂ ਇਲਾਵਾ ਪ੍ਰੈਸ ਵਿਚ ਬਹੁਤ ਸਾਰਾ ਕੰਮ ਛਪਾਈ ਅਧੀਨ ਹੈ; ਜਿਵੇਂ ਟੀਕਾ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਜੋ 14 ਵਾਲਿਊਮਜ਼ ਵਿਚ 18 ਸਾਲ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਇਕ ਇਕ ਸ਼ਬਦ ਦਾ ਅਰਥ ਅਤੇ ਉਚਾਰਣ ਦਿੱਤਾ ਗਿਆ ਹੈ। ਹਰ ਇੱਕ ਪੰਕਤੀ ਦੇ ਵੱਖਰੇ ਅਰਥ ਕੀਤੇ ਗਏ ਹਨ ਤਾਂ ਕਿ ਪਹਿਰਿਆਂ ਵਿਚ ਪੜ੍ਹਨ ਦੀ ਥਾਂ ਪਾਠਕ ਇੱਕ ਇੱਕ ਪੰਕਤੀ ਦਾ ਅਰਥ ਪੜ੍ਹ ਸਕਣ; (7 ਪੋਥੀਆਂ ਛਪ ਚੁੱਕੀਆਂ ਹਨ), ਸੰਥਿਆ ਸੀ ਗੁਰੂ ਗ੍ਰੰਥ ਸਾਹਿਬ ਜੀ (ਗੁਰਮੁਖੀ, ਹਿੰਦੀ ਅਤੇ ਅੰਗਰੇਜ਼ੀ), ਸਿੱਖ ਧਰਮ ਸ਼ਾਸਤਰ (ਡਾਕਟਰੇਟ ਦੇ ਥੀਸੀਜ਼ ‘ਤੇ ਅਧਾਰਿਤ ਪੁਸਤਕ), ਗੁਰਬਾਣੀ ਦਾ ਸਰਲ ਉਚਾਰਣ ਅਤੇ ਬੋਧ (ਗੁਰਬਾਣੀ ਦੀ ਵਿਆਕਰਣ ‘ਤੇ ਅਧਾਰਿਤ ਸ਼ੁਧ ਉਚਾਰਣ ਦਾ ਵਿਗਿਆਨਕ ਢੰਗ-ਤਰੀਕਾ), ਸੀ ਗੁਰੂ ਗ੍ਰੰਥ ਸਾਹਿਬ ਕੋਸ਼ (ਮਹਾਨ ਕੋਸ਼ ‘ਤੇ ਅਧਾਰਿਤ), ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਇੰਗਲਿਸ਼ (ਮੂਲ ਲੇਖਕ ਸਵਰਗੀ ਡਾ. ਗੁਰਚਰਨ ਸਿੰਘ ਜੀ), ਉਨ੍ਹਾਂ ਦੇ ਆਪਣੇਂ ਵੱਲੋਂ ਤਿਆਰ ਕੀਤਾ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, (ਜਿਸ ਵਿਚ ਸ਼ਬਦ ਕੋਸ਼, ਉਚਾਰਣ ਕੋਸ਼, ਅਰਥ ਬੋਧ ਅਤੇ ਅਨੁਕ੍ਰਮਣਿਕਾ ਸਹਿਤ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਚ), ਪਾਠ ਬੋਧ ਗ੍ਰੰਥਾਵਲੀ (ਪੁਰਾਤਨ ਮਤਿਆਂ, ਸਿੰਘ ਸਭਾ ਪਤਿਰਕਾ, ਪਾਠ-ਭੇਦ, ਉਚਾਰਣ), ਨਾਨਕ ਜਨਨੀ ਧੰਨੀ ਮਾਇ॥ (ਬੀਬੀ ਨਸੀਬ ਕੌਰ ਜੀ ਦੀਆਂ ਕਲਾਕ੍ਰਿਤਾਂ ‘ਤੇ ਅਧਾਰਿਤ), ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ…(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤਾਂ ਬੀੜਾਂ ‘ਤੇ ਆਧਾਰਿਤ ਇੱਕ ਬਹੁਤ ਹੀ ਸੁੰਦਰ ਕਾਫ਼ੀ ਟੇਬਲ ਬੁੱਕ) ਅਤੇ ਚੇਤੇ ਜੋ ਕਦੀ ਭੁੱਲਦੇ ਨਹੀਂ (ਸਵੈ ਜੀਵਨੀ)। ਇਸ ਤੋਂ ਇਲਾਵਾ ਉਹ ਸੰਸਾਰ ਭਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਹੁਤ ਵੱਡਮੁੱਲੀਆਂ ਹੱਥ-ਲਿਖਤ ਬੀੜਾਂ ਇਕੱਤਰ ਕਰ ਰਹੇ ਹਨ ਜਿਨ੍ਹਾਂ ਦੀ ਗਿਣਤੀ 700 ਦੇ ਲਗਭੱਗ ਹੈ।
ਬਹੁਤ ਵਾਰ ਇਸ ਤਰ੍ਹਾਂ ਵਾਪਰਦਾ ਹੈ ਕਿ ਜਦੋਂ ਤੁਹਾਡੇ ਆਸ-ਪਾਸ ਵਿਚਰ ਕੇ ਕੋਈ ਕਾਰਜ ਕਰ ਰਿਹਾ ਹੁੰਦਾ ਹੈ ਤਾਂ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਉਸ ਵਿਅਕਤੀ ਵਿਚ, ਜੇ ਮੌਕਾ ਮਿਲੇ ਤਾਂ ਉਸ ਵਿਚ ਅਥਾਹ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ। ਕੁੱਝ ਅਜਿਹਾ ਹੀ ਮੈਨੂੰ ਡਾ. ਓਅੰਕਾਰ ਸਿੰਘ ਜੀ ਪ੍ਰਤੀ ਮਹਿਸੂਸ ਹੁੰਦਾ ਹੈ। ਵਿਭਾਗ ਵਿਚ ਪ੍ਰਬੰਧਕੀ ਸੇਵਾਵਾਂ ਨਿਭਾਉਂਦਿਆਂ ਦੇਖ ਕੇ ਇਹ ਤਾਂ ਭਲੀ-ਭਾਂਤ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਦੀ ਕੋਈ ਵੀ ਜ਼ਿੰਮੇਂਵਾਰੀ ਲਾ ਦਿੱਤੀ ਜਾਵ, ਖੁਸ਼ੀ-ਖੁਸ਼ੀ ਸਮੇਂ ਸਿਰ ਨਿਭਾਉਣ ਦੀ ਸਮਰੱਥਾ ਉਨ੍ਹਾਂ ਵਿਚ ਹੈ, ਪ੍ਰੰਤੂ ਕਦੀ ਇਹ ਅੰਦਾਜ਼ਾ ਨਹੀਂ ਸੀ ਲੱਗਿਆ ਕਿ ਇੱਕ ਸੰਸਥਾ ਜਿੰਨਾ ਅਕਾਦਮਿਕ ਕਾਰਜ ਕਰ ਸਕਣ ਦੀ ਸਮਰੱਥਾ ਵੀ ਉਨ੍ਹਾਂ ਵਿਚ ਅਥਾਹ ਹੈ। ਇਹ ਉਨ੍ਹਾਂ ਉੱਤੇ ਗੁਰੂ ਦੀਆਂ ਮਿਹਰਾਂ ਦਾ ਮੀਂਹ ਵਰ੍ਹ ਰਿਹਾ ਹੈ ਕਿ 77 ਸਾਲ ਦੀ ਉਮਰ ਵਿਚ ਵੀ ਗੁਰੂ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਦਿਨ ਰਾਤ ਇਸ ਰੂਹਾਨੀ ਸਫ਼ਰ ‘ਤੇ ਤੁਰੀ ਜਾ ਰਹੇ ਹਨ, ਬੱਸ ਤੁਰੀ ਜਾ ਰਹੇ ਹਨ। ਉਨ੍ਹਾਂ ਦਾ ਇਹ ਸਫ਼ਰ ਵੇਖਦਿਆਂ ਮੈਨੂੰ ਸੁਰਜੀਤ ਪਾਤਰ ਦੀਆਂ ਇਹ ਸੱਤਰਾਂ ਯਾਦ ਆਉਂਦੀਆਂ ਹਨ ਕਿ: ਮੈਂ ਰਾਹਾਂ ‘ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ…ਆਪਣੇਂ ਇਸ ਰੂਹਾਨੀ ਸਫਰ ‘ਤੇ ਤੁਰਦਿਆਂ ਉਹ ਸਚਮੁੱਚ ਨਵੇਂ ਰਾਹ ਅਤੇ ਨਵੀਆਂ ਪੈੜਾਂ ਪਾਈ ਜਾ ਰਹੇ ਹਨ।
ਮੇਰੀ ਅਰਦਾਸ ਹੈ ਕਿ ਸਤਿਗੁਰੂ ਆਪਣੇ ਇਸ ਸੇਵਕ ਦੇ ਸਿਰ ਉੱਤੇ ਸਦਾ ਮਿਹਰ ਭਰਿਆ ਹੱਥ ਰੱਖੀ ਰੱਖਣ ਅਤੇ ਸਿੱਖ ਅਕਾਦਮਕਿਤਾ ਦੇ ਇਨ੍ਹਾਂ ਮਹਾਨ ਕਾਰਜਾਂ ਨੂੰ ਸੰਪੂਰਨ ਕਰਨ ਲਈ ਬੁੱਧ-ਬਿਬੇਕ, ਚੜ੍ਹਦੀ ਕਲਾ ਅਤੇ ਅੰਦਰ ਦਾ ਚਾਓ ਬਖਸ਼ਣ। ਸੇਵਕ ਦੀ ਪ੍ਰੀਤ ਓੜਕ ਤੱਕ ਨਿਭੇ…।
