ਵੀਰ ਦੀ ਉਡੀਕ: ਮੁਹੰਮਦ ਸ਼ਫ਼ੀ ਭੱਟੀ ਤੋਂ ਮਹਿੰਦਰ ਸਿੰਘ ਗਿੱਲ ਬਣਨ ਦਾ 77 ਸਾਲਾਂ ਦਾ ਸਫ਼ਰ

ਅੱਬਾਸ ਖ਼ਾਨ ਲਾਸ਼ਾਰੀ
25 ਨਵੰਬਰ 2022 ਦੀ ਗੱਲ ਹੈ। ਮੈਂ ਕੈਲੀਫੋਰਨੀਆ ਤੋਂ ਆਏ ਆਪਣੇ ਪ੍ਰਾਹੁਣੇ ਜਸ਼ਨ ਸਿੰਘ ਬਾਜਵਾ ਨੂੰ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਪਿੰਡ ਕੋਟ ਸ਼ਮਸ਼ੇਰ ਸਿੰਘ ਵਿਖਾਉਣ ਲੈ ਗਿਆ। ਪਿੰਡ ਨੂੰ ਜਾਂਦਾ ਰਸਤਾ ਬਹੁਤ ਮਾੜਾ ਸੀ। ਇਸ ਲਈ ਅਸੀਂ ਪਿੰਡ ਤੋਂ ਕਰੀਬ ਪੰਜ-ਛੇ ਸੌ ਗਜ਼ ਪਿੱਛੇ ਗੱਡੀ ਖੜ੍ਹੀ ਕਰਕੇ ਪੈਦਲ ਤੁਰ ਪਏ।

ਦਿਨ ਢਲ ਚੁੱਕਾ ਸੀ। ਹਨੇਰੇ ਨੇ ਪਿੰਡ ਨੂੰ ਆਪਣੀ ਬੁੱਕਲ ਵਿਚ ਲੈ ਲਿਆ ਸੀ। ਚਾਰੇ ਪਾਸੇ ਸੰਨਾਟਾ ਸੀ। ਮੋਬਾਈਲ ਟਾਰਚ ਦੀ ਰੌਸ਼ਨੀ ਵਿਚ ਰਸਤਾ ਲੱਭਦਿਆਂ ਮੇਰੀ ਨਜ਼ਰ ਇੱਕ ਘਰ ਦੀ ਮੋਹੜੀ ’ਤੇ ਬੈਠੇ ਕੁਝ ਮੁੰਡਿਆਂ ’ਤੇ ਪਈ। ਅਲੇਕ-ਸਲੇਕ ਮਗਰੋਂ ਮੈਂ ਉਨ੍ਹਾਂ ਨੂੰ ਪਿੰਡ ਆਉਣ ਦਾ ਮਕਸਦ ਦੱਸਿਆ।
ਇੱਕ ਮੁੰਡਾ ਬੋਲਿਆ, ‘ਪਿੰਡ ਦੇ ਦੱਖਣ ਵਾਲੇ ਪਾਸੇ ਸਿੱਖਾਂ ਦੀਆਂ ਪੁਰਾਣੀਆਂ ਹਵੇਲੀਆਂ ਅੱਜ ਵੀ ਮੌਜੂਦ ਨੇ। ਤੁਸੀਂ ਮੇਰੇ ਪਿੱਛੇ ਆਓ, ਮੈਂ ਤੁਹਾਨੂੰ ਵਿਖਾਉਂਦਾ ਹਾਂ।’
ਉਹ ਸਾਨੂੰ ਹਵੇਲੀਆਂ ਕੋਲ ਲੈ ਗਿਆ। ਜਸ਼ਨ ਆਪਣੇ ਬਜ਼ੁਰਗਾਂ ਦੀਆਂ ਖੰਡਰ ਬਣ ਚੁੱਕੀਆਂ ਹਵੇਲੀਆਂ ਵੇਖ ਕੇ ਹੌਕੇ ਭਰ ਰਿਹਾ ਸੀ। ਮਾਹੌਲ ਅਫ਼ਸੁਰਦਾ ਜਿਹਾ ਹੋ ਗਿਆ। ਸਾਡਾ ਖੜਕਾ ਸੁਣ ਕੇ ਕੁਝ ਪਿੰਡ ਵਾਸੀ ਵੀ ਘਰਾਂ ਵਿਚੋਂ ਬਾਹਰ ਆ ਗਏ। ਉਨ੍ਹਾਂ ਵਿਚੋਂ ਇੱਕ ਅੱਧਖੜ ਉਮਰ ਦਾ ਬੰਦਾ, ਮੁਹੰਮਦ ਸ਼ਰੀਫ਼, ਮੇਰੇ ਕੋਲ ਆਇਆ ਤੇ ਬੜੀ ਆਜਜ਼ੀ ਨਾਲ ਬੋਲਿਆ,
‘ਸਰਦਾਰ ਜੀ, ਸਾਨੂੰ ਸਾਡਾ ਚਾਚਾ ਹੀ ਲੱਭ ਦੇਵੋ।’ ਮੈਂ ਪੁੱਛਿਆ, ‘ਤੁਹਾਡੇ ਚਾਚੇ ਨੂੰ ਕੀ ਹੋਇਆ?’
ਉਹ ਬੋਲਿਆ, ‘ਜਦੋਂ ਵੰਡ ਹੋਈ ਸੀ, ਉਹ ਹਿੰਦੁਸਤਾਨ ਵਿਚ ਰਹਿ ਗਿਆ ਸੀ। ਸਾਨੂੰ ਪਤਾ ਏ ਕਿ ਸਾਡਾ ਚਾਚਾ ਜ਼ਿੰਦਾ ਏ।’
ਮੈਂ ਉਸ ਨੂੰ ਤਸੱਲੀ ਦਿੱਤੀ ਕਿ ਉਸ ਦੀ ਗੱਲ ਰਿਕਾਰਡ ਕਰਕੇ ਸੋਸ਼ਲ ਮੀਡੀਆ ’ਤੇ ਪਾ ਦਿਆਂਗਾ। ਸ਼ਾਇਦ ਕੋਈ ਰਾਹ ਨਿਕਲ ਆਵੇ। ਇਹ ਸੁਣਦਿਆਂ ਹੀ ਉਹ ਰੋਣ ਲੱਗ ਪਿਆ।
ਮੈਂ ਪੁੱਛਿਆ ਕਿ 1947 ਦੇ ਗਵਾਹ ਤੁਹਾਡੇ ਕੋਈ ਬਜ਼ੁਰਗ ਅਜੇ ਜ਼ਿੰਦਾ ਹਨ? ਉਸ ਨੇ ਦੱਸਿਆ ਕਿ ਉਸ ਦਾ ਤਾਇਆ ਅਤੇ ਚਾਚਾ ਦੋਵੇਂ ਹਯਾਤ ਹਨ। ਪਰ ਉਹ ਉਸ ਵੇਲੇ ਸੁੱਤੇ ਹੋਏ ਸਨ। ਮੈਂ ਸ਼ਰੀਫ਼ ਕੋਲੋਂ ਮੁੱਢਲੀ ਜਾਣਕਾਰੀ ਲਈ, ਉਸ ਦਾ ਫੋਨ ਨੰਬਰ ਨੋਟ ਕੀਤਾ ਤੇ ਸ਼ੇਖੂਪੁਰਾ ਵਾਪਸ ਆ ਗਿਆ।
ਨਿਸ਼ਾਨ ਪਧਰੀ ਆ ਕੇ ਕਿਉਂ ਰੁਕ ਜਾਂਦਾ ਸੀ?
ਅਗਲੇ ਦਿਨ ਮੈਂ ਚੜ੍ਹਦੇ ਪੰਜਾਬ ਵਿਚ ਆਪਣੇ ਦੋਸਤਾਂ ਨਾਲ ਸੰਪਰਕ ਕੀਤਾ। ਮੈਨੂੰ ਮਖੂ ਸ਼ਹਿਰ ਦੇ ਨੇੜੇ ਪਿੰਡ ਸਰਹਾਲੀ-ਪਧਰੀ ਦੇ ਨੰਬਰਦਾਰ ਮੰਗਲ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰਨਾ ਸੀ। ਦੋਸਤਾਂ ਨੇ ਆਪਣੇ ਪੱਧਰ ’ਤੇ ਭਾਲ ਸ਼ੁਰੂ ਕੀਤੀ। ਪਤਾ ਲੱਗਿਆ ਕਿ ਸਰਹਾਲੀ ਤੇ ਪਧਰੀ ਜੁੜਵੇਂ ਪਿੰਡ ਹਨ ਅਤੇ ਮੰਗਲ ਸਿੰਘ ਪਧਰੀ ਦਾ ਨੰਬਰਦਾਰ ਸੀ।
ਅਸੀਂ ਚੰਡੀਗੜ੍ਹ ਤੋਂ ਫਿਰੋਜ਼ਪੁਰ ਅਤੇ ਉਥੋਂ ਪਧਰੀ ਤੱਕ ਕਈ ਵਾਰ ਗਏ, ਪਰ ਹਰ ਵਾਰ ਸਾਡਾ ਖੁਰਾ ਪਧਰੀ ਆ ਕੇ ਰੁਕ ਜਾਂਦਾ। ਉਸ ਤੋਂ ਅੱਗੇ ਕੋਈ ਲੜੀ ਨਹੀਂ ਟੁਰਦੀ ਸੀ।
ਮੰਗਲ ਸਿੰਘ ਦੇ ਪੋਤਰੇ ਦਾ ਨੰਬਰ ਵੀ ਮਿਲ ਗਿਆ, ਪਰ ਜਦੋਂ ਮੈਂ ਆਪਣੀ ਗੱਲ ਦੱਸੀ ਤਾਂ ਉਸ ਨੇ ਮੈਨੂੰ ਬਲਾਕ ਕਰ ਦਿੱਤਾ।
ਹੁਣ ਮੇਰੇ ਮਨ ਵਿਚ ਸਵਾਲ ਉੱਠਣ ਲੱਗਾ ‘ਦਾਲ ਵਿਚ ਕੁਝ ਤਾਂ ਕਾਲਾ ਜ਼ਰੂਰ ਹੈ।’
ਇਸ ਭੱਜ-ਦੌੜ ਵਿਚ ਨੌਂ ਮਹੀਨੇ ਲੰਘ ਗਏ, ਪਰ ਨਤੀਜਾ ਕੁਝ ਨਾ ਨਿਕਲਿਆ।
ਆਖਰ ਮੈਂ ਸੋਚਿਆ ਕਿ ਸ਼ਰੀਫ਼ ਦੇ ਬਜ਼ੁਰਗਾਂ ਦਾ ਇੰਟਰਵਿਊ ਕਰਕੇ ਆਪਣੇ ਚੈਨਲ ‘ਸਾਂਝੇ ਵੇਲੇ’ ’ਤੇ ਪਾ ਦਿਆਂ। ਸ਼ਾਇਦ ਵੀਡੀਓ ਵੇਖ ਕੇ ਕੋਈ ਅਜਿਹਾ ਬੰਦਾ ਮਿਲ ਜਾਵੇ ਜੋ ਇਸ ਭੇਤ ਦੀ ਤਹਿ ਤੱਕ ਪਹੁੰਚ ਸਕੇ।
ਮੈਂ ਸ਼ਰੀਫ਼ ਨੂੰ ਫੋਨ ਕੀਤਾ, ਪਰ ਉਸ ਦਾ ਫੋਨ ਬੰਦ ਸੀ। ਮੈਂ ਸਦਾਕਤ ਭੱਟੀ ਨੂੰ ਨਾਲ ਲਿਆ ਅਤੇ ਬਿਨਾਂ ਅਗਾਊਂ ਦੱਸੇ ਨਨਕਾਣਾ ਸਾਹਿਬ ਵੱਲ ਤੁਰ ਪਿਆ।
11 ਜੁਲਾਈ 2023—ਵਿਛੋੜੇ ਦੀ ਕਹਾਣੀ
ਪਿੰਡ ਦੇ ਚਾਰੇ ਪਾਸੇ ਝੋਨਾ ਲੱਗਿਆ ਹੋਇਆ ਸੀ। ਰਾਤ ਦੇ ਮੀਂਹ ਨੇ ਕੱਚੇ ਰਸਤੇ ਨੂੰ ਕੱਦੂ ਬਨਾ ਦਿੱਤਾ ਸੀ ਅਤੇ ਸਾਡੀ ਗੱਡੀ ਵੀ ਫਸ ਗਈ।
ਮੈਂ ਸਦਾਕਤ ਨੂੰ ਕਿਹਾ, ‘ਪਹਿਲਾਂ ਰਿਕਾਰਡਿੰਗ ਕਰ ਲੈਂਦੇ ਹਾਂ। ਬਾਅਦ ਵਿਚ ਟਰੈਕਟਰ ਲਵਾ ਕੇ ਗੱਡੀ ਕੱਢ ਲਵਾਂਗੇ।’
ਥੋੜ੍ਹੀ ਉਡੀਕ ਮਗਰੋਂ ਇੱਕ ਪਿੰਡ ਵਾਲਾ ਸ਼ਰੀਫ਼ ਨੂੰ ਖੇਤਾਂ ਵਿਚੋਂ ਲੱਭ ਲਿਆਇਆ। ਉਸ ਨੇ ਆਪਣੇ ਤਾਏ ਅੱਲ੍ਹਾ ਬਖ਼ਸ਼ ਅਤੇ ਚਾਚੇ ਨਿਆਮਤ ਅਲੀ ਨੂੰ ਸਾਡੇ ਕੋਲ ਬਿਠਾ ਦਿੱਤਾ। ਵੰਡ ਵੇਲੇ ਬਾਬਾ ਅੱਲ੍ਹਾ ਬਖ਼ਸ਼ ਦੀ ਉਮਰ ਕਰੀਬ 15 ਸਾਲ ਅਤੇ ਨਿਆਮਤ ਅਲੀ ਦੀ 7 ਸਾਲ ਸੀ।
ਬਾਬਾ ਅੱਲ੍ਹਾ ਬਖ਼ਸ਼ ਨੇ ਗੱਲ ਸ਼ੁਰੂ ਕੀਤੀ,
‘ਪੁੱਤ, ਹਿਜਰਤ ਦਾ ਦਰਦ ਸਾਡੇ ਤੋਂ ਪੁੱਛ। ਅਸੀਂ ਆਪਣੇ ਟੱਬਰ ਦੇ 28 ਜੀਅ ਵੱਢਵਾ ਕੇ ਪਾਕਿਸਤਾਨ ਪਹੁੰਚੇ ਸੀ।’
ਉਨ੍ਹਾਂ ਦਾ ਪਿੰਡ ਮਖੂ ਦੇ ਨੇੜੇ ਬੁੱਲੋਕੇ ਸੀ। ਪਰਿਵਾਰ ਕੋਲ ਤਿੰਨ ਮੁਰੱਬੇ ਜ਼ਮੀਨ ਸੀ। ਉਨ੍ਹਾਂ ਦਾ ਪਿਤਾ ਚਿਰਾਗਦੀਨ 2 ਪਿੰਡਾਂ ਦਾ ਨੰਬਰਦਾਰ ਸੀ, ਜਦਕਿ ਤਾਇਆ ਉਮਰਦੀਨ ਮਖੂ ਥਾਣੇ ਵਿਚ ਹਵਾਲਦਾਰ ਸੀ। ਪਰਿਵਾਰ ਖਾਂਦਾ-ਪੀਂਦਾ ਅਤੇ ਖੁਸ਼ਹਾਲ ਸੀ।
ਫਿਰ 1947 ਦੀ ਵੰਡ ਆਈ ਅਤੇ ਸਭ ਕੁਝ ਬਦਲ ਗਿਆ।
ਨਾਲ ਦੇ ਪਿੰਡ ਤਲਵੰਡੀ ਨੇਪਾਲਾਂ ਦਾ ਮਹਿਦੀ ਖ਼ਾਨ ਉਨ੍ਹਾਂ ਦੀ ਬਰਾਦਰੀ ਦਾ ਸੀ। ਉਸ ਨੂੰ ਕਾਫ਼ਲੇ ਦਾ ਆਗੂ ਬਣਾਇਆ ਗਿਆ। ਕੁਝ ਦਿਨ ਪਰਿਵਾਰ ਮਖੂ ਵਿਚ ਇਸ ਆਸ ਨਾਲ ਰਿਹਾ ਕਿ ਸ਼ਾਇਦ ਮਿਲਟਰੀ ਆਵੇਗੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਰਹੱਦ ਪਾਰ ਕਰਵਾ ਦੇਵੇਗੀ। ਪਰ ਜਦੋਂ ਕੋਈ ਨਾ ਆਇਆ ਤਾਂ ਉਹ ਆਪ ਹੀ ਤੁਰ ਪਏ।
ਮਖੂ ਤੋਂ ਬਾਹਰ ਨਿਕਲਦੇ ਹੀ ਨਹਿਰ ਕੋਲ ਇੱਕ ਜਥੇ ਨੇ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਲੋਕ ਨਹਿਰ ਵਿਚ ਛਾਲਾਂ ਮਾਰਨ ਲੱਗੇ। ਇਸ ਹਫੜਾ-ਦਫੜੀ ਵਿਚ ਅੱਲ੍ਹਾ ਬਖ਼ਸ਼ ਦੀ ਨਿੱਕੀ ਭੈਣ ਨਹਿਰ ਵਿਚ ਡੁੱਬ ਗਈ। ਨਿਆਮਤ ਵੀ ਗੁੰਮ ਹੋ ਗਿਆ ਅਤੇ ਉਨ੍ਹਾਂ ਨੂੰ ਲੱਗਾ ਕਿ ਉਹ ਵੀ ਡੁੱਬ ਗਿਆ ਹੈ।
ਅੱਲ੍ਹਾ ਬਖ਼ਸ਼ ਆਪਣੇ ਛੋਟੇ ਭਰਾ ਇਕਬਾਲ ਦਾ ਹੱਥ ਫੜੀ ਬੈਠਾ ਸੀ ਅਤੇ ਉਨ੍ਹਾਂ ਦਾ ਪਿਤਾ ਨਿੱਕੇ ਸ਼ਫ਼ੀ ਦਾ ਹੱਥ ਫੜੀ ਬੈਠਾ ਸੀ। ਸ਼ਫ਼ੀ ਉਸ ਵੇਲੇ 9-10 ਸਾਲ ਦਾ ਸੀ।
ਇੱਕ ਹਮਲਾਵਰ ਤਲਵਾਰ ਲੈ ਕੇ ਉਨ੍ਹਾਂ ਦੇ ਪਿਤਾ ਵੱਲ ਆਇਆ ਤੇ ਬੋਲਿਆ,
‘ਬੱਚਾ ਮੇਰੇ ਹਵਾਲੇ ਕਰ ਦੇ।’
ਉਹ ਉਸਨੂੰ ਪਛਾਣਦੇ ਸਨ। ਉਹ ਮੰਗਲ ਸਿੰਘ ਨੰਬਰਦਾਰ ਦਾ ਵੱਡਾ ਪੁੱਤਰ ਸੀ। ਉਸ ਦੇ ਛੋਟਾ ਭਰਾ ਅੱਲ੍ਹਾ ਬਖ਼ਸ਼ ਨਾਲ ਸਕੂਲ ਪੜ੍ਹਦਾ ਸੀ।
ਪਿਤਾ ਨੇ ਸ਼ਫ਼ੀ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਤਲਵਾਰ ਦਾ ਵਾਰ ਕੀਤਾ। ਪਿਤਾ ਬਚਣ ਲਈ ਪਿੱਛੇ ਹਟਿਆ ਅਤੇ ਸ਼ਫ਼ੀ ਦਾ ਹੱਥ ਛੁੱਟ ਗਿਆ।
‘ਉਹ ਹੱਥ ਅਜਿਹਾ ਛੁੱਟਿਆ ਕਿ 76 ਸਾਲਾਂ ਵਿਚ ਫਿਰ ਕਦੇ ਹੱਥ ਨਾ ਆਇਆ।’
ਇਹ ਕਹਿੰਦੇ ਹੋਏ ਬਾਬਾ ਅੱਲ੍ਹਾ ਬਖ਼ਸ਼ ਦੀਆਂ ਅੱਖਾਂ ਭਰ ਆਈਆਂ।
ਕੁਝ ਪਲਾਂ ਬਾਅਦ ਉਹ ਬੋਲੇ, ‘ਇਸ ਹਮਲੇ ਵਿਚ ਜਿਹੜਾ ਜ਼ਿੰਦਾ ਬਚਿਆ, ਉਹ ਵੀ ਲਾਸ਼ ਈ ਸੀ। ਤੂੰ ਹੀ ਦੱਸ, ਬੰਦੇ ਵੱਢ ਕੇ, ਇੱਜ਼ਤਾਂ ਗਵਾ ਕੇ ਫਿਰ ਜ਼ਿੰਦਗੀ ਕੋਈ ਜ਼ਿੰਦਗੀ ਰਹਿੰਦੀ ਏ?’
ਸਰਹੱਦ ਵੱਲ
ਕਾਫ਼ਲਾ ਮੱਲਾਂਵਾਲਾ ਸਟੇਸ਼ਨ ਪਹੁੰਚਿਆ। ਉੱਥੇ ਗੋਰਖਾ ਫੌਜ ਸੀ। ਲੋਕਾਂ ਨੂੰ ਸਰਾਂ ਵਿਚ ਬਿਠਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਗੱਡੀ ਆ ਰਹੀ ਹੈ। ਪਰ ਗੱਡੀ ਨਾ ਆਈ। ਕੁਝ ਦੇਰ ਬਾਅਦ ਜਥਾ ਆ ਗਿਆ ਅਤੇ ਕਤਲ-ਏ-ਆਮ ਸ਼ੁਰੂ ਹੋ ਗਿਆ। ਪਰਿਵਾਰ ਦੇ ਕਈ ਜੀਅ ਉੱਥੇ ਹੀ ਮਾਰੇ ਗਏ, ਜਦਕਿ ਕੁਝ ਨੇ ਦੌੜ ਕੇ ਖੇਤਾਂ ਵਿਚ ਲੁਕ ਕੇ ਆਪਣੀ ਜਾਨ ਬਚਾਈ।
ਅਗਲੇ ਦਿਨ ਮਖੂ ‘ਤੋਂ ਆ ਰਹੀ ਇੱਕ ਗੱਡੀ ਨੂੰ ਸਟੇਸ਼ਨ ਤੋਂ ਪਿੱਛੇ ਹੀ ਰੋਕ ਦਿੱਤਾ ਗਿਆ। ਹਮਲਾਵਰਾਂ ਨੇ ਗੱਡੀ ’ਤੇ ਹਮਲਾ ਕਰ ਦਿੱਤਾ। ਜਿਹੜੇ ਲੋਕ ਲਾਸ਼ਾਂ ਹੇਠ ਲੁਕ ਗਏ ਜਾਂ ਲੈਟਰੀਨ ਵਿਚ ਛੁਪ ਗਏ, ਉਨ੍ਹਾਂ ਵਿਚੋਂ ਕੁਝ ਹੀ ਬਚੇ।
ਨਿੱਕਾ ਨਿਆਮਤ ਵੀ ਉਸੇ ਗੱਡੀ ਵਿਚ ਸੀ। ਉਸ ਨੇ ਲੈਟਰੀਨ ਵਿਚ ਲੁਕ ਕੇ ਜਾਨ ਬਚਾਈ। ਪਰ ਅੱਲ੍ਹਾ ਬਖ਼ਸ਼ ਦੇ ਤਾਏ ਦਾ ਪੁੱਤਰ, ਪੋਤਰਾ ਅਤੇ ਨੂੰਹ ਮਾਰੇ ਗਏ।
ਜਦੋਂ ਗੱਡੀ ਮੱਲਾਂਵਾਲਾ ਸਟੇਸ਼ਨ ’ਤੇ ਰੁਕੀ ਤਾਂ ਪਰਿਵਾਰ ਦੇ ਬਾਕੀ ਲੋਕ ਵੀ ਉਸ ’ਤੇ ਚੜ੍ਹ ਗਏ। ਹਨੇਰੇ ਵਿਚ ਪੈਰਾਂ ਹੇਠ ਕੁਝ ਗਿੱਲਾ ਮਹਿਸੂਸ ਹੋਇਆ। ਹੱਥ ਲਾ ਕੇ ਵੇਖਿਆ ਤਾਂ ਉਹ ਜੰਮਿਆ ਹੋਇਆ ਖ਼ੂਨ ਸੀ।
ਇਹ ਮੰਜ਼ਰ ਇੰਨਾ ਡਰਾਉਣਾ ਤੇ ਦਿਲ ਦਹਿਲਾ ਦੇਣ ਵਾਲਾ ਸੀ ਕਿ ਉਹ ਡਰ ਦੇ ਮਾਰੇ ਗੱਡੀ ਤੋਂ ਹੇਠਾਂ ਉਤਰ ਆਏ, ਅਤੇ ਪੈਦਲ ਗੰਡਾ ਸਿੰਘ ਬਾਰਡਰ ਵੱਲ ਤੁਰ ਪਏ।
ਸਤਲੁਜ ਦੇ ਕੰਢੇ ਇੱਕ ਵਾਰ ਫਿਰ ਹਮਲਾ ਹੋਇਆ। ਅਚਾਨਕ ਤੇਜ਼ ਹਨੇਰੀ ਨਾਲ ਮੀਂਹ ਸ਼ੁਰੂ ਹੋ ਗਿਆ। ਹਮਲਾਵਰ ਆਪਣਾ ਕੰਮ ਅਧੂਰਾ ਛੱਡ ਕੇ ਚਲੇ ਗਏ। ਮੀਂਹ ਰੁਕਿਆ ਤਾਂ ਚਾਰੇ ਪਾਸੇ ਲਾਸ਼ਾਂ ਖਿੱਲਰੀਆਂ ਪਈਆਂ ਸਨ। ਕੋਈ ਜ਼ਖ਼ਮੀ ਦਰਦ ਨਾਲ ਕੁਰਲਾ ਰਿਹਾ ਸੀ।
ਲਾਸ਼ਾਂ ਵਿਚ ਉਨ੍ਹਾਂ ਦਾ ਤਾਇਆ ਵੀ ਮਰਿਆ ਸਮਝਿਆ ਗਿਆ, ਪਰ ਉਹ ਛੇ ਮਹੀਨੇ ਹਸਪਤਾਲ ਵਿਚ ਰਹਿਣ ਮਗਰੋਂ ਮੁੜ ਪਰਿਵਾਰ ਕੋਲ ਆ ਗਿਆ। ਉਸ ਦੀ ਬਾਂਹ ਵੱਢੀ ਗਈ ਸੀ। ਜ਼ਖ਼ਮੀਆਂ ਨੂੰ ਨਾਲ ਲੈ ਕੇ ਉਹ ਦਰਿਆ ਪਾਰ ਕਰਕੇ ਗੰਡਾ ਸਿੰਘ ਥਾਣੇ ਪਹੁੰਚੇ।
ਥਾਣੇਦਾਰ ਨੇ ਉਨ੍ਹਾਂ ਨੂੰ ਆਟਾ ਦਿੱਤਾ। ਅੱਠ ਦਿਨਾਂ ਤੋਂ ਭੁੱਖੇ ਲੋਕਾਂ ਕੋਲ ਨਾ ਭਾਂਡਾ ਸੀ ਨਾ ਚੁੱਲ੍ਹਾ। ਇੱਕ ਖਾਲੀ ਡਰੰਮ ਵਿਚ ਅੱਗ ਬਾਲ ਕੇ ਰੋਟੀਆਂ ਪਕਾਈਆਂ ਗਈਆਂ। ਡਰੰਮ ਟਾਰ ਵਾਲਾ ਸੀ। ਟਾਰ ਪਿਘਲ ਕੇ ਰੋਟੀਆਂ ਨੂੰ ਚੰਬੜ ਗਿਆ۔ ਜਿਨ੍ਹਾਂ ਨੇ ਓਹ ਰੋਟੀਆਂ ਖਾ ਲਈਆਂ, ਉਨ੍ਹਾਂ ਵਿਚੋਂ ਕਈਆਂ ਨੂੰ ਉਲਟੀਆਂ ਤੇ ਦਸਤ ਲੱਗ ਗਏ ਅਤੇ ਕੁਝ ਮੌਤਾਂ ਵੀ ਹੋਈਆਂ।
ਗੰਡਾ ਸਿੰਘ ‘ਤੋਂ ਰੇਲ ਰਾਹੀਂ ਉਹ ਬੋਰੇਵਾਲਾ ਪਹੁੰਚੇ۔ ਕੁਝ ਸਮਾਂ ਉੱਥੇ ਰਹੇ, ਫਿਰ ਮੰਡੀ ਚੂਹੜਕਾਣੇ ਅਤੇ ਆਖਰ ਇੱਕ ਨਵੇਂ ਪਿੰਡ ਵਿਚ ਆ ਵੱਸੇ۔
ਪੱਲੇ ਕੁਝ ਨਹੀਂ ਸੀ۔ ਨਾ ਜ਼ਮੀਨ, ਨਾ ਘਰ। ਨਾ ਜਾਣ-ਪਛਾਣ।
ਰੋਟੀ ਦੀ ਭਾਲ ਵਿਚ ਦਰ-ਦਰ ਫਿਰਦਿਆਂ ਸ਼ਫ਼ੀ ਦੀ ਯਾਦ ਹੌਲੀ-ਹੌਲੀ ਦਿਲ ਦੇ ਕਿਸੇ ਕੋਨੇ ਵਿਚ ਦੱਬਦੀ ਗਈ۔ ਮਾਂ ਉਸਨੂੰ ਯਾਦ ਕਰਕੇ ਰੋਂਦੀ ਰਹੀ۔ ਚਾਰ ਸਾਲ ਮਗਰੋਂ ਉਹ ਵੀ ਇਸੇ ਗ਼ਮ ਵਿਚ ਫੌਤ ਹੋ ਗਈ۔ ਪਿਤਾ 1949 ਵਿਚ ਹੀ ਚਲਾਣਾ ਕਰ ਗਿਆ ਸੀ۔
ਪਹਿਲੀ ਖ਼ਬਰ ‘ਸ਼ਫ਼ੀ ਜ਼ਿੰਦਾ ਹੈ’
ਇੱਕ ਦਿਨ ਮਹਿਦੀ ਖ਼ਾਨ ਨੇ ਸੁਨੇਹਾ ਭੇਜਿਆ ਕਿ ਮੁਹੰਮਦ ਸ਼ਫ਼ੀ ਜ਼ਿੰਦਾ ਹੈ ਅਤੇ ਪਧਰੀ ਪਿੰਡ ਦੇ ਮੰਗਲ ਸਿੰਘ ਨੰਬਰਦਾਰ ਕੋਲ ਹੈ। ਤੈਅ ਤਾਰੀਖ਼ ਨੂੰ ਗੰਡਾ ਸਿੰਘ ਬਾਰਡਰ ’ਤੇ ਪਹੁੰਚੋ, ਉੱਥੇ ਮੰਗਲ ਸਿੰਘ ਸ਼ਫ਼ੀ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ।
ਤਾਇਆ ਉਮਰਦੀਨ ਸਮੇਂ ’ਤੇ ਬਾਰਡਰ ਪਹੁੰਚ ਗਿਆ۔ ਪਰ ਲੋਕਾਂ ਦੇ ਵਟਾਂਦਰੇ ਦੌਰਾਨ ਇੱਕ ਔਰਤ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗੋਲੀ ਚੱਲ ਪਈ۔ ਭਾਜੜ ਪੈ ਗਈ۔ ਮੰਗਲ ਸਿੰਘ ਸ਼ਫ਼ੀ ਨੂੰ ਵਾਪਸ ਲੈ ਗਿਆ।
ਤਾਇਆ ਦੱਸਦਾ ਸੀ ਕਿ ਸ਼ਫ਼ੀ ਵਾਰ-ਵਾਰ ਪਿੱਛੇ ਮੁੜ ਕੇ ਵੇਖ ਰਿਹਾ ਸੀ, ਜਿਵੇਂ ਪੁੱਛ ਰਿਹਾ ਹੋਵੇ:
‘ਸਰਹੱਦਾਂ ਬਣਾਉਣ ਵਾਲਿਓ! ਮੇਰਾ ਕੀ ਕਸੂਰ ਏ?’
ਕੁਝ ਦਿਨ ਮਗਰੋਂ ਮੰਗਲ ਸਿੰਘ ਨੂੰ ਚਿੱਠੀ ਲਿਖੀ۔ ਜਵਾਬ ਮਿਲਿਆ ਕਿ ਸ਼ਫ਼ੀ ਹੈਜ਼ੇ ਨਾਲ ਫੌਤ ਹੋ ਗਿਆ ਹੈ۔
ਪਰ ਕਹਾਣੀ ਇੱਥੇ ਖ਼ਤਮ ਨਹੀਂ ਹੋਈ۔
ਕੁਝ ਸਾਲਾਂ ਬਾਅਦ ਇੱਕ ਹੋਰ ਖ਼ਬਰ ਮਿਲੀ۔ ਖੁਦਪੁਰ (ਲਾਹੌਰ) ਦਾ ਬੁਲੰਦਾ ਗੁੱਜਰ ਸਤਲੁਜ ਪਾਰ ਕਰਕੇ ਮੋਹਨ ਸਿੰਘ ਨਾਮ ਦੇ ਵਿਅਕਤੀ ਕੋਲ ਜਾਂਦਾ ਸੀ۔ ਉੱਥੇ ਉਸ ਨੇ ਇੱਕ ਮੁੰਡਾ ਵੇਖਿਆ, ਜਿਸ ਨੇ ਆਪਣਾ ਨਾਮ ਸ਼ਫ਼ੀ ਦੱਸਿਆ ਅਤੇ ਆਪਣੀ ਮੁਸਲਮਾਨ ਪਰਿਵਾਰ ਨਾਲ ਸਬੰਧਤ ਹੋਣ ਦੀ ਗੱਲ ਕੀਤੀ۔
ਬੁਲੰਦੇ ਗੁੱਜਰ ਨੇ ਵਾਪਸ ਆ ਕੇ ਇਹ ਖ਼ਬਰ ਮਹਿਦੀ ਖ਼ਾਨ ਤੱਕ ਪਹੁੰਚਾਈ۔ ਮਹਿਦੀ ਖ਼ਾਨ ਨੇ ਪਰਿਵਾਰ ਨੂੰ ਦੱਸਿਆ۔ ਤਾਇਆ ਪਰਮਿਟ ਲੈ ਕੇ ਕਈ ਵਾਰ ਸ਼ਫ਼ੀ ਨੂੰ ਲੱਭਣ ਗਿਆ, ਪਰ ਉਹ ਨਾ ਮਿਲਿਆ۔
ਫਿਰ ਦੋਹਾਂ ਮੁਲਕਾਂ ਦੇ ਹਾਲਾਤ ਬਦਲ ਗਏ۔ ਵੱਡੇ ਬਜ਼ੁਰਗ ਦੁਨੀਆ ‘ਤੋਂ ਚਲੇ ਗਏ ਅਤੇ ਜ਼ਿੰਦਗੀ ਆਪਣੀਆਂ ਮੁਸ਼ਕਲਾਂ ਵਿਚ ਰੁੱਝ ਗਈ, ਪਰ ਸ਼ਫ਼ੀ ਦੀ ਉਡੀਕ ਮੁੱਕੀ ਨਹੀਂ ਸੀ۔
‘ਜਿਸ ਭਰਾ ਦੀ 77 ਸਾਲਾਂ ਤੋਂ ਉਡੀਕ ਹੈ, ਉਹ ਜ਼ਿੰਦਾ ਹੈ’
ਜਦੋਂ ਮੈਂ ਬਾਬਾ ਅੱਲ੍ਹਾ ਬਖ਼ਸ਼ ਦਾ ਇੰਟਰਵਿਊ ਆਪਣੇ ਚੈਨਲ ‘ਸਾਂਝੇ ਵੇਲੇ’ ’ਤੇ ਅਪਲੋਡ ਕੀਤਾ ਤਾਂ ਕਈ ਲੋਕਾਂ ਨੇ ਸੰਪਰਕ ਕੀਤਾ। ਪਰ ਹਰ ਵਾਰ ਭਾਲ ਪਧਰੀ ਤੱਕ ਆ ਕੇ ਰੁਕ ਜਾਂਦੀ।
ਕਿਸੇ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ, ਕਿਸੇ ਨੇ ਬਲਾਕ ਕਰ ਦਿੱਤਾ, ਕੁਝ ਲੋਕਾਂ ਨੇ ਕਿਹਾ ਕਿ ਉਹ ਬੰਦਾ ਬੱਕਰੀਆਂ ਚੁਰਾਉਂਦਾ ਸੀ ਅਤੇ 1985-86 ਵਿਚ ਫੌਤ ਹੋ ਗਿਆ ਸੀ।
ਪੁਲਿਸ ਤੱਕ ਵੀ ਗੱਲ ਪਹੁੰਚੀ। ਐਸ.ਐਚ.ਓ. ਖੁਦ ਪਧਰੀ ਗਿਆ, ਪਰ ਕੋਈ ਪੱਕਾ ਸੁਰਾਗ ਨਾ ਮਿਲਿਆ। ਇੱਕ ਹੋਰ ਸਾਲ ਲੰਘ ਗਿਆ۔
ਫਿਰ ਆਈ 11 ਸਤੰਬਰ 2024 ਦੀ ਸਵੇਰ।
ਜਦੋਂ ਮੈਂ ਉੱਠਿਆ ਤਾਂ ਵਟਸਐਪ ’ਤੇ ਦੋ ਮਿਸਡ ਕਾਲਾਂ ਅਤੇ ਅੱਠ ਮੈਸਿਜ ਸਨ।
‘ਅੱਬਾਸ ਵੀਰ, ਮੈਂ ਨੋਨਿਕਾ ਦੱਤਾ ਬੋਲ ਰਹੀ ਆਂ। ਬਹੁਤ ਜ਼ਰੂਰੀ ਗੱਲ ਏ। ਮੇਰੇ ਨਾਲ ਛੇਤੀ ਗੱਲ ਕਰੋ।’
ਮੈਂ ਤੁਰੰਤ ਫੋਨ ਕੀਤਾ, ਉਨ੍ਹਾਂ ਦੀ ਪਹਿਲੀ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ।
‘ਤੁਸੀਂ ਆਪਣੇ ਚੈਨਲ ’ਤੇ ਬਾਬਾ ਅੱਲ੍ਹਾ ਬਖ਼ਸ਼ ਦਾ ਇੰਟਰਵਿਊ ਕੀਤਾ ਸੀ ‘ਵੀਰ ਦੀ ਉਡੀਕ’। ਜਿਸ ਭਰਾ ਦੀ ਉਹ 77 ਸਾਲਾਂ ਤੋਂ ਉਡੀਕ ਕਰ ਰਹੇ ਹਨ, ਉਹ ਭਰਾ ਜ਼ਿੰਦਾ ਹੈ। ਮੈਂ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਮਿਲ ਚੁੱਕੀ ਹਾਂ।’ ਕੁਝ ਪਲਾਂ ਲਈ ਮੈਂ ਬੋਲ ਹੀ ਨਾ ਸਕਿਆ।
ਪ੍ਰੋ. ਨੋਨਿਕਾ ਦੱਤਾ ਕੈਂਬਰਿਜ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਪੀ.ਐਚ.ਡੀ. ਹਨ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ ਇਤਿਹਾਸ ਦੇ ਪ੍ਰੋਫੈਸਰ ਹਨ। ਉਹ 1947 ਦੀ ਵੰਡ ਅਤੇ ਉਸ ਨਾਲ ਜੁੜੀ ਤਬਾਹੀ ’ਤੇ ਕੰਮ ਕਰ ਰਹੇ ਹਨ۔ ਉਨ੍ਹਾਂ ਦੇ ਆਪਣੇ ਬਜ਼ੁਰਗ ਵੀ 1947 ਵਿਚ ਸ਼ਕਰਗੜ੍ਹ ਤੋਂ ਅੰਮ੍ਰਿਤਸਰ ਆ ਕੇ ਵੱਸੇ ਸਨ।
ਉਨ੍ਹਾਂ ਦੱਸਿਆ ਕਿ ਗੂਗਲ ’ਤੇ ਮੁਹੰਮਦ ਸ਼ਫ਼ੀ ਦਾ ਦੱਸਿਆ ਪਿੰਡ ਬੁੱਲੋਕੇ ਲੱਭਦਿਆਂ ਉਨ੍ਹਾਂ ਨੂੰ ਮੇਰਾ ਇੰਟਰਵਿਊ ਮਿਲਿਆ। ਜਦੋਂ ਉਨ੍ਹਾਂ ਨੇ ਵੀਡੀਓ ਵੇਖੀ ਤਾਂ ਬਾਬਾ ਅੱਲ੍ਹਾ ਬਖ਼ਸ਼ ਦੀਆਂ ਗੱਲਾਂ ਉਹੀ ਸਨ, ਜੋ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਇੱਕ ਹੋਰ ਬਜ਼ੁਰਗ ਨੇ ਦੱਸੀਆਂ ਸਨ।
ਉਹ ਬਜ਼ੁਰਗ ਹੁਣ ਮਹਿੰਦਰ ਸਿੰਘ ਗਿੱਲ ਦੇ ਨਾਮ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿਚ ਰਹਿੰਦਾ ਸੀ।
ਯਾਨੀ ਮੁਹੰਮਦ ਸ਼ਫ਼ੀ ‘ਮਹਿੰਦਰ ਸਿੰਘ ਗਿੱਲ’ ਬਣ ਚੁੱਕਾ ਸੀ।
ਮੁਹੰਮਦ ਸ਼ਫ਼ੀ ਦੀਆਂ ਯਾਦਾਂ
ਅਗਲੇ ਦਿਨ ਨੋਨਿਕਾ ਦੱਤਾ ਬੰਡਾਲਾ ਪਹੁੰਚ ਗਈ। ਉਨ੍ਹਾਂ ਨੇ ਮਹਿੰਦਰ ਸਿੰਘ ਦੇ ਪੁੱਤਰ ਬੂਟਾ ਸਿੰਘ ਨੂੰ ਸਾਰੀ ਗੱਲ ਦੱਸੀ। ‘ਤੁਹਾਡੇ ਬਾਪੂ ਦਾ ਅਸਲ ਖਾਨਦਾਨ ਮਿਲ ਗਿਆ ਏ। ਉਨ੍ਹਾਂ ਦੇ ਸੱਕੇ ਭਰਾ ਜ਼ਿੰਦਾ ਨੇ ਅਤੇ ਉਹ ਤੁਹਾਡੇ ਬਾਪੂ ਨਾਲ ਗੱਲ ਕਰਨਾ ਚਾਹੁੰਦੇ ਹਨ।’ ਬੂਟਾ ਸਿੰਘ ਨੇ ਖੁੱਲ੍ਹੇ ਦਿਲ ਨਾਲ ਇਜਾਜ਼ਤ ਦੇ ਦਿੱਤੀ।
ਮੈਨੂੰ ਫੋਨ ’ਤੇ ਮਹਿੰਦਰ ਸਿੰਘ ਨਾਲ ਮਿਲਾਇਆ ਗਿਆ। ਬਾਬਾ ਜੀ ਬਹੁਤ ਕਮਜ਼ੋਰ ਹੋ ਚੁੱਕੇ ਸਨ। ਅੱਖਾਂ ਦੀ ਰੌਸ਼ਨੀ ਘੱਟ ਸੀ ਅਤੇ ਆਵਾਜ਼ ਵੀ ਬਹੁਤ ਹੌਲੀ ਸੀ।
ਮੈਂ ਕਿਹਾ, ‘ਬਾਬਾ ਜੀ, ਤੁਹਾਡੇ ਭਰਾ ਪਾਕਿਸਤਾਨ ਵਿਚ ਜ਼ਿੰਦਾ ਨੇ। ਉਨ੍ਹਾਂ ਨਾਲ ਗੱਲ ਕਰਵਾਵਾਂ?’
ਅਚਾਨਕ ਉਨ੍ਹਾਂ ਅੱਖਾਂ ਖੋਲ੍ਹੀਆਂ। ‘ਨਿਆਮਤ ਤੇ ਇਕਬਾਲ ਨਾਲ?’
‘ਇਕਬਾਲ ਨਾਲ ਤਾਂ ਨਹੀਂ, ਪਰ ਅੱਲ੍ਹਾ ਬਖ਼ਸ਼ ਤੇ ਨਿਆਮਤ ਨਾਲ ਗੱਲ ਹੋ ਜਾਏਗੀ।’
ਉਹ ਬੋਲੇ, ‘ਅੱਛਾ! ਅੱਲ੍ਹਾ ਬਖ਼ਸ਼! ਓਹ ਮੇਰਾ ਵੱਡਾ ਭਰਾ ਸੀ। ਸਕੂਲ ਵੀ ਜਾਂਦਾ ਸੀ। ਨਿਆਮਤ ਤੇ ਮੈਂ ਖੂਹ ਕੋਲ ਖੇਡਦੇ ਸੀ।’
ਮੈਂ ਪੁੱਛਿਆ, ‘ਬਾਬਾ ਜੀ, ਤੁਹਾਡੀ ਮਾਂ ਤੁਹਾਨੂੰ ਲਾਡ ਨਾਲ ਕੀ ਕਹਿੰਦੀ ਸੀ?’
ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, ‘ਉਹ ਕਹਿੰਦੀ ਸੀ، ‘ਸ਼ਫ਼ਿਆ, ਆ ਕੇ ਰੋਟੀ ਖਾ ਲੈ, ਮੇਰਾ ਪੁੱਤ ਦੁੱਧ ਪੀ ਲੈ।’
ਫਿਰ ਉਨ੍ਹਾਂ ਨੇ ਮਾਂ ਦਾ ਨਾਮ ਫਾਤਿਮਾ ਦੱਸਿਆ। ਨਾਨਕਾ ਪਿੰਡ ਕਾਮਿਲਵਾਲਾ ਦਾ ਜ਼ਿਕਰ ਕੀਤਾ, ਤਾਇਆ ਉਮਰਦੀਨ, ਭਰਾ ਅੱਲ੍ਹਾ ਬਖ਼ਸ਼ ਅਤੇ ਨਿਆਮਤ ਬਾਰੇ ਦੱਸਿਆ। ਮੈਨੂੰ ਲੱਗਾ ਜਿਵੇਂ 77 ਸਾਲਾਂ ਤੋਂ ਬੰਦ ਪਈ ਯਾਦਾਂ ਦੀ ਪੋਟਲੀ ਅੱਜ ਖੁੱਲ੍ਹ ਗਈ ਹੋਵੇ।
ਮੈਂ ਉਨ੍ਹਾਂ ਨੂੰ ਬੋਲਣ ਦਿੱਤਾ۔ ਉਨ੍ਹਾਂ ਨੇ ਦੱਸਿਆ ਕਿ ਲਾਲੂ ਜੱਟ ਉਸਨੂੰ ਚੁੱਕ ਕੇ ਪਧਰੀ ਲੈ ਗਿਆ ਸੀ। ਬਾਅਦ ਵਿਚ ਮੋਹਨ ਸਿੰਘ ਗਿੱਲ ਨੇ ਉਸਨੂੰ ਆਪਣੇ ਕੋਲ ਰੱਖ ਲਿਆ۔ ਕਈ ਸਾਲ ਉਹ ਉਸ ਨਾਲ ਰਿਹਾ۔ ਫਿਰ ਮੋਹਨ ਸਿੰਘ ਨੇ ਉਸਨੂੰ ਆਪਣੇ ਭਰਾ ਸੋਹਨ ਸਿੰਘ ਕੋਲ ਦੇ ਦਿੱਤਾ, ਜਿਸ ਨੇ ਉਸਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਬੰਡਾਲਾ ਲੈ ਆਇਆ۔ ਉੱਥੇ ਉਸਨੇ ਸੋਹਨ ਸਿੰਘ ਅਤੇ ਮਾਤਾ ਹਰਬੰਸ ਕੌਰ ਦੀ ਸੇਵਾ ਕੀਤੀ۔
ਪਰ ਬੁੱਲੋਕੇ ਉਸਦੇ ਦਿਲ ਵਿਚੋਂ ਕਦੇ ਨਹੀਂ ਨਿਕਲਿਆ۔
ਮੈਂ ਪੁੱਛਿਆ,
‘ਬਾਬਾ ਜੀ, ਉੱਥੇ ਤਾਂ ਹੁਣ ਕੋਈ ਨਹੀਂ ਸੀ۔ ਫਿਰ ਤੁਸੀਂ ਬੁੱਲੋਕੇ ਕਿਉਂ ਜਾਂਦੇ ਸੀ?’
ਉਹ ਬੋਲੇ, ‘ਉੱਥੇ ਸਾਡੇ ਦੋ ਖੂਹ ਸਨ। ਉਹ ਮੇਰੇ ਬਾਪ ਦੇ ਖੂਹ ਸਨ। ਮੇਰਾ ਬਾਪ ਵੀ ਉੱਥੇ ਬੈਠਦਾ ਸੀ। ਮੈਨੂੰ ਵੀ ਉੱਥੇ ਜਾ ਕੇ ਬੈਠਣਾ ਚੰਗਾ ਲੱਗਦਾ ਸੀ। ਉੱਥੇ ਰੋ ਕੇ ਮਨ ਦਾ ਭਾਰ ਹੌਲਾ ਹੋ ਜਾਂਦਾ ਸੀ।’ ‘ਉੱਥੇ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਵੀ ਸਨ।’ ਇਹ ਕਹਿੰਦਿਆਂ ਉਨ੍ਹਾਂ ਦਾ ਗੱਚ ਭਰ ਆਇਆ।
ਮੈਂ ਪੁੱਛਿਆ,
‘ਇੱਥੋਂ ਬਾਰਡਰ ਕਿੰਨਾ ਦੂਰ ਏ?’
‘ਢਾਈ ਮੀਲ।’
‘ਕਦੇ ਦਿਲ ਨਹੀਂ ਕੀਤਾ ਕਿ ਪਾਰ ਚਲਾ ਜਾਵਾਂ ਤੇ ਆਪਣੇ ਭਰਾਵਾਂ ਨੂੰ ਮਿਲਾਂ?’ ‘ਪਾਰ ਤਾਂ ਚਲਾ ਜਾਂਦਾ, ਪਰ ਫਿਰ ਜਾਂਦਾ ਕਿੱਥੇ? ਮੈਨੂੰ ਤਾਂ ਕੋਈ ਖ਼ਬਰ ਹੀ ਨਹੀਂ ਸੀ ਕਿ ਉਹ ਕਿੱਥੇ ਨੇ।’
ਮੈਂ ਹੱਸਦਿਆਂ ਕਿਹਾ, ‘ਹੁਣ ਤਾਂ ਪਤਾ ਲੱਗ ਗਿਆ ਏ۔ ਹੁਣ ਤਾਰ ਦੇ ਹੇਠੋਂ ਖਿਸਕ ਕੇ ਆ ਜਾਓ।’ ਉਹ ਵੀ ਹੱਸ ਪਏ। ‘ਪੁੱਤਰਾ, ਹੁਣ ਵਜੂਦ ਵਿਚ ਉਹ ਤਾਕਤ ਹੀ ਨਹੀਂ ਰਹੀ।’
77 ਸਾਲਾਂ ਬਾਅਦ ਆਹਮੋ-ਸਾਹਮਣੇ
ਮੈਂ ਕਿਹਾ, ‘ਬਾਬਾ ਜੀ, ਇੱਕ ਵਾਰ ਵੀਜ਼ਾ ਲੈ ਕੇ ਪਾਕਿਸਤਾਨ ਆਓ, ਤੁਹਾਡਾ ਖਾਨਦਾਨ ਇੰਨਾ ਵੱਡਾ ਹੈ ਕਿ ਤੁਹਾਡੇ ਪੈਰ ਭੁੰਜੇ ਨਹੀਂ ਲੱਗਣ ਦੇਵੇਗਾ।’ ਉਹ ਸੁਣ ਕੇ ਬਹੁਤ ਖ਼ੁਸ਼ ਹੋਏ।
ਫਿਰ ਅਸੀਂ ਕੋਟ ਸ਼ਮਸ਼ੇਰ ਸਿੰਘ ਨਾਲ ਵੀਡੀਓ ਕਾਲ ਮਿਲਾ ਦਿੱਤੀ। ਸਦਾਕਤ ਭੱਟੀ ਪਹਿਲਾਂ ਹੀ ਉੱਥੇ ਪਹੁੰਚ ਚੁੱਕਾ ਸੀ। ਬਾਬਾ ਨਿਆਮਤ ਅਲੀ ਬਹੁਤ ਬਿਮਾਰ ਸਨ। ਪਰ ਜਦੋਂ ਸਕਰੀਨ ’ਤੇ ਮਹਿੰਦਰ ਸਿੰਘ ਨੂੰ ਵੇਖਿਆ ਤਾਂ ਉਨ੍ਹਾਂ ਦੀ ਆਵਾਜ਼ ਵਿਚ ਅਚਾਨਕ ਜਾਨ ਆ ਗਈ। ‘ਓ ਸ਼ਫ਼ੀ! ਓ ਸ਼ਫ਼ੀ! ਤੂੰ ਕਿੱਥੇ ਰਹਿ ਗਿਆ ਸੀ?’
ਬਾਬਾ ਅੱਲ੍ਹਾ ਬਖ਼ਸ਼ ਨੂੰ ਕਿਹਾ ਗਿਆ ਕਿ ਭਰਾ ਨਾਲ ਗੱਲ ਕਰੋ। ਉਹ ਬੋਲੇ,
‘ਕਿਵੇਂ ਵੇਖਾਂ? ਹੁਣ ਤਾਂ ਨਜ਼ਰ ਘੱਟ ਹੋ ਗਈ ਏ।’ ਨਿਆਮਤ ਅਲੀ ਉੱਚੀ ਆਵਾਜ਼ ਵਿਚ ਬੋਲੇ, ‘ਓ ਸ਼ਫ਼ੀ ਮੁਹੰਮਦਾ, ਸੁਣ! ਓ ਸ਼ਫ਼ੀ ਭਰਾਵਾ, ਸਾਡੀ ਬਰਾਤ ਇਧਰ ਲਿਖੀ ਸੀ ਤੇ ਤੇਰੀ ਬਰਾਤ ਵਿਚ ਉਧਰ ਨਿਖੜਨਾ ਸੀ। ਮਾਂ-ਪਿਓ ਤੈਨੂੰ ਰੋਂਦੇ ਮਰ ਗਏ। ਚਲੋ, ਸ਼ੁਕਰ ਏ ਰੱਬ ਦਾ, ਜਿਸ ਹਾਲ ਵਿਚ ਰੱਖੇ।’
ਦੋਹਾਂ ਪਾਸੇ ਬੈਠੇ ਬੱਚੇ ਜਵਾਨ ਅਤੇ ਬਜ਼ੁਰਗ ਰੋ ਰਹੇ ਸਨ। ਫਿਰ ਬਾਬਾ ਅੱਲ੍ਹਾ ਬਖ਼ਸ਼ ਨੇ ਮੀਆਂ ਮੁਹੰਮਦ ਬਖ਼ਸ਼ ਦਾ ਕਲਾਮ ਪੜ੍ਹਿਆ:
‘ਸਦਾ ਨਾ ਬਾਗ਼ੇ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ।
ਸਦਾ ਨਾ ਮਾਪੇ ਹੁਸਨ ਜਵਾਨੀ,
ਸਦਾ ਨਾ ਸੋਹਬਤ ਯਾਰਾਂ।’
ਕਲਾਮ ਮੁਕਾ ਕੇ ਉਹ ਬੋਲੇ,
‘ਮੇਰਾ ਭਰਾ ਵੀ ਸੁਣਦਾ ਹੋਵੇਗਾ ਤੇ ਸੁਣ ਕੇ ਖੁਸ਼ ਹੁੰਦਾ ਹੋਵੇਗਾ।’ ਉਧਰ ਮਹਿੰਦਰ ਸਿੰਘ ਦਾ ਪੁੱਤਰ ਬੂਟਾ ਸਿੰਘ ਆਪਣੇ ਤਾਏ-ਚਾਚੇ ਦੇ ਨਾਮ ਲੈ-ਲੈ ਕੇ ਪੁੱਛ ਰਿਹਾ ਸੀ, ‘ਫਲਾਣੇ ਦੇ ਪੁੱਤਰ ਨਾਲ ਮੇਰੀ ਗੱਲ ਕਰਵਾਓ।’
ਇਹ ਸਿਰਫ਼ ਦੋ ਭਰਾਵਾਂ ਦੀ ਮੁਲਾਕਾਤ ਨਹੀਂ ਸੀ। ਇਹ 77 ਸਾਲ ਪਹਿਲਾਂ ਟੁੱਟੇ ਇੱਕ ਪਰਿਵਾਰ ਦਾ ਮੁੜ ਜੁੜਨਾ ਸੀ।
127 ਕਿਲੋਮੀਟਰ ਦਾ ਸਫ਼ਰ, 77 ਸਾਲਾਂ ਦੀ ਮੰਜ਼ਿਲ
ਬਾਬਾ ਮਹਿੰਦਰ ਸਿੰਘ ਦਾ ਪਾਸਪੋਰਟ ਅਪਲਾਈ ਕਰਵਾ ਦਿੱਤਾ ਗਿਆ ਹੈ। ਉਮੀਦ ਹੈ ਕਿ ਉਹ ਪਾਕਿਸਤਾਨ ਆ ਕੇ ਆਪਣੇ ਪੂਰੇ ਖਾਨਦਾਨ ਨੂੰ ਮਿਲ ਸਕਣਗੇ। ਆਪਣੇ ਭਰਾਵਾਂ ਕੋਲ ਬੈਠ ਕੇ ਦੁੱਖ-ਸੁੱਖ ਫੋਲ ਸਕਣਗੇ ਅਤੇ 77 ਸਾਲਾਂ ਦੇ ਵਿਛੋੜੇ ਨੂੰ ਇੱਕ ਗਲਵੱਕੜੀ ਨਾਲ ਮੁਕਾ ਸਕਣਗੇ।
ਬਟਵਾਰੇ ਤਾਂ ਭਰਾਵਾਂ ਵਿਚ ਵੀ ਹੋ ਜਾਂਦੇ ਹਨ, ਪਰ ਕੀ ਉਹ ਅਜਿਹੀ ਕੰਧ ਉਸਾਰ ਦਿੰਦੇ ਹਨ ਜਿਸ ਤੋਂ ਕੋਈ ਆਰ-ਪਾਰ ਨਾ ਹੋ ਸਕੇ।
ਪਿੰਡ ਬੰਡਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਕੋਟ ਸ਼ਮਸ਼ੇਰ ਸਿੰਘ, ਨਨਕਾਣਾ ਸਾਹਿਬ, ਕਰੀਬ 127 ਕਿਲੋਮੀਟਰ ਦੂਰ ਹੈ। ਇਹ ਪੈਂਡਾ ਪੈਦਲ ਵੀ ਸ਼ਾਇਦ ਇੱਕ ਦਿਨ ਵਿਚ ਮੁੱਕ ਸਕਦਾ ਹੈ, ਪਰ ਸ਼ਫ਼ੀ ਨੇ ਜਦੋਂ ਇਹ ਸਫ਼ਰ ਸ਼ੁਰੂ ਕੀਤਾ ਸੀ ਤਾਂ ਮੰਜ਼ਿਲ ਤੱਕ ਪਹੁੰਚਦਿਆਂ-ਪਹੁੰਚਦਿਆਂ ਉਹ ਮਹਿੰਦਰ ਸਿੰਘ ਬਣ ਗਿਆ। ਉਸਨੂੰ ਇਹ ਸਫ਼ਰ ਮੁਕਾਉਣ ਲਈ 77 ਸਾਲ ਹੰਢਾਉਣੇ ਪਏ।
ਉਸਦਾ ਬਚਪਨ ਸਰਹੱਦ ਨੇ ਖੋਹ ਲਿਆ, ਜਵਾਨੀ ਵਿਛੋੜੇ ਨੇ ਅਤੇ ਬੁਢਾਪਾ ਉਸ ਪਿੰਡ ਦੀ ਯਾਦ ਨੇ ਜਿੱਥੇ ਉਸਦੇ ਪਿਤਾ ਦੇ ਦੋ ਖੂਹ ਸਨ।
ਉਸਦਾ ਨਾਮ ਬਦਲ ਗਿਆ, ਧਰਮ ਬਦਲ ਗਿਆ, ਘਰ ਬਦਲ ਗਿਆ, ਸਰਨਾਵਾਂ ਬਦਲ ਗਿਆ, ਪਰ ਬਚਪਨ ਦੀ ਇੱਕ ਆਵਾਜ਼ ਉਸਦੇ ਅੰਦਰ ਕਦੇ ਨਹੀਂ ਮਰੀ: ‘ਸ਼ਫ਼ਿਆ, ਆ ਕੇ ਰੋਟੀ ਖਾ ਲੈ, ਮੇਰਾ ਪੁੱਤ ਦੁੱਧ ਪੀ ਲੈ।’
ਅਜਿਹੇ ਸਫ਼ਰ ਪੰਜਾਬ ਨੇ ਹਜ਼ਾਰਾਂ ਵੇਖੇ ਹਨ। ਬਹੁਤ ਸਾਰੇ ਸ਼ਫ਼ੀ ਆਪਣੇ ਵਿਛੜਿਆਂ ਨੂੰ ਮਿਲਣ ਦੀ ਆਸ ਲੈ ਕੇ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਦਾ ਲਈ ਮੰਜ਼ਿਲ ਸੁਧਾਰ ਗਏ।
ਸ਼ਫ਼ੀ ਖੁਸ਼ਕਿਸਮਤ ਸੀ ਕਿ 77 ਸਾਲਾਂ ਬਾਅਦ ਉਸਨੂੰ ਆਪਣੇ ਭਰਾ ਦੀ ਆਵਾਜ਼ ਮੁੜ ਸੁਣਨ ਨੂੰ ਮਿਲੀ।
‘ਦੁੱਖਾਂ ਦੀ ਰੋਟੀ, ਸੂਲਾਂ ਦਾ ਸਾਲਣ, ਆਹੀਂ ਦਾ ਬਾਲ ਨੀ
ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ।’