ਬਾਲੀਵੁੱਡ ਦਾ ਖ਼ੂਬਸੂਰਤ ਅਤੇ ਖ਼ੁਸ਼ਮਿਜ਼ਾਜ ਅਦਾਕਾਰ ਸੀ – ਰਿਸ਼ੀ ਕਪੂਰ

ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਰਿਸ਼ੀ ਕਪੂਰ ਉਰਫ਼ ਚਿੰਟੂ ਬਾਲੀਵੁੱਡ ਨੂੰ ਸਭ ਤੋਂ ਵੱਧ ਅਦਾਕਾਰ ਦੇਣ ਵਾਲੇ ਕਪੂਰ ਖ਼ਾਨਦਾਨ ਦਾ ਚਸ਼ਮੋ-ਚਿਰਾਗ਼ ਸੀ। ਉਹ ਮਹਾਨ ਅਦਾਕਾਰ ਪ੍ਰਿਥਵੀ ਰਾਜ ਕਪੂਰ ਦਾ ਪੋਤਾ ਤੇ ਸੰਸਾਰ ਦੇ ਨਾਮਵਰ ਫ਼ਿਲਮ ਅਦਾਕਾਰ,ਨਿਰਮਾਤਾ ਅਤੇ ਨਿਰਦੇਸ਼ਕ ਰਾਜ ਕਪੂਰ ਦਾ ਹੋਣਹਾਰ ਫ਼ਰਜ਼ੰਦ ਸੀ।

ਉਸਦੀ ਪਤਨੀ ਨੀਤੂ ਕਪੂਰ ,ਉਸਦੇ ਭਰਾਵਾਂ ਰਣਧੀਰ ਕਪੂਰ ਤੇ ਰਾਜੀਵ ਕਪੂਰ, ਪੁੱਤਰ ਰਣਬੀਰ ਕਪੂਰ ਤੇ ਧੀ ਰਿਧਿਮਾ ਕਪੂਰ ਤੇ ਭਤੀਜੀਆਂ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਨੂੰ ਉਸ ਉੱਤੇ ਡਾਅਢਾ ਮਾਣ ਸੀ। ਰਿਸ਼ੀ ਕਪੂਰ ਨੇ ਸੰਨ 1973 ਤੋਂ ਲੈ ਕੇ ਸੰਨ 2000 ਤੱਕ ਬਤੌਰ ਰੁਮਾਂਟਿਕ ਹੀਰੋ 92 ਫ਼ਿਲਮਾਂ ਕੀਤੀਆਂ ਸਨ ਜਿਨ੍ਹਾ ਵਿੱਚੋਂ 36 ਫ਼ਿਲਮਾਂ ਬਾਕਸ ਆਫ਼ਿਸ ‘ਤੇ ਸੁਪਰਹਿੱਟ ਰਹੀਆਂ ਸਨ। ਉਸਨੇ ਆਪਣੀ ਪਤਨੀ ਨੀਤੂ ਸਿੰਘ ਨਾਲ ਇਕ ਦਰਜਨ ਤੋਂ ਵੱਧ ਫ਼ਿਲਮਾਂ ਅਤੇ ਬਾਲੀਵੁੱਡ ਦੇ ਮਹਾਂਨਾਇਕ ਆਖੇ ਜਾਂਦੇ ਅਦਾਕਾਰ ਅਮਿਤਾਬ ਬੱਚਨ ਨਾਲ ‘ਕਭੀ-ਕਭੀ’,’ਨਸੀਬ’,’ਅਮਰ ਅਕਬਰ ਐਂਥੰਨੀ’,’ਕੁੱਲੀ’ ਅਤੇ ‘102 ਨਾਟ-ਆਊਟ ‘ ਆਦਿ ਸਣੇ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਵਿਚ ਦਿਲਕਸ਼ ਭੂਮਿਕਾਵਾਂ ਅਦਾ ਕੀਤੀਆਂ ਸਨ।
ਬਹੁਤ ਹੀ ਖ਼ੂਬਸੂਰਤ ਤੇ ਮਾਸੂਮ ਚਿਹਰੇ ਵਾਲਾ ਰਿਸ਼ੀ ਕਪੂਰ ਸੁਭਾਅ ਦਾ ਬਹੁਤ ਹੀ ਸ਼ਰਾਰਤੀ ਤੇ ਹਸਮੁੱਖ ਸ਼ਖ਼ਸ ਸੀ। ਉਹ ਸਦਾ ਹੀ ਮੁਸਕਰਾਉਂਦਾ ਹੋਇਆ ਹਰੇਕ ਨੂੰ ਬੜੇ ਹੀ ਆਪਣੇਪਨ ਨਾਲ ਮਿਲਦਾ ਸੀ। ਬੜੀ ਹੀ ਸਾਫ਼ਗੋਈ ਨਾਲ ਉਹ ਆਪਣੇ ਦਿਲ ਦੀ ਗੱਲ ਅਗਲੇ ਦੇ ਸਾਹਮਣੇ ਰੱਖ ਦਿੰਦਾ ਸੀ। ਉਸਦੀ ਆਤਮਕਥਾ ‘ ਖੁੱਲਮ-ਖੁੱਲਾ : ਰਿਸ਼ੀ ਕਪੂਰ ਅਨਸੈਂਸਰਡ’ ਉਸਦੀ ਸਾਫ਼ਦਿਲੀ ਦਾ ਪੁਖ਼ਤਾ ਪ੍ਰਮਾਣ ਆਖੀ ਜਾ ਸਕਦੀ ਹੈ। ਰਿਸ਼ੀ ਨੇ ਆਪਣੀ ਦਮਦਾਰ ਅਦਾਕਾਰੀ ਦੇ ਬਲਬੂਤੇ ਕਈ ਕੌਮੀ ਤੇ ਕੌਮਾਂਤਰੀ ਇਨਾਮ ਹਾਸਿਲ ਕੀਤੇ ਸਨ ਤੇ ਸਮੇਂ ਦੀ ਨਬਜ਼ ਨੂੰ ਪਛਾਣ ਕੇ ਜਦ ਉਸਨੇ ਫ਼ਿਲਮੀ ਪਰਦੇ ‘ਤੇ ਬਤੌਰ ਚਰਿੱਤਰ ਅਭਿਨੇਤਾ ਐਂਟਰੀ ਕੀਤੀ ਤਾਂ ਇਥੇ ਵੀ ਉਹ ਸਫ਼ਲ ਰਿਹਾ। ਬਤੌਰ ਰੁਮਾਂਟਿਕ ਹੀਰੋ ਬਲਾਕਬਸਟਰ ਫ਼ਿਲਮ ‘ਬੌਬੀ’ ਨਾਲ ਸੰਨ 1973 ਵਿਚ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੇ ਰਿਸ਼ੀ ਦੀ ਬਤੌਰ ਰੁਮਾਂਟਿਕ ਹੀਰੋ ਆਖ਼ਰੀ ਫ਼ਿਲਮ ਸੰਨ 2000 ਵਿਚ ਬਣੀ ਫ਼ਿਲਮ ‘ਕਾਰੋਬਾਰ’ ਸੀ। ਇਸ ਤੋਂ ਬਾਅਦ ਬਤੌਰ ਚਰਿੱਤਰ ਅਭਿਨੇਤਾ ਆਈਆਂ ਉਸਦੀਆਂ ਫ਼ਿਲਮਾਂ ‘ਫ਼ਨਾ’,’ਨਮਸਤੇ ਲੰਡਨ’,’ਹਾਊਸਫੁੱਲ-2′,’ਕਪੂਰ ਐਂਡ ਸੰਨਜ਼’,’102 ਨਾਟ ਆਊਟ’,’ਲਵ ਆਜ ਕਲ’,’ਜਬ ਤਕ ਹੈ ਜਾਨ’,’ਪਟਿਆਲਾ ਹਾਊਸ’,’ਚਸ਼ਮੇ ਬੱਦੂਰ’,’ਔਰੰਗਜ਼ੇਬ’,’ਆਲ ਇਜ਼ ਵੈੱਲ’,’ਪਟੇਲ ਜੀ ਕੀ ਪੰਜਾਬੀ ਸ਼ਾਦੀ’ ਅਤੇ ਉਸਦੇ ਆਪਣੇ ਹੀ ਘਰੇਲੂ ਨਾਂ ਹੇਠ ਬਣੀ ਫ਼ਿਲਮ ‘ਚਿੰਟੂ ਜੀ’ ਵਿਚਲੀ ਉਸਦੀ ਜ਼ਬਰਦਸਤ ਅਦਾਕਾਰੀ ਨੇ ਵੀ ਦਰਸ਼ਕਾਂ ਅਤੇ ਆਲੋਚਕਾਂ ਨੂੰ ਉਸਦੀ ਭਰਪਰੂ ਪ੍ਰਸ਼ੰਸ਼ਾ ਲਈ ਮਜਬੂਰ ਕਰ ਦਿੱਤਾ ਸੀ ।
ਰਿਸ਼ੀ ਕਪੂਰ ਨੇ ਆਪਣੀ ਆਤਮਕਥਾ ਵਿਚ ਦੱਸਿਆ ਸੀ ਕਿ ਉਸਦੇ ਪਿਤਾ ਰਾਜ ਕਪੂਰ ਨੇ ਉਸਨੂੰ ਸਭ ਤੋਂ ਪਹਿਲੀ ਵਾਰ ਫ਼ਿਲਮੀ ਪਰਦੇ ‘ਤੇ ਆਪਣੀ ਫ਼ਿਲਮ ‘ ਸ੍ਰੀ 420 ‘ ਦੇ ਇਕ ਗੀਤ ‘’ ਪਿਆਰ ਹੂਆ ਇਕਰਾਰ ਹੂਆ, ਪਿਆਰ ਸੇ ਫਿਰ ਕਿਊਂ ਡਰਤਾ ਹੈ ਦਿਲ ‘’ ਦੇ ਦ੍ਰਿਸ਼ ਰਾਹੀਂ ਪੇਸ਼ ਕੀਤਾ ਸੀ ਤੇ ਇਸ ਗੀਤ ਵਿਚ ਅਦਾਕਾਰੀ ਕਰਨ ਲਈ ਫ਼ਿਲਮ ਦੀ ਨਾਇਕਾ ਨਰਗਿਸ ਨੇ ਉਸਨੂੰ ‘ਰਿਸ਼ਵਤ’ ਦੇ ਰੂਪ ਵਿਚ ਇਕ ਵੱਡੀ ਚਾਕਲੇਟ ਦਿੱਤੀ ਸੀ। ਇਹ ਵੀ ਸੱਚ ਹੈ ਕਿ ਸੰਨ 1973 ਵਿਚ ਫ਼ਿਲਮਕਾਰ ਰਾਜ ਕਪੂਰ ਵੱਲੋਂ ਰਿਸ਼ੀ ਕਪੂਰ ਅਤੇ ਨਵਾਂ ਚਿਹਰਾ ਡਿੰਪਲ ਕਪਾੜੀਆ ਨੂੰ ਲੈ ਕੇ ਬਣਾਈ ਗਈ ਰੁਮਾਂਟਿਕ ਫ਼ਿਲਮ ‘ ਬੌਬੀ’ ਉਸ ਦਹਾਕੇ ਦੀ ਸਭ ਤੋਂ ਸੁਪਰਹਿੱਟ ਫ਼ਿਲਮ ਰਹੀ ਸੀ ਤੇ ਅੱਜ ਤੱਕ ਵੀ ਇਸ ਫ਼ਿਲਮ ਦੇ ਗੀਤ ਸਿਨੇ-ਪ੍ਰੇਮੀਆਂ ਦੇ ਜ਼ਹਿਨ ਵਿਚ ਵੱਸੇ ਹੋਏ ਹਨ। ਸਾਫ਼ਗੋਈ ਦੇ ਪੁੰਜ ਰਿਸ਼ੀ ਕਪੂਰ ਨੇ ਸਾਲ 2012 ਵਿਚ ਇਕ ਮੁਲਾਕਾਤ ਦੌਰਾਨ ਕਿਹਾ ਸੀ- ‘’ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੈ ਕਿ ਮੇਰੇ ਪਿਤਾ ਨੇ ਫ਼ਿਲਮ ‘ਬੌਬੀ’ ਮੈਨੂੰ ਬਾਲੀਵੁੱਡ ਵਿਚ ਲਾਂਚ ਕਰਨ ਲਈ ਬਣਾਈ ਸੀ ਜਦੋਂ ਕਿ ਅਸਲੀਅਤ ਇਹ ਸੀ ਕਿ ਮੇਰੇ ਪਿਤਾ ਜੀ ਆਪਣੀ ਬਹੁਤ ਹੀ ਮਹਿੰਗੀ ਫ਼ਿਲਮ ‘ਮੇਰਾ ਨਾਮ ਜੋਕਰ’ ਦੇ ਨਾਕਮਯਾਬ ਰਹਿਣ ਕਰਕੇ ਕਰਜ਼ੇ ‘ਚ ਡੁੱਬ ਗਏ ਸਨ ਤੇ ਉਹ ਇਸ ਫ਼ਿਲਮ ਲਈ ਰਾਜੇਸ਼ ਖੰਨਾ ਨੂੰ ਲੈਣ ਦੇ ਚਾਹਵਾਨ ਸਨ ਪਰ ਰਾਜੇਸ਼ ਦੀ ਫ਼ੀਸ ਦੇ ਪੈਸੇ ਅਦਾ ਕਰਨ ਦੀ ਵੁੱਕਤ ਨਾ ਹੋਣ ਕਰਕੇ ਉਨ੍ਹਾ ਨੇ ਮੈਨੂੰ ਹੀ ਇਸ ਫ਼ਿਲਮ ਦਾ ਹੀਰੋ ਬਣਾ ਦਿੱਤਾ ਤੇ ਮੈਨੂੰ ਇਸ ਫ਼ਿਲਮ ਵਿਚ ਕੰਮ ਕਰਨ ਲਈ ਇਕ ਧੇਲਾ ਵੀ ਨਹੀਂ ਦਿੱਤਾ ਪਰ ਇਹ ਗੱਲ ਵੀ ਸੱਚ ਹੈ ਕਿ ਕਿਸਮਤ ਦੇ ਫੇਰ ਨਾਲ ਮਿਲੀ ਇਸ ਫ਼ਿਲਮ ਨੇ ਮੇਰਾ ਸਿਤਾਰਾ ਬੁਲੰਦੀ ‘ਤੇ ਪਹੁੰਚਾ ਦਿੱਤਾ ਸੀ। ‘’
4 ਸਤੰਬਰ,1952 ਨੂੰ ਮੁੰਬਈ ਵਿਖੇ ਰਾਜ ਕਪੂਰ ਤੇ ਕ੍ਰਿਸ਼ਨਾ ਕਪੂਰ ਦੇ ਘਰ ਜਨਮੇ ਰਿਸ਼ੀ ਕਪੂਰ ਨੇ ਸੰਨ 1970 ਵਿਚ ਬਣੀ ਫ਼ਿਲਮ ‘ਮੇਰਾ ਨਾਮ ਜੋਕਰ’ ਰਾਹੀਂ ਬਤੌਰ ਬਾਲ ਅਦਾਕਾਰ ਬਾਲੀਵੁੱਡ ਵਿਚ ਪ੍ਰਵੇਸ਼ ਕੀਤਾ ਸੀ। ਇਸ ਫ਼ਿਲਮ ਵਿਚ ਉਸਨੇ ਆਪਣੀ ਖ਼ੂਬਸੂਰਤ ਅਧਿਆਪਕਾ ਦੇ ਰੂਪ ‘ਤੇ ਮੋਹਿਤ ਹੋ ਚੁੱਕੇ ਤੇ ਪੈਸੇ ਦੀ ਦੌੜ ਵਿਚ ਗੁਆਚੇ ਪਿਤਾ ਵੱਲੋਂ ਦੁਰਕਾਰੇ ਇਕ ਛੋਟੇ ਜਿਹੇ ਲੜਕੇ ਦੀ ਭੂਮਿਕਾ ਬੜੇ ਹੀ ਸੰਵੇਦਨਸ਼ੀਲ ਢੰਗ ਨਾਲ ਅਦਾ ਕੀਤੀ ਸੀ। ਇਸ ਭੂਮਿਕਾ ਲਈ ਉਸਨੂੰ ‘ਸਰਬੋਤਮ ਬਾਲ ਅਦਾਕਾਰ’ ਵਜੋਂ ‘ਰਾਸ਼ਟਰੀ ਫ਼ਿਲਮ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਸੀ। ਕਿੰਨੀ ਦਿਲਚਸਪ ਗੱਲ ਹੈ ਕਿ ਸੰਨ 1973 ਵਿਚ ਜਦੋਂ ਬਤੌਰ ਇਕ ਨੌਜਵਾਨ ਹੀਰੋ ਫ਼ਿਲਮ ‘ਬੌਬੀ ‘ ਰਾਹੀਂ ਉਸਨੇ ਬਾਲੀਵੁੱਡ ਵਿਚ ਕਦਮ ਰੱਖਿਆ ਸੀ ਤਾਂ ਉਸਦੀ ਇਸ ਫ਼ਿਲਮ ਵਿਚਲੀ ਦਮਦਾਰ ਅਦਾਕਾਰੀ ਲਈ ਵੀ ਉਸਨੂੰ ‘ਸਰਬੋਤਮ ਅਦਾਕਾਰ ਦਾ ਫ਼ਿਲਮ ਫ਼ੇਅਰ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਜਿਸ ਤੋਂ ਇਹ ਸਾਬਿਤ ਹੋ ਗਿਆ ਸੀ ਉਸਦੀ ਅਦਾਕਾਰੀ ਵਿਚ ਚੋਖਾ ਦਮ ਸੀ ਤੇ ਕੇਵਲ ਰਾਜ ਕਪੂਰ ਦਾ ਬੇਟਾ ਹੋਣਾ ਹੀ ਉਸਦੀ ਮੈਰਿਟ ਨਹੀਂ ਸੀ। ਰਿਸ਼ੀ ਨੇ ਬਤੌਰ ਫ਼ਿਲਮ ਨਿਰਦੇਸ਼ਕ ਆਪਣੇ ਦੋਸਤ ਵਿਨੋਦ ਖੰਨਾ ਦੇ ਪੁੱਤਰ ਅਕਸ਼ੇ ਖੰਨਾ ਅਤੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨੂੰ ਲੈ ਕੇ ਫ਼ਿਲਮ ‘ਆ ਅਬ ਲੌਟ ਚਲੇਂ ‘ ਬਣਾਈ ਸੀ ਜੋ ਕਿ ਸਫ਼ਲ ਰਹੀ ਸੀ। ਆਪਣੇ ਪਿਤਾ ਦੀ ਅਧੂਰੀ ਤੇ ਆਪਣੇ ਭਰਾ ਰਣਧੀਰ ਕਪੂਰ ਵੱਲੋਂ ਪੂਰੀ ਕੀਤੀ ਫ਼ਿਲਮ ‘ਹਿਨਾ’ ਵਿਚ ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖ਼ਤਿਆਰ ਨਾਲ ਅਤੇ ਆਪਣੇ ਛੋਟੇ ਵੀਰ ਰਾਜੀਵ ਕਪੂਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਪ੍ਰੇਮ ਗ੍ਰੰਥ’ ਵਿਚ ਅਦਾਕਾਰਾ ਮਾਧੁਰੀ ਦੀਕਸ਼ਿਤ ਨਾਲ ਮੁੱਖ ਭੂਮਿਕਾਵਾਂ ਅਦਾ ਕਰ ਕੇ ਉਸਨੇ ਆਪਣੀ ਸੰਵੇਦਨਸ਼ੀਲ ਅਦਾਕਾਰੀ ਦੇ ਦੋ ਉੱਤਮ ਪ੍ਰਮਾਣ ਬਾਲੀਵੁੱਡ ਆਲੋਚਕਾਂ ਨੂੰ ਪੇਸ਼ ਕੀਤੇ ਸਨ।
ਸੰਨ 2019 ਦੀ 13 ਦਸੰਬਰ ਨੂੰ ਰਿਸ਼ੀ ਕਪੂਰ ਦੀ ਆਖ਼ਰੀ ਫ਼ਿਲਮ ‘ਦਿ ਬਾੱਡੀ’ ਰਿਲੀਜ਼ ਹੋਈ ਸੀ ਤੇ ਉਸ ਵੇਲੇ ਅਦਾਕਾਰਾ ਜੂਹੀ ਚਾਵਲਾ ਨਾਲ ਉਸਦੀ ਫ਼ਿਲਮ ‘ਸ਼ਰਮਾ ਜੀ ਨਮਕੀਨ’ ਨਿਰਮਾਣ ਅਧੀਨ ਸੀ ਜਿਸਨੂੰ ਹਿਤੇਸ਼ ਭਾਟੀਆ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਸੀ। ਇਹ ਫ਼ਿਲਮ ਰਿਸ਼ੀ ਦੇ ਅਚਨਚੇਤ ਅਕਾਲ ਚਲਾਣੇ ਕਰਕੇ ਹੁਣ ਪੂਰੀ ਨਹੀਂ ਹੋ ਸਕੀ ਸੀ। ਰਿਸ਼ੀ ਦੀਆਂ ਦਰਜਨਾਂ ਸੁਪਰਹਿੱਟ ਫ਼ਿਲਮਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾ ਵਿੱਚੋਂ ‘ਕੁਲੀ’, ‘ਬਾਰੂਦ’, ‘ਦੂਸਰਾ ਆਦਮੀ’, ‘ਖੇਲ ਖੇਲ ਮੇਂ’,’ਪਤੀ ਪਤਨੀ ਔਰ ਵੋਹ’,’ਝੂਠਾ ਕਹੀਂ ਕਾ’,’ਧਨ ਦੌਲਤ’,’ਲੈਲਾ ਮਜਨੂੰ’,’ਨਸੀਬ ਅਪਨਾ ਅਪਨਾ’,’ਏਕ ਚਾਦਰ ਮੈਲੀ ਸੀ’,’ਟੈੱਲ ਮੀ ਓ’ ਖ਼ੁਦਾ’,’ਨਗੀਨਾ’,’ਨਿਗਾਹੇਂ’,’ਅਜੂਬਾ’,’ਸ੍ਰੀਮਾਨ ਆਸ਼ਿਕ’,’ਦੀਵਾਨਾ’,’ ਈਨਾ ਮੀਨਾ ਡੀਕਾ’,’ਰਾਜੂ ਚਾਚਾ’,’ਹੱਲਾ ਬੋਲ’,’ਸਟੂਡੈਂਟ ਆਫ਼ ਦਿ ਯੀਅਰ’,’ਖ਼ੁਦਗ਼ਰਜ਼’,’ਬੜੇ ਦਿਲ ਵਾਲਾ’ ਅਤੇ ‘ਤਵਾਇਫ਼’ ਆਦਿ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ।
ਸੰਨ 2009 ਵਿਚ ਰੂਸੀ ਸਰਕਾਰ ਵੱਲੋਂ ਪ੍ਰਦਾਨ ਕੀਤੇ ਗਏ ਵਿਸ਼ੇਸ਼ ਪੁਰਸਕਾਰ ਤੋਂ ਇਲਾਵਾ ਰਿਸ਼ੀ ਕਪੂਰ ਨੂੰ ਸੰਨ 2011 ਵਿਚ ਫ਼ਿਲਮ ‘ਦੋ ਦੂਨੀ ਚਾਰ ਲਈ’, ‘ਜ਼ੀ ਸਿਨੇ ਐਵਾਰਡ ‘ ਅਤੇ ‘ਫ਼ਿਲਮ ਫ਼ੇਅਰ ਕ੍ਰਿਟਿਕਸ ਐਵਾਰਡ ਫਾਰ ਬੈਸਟ ਐਕਟਰ’ ਅਤੇ ਸੰਨ 2017 ਵਿਚ ਫ਼ਿਲਮ ‘ਕਪੂਰ ਐਂਡ ਸੰਨਜ਼’ ਲਈ ‘ਫ਼ਿਲਮ ਫ਼ੇਅਰ ਪੁਰਸਕਾਰ’, ‘ਸਕ੍ਰੀਨ ਸਿਨੇ ਐਵਾਰਡ’ ਅਤੇ ‘ਜ਼ੀ ਸਿਨੇ ਐਵਾਰਡ’ ਦੇ ਕੇ ਨਿਵਾਜਿਆ ਗਿਆ ਸੀ।
ਰਿਸ਼ੀ ਇਕ ਸੱਚਾ ਕਲਾਕਾਰ ਸੀ ਤੇ ਉਸਦੀ ਕਲਾ ਦਾ ਜਾਦੂ ਬਾਲੀਵੁੱਡ ਵਿਚ ਸਦਾ ਹੀ ਸਿਰ ਚੜ੍ਹ ਬੋਲਦਾ ਰਹੇਗਾ। ਅੱਜ ਰਿਸ਼ੀ ਬੇਸ਼ੱਕ ਇਸ ਦੁਨੀਆਂ ‘ਚ ਨਹੀਂ ਹੈ ਪਰ ਉਸਦੀ ਦਿਲਕਸ਼ ਅਤੇ ਜ਼ਬਰਦਸਤ ਅਦਾਕਾਰੀ ਦੀ ਗ਼ੂੰਜ ਪੂਰੇ ਭਾਰਤੀ ਸਿਨੇਮਾ ਵਿਚ ਸਦੀਆਂ ਤੱਕ ਸੁਣਾਈ ਦਿੰਦੀ ਰਹੇਗੀ।
– 410, ਚੰਦਰ ਨਗਰ, ਬਟਾਲਾ।
ਮੋਬਾ : 97816-46008