ਗੁਲਜ਼ਾਰ ਸਿੰਘ ਸੰਧੂ
ਬਾਬਾ ਸ਼ੇਖ ਫਰੀਦ ਸੂਫੀ ਪੈਗ਼ੰਬਰ, ਦਰਵੇਸ਼ ਰੂਹ, ਚਿਸ਼ਤੀ ਸਿਲਸਿਲੇ ਦੇ ਰੂਹੇ-ਰਵਾਂ ਅਤੇ ਪੰਜਾਬੀ ਦੇ ਆਦਿ ਕਵੀ ਸਨ| ਬਾਬਾ ਫ਼ਰੀਦ ਅਤੇ ਹੋਰ ਸੂਫੀਆਂ ਬਾਰੇ ਸਭ ਤੋਂ ਪ੍ਰਮਾਣਿਕ ਮੰਨੀ ਜਾਂਦੀ ਪੁਸਤਕ ‘ਸਿਅਰ-ਉਲ-ਔਲੀਆ’ ਦੇ ਲੇਖਕ ਮੁਹੰਮਦ ਮੁਬਾਰਕ ਅਲਅਲਵੀ ਕਿਰਮਾਨੀ (ਅਮੀਰ ਖ਼ੁਰਦ) ਨੇ ਉਨ੍ਹਾਂ ਨੂੰ ‘ਪੀਰਾਂ ਦਾ ਪੀਰ’ ਆਖਿਆ ਹੈ| ਸ਼ਾਂਤ ਸੁਭਾਅ ਵਾਲੇ, ਮਿੱਠ-ਬੋਲੜੇ ਅਤੇ ਸਬਰ-ਸੰਤੋਖੀ, ਇਸ ਰੱਬੀ ਆਤਮਾ ਨੂੰ ਲੋਕਾਈ ਝੁਕ ਕੇ ਸਿਜਦਾ ਕਰਦੀ ਹੈ|
ਨਿਮਰਤਾ ਅਤੇ ਸਾਦਗੀ ਦੇ ਇਸ ਮੁਜੱਸਮੇ ਦਾ ਆਗਮਨ 1173 ਈ. ਨੂੰ ਮੁਲਤਾਨ ਤੋਂ ਦਸ ਕਿਲੋਮੀਟਰ ਦੂਰ ਪਿੰਡ ਕੋਠੇਵਾਲ, ਜਿਸ ਨੂੰ ਹੁਣ ਚਾਵਲੀ ਮਸਾਇਖਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਚ ਹੋਇਆ| ਉਸ ਵੇਲੇ ਇਹ ਸਿੰਧ ਸੂਬੇ ਦਾ ਹਿੱਸਾ ਸੀ| ਸ਼ੇਖ ਫ਼ਰੀਦ ਦੇ ਵਡੇਰੇ ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ ਦੇ ਖ਼ਾਨਦਾਨ ’ਚੋਂ ਸਨ| ਉਨ੍ਹਾਂ ਦਾ ਪਿਛੋਕੜ ਕਾਬੁਲ ਦੇ ਬਾਦਸ਼ਾਹ ਫ਼ਾਰੂਖ ਸ਼ਾਹ ਆਦਲ ਨਾਲ ਜੁੜਦਾ ਹੈ| ਦਾਦਾ ਸ਼ੇਖ ਸੁਐਬ, ਗਜ਼ਨੀ ਦੇ ਰਾਜੇ ਦੇ ਭਰਾ ਸਨ| ਜਦੋਂ ਚੰਗੇਜ਼ ਖ਼ਾਨ ਨੇ ਕਾਬੁਲ ਉਜਾੜਿਆ ਤਾਂ ਕਾਜ਼ੀ ਸੁਐਬ ਲਾਹੌਰ ਹੁੰਦੇ ਹੋਏ ਕਸੂਰ ਅਤੇ ਅੰਤ ਕੋਠੇਵਾਲ ਜਾ ਟਿਕੇ| ਉਨ੍ਹਾਂ ਨੂੰ ਇੱਥੋਂ ਦਾ ਕਾਜ਼ੀ ਮੁਕੱਰਰ ਕੀਤਾ ਗਿਆ| ਇੱਥੇ ਹੀ ਪਿਤਾ ਜਮਾਲ-ਉਦ-ਦੀਨ ਅਤੇ ਬੀਬੀ ਮਰੀਅਮ, (ਕਰਸੂਮ ਬੀਬੀ) ਦੇ ਘਰ ਤਿੰਨ ਬੇਟਿਆਂ ਅਤੇ ਇੱਕ ਬੇਟੀ ਨੇ ਜਨਮ ਲਿਆ| ਵਿਚਕਾਰਲੇ ਬੇਟੇ ਦਾ ਨਾਮ ਫ਼ਰੀਦ-ਉਦ-ਦੀਨ ਮਸਊਦ ਰੱਖਿਆ ਗਿਆ| ਬਾਬਾ ਫ਼ਰੀਦ ਦੇ ਮਾਤਾ ਬੀਬੀ ਮਰੀਅਮ, ਹਜ਼ਰਤ ਅਲੀ ਦੇ ਖ਼ਾਨਦਾਨ ਨਾਲ ਸਬੰਧਤ ਸਈਅਦ ਮੁਹੰਮਦ ਅਬਦੁੱਲਾ ਸ਼ਾਹ ਦੀ ਬੇਟੀ ਸਨ| ਹਜ਼ਰਤ ਮੁਹੰਮਦ ਦੇ ਚਾਚਾ ਹਜ਼ਰਤ ਅੱਬਾਸ ਦੀ ਕੁਲ ’ਚੋਂ ਸ਼ੇਖ ਵਜੀਹਉੱਦੀਨ ਨੇ ਮਰੀਅਮ ਨੂੰ ਗੋਦ ਲਿਆ ਹੋਇਆ ਸੀ| ਹਿੰਦੁਸਤਾਨ ਆਉਣ ਵੇਲੇ ਉਹ ਮਰੀਅਮ ਨੂੰ ਨਾਲ ਲਿਆਏ ਤੇ ਉਨ੍ਹਾਂ ਦਾ ਨਿਕਾਹ ਜਮਾਲ-ਉਦ-ਦੀਨ ਨਾਲ ਕਰ ਦਿੱਤਾ, ਜਿਸ ਮਗਰੋਂ ਸ਼ੇਖ ਫ਼ਰੀਦ ਦਾ ਜਨਮ ਹੋਇਆ|
ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ
ਫਰੀਦਾ ਖਾਲਕ ਖਲਕ ਮੇ-ਖਲਕ ਵਸੇ ਰੱਬ ਮਾਹੇ«
ਮੰਦਾ ਕਿਸਨੂੰ ਆਖੀਐ ਜੋ ਤਿਸ ਬਿਨ ਕੋਇ ਨਾਹਿ«
ਇਹ ਸਲੋਕ ਸਾਫ ਕਰ ਦਿੰਦੇ ਹਨ ਕਿ ਬਾਬਾ ਫ਼ਰੀਦ ਜੀ ਅਤੇ ਨਾਨਕ ਜੀ ਨਾਮ ਲੇਵਾ ਮੰਨਦੇ ਹਨ ਕਿ ਰੱਬ ਮਨੁੱਖਤਾ ਵਿਚ ਵੱਸਦਾ ਹੈ| ਇਹਦਾ ਟਿਕਾਣਾ ਮੰਦਰ, ਮਸਜਿਦ ਜਾਂ ਗੁਰਦੁਆਰੇ ਨਹੀਂ ਹਨ| ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੀ ਰੱਬ ਨੂੰ ਪਿਆਰ ਕਰਦਾ ਹੈ|
ਫਰੀਦ ਜੀ ਦੀ ਵਡਿਤਣ ਵਿਚ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੇ ਸ਼ਲੋਕ ਆਦਿ ਗ੍ਰੰਥ ਵਿਚ ਸੰਕਲਿਤ ਹਨ ਜਿਨ੍ਹਾਂ ਵਿਚੋਂ ਚੋਣਵੇਂ ਸ਼ਲੋਕਾਂ ਦਾ ਵਰਣਨ ਕੀਤਾ ਜਾ ਰਿਹਾ ਹੈ|
ਆਦਿ ਗ੍ਰੰਥ ਵਿਚ ਸੰਕਲਿਤ ਬਾਣੀ ਦਾ ਵਰਗੀਕਰਣ
ਸੱਚੇ ਕੌਣ ਹਨ?
ਦਿਲਹੁ ਮੁਹੁਬਤਿ ਜਿੰਨ ਸੇਈ ਸਚਿਆ«
ਜਿਨ ਮਹਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ« (ਆਸਾ)
ਰੱਬ ਦਾ ਸਰੂਪ ਕੀ ਹੈ-
ਫਰੀਦਾ ਸਕਰ ਖੰਡੁ ਨਿਵਾਤ ਗੁੜ੍ਹ ਮਾਖਿਓੁਂ ਮਾਝਾ ਦੁਧੁ«
ਸਭੇ ਵਸਤੂ ਮਿਠੀਆਂ ਰੱਬ ਨਾ ਪੁਜਨਿ ਤੁਧੁ«
ਫਰੀਦਾ ਰੱਬ ਖਜੂਰੀ ਪਕੀਆ ਮਾਖਿਆ ਨਹੀਂ ਵੰਹਨਿ«
ਸਬਰ ਕੀ ਪਰਿਭਾਸ਼ਾ:
ਰੁੱਖੀ ਸੁੱਖੀ ਖਾਇ ਕੈ ਠੰਡਾ ਪਾਣੀ ਪੀਉ«
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ«
ਪ੍ਰੀਤ ਤੇ ਜੋਬਨ:—
ਜੋਬਨ ਜਾਂਦੇ ਨਾ ਡਰਾਂ ਜੇ ਸਹੁ ਪ੍ਰੀਤਿ ਨ ਜਾਇ«
ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ«
ਬਿਰਹਾ :—
ਬਿਰਹਾ-ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ«
ਫਰੀਦਾ ਜਿਤੁ ਤਨਿ ਬਿਰਹੁ ਨ ਉਪਜੈ ਸੋ ਤਨੁ ਜਾਣੁ ਮਸਾਨ«
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ«
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ«
ਬੇ ਮੁਹਤਾਜੀ :—
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ«
ਜੇ ਤੂੰ ਐਵੇਂ ਰਖਸੀ ਜੀਉ ਸਰੀਰਹੁ ਲੇਹਿ«
ਹਵਾਦਾਰੀ :—
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ
ਜੇ ਤਉ ਪਿਰੀਆ ਦੀ ਸਿਕ ਹਿਉ ਨ ਠਾਹੇ ਕਹੀ ਦਾ«
ਰੱਬ ਦੀ ਰਜਾ :—
ਫਰੀਦਾ ਦੁਖ ਸੁੱਖ ਇਕੁ ਕਹਿ ਦਿਲ ਤੇ ਲਾਹਿ ਵਿਕਾਰੁ«
ਜੇ ਤਉ ਪਿਰੀਆ ਦੀ ਸਿਕ ਹਿਆਊ ਨ ਠਾਹੇ ਕਹੀ ਦਾ«
ਅਮੀਰ ਸ਼੍ਰੇਣੀ ਸਬੰਧੀ :—
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ«
ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ«
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣ«
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ«
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ«
ਅਮੀਰੀ ਤੇ ਬੇ ਨਿਆਜੀ :—
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨਾ ਲਾਏ ਚਿਤੁ«
ਮਿੱਟੀ ਪਈ ਅਤੋਲਵੀਂ ਕੋਇ ਨਾ ਹੋਸੀ ਮਿਤੁ«
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ«
ਸਾਈ ਜਾਇ ਸਮਾਲਿ, ਜਿਥੈ ਹੀ ਤਉ ਵੰਞਣਾ«
ਬੁਰੇ ਦਾ ਭਲਾ ਕਰ :—
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹੰਢਾਇ«
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ«
ਫਿੱਕਾ ਨਾ ਬੋਲ :—
ਇਕੁ ਫਿਕਾ ਨ ਗਾਲਾਇ ਸਭਨਾ ਮੈਂ ਸਚਾ ਧਣੀ«
ਹਿਉ ਨ ਕੈਹੀ ਠਾਹਿ ਮਾਣਕ ਸੱਭ ਅਮੋਲਵੇ«
ਬਾਹਰੀ ਭੇਖ ਦਾ ਖੰਡਨ :—
ਫਰੀਦਾ ਕੰਨਿ ਮੁਸਲਾ ਸੂਫ਼ੁ ਗਲਿ ਦਿਲਿ ਕਾਤੀ ਗੁੜ੍ਹ ਵਾਤਿ«
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ«
ਆਪਾ ਪੜਚੋਲ :—
ਫਰੀਦਾ ਜੇ ਤੂ ਅਕਲਿ ਲਤੀਫੁ ਹੈ ਕਾਲੇ ਲਿਖੁ ਨਾ ਲੇਖੁ
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰ ਦੇਖੁ«
ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸੁ«
ਗੁਨਹੀ ਭਰਿਆ ਮੈਂ ਫਿਰਾ ਲੋਕੁ ਕਹੈ ਦਰਵੇਸੁ«
ਅਹਿੰਸਾ :—
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ«
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ«
ਸੂਫ਼ੀ ਮਤ ਮੁਤਾਬਕ ਰੱਬ ਕਿੱਥੇ ਵੱਸਦਾ?
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ«
ਵਸੀ ਰਬੁ ਹਿਆਲੀਐਂ ਜੰਗਲੁ ਕਿਆ ਢੂਢੇਹਿ«
ਬਾਬਾ ਫ਼ਰੀਦ ਜੀ ਦੇ ਨਾਮ ਨਾਲ ‘ਗੋਦੜੀ’ ਦੀ ਦੰਦ ਕਥਾ ਵੀ ਮਸ਼ਹੂਰ ਹੈ| ਜਦੋਂ ਉਹ ਮੋਕਲਹਰ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਗੋਦੜੀ ਉਤਾਰ ਕੇ ਇੱਕ ਦਰਖ਼ਤ ਉੱਤੇ ਟੰਗ ਦਿੱਤੀ| ਪਸ਼ੂ ਚਾਰਨ ਵਾਲੇ ਕੁੱਝ ਮੁੰਡਿਆਂ ਨੇ ਇਸ ਗੋਦੜੀ ਦੀ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰ ਦਿੱਤਾ| ਜਦੋਂ ਬਾਬਾ ਫ਼ਰੀਦ ਜੀ ਵਾਪਸ ਉੱਥੋਂ ਮੁੜੇ ਤਾਂ ਗੋਦੜੀ ਗਾਇਬ ਸੀ| ਇਸੇ ਦੀ ਯਾਦ ਵਿਚ ਹੁਣ ਗੁਰਦੁਆਰਾ ਗੋਦੜੀ ਸਾਹਿਬ ਬਣਿਆ ਹੋਇਆ ਹੈ| ਇੱਥੇ ਹਰ ਸਾਲ 19 ਤੋਂ 23 ਸਤੰਬਰ ਤੱਕ ਬਾਬਾ ਫ਼ਰੀਦ ਆਗਮਨ ਪੁਰਬ ਵੱਡੇ ਪੱਧਰ ਉੱਤੇ ਮਨਾਇਆ ਜਾਂਦਾ ਹੈ|
