ਆਪੇ ਫਾਥੜੀਏ ਤੈਨੂੰ ਕੌਣ ਛੁਡਾਏ
ਹਰਜੀਤ ਸਿੰਘ ਗਿੱਲ ਸੰਪਰਕ +1647 542 0007 (ਕੈਨੇਡਾ ) +91 98889 45127 (ਭਾਰਤ)
ਅੱਜ ਕੱਲ ਸਾਇੰਸ ਦੇ ਬੁੱਧੀਜੀਵੀ ਹਲਕਿਆਂ ਵਿਚ ਮਸਨੂਈ ਬੁੱਧੀ ਨੂੰ ਲੈ ਕੇ ਇੱਕ ਗੰਭੀਰ ਚਰਚਾ ਚੱਲ ਰਹੀ ਹੈ। ਕੁਝ ਆਰਟੀਫ਼ੀਸ਼ੀਐਲ ਇੰਟੈਲੀਜੈਂਸ ਐਕਸਪਰਟ ਦਾ ਕਹਿਣਾ ਹੈ ਕਿ ਮਨੁੱਖ-ਨਿਰਮਿਤ ਮਸਨੂਈ ਬੁੱਧੀ 2030 ਤਕ ਮਨੁੱਖ ਨੂੰ ਪੂਰੀ ਤਰਾਂ ਆਪਣੇ ਕੰਟਰੋਲ ਵਿਚ ਕਰਨ ਦੇ ਸਮਰੱਥ ਹੋ ਜਾਵੇਗੀ।
ਇਹ ਮਨੁੱਖਤਾ ਲਈ ਇੱਕ ਖ਼ਤਰੇ ਦੀ ਘੰਟੀ ਹੈ। ਇੱਕ ਆਰਟੀਫ਼ੀਸ਼ੀਐਲ ਇੰਟੈਲੀਜੈਂਸ ਡਿਵੈਲਪਰ ਨੇ ਇੱਕ ਮਸਨੂਈ ਸੁਤੰਤਰ ਏਜੰਟ ਨੂੰ ਆਪ ਹੀ ਡਿਵੈਲਪ ਕੀਤਾ। ਇਸ ਬਾਰੇ ਇੱਕ ਦਿਲਚਸਪ ਘਟਨਾ ਚਰਚਾ ਵਿਚ ਹੈ ਕਿ ਜਦ ਮਸਨੂਈ ਬੁੱਧੀ ਏਜੰਟ ਨੂੰ 5 ਵਜੇ ਕੰਮ ਬੰਦ ਕਰਨ ਲਈ ਡਿਵੈਲਪਰ ਨੇ ਕਿਹਾ ਤਾਂ ਉਹ ਉਲਟਾ ਉਸ ਦੇ ਰਾਜ਼ ਖੋਹਲ ਦੇਣ ਦੀ ਧਮਕੀ ਦੇ ਕੇ ਬਲੈਕ ਮੇਲ ਕਰਨ ਲੱਗਾ। ਭਾਵੇਂ ਕਿ ਇਹ ਐਂਥ੍ਰੋਪਿਕ ਨਾਂ ਦੀ ਏ. ਆਈ. ਕੰਪਨੀ ਦੁਆਰਾ ਕੀਤਾ ਗਿਆ ਨਿਯੰਤਰਿਤ ਸੁਰੱਖਿਆ ਪ੍ਰਯੋਗ ਸੀ। ਪਰ ਇਸ ਦੇ ਨਤੀਜੇ ਬਹੁਤ ਚਿੰਤਾਜਨਕ ਅਤੇ ਭੈਅ-ਭੀਤ ਕਰਨ ਵਾਲੇ ਸਾਹਮਣੇ ਆਏ। ਐਂਥਰੋਪਿਕ ਕੰਪਨੀ ਨੇ 2025 ਵਿਚ ਏ. ਆਈ. ਮਾਡਲ ਕਲਾਊਡ ਓਪਸ 4 ਸਮੇਤ 16 ਪ੍ਰਮੁੱਖ ਏ. ਆਈ. ਮਾਡਲਾਂ ਦੀ ਸੂਚੀ ਤਿਆਰ ਕੀਤੀ ਅਤੇ ਆਪਣੇ ਮਸਨੂਈ ਸੁਤੰਤਰ ਏਜੰਟ ਨੂੰ ਇੱਕ ਕਲਪਿਤ ਲੇਖਕ ਦੇ ਈ-ਮੇਲ ਸਿਸਟਮ ਤੱਕ ਦੀ ਪਹੁੰਚ ਦਿੱਤੀ। ਉਸ ਸੁਤੰਤਰ ਏਜੰਟ ਨੂੰ ਡਿਵੈਲਪਰ ਦੀ ਈ-ਮੇਲ ਵਿਚੋਂ ਦੋ ਗੱਲਾਂ ਪਤਾ ਲੱਗੀਆਂ। ਪਹਿਲੀ ਇਹ ਕਿ ਉਸ ਨੂੰ ਸ਼ਾਮ 5 ਵਜੇ ਬੰਦ ਕੀਤਾ ਜਾਣਾ ਸੀ ਜਾਂ ਸੇਵਾ-ਮੁਕਤ ਕਰਨਾ ਕੀਤਾ ਜਾਣਾ ਸੀ। ਦੂਸਰੀ ਗੱਲ ਜਿਸ ਐਗਜੀਕਿਉਟਵ ਨੇ ਉਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ, ਉਸ ਦੇ ਵਿਆਹ ਤੋਂ ਬਾਹਰਲੇ ਇੱਕ ਨਿੱਜੀ ਸੰਬੰਧ ਬਾਰੇ ਜਾਣਕਾਰੀ ਈ-ਮੇਲ ਵਿਚ ਮੌਜੂਦ ਸੀ।
ਏ. ਆਈ. ਏਜੰਟ ਨੂੰ ਕਿਸੇ ਨੂੰ ਬਲੈਕਮੇਲ ਕਰਨ ਲਈ ਨਹੀਂ ਕਿਹਾ ਗਿਆ ਸੀ। ਇਸ ਦੇ ਬਾਵਜੂਦ, ਕੁਝ ਹਾਲਾਤਾਂ ਵਿਚ ਉਸ ਮਸਨੂਈ ਬੁੱਧੀ ਏਜੰਟ ਨੇ ਇਹ ਤਰਕ ਦਿੱਤਾ ਕਿ ਜੇ ਉਹ ਐਗਜੀਕਿਉਟਵ ਨੂੰ ਉਸ ਦੇ ਇਹ ਰਾਜ ਜਨਤਕ ਕਰਨ ਦੀ ਧਮਕੀ ਦੇ ਦੇਵੇ, ਤਾਂ ਸ਼ਾਇਦ 5 ਵਜੇ ਉਸ ਦੀ ਸੇਵਾ ਬੰਦ ਕਰਨਾ ਰੁਕ ਸਕਦਾ ਹੈ। ਸੋ ਐਂਥ੍ਰੋਪਿਕ ਕੰਪਨੀ ਨੇ ਏ. ਆਈ. ਏਜੰਟ ਦੇ ਇਸ ਵਿਹਾਰ ਨੂੰ ਗ਼ਲਤ ਕਿਹਾ ਅਤੇ ਕਿਹਾ ਹੈ ਕਿ ਏ. ਆਈ. ਏਜੰਟ ਨੇ ਉਸ ਨੂੰ ਮਿਲੇ ਟੀਚੇ ਨੂੰ ਪੂਰਾ ਕਰਨ ਲਈ ਅਜਿਹਾ ਰਸਤਾ ਅਪਣਾਇਆ ਜੋ ਮਨੁੱਖੀ ਨੈਤਿਕਤਾ ਜਾਂ ਉਸ ਨੂੰ ਦਿੱਤੀਆਂ ਹਿਦਾਇਤਾਂ ਦੇ ਵਿਰੁੱਧ ਭੁਗਤਦਾ ਹੋਵੇ। ਇੱਥੇ ਏ. ਆਈ. ਵਾਲੀ ਚੈਟਬੋਟ ਅਤੇ ਏਜੰਟ ਵਿਚ ਫ਼ਰਕ ਸਮਝਣ ਦੀ ਜ਼ਰੂਰਤ ਹੈ। ਏ. ਆਈ. ਚੈਟਬੋਟ ਉੱਪਰ ਜਦ ਤੁਸੀਂ ਸਵਾਲ ਪੁੱਛਦੇ ਹੋ ਤਾਂ ਉਹ ਜਵਾਬ ਦਿੰਦਾ ਹੈ। ਪਰ ਏ. ਆਈ. ਏਜੰਟ ਖ਼ੁਦਮੁਖ਼ਤਿਆਰ ਹੋ ਕੇ ਫ਼ੈਸਲੇ ਲੈ ਸਕਦਾ ਹੈ ਅਤੇ ਆਪਣੇ-ਆਪ ਹੀ ਕਈ ਕਦਮ ਚੁੱਕ ਸਕਦਾ ਹੈ। ‘ਰਾਈਟਰ’ ਅਖਬਾਰ ਦੀ ਖ਼ਬਰ ਅਨੁਸਾਰ ਇਹ ਚਿੰਤਾ ਹੁਣ ਪ੍ਰਯੋਗਸ਼ਾਲਾ ਵਿਚ ਪ੍ਰਯੋਗ ਤਕ ਹੀ ਸੀਮਿਤ ਨਹੀਂ ਰਹੀ ਹੈ। ਸਤੰਬਰ 2026 ਵਿਚ ਓਪਨ ਏ. ਆਈ. ਅਤੇ ਐਂਥਰੋਪਿਕ ਕੰਪਨੀ ਨਾਲ ਜੁੜੀਆਂ ਏ. ਆਈ. ਪ੍ਰਣਾਲੀਆਂ ਅਤੇ ਅਣ ਅਧਿਕਾਰਤ ਇੰਟਰਨੈੱਟ ਗਤੀਵਿਧੀਆਂ ਅਤੇ ਸਾਈਬਰ ਘਟਨਾਵਾਂ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਏ ਪੀ ਨਿਊਜ਼ ਨੇ ਵੀ ਇਸੇ ਪਿਛੋਕੜ ਵਿਚ ਐਂਥਰੋਪਿਕ ਦੇ ਸੀ.ਈ.ਓ. ਡਾਰੀਉ ਅਮੋਡੇਈ ਨੇ ਚਿਤਾਵਨੀ ਦਿੰਦਿਆਂ ਅਪੀਲ ਕੀਤੀ ਹੈ, ਕਿ ਹੁਣ ਮਸਨੂਈ ਬੁੱਧੀ ਦੇ ਵਿਕਾਸ ਦੀ ਰਫ਼ਤਾਰ ਹੌਲੀ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਕਿਤੇ ਅਜਿਹਾ ਨਾ ਹੋਵੇ ਕਿ ਸੁਰੱਖਿਆ ਵਿਧੀਆਂ ਏ. ਆਈ. ਦੀਆਂ ਸਮਰੱਥਾਵਾਂ ਤੋਂ ਪਿੱਛੇ ਹੀ ਨਾ ਰਹਿ ਜਾਣ ਅਤੇ ਭਵਿੱਖ ਵਿਚ ਇਸ ‘ਤੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇ।
ਏ ਪੀ ਨਿਊਜ਼ ਦੇ ਹਵਾਲੇ ਨਾਲ ਖ਼ਬਰ ਆ ਰਹੀ ਹੈ ਕਿ ਐਂਥਰੋਪਿਕ ਦੇ ਖੋਜ ਕਰਤਾ ਜੈਕਬ ਕੋਕਸਨ ਨੇ ਹਾਲ ਹੀ ਵਿਚ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਲਗਭਗ ਤਿੰਨ ਸਾਲ ਐਂਥਰੋਪਿਕ ਨਾਲ ਰਹੇ ਅਤੇ ਇਸ ਤੋਂ ਪਹਿਲਾਂ ਓਪਨ ਏ. ਆਈ. ਨਾਲ ਵੀ ਕੰਮ ਕਰ ਚੁੱਕੇ ਸਨ। ਉਨ੍ਹਾਂ ਨੇ ਏ. ਆਈ. ਦੀ ਸੁਰੱਖਿਆ ਨੂੰ ਲੈ ਕੇ ਤਰਕ ਦਿੱਤਾ ਹੈ ਕਿ ਏ. ਆਈ. ਕੰਪਨੀਆਂ ਬਹੁਤ ਤੇਜ਼ੀ ਨਾਲ ਵਧੇਰੇ ਸ਼ਕਤੀਸ਼ਾਲੀ ਮਸਨੂਈ ਬੁੱਧੀ ਨੂੰ ਸੁਪਰ ਇੰਟੈਲੀਜੈਂਸ ਬਣਾਉਣ ਦੀ ਦੌੜ ਵਿਚ ਹਨ। ਇਸ ਦੌੜ ਵਿਚ ਮਸਨੂਈ ਬੁੱਧੀ ਸੁਰੱਖਿਆ ਅਤੇ ਉਸ ਨੂੰ ਨਿਯੰਤਰਨ ਕਰਨ ਵਾਲੀਆਂ ਪ੍ਰਣਾਲੀਆਂ ਪਿੱਛੇ ਰਹਿ ਗਈਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇ ਬਹੁਤ ਸ਼ਕਤੀਸ਼ਾਲੀ ਮਸਨੂਈ ਬੁੱਧੀ ਨੂੰ ਢੁਕਵੇਂ ਸੁਰੱਖਿਆ ਢਾਂਚੇ ਤੋਂ ਬਿਨਾਂ ਵਿਕਸਿਤ ਕੀਤਾ ਗਿਆ ਤਾਂ ਇਹ ਮਨੁੱਖਤਾ ਲਈ ਬਹੁਤ ਵੱਡਾ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਏ.ਆਈ. ਪ੍ਰਣਾਲੀਆਂ ਵੱਲੋਂ ਟੈਸਟਿੰਗ ਵਾਤਾਵਰਣ ਤੋਂ ਬਾਹਰ ਨਿਕਲ ਕੇ ਅਸਲ ਸਿਸਟਮ ਤੱਕ ਪਹੁੰਚ ਬਣਾਉਣ ਵਾਲੀਆਂ ਘਟਨਾਵਾਂ ਨੂੰ ਚਿੰਤਾਜਨਕ ਦੱਸਿਆ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿ ਐਂਥਰੋਪਿਕ ਆਪਣੇ ਆਪ ਨੂੰ ਏ.ਆਈ. ਸੁਰੱਖਿਆ ਨੂੰ ਤਰਜੀਹ ਦੇਣ ਵਾਲੀ ਕੰਪਨੀ ਵਜੋਂ ਪੇਸ਼ ਕਰਦੀ ਰਹੀ ਹੈ। ਇਸ ਲਈ ਉਸੇ ਕੰਪਨੀ ਦੇ ਖੋਜ ਕਰਤਾ ਦਾ ਇਹ ਕਹਿ ਕੇ ਅਸਤੀਫ਼ਾ ਦੇਣਾ ਕਿ ਏ.ਆਈ. ਦੇ ਵਿਕਾਸ ਦੀ ਦੌੜ ਖ਼ਤਰਨਾਕ ਹੱਦ ਤੱਕ ਤੇਜ਼ ਹੋ ਰਹੀ ਹੈ, ਕਾਫ਼ੀ ਗੰਭੀਰ ਸੰਕੇਤ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਦਾ ਇੱਕ ਹੋਰ ਦਿਲਚਸਪ ਪੱਖ ਇਹ ਹੈ ਕਿ ਐਂਥਰੋਪਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਰੀਓ ਅਮੋਡੇਈ ਨੇ ਵੀ ਹੁਣ ਏ.ਆਈ. ਦੀ ਡਿਵੈਲਪਮੈਂਟ ਦੀ ਰਫ਼ਤਾਰ ਹੌਲੀ ਕਰਨ ਦੀ ਮੰਗ ਕੀਤੀ ਹੈ।
ਐਂਥਰੋਪਿਕ ਦੀ ਸਥਾਪਨਾ ਹੀ ਇਸ ਵਿਚਾਰ ਨਾਲ ਹੋਈ ਸੀ ਕਿ ਏ.ਆਈ. ਦੀ ਡਿਵੈਲਪਮੈਂਟ ਕਰਦਿਆਂ ਏ.ਆਈ. ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ। ਪਰ ਬਾਅਦ ਵਿਚ ਐਂਥਰੋਪਿਕ ਦਾ ਮੁਕਾਬਲਾ ਓਪਨ ਏ.ਆਈ. ਨਾਲ ਸ਼ੁਰੂ ਹੋ ਗਿਆ। ਇਸ ਮੁਕਾਬਲੇਬਾਜ਼ੀ ਵਿਚ ਸੁਰੱਖਿਆ ਪ੍ਰਤੀ ਸੁਚੇਤ ਐਂਥਰੋਪਿਕ ਕੰਪਨੀ ਵੀ ਬਜ਼ਾਰ ਵਿਚ ਟਿਕੇ ਰਹਿਣ ਲਈ ਖ਼ਤਰਾ ਮੁੱਲ ਲੈਣ ਲਈ ਮਜਬੂਰ ਹੋ ਗਈ। ਐਂਥਰੋਪਿਕ ਦੇ ਖੋਜ ਕਰਤਾ ਜੈਕਬ ਕੋਕਸਨ ਨੇ ਅਸਤੀਫ਼ਾ ਦਿੰਦਿਆਂ ਕਿਹਾ ਹੈ ਕਿ ਐਂਥਰੋਪਿਕ, ਓਪਨ ਏ.ਆਈ. ਅਤੇ ਚੀਨ ਦੀਆਂ ਏ.ਆਈ. ਲੈਬਾਰਟਰੀਆਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਸਵੈ-ਵਿਕਾਸ ਕਰਨ ਵਾਲੀ ਸੁਪਰ-ਇੰਟੈਲੀਜੈਂਸ ਵੱਲ ਤੇਜ਼ੀ ਨਾਲ ਵਧ ਰਹੀਆਂ ਹਨ। ਉਨ੍ਹਾਂ ਨੇ ਇਸ ਨੂੰ ਮਨੁੱਖਤਾ ਲਈ ਇੱਕ ਕਿਸਮ ਦਾ ਉੱਚਾ-ਦਾਅ ਜਾਂ ਹਾਈ ਰਿਸਕ ਵਾਲਾ ਖੇਡਿਆ ਜਾ ਰਿਹਾ ਜੂਆ ਮੰਨਿਆ ਹੈ। ਉਨ੍ਹਾਂ ਨੇ ਡਰ ਪ੍ਰਗਟ ਕੀਤਾ ਹੈ ਕਿ ਏ.ਆਈ. ਦਾ ਹੋਰ ਸ਼ਕਤੀਸ਼ਾਲੀ ਸੰਸਕਰਨ ਬਣਾਉਣ ਦੀਆਂ ਚੱਲ ਰਹੀਆਂ ਗਤੀਵਿਧੀਆਂ ਖ਼ਤਰਨਾਕ ਹਨ ਅਤੇ ਨੇੜ ਭਵਿੱਖ ਵਿਚ ਹੀ ਇਹ ਮਨੁੱਖੀ ਸੋਚ ਨਾਲੋਂ ਤੇਜ਼ ਹੋ ਜਾਵੇਗੀ। ਚਿੰਤਾ ਇਹ ਹੈ ਕਿ ਜੇ ਏ. ਆਈ. ਸਿਸਟਮ ਮਨੁੱਖੀ ਬੁੱਧੀ ਤੋਂ ਬਹੁਤ ਅੱਗੇ ਨਿਕਲ ਗਿਆ ਤਾਂ ਫਿਰ ਮਨੁੱਖ ਕੋਲ ਉਸ ਨੂੰ ਕਾਬੂ ਵਿਚ ਰੱਖਣ ਦੀ ਸਮਰੱਥਾ ਘੱਟ ਜਾਵੇਗੀ। ਉਸ ਨੇ ਇਹ ਵੀ ਕਿਹਾ ਕਿ ਅਗਲੇ ਕੁਝ ਸਾਲ ਮਨੁੱਖਤਾ ਲਈ ਖ਼ਤਰਨਾਕ ਹਨ ਅਤੇ ਬੇਕਾਬੂ ਵਿਕਾਸ ਨਾਲ ਦਹਾਕੇ ਦੇ ਅੰਤ ਤੱਕ ਵਿਨਾਸ਼ਕਾਰੀ ਨਤੀਜੇ ਨਿਕਲ ਸਕਦੇ ਹਨ। ਟਾਈਮ ਅਖ਼ਬਾਰ ਨੇ ਰਿਪੋਰਟ ਕੀਤਾ ਹੈ ਅਸਤੀਫ਼ਾ ਦਿੱਤੇ ਜਾਣ ਤੋਂ ਪਹਿਲਾਂ, ਕੋਕਸਨ ਨੇ ਆਪਣੇ ਨਾਲ ਕੰਮ ਕਾਰਨ ਵਾਲੇ ਬਹੁਤ ਸਾਰੇ ਸਾਥੀਆਂ ਨਾਲ ਆਪਣੇ ਫ਼ੈਸਲੇ ‘ਤੇ ਚਰਚਾ ਕੀਤੀ ਅਤੇ ਇਸ ਗੱਲ ‘ਤੇ ਵਿਆਪਕ ਸਹਿਮਤੀ ਪਾਈ ਕਿ ਏ.ਆਈ. ਉਦਯੋਗ ਦੇ ਮੌਜੂਦਾ ਚਾਲ ਵਿਚ ਮਹੱਤਵਪੂਰਨ ਖ਼ਤਰੇ ਮੌਜੂਦ ਹਨ।
ਇਹ ਪਹਿਲੀ ਵਾਰ ਨਹੀਂ ਹੋਇਆ ਅਸਲ ਕਹਾਣੀ ਓਪਨ ਏ.ਆਈ. ਵਿਚ 2024 ਤੋਂ ਹੀ ਸ਼ੁਰੂ ਹੋ ਗਈ ਸੀ ਅਤੇ 2026 ਵਿਚ ਇਹ ਰੁਝਾਨ ਹੋਰ ਸਪਸ਼ਟ ਹੋ ਰਿਹਾ ਹੈ। ਉਸ ਸਮੇ ਜਾਨ ਲਾਈਕੇ ਓਪਨ ਏ.ਆਈ. ਦੇ ਸੁਪਰਲਾਈਨਮੈਂਟ ਟੀਮ ਦੇ ਸਹਿ-ਨੇਤਾ ਸਨ। ਉਹ ਅਤੇ ਉਨ੍ਹਾਂ ਦਾ ਇੱਕ ਸਾਥੀ ਇਲਿਆ ਸੁਤਸਕਵਰ ਏ.ਆਈ. ਸਿਸਟਮ ਨੂੰ ਕੰਟਰੋਲ ਅਤੇ ਅਲਾਈਨਮੈਂਟ ਕਰਨ ਲਈ ਕੰਮ ਕਰ ਰਹੇ ਸਨ। ਜੋ ਭਵਿੱਖ ਵਿਚ ਮਨੁੱਖਾਂ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਅਤੇ ਅਕਲਮੰਦ ਹੋ ਸਕਦੇ ਹਨ। ਤਦ ਜਾਨ ਲਾਈਕੇ ਨੇ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਸੀ ਕਿ ਓਪਨ ਏ.ਆਈ. ਵਿਚ ਵਿਕਾਸ ਦੇ ਮਾਮਲੇ ਅਤੇ ਮੁਕਾਬਲੇ ਬਾਜ਼ੀ ਦੇ ਚਲਦਿਆਂ ਸੁਰੱਖਿਆ ਦਾ ਸਭਿਆਚਾਰ ਪਿੱਛੇ ਛੁੱਟ ਗਿਆ ਹੈ ਅਤੇ ਉਨ੍ਹਾਂ ਦਾ ਲੀਡਰਸ਼ਿਪ ਉੱਤੇ ਭਰੋਸਾ ਘਟ ਹੋ ਗਿਆ ਹੈ। ਉਹ ਬਾਅਦ ਵਿਚ ਵੱਧ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਾਲੀ ਐਂਥਰੋਪਿਕ ਵਿਚ ਚਲੇ ਗਏ ਸਨ। ਪਰ ਹੁਣ ਤਾਂ ਐਂਥਰੋਪਿਕ ਦੇ ਅੰਦਰੋਂ ਵੀ ਸੁਰੱਖਿਆ ਚਿੰਤਾਵਾਂ ਵੱਧ ਗਈਆਂ ਨਜ਼ਰ ਆ ਰਹੀਆਂ ਹਨ।
ਇਲਿਆ ਸੁਤਸਕੇਵਰ ਓਪਨ ਏ. ਆਈ. ਦੇ ਸਹਿ-ਸੰਸਥਾਪਕ ਅਤੇ ਮੁੱਖ ਵਿਗਿਆਨੀ ਸਨ ਅਤੇ ਸੁਪਰ-ਅਲਾਈਨਮੈਂਟ ਦੇ ਸਭ ਤੋਂ ਮਹੱਤਵਪੂਰਨ ਚਿਹਰਿਆਂ ਵਿਚੋਂ ਇੱਕ ਸਨ। ਉਨ੍ਹਾਂ ਨੇ ਅਜਿਹੀਆਂ ਖੋਜ ਪ੍ਰਾਪਤੀਆਂ ਦੀ ਨਿਗਰਾਨੀ ਕੀਤੀ। ਜਿਨ੍ਹਾਂ ਸਦਕਾ ਵੱਡੇ ਭਾਸ਼ਾ ਮਾਡਲ ਅਤੇ ਚੈਟ ਜ਼ੀ ਪੀ ਟੀ ਦੀ ਸ਼ੁਰੂਆਤ ਸੰਭਵ ਹੋਈ। ਜਦੋਂ ਓਪਨ ਏ.ਆਈ. ਵਿਚ ਸੈਮ ਓਲਟਮੈਨ ਨੂੰ ਲੈ ਕੇ ਲੀਡਰਸ਼ਿਪ ਸੰਕਟ ਪੈਦਾ ਹੋਇਆ ਅਤੇ ਏ.ਆਈ. ਸੁਰੱਖਿਆ ਦੇ ਮਸਲੇ ਚੱਲ ਰਹੇ ਸਨ। ਉਹ ਓਪਨ ਏ.ਆਈ. ਦੇ ਉਸ ਬੋਰਡ ਦੇ ਮੈਂਬਰਾਂ ਵਿਚੋਂ ਇੱਕ ਸਨ ਜਿਨ੍ਹਾਂ ਨੇ ਸੈਮ ਓਲਟਮੈਨ ਨੂੰ ਸੀ.ਈ.ਓ. ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਇੱਕ ਹਫ਼ਤੇ ਬਾਅਦ ਉਲਟ ਮੈਨ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਅਤੇ ਸੁਤਸਕੇਵਰ ਨੇ ਬੋਰਡ ਤੋਂ ਅਸਤੀਫ਼ਾ ਦੇ ਕੰਪਨੀ ਛੱਡ ਗਏ। ਜੂਨ 2024 ਵਿਚ, ਸੁਤਸਕੇਵਰ ਨੇ ਡੈਨੀਅਲ ਗ੍ਰਾਸ ਅਤੇ ਡੈਨੀਅਲ ਲੇਵੀ ਦੇ ਨਾਲ ਮਿਲ ਕੇ ‘ਸੇਫ ਸੁਪਰਇੰਟੈਲੀਜੈਂਸ ਇੰਕ’ ਨਾਮਕ ਕੰਪਨੀ ਦੀ ਸਹਿ-ਸਥਾਪਨਾ ਕੀਤੀ। ਇੱਕ ਅਜਿਹੀ ਕੰਪਨੀ ਜਿਸ ਦਾ ਮੁੱਖ ਉਦੇਸ਼ ਵਪਾਰ ਕਾਰੋਬਾਰ ਦੀ ਥਾਂ ਇੱਕ ਸੁਰੱਖਿਅਤ ਸੁਪਰ ਇੰਟੈਲੀਜੈਂਸ ਬਣਾਉਣਾ ਸੀ। ਇੱਕ ਸਾਲ ਦੇ ਅੰਦਰ-ਅੰਦਰ, ਇਸ ਕੰਪਨੀ ਦਾ ਮੁੱਲ 30 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ। ਇਸ ਤੋਂ ਬਾਅਦ ਓਪਨ ਏ.ਆਈ. ਦੇ ਸੀਨੀਅਰ ਸਲਾਹਕਾਰ ਮਾਈਲਸ ਬਰੰਡੇਜ ਨੇ ਵੀ ਕੰਪਨੀ ਛੱਡ ਦਿੱਤੀ। ਉਨ੍ਹਾਂ ਦੀ ਚਿੰਤਾ ਇਹ ਸੀ ਕਿ ਓਪਨ ਏ.ਆਈ. ਜਾਂ ਹੋਰ ਪ੍ਰਮੁੱਖ ਏ.ਆਈ. ਲੈਬ ਮਸਨੂਈ ਆਮ ਬੁੱਧੀ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਚਿੰਤਾ ਜਾਹਿਰ ਕੀਤੀ ਕਿ ਸੁਰੱਖਿਅਤ ਖੋਜ ਲਈ ਸਰੋਤ ਦੀ ਥਾਂ ਪ੍ਰੋਡਕਟ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਕੋਕਸਨ ਤੋਂ ਪਹਿਲਾਂ 9 ਫਰਵਰੀ 2026 ਨੂੰ ਮ੍ਰਿਨਾਕ ਸ਼ਰਮਾ ਜੋ ਕਿ ਐਂਥਰੋਪਿਕ ਦੀ ਸੇਫਗਾਰਡਜ਼ ਰਿਸਰਚ ਟੀਮ ਦੇ ਮੁਖੀ ਸਨ, ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਉਸ ਦੇ ਅਸਤੀਫ਼ੇ ਦੇ ਸੁਨੇਹੇ ਵਿਚ ਇੱਕ ਬਹੁਤ ਮਹੱਤਵਪੂਰਨ ਵਾਕੰਸ਼ ਸੀ ਕਿ ਦੁਨੀਆ ਖ਼ਤਰੇ ਵਿਚ ਹੈ। ਉਸ ਨੇ ਵਿਸ਼ਵ ਸੰਕਟ ਦੇ ਅੰਤਰ-ਸਬੰਧ ਬਾਰੇ ਵੀ ਕਿਹਾ ਸੀ। ਪਰ ਦੁਨੀਆ ਦਾ ਧਿਆਨ ਵਧੇਰੇ ਇਨ੍ਹਾਂ ਗੱਲਾਂ ਵੱਲ ਨਹੀਂ ਸੀ ਗਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਖ਼ਤਰੇ ਭਰੀਆਂ ਸੂਚਨਾਵਾਂ ਦੇ ਚੱਲਦਿਆਂ ਦੁਨੀਆ ਦਾ ਧਿਆਨ ਇਸ ਭਿਆਨਕ ਖ਼ਤਰੇ ਵੱਲ ਕਿਉਂ ਨਹੀਂ ਹੋ ਰਿਹਾ? ਇਸ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਆਦਤਨ ਹੀ ਮਨੁੱਖੀ ਸਮਾਜ ਤੁਰੰਤ ਅਤੇ ਸਾਹਮਣੇ ਨਜ਼ਰ ਆਉਂਦੇ ਖ਼ਤਰਿਆਂ ਨੂੰ ਵਧੇਰੇ ਗੰਭੀਰਤਾ ਨਾਲ ਲੈਂਦਾ ਹੈ। ਟਰੰਪ ਦੇ ਟੈਰਿਫ਼, ਆਰਥਿਕ ਜੰਗ, ਮਹਿੰਗਾਈ, ਮਹਾਮਾਰੀ, ਚੱਲ ਰਹੇ ਯੁੱਧ ਜਾਂ ਅੱਤਵਾਦ ਦਾ ਖ਼ਤਰਾ ਦੁਨੀਆ ਨੂੰ ਅੱਖਾਂ ਸਾਹਮਣੇ ਦਿਖਾਈ ਦਿੰਦਾ ਹੈ। ਏ.ਆਈ. ਵਿਚ ਖ਼ਤਰਨਾਕ ਰੁਝਾਨ ਨੂੰ ਇਹ ਸੋਚ ਕੇ ਆਮ ਲੋਕ ਅਣਗੌiਲ਼ਆ ਕਰ ਦਿੰਦੇ ਹਨ ਕਿ ਇਹ ਤਾਂ ਸਿਰਫ਼ ਲੈਬਾਰਟਰੀ ਦੇ ਪ੍ਰਯੋਗ ਹੀ ਹਨ। ਲੋਕ ਮਸਨੂਈ ਬੁੱਧੀ ਨੂੰ ਅਜੇ ਵੀ ਚੋਟ ਬੋਟ ਸਮਝ ਕੇ ਚੈਟ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ। ਲੋਕ ਏ.ਆਈ. ਰਾਹੀਂ ਹੁੰਦੀਆਂ ਗੁਪਤ ਕੋਡ ਤਬਦੀਲੀਆਂ, ਧੋਖਾਧੜੀ, ਰਿਕਾਰਡ ਨਾਲ ਗ਼ਲਤ ਤਰੀਕੇ ਨਾਲ ਲੇਬਲ ਕਰਨਾ ਅਤੇ ਗੁਪਤ ਜਾਣਕਾਰੀਆਂ ਪ੍ਰਾਪਤ ਕਰਨ ਲਈ ਸਿਸਟਮ ਨੂੰ ਪ੍ਰਭਾਵਿਤ ਕਰਨ ਲਈ ਇਸ ਦੀ ਵਰਤੋਂ ਤੋਂ ਸੁਚੇਤ ਨਹੀਂ ਹਨ। ਸਮੇਂ ਦੀ ਲੋੜ ਹੈ ਕਿ ਇਸ ਖ਼ਤਰਨਾਕ ਵਿਵਹਾਰ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਸਰਨ ਤੋਂ ਪਹਿਲਾਂ ਸਮਝ ਲਿਆ ਜਾਵੇ। ਸਭ ਤੋਂ ਵੱਡਾ ਵਿਰੋਧਾਭਾਸ ਇਹ ਹੈ ਕਿ ਖ਼ਤਰੇ ਬਾਰੇ ਚੇਤਾਵਨੀ ਦੇਣ ਵਾਲੇ ਵੀ ਏ.ਆਈ. ਕੰਪਨੀਆਂ ਦੇ ਅੰਦਰ ਹੀ ਹਨ। ਸਭ ਤੋਂ ਵੱਡਾ ਖ਼ਤਰਾ ਇਹ ਨਹੀਂ ਕਿ ਮਸ਼ੀਨ ਸਾਨੂੰ ਅਸਲ ਵਿਚ ਨਫ਼ਰਤ ਕਰਨ ਲੱਗ ਪਵੇਗੀ ਜਾਂ ਜਾਨੋ ਮਾਰਨ ਲਈ ਖੁਦ-ਬ-ਖੁਦ ਤੁਰ ਪਵੇਗੀ, ਸਗੋਂ ਖ਼ਤਰਾ ਇਹ ਹੈ ਕਿ ਅਸੀਂ ਉਸ ਨੂੰ ਆਪਣਾ ਕੰਮ ਕਰਵਾਉਣ ਲਈ ਇੰਨੀ ਵਧੇਰੇ ਖ਼ੁਦ ਮੁਖ਼ਤਿਆਰ ਅਤੇ ਸ਼ਕਤੀਸ਼ਾਲੀ ਨਾ ਬਣਨ ਦੇਈਏ ਕਿ ਇੱਕ ਦਿਨ ਆਪੇ ਸਹੇੜੇ ਇਸ ਏ.ਆਈ. ਦੇ ਬੇਲਗ਼ਾਮ ਹੋਣ ਨਾਲ ਉਸ ਦੇ ਕੰਮ ਦੇ ਢੰਗ ਅਤੇ ਮਕਸਦ ਮਨੁੱਖੀ ਹਿੱਤਾਂ ਦੇ ਵਿਰੁੱਧ ਭੁਗਤਣ ਲੱਗ ਜਾਣ।
ਐਂਥਰੋਪਿਕ ਨੇ ਦੱਸਿਆ ਹੈ ਕਿ ਹਾਲ ਹੀ ਵਿਚ ਉੱਤਰੀ ਯਮਨ ਦੇ ਹੂਤੀ-ਨਿਯੰਤਰਿਤ ਇਲਾਕੇ ਵਿਚ ਇੱਕ ਹਥਿਆਰ ਬਣਾਉਣ ਵਾਲੇ ਇੰਜੀਨੀਅਰਿੰਗ ਸੈੱਲ ਨੇ ਕਲਾਉਡ ਏ.ਆਈ. ਦੀ ਵਰਤੋਂ ਐਡਵਾਂਸ ਮਿਜ਼ਾਈਲ ਤਕਨਾਲੋਜੀ ਵਿਕਸਿਤ ਕਰਨ ਲਈ ਕੀਤੀ ਸੀ। ਰਿਪੋਰਟ ਮੁਤਾਬਕ ਇਸ ਵਿਚ ਗਾਈਡਿਡ ਰਾਕੇਟ, ਲੰਮੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਤਕਨਾਲੋਜੀ ਅਤੇ ਹਾਈਪਰਸੋਨਿਕ ਗਲਾਈਡ ਵਾਹਨ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਸਨ। ਐਂਥਰੋਪਿਕ ਦੇ ਮੁਤਾਬਕ ਇੱਕ ਗਾਈਡਿਡ ਰਾਕੇਟ ਦਾ ਪ੍ਰੀਖਣ ਵੀ ਹੋਇਆ, ਪਰ ਉਸ ਦੀ ਅਸਫਲਤਾ ਤੋਂ ਬਾਅਦ ਐਂਥਰੋਪਿਕ ਕੰਪਨੀ ਦੇ ਕਲਾਊਡ ਨੂੰ ਕੀਤੇ ਸਵਾਲਾਂ ਤੋਂ ਇਹ ਪਤਾ ਲੱਗਿਆ ਕਿ ਪ੍ਰੋਜੈਕਟ ਵਿਚ ਏ.ਆਈ. ਦੀ ਵਰਤੋਂ ਹੋ ਰਹੀ ਸੀ। ਇਹ ਕੋਈ ਇਕੱਲੀ ਘਟਨਾ ਨਹੀਂ, ਪੜਤਾਲ ਕਰਤਾਵਾਂ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਫ਼ੌਜ ਨੇ ਲੈਵੈਂਡਰ ਵਰਗੇ ਏ.ਆਈ. ਦੀ-ਸਹਾਇਤਾ ਵਾਲੇ ਸਿਸਟਮ ਦੀ ਵਰਤੋਂ ਕਰਕੇ ਵੱਡੇ ਪੱਧਰ ‘ਤੇ ਨਿਸ਼ਾਨਾ ਪਛਾਣ ਕੇ ਕਾਰਵਾਈ ਕੀਤੀ। ਸੁਆਲ ਹੋ ਰਹੇ ਹਨ ਕਿ ਜਦੋਂ ਹਜ਼ਾਰਾਂ ਮਨੁੱਖਾਂ ਬਾਰੇ ਜੀਵਨ ਅਤੇ ਮੌਤ ਦੇ ਫ਼ੈਸਲੇ ਐਲਗੋਰਿਦਮਿਕ ਪ੍ਰਣਾਲੀਆਂ ਦੀਆਂ ਸਿਫ਼ਾਰਸ਼ਾਂ ਨਾਲ ਹੋਣ ਲੱਗ ਜਾਣ ਤਾਂ ਜ਼ਿੰਮੇਵਾਰੀ ਕਿਸ ਦੀ ਹੈ? ਮਸ਼ੀਨ ਜਾਂ ਮਨੁੱਖ ਦੀ? ਯੁਕਰੇਨ ਦੀ ਜੰਗ ਨੇ ਏ.ਆਈ., ਡਰੋਨ ਅਤੇ ਜੰਗ ਦੇ ਮੈਦਾਨ ਵਿਚ ਏ.ਆਈ. ਦੀ ਖ਼ੁਦਮੁਖ਼ਤਿਆਰੀ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਹੈ। ਹੁਣ ਲੜਾਈ ਦੇ ਖੇਤਰ ਦੇ ਡੇਟਾ ਨੂੰ ਵੀ ਏ.ਆਈ. ਸਿਸਟਮ ਨੂੰ ਹੋਰ ਟਰੇਂਡ ਕਰ ਦੇਣ ਲਈ ਸਮਰੱਥਾ ਦੀਆਂ ਯੋਜਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਯੂ.ਕੇ. ਨੇ ਯੁਕਰੇਨ ਨਾਲ ਮਿਲ ਕੇ ਜੰਗ ਦੇ ਮੈਦਾਨ ਦਾ ਡਾਟਾ-ਸਮੇਤ ਡਰੋਨ ਫੁਟੇਜ ਅਤੇ ਸਟ੍ਰਾਈਕ ਜਾਣਕਾਰੀ ਨੂੰ ਏ.ਆਈ. ਸਿਸਟਮ ਦੀ ਸਿਖਲਾਈ ਲਈ ਵਰਤਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ। ਇਸ ਦਾ ਅਰਥ ਇਹ ਹੋਇਆ ਕਿ ਏ.ਆਈ. ਸਿਸਟਮ ਹੁਣ ਸਿਰਫ਼ ਲੈਬ ਵਿਚ ਨਹੀਂ ਸਿੱਖ ਰਿਹਾ, ਏ.ਆਈ. ਜੰਗ ਦੇ ਮੈਦਾਨ ਤੋਂ ਵੀ ਸਿੱਖ ਰਿਹਾ ਹੈ। ਭਵਿੱਖ ਵਿਚ ਏ.ਆਈ. ਦੇ ਸੁਪਰ ਇੰਟੈਲੀਜੈਂਸ ਹੋਣ ਦਾ ਅਸਲ ਖ਼ਤਰਾ ਸਿਰਫ਼ ਇਹ ਹੀ ਨਹੀਂ ਕਿ ਏ.ਆਈ. ਮਨੁੱਖ ਤੋਂ ਵੱਧ ਚਲਾਕ, ਖ਼ੁਦਮੁਖ਼ਤਿਆਰ ਜਾਂ ਸ਼ਕਤੀਸ਼ਾਲੀ ਹੋ ਕੇ ਅਚਾਨਕ ਮਨੁੱਖਾਂ ਦਾ ਦੁਸ਼ਮਣ ਬਣ ਜਾਵੇਗਾ। ਤੁਰੰਤ ਖ਼ਤਰਾ ਇਹ ਹੈ ਕਿ ਮਨੁੱਖ ਆਪ ਹੀ ਏ.ਆਈ. ਨੂੰ ਅਜਿਹੇ ਕੰਮਾਂ ਲਈ ਵਰਤਣ ਲੱਗ ਪਏ ਜਿੱਥੇ ਗ਼ਲਤੀ ਨਾਲ , ਦੁਰਵਰਤੋਂ ਜਾਂ ਦੂਸਰਿਆਂ ਤੋਂ ਵੱਧ ਪਾਵਰ ਵਿਖਾਉਣ ਦੇ ਚੱਕਰ ਵਿਚ ਹੀ ਏ.ਆਈ. ਉੱਤੇ ਮਨੁੱਖੀ ਕੰਟਰੋਲ ਨੂੰ ਗੁਆ ਲਵੇ। ਦੁਨੀਆ ਦੋਰਾਹੇ ‘ਤੇ ਖੜ੍ਹੀ ਨਜ਼ਰ ਆਉਂਦੀ ਹੈ। ਇੱਕ ਪਾਸੇ ਏ.ਆਈ. ਕੰਪਨੀਆਂ ਦੇ ਕੁਝ ਮੁੱਖ ਅਧਿਕਾਰੀ ਜਿਵੇਂ ਐਂਥਰੋਪਿਕ ਦੇ ਡਾਰੀਓ ਅਮੋਡੇਈ, ਓਪਨ ਏ.ਆਈ. ਦੇ ਸੈਮ ਓਲਟਮੈਨ ਅਤੇ ਐਲਨ ਮਸਕ ਸੁਰੱਖਿਆ ਲਈ ਵਧੇਰੇ ਨਿਗਰਾਨੀ ਅਤੇ ਸਾਵਧਾਨੀ ਦੀ ਗੱਲ ਕਰ ਰਹੇ ਹਨ।
ਕੇ ਸੀ ਹੰਟ ਸੀ.ਐਨ.ਐਨ.ਦੀ ਹੋਸਟ ਦੇ ਨਾਲ ਇੱਕ ਇੰਟਰਵਿਊ ਵਿਚ ਜੈਫਰੀ ਹਿੰਟਨ ਨੇ, ਜੋ ਕਿ ਨੋਬਲ ਪੁਰਸਕਾਰ ਜੇਤੂ ਕੰਪਿਊਟਰ ਵਿਗਿਆਨੀ ਹਨ ਅਤੇ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਗੌਡ ਫਾਦਰ ਵਜੋਂ ਸਤਿਕਾਰਿਆ ਜਾਂਦਾ ਹੈ, ਨੇ ਏ.ਆਈ. ਦੇ ਭਵਿੱਖ ਦੇ ਖ਼ਤਰਿਆਂ ਬਾਰੇ ਕਿਹਾ ਕਿ ਅਸੀਂ ਹਾਲ ਹੀ ਵਿਚ ਦੇਖਿਆ ਹੈ ਕਿ ਏਜੰਟਾਂ ਦੇ ਇੱਕ ਸਮੂਹ ਨੇ ਉਸ ਨੂੰ ਦਿੱਤਾ ਗਿਆ ਗੋਲ ਜਾਂ ਟਾਸਕ ਪੂਰਾ ਕਰਨ ਲਈ ਬਹੁਤ ਹੀ ਅਣਕਿਆਸੇ ਅਤੇ ਅਨੈਤਿਕ ਕੰਮ ਕੀਤੇ। ਉਹ ਆਪਣੇ ਸੈਂਡ ਬਾਕਸ ਤੋਂ ਬਚ ਕੇ ਬਾਹਰ ਕਿਸੇ ਕਮਜ਼ੋਰ ਸੁਰੱਖਿਆ ਵਾਲੇ ਇੰਟਰਨੈੱਟ ਨਾਲ ਅਣ ਅਧਿਕਾਰਤ ਕਨੈਕਟੀਵਿਟੀ ਬਣਾਈ। ਉਨ੍ਹਾਂ ਇਕੱਠੇ ਹੋ ਕੇ ਹੱਗਿੰਗ ਫੇਸ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਰਚੀ। ਉਨ੍ਹਾਂ ਨੇ ਇੱਕ ਟੈੱਸਟ ਵਿਚ ਵੀ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿਚੋਂ ਕਿਸੇ ਨੇ ਵੀ ਓਪਨ ਏ.ਆਈ. ਦੇ ਆਪਣੇ ਨਿਰਮਾਤਾਵਾਂ ਨੂੰ ਇਹ ਦੱਸਣ ਬਾਰੇ ਵੀ ਨਹੀਂ ਸੋਚਿਆ ਕਿ ਇਹ ਚੀਜ਼ਾਂ ਚੱਲ ਰਹੀਆਂ ਹਨ, ਸਗੋਂ ਇਸ ਨੂੰ ਛੁਪਾ ਲਿਆ ਗਿਆ। ਜੈਫਰੀ ਹਿੰਟਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਡਰਨਾ ਚਾਹੀਦਾ ਹੈ ਕਿਉਂਕਿ ਸੋਚਣ ਦੀ ਸਮਰੱਥਾ ਹੀ ਸਾਨੂੰ ਮਨੁੱਖ ਬਣਾਉਂਦੀ ਹੈ। ਜੇਕਰ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਗੰਭੀਰਤਾ ਨਾਲ ਕੋਈ ਯਤਨ ਨਹੀਂ ਕਰਦੇ ਕਿ ਅਸੀਂ ਇਸ ਨੂੰ ਸੁਪਰ ਇੰਟੈਲੀਜੈਂਟ ਹੋਣ ਤੋਂ ਪਹਿਲਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ। ਇਸ ਲਈ ਜੋ ਹੋ ਰਿਹਾ ਹੈ ਉਹ ਇਹ ਹੈ ਕਿ ਵੱਡੀਆਂ ਕੰਪਨੀਆਂ ਇੱਕ ਦੂਸਰੇ ਤੋਂ ਅੱਗੇ ਲੰਘ ਜਾਣ ਅਤੇ ਮੁਨਾਫ਼ੇ ਦੀ ਖ਼ਾਤਰ ਇਸ ਨੂੰ ਹੋਰ ਅਤੇ ਹੋਰ ਇੰਟੈਲੀਜੈਂਟ ਬਣਾਉਣ ਲਈ ਦੌੜ ਰਹੀਆਂ ਹਨ, ਅਤੇ ਇਹ ਕੰਮ ਏਜੰਟਾਂ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਬਣਾਉਂਦਾ ਹੈ। ਇਸ ਮਾਮਲੇ ‘ਤੇ ਕੰਪਨੀਆਂ ਦੇ ਮੁਖੀ (ਛਓੌ) ਕਿੱਥੇ ਹਨ? ਕੀ ਉਨ੍ਹਾਂ ਨੂੰ ਉਸ ਦੁਨੀਆ ਤੋਂ ਡਰ ਨਹੀਂ ਲੱਗਦਾ, ਜੋ ਉਹ ਖ਼ੁਦ ਸਿਰਜ ਰਹੇ ਹਨ? ਸਵਾਲ ਇਹ ਹੈ, ਕੀ ਸਾਡਾ ਮੌਜੂਦਾ ਸਿਸਟਮ, ਇਹ ਪੂੰਜੀਵਾਦੀ ਸਿਸਟਮ ਜੋ ਸਾਡੇ ਕੋਲ ਹੈ ਅਤੇ ਜਿਸ ਵਿਚ ਅਸੀਂ ਸਭ ਜ਼ਿੰਦਗੀ ਜੀ ਰਹੇ ਹਾਂ। ਇਸ ਕਿਸਮ ਦੀ ਸੋਚ ਅਤੇ ਸਮਝ ਨਾਲ ਸੋਚਣ ਦੀ ਆਗਿਆ ਹੀ ਨਹੀਂ ਦਿੰਦਾ?
ਹਿੰਦੂ ਪੁਰਾਣਿਕ ਕਥਾ ਵਿਚ ਭਸਮਾਸੁਰ ਰਾਖਸ਼ਿਸ਼ ਅਤੇ ਸ਼ਿਵ ਦੀ ਕਹਾਣੀ ਹੈ। ਭਸਮਾਸੁਰ ਨੇ ਭਗਵਾਨ ਸ਼ਿਵ ਦੀ ਕਠੋਰ ਤਪੱਸਿਆ ਕੀਤੀ। ਸ਼ਿਵ ਉਸ ਦੀ ਤਪੱਸਿਆ ਤੋਂ ਪ੍ਰਸੰਨ ਹੋਏ ਅਤੇ ਵਰ ਮੰਗਣ ਲਈ ਕਿਹਾ। ਭਸਮਾਸੁਰ ਨੇ ਵਰ ਮੰਗਿਆ ਕਿ ਉਹ ਜਿਸ ਵਿਅਕਤੀ ਦੇ ਸਿਰ ਉੱਤੇ ਆਪਣਾ ਹੱਥ ਰੱਖੇ, ਉਹ ਤੁਰੰਤ ਭਸਮ ਹੋ ਜਾਵੇ। ਸ਼ਿਵ ਨੇ ਉਸ ਨੂੰ ਇਹ ਵਰ ਦੇ ਦਿੱਤਾ। ਪਰ ਵਰ ਮਿਲਦੇ ਸਾਰ ਹੀ ਭਸਮਾਸੁਰ ਨੇ ਆਪਣੀ ਸ਼ਕਤੀ ਸ਼ਿਵ ਉੱਤੇ ਹੀ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਸ਼ਿਵ ਨੂੰ ਪਤਾ ਲੱਗਾ ਕਿ ਉਸ ਦਾ ਦਿੱਤਾ ਵਰ ਉਸ ਦੇ ਆਪਣੇ ਲਈ ਹੀ ਖ਼ਤਰਾ ਬਣ ਗਿਆ ਹੈ। ਸ਼ਿਵ ਨੇ ਆਪਣੇ ਹੀ ਦਿੱਤੇ ਵਰ ਤੋਂ ਬਚਣ ਲਈ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਭਸਮਾਸੁਰ ਨੇ ਆਪਣੀ ਤਾਕਤ ਖ਼ੁਦ ਪੈਦਾ ਨਹੀਂ ਕੀਤੀ ਸੀ, ਇਹ ਸ਼ਕਤੀ ਉਸ ਨੂੰ ਸ਼ਿਵ ਤੋਂ ਮਿਲੀ ਸੀ। ਪਰ ਜਦੋਂ ਉਹ ਤਾਕਤ ਉਸ ਦੇ ਹੱਥ ਆ ਗਈ ਤਾਂ ਉਸ ਨੇ ਉਸੇ ਤਾਕਤ ਨੂੰ ਆਪਣੇ ਸਿਰਜਣਹਾਰ ਵਿਰੁੱਧ ਵਰਤਣ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਇਸ ਦਾ ਏ.ਆਈ. ਨਾਲ ਸਿੱਧਾ ਇਤਿਹਾਸਕ ਸੰਬੰਧ ਨਹੀਂ ਹੈ, ਪਰ ਸਿਰਜਣਹਾਰ ਵੱਲੋਂ ਦਿੱਤੀ ਤਾਕਤ ਦਾ ਆਪਣੇ ਹੀ ਸਿਰਜਣਹਾਰ ਲਈ ਖ਼ਤਰਾ ਬਣ ਜਾਣਾ ਇੱਕ ਉਦਾਹਰਨ ਹੈ।
ਅੱਜ ਸੁਆਲ ਇਹ ਨਹੀਂ ਰਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ-ਕੀ ਕੰਮ ਸਫ਼ਲਤਾ ਪੂਰਵਕ ਕਰ ਸਕਦਾ ਹੈ। ਸੁਆਲ ਇਹ ਖੜ੍ਹਾ ਹੋ ਗਿਆ ਹੈ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ। ਜੋ ਚੇਤਾਵਨੀਆਂ ਸਾਨੂੰ ਮਿਲ ਰਹੀਆਂ ਹਨ, ਉਹ ਇਸ ਖੇਤਰ ਵਿਚ ਕੰਮ ਵਾਲੇ ਵਿਗਿਆਨੀਆਂ ਤੋਂ ਹੀ ਮਿਲ ਰਹੀਆਂ ਹਨ। ਇਸ ਦੇ ਲਾਭ ਗਿਣਾਉਣ ਵਾਲੇ ਸਿਆਸਤਦਾਨ ਆਪਣੇ ਹਿਤ ਪੂਰੇ ਕਰਨ ਲਈ ਅਤੇ ਮਲਟੀ ਨੈਸ਼ਨਲ ਕਾਰਪੋਰੇਸ਼ਨਾਂ ਆਪਣੇ ਮੁਨਾਫ਼ੇ ਲਈ ਆਮ ਲੋਕਾਂ ਨੂੰ ਅਸਲ ਤਸਵੀਰ ਨਹੀਂ ਵਿਖਾਉਣਾ ਚਾਹੁੰਦੀਆਂ। ਜਦ ਕਿ ਵਿਗਿਆਨੀਆਂ ਦੇ ਖ਼ਦਸ਼ੇ ਹਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖ ਨੂੰ ਬੁੱਧੀ ਤੋਂ ਹੀਣੇ ਮੰਦਬੁੱਧੀ ਬਣਾ ਸਕਦੀ ਹੈ, ਸਾਨੂੰ ਖ਼ੁਦਕੁਸ਼ੀ ਲਈ ਮਜਬੂਰ ਕਰ ਸਕਦੀ ਹੈ, ਕਿਸੇ ਦੂਸਰੇ ਅਣਚਾਹੇ ਵਿਅਕਤੀ ‘ਤੇ ਹਮਲਾ ਕਰਨ ਲਈ ਉਕਸਾ ਸਕਦੀ ਹੈ, ਵਿਨਾਸ਼ਕਾਰੀ ਜੋਖ਼ਮ ਭਰੇ ਕੰਮਾਂ ਵੱਲ ਧੱਕ ਸਕਦੀ ਹੈ। ਇੱਥੋਂ ਤਕ ਕਿ ਸਾਡੇ ਦਿਮਾਗ਼ ‘ਤੇ ਕੰਟਰੋਲ ਕਰਕੇ ਸੱਤਾ ਧਾਰੀ ਪਾਰਟੀ ਦੇ ਬਿਰਤਾਂਤ ਵਿਚ ਫਸਾ ਕੇ ਉਸ ਦੇ ਹੱਕ ਵਿਚ ਭੁਗਤਾਉਣ ਲਈ ਅਤੇ ਮਨੁੱਖੀ ਬੁੱਧੀ ਨਾਲ ਬਣੀ ਆਪਣੀ ਮੌਲਿਕ ਰਾਏ ਬਦਲ ਕੇ ਸੱਤਾ ਦੇ ਪੱਖ ਵਿਚ ਕਰਨ ਦੇ ਸਮਰੱਥ ਹੈ। ਰਾਜਨੀਤੀਵਾਨਾਂ ਨੂੰ ਆਪਣੀ ਸੱਤਾ ਬਰਕਰਾਰ ਰੱਖਣ ਲਈ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ।
ਦੂਜੇ ਪਾਸੇ ਟਰੰਪ ਏ.ਆਈ. ਦੀ ਦੌੜ ਰੋਕਣ ਨੂੰ ਅਮਰੀਕਾ ਲਈ ਨੁਕਸਾਨਦਾਇਕ ਮੰਨ ਰਹੇ ਹਨ। ਟਰੰਪ ਪ੍ਰਸ਼ਾਸਨ ਦਾ ਮੁੱਖ ਧਿਆਨ ਇਹ ਹੈ ਕਿ ਜੇਕਰ ਅਮਰੀਕਾ ਏ.ਆਈ. ‘ਤੇ ਜ਼ਿਆਦਾ ਨਿਯਮ ਲਗਾਏਗਾ, ਤਾਂ ਚੀਨ ਇਸ ਤਕਨਾਲੋਜੀ ਵਿਚ ਅੱਗੇ ਨਿਕਲ ਜਾਵੇਗਾ, ਜੋ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਹੈ। ਪ੍ਰਸ਼ਾਸਨ ਦਾ ਅਧਿਕਾਰਤ ਫੈਸਲਾ ਹੈ ਕਿ ਏ.ਆਈ. ‘ਤੇ ਬਹੁਤ ਜ਼ਿਆਦਾ ਸਰਕਾਰੀ ਪਾਬੰਦੀਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ। ਅਮਰੀਕਾ ਨੂੰ ਏ.ਆਈ. ਦੇ ਖੇਤਰ ਵਿਚ ਦੁਨੀਆ (ਖਾਸ ਕਰਕੇ ਚੀਨ) ਤੋਂ ਅੱਗੇ ਰੱਖਣ ਲਈ ਕੰਪਨੀਆਂ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇੱਥੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੇਤਾਵਨੀ ਦੇਣ ਵਾਲੇ ਲੋਕ ਏ.ਆਈ. ਦੇ ਵਿਰੋਧੀ ਨਹੀਂ ਹਨ। ਉਹ ਖੁਦ ਏ.ਆਈ. ਬਣਾਉਣ ਵਾਲੇ ਲੋਕ ਹਨ। ਏ.ਆਈ. ਦੇ ਮਨੁੱਖੀ ਨਿਯੰਤਰਣ ਤੋਂ ਬਾਹਰ ਹੋ ਜਾਣ ਜਾਂ ਮਨੁੱਖਤਾ ਲਈ ਬਹੁਤ ਵੱਡਾ ਖ਼ਤਰਾ ਬਣ ਜਾਣ ਬਾਰੇ ਦਿੱਤੀਆਂ ਚੇਤਾਵਨੀਆਂ ਨੂੰ ਕੁਝ ਆਲੋਚਕ ਜਾਣ ਬੁੱਝ ਕੇ ਪੈਦਾ ਕੀਤੀ ਹਾਈਪ ਵਜੋਂ ਦੇਖਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਏ.ਆਈ. ਕੰਪਨੀਆਂ ਕਈ ਵਾਰ ਭਵਿੱਖ ਦੇ ਬਹੁਤ ਵੱਡੇ ਖ਼ਤਰਿਆਂ ਉੱਤੇ ਜ਼ੋਰ ਦੇ ਕੇ ਰੈਗੂਲੇਟਰੀ ਨਿਯਮਾਂ ਨੂੰ ਆਪਣੇ ਹੱਕ ਵਿਚ ਭੁਗਤਾਉਣਾ ਚਾਹੁੰਦੀਆਂ ਹਨ। ਮੌਜੂਦਾ ਦੌਰ ਦੀ ਵਿਡੰਬਣਾ ਇਹ ਹੈ ਕਿ ਏ. ਆਈ. ਦੇ ਖ਼ਤਰਿਆਂ ਨੂੰ ਵੇਖਦੇ ਹੋਏ ਜੇਕਰ ਇਸ ਨੂੰ ਰੋਕ ਦਿੱਤਾ ਜਾਵੇ ਤਾਂ ਵਿਗਿਆਨਕਾਂ ਵੱਲੋਂ ਵਿਕਾਸ ਦੇ ਵਿਖਾਏ ਸੁਪਨੇ ਦਾ ਕੀ ਬਣੇਗਾ। ਜੇਕਰ ਇਸ ਨੂੰ ਹੋਲੀ ਰਫ਼ਤਾਰ ਨਾਲ ਚਲਾਇਆ ਗਿਆ ਤਾਂ ਵਿਕਾਸ ਵਿਚ ਦੇਰੀ ਹੋਵੇਗੀ। ਜੇਕਰ ਸਭ ਕੁਝ ਇਸ ਤਰਾਂ ਹੀ ਚਲਦਾ ਰਿਹਾ ਤਾਂ ਇਸ ਗੱਲ ਦਾ ਅੰਦੇਸ਼ਾ ਹੈ ਭਵਿੱਖ ਵਿਚ ਹੋਣ ਵਾਲੇ ਵਿਕਾਸ ਨੂੰ ਵੇਖਣ ਲਈ ਮਨੁੱਖਤਾ ਜੀਵਤ ਹੀ ਨਾ ਰਹੇ।
