ਮਲਵਿੰਦਰ
ਸਾਡਾ ਮੁੰਡਾ ਸਵੇਰੇ ਉੱਠਦਿਆਂ ਹੀ ਸਿਰ ਸੁੱਟ ਕੇ ਲੈਪਟੌਪ ਦੇ ਸਿਰਹਾਣੇ ਬਹਿ ਜਾਂਦਾ ਹੈ। ਸੌਫਟਵੇਅਰ ਇੰਜੀਨੀਅਰ ਹੈ। ਪਤਾ ਨਹੀਂ ਸਾਰਾ ਦਿਨ ਕੀ ਗਿਟਮਿਟ ਕਰਦਾ ਹੈ। ਪਰ ਕਿਤਾਬਾਂ ਵੀ ਪੜ੍ਹਦਾ ਰਹਿੰਦਾ ਹੈ। ਅੰਗਰੇਜ਼ੀ ਭਾਸ਼ਾ ਦੀਆਂ ਮੋਟੀਆਂ ਕਿਤਾਬਾਂ। ਇਹ ਗੱਲ ਵੀ ਸ਼ਾਇਦ ਉਸਨੇ ਕਿਸੇ ਕਿਤਾਬ ਵਿਚੋਂ ਪੜ੍ਹ ਕੇ ਹੀ ਮੈਨੂੰ ਦੱਸੀ ਹੋਵੇਗੀ। ਕਹਿੰਦਾ ਇੱਕ ਔਰਤ ਦਾ ਸੋਨੇ ਦੇ ਗਹਿਣਿਆਂ ਦਾ ਸਟੋਰ ਸੀ। ਪਰ ਵਿਕਰੀ ਨਹੀਂ ਸੀ ਹੋ ਰਹੀ।
ਉਸ ਰੇਟ ਘਟਾ ਕੇ ਵੀ ਵੇਖੇ। ਸੇਲ ਦੀਆਂ ਤਖ਼ਤੀਆਂ ਵੀ ਲਟਕਾ ਕੇ ਵੇਖੀਆਂ। ਪਰ ਵਿਕਰੀ ਨਹੀਂ ਸੀ ਹੋ ਰਹੀ। ਉਸ ਸੋਚਿਆ ਕੋਈ ਹੋਰ ਕਾਰੋਬਾਰ ਕਰਕੇ ਵੇਖਦੀ ਹਾਂ। ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਉਸਨੂੰ ਕੁਝ ਦਿਨਾਂ ਲਈ ਸ਼ਹਿਰੋਂ ਬਾਹਰ ਜਾਣਾ ਪੈਣਾ ਸੀ। ਉਸ ਆਪਣੀ ਸਹਾਇਕ ਕੁੜੀ ਨੂੰ ਕਿਹਾ ਕਿ ਤੂੰ ਗਹਿਣੇ ਅੱਧੇ ਮੁੱਲ ‘ਤੇ ਵੇਚ ਦੇਵੀਂ। ਕੁੜੀ ਨੇ ਗਹਿਣਿਆਂ ਦੀ ਕੀਮਤ ਗਲਤੀ ਨਾਲ਼ ਦੁਗਣੀ ਲਿਖ ਦਿੱਤੀ। ਜਦ ਉਹ ਔਰਤ ਵਾਪਸ ਆਈ ਤਾਂ ਉਸ ਵੇਖਿਆ ਕਿ ਗਹਿਣੇ ਵਿਕ ਚੁੱਕੇ ਹਨ। ਸਹਾਇਕ ਕੁੜੀ ਨੇ ਦੱਸਿਆ ਕਿ ਗ਼ਲਤੀ ਨਾਲ ਕੀਮਤ ਦੁਗਣੀ ਕਰਨ ‘ਤੇ ਵਿਕਰੀ ਵੱਧ ਗਈ। ਨਤੀਜਾ ਇਹ ਕੱਢਿਆ ਗਿਆ ਕਿ ਜਦ ਘੱਟ ਕੀਮਤ ‘ਤੇ ਗਹਿਣੇ ਵੇਚ ਰਹੇ ਸਨ ਤਾਂ ਗਾਹਕ ਘੱਟੀਆ ਮਾਲ ਸਮਝ ਨਹੀਂ ਸੀ ਖ਼ਰੀਦ ਰਿਹਾ। ਕੀਮਤ ਵੱਧਣ ਨਾਲ਼ ਉਹ ਗਹਿਣੇ ਵਧੀਆ ਹੋ ਗਏ। ਖ਼ਰੀਦੋ-ਫ਼ਰੋਖਤ ਕਰਦਿਆਂ ਗਾਹਕ ਦੇ ਦਿਮਾਗ ਵਿਚ ਮਹਿੰਗਾ ਭਾਵ ਵਧੀਆ ਦਾ ਫਾਰਮੂਲਾ ਬੈਠਾ ਰਹਿੰਦਾ ਹੈ। ਮੈਨੂੰ ਸੱਠ ਵਰ੍ਹੇ ਪਹਿਲਾਂ ਆਪਣੇ ਬਾਪ ਵੱਲੋਂ ਦੱਸੀ ਗੱਲ ਚੇਤੇ ਆ ਗਈ। ਉਹ ਬੰਬੇ ਸ਼ਹਿਰ (ਹੁਣ ਮੁੰਬਈ) ਵਿਚ ਕੰਮ ਕਰਦੇ ਸਨ। ਇੱਕ ਦਿਨ ਇੱਕ ਰੇਹੜੀ ਕੋਲ਼ ਕੇਲੇ ਖਰੀਦਣ ਲਈ ਰੁਕੇ। ਕੇਲਿਆਂ ਦਾ ਭਾਅ ਉਨ੍ਹਾਂ ਪੁੱਛ ਲਿਆ ਸੀ। ਤਦ ਨੂੰ ਇੱਕ ਕਾਰ ਰੇਹੜੀ ਕੋਲ਼ ਆ ਕੇ ਰੁਕੀ। ਰੇਹੜੀ ਵਾਲ਼ੇ ਨੇ ੳਸ ਨੂੰ ਕੇਲਿਆਂ ਦਾ ਭਾਅ ਦੁਗਣਾ ਦੱਸਿਆ। ਜਦ ਕਾਰ ਵਾਲ਼ਾ ਚਲਾ ਗਿਆ ਤਾਂ ਇਨ੍ਹਾਂ ਪੁਛਿਆ ਕਿ ਸਾਡੇ ਨਾਲ਼ ਤਾਂ ਤੇਰੇ ਵੱਲੋਂ ਦੱਸੇ ਮੁੱਲ ਨਾਲੋਂ ਅੱਧੇ ਮੁੱਲ ‘ਤੇ ਗੱਲ ਹੋਈ ਹੈ। ਰੇਹੜੀ ਵਾਲੇ ਨੇ ਬੜੀ ਨਿਮਰਤਾ ਨਾਲ਼ ਕਿਹਾ ਕਿ ਤੁਹਾਨੂੰ ਉਸੇ ਭਾਅ ਮਿਲਣਗੇ। ਜੇਕਰ ਮੈਂ ਕਾਰ ਵਾਲ਼ੇ ਨੂੰ ਇਹ ਮੁੱਲ ਦੱਸਦਾ ਤਾਂ ਉਸ ਨੇ ਕੇਲੇ ਨਹੀਂ ਖਰੀਦਣੇ ਸਨ। ਅੱਧੀ ਸਦੀ ਦੇ ਆਰ-ਪਾਰ ਫੈਲੀਆਂ ਇਹ ਦੋ ਘਟਨਾਵਾਂ ਸਾਡੇ ਕਲੀਨ ਵਰਗ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ। ਆਪਾਂ ਬੀਤ ਰਹੇ ਸਮਿਆਂ ਦੌਰਾਨ ਇੱਕ ਵਰਗ ਵਿਸ਼ੇਸ਼ ਦੀ ਮਾਨਸਿਕਤਾ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ।
ਮੰਡੀ ਕੋਲ਼ ਖਰੀਦਦਾਰ ਦੀ ਜੇਬ ‘ਚੋਂ ਪੈਸੇ ਕਢਵਾਉਣ ਦੇ ਬਹੁਤ ਸਾਰੇ ਗੁਰ ਮੌਜੂਦ ਹਨ। ਮੰਡੀ ਜਾਣਦੀ ਹੈ ਕਿ ਖਰੀਦਦਾਰ ਨੂੰ ਵਸਤਾਂ ਖਰੀਦਣ ਲਈ ਕਿਵੇਂ ਤਿਆਰ ਕਰਨਾ ਹੈ। ਗਾਹਕ ਅੰਦਰ ਵਿਸ਼ਵਾਸ ਪੈਦਾ ਕਰਨਾ, ਉਸ ਨਾਲ਼ ਇੰਝ ਵਿਵਹਾਰ ਕਰਨਾ ਜਿਵੇਂ ਉਹ ਬਹੁਤ ਮਹੱਤਵਪੂਰਨ ਵਿਅਕਤੀ ਹੋਵੇ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨ ਦਾ ਨਾਟਕ ਕਰਨਾ, ਉਸ ਦੀ ਚੋਣ ਨੂੰ ਸਲਾਹੁਣਾ, ਉਸ ਦੇ ਵਿਹਾਰ ਨੂੰ ਸਮਝਦਿਆਂ ਆਪਣੀ ਨੀਤੀ ਘੜਨੀ ਕੁਝ ਪ੍ਰਭਾਵਸ਼ਾਲੀ ਨੁਕਤੇ ਹਨ, ਜਿਨ੍ਹਾਂ ਦੀ ਵਰਤੋਂ ਕਰਨ ਵਿਚ ਮੰਡੀ ਮਾਹਰ ਹੈ। ਖਰੀਦਦਾਰੀ ਕਰਨ ਦੇ ਸਮਰੱਥ ਵਰਗ ਆਪਣੀਆਂ ਲੋੜਾਂ ਤੋਂ ਬਾਹਰ ਜਾ ਕੇ ਆਪਣੇ ਰੁਤਬੇ ਤੇ ਵਿਖਾਵੇ ਲਈ ਵੀ ਬਹੁਤ ਸਾਰੀ ਖਰੀਦਦਾਰੀ ਕਰਦਾ ਹੈ। ਮੈਨੂੰ ਯਾਦ ਆਉਂਦਾ ਹੈ ਕਿ ਸਾਡੇ ਸ਼ਹਿਰ ਵਿਚ ਹਰ ਸਾਲ ਇੱਕ ਟਰੇਡ-ਫੇਅਰ ਲੱਗਦਾ ਹੈ। ਦਸ ਕੁ ਸਾਲ ਪਹਿਲਾਂ ਉਥੇ ਘੁੰਮਦਿਆਂ ਸਾਡੀ ਸ਼੍ਰੀਮਤੀ ਨੂੰ ਭਾਫ਼ ਨਾਲ਼ ਖਾਣਾ ਪਕਾਉਣ ਵਾਲਾ ਇੱਕ ਉਪਕਰਣ ਪਸੰਦ ਆ ਗਿਆ। ਇਹ ਕੁਝ ਸਹੇਲੀਆਂ ਬੜੇ ਚਾਅ ਨਾਲ ਉਹ ਉਪਕਰਣ ਖਰੀਦ ਕੇ ਘਰ ਲੈ ਆਈਆਂ। ਕੋਈ ਇੱਕ-ਅੱਧ ਵਾਰ ਉਸ ਉਪਰ ਸਬਜੀਆਂ ਪਕਾਈਆਂ ਗਈਆਂ। ਉਹ ਉਪਕਰਣ ਹੁਣ ਸਾਡੇ ਘਰ ਵਿਚ ਕਿੱਥੇ ਤੇ ਕਿਵੇਂ ਪਿਆ ਹੈ, ਮੈਨੂੰ ਨਹੀਂ ਪਤਾ। ਇੰਝ ਦੇ ਹੋਰ ਕਈ ਉਪਕਰਣ ਸਾਡੇ ਘਰਾਂ ਵਿਚ ਪਏ ਹਨ ਜਿੰਨ੍ਹਾਂ ਦੀ ਵਰਤੋਂ ਸਾਲ-ਛਿਮਾਹੀ ਹੁੰਦੀ ਹੈ। ਇਹ ਸਭ ਮੰਡੀ ਦਾ ਚਮਤਕਾਰ ਹੈ। ਜੁੱਤੀਆਂ ਨਾਲ਼ ਭਰੇ ਸ਼ੂ-ਰੈਕ ਤੇ ਕੱਪੜਿਆਂ ਨਾਲ਼ ਤੂਸੀਆਂ ਅਲਮਾਰੀਆਂ ਸੇਲ ਦੀਆਂ ਤਖਤੀਆਂ ਅਤੇ ਮੰਡੀ ਦੀ ਨਵ-ਸਿਰਜਤ ਭਾਸ਼ਾ ਦੇ ਮਨੋਵਿਗਿਆਨਿਕ ਪ੍ਰਭਾਵ ਦਾ ਹੀ ਨਤੀਜਾ ਹੈ।
ਮੰਡੀ ਅਤੇ ਗਾਹਕ ਦੀ ਮਾਨਸਿਕਤਾ ਦਾ ਆਪਸ ਵਿਚ ਗੂੜਾ ਰਿਸ਼ਤਾ ਹੈ। ਮੰਡੀ ਦੀ ਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਹ ਗਾਹਕ ਦੀ ਸੋਚ, ਲੋੜਾਂ ਅਤੇ ਖਰੀਦਦਾਰੀ ਦੇ ਵਿਵਹਾਰ ਨੂੰ ਕਿੰਨੀ ਚੰਗੀ ਤਰ੍ਹਾਂ ਸਮਝਦੀ ਹੈ। ਉਹ ਸੋਚ, ਭਾਵਨਾਵਾਂ ਅਤੇ ਕਾਰਨ, ਜੋ ਗਾਹਕ ਦੁਆਰਾ ਕੋਈ ਚੀਜ਼ ਖਰੀਦਣ ਜਾਂ ਨਾ ਖਰੀਦਣ ਲਈ ਪ੍ਰੇਰਿਤ ਕਰਦੇ ਹਨ, ਖਰੀਦਦਾਰ ਦੀ ਮਾਨਸਿਕਤਾ ਨੂੰ ਨਿਰਧਾਰਤ ਕਰਦੇ ਹਨ। ਬੁਨਿਆਦੀ ਲੋੜਾਂ ਤੋਂ ਬਾਅਦ ਬੰਦਾ ਲਗਜ਼ਰੀ ਚੀਜ਼ਾਂ ਦੀ ਖਰੀਦ ਕਰਦਾ ਹੈ। ਇਸ ਵਿਚ ਉਸਦੀਆਂ ਭਾਵਨਾਵਾਂ ਅਤੇ ਖ਼ੁਸ਼ੀ ਵੀ ਸ਼ਾਮਲ ਹੁੰਦੀ ਹੈ। ਕਿਸੇ ਦੁਕਾਨ ਵਿਸ਼ੇਸ਼ ਜਾਂ ਬ੍ਰਾਂਡ ਵਿਸ਼ੇਸ਼ ਉਪਰ ਭਰੋਸਾ ਵੀ ਖਰੀਦਦਾਰੀ ਦਾ ਸਬੱਬ ਬਣਦੇ ਹਨ। ਭਾਰੀ ਛੋਟ ਅਤੇ ਇੱਕ ਨਾਲ਼ ਇੱਕ ਮੁਫ਼ਤ ਵਰਗੀਆਂ ਤਖ਼ਤੀਆਂ ਵੀ ਗਾਹਕ ਅੰਦਰ ਲਾਲਚ ਪੈਦਾ ਕਰਦੀਆਂ ਹਨ ਅਤੇ ਉਹ ਬਿਨਾ ਲੋੜ ਤੋਂ ਵੀ ਵਸਤਾਂ ਖਰੀਦਦਾ ਹੈ। ਅਜਿਹੇ ਹੋਰ ਬਹੁਤ ਸਾਰੇ ਲਾਲਚ ਹਨ, ਜਿਨ੍ਹਾਂ ਨੂੰ ਮੰਡੀ ਹਥਿਆਰ ਵਾਂਗ ਵਰਤਦੀ ਹੈ। ਆਪਣੇ ਆਂਢ-ਗੁਆਂਢ ਅਤੇ ਦੋਸਤਾਂ, ਜਾਣਕਾਰਾਂ ਦੇ ਦਾਇਰੇ ਵਿਚ ਜਿਹੜੀ ਕੋਈ ਨਵੀਂ ਚੀਜ਼ ਵਰਤੀ ਜਾ ਰਹੀ ਹੈ, ਬੰਦੇ ਦੀ ਮਾਨਸਿਕਤਾ ਵੀ ਉਸ ਵਸਤੂ ਨੂੰ ਖਰੀਦਣ ਦੀ ਬਣ ਜਾਂਦੀ ਹੈ। ਸਮਾਜ ਵਿਚ ਵਿਚਰਦਿਆਂ ਅਜਿਹਾ ਵਾਪਰਨਾ ਸੁਭਾਵਕ ਵੀ ਹੈ। ਖਰੀਦਦਾਰ ਨੂੰ ਕੁਝ ਫੈਸਲੇ ਆਪਣੀ ਸਮਾਜਿਕਤਾ ਨੂੰ ਨਿਭਾਉਂਦਿਆਂ ਵੀ ਲੈਣੇ ਪੈਂਦੇ ਹਨ। ਸਾਡੀ ਸਮਾਜਿਕਤਾ ਸਾਡੇ ਉਪਰ ਸਿੱਧਾ ਅਸਰ ਪਾਉਂਦੀ ਹੈ।
ਡਿਜ਼ੀਟਲ ਯੁੱਗ ਨੇ ਮੰਡੀ ਦੇ ਮੁਹਾਂਦਰਾ ਅਤੇ ਗਾਹਕ ਦੀ ਮਾਨਸਿਕਤਾ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇੰਟਰਨੈੱਟ ‘ਤੇ ਕੀਮਤਾਂ ਦੀ ਤੁਲਨਾ ਕਰਨਾ ਅਤੇ ਕਿਸੇ ਵਸਤੂ ਵਿਸ਼ੇਸ਼ ਨੂੰ ਮਿਲ਼ੇ ਰੀਵਿਊ ਪੜ੍ਹ ਕੇ ਵਸਤ ਖਰੀਦਣ ਦੇ ਰੁਝਾਨ ਵੀ ਮੰਡੀ ਦੇ ਪੱਖ ਵਿਚ ਹੀ ਭੂਮਿਕਾ ਨਿਭਾ ਰਹੀ ਹੈ। ਆਨ-ਲਾਈਨ ਖਰੀਦੋ-ਫਰੋਖਤ ਕਰਨੀ ਹੁਣ ਸਟੇਟਸ ਸਿੰਬਲ ਬਣ ਗਿਆ ਹੈ। ਹਰ ਘਰ ਵਿਚ ਰੋਜ਼ਾਨਾ ਇੱਕ-ਦੋ ਪਾਰਸਲ ਤਾਂ ਆਉਂਦੇ ਹੀ ਹਨ। ਪੈਕਿੰਗ ਦਾ ਖੂਬਸੂਰਤ ਲਿਬਾਸ ਪਹਿਨੀ ਆਉਂਦੀਆਂ ਇਹ ਵਸਤਾਂ ਘਰ ਦੀ ਕਿਸੇ ਲੋੜ ਦੇ ਮੇਚ ਦੀਆਂ ਹੋਣ, ਅਜਿਹਾ ਜ਼ਰੂਰੀ ਨਹੀਂ ਹੈ। ਗੱਲ ਤਾਂ ਬੰਦੇ ਦੀ ਮਾਨਸਿਕ ਸਥਿਤੀ ਦੀ ਤ੍ਰਿਪਤੀ ਦੀ ਹੈ। ਪੂੰਜੀਵਾਦ ਦੇ ਇਸ ਦੌਰ ਵਿਚ ਪੂੰਜੀ ਬੰਦੇ ਦੀ ਸੋਚ ਦੇ ਕੇਂਦਰ ਵਿਚ ਆ ਗਈ ਹੈ। ਬੇਲੋੜੀਆਂ ਵਸਤਾਂ ਖਰੀਦ ਕੇ ਘਰ ਭਰਨਾ ਵੀ ਪੂੰਜੀ ਦੇ ਅੰਬਾਰ ਲਾਉਣ ਵਰਗਾ ਹੀ ਵਰਤਾਰਾ ਹੈ। ਬਜ਼ਾਰ ਤੁਹਾਨੂੰ ਹਾਕਾਂ ਮਾਰ ਰਿਹਾ ਹੈ। ਮੰਡੀ ਦੀ ਭਾਸ਼ਾ ਵਿਚ ਅੱਧੇ-ਪੌਣੇ ਮੁੱਲ ‘ਤੇ ਵਿਕ ਰਹੀਆਂ ਵਸਤਾਂ ਤੁਹਾਡੀ ਇੱਕ ਹਾਕ ‘ਤੇ ਤੁਹਾਡੇ ਘਰ ਦੀ ਡੋਰ-ਬੈੱਲ ਬਣ ਜਾਂਦੀਆਂ ਹਨ। ਦੋਸਤ ਨੇ ਦੱਸਿਆ ਕਿ ਘਰ ਵਾਲ਼ੀ ਕਹਿੰਦੀ ਗੋਲ-ਗੱਪੇ ਖਾਣੇ ਹਨ। ਪੰਜਾਂ ਮਿੰਟਾਂ ਵਿਚ ਆਪਣੀ ਪੂਰੀ ਤਿਆਰੀ ਸਮੇਤ ਗੋਲ਼-ਗੱਪੇ ਹਾਜ਼ਰ ਸਨ। ਬਜ਼ਾਰ ਤੁਹਾਡੀਆਂ ਬਰੂਹਾਂ ‘ਤੇ ਆ ਕੇ ਬੈਠ ਗਿਆ ਹੈ। ਬਾਹਰ ਜਾਣ ਦਾ ਹਰ ਰਸਤਾ ਬੰਦ ਹੈ। ਤੁਹਾਡੇ ਕੋਲ਼ ਇਕੋ ਚਾਰਾ ਹੈ। ਸਾਰੇ ਦੇ ਸਾਰੇ ਮੰਡੀ ਨੂੰ ਸਮਰਪਿਤ ਹੋ ਜਾਓ। ਬੈਂਕ ਤੁਹਾਨੂੰ ਕਰਜ਼ਾ ਦੇਣ ਲਈ ਤੁਹਾਡੇ ਬੂਹੇ ਦੇ ਇੱਕ ਤਖ਼ਤੇ ਪਿੱਛੇ ਬੈਠਾ ਹੈ। ਸਮਾਨ ਕਿਸਤਾਂ ‘ਤੇ ਵੀ ਮਿਲਦਾ ਤੇ ਤੁਹਾਡੇ ਘਰ ਦਾ ਸ਼ਿੰਗਾਰ ਬਣਦਾ ਹੈ। ਘਰ ਵੀ ਕਿਸਤਾਂ ‘ਤੇ ਮਿਲਦੇ ਹਨ। ਸੱਚ ਤਾਂ ਇਹ ਹੈ ਕਿ ਅੱਜ ਬਹੁਤਾ ਘਰ ਕਿਸਤਾਂ ਦਾ ਡਰ ਹੀ ਹੰਢਾਅ ਰਿਹਾ ਹੈ। ਕਿਸ਼ਤਾਂ ਦਾ ਭੁਗਤਾਨ ਕਰਦਾ ਬੰਦਾ ਹੌਲੀ-ਹੌਲੀ ਕਿਸ਼ਤਾਂ ਵਿਚ ਖ਼ਤਮ ਹੋ ਰਿਹਾ ਹੈ। ਕੈਨੇਡਾ ਰਹਿੰਦਾ ਦੋਸਤ ਬਿਰਧ ਬਾਪ ਨੂੰ ਲੈ ਕੇ ਪਿੰਡ ਪਹੁੰਚਦਾ ਹੈ। ਕਹਿੰਦਾ ਉਥੇ ਤਾਂ ਅੰਤਮ ਰਸਮਾਂ ਬਹੁਤ ਮਹਿੰਗੀਆਂ ਹਨ। ਉਨ੍ਹਾਂ ਰਸਮਾਂ ‘ਤੇ ਵੀ ਮੰਡੀ ਦਾ ਕਬਜ਼ਾ ਹੈ।
ਗੱਲ ਇਹ ਖ਼ਤਮ ਕਰਨ ਵਾਲ਼ੀ ਤਾਂ ਨਹੀਂ, ਵਿਚਾਰਨ ਵਾਲੀ ਹੈ। ਮੰਡੀ ਦੇ ਇਸ ਮਕੜਜਾਲ ‘ਚੋਂ ਬਾਹਰ ਨਿਕਲਣਾ ਮਨੁੱਖ ਲਈ ਚੁਣੌਤੀ ਹੈ। ਆਪਣੀਆਂ ਸੋਚਾਂ, ਵਿਚਾਰਾਂ ਨੂੰ ਬਦਲਣਾ ਪਵੇਗਾ। ਜਿਉਣ ਦਾ ਢੰਗ ਬਦਲਣਾ ਪਵੇਗਾ। ਬਰਾਂਡਡ ਕੱਪੜਿਆਂ, ਵਸਤਾਂ ਨੂੰ ਤਿਆਗਣਾ ਪਵੇਗਾ। ਜੇਕਰ ਤੁਹਾਡੇ ਕੋਲ਼ ਬਹੁਤਾ ਧੰਨ ਹੈ ਤਾਂ ਉਹ ਧੰਨ ਮੰਡੀ ਵਿਚ ਖ਼ਰਚਣ ਤੋਂ ਪਹਿਲਾਂ ਆਪਣੇ ਆਲੇ-ਦੁਆਲੇ, ਭੈਣ-ਭਰਾਵਾਂ, ਰਿਸ਼ਤੇਦਾਰਾਂ ਵਿਚ ਝਾਤੀ ਮਾਰ ਕੇ ਵੇਖ ਲਵੋ। ਕੋਈ ਬੱਚਾ ਪੜ੍ਹਨਾ ਚਾਹੁੰਦਾ ਹੋਵੇ, ਹੁਸ਼ਿਆਰ ਹੋਵੇ, ਘਰ ਦੀ ਗ਼ਰੀਬੀ ਕਾਰਨ ਪੜ੍ਹ ਨਾ ਸਕਦਾ ਹੋਵੇ, ਉਸ ਬੱਚੇ ਨੂੰ ਗੋਦ ਲੈ ਲਵੋ। ਕਹਿਣ ਤੋਂ ਭਾਵ ਉਸ ਦੀ ਪੜ੍ਹਾਈ ਦਾ ਜੁੰਮੇਵਾਰੀ ਆਪਣੇ ਸਿਰ ਲੈ ਲਵੋ। ਸ਼ਾਇਦ ਤੁਹਾਡਾ ਇਹ ਫੈਸਲਾ ਉਸ ਬੱਚੇ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇ। ਸ਼ਾਇਦ ਗ਼ਰੀਬੀ ਦਾ ਕੋਹੜ ਉਨ੍ਹਾਂ ਦੇ ਗਲ਼ੋਂ ਲਹਿ ਜਾਵੇ। ਤੁਹਾਡੇ ਮਨ ਨੂੰ ਤਸੱਲੀ ਅਤੇ ਪ੍ਰਸੰਨਤਾ ਮਿਲੇਗੀ। ਇੱਕ ਸਵੈਮਾਣ ਤੁਹਾਡੇ ਅੰਗ-ਸੰਗ ਰਹੇਗਾ। ਕਿਸੇ ਗ਼ਰੀਬ ਧੀ ਦਾ ਵਿਆਹ ਕਰਕੇ, ਕਿਸੇ ਥੁੜਾਂ ਮਾਰੇ ਬਿਮਾਰੀ ਨਾਲ਼ ਜੂਝ ਰਹੇ ਬੰਦੇ ਦੀ ਮਦਦ ਕਰਕੇ ਅਤੇ ਅਨੇਕਾਂ ਹੋਰ ਮੌਕਿਆਂ ‘ਤੇ ਤੁਹਾਡਾ ਅਜਿਹਾ ਯਤਨ ਤੁਹਾਨੂੰ ਅਸੀਸਾਂ ਦੇਵੇਗਾ। ਮੰਡੀ ਤੋਂ ਬਾਹਰ ਵੀ ਤੁਸੀਂ ਖ਼ੁਦ ਨੂੰ ਖ਼ਰਚ ਸਕਦੇ ਹੋ। ਮੰਡੀ ਦਾ ਮੁਕਾਬਲਾ ਕਰਨ ਦਾ ਇਹ ਇੱਕ ਸਾਰਥਿਕ ਉਪਰਾਲਾ ਹੋਵੇਗਾ। +1 365 994 6744
