ਮੇਰੀ ਕਾਲਮ ਨਵੀਸੀ ਦੇ ਮਾਖਿਉਂ ਮਿੱਠੇ ਪਲ

ਗੁਲਜ਼ਾਰ ਸਿੰਘ ਸੰਧੂ
1970 ਦੇ ਹੋਲਾ ਮਹੱਲਾ ਸਮੇਂ ਮੈਂ ਆਪਣੀ ਪਤਨੀ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਾਹਿਲਪੁਰ ਨੇੜੇ ਪੈਂਦੇ ਆਪਣੇ ਜੱਦੀ ਪੁਸ਼ਤੀ ਪਿੰਡ ਸੂਨੀ ਗਿਆ ਹੋਇਆ ਸਾਂ ਕਿ ਸਵੇਰ ਦੀ ਅਖ਼ਬਾਰ ਤੋਂ ਪਤਾ ਲਗਿਆ ਕਿ ਭਾਸ਼ਾ ਵਿਭਾਗ ਪੰਜਾਬ ਨੇ ਆਪਣਾ ਸਾਲਾਨਾ ਇਨਾਮ ਵੰਡ ਸਮਾਗਮ ਆਨੰਦਪੁਰ ਸਾਹਿਬ ਰੱਖਿਆ ਹੋਇਆ ਹੈ| ਸਨਮਾਨੇ ਜਾਣ ਵਾਲੇ ਸੱਜਣਾਂ ਵਿਚ ਮੇਰੇ ਜਾਣੂੰ ਹਰਿਭਜਨ ਸਿੰਘ ਤੇ ਸੂਬਾ ਸਿੰਘ ਵੀ ਸਨ|

ਅਸੀਂ ਵੀ ਉੱਥੇ ਪਹੁੰਚ ਗਏ ਜਿਸਨੂੰ ਆਮ ਲੋਕ ਆਨੰਦਪੁਰ ਦੀ ਥਾਂ ਕੇਵਲ ਨੰਦਪੁਰ ਕਹਿੰਦੇ ਸਨ| ਓਥੇ ਸਿੱਖੀ ਠਾਠ ਦਾ ਹੜ੍ਹ ਆਇਆ ਪਿਆ ਸੀ| ਨਿਹੰਗਾਂ ਦੇ ਘੋੜੇ, ਤਲਵਾਰਾਂ ਤੇ ਨੇਜ਼ੇ| ਤੰਬੂਆਂ ਥੱਲੇ ਥੰਮ੍ਹੀਆਂ ਨਾਲੋਂ ਵੱਡੇ ਭੰਗ ਘੋਟਣੇ ਜਿਨ੍ਹਾਂ ਨੂੰ ਕਈ-ਕਈ ਸਿੰਘ ਤੇ ਸਿੰਘਣੀਆਂ ਵਰਤ ਰਹੇ ਸਨ| ਮੁੱਖ ਮਹਿਮਾਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਨ| ਉਨ੍ਹਾਂ ਨੇ ਸੂਬਾ ਸਿੰਘ ਬਾਰੇ ਕੀ ਕਿਹਾ ਹੋਵੇਗਾ ਤੇ ਉੱਤਰ ਵਿਚ ਸੂਬਾ ਸਿੰਘ ਨੇ ਜ਼ੈਲ ਤੇ ਸੂਬੇ ਬਾਰੇ ਕੀ ਵਿਅੰਗ ਕੱਸਿਆ ਹੋਵੇਗਾ ਜਾਨਣਾ ਔਖਾ ਨਹੀਂ|
ਉਨ੍ਹਾਂ ਦਿਨਾਂ ਵਿਚ ਮੇਰਾ ਸੀਨੀਅਰ ਮਿੱਤਰ ਖੁਸ਼ਵੰਤ ਨੌਕਰੀਆਂ ਤੋਂ ਸੇਵਾ ਮੁਕਤ ਹੋ ਕੇ ਲਗਾਤਾਰ ਕਾਲਮ ਲਿਖ ਰਿਹਾ ਸੀ| ਮੈਂ ਪੰਜਾਬੀ ਵਿਚ ਉਹਦੇ ਵਰਗਾ ਬਣਨਾ ਚਾਹੁੰਦਾ ਸਾਂ ਪਰ ਮੈਨੂੰ ਕਾਲਮ ਨਵੀਸ ਬਣਨ ਲਈ ਕਿਸੇ ਨੂੰ ਬੇਨਤੀ ਕਰਨੀ ਠੀਕ ਨਹੀਂ ਸੀ ਲੱਗਦੀ|
ਮੈਂ ਨਮੂਨੇ ਦਾ ਕਾਲਮ ਆਪਣੇ ਹੱਥੀਂ ਲਿਖ ਕੇ ਚਾਰ ਅਖ਼ਬਾਰਾਂ ਨੂੰ ਭੇਜਣ ਦਾ ਫੈਸਲਾ ਕੀਤਾ| ‘ਪੰਜਾਬੀ ਟ੍ਰਿਬਿਊਨ’, ‘ਅਜੀਤ’, ‘ਜੱਗ ਬਾਣੀ’ ਤੇ ‘ਨਵਾਂ ਜ਼ਮਾਨਾਂ’ ਨੂੰ| ਹਰ ਫੋਟੋ ਕਾਪੀ ‘ਤੇ ਲਿਖ ਦਿੱਤਾ ਕਿ ਫਲਾਂ ਮਿਤੀ ਨੂੰ ਜਾਂ ਉਸ ਤੋਂ ਪਿੱਛੋਂ ਛਪਣ ਲਈ ਹੈ| ਕਾਲਮ ਦਾ ਨਾਂ ‘ਨਿੱਕ ਸੁੱਕ’ ਰੱਖਿਆ| ਤੇ ਚਾਰੇ ਅਖ਼ਬਾਰਾਂ ਨੂੰ ਭੇਜ ਦਿੱਤਾ|
ਅਖ਼ਬਾਰਾਂ ਫਰੋਲੀਆਂ ਤਾਂ ਕਿਸੇ ਵਿਚ ਵੀ ਨਹੀਂ ਸੀ ਛਪਿਆ| ਮੈਂ ਆਪਣੇ ਮਨ ਨੂੰ ਸਮਝਾ ਕੇ ਸੁੱਖ ਦੀ ਨੀਂਦਰ ਸੌਂ ਗਿਆ|
ਅਗਲੇ ਦਿਨ ਤਿੰਨ ਟੈਲੀਫ਼ੋਨ ਆਏ| ਸਭ ਤੋਂ ਪਹਿਲਾਂ ‘ਦੈਨਿਕ ਭਾਸਕਰ’ ਵਾਲੇ ਸਰਵਮੀਤ ਦਾ| ਸਵਾਲੀਆ ਫੋਨ| ‘ਅਜੀਤ ਲਈ ਕਾਲਮ ਲਿਖਣ ਲੱਗ ਪਏ ਹੋ?’ ਉਸ ਤੋਂ ਪਿੱਛੋਂ ‘ਨਵਾਂ ਜ਼ਮਾਨਾ’ ਦੇ ਜਤਿੰਦਰ ਪੰਨੂੰ ਦਾ ਨਿਹੋਰੇ ਵਾਲਾ| ਉਨ੍ਹਾਂ ਲਈ ਕਿਉਂ ਨਹੀਂ ਲਿਖਦਾ? ਫੇਰ ‘ਅਕਸ’ ਵਾਲੇ ਅਮਰਜੀਤ ਸਿੰਘ ਦਾ, ਦਿੱਲੀ ਤੋਂ| ਇਹ ਦੱਸਣ ਲਈ ਕਿ ਉਸ ਨੂੰ ਮੇਰਾ ਲਿਖਿਆ ਪਸੰਦ ਆਇਆ ਹੈ|
ਦੁਪਹਿਰ ਤੋਂ ਪਿੱਛੋਂ ‘ਅਜੀਤ’ ਤੋਂ ਫੋਨ ਕਾਲ ਸੀ| ਉਨ੍ਹਾਂ ਦੇ ‘ਭਾਅ ਜੀ’ ਦੀ| ਇਹ ਦੱਸਣ ਲਈ ਕਿ ਕਾਲਮ ਛਾਪਣ ਵਿਚ ਇੱਕ ਦਿਨ ਦੀ ਦੇਰੀ ਏਸ ਲਈ ਹੋ ਗਈ ਕਿ ਉਨ੍ਹਾਂ ਨੂੰ ਮੇਰੀ ਫੋਟੋ ਨਹੀਂ ਸੀ ਲੱਭ ਰਹੀ| ਬਰਜਿੰਦਰ ਸਿੰਘ ਦੇ ਬੋਲਾਂ ਵਿਚ ਨਿੱਘ ਸੀ| ਇੱਕ ਐਲਾਨ ਵੀ ਕਿ ਜੇ ਮੈਂ ਲਗਾਤਾਰ ਲਿਖ ਸਕਾਂ ਤਾਂ ਉਹ ਮੇਰਾ ਲਿਖਿਆ ਹਰ ਹਫਤੇ ਛਾਪਣਾ ਚਾਹੁਣਗੇ| ਉਨ੍ਹਾਂ ਨੂੰ ਮੇਰਾ ਦਿੱਤਾ ਨਾਂ ਵੀ ਪਸੰਦ ਸੀ – ‘ਨਿੱਕ ਸੁੱਕ’|
ਦਿੱਲੀ ਪਰਤਿਆ ਤਾਂ ‘ਕੌਮੀ ਏਕਤਾ’ ਦੇ ਸੰਪਾਦਕ ਦਾ ਫੋਨ ਆ ਗਿਆ ਕਿ ਮੈਂ ਹੋਲਾ-ਮਹੱਲਾ ਦੇ ਸਮਾਗਮ ਬਾਰੇ ਉਨ੍ਹਾਂ ਦੇ ਪਰਚੇ ਲਈ ਕੁੱਝ ਲਿਖ ਦਿਆਂ| ਕੌਮੀ ਏਕਤਾ ਵਿਕਣ ਵਾਲਾ ਪਰਚਾ ਸੀ| ਪੜ੍ਹਿਆ ਵੀ ਜਾਂਦਾ ਸੀ| ਉਸਦਾ ਸੰਪਾਦਕ ਮੈਨੂੰ ਖ਼ੁਦ ਬੇਨਤੀ ਕਰ ਰਿਹਾ ਸੀ| ਅੰਨ੍ਹਾ ਕੀ ਮੰਗੇ ਦੋ ਅੱਖਾਂ| ਮੈਂ ਕਾਗ਼ਜ਼ ਕਲਮ ਚੁੱਕੀ ਤੇ ਉੱਪਰ ਲਿਖੀਆਂ ਗੱਲਾਂ ਨੂੰ ਮਿਰਚ ਮਸਾਲਾ ਲਾ ਕੇ ਰਿਪੋਰਟ ਲਿਖ ਦਿੱਤੀ|
ਇਸ ਵਾਰੀ ਦੀ ‘ਨੰਦਪੁਰ ਫੇਰੀ ਦਾ ਬਚਪਨ ਦੀ ਨੰਦਪੁਰ ਫੇਰੀ ਨਾਲ ਟਾਕਰਾ ਵੀ ਕੀਤਾ| ਕਿਵੇਂ ਮੈਂ ਆਪਣੇ ਬਾਪ ਨਾਲ ਸਾਈਕਲ ’ਤੇ ਅੱਗੇ-ਪਿੱਛੇ ਬਹਿੰਦਾ ਤੇ ਕੋਹਾਂ ਦੇ ਕੋਹ ਤੁਰਦਾ ਨੂਰਪੁਰ ਬੇਦੀ ਬਿਸਰਾਮ ਕਰਕੇ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਨੇਰ੍ਹ ਚਾਨਣ ਮਾਣਦਾ ਨੰਦਪੁਰ ਪਹੁੰਚ ਕੇ ਕਿਸੇ ਨਾ ਕਿਸੇ ਦੀਵਾਨ ਵਾਲੇ ਤੰਬੂਆਂ ਥੱਲੇ ਵਿਛੀ ਪਰਾਲੀ ਦਾ ਬਿਸਤਰਾ ਬਣਾ ਕੇ ਸੌਂਦਾ ਹੁੰਦਾ ਸਾਂ| ਮੇਰਾ ਬਾਪ ਕੋਲ ਬੈਠਾ ਸਾਰੀ ਰਾਤ ਕਵੀਆਂ ਦੀ ਕਵੀਸ਼ਰੀ ਸੁਣਦਾ ਰਹਿੰਦਾ|
ਰਿਪੋਰਟ ਪੜ੍ਹ ਕੇ ਸੰਪਾਦਕ ਨੇ ਆਪਣਾ ਚਪੜਾਸੀ ਮੇਰੇ ਘਰ ਭੇਜਿਆ| ਮੇਰੀ ਫੋਟੋ ਚਾਹੀਦੀ ਸੀ| ਰਿਪੋਰਟ ਦੇ ਨਾਲ ਛਾਪਣੀ ਸੀ| ਮੇਰੀ ਅੱਡੀ ਜ਼ਮੀਨ ’ਤੇ ਨਾ ਲੱਗੇ| ਮੈਂ ਜਵਾਨੀ ਦੇ ਦਿਨਾਂ ਵਾਲੀ ਫੋਟੋ ਲੱਭੀ ਤੇ ਲਿਫਾਫੇ ਵਿਚ ਬੰਦ ਕਰਕੇ ਚਪੜਾਸੀ ਨੂੰ ਦੇ ਦਿੱਤੀ| ਰਿਪੋਰਟ ਛਪ ਗਈ| ਉੱਚੀਆਂ-ਨੀਵੀਆਂ ਗੱਲਾਂ ਦਾ ਬੜਾ ਮੁੱਲ ਪਿਆ| ਪ੍ਰਸੰLਸਾ ਦੀਆਂ ਚਿੱਠੀਆਂ ਤੇ ਟੈਲੀਫੋਨ|
ਮਹੀਨੇ ਕੁ ਪਿੱਛੋਂ ਪਤਾ ਲੱਗਿਆ ਕਿ ਮੈਨੂੰ ਮਨੀ ਆਰਡਰ ਵਾਲਾ ਲੱਭਦਾ ਫਿਰਦਾ ਹੈ| ਮੈਂ ਡਾਕਖਾਨੇ ਗਿਆ ਤਾਂ ਮੇਰੇ ਲਈ ਕੌਮੀ ਏਕਤਾ ਵਾਲਿਆਂ ਨੇ ਪੈਸੇ ਭੇਜੇ ਸਨ| ਪੈਂਤੀ ਰੁਪਏ| ਪੰਜਾਬੀ ਅਖ਼ਬਾਰ ਤੇ ਲੇਖਕ ਨੂੰ ਪੈਸੇ| ਚਰਚਾ ਵਾਧੂ| ਪਰਚੇ ਵਿਚ ਛਪੀ ਫੋਟੋ ਉਸ ਤੋਂ ਵੀ ਉੱਤੇ|
ਮੇਰੀ ਰਿਪੋਰਟ ਤੋਂ ਖ਼ੁਸ਼ ਹੋ ਕੇ ਮੈਨੂੰ ਸੰਪਾਦਕ ਨੇ ਲਗਾਤਾਰ ਕਾਲਮ ਲਿਖਣ ਲਈ ਵੀ ਕਿਹਾ| ਮੈਨੂੰ ਪੱਤਰਕਾਰੀ ਚੂੰਢੀਆਂ ਵੱਢਣ ਲੱਗੀ ਪਰ ਮੇਰੇ ਹੱਥ ਕਹਾਣੀਆਂ ਦੀਆਂ ਹੱਥਕੜੀਆਂ ਵਿਚ ਜਕੜੇ ਹੋਏ ਸਨ| ਕੀ ਕਰਦਾ?
ਅੱਜ ਦੇ ਦਿਨ ਮੇਰਾ ਕਾਲਮ (ਨਿੱਕ ਸੁੱਕ) ਖੂਬ ਪੜ੍ਹਿਆ ਜਾਂਦਾ ਹੈ| ਫ਼ਿਕਰ ਤੌਂਸਵੀ ਦੇ ‘ਪਿਆਜ਼ ਕੇ ਛਿਲਕੇ’ ਤੇ ਖੁਸ਼ਵੰਤ ਸਿੰਘ ਦੇ ‘ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’ ਵਾਂਗ| ਪਰ ਪੰਜਾਬੀ ਕਿਸਾਨੀ ਦੀ ਹਰੀ ਕ੍ਰਾਂਤੀ ਪੂਰੇ ਸੰਸਾਰ ਵਿਚ ਘਟਾਈ ਅਤੇ ਅਮਰੀਕਾ ਦੇ ਇੱਕ ਮਹਿਲ ਤੇ ਉਸ ਵਿਚਲੇ ਸਮਾਨ ਦੀ ਨੀਲਾਮੀ ਦਾ ਤਾਣਾ ਪੇਟਾ ਦੁਨੀਆਂ ਭਰ ਦੇ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ| ਓਥੋਂ ਦੇ ਇੱਕ ਪੋਲਟਰੀ ਫਾਰਮ ਦੀ ਵਿਉਂਤਬੰਦੀ ਤੇ ਉੱਥੋਂ ਦੇ ਪਰਬਤ ਰੂਪੀ ਸਿੰਜਾਈ ਸਾਧਨਾਂ ਸਮੇਤ|
ਮੈਨੂੰ ਇਹ ਦੱਸਣ ਵਿਚ ਵੀ ਕੋਈ ਝਿਜਕ ਨਹੀਂ ਕਿ ਮੇਰੇ ਕਾਲਮ ਨੇ ਮੇਰੇ ਘਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਉੱਤੇ ਸਥਾਪਤ ਅੰਤਰ-ਰਾਸ਼ਟਰੀ ਫਾਊਂਡੇਸ਼ਨ ਲੁਧਿਆਣਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਤੇ ਉਨ੍ਹਾਂ ਦੇ ਸਹਿਯੋਗੀ ਕਾਂਗਰਸੀ ਆਗੂ ਤੇ ਉੱਘੇ ਕਾਰੋਬਰੀ ਗੁਰਦੇਵ ਸਿੰਘ ਲਾਪਰਾਂ ਤੇ ਜਾਣੇ-ਪਛਾਣੇ ਸਮਾਜ ਸੇਵਕ ਤੇ ਰਾਮਗੜ੍ਹੀਆ ਭਾਈਚਾਰੇ ਵਾਲੇ ਗੁਰਨਾਮ ਸਿੰਘ ਕਲੇਰ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਸੰਗਤ ਵਿਚ ਮੇਰੇ ਲਈ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੁਸਤਕਾਂ ਦਾ ਸੈੱਟ, ਸਿਰੋਪਾਉ, ਹਜ਼ੂਰ ਸਾਹਿਬ (ਨਾਂਦੇੜ) ਦਾ ਪ੍ਰਸ਼ਾਦ ਪਹੁੰਚਾ ਦਿੱਤਾ, ਜਿਸਨੂੰ ਪ੍ਰਾਪਤ ਕਰਦੇ ਸਮੇਂ ਮੈਂ ਬੰਦਾ ਸਿੰਘ ਬਹਾਦਰ ਦੀ ਦ੍ਰਿੜ੍ਹਤਾ ਦੇ ਕਈ ਕਿੱਸੇ ਸਾਂਝੇ ਕੀਤੇ| ਐਨ ਕੁਦਰਤੀ ਸੀ ਕਿ ਉਨ੍ਹਾਂ ਦੀ ਸੰਗਤ ਨੇ ਮੈਨੂੰ ਪੰਜਾਬ ਖੇਤੀ ਯੂਨੀਵਰਸਟੀ ਵਿਚ ਗੁਜ਼ਾਰੇ ਦੋ ਸਾਲ ਵੀ ਚੇਤੇ ਕਰਵਾ ਦਿੱਤੇ ਅਤੇ ਉਨ੍ਹਾਂ ਦਿਨਾਂ ਵਿਚ ਕਵੀ ਗੁਰਭਜਨ ਸਿੰਘ ਗਿੱਲ ਤੇ ਦੋਸਤਾਂ ਦੇ ਦੋਸਤ ਸਵਰਗਵਾਸੀ ਜਗਦੇਵ ਸਿੰਘ ਜੱਸੋਵਾਲ ਦੀ ਸੰਗਤ ਵੀ| ਮੇਰੀ ਕਾਲਮ ਨਵੀਸੀ ਲਈ ਇਸ ਤੋਂ ਵੱਡੀ ਉਡਾਣ ਹੋਰ ਕੀ ਹੋ ਸਕਦੀ ਸੀ| ਮੈਂ ਟਰਸਟ ਦਾ ਧੰਨਵਾਦ ਕੀਤਾ ਤੇ ਉੱਥੋਂ ਦੇ ਸਾਰੇ ਪਤਵੰਤਿਆਂ ਨੂੰ ਇੱਕ ਇੱਕ ਕਰਕੇ ਕਾਫੀ ਪਿਲਾਈ|
ਮੇਰੇ ਲਈ ਇਹ ਪਲ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬੰਦਾ ਸਿੰਘ ਬਹਾਦਰ ਯਾਦ ਦਾ ਥਾਪੜਾ ਹੀ ਨਹੀਂ ਸਗੋਂ ਆਨੰਦਪੁਰ ਸਾਹਿਬ ਤੇ ਹਜ਼ੂਰ ਸਾਹਿਬ ਦੀ ਮਹਿਮਾ ਮਾਨਣ ਦੇ ਵੀ ਸਨ| ਆਮੀਨ!