ਗਾਜ਼ੀਆਬਾਦ: ਡਾæ ਰਾਜੇਸ਼ ਤੇ ਨੁਪੁਰ ਤਲਵਾੜ ਨੂੰ ਬਹੁਚਰਚਿਤ ਆਰੁਸ਼ੀ ਹੱਤਿਆ ਕਾਂਡ ‘ਚ ਸੀæਬੀæਆਈæ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਸਾਢੇ ਪੰਜ ਸਾਲ ਪਹਿਲਾਂ ਆਪਣੀ ਕਿਸ਼ੋਰ ਉਮਰ ਦੀ ਧੀ ਆਰੁਸ਼ੀ ਤੇ ਘਰੇਲੂ ਨੌਕਰ ਹੇਮਰਾਜ ਦੀ ਹੱਤਿਆ ਲਈ ਦੋਸ਼ੀ ਪਾਇਆ ਗਿਆ ਹੈ। 49 ਸਾਲਾ ਰਾਜੇਸ਼ ਤੇ 48 ਸਾਲਾ ਨੁਪੁਰ ਨੂੰ ਐਡੀਸ਼ਨਲ ਸੈਸ਼ਨ ਜੱਜ ਸ਼ਿਆਮ ਲਾਲ ਨੇ ਮੌਤ ਦੀ ਸਜ਼ਾ ਤੋਂ ਬਖਸ਼ ਦਿੱਤਾ ਹਾਲਾਂਕਿ ਸੀæਬੀæਆਈæ ਨੇ ਜ਼ੋਰਦਾਰ ਸ਼ਬਦਾਂ ਵਿਚ ਅਪੀਲ ਕਰਦਿਆਂ ਇਸ ਡਾਕਟਰ ਜੋੜੀ ਨੂੰ ਵੱਧ ਤੋਂ ਵੱਧ ਸਜ਼ਾ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਦੂਹਰੇ ਕਤਲ ਦਾ ਇਹ ਕੇਸ ‘ਘਿਨੌਣਿਆਂ ਵਿਚੋਂ ਘਿਨੌਣਾ’ ਵਰਗ ਵਿਚ ਆਉਂਦਾ ਹੈ।
ਸੀæਬੀæਆਈæ ਦੇ ਵਕੀਲ ਆਰæਕੇæ ਸੈਣੀ ਨੇ ਦਲੀਲ ਦਿੱਤੀ ਕਿ ਇਹ ਕਤਲ ਬਹੁਤ ਬੇਰਹਿਮੀ ਨਾਲ ਕੀਤੇ ਗਏ ਤੇ ਇਸ ਕਰ ਕੇ ਇਹ ਕੇਸ ‘ਘਿਨੌਣੇ’ ਅਪਰਾਧ ਵਿਚ ਸ਼ੁਮਾਰ ਹੁੰਦਾ ਹੈ। ਬਚਾਓ ਪੱਖ ਦੇ ਵਕੀਲ ਤਨਵੀਰ ਮੀਰ ਨੇ ਸੀæਬੀæਆਈæ ਦੀ ਦਲੀਲ ਦਾ ਟਾਕਰਾ ਕਰਦਿਆਂ ਕਿਹਾ ਕਿ ਉਸ ਦੇ ਮੁਵੱਕਲਾਂ ਖਿਲਾਫ਼ ਸਬੂਤ ਬਹੁਤ ਕਮਜ਼ੋਰ ਸਨ। ਇਸ ਕਰ ਕੇ ਉਨ੍ਹਾਂ ਲਈ ਨਰਮੀ ਵਰਤੀ ਜਾਵੇ। ਸਜ਼ਾ ਸੁਣਾਏ ਜਾਣ ਮੌਕੇ ਤਲਵਾੜ ਜੋੜੀ ਬਿਲਕੁਲ ਖਾਮੋਸ਼ ਤੇ ਸ਼ਾਂਤ ਸੀ।
ਆਰੂਸ਼ੀ ਦੇ ਮਾਪਿਆਂ ਨੂੰ ਸਬੂਤ ਨਸ਼ਟ ਕਰਨ ਲਈ ਪੰਜ ਸਾਲ ਦੀ ਸਜ਼ਾ ਤੇ ਰਾਜੇਸ਼ ਨੂੰ ਪੁਲਿਸ ਕੋਲ ਗ਼ਲਤ ਐਫ਼ਆਈæਆਰæ ਲਿਖਾਉਣ ਲਈ ਇਕ ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। ਸੀæਬੀæਆਈæ ਵੱਲੋਂ ਮੌਕੇ ਦੇ ਹਾਲਾਤ ਅਨੁਸਾਰ ਜਿਹੜੇ ਸਬੂਤ ਪੇਸ਼ ਕੀਤੇ ਗਏ ਸਨ, ਉਨ੍ਹਾਂ ‘ਤੇ ਬਹੁਤਾ ਨਿਰਭਰ ਕਰਦਿਆਂ ਹੀ ਜੱਜ ਨੇ ਸਜ਼ਾਵਾਂ ਸੁਣਾਈਆਂ ਜੋ ਨਾਲੋ-ਨਾਲ ਚੱਲਣਗੀਆਂ। ਇਸ ਜੋੜੀ ਨੂੰ ਆਈæਪੀæਸੀæ ਦੇ ਸੈਕਸ਼ਨ 302 (ਕਤਲ), 201 (ਸਬੂਤ ਨਸ਼ਟ ਕਰਨ) ਤੇ 34 (ਅਪਰਾਧ ਕਰਨ ਲਈ ਸਾਂਝਾ ਇਰਾਦਾ) ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਰਾਜੇਸ਼ ਨੂੰ ਸੈਕਸ਼ਨ 203 ਅਧੀਨ ਆਪਣੀ ਧੀ ਤੇ ਨੌਕਰ ਹੇਮਰਾਜ ਦੀ ਹੱਤਿਆ ਬਾਰੇ ਪੁਲਿਸ ਕੋਲ ਗ਼ਲਤ ਜਾਣਕਾਰੀ ਦੇਣ ਲਈ ਵੀ ਦੋਸ਼ੀ ਕਰਾਰ ਦਿੱਤਾ ਗਿਆ। ਸੀæਬੀæਆਈæ ਮੁਤਾਬਕ ਰਾਜੇਸ਼ ਨੇ 15-16 ਮਈ, 2008 ਦੀ ਰਾਤ ਨੂੰ ਨੋਇਡਾ ਸਥਿਤ ਆਪਣੇ ਘਰ ਵਿਚ ਜਦੋਂ ਆਪਣੀ ਧੀ ਆਰੁਸ਼ੀ ਤੇ 45 ਸਾਲਾ ਹੇਮਰਾਜ ਨੂੰ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਤਾਂ ਗੁੱਸੇ ਦੇ ਵੇਗ ਵਿਚ ਆ ਕੇ ਉਸ ਨੇ ਦੋਵਾਂ ਦੀ ਹੱਤਿਆ ਕਰ ਦਿੱਤੀ। ਏਜੰਸੀ ਅਨੁਸਾਰ ਨੁਪੁਰ ਤਲਵਾੜ ਨੇ ਇਸ ਅਪਰਾਧ ਵਿਚ ਉਸ ਦਾ ਸਾਥ ਦਿੱਤਾ।
ਘਟਨਾ ਵਾਲੀ ਰਾਤ ਤੋਂ ਅਗਲੀ ਸਵੇਰ ਆਰੁਸ਼ੀ ਆਪਣੇ ਬਿਸਤਰੇ ਵਿਚ ਮਰੀ ਪਈ ਮਿਲੀ ਸੀ ਤੇ ਉਸ ਦੇ ਗਲ ‘ਤੇ ਕੱਟ ਸੀ। ਕੁਝ ਦਿਨਾਂ ਮਗਰੋਂ ਉਸ ਦਾ ਜਨਮ ਦਿਨ ਸੀ। ਪਹਿਲਾਂ ਪਹਿਲ ਪੁਲਿਸ ਨੇ ਲਾਪਤਾ ਹੋਏ ਨੌਕਰ ਹੇਮਰਾਜ ਨੂੰ ਇਸ ਦਾ ਦੋਸ਼ੀ ਠਹਿਰਾਇਆ ਜਿਸ ਦੀ ਗਲੀ-ਸੜੀ ਲਾਸ਼ 24 ਘੰਟੇ ਮਗਰੋਂ ਘਰ ਦੀ ਛੱਤ ਤੋਂ ਮਿਲੀ ਸੀ। ਉਸ ਦੇ ਗਲ ‘ਤੇ ਵੀ ਉਹੋ ਜਿਹਾ ਹੀ ਕੱਟ ਸੀ। ਇਸ ਕੇਸ ਵਿਚ ਕਈ ਕਿਸਮ ਦੇ ਉਤਰਾਅ-ਚੜ੍ਹਾਅ ਆਉਂਦੇ ਰਹੇ। ਇਕ ਪੜਾਅ ‘ਤੇ ਸੀæਬੀæਆਈæ ਨੇ ਇਸ ਦੀ ‘ਕਲੋਜ਼ਰ ਰਿਪੋਰਟ’ ਵੀ ਦੇ ਦਿੱਤੀ ਸੀ ਜਿਸ ਤੋਂ ਮਗਰੋਂ ਅਦਾਲਤ ਨੇ ਇਸੇ ਦੇ ਆਧਾਰ ‘ਤੇ ਅੱਗੇ ਕਾਰਵਾਈ ਚਲਾਈ ਸੀ।
Leave a Reply