ਪੰਜਾਬ ਟਾਈਮਜ਼ ਦੇ ਪਿਛਲੇ ਅੰਕ (21 ਨਵੰਬਰ) ਵਿਚ ਸੁਰਿੰਦਰ ਸਿੰਘ ਭਾਟੀਆ ਵਲੋਂ ਮਰਹੂਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਪਤਨੀ ਅਰੁਣਾ ਬਟਾਲਵੀ ਨਾਲ ਕੀਤੀ ਗਈ ਮੁਲਾਕਾਤ ਪਾਠਕਾਂ ਨੇ ਬਹੁਤ ਚਾਅ ਨਾਲ ਪੜ੍ਹੀ ਹੈ। ਬੇਸ਼ੱਕ, ਇਸ ਮੁਲਾਕਾਤ ਨੇ ਸ਼ਿਵ ਨਾਲ ਜੁੜੀਆਂ ਯਾਦਾਂ ਇਕ ਵਾਰ ਫਿਰ ਤਾਜ਼ਾ ਕਰ ਦਿੱਤੀਆਂ। ਸਾਡੇ ਇਕ ਪਾਠਕ ਕੁਲਦੀਪ ਸਿੰਘ ਨੇ ਇਸ ਮੁਲਾਕਾਤ ਬਾਰੇ ਚਿੱਠੀ ਭੇਜਣ ਦੇ ਨਾਲ-ਨਾਲ ਸ਼ਿਵ ਦਾ ਆਪਣੇ ਇਕ ਗੀਤ ਬਾਰੇ ਲਿਖਿਆ ਲੇਖ ਵੀ ਭੇਜ ਦਿੱਤਾ। ਇਹ ਲੇਖ ਅਸੀਂ ਕੁਝ ਸਮਾਂ ਪਹਿਲਾਂ ਵੀ ਪਾਠਕਾਂ ਦੀ ਨਜ਼ਰ ਕਰ ਚੁੱਕੇ ਹਾਂ ਪਰ ਇਕ ਵਾਰ ਫਿਰ ਇਹ ਲੇਖ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਨ। ਇਸ ਲੇਖ ਵਿਚ ਸ਼ਿਵ ਅਤੇ ਉਸ ਦੀ ਸ਼ਾਇਰੀ ਪੂਰੇ ਜਲੌਅ ਨਾਲ ਹਾਜ਼ਰ ਹੈ। ਜਾਪਦਾ ਹੈ ਕਿ ਸ਼ਿਵ ਆਪਣੇ ਗੀਤ ਦੇ ਨਾਲ-ਨਾਲ ਸਮੁੱਚੀ ਕਾਇਨਾਤ ਨੂੰ ਵੀ ਨਾਲ ਲੈ ਕੇ ਪੋਲੇ ਪੈਰੀਂ ਚਲ ਰਿਹਾ ਹੈ। -ਸੰਪਾਦਕ
ਸ਼ਿਵ ਕੁਮਾਰ ਬਟਾਲਵੀ
ਪਿਛਲੀ ਰਾਤੇ ਮੈਂ ਸ਼ਰਾਬੀ ਹੋ ਗਿਆ ਸਾਂ। ਕਰਤਾਰ ਸਿੰਘ ਦੁੱਗਲ ਨੇ ਮੇਰਾ ਖਾਣਾ ਪਰੋਸਿਆ ਹੋਇਆ ਸੀ ਪਰ ਮੇਰੇ ਤੇ ਮੇਰੇ ਮਿੱਤਰਾਂ ਦੇ ਥਿੜਕੇ ਪੈਰ ਉਹਦੇ ਘਰ ਦੇ ਬੂਹੇ ‘ਤੇ ਪਹੁੰਚ ਕੇ ਵੀ ਉਹਦੀਆਂ ਬਰੂਹਾਂ ਲੰਘਣੋਂ ਡਰ ਰਹੇ ਸਨ। ਡਰ ਆਖ਼ਿਰ ਹੈ ਵੀ ਸੱਚਾ ਸੀ। ਉਹਨੇ ਮੈਨੂੰ ਅਗੇਤਰੇ ਖ਼ਤ ਰਾਹੀਂ ਸਾਫ਼ ਲਿਖ ਦਿੱਤਾ ਸੀ ਕਿ ਜਿਸ ਦਿਨ ਉਹਦੇ ਘਰ ਖੁਸ਼ਵੰਤ ਸਿੰਘ ਵੀ ਆਵੇ, ਉਹਨੂੰ ਵੀ ਸੂਫ਼ੀ ਰਹਿਣਾ ਪੈਂਦਾ ਹੈ। ਸੋ, ਗੱਲ ਬੜੀ ਸਾਫ਼ ਤੇ ਸਪੱਸ਼ਟ ਸੀ ਕਿ ਮੇਰੀ ਉਹ ਸ਼ਾਮ ਉਬਾਸੀਆਂ ਲੈਂਦੇ ਹੀ ਬੀਤਣੀ ਚਾਹੀਦੀ ਸੀ ਪਰ ‘ਮਾਂ ਦਾ ਯਾਰ ਤਾਂ ਕਿਤੇ ਲੰਗੋਟੀਆ ਨਾ ਮਿਲੇ’ ਵਾਲੀ ਗੱਲ ਹੋਈ। ਲੰਗੋਟੀਆਂ ਦੇ ਵੱਸ ਪੈ ਗਏ ਤੇ ਪੀਂਦੇ-ਪੀਂਦੇ ਮਰਾਕਬੇ ‘ਚ ਜਾ ਪਹੁੰਚੇ-ਤੇ ਹੋਸ਼ ਓਦੋਂ ਹੀ ਆਈ ਜਦੋਂ ਮੇਰਾ ਇਕ ਮਿੱਤਰ ਏਅਰ ਕੰਡੀਸ਼ਨ ਹੋਟਲ ਦੀ ਚੌਥੀ ਛੱਤ ‘ਤੇ ਬੱਕਰਾ ਬੁਲਾਣ ਲੱਗ ਪਿਆ ਸੀ। ਦੁੱਗਲ ਦਾ ਪਰੋਸਿਆ ਖਾਣਾ ਮੇਰੀ ਇੰਤਜ਼ਾਰ ਵਿਚ ਉਦਾਸਿਆ ਗਿਆ ਸੀ। ਅਸੀਂ ਉਹਦੀਆਂ ਪਿਆਰ-ਭਿੱਜੀਆਂ ਬਰੂਹਾਂ ਨੂੰ ਰਿੰਦਾਨਾ ਸਿਜਦਾ ਕਰ ਕੇ ਭੁੱਖੇ-ਭਾਣੇ ਹੀ ਹੋਟਲ ਵਾਪਸ ਮੁੜ ਆਏ ਸਾਂ।
ਸਵੇਰ ਸਾਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰਾ ਮੁੰਡਪੁਣਾ ਮੇਰੀ ਬਚਕਾਨਾ ਸ਼ਖ਼ਸੀਅਤ ਨੂੰ ਗਜ਼ ਲੰਮੀ ਜੀਭ ਕੱਢ ਕੇ ਗਾਹਲ਼ਾਂ ਕੱਢ ਰਿਹਾ ਸੀ ਤੇ ਉਦਾਸੀ ਮੇਰੇ ਅੰਦਰ ਕੋਹਾਂ ਤੀਕ ਫੈਲੀ ਹੋਈ ਸੀ। ਤਿਰਲਾਏ ਮੱਥੇ ‘ਚ ਇਕ ਸੁੰਨ ਜਿਹੀ ਪੀੜ ਦਾ ਅਹਿਸਾਸ ਹੁੰਦਿਆਂ ਵੀ ਮੈਂ ਜਲਦੀ-ਜਲਦੀ ਤਿਆਰ ਹੋਇਆ, ਟੈਕਸੀ ਫੜੀ ਤੇ ਸਿੱਧਾ ਗਾਰਗੀ ਦੇ ਘਰ ਪਹੁੰਚ ਗਿਆ। ਗਾਰਗੀ ਨੇ ਮੈਨੂੰ ਦੱਸਿਆ ਕਿ ਰਾਤ ਦੁੱਗਲ ਦਾ ਖਾਣਾ ਬੜਾ ਵਧੀਆ ਸੀ-ਤੇ ਉਹਨੇ ਬੜੇ ਦੋਸਤ ਬੁਲਾਏ ਹੋਏ ਸਨ, ਪਰ ਲਾੜਾ ਤਾਂ ਕਿਤੇ ਨਜ਼ਰੀਂ ਨਹੀਂ ਸੀ ਆ ਰਿਹਾ। ਮੋਹਨ ਸਿੰਘ, ਵਿਰਕ ਦੀ ਬੀਬੀ, ਤਾਰਾ ਸਿੰਘ, ਹਰਿਭਜਨ, ਸਫ਼ੀਰ, ਗੁਲਜ਼ਾਰ-ਗਾਰਗੀ ਨੇ ਕਈ ਨਾਂ ਗਿਣ ਮਾਰੇ। ਮੈਂ ਨਦਾਮਤ ਤੋਂ ਬਚਣ ਖ਼ਾਤਰ ਗਾਰਗੀ ਦੀ ਗੱਲ ਵਿਚ ਹੀ ਕੱਟ ਕੇ ਬੋਲ ਪਿਆ, “ਮੋਹਨ ਸਿੰਘ ਕਿੱਥੇ ਠਹਿਰਿਆ ਏ?” “ਗੁਲਜ਼ਾਰ ਵੱਲ” ਗਾਰਗੀ ਨੇ ਚਾਹ ਦੀ ਚੁਸਕੀ ਭਰਦਿਆਂ ਜਵਾਬ ਦਿੱਤਾ। “ਅੰਮ੍ਰਿਤਾ ਵੀ ਆਈ ਸੀ?” ਮੈਂ ਮੋੜਵਾਂ ਸਵਾਲ ਕੀਤਾ। ਗਾਰਗੀ ਨੇ ਨਾਂਹ ਵਿਚ ਸਿਰ ਹਿਲਾਂਦਿਆਂ ਰਾਤ ਦਾ ਹਾਦਸਾ ਫੇਰ ਚਾਹ ਨਾਲ ਟੁੱਕਣਾ ਚਾਹਿਆ, ਪਰ ਮੈਂ ਏਨਾ ਸ਼ਰਮਿੰਦਾ ਸਾਂ ਕਿ ਸ਼ਰਮਿੰਦਗੀ ਤੋਂ ਬਚਣ ਖ਼ਾਤਰ ਲਤੀਫਾਬਾਜ਼ੀ ‘ਤੇ ਉਤਰ ਆਇਆ ਸਾਂ। ਮੈਂ ਗਾਰਗੀ ਨੂੰ ਕਹਿ ਰਿਹਾ ਸੀ, “ਹਰਿਭਜਨ ਜੁ ਆਇਆ ਹੋਇਆ ਸੀ, ਜਿੰਨੀ ਕੁ ਰੋਟੀ ਮੈਂ ਖਾਣੀ ਸੀ ਓਨੀ ਤਾਂ ਉਹਦੀ ਦਾਹੜੀ ‘ਚ ਹੀ ਫਸ ਗਈ ਹੋਣੀ ਏਂ-ਚੱਲ ਚੰਗਾ ਏ ਦੁੱਗਲ ਦਾ ਸਰਫ਼ਾ ਹੋ ਗਿਆ। ਨੌਂ ਵੱਜ ਗਏ ਨੇ, ਤੂੰ ਝਟਪਟ ਤਿਆਰ ਹੋ ਕੇ ਘਰੋਂ ਨਿਕਲ।”
ਤਿਆਰ ਹੋ ਕੇ ਜਦੋਂ ਅਸੀਂ ਸਾਹਿਤ ਅਕਾਦਮੀ ਦੇ ਦਫ਼ਤਰ ਪਹੁੰਚੇ ਤਾਂ ਸਾਹਿਤ ਅਕਾਦਮੀ ਦਾ ਵਿਹੜਾ ਸਾਹਿਤਕਾਰਾਂ, ਪੱਤਰਕਾਰਾਂ ਤੇ ਫੋਟੋਗ੍ਰਾਫਰਾਂ ਨਾਲ ਭਰਿਆ ਪਿਆ ਸੀ। ਚਾਹ ਦੇ ਪਿਆਲਿਆਂ ‘ਚ ਵਾਕਫ਼ੀਆਂ ਘੋਲੀਆਂ ਜਾ ਰਹੀਆਂ ਸਨ। ਕੈਮਰਿਆਂ ਦੇ ਫ਼ਲੈਸ਼ ਲਗਾਤਾਰ ਚਿਹਰਿਆਂ ‘ਤੇ ਚਮਕ ਰਹੇ ਸਨ। ਗਾਰਗੀ ਮੈਥੋਂ ਵੱਡਾ ਸਾਹਿਤਕਾਰ ਹੋਣ ਦੇ ਅਹਿਸਾਸ ਕਾਰਨ ਕੰਨੀ ਖਿਸਕਾ ਗਿਆ ਸੀ-ਤੇ ਕਿਸੇ ਰੂਸੀ ਜਾਂ ਮਿਰਕਨੀਏਂ ਨਾਲ ਰੰਨ ਵਾਂਗ ਵਪਾਰੀ ਹਾਸਾ ਹੱਸ ਰਿਹਾ ਸੀ। ਡਾæ ਪ੍ਰਭਾਕਰ ਮਾਚਵੇ ਮੈਨੂੰ ਵੱਖ-ਵੱਖ ਸਾਹਿਤਕਾਰਾਂ ਨਾਲ ਮਿਲਾ ਰਹੇ ਸਨ। ਮਿਲਣੀਆਂ ਤੋਂ ਵਿਹਲਾ ਹੋ ਕੇ ਮੈਂ ਅੰਮ੍ਰਿਤਾ ਤੇ ਮੋਹਨ ਸਿੰਘ ਕੋਲ ਆ ਖੜ੍ਹਿਆ। ਅੰਮ੍ਰਿਤਾ ਤੇ ਮੋਹਨ ਸਿੰਘ ਉਰਦੂ ਦੀ ਅਦੀਬਾ ਕੁਰਤੁਲ ਐਨ ਹੈਦਰ ਨਾਲ ਰੁੱਝੇ ਹੋਏ ਸਨ। ਮੈਨੂੰ ਵੇਖ ਕੇ ਸਾਰਿਆਂ ਦੇ ਚਿਹਰਿਆਂ ਉਤੇ ਦੋਸਤੀ ਦੀ ਨਿੱਘੀ ਮੁਸਕਾਨ ਫੈਲ ਗਈ-ਤੇ ਫੇਰ ਸਰਸਰੀ ਜਿਹੀ ਗੱਲਬਾਤ ਪਿੱਛੋਂ ਮੇਰਾ ਧਿਆਨ ਮੇਰੀ ਇਕ ਦੋਸਤ ਕੁੜੀ ਦੇ ਵਾਲਾਂ ਵੱਲ ਜਾ ਪਿਆ। ਉਹਨੇ ਜੂੜਾ ਇਵੇਂ ਕੀਤਾ ਹੋਇਆ ਸੀ ਜਿਵੇਂ ਟਾਹਲੀ ‘ਤੇ ਲਾਊਡ-ਸਪੀਕਰ ਟੰਗਿਆ ਹੋਵੇ। ਮੈਂ ਆਪਣੀ ਦੋਸਤ ਕੁੜੀ ਨੂੰ ਉਹਦੇ ਜੂੜੇ ਬਾਰੇ ਲਤੀਫ਼ਾ ਸੁਣਾਨ ਹੀ ਲੱਗਾ ਸਾਂ ਕਿ ਮੋਹਨ ਸਿੰਘ ਮੈਨੂੰ ਬਾਹੋਂ ਫੜ ਕੇ ਇਕ ਪਾਸੇ ਲੈ ਗਿਆ। ਮੈਨੂੰ ਡਰ ਸੀ ਕਿ ਉਹ ਵੀ ਰਾਤ ਦੇ ਸ਼ਰਾਬੀ ਹਾਦਸੇ ਦੀ ਗੱਲ ਕਰੇਗਾ ਤੇ ਬਜ਼ੁਰਗੀ ਦਾ ਲੂਣ ਮੇਰੇ ਫੱਟਾਂ ‘ਤੇ ਜ਼ਰੂਰ ਧੂੜੇਗਾ। ਪਰ ਸ਼ੁਕਰ ਖ਼ੁਦਾ ਦਾ ਕਿ ਉਹ ਮੈਨੂੰ ਸਿਰਫ਼ ਸੇਖੋਂ ਦੇ ਦਿੱਲੀ ਨਾ ਆਉਣ ਦਾ ਕਾਰਨ ਹੀ ਦੱਸ ਰਿਹਾ ਸੀ।
ਚਾਹ ਦੇ ਪਿਆਲੇ ਪਿਛੋਂ ਅਲਕਾਜ਼ੀ ਦਾ ਭਾਸ਼ਣ ਸੁਣਿਆ ਤੇ ਉਸ ਮਗਰੋਂ ਜਦ ਅੰਮ੍ਰਿਤ ਲਾਲ ਨਾਗਰ ਬੋਲਣ ਲੱਗਾ ਤਾਂ ਆਪਣੇ ਲਾਗੇ ਬੈਠੇ ਦੁੱਗਲ ਕੋਲੋਂ ਰਾਤ ਦੇ ਹਾਦਸੇ ਦੀ ਮੁਆਫ਼ੀ ਮੰਗ ਕੇ ਮੈਂ ਬਾਹਰ ਆ ਗਿਆ। ਮੁਆਫ਼ੀਨਾਮੇ ‘ਚ ਉਹਦਾ ਮੇਰੇ ਲਈ ਵਰਤਿਆ ਇਕੋ ਸ਼ਬਦ ‘ਨਾਲਾਇਕ’ ਮੇਰੀ ਬੋਝਲ ਤੇ ਦੁਖੀ ਆਤਮਾ ਨੂੰ ਬੜਾ ਹੀ ਪਿਆਰਾ ਲੱਗਾ। ਮੈਂ ਦੁੱਗਲ ਦੇ ਦਿਲ ਦੀ ਵਿਸ਼ਾਲਤਾ ‘ਤੇ ਏਨਾ ਖੁਸ਼ ਸਾਂ ਤੇ ਆਪਣੇ ਆਪ ‘ਤੇ ਏਨਾ ਦੁਖੀ ਕਿ ਦੁੱਖ ਵਿਚੋਂ ਗੀਤ ਜਨਮ ਲੈ ਰਿਹਾ ਸੀ:
ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ‘ਤੇ ਆਣ ਖੜ੍ਹੀ।
ਜਦ ਮੇਰੇ ਘਰ ਵਿਚ ਨੇਰ੍ਹਾ ਹੈ
ਤੇ ਬਾਹਰ ਮੇਰੀ ਧੁੱਪ ਖੜ੍ਹੀ।
ਨਹੀਂ। ਅੱਜ ਦੇ ਦਿਨ ਮੈਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ। ਅੱਜ ਤਾਂ ਮੈਨੂੰ ਖੁਸ਼ ਹੋਣਾ ਚਾਹੀਦਾ ਹੈ। ਪਰ ਮੇਰੇ ਅੰਦਰ ਸ਼ਰਮਿੰਦੀ ਪੀੜ ਕਰਵਟ ਲੈਂਦੀ ਹੈ ਤੇ ਮੇਰੇ ਹੋਂਠ ਫਿਰ ਹਿਲਦੇ ਹਨ:
ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ‘ਤੇ ਆਣ ਖੜ੍ਹੀ।
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ।
ਮੇਰੇ ਅੰਦਰ ਦੀ ਪੀੜ ਆਖਦੀ ਹੈ ਕਿ ਪਹਿਲੀਆਂ ਸਤਰਾਂ ਨਾਲੋਂ ਇਹ ਸਤਰਾਂ ਮੇਰੇ ਜ਼ਿਆਦਾ ਮੇਚ ਆਉਂਦੀਆਂ ਹਨ। ਮੈਂ ਇਹ ਸਤਰਾਂ ਹੱਥ ਵਿਚ ਫੜੀ ਡਾਇਰੀ ‘ਚ ਸਾਂਭ ਲੈਂਦਾ ਹਾਂ। ਮੈਂ ਸਿਗਰਟ ਬਾਲਦਾ ਹਾਂ ਤੇ ਗੀਤ ਬਾਰੇ ਫੇਰ ਸੋਚਦਾ ਹਾਂ।
“ਓਏ ਪੰਡਤਾæææ!” ਗੁਲਜ਼ਾਰ ਨੇ ਮੈਨੂੰ ਜਟਕੀ ਵਾਜ ਮਾਰੀ। ਮੈਂ ਕਵਿਤਾ ਵਿਚ ਹੀ ਸੁੱਟ ਕੇ ਉਹਦੇ ਨਾਲ ਜਾ ਬਗ਼ਲਗੀਰ ਹੋਇਆ। ਅਕਾਡਮੀ ਦਾ ਖੁੱਲ੍ਹਾ ਵਿਹੜਾ ਜੱਟ ਦੇ ਨਿਰਛਲ ਹਾਸੇ ਨਾਲ ਗੂੰਜ ਗਿਆ। ਅਜੇ ਅਸੀਂ ਜਜਮਾਨੀ-ਪਰੋਹਤੀ ਹੀ ਕਰ ਰਹੇ ਸਾਂ ਕਿ ਅੰਮ੍ਰਿਤਾ ਵੀ ਸਾਡੇ ‘ਚ ਆ ਰਲੀ। ਉਹਨੂੰ ਘਰ ਮੁੜਨ ਦੀ ਕਾਹਲ ਸੀ, ਸੋ ਅਸੀਂ ਗੁਲਜ਼ਾਰ ਦੀ ਕਾਰ ‘ਚ ਬੈਠ ਕੇ ਤਿੰਨੇ ਅੰਮ੍ਰਿਤਾ ਦੇ ਘਰ ਵੱਲ ਤੁਰ ਪਏ। ਅੰਮ੍ਰਿਤਾ ਨੂੰ ਘਰ ਛੱਡ ਕੇ ਆਉਣ ਦੀ ਵਗਾਰ ਦਾ ਜੱਟ ਨੇ ਸਟੇਅਰਿੰਗ ‘ਤੇ ਬੈਠਦਿਆਂ ਹੀ ਲਤੀਫ਼ਾ ਛੱਡ ਦਿੱਤਾ, “ਓਏ ਡਰੈਵਰੀ ਕਰਨ ਨਾਲੋਂ ਤਾਂ ਮੈਂ ਸਾਹਿਤਕਾਰ ਹੀ ਚੰਗਾ ਸਾਂ।” ਸ਼ੀਸ਼ਿਆਂ ਥਾਣੀਂ ਹਾਸਾ ਬਾਹਰ ਨਿਕਲ ਕੇ ਦਿੱਲੀ ਦੀਆਂ ਸੜਕਾਂ ‘ਤੇ ਫੈਲ ਗਿਆ। ਮੈਂ ਵੇਖਿਆ ਕਿ ਉਦਾਸੀ ਹਾਸੇ ‘ਚ ਰਲ ਕੇ ਸੜਕ ਦੇ ਐਨ ਵਿਚਕਾਰ ਜਾ ਡਿੱਗੀ ਸੀ, ਪਰ ਜ਼ਖ਼ਮੀ ਨਹੀਂ ਸੀ ਹੋਈ ਤੇ ਗੀਤ ਦੀਆਂ ਉਦਾਸ ਸਤਰਾਂ ਕਾਰ ‘ਚ ਮੇਰੇ ਨਾਲ ਉਵੇਂ ਦੀਆਂ ਉਵੇਂ ਬੈਠੀਆਂ ਸਨ।
ਅੰਮ੍ਰਿਤਾ ਨੂੰ ਘਰ ਛੱਡ ਕੇ ਜਦੋਂ ਅਸੀਂ ਅਕਾਡਮੀ ਵਾਪਸ ਮੁੜੇ ਤਾਂ ਮੈਂ ਪੱਤਰਕਾਰਾਂ ਦੇ ਘਟੀਆ ਸਵਾਲਾਂ-ਜਵਾਬਾਂ ਵਿਚ ਰੁੱਝ ਗਿਆ-ਤੇ ਗੁਲਜ਼ਾਰ ਪ੍ਰੋæ ਮੋਹਨ ਸਿੰਘ ਨੂੰ ਲੱਭਣ ਚਲਾ ਗਿਆ। ਪ੍ਰੋਗਰਾਮ ਇਹ ਸੀ ਕਿ ਮੋਹਨ ਸਿੰਘ ਨੂੰ ਨਾਲ ਲੈ ਕੇ ਗੁਲਜ਼ਾਰ ਦੇ ਘਰ ਖਾਣਾ ਖਾਇਆ ਜਾਵੇ। ਪਰ ਮੋਹਨ ਸਿੰਘ ਸਾਨੂੰ ਉਡੀਕ ਉਡੀਕ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ। ਖਾਣਾ ਖਾਣ ਪਿਛੋਂ ਮੈਂ ਵੇਖਿਆ ਗੀਤ ਦੀਆਂ ਸਤਰਾਂ ਮੇਰੇ ਨਾਲ ਦੀਵਾਨ ‘ਤੇ ਆ ਲੇਟੀਆਂ ਸਨ-ਤੇ ਮੈਂ ਬੇਚੈਨ ਹੋਇਆ ਕੁਝ ਲਿਖੀ ਜਾ ਰਿਹਾ ਸੀ:
ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ‘ਤੇ ਆਣ ਖੜ੍ਹੀ।
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ।
ਇਸ ਸ਼ਹਿਰ ‘ਚ ਮੇਰੇ ਦੁੱਖਾਂ ਦਾ
ਕੋਈ ਇਕ ਵੀ ਚਿਹਰਾ ਵਾਕਫ਼ ਨਹੀਂ
ਪਰ ਫਿਰ ਵੀ ਮੇਰੇ ਦੁੱਖਾਂ ਨੂੰ
ਆਵਾਜ਼ਾਂ ਦੇਵੇ ਗਲੀ ਗਲੀ!
ਮੇਰੇ ਅੰਦਰ ਦੇ ਆਲੋਚਕ ਨੇ ‘ਦੁੱਖ’ ਸ਼ਬਦ ਵੱਲ ਘੂਰ ਕੇ ਵੇਖਿਆ-ਤੇ ਫੇਰ ਮੈਨੂੰ ਕਹਿਣ ਲੱਗਾ ਇਵੇਂ ਲਿਖ:
ਇਸ ਸ਼ਹਿਰ ‘ਚ ਮੇਰੇ ਗੀਤਾਂ ਦਾ
ਕੋਈ ਇਕ ਵੀ ਚਿਹਰਾ ਵਾਕਫ਼ ਨਹੀਂ
ਪਰ ਫਿਰ ਵੀ ਮੇਰੇ ਗੀਤਾਂ ਨੂੰ
ਆਵਾਜ਼ਾਂ ਦੇਵੇ ਗਲੀ ਗਲੀ!
ਅਜੇ ਮੈਂ ਇਹ ਸਤਰਾਂ ਲਿਖੀਆਂ ਹੀ ਸਨ ਕਿ ਗੁਲਜ਼ਾਰ ਮੇਰੇ ਕਮਰੇ ‘ਚ ਆ ਗਿਆ ਤੇ ਗੀਤ ਦੀਆਂ ਸਤਰਾਂ ਮੇਰੇ ਨਾਲੋਂ ਉਠ ਕੇ ਪਤਾ ਨਹੀਂ ਕਿਹੜੇ ਬੂਹੇ ਥਾਣੀਂ ਬਾਹਰ ਨਿਕਲ ਗਈਆਂ। ਗੁਲਜ਼ਾਰ ਆਪਣੀ ਬੀਵੀ ਨੂੰ ਫ਼ੋਨ ‘ਤੇ ਕਹਿ ਰਿਹਾ ਸੀ, “ਡਾਕਟਰ ਸਾਹਿਬ ਜ਼ਰਾ ਜਲਦੀ ਘਰੇ ਮੁੜ ਆਉ, ਪੂਰੇ ਪੰਜ ਵਜੇ ਸ਼ਿਵ ਨਾਲ ਰਾਸ਼ਟਰਪਤੀ ਭਵਨ ਜਾਣਾ ਹੈ।” ਮੂੰਹ-ਹੱਥ ਧੋ ਕੇ ਅਸੀਂ ਚਾਹ ਪੀਤੀ ਤਾਂ ਏਨੀ ਦੇਰ ਨੂੰ ਸੁਰਜੀਤ ਵੀ ਦਫਤਰੋਂ ਘਰ ਪਹੁੰਚ ਗਈ-ਤੇ ਥੋੜ੍ਹੀ ਦੇਰ ਬਾਅਦ ਅਸੀਂ ਰਾਸ਼ਟਰਪਤੀ ਭਵਨ ਵਿਚ ਸਾਂ।
ਰਾਸ਼ਟਰਪਤੀ ਭਵਨ ਪਹੁੰਚ ਕੇ ਮੇਰੀਆਂ ਨਜ਼ਰਾਂ ਵਾਕਫ਼ ਚਿਹਰੇ ਲੱਭਣ ਲੱਗੀਆਂ-ਪਰ ਸਿਵਾਏ ਅੰਮ੍ਰਿਤਾ, ਮੋਹਨ ਸਿੰਘ, ਭਾਪਾ ਪ੍ਰੀਤਮ ਸਿੰਘ ਤੇ ਸ਼ੀਲਾ ਸੰਧੂ ਦੇ, ਕੋਈ ਵੀ ਵਾਕਫ਼ ਚਿਹਰਾ ਨਜ਼ਰੀਂ ਨਾ ਪਿਆ। ਨਾ ਤਾਰਾ ਸਿੰਘ, ਨਾ ਹਰਿਭਜਨ, ਨਾ ਗਾਰਗੀ ਤੇ ਨਾ ਹੀ ਦੁੱਗਲ। ਭਾਰਾ ਮਨ ਕੁਝ ਹੋਰ ਵੀ ਭਾਰਾ ਹੋ ਗਿਆ ਤੇ ਉਹੋ ਉਦਾਸੀ ਜਿਹੜੀ ਕਾਰ ‘ਚੋਂ ਡਿੱਗ ਕੇ ਸੜਕ ਦੇ ਵਿਚਕਾਰ ਜਾ ਪਈ ਸੀ, ਅਸ਼ੋਕਾ ਹਾਲ ਦਾ ਵੱਡਾ ਸਾਰਾ ਬੂਹਾ ਲੰਘ ਕੇ ਮੇਰੇ ਨਾਲ ਆ ਬੈਠੀ ਸੀ-ਤੇ ਗੀਤ ਦੀਆਂ ਉਹੋ ਸਤਰਾਂ ਜਿਹੜੀਆਂ ਮੈਂ ਗੁਲਜ਼ਾਰ ਦੇ ਘਰ ਛੱਡ ਆਇਆ ਸਾਂ, ਰਾਸ਼ਟਰਪਤੀ ਭਵਨ ਦੀਆਂ ਗੇਰੂਈ ਕੰਧਾਂ ਟੱਪ ਕੇ ਮੇਰੀ ਜੀਭ ‘ਤੇ ਆ ਬੈਠੀਆਂ ਸਨ :
ਇਸ ਸ਼ਹਿਰ ‘ਚ ਮੇਰੇ ਗੀਤਾਂ ਦਾ
ਕੋਈ ਇਕ ਵੀ ਚਿਹਰਾ ਵਾਕਫ਼ ਨਹੀਂ
ਪਰ ਫਿਰ ਵੀ ਮੇਰੇ ਗੀਤਾਂ ਨੂੰ
ਆਵਾਜ਼ਾਂ ਦੇਵੇ ਗਲੀ ਗਲੀ!
ਇਨਾਮ ਤੇ ਰਸਮੀ ਜਿਹੀਆਂ ਮੁਬਾਰਕਾਂ ਪਿਛੋਂ ਮੈਂ, ਅੰਮ੍ਰਿਤਾ, ਮੋਹਨ ਸਿੰਘ, ਸ਼ੀਲਾ ਸੰਧੂ ਤੇ ਕੁਝ ਹੋਰ ਮਿੱਤਰ ਗੁਲਜ਼ਾਰ ਦੇ ਘਰ ਪਹੁੰਚੇ ਜਿੱਥੇ ਸ਼ਾਮੀਂ ਦੋਸਤੀਆਂ ਦਾ ਜਸ਼ਨ ਸ਼ੁਰੂ ਹੋਇਆ। ਦੋਸਤਾਂ ਦੀਆਂ ਸਿਹਤਾਂ ਦੇ ਜਾਮ ਪੀਤੇ ਗਏ। ਕਵਿਤਾਵਾਂ ਪੜ੍ਹੀਆਂ ਗਈਆਂ, ਗੀਤ ਗਾਏ ਗਏ। ਜਦ ਜਸ਼ਨ ਪੂਰੇ ਜ਼ੋਬਨ ‘ਤੇ ਅਪੜਿਆ ਤਾਂ ਮੇਰੇ ਮਿੱਤਰਾਂ ਨੇ ਇਕ ਹੋਰ ਜਾਮ ਤਜਵੀਜ਼ ਕੀਤਾ। ਪਰ ਮੋਹਨ ਸਿੰਘ ਚਾਹ ਰਿਹਾ ਸੀ ਕਿ ਜਾਮ ਪੀਣ ਤੋਂ ਪਹਿਲਾਂ ਉਹਦੀ ਇਕ ਗੱਲ ਸੁਣੀ ਜਾਵੇ। ਮੋਹਨ ਸਿੰਘ ਨੇ ਨਸ਼ਿਆਈ ਜੀਭੇ ਗੱਲ ਸ਼ੁਰੂ ਕੀਤੀ-ਸਿਆਲਕੋਟ ਦਾ ਇਕ ਜੱਟ ਸੀ ਜੱਟ, ਸਿਆਲਕੋਟæææਜਿਥੇ ਸ਼ਿਵ ਦੀ ਲੂਣਾ ਵਿਆਹੀ ਗਈ ਸੀ। ਹਾਂ, ਤੇ ਉਹ ਜੱਟ ਜੋਤਰਾ ਲਾ ਕੇ ਘਰ ਨੂੰ ਮੁੜਿਆ ਸੀ-ਆਪਣੀ ਕਾਕੋ ਨੂੰ ਕਹਿਣ ਲੱਗਾ ਰੋਟੀ ਜਲਦੀ ਪਾ ਦੇ, ਭੁੱਖ ਬੜੀ ਲੱਗੀ ਏ। ਕਾਕੋ ਨੇ ਘਿਉ ਸ਼ੱਕਰ ਪਾ ਦਿੱਤੀ ਪਰ ਅਜੇ ਉਹਨੇ ਇਕੋ ਗਰਾਹੀ ਭੰਨੀ ਸੀ ਤਾਂ ਬਾਹਰ ਪਿੜਾਂ ‘ਚ ਵਿਸਾਖੀ ਦਾ ਢੋਲ ਵੱਜ ਪਿਆ। ਢੋਲ ਦੀ ਆਵਾਜ਼ ਸੁਣ ਕੇ ਕੁੜੀ ਦਾ ਪਿਉ ਕੁੜੀ ਨੂੰ ਕਹਿਣ ਲੱਗਾ, “ਬੱਸ ਓ ਬੱਚੀ ਬੱਸ, ਬੱਸ ਓ ਬੱਚੀ ਬੱਸ, ਬੱਸ ਓ ਬੱਚੀ ਬੱਸ।” ਤੇ ਫੇਰ ਮੋਹਨ ਸਿੰਘ ‘ਬੱਸ ਓ ਬੱਚੀ ਬੱਸ’ ਕਹਿੰਦਾ ਤੇ ਚੁਟਕੀਆਂ ਮਾਰਦਾ ਆਪ ਵੀ ਨੱਚਣ ਲੱਗ ਪਿਆ। ਜਦ ਨੱਚਦਾ ਨੱਚਦਾ ਹਫ਼ ਗਿਆ ਤਾਂ ਕਹਿਣ ਲੱਗਾ, “ਵੀਰੋ-ਭਰਾਵੋ ਹੁਣ ਸ਼ਰਾਬ ਬੱਸ ਕਰਨੀ ਚਾਹੀਦੀ ਹੈ-ਤੇ ਰੋਟੀ-ਪਾਣੀ ਛਕਣਾ ਚਾਹੀਦਾ ਹੈ।” ਪਰ ਅਜੇ ਜੱਟ ਦੀ ਵਾਰੀ ਤਾਂ ਆਈ ਹੀ ਨਹੀਂ ਸੀ। ਗੁਲਜ਼ਾਰ ਵੀ ਡਾਢੇ ਨਸ਼ੇ ਵਿਚ ਸੀ, ਭਲਾ ਉਹ ਮੋਹਨ ਸਿੰਘ ਤੋਂ ਪਿੱਛੇ ਕਿਵੇਂ ਰਹਿੰਦਾ? ਉਹਨੇ ਉਚੀ ਸਾਰੀ ਹੇਕ ‘ਚ ਤੇ ਤੌੜੀਆਂ ਮਾਰਦੇ ਨੇ ਪਾਲੀਆਂ, ਅਯਾਲੀਆਂ, ਵਾਲੀਆਂ ਲੋਕ-ਬੋਲੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ:
ਪਹਿਲੀ ਗੱਡੀ ਆ ਜਾ ਮਿੱਤਰਾ
ਦੋ ਨਿੰਬੂ ਪੱਕੇ ਘਰ ਤੇਰੇ।
ਤੌੜੀਆਂ ਦੀ ਆਵਾਜ਼ ਜਦ ਮੱਧਮ ਹੋਈ ਤਾਂ ਮੈਨੂੰ ਕਵਿਤਾ ਪੜ੍ਹਨ ਦੀ ਸਿਫਾਰਿਸ਼ ਹੋਈ ਪਰ ਇਸ ਤੋਂ ਪਹਿਲਾਂ ਕਿ ਮੈਂ ਕਵਿਤਾ ਪੜ੍ਹਦਾ ਜੱਟ ਨੇ ਇਕ ਹੋਰ ਬੋਲੀ ਪਾ ਕੱਢੀ:
ਗੱਡੀ ਵਿਚੋਂ ਲੱਤ ਲਮਕੇ
ਗੋਰੇ ਪੈਰ ‘ਤੇ ਸਲੀਪਰ ਕਾਲੇ।
ਆਖ਼ਰ ਮੈਂ ਕਵਿਤਾ ਪੜ੍ਹੀ-ਤੇ ਕਵਿਤਾ ਪੜ੍ਹਨ ਪਿਛੋਂ ਲਗਦੇ ਹੱਥ ਅੱਜ ਵਾਲੀ ਅਧੂਰੀ ਕਵਿਤਾ ਦੀਆਂ ਸਤਰਾਂ ਵੀ ਪੜ੍ਹ ਦਿੱਤੀਆਂ:
ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ‘ਤੇ ਆਣ ਖੜ੍ਹੀ।
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ।
ਅਜੇ ਮੈਂ ਇਹ ਸਤਰਾਂ ਪੜ੍ਹੀਆਂ ਹੀ ਸਨ ਕਿ ਅੰਮ੍ਰਿਤਾ ਵਿਚੋਂ ਹੀ ਬੋਲ ਪਈ, “ਸ਼ਿਵ ਅੱਜ ਸ਼ਿਵਰਾਤਰੀ ਏ, ਤੇ ਨਾਲੇ ਤੈਨੂੰ ਅੱਜ ਅਜਿਹੀ ਕਵਿਤਾ ਨਹੀਂ ਪੜ੍ਹਨੀ ਚਾਹੀਦੀ। ਅੱਜ ਤਾਂ ਤੇਰੇ ਗੀਤਾਂ ਦੇ ਘਰ ਧੁੱਪ ਹੀ ਧੁੱਪ ਏ।” ਮੈਂ ਅੰਮ੍ਰਿਤਾ ਦੀ ਗੱਲ ਸੁਣ ਕੇ ਸਾਰੇ ਸ਼ੋਰ ਵਿਚ ਵੀ ਇਕੱਲਾ ਸੋਚ ਰਿਹਾ ਸਾਂ, “ਅੱਜ ਤਾਂ ਤੇਰੇ ਗੀਤਾਂ ਦੇ ਘਰ ਧੁੱਪ ਹੀ ਧੁੱਪ ਏ।” ਤੇ ਮੈਂ ਵੇਖਿਆ ਮੇਰੇ ਹੋਠਾਂ ਨੂੰ ਜਾਮ ਦੀ ਥਾਵੇਂ ਹਰਫ਼ ਆ ਕੇ ਚੂੰਡ ਰਹੇ ਸਨ:
ਮੈਂ ਮੰਨਦਾਂ ਮੇਰੇ ਗੀਤਾਂ ਨੇ
ਧੁੱਪਾਂ ਦੀ ਜੂਨ ਹੰਢਾਈ ਹੈ।
“ਨਹੀਂ! ਤੇਰੇ ਗੀਤਾਂ ਨੇ ਧੁੱਪਾਂ ਦੀ ਜੂਨ ਕਦੋਂ ਹੰਢਾਈ ਹੈ?” ਮੇਰਾ ਚੇਤਨ ਮਨ ਮੈਨੂੰ ਸਵਾਲ ਕਰਦਾ ਹੈ। ਮੈਂ ਸ਼ਿਅਰ ਦੁਹਰਾ ਕੇ ਕਹਿੰਦਾ ਹਾਂ:
ਮੈਂ ਮੰਨਦਾਂ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ।
ਪਰ ਮਹਿਕ ਅਮਾਨਤ ਹੈ ਜਿਸ ਦੀ
ਉਹ ਚੁੰਮ ਨਾ ਵੇਖੀ ਕਦੇ ਕਲੀ।
“ਨਹੀਂ! ਇਹ ਵੀ ਠੀਕ ਨਹੀਂ। ਤੂੰ ਇਹ ਵੀ ਕਿਉਂ ਮੰਨੇਂ ਕਿ ਤੇਰੇ ਗੀਤਾਂ ਨੇ ਮਹਿਕਾਂ ਦੀ ਜੂਨ ਹੰਢਾਈ ਹੈ। ਨਾਲ ਇਹ ਕਲੀ ਨੂੰ ਚੁੰਮਣ ਵਾਲੀ ਗੱਲ ਵੀ ਬਹੁਤ ਘਟੀਆ ਹੈ।” ਮੇਰਾ ਮਨ ਮੈਨੂੰ ਘੇਰ ਸਵਾਲ ਕਰਦਾ ਹੈ। ਮੈਂ ਖਿਝ ਜਾਂਦਾ ਹਾਂ ਤੇ ਸ਼ਿਅਰ ਵਿਚ ਫੇਰ ਸੁਧਾਰ ਕਰਦਾ ਹਾਂ
ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ।
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ।
ਇਹ ਸਤਰਾਂ ਸੁਣ ਕੇ ਮੇਰਾ ਮਨ ਮੈਨੂੰ ਕੋਈ ਸਵਾਲ ਨਹੀਂ ਕਰਦਾ ਤੇ ਮੈਂ ਇਹ ਸਤਰਾਂ ਯਾਦ ਦੇ ਬੋਝੇ ਵਿਚ ਪਾ ਲੈਂਦਾ ਹਾਂ।
ਜਦੋਂ ਮੈਂ ਆਪਣੇ ਖ਼ਿਆਲਾਂ ਦੀ ਚੁੱਪ ਨਾਲੋਂ ਟੁੱਟ ਕੇ ਵਾਪਸ ਮੁੜਿਆ ਤਾਂ ਕਮਰੇ ਵਿਚ ਬੜਾ ਸ਼ੋਰ ਸੀ। ਅੰਮ੍ਰਿਤਾ ਜਾ ਚੁੱਕੀ ਸੀ ਤੇ ਮੋਹਨ ਸਿੰਘ ਇਕ ਹੱਥ ਕੰਨ ‘ਤੇ ਰੱਖ ਕੇ ਤੇ ਦੂਜੇ ਹੱਥ ਵਿਚ ਚਿਮਚਾ ਫੜੀ, ਚਿਮਚੇ ਨੂੰ ਮੇਜ਼ ‘ਤੇ ਮਾਰ ਮਾਰ ਕੇ ਇਕ ਖਾਸ ਤਾਲ ਵਿਚ ਮਾਹੀਆ ਗਾ ਰਿਹਾ ਸੀ:
ਗੱਡੀ ਆਈ ਤਰਾਈ ਵਾਲੀ
ਟਿਕਟ ਨਾ ਦੇ ਬਾਬੂ
ਸਾਰੀ ਰਾਤ ਜੁਦਾਈ ਵਾਲੀ।
ਗੱਡੀ ਟੁਰ ਗਈ ਆ ਸ਼ੂੰ ਕਰ ਕੇ
ਹੁਣ ਕਿਉਂ ਰੋਨੀ ਏਂ
ਬਸਰੇ ਵੱਲ ਮੂੰਹ ਕਰਕੇ।
ਘੜਾ ਪਿਆ ਘੜਵੰਝੀਆਂ ‘ਤੇ
ਮਾਹੀ ਪਰਦੇਸ ਗਿਆ
ਹੱਥ ਮਾਰਾਂ ਮੰਜੀਆਂ ‘ਤੇ।
ਮੇਰੇ ਦੋਸਤ ਤੇ ਮੋਹਨ ਸਿੰਘ ਆਖ਼ਰੀ ਸਤਰ ਸੁਣ ਕੇ ਵਾਹ ਵਾਹ ਕਰਦੇ ਨੇ ਪਰ ਮੈਂ ਫੇਰ ਚੁੱਪ ਹਾਂ-ਤੇ ਇਕ ਹੰਝੂ ਮੇਰੀਆਂ ਅੱਖੀਆਂ ‘ਚੋਂ ਸਿੱਧਾ ਮੇਰੇ ਸੰਘ ਵਿਚ ਆ ਡਿਗਦਾ ਹੈ। ਮੇਰਾ ਗੱਚ ਭਰਿਆ ਜਾਂਦਾ ਹੈ। ਮੈਂ ਹੰਝੂ ਨੂੰ ਬੜੀ ਮੁਸ਼ਕਲ ਨਾਲ ਅੱਖਾਂ ‘ਚ ਹੀ ਰੋਕ ਲੈਂਦਾ ਹਾਂ। ਮੈਂ ਵਾਰ-ਵਾਰ ਘੜਵੰਝੀਆਂ ਵਾਲੀ ਸਤਰ ਦੀ ਤਕਦੀਰ ਬਾਰੇ ਸੋਚਦਾ ਹਾਂ-ਤੇ ਆਪਣੀ ਤਕਦੀਰ ਬਾਰੇ ਵੀ। ਇਕ ਸਤਰ ਮੇਰੇ ਮੱਥੇ ਵਿਚ ਸੁਲਗਦੀ ਹੈ:
ਮੈਂ ਜ਼ਰਬਾਂ ਦੇ ਦੇ ਯਾਦਾਂ ਨੂੰ
ਆਪਣੀ ਤਾਂ ਅਉਧ ਹੰਢਾ ਬੈਠਾਂ
ਹੁਣ ਅਉਧ ਹੰਢਾਂਦਾ ਹਾਂ ਜਿਸ ਦੀ
ਉਹ ਵੀ ਹੈ ਮੈਥੋਂ ਦੂਰ ਬੜੀ।
ਮੇਰੀ ਇਕਾਗਰਤਾ ਅੱਖਾਂ ‘ਚ ਰੋਕੇ ਹੰਝੂ ਬਾਰੇ ਸੋਚਦੀ ਹੈ ਤੇ ਫੇਰ ਮੱਥੇ ਵਿਚ ਸੁਲਗਦੀਆਂ ਸਤਰਾਂ ਬਾਰੇ-ਤੇ ਫੇਰ ਮੈਂ ਪਹਿਲੀਆਂ ਸਤਰਾਂ ਨੂੰ ਭੁੱਲ ਕੇ ਹੋਰ ਸਤਰਾਂ ਸੋਚਦਾ ਹਾਂ:
ਮੈਂ ਹੰਝੂ ਹੰਝੂ ਰੋ ਰੋ ਕੇ
ਆਪਣੀ ਤਾਂ ਅਉਧ ਹੰਢਾ ਬੈਠਾਂ।
ਕਿੰਝ ਅਉਧ ਹੰਢਾਵਾਂ ਗੀਤਾਂ ਦੀ
ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ।
ਪਹਿਲੀਆਂ ਸਤਰਾਂ ਨਾਲੋਂ ਮੈਨੂੰ ਇਹ ਸਤਰਾਂ ਅਜ਼ੀਜ਼ ਹੋ ਜਾਂਦੀਆਂ ਹਨ-ਤੇ ਪਹਿਲੀਆਂ ਸਤਰਾਂ ਨੂੰ ਨਫ਼ਰਤ ਕਰਨ ਲੱਗਦਾ ਹਾਂ। ਬੜੀ ਪਿਆਰੀ ਆਵਾਜ਼ ਕੰਨਾਂ ਵਿਚ ਪੈਂਦੀ ਹੈ-ਗੁਲਜ਼ਾਰ ਦੀ ਸਾਲੀ ਕੰਵਲ ਗੀਤ ਗਾ ਰਹੀ ਹੈ। ਮੈਂ ਉਹਦੀ ਅਵਾਜ਼ ਨਾਲ ਫੇਰ ਕਮਰੇ ‘ਚ ਮੁੜ ਆਉਂਦਾ ਹਾਂ ਤੇ ਗੀਤ ਦੇ ਬੋਲ ਸੁਣਦਾ ਹਾ:
ਇਕ ਮੇਰੀ ਸੱਸ ਚੰਦਰੀ
ਭੈੜੀ ਰੋਹੀ ਦੀ ਕਿੱਕਰ ਤੋਂ ਕਾਲੀ।
ਨਿੱਤ ਮੇਰੇ ਵੀਰ ਪੁਣਦੀ
ਨਾਲੇ ਦੇਵੇ ਮੇਰੇ ਮਾਪਿਆਂ ਨੂੰ ਗਾਲੀ।
ਰੱਬ ਜਾਣੇ ਤੱਤੜੀ ਦਾ
ਕਿਹੜਾ ਲਾਚੀਆਂ ਦਾ ਬਾਗ ਉਜਾੜਿਆ।
ਰਾਤ ਕਾਫੀ ਜਾ ਚੁੱਕੀ ਸੀ। ਅੱਖਾਂ ਵਿਚ ਆਈ ਨੀਂਦ ਤੇ ਨਸ਼ੇ ਨੇ ਆਖ਼ਰ ਮਹਿਫ਼ਲ ਉਜਾੜ ਦਿੱਤੀ। ਸਭੋ ਆਪਣੇ ਆਪਣੇ ਆਹਲਣਿਆਂ ਨੂੰ ਚਲੇ ਗਏ, ਪਰ ਮੈਂ ਤੇ ਮੋਹਨ ਸਿੰਘ, ਗੁਲਜ਼ਾਰ ਦੇ ਘਰ ਹੀ ਸੌਂ ਗਏ। ਤੜਕਸਾਰ ਜਦੋਂ ਮੈਨੂੰ ਜਾਗ ਆਈ ਤਾਂ ਮੈਂ ਵੇਖਿਆ ਕਿ ਮੋਹਨ ਸਿੰਘ, ਘੂਕ ਸੁੱਤਾ ਪਿਆ ਸੀ। ਬਿਜਲੀ ਜਲ ਰਹੀ ਸੀ। ਮੈਂ ਪਾਣੀ ਪੀ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਬੇਕਾਰ। ਮੱਥੇ ਵਿਚ ਸੁੱਤੀਆਂ ਗੀਤ ਦੀਆਂ ਸਤਰਾਂ ਮੇਰੇ ਨਾਲ ਜਾਗ ਪਈਆਂ ਸਨ। ਆਖ਼ਰ ਮੈਂ ਇਕ ਕਾਗਜ਼ ਲਿਆ ਤੇ ਗੀਤ ਲਿਖਣਾ ਸ਼ੁਰੂ ਕਰ ਦਿੱਤਾ। ਕਾਗਜ਼ ‘ਤੇ ਗੀਤ ਦਾ ਸ਼ੀਰਸ਼ਕ ਲਿਖਿਆ ‘ਕਿਸਮਤ’-‘ਕਿਸਮਤ’ ਹਰਫ਼ ਦੇ ਪੈਰਾਂ ਥੱਲੇ ਇਕ ਲੀਕ ਮਾਰੀ ਤੇ ਕਵਿਤਾ ਲਿਖਣੀ ਸ਼ੁਰੂ ਕੀਤੀ:
ਅੱਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ‘ਤੇ ਆਣ ਖੜੀ
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ।
ਇਸ ਸ਼ਹਿਰ ‘ਚ ਮੇਰੇ ਗੀਤਾਂ ਦਾ
ਕੋਈ ਇਕ ਵੀ ਚਿਹਰਾ ਵਾਕਫ਼ ਨਹੀਂ
ਪਰ ਫਿਰ ਵੀ ਮੇਰੇ ਗੀਤਾਂ ਨੂੰ
ਆਵਾਜ਼ਾਂ ਦੇਵੇ ਗਲੀ ਗਲੀ!
ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ।
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ।
ਮੈਂ ਹੰਝੂ ਹੰਝੂ ਰੋ ਰੋ ਕੇ
ਆਪਣੀ ਤਾਂ ਅਉਧ ਹੰਢਾ ਬੈਠਾਂ
ਕਿੰਝ ਅਉਧ ਹੰਢਾਵਾਂ ਗੀਤਾਂ ਦੀ
ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ।
ਏਨੀਆਂ ਸਤਰਾਂ ਲਿਖ ਕੇ ਮੈਂ ਇਕ ਵਾਰ ਫੇਰ ਮੁੱਢੋਂ-ਸੁੱਢੋਂ ਪੜ੍ਹੀਆਂ। ਗੀਤ ਮੈਨੂੰ ਬਿਲਕੁਲ ਅਧੂਰਾ ਜਾਪਿਆ। ਮੈਂ ਜੋ ਕਹਿਣਾ ਚਾਹੁੰਦਾ ਸਾਂ, ਉਹ ਮੈਥੋਂ ਅਜੇ ਕਹਿ ਨਹੀਂ ਸੀ ਹੋਇਆ। ਮੈਂ ਗੀਤ ਬਾਰੇ ਸੋਚਣ ਦੀ ਬਜਾਏ ਦੁੱਗਲ ਬਾਰੇ ਸੋਚਦਾ ਰਿਹਾ-ਤੇ ਫੇਰ ਪਤਾ ਨਹੀਂ ਕਿਵੇਂ ਮੇਰੇ ਅੰਦਰ ‘ਦਾਅਵਤ’ ਸ਼ਬਦ ਘੁੰਮਣ ਲੱਗ ਜਾਂਦਾ ਹੈ। ਮੈਂ ਲਿਖਣ ਲਗਦਾ ਹਾਂ:
ਇਕ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ।
ਇਕ ਬੁਰਕੀ ਮਿੱਸੇ ਚਾਨਣ ਦੀ
ਗੀਤਾਂ ਦੇ ਸੰਘ ਵਿਚ ਆਣ ਅੜੀ।
‘ਅੜੀ’ ਸ਼ਬਦ ਮੈਨੂੰ ਖਟਕਦਾ ਹੈ। ਗੀਤ ਦੇ ਸਰੋਦੀ ਤੇ ਰਾਗਾਤਮਕ ਪਿੰਡੇ ਵਿਚ ‘ੜ’ ਅੱਖਰ ਮੈਨੂੰ ਛਿੱਲਤਰ ਵਾਂਗ ਚੁੱਭਿਆ ਜਾਪਦਾ ਹੈ। ਮੈਂ ਸ਼ਿਅਰ ਫੇਰ ਲਿਖਦਾ ਹਾਂ:
ਅੱਜ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ।
ਇਕ ਬੁਰਕੀ ਮਿੱਠੇ ਚਾਨਣ ਦੀ
ਮੇਰੇ ਗੀਤਾਂ ਤੋਂ ਨਾ ਗਈ ਭਰੀ।
ਮੈਂ ਲਿਖੀਆਂ ਸਤਰਾਂ ਨੂੰ ਬਾਰ ਬਾਰ ਪੜ੍ਹਦਾ ਹਾਂ। ਸਤਰਾਂ ਦੇ ਕਈ ਰੂਪ ਬਣਾਉਂਦਾ ਹਾਂ:
ਇਕ ਸੂਰਜ ਨੇ ਮੇਰੇ ਗੀਤਾਂ ਨੂੰ
ਕਿਸੇ ਸੂਰਜ ਨੇ ਮੇਰੇ ਗੀਤਾਂ ਨੂੰ
ਅੱਜ ਸੂਰਜ ਨੇ ਮੇਰੇ ਗੀਤਾਂ ਨੂੰ
‘ਇੱਕ’, ‘ਕਿਸੇ’ ਤੇ ‘ਅੱਜ’ ਸ਼ਬਦ ‘ਚੋਂ ਕਿਹੜਾ ਠੀਕ ਹੈ, ਮੈਂ ਸਿਗਰਟ ਬਾਲਦਾ ਤੇ ਸੋਚਦਾ ਹਾਂ। ਮੈਨੂੰ ‘ਅੱਜ’ ਸ਼ਬਦ ਹੀ ਜੱਚਦਾ ਹੈ। ਸੋ ਮੈਂ ਅੱਗੇ ਵਧਦਾ ਹਾਂ:
ਅੱਜ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਆਖੀ ਹੈ।
ਅੱਜ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਆਖੀ ਹੈ।
‘ਆਖੀ ਸੀ’-ਤਾਂ ਫੇਰ ਕੱਲ੍ਹ ਦੀ ਗੱਲ ਹੋਈ? ਮੈਂ ਆਪਣੇ ਆਪ ਨੂੰ ਸਵਾਲ ਕਰਦਾ ਹਾਂ। ਫੇਰ ਤਾਂ ਮੈਨੂੰ ਇਵੇਂ ਲਿਖਣਾ ਚਾਹੀਦਾ ਹੈ:
ਕਲ੍ਹ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਆਖੀ ਸੀ।
ਪਰ ਬੁਰਕੀ ਮਿੱਠੇ ਚਾਨਣ ਦੀ
ਮੇਰੇ ਗੀਤਾਂ ਤੋਂ ਨਾ ਗਈ ਭਰੀ।
ਮੈਂ ਸ਼ਸ਼ੋਪੰਜ ‘ਚ ਪੈ ਜਾਂਦਾ ਹਾਂ। ਕੀ ਠੀਕ ਤੇ ਕੀ ਗ਼ਲਤ ਹੈ? ਮੈਂ ਕਵਿਤਾ ਦੀ ਸਭ ਤੋਂ ਪਹਿਲੀ ਸਤਰ ਪੜ੍ਹਦਾ ਹਾਂ:
‘ਅੱਜ ਕਿਸਮਤ ਮੇਰੇ ਗੀਤਾਂ ਦੀ।’
ਮੈਂ ਆਪਣੀ ਬੇਚੈਨੀ ਦਾ ਧਿਆਨ ਲਿਖੀਆਂ ਸਤਰਾਂ ਵੱਲ ਬਾਰ ਬਾਰ ਦਿਵਾਉਂਦਾ ਹਾਂ। ‘ਮਿੱਸੇ ਚਾਨਣ ਦੀ’, ‘ਮਿੱਠੇ ਚਾਨਣ ਦੀ’, ‘ਆਣ ਅੜੀ’, ‘ਗਈ ਭਰੀ’ ਤੇ ਆਖ਼ਰ ਨਿਰਣੇ ‘ਤੇ ਪੁੱਜ ਜਾਂਦਾ ਹਾਂ:
ਅੱਜ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ।
ਇਕ ਬੁਰਕੀ ਮਿੱਸੇ ਚਾਨਣ ਦੀ
ਗੀਤਾਂ ਦੇ ਸੰਘ ਵਿਚ ਆਣ ਅੜੀ।
ਮੈਂ ਇਹ ਸਤਰਾਂ ਲਿਖ ਕੇ ਜਦੋਂ ਮੋਹਨ ਸਿੰਘ ਵੱਲ ਨਜ਼ਰ ਮਾਰੀ-ਤਾਂ ਮੋਹਨ ਸਿੰਘ ਘੁਰਾੜੇ ਮਾਰ ਰਿਹਾ ਸੀ। ਮੈਨੂੰ ਮੋਹਨ ਸਿੰਘ ਨੂੰ ਸੁੱਤਿਆਂ ਵੇਖ ਕੇ ਇਵੇਂ ਲੱਗਿਆ ਜਿਵੇਂ ਮੋਹਨ ਸਿੰਘ ਨਹੀਂ ਸਗੋਂ ਕੋਈ ਗੀਤ ਸੌਂ ਰਿਹਾ ਹੋਵੇ। ਇਕ ਸਾਹਸ ਮੇਰੇ ਅੰਦਰ ਅੰਗੜਾਈ ਲੈਂਦਾ ਹੈ-ਤੇ ਮੇਰੀ ਕਲਮ ਕਾਗਜ਼ ‘ਤੇ ਫੇਰ ਝੁਕਦੀ ਹੈ:
ਕਿਸ ਉਮਰੇ ਮੇਰੇ ਗੀਤਾਂ ਨੂੰ
ਅੱਜ ਗੂਹੜੀ ਨੀਂਦਰ ਆਈ ਹੈ।
ਮੈਂ ਸਤਰਾਂ ਦੁਹਰਾਉਂਦਾ ਹਾਂ ਤੇ ਸਿਗਰਟ ਬਾਲਦਾ ਹਾਂ।
ਬਦਕਿਸਮਤ ਮੇਰੇ ਗੀਤਾਂ ਨੂੰ
ਕਿਸ ਵੇਲੇ ਨੀਂਦਰ ਆਈ ਹੈ।
ਯਾਦਾਂ ਦੇ ਵਿਹੜੇ ਪੀੜਾਂ ਦੀ
ਜਦ ਗੋਡੇ ਗੋਡੇ ਧੁੱਪ ਚੜ੍ਹੀ।
ਮੈਨੂੰ ਸ਼ਿਅਰ ਪਸੰਦ ਨਹੀਂ ਆਉਂਦਾ-ਤੇ ਮੈਂ ਫੇਰ ਦਰੁਸਤੀ ਕਰਦਾ ਹਾਂ:
ਬਦਕਿਸਮਤ ਮੇਰੇ ਗੀਤਾਂ ਨੂੰ
ਕਿਸ ਵੇਲੇ ਨੀਂਦਰ ਆਈ ਹੈ
ਜਦ ਦਿਲ ਦੇ ਵਿਹੜੇ ਪੀੜਾਂ ਦੀ
ਹੈ ਗੋਡੇ ਗੋਡੇ ਧੁੱਪ ਚੜ੍ਹੀ।
ਮੈਂ ਚੁੱਪ ਹੋ ਜਾਂਦਾ ਹਾਂ। ਅੱਖਾਂ ਮੀਚ ਕੇ ਆਪਣੇ ਧੁਰ ਅੰਦਰ ਵਿਚ ਨਜ਼ਰ ਮਾਰਦਾ ਹਾਂ। ਮੇਰੇ ਅੰਦਰ ਮੌਤ ਵਰਗਾ ਸਹਿਮ ਹੈ। ਮੈਨੂੰ ਇਵੇਂ ਲਗਦਾ ਹੈ ਜਿਵੇਂ ਮੈਂ ਮਰ ਰਿਹਾ ਹਾਂ-ਮੇਰੇ ਗੀਤ ਮਰ ਰਹੇ ਨੇ। ਮੈਂ ਆਪਣੀ ਮੌਤ ਬਾਰੇ ਸੋਚਦਾ ਹਾਂ। ਪਰ ਮੌਤ ਦਾ ਸਹਿਮ, ਗੀਤ ਲਿਖਦਿਆਂ ਕਿੱਥੋਂ ਆ ਗਿਆ? ਸ਼ਾਇਦ ‘ਨੀਂਦਰ’ ਸ਼ਬਦ ਕਰਕੇ। ਨਹੀਂ-ਸ਼ਾਇਦ ਇਕ ਯਾਰ ਦੇ ਕਹੇ ਬੋਲਾਂ ਕਰਕੇ। ਉਹਦੇ ਕਹੇ ਬੋਲ ਮੇਰੇ ਸਾਹਮਣੇ ਆ ਖਲੋਂਦੇ ਹਨ, “ਸਾਹਿਤ ਅਕਾਦਮੀ ਦਾ ਪੁਰਸਕਾਰ ਜਿਸ ਨੂੰ ਵੀ ਮਿਲਦਾ ਹੈ, ਉਹਦੀ ਸਾਹਿਤਕ ਮੌਤ ਹੋ ਜਾਂਦੀ ਹੈ।” ਮੇਰਾ ਮਨ ਮੈਨੂੰ ਸਮਝਾਉਂਦਾ ਹੈ, ਪਰ ਮੌਤ ਦਾ ਸਹਿਮ ਮੇਰਾ ਪਿੱਛਾ ਨਹੀਂ ਛੱਡਦਾ। ਮੈਂ ਉਦਾਸ ਹੋ ਜਾਂਦਾ ਹਾਂ। ਸਾਰੀ ਕਵਿਤਾ ਇਕ ਵਾਰ ਫੇਰ ਪੜ੍ਹਦਾ ਹਾਂ-ਤੇ ਫੇਰ ਪਤਾ ਨਹੀਂ ਕਿਵੇਂ, ਕੁਝ ਸਤਰਾਂ ਮੇਰੀ ਕਲਮ ਨਾ ਲਿਖਣਾ ਚਾਹੁੰਦੀ ਹੋਈ ਵੀ ਲਿਖ ਦੇਂਦੀ ਹੈ:
ਮੇਰੀ ਗੀਤਾਂ ਭਰੀ ਕਹਾਣੀ ਦਾ
ਕਿਆ ਅੰਤ ਗ਼ਜ਼ਬ ਦਾ ਹੋਇਆ ਹੈ।
ਜਦ ਆਈ ਜਵਾਨੀ ਗੀਤਾਂ ‘ਤੇ
ਤਦ ਮੇਰੀ ਅਰਥੀ ਉਠ ਚੱਲੀ।
ਮੈਂ ਆਪਣੇ ਆਪ ਵਿਚ ਬੜਾ ਉਦਾਸ ਹਾਂ। ਇਹ ਸਤਰਾਂ ਮੈਂ ਕੱਟ ਦੇਣਾ ਚਾਹੁੰਦਾ ਹਾਂ-ਪਰ ਕੱਟਣ ਦੀ ਥਾਂਵੇਂ ਮੈਂ ਇਨ੍ਹਾਂ ਨੂੰ ਬਦਲ ਦਿੰਦਾ ਹਾਂ:
ਮੇਰੀ ਗੀਤਾਂ ਭਰੀ ਕਹਾਣੀ ਦਾ
ਅੱਜ ਅੰਤ ਗ਼ਜ਼ਬ ਦਾ ਹੋਇਆ ਹੈ।
ਜਦ ਆਈ ਜਵਾਨੀ ਗੀਤਾਂ ‘ਤੇ
ਗੀਤਾਂ ਦੀ ਅਰਥੀ ਉਠ ਚੱਲੀ।
ਮੈਨੂੰ ਇਹ ਸਤਰਾਂ ਲਿਖ ਕੇ ਇਵੇਂ ਲੱਗਿਆ ਜਿਵੇਂ ਗੀਤ ਪੂਰਾ ਹੋ ਗਿਆ ਹੈ। ਮੈਂ ਜੋ ਕਹਿਣਾ ਸੀ, ਕਹਿ ਲਿਆ ਹੈ। ਮੈਂ ਇਕ ਹੋਰ ਕਾਗਜ਼ ਲਿਆ ਤੇ ਸਾਰਾ ਗੀਤ ਇਕ ਵਾਰ ਫੇਰ ਲਿਖ ਮਾਰਿਆ-ਤੇ ਮੈਂ ਹੁਣ ਗੀਤ ਨੂੰ ਜਨਮ ਦੇਣ ਮਗਰੋਂ ਡਾਢਾ ਥੱਕਿਆ ਥੱਕਿਆ, ਪਰ ਖੁਸ਼-ਖੁਸ਼ ਸਾਂ ਤੇ ਦੁੱਗਲ ਦਾ ਦਿਲੋਂ ਮਸ਼ਕੂਰ ਸਾਂ ਜਿਨ੍ਹੇ ਮੇਰੀ ਝੋਲੀ ਵਿਚ ਅਜੇਹਾ ਹਾਦਸਾ ਪਾਇਆ ਸੀ, ਜਿਦ੍ਹੀ ਕਿਸਮਤ ਵਿਚ ਉਹਦੀ ਰੋਟੀ ਤਾਂ ਨਹੀਂ ਸੀ, ਪਰ ਗੀਤ ਜ਼ਰੂਰ ਸੀ।
Leave a Reply