ਵਾਸ਼ਿੰਗਟਨ ਡੀ.ਸੀ./ਤਹਿਰਾਨ:ਮੱਧ-ਪੂਰਬ ‘ਚ ਅਮਰੀਕਾ ਤੇ ਈਰਾਨ ਵਿਚਾਲੇ ਇਕ ਵਾਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕਾ ਨੇ ਇਲਾਕੇ ‘ਚ ਮੌਜੂਦ ਆਪਣੇ ਦੂਤਾਘਰਾਂ ਦੇ ਨਾਗਰਿਕਾਂ ਲਈ ਸੁਰੱਖਿਆ ਅਲਰਟ ਜਾਰੀ ਕੀਤਾ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਕੈਂਪ ਡੇਵਿਡ ਦੌਰਾ ਇਕ ਦਿਨ ਪਹਿਲਾਂ ਹੀ ਖ਼ਤਮ ਕਰ ਦਿੱਤਾ ਤੇ ਵ੍ਹਾਈਟ ਹਾਊਸ ਵਾਪਸ ਆ ਗਏ। ਟਰੰਪ ਦੀ ਸਮੇਂ ਤੋਂ ਪਹਿਲਾਂ ਵਾਪਸੀ ਦਾ ਕਾਰਨ ਵ੍ਹਾਈਟ 5 ਹਾਊਸ ਵਲੋਂ ਨਹੀਂ ਦੱਸਿਆ ਗਿਆ। ਉੱਧਰ ਰਸ਼ੀਆ ਟੁਡੇ ਦੀ ਰਿਪੋਰਟ ਮੁਤਾਬਕ ਅਮਰੀਕੀ ਬੀ-1ਬੀ ਲਾਂਸਰ ਬੰਬਾਰ ਨੇ ਬ੍ਰਿਟੇਨ ਦੇ ਆਰ.ਏ.ਐਫ. ਫੇਅਰਫੋਰਡ ਏਅਰਬੇਸ ਤੋਂ ਪੂਰੇ ਆਫ਼ਟਰਬਰਨਰ ਨਾਲ ਉਡਾਣ ਭਰੀ ਤੇ ਮੱਧ-ਪੂਰਬ ਵੱਲ ਰਵਾਨਾ ਹੋ ਗਿਆ।
ਈਰਾਨ ਨੇ ਜੰਗ ਖ਼ਤਮ ਕਰਨ ਲਈ 7 ਸ਼ਰਤਾਂ ਰੱਖੀਆਂ
ਈਰਾਨ ਨੇ ਚੱਲ ਰਹੀ ਜੰਗ ਖ਼ਤਮ ਕਰਨ ਲਈ ਅਮਰੀਕਾ ਸਾਹਮਣੇ 7 ਸ਼ਰਤਾਂ ਰੱਖੀਆਂ ਹਨ। ਈਰਾਨ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਨੇ ਉਸ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਜੰਗ ਜਾਰੀ ਰੱਖਣ ਲਈ ਤਿਆਰ ਹੈ। ਈਰਾਨ ਦੇ ਸੁਰੱਖਿਆ ਮੁਖੀ ਮੋਹਸਿਨ ਰੇਜ਼ਾਈ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਕਤਰ ਨੇ ਵਿਚੋਲਗੀ ਕਰਦਿਆਂ ਈਰਾਨ ਦੀਆਂ ਸ਼ਰਤਾਂ ਅਮਰੀਕਾ ਤੱਕ ਪਹੁੰਚਾ ਦਿੱਤੀਆਂ ਹਨ। ਹੁਣ ਈਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਰੇਜ਼ਾਈ ਮੁਤਾਬਕ ਈਰਾਨ ਦੀਆਂ ਮੰਗਾਂ ‘ਚ ਸਾਰੇ ਮੋਰਚਿਆਂ ‘ਤੇ ਜੰਗ ਰੋਕਣਾ, ਵਿਦੇਸ਼ਾਂ ‘ਚ ਜ਼ਬਤ ਜਾਂ ਫੀਜ਼ ਕੀਤੇ ਗਏ ਈਰਾਨੀ ਫੰਡ ਜਾਰੀ ਕਰਨਾ ਅਤੇ ਸਮੁੰਦਰੀ ਨਾਕਾਬੰਦੀ ਖ਼ਤਮ ਕਰਨਾ ਸ਼ਾਮਲ ਹੈ।
