-ਜਤਿੰਦਰ ਪਨੂੰ
ਕਿਸੇ ਹੈਸੀਅਤ ਤੱਕ ਪਹੁੰਚਣ ਲਈ ਲੋਕ-ਰਾਜੀ ਢੰਗ ਨਾਲ ਜ਼ੋਰ ਲਾਉਣਾ ਹੋਰ ਗੱਲ ਹੈ ਤੇ ਉਸ ਅਹੁਦੇ ਦੇ ਉਮੀਦਵਾਰ ਦਾ ਵੇਲੇ ਤੋਂ ਪਹਿਲਾਂ ਸਿਰ ਚੜ੍ਹ ਜਾਣਾ ਹੋਰ ਗੱਲ। ਕਿਸੇ ਦੇ ਸਿਰ ਨੂੰ ਸੱਤਾ ਸੰਭਾਲਣ ਪਿੱਛੋਂ ਸੱਤਾ ਦਾ ਨਸ਼ਾ ਚੜ੍ਹਿਆ ਵੀ ਮਾੜਾ ਹੁੰਦਾ ਹੈ, ਪਰ ਜਿਸ ਨੂੰ ਪਹਿਲਾਂ ਚੜ੍ਹ ਜਾਵੇ, ਉਸ ਦੀ ਹਾਲਤ ਫਿਰ ‘ਤੇਰੇ ਇਸ਼ਕ ਨਚਾਇਆ ਕਰ ਥਈਆ-ਥਈਆ’ ਵਾਲੀ ਬਣ ਜਾਂਦੀ ਹੈ ਤੇ ਉਸ ਨੂੰ ਮਾੜੇ-ਚੰਗੇ ਜਾਂ ਦੇਸ਼ ਦੀਆਂ ਰਵਾਇਤਾਂ ਤੇ ਸੰਵਿਧਾਨਕ ਹੱਦਾਂ ਦਾ ਖਿਆਲ ਨਹੀਂ ਹੁੰਦਾ। ਇਹ ਨਸ਼ਾ ਇਸ ਵੇਲੇ ਨਰਿੰਦਰ ਮੋਦੀ ਨੂੰ ਚੜ੍ਹਿਆ ਪਿਆ ਹੈ। ਚੋਣ ਮੁਹਿੰਮ ਵਿਚ ਜਿਹੋ ਜਿਹਾ ਵਿਹਾਰ ਨਰਿੰਦਰ ਮੋਦੀ ਕਰ ਰਿਹਾ ਹੈ, ਉਸ ਤੋਂ ਇਹ ਸਾਰਾ ਕੁਝ ਸਾਫ ਨਜ਼ਰ ਆਉਂਦਾ ਹੈ।
ਪਹਿਲੀ ਗੱਲ ਤਾਂ ਨਰਿੰਦਰ ਮੋਦੀ ਨੇ ਇਹ ਕੀਤੀ ਕਿ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵਿਚ ਇਦਾਂ ਦੇ ਹਾਲਾਤ ਪੈਦਾ ਕੀਤੇ, ਜਿਵੇਂ ਸੰਘੀ ਵਿਚ ਅੰਗੂਠਾ ਦੇ ਕੇ ਲੀਡਰਸ਼ਿਪ ਤੋਂ ਪਾਸ ਕਰਵਾ ਰਿਹਾ ਹੋਵੇ ਕਿ ਅਗਲੇ ਪ੍ਰਧਾਨ ਮੰਤਰੀ ਵਾਸਤੇ ਭਾਜਪਾ ਉਮੀਦਵਾਰ ਸਿਰਫ ਉਹੋ ਹੋਵੇਗਾ। ਇਹ ਫੈਸਲਾ ਏਨੀ ਧੱਕੜਸ਼ਾਹੀ ਦਾ ਢੰਗ ਵਰਤ ਕੇ ਕੀਤਾ ਗਿਆ ਕਿ ਸਾਰੀ ਲੀਡਰਸ਼ਿਪ ਨੂੰ ਕਾਂਬਾ ਛਿੜ ਗਿਆ। ਪਾਰਟੀ ਦਾ ਮੁੱਢ ਬੰਨ੍ਹਣ ਵਾਲਾ ਤੇ ਦੇਸ਼ ਦਾ ਉਪ ਪ੍ਰਧਾਨ ਮੰਤਰੀ ਰਹਿ ਚੁੱਕਾ ਲਾਲ ਕ੍ਰਿਸ਼ਨ ਅਡਵਾਨੀ ਤਾਂ ਇੰਨਾ ਯਰਕ ਗਿਆ ਕਿ ਜਿਸ ਮੀਟਿੰਗ ਵਿਚ ਮੋਦੀ ਬਾਰੇ ਫੈਸਲੇ ਉਤੇ ਮੋਹਰ ਲੱਗਣੀ ਸੀ, ਉਸ ਮੀਟਿੰਗ ਵਿਚ ਹੀ ਨਾ ਗਿਆ ਤੇ ‘ਲੂਜ਼ ਮੋਸ਼ਨ’ (ਦਸਤ) ਲੱਗੇ ਦਾ ਸੁਨੇਹਾ ਭੇਜ ਦਿੱਤਾ। ਕੁਝ ਹੋਰ ਲੀਡਰਾਂ ਬਾਰੇ ਇਹ ਪਤਾ ਲੱਗਾ ਕਿ ਉਹ ਇਸ ਮੌਕੇ ਜਾਣ ਨੂੰ ਤਿਆਰ ਨਹੀਂ ਸਨ, ਗਏ ਇਸ ਕਰ ਕੇ ਸਨ ਕਿ ਮੋਦੀ ਜਿਸ ਦੇ ਵੈਰ ਪੈ ਜਾਵੇ, ਮੜ੍ਹੀਆਂ ਤੱਕ ਪਿੱਛਾ ਨਹੀਂ ਛੱਡਦਾ ਹੁੰਦਾ। ਇਹੋ ਜਿਹੀ ਸਨਸਨੀ ਪੂਰਨ ਸਥਿਤੀ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਦੇ ਸਾਰ ਨਰਿੰਦਰ ਮੋਦੀ ਨੇ ਪਾਰਟੀ ਦੇ ਪਾਰਲੀਮਾਨੀ ਬੋਰਡ ਵਿਚ ਆਪਣੇ ਲੱਠ-ਮਾਰ ਅਮਿਤ ਸ਼ਾਹ ਨੂੰ ਸ਼ਾਮਲ ਕਰਨ ਦਾ ਕੰਮ ਵੀ ਅਗਲੀ ਮੀਟਿੰਗ ਵਿਚ ਹੀ ਕਰਵਾ ਲਿਆ ਸੀ।
ਇੱਕ ਵਾਰੀ ਨਰਿੰਦਰ ਮੋਦੀ ਦੇ ਅੱਗੇ ਝੁਕ ਗਈ ਭਾਜਪਾ ਦਾ ਨਿਵਾਣ ਨੂੰ ਰਿੜ੍ਹਨਾ ਉਦੋਂ ਵੇਖਿਆ ਗਿਆ, ਜਦੋਂ ਉਤਰ ਪ੍ਰਦੇਸ਼ ਦਾ ਇੰਚਾਰਜ ਵੀ ਮੋਦੀ ਨੇ ਆਪਣੇ ਲੱਠ-ਮਾਰ ਅਮਿਤ ਸ਼ਾਹ ਨੂੰ ਬਣਾ ਦਿੱਤਾ। ਭਾਜਪਾ ਪ੍ਰਧਾਨ ਰਾਜਨਾਥ ਸਿੰਘ ਇਸੇ ਉਤਰ ਪ੍ਰਦੇਸ਼ ਤੋਂ ਹੈ ਤੇ ਉਸ ਰਾਜ ਦਾ ਧੜੱਲੇ ਵਾਲਾ ਮੁੱਖ ਮੰਤਰੀ ਰਹਿ ਚੁੱਕਾ ਹੈ। ਉਸ ਦੀ ਮੌਜੂਦਗੀ ਨਜ਼ਰ-ਅੰਦਾਜ਼ ਕਰ ਕੇ ਉਸ ਰਾਜ ਦੀ ਹਰ ਗੱਲ ਅਮਿਤ ਸ਼ਾਹ ਦੀ ਮਰਜ਼ੀ ਉਤੇ ਇੰਜ ਨਿਰਭਰ ਕਰ ਦਿੱਤੀ ਗਈ ਕਿ ਬਾਕੀ ਸਾਰੇ ਲੀਡਰ ਜ਼ੀਰੋ ਹੋ ਕੇ ਰਹਿ ਗਏ। ਹੁਣ ਉਹ ਅੰਦਰੇ-ਅੰਦਰ ਰਿੱਝਦੇ ਹਨ, ਪਰ ਬੋਲਣ ਦੀ ਹਿੰਮਤ ਕਿਸੇ ਦੀ ਨਹੀਂ। ਆਪੋ ਵਿਚ ਵੀ ਗੱਲ ਕਰਦੇ ਡਰਦੇ ਹਨ ਕਿ ਅਮਿਤ ਸ਼ਾਹ ਕੋਲ ਨਾ ਪਹੁੰਚ ਜਾਂਦੀ ਹੋਵੇ। ਇਹ ਅਮਿਤ ਸ਼ਾਹ ਉਹੋ ਹੈ, ਜਿਸ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਹੁਕਮ ਕੀਤਾ ਹੋਇਆ ਹੈ ਕਿ ਉਹ ਆਪਣੇ ਗੁਜਰਾਤ ਦੇ ਰਾਜ ਵਿਚ ਨਹੀਂ ਵੜ ਸਕਦਾ। ਇੰਨਾ ‘ਸੁਲੱਖਣਾ’ ਬੰਦਾ ਭਾਰਤ ਦੇ ਸਭ ਤੋਂ ਵੱਡੇ ਰਾਜ ਦਾ ਇੰਚਾਰਜ ਲਿਆ ਲਾਇਆ ਹੈ ਮੋਦੀ ਨੇ।
ਇਹ ਅਮਿਤ ਸ਼ਾਹ ਹੈ ਕੌਣ? ਕਦੇ ਇਹ ਆਰ ਐਸ ਐਸ ਦੀ ਸ਼ਾਖਾ ਵਿਚ ਜਾਣ ਵਾਲਾ ਇਕ ਸਧਾਰਨ ਸੋਇਮ ਸੇਵਕ ਹੁੰਦਾ ਸੀ, ਪਰ ਸ਼ੇਅਰ ਮਾਰਕੀਟ ਦੇ ਕੰਮ ਵਿਚ ਪੈਂਦੇ ਸਾਰ ਕਈ ਲੋਕਾਂ ਦੀ ਨਜ਼ਰ ਵਿਚ ਜੁਰਅੱਤ ਵਾਲਾ ਬੰਦਾ ਬਣ ਕੇ ਉਭਰਿਆ ਸੀ। ਉਦੋਂ ਇਸ ਨੂੰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਨਾਲ ਲਾ ਲਿਆ। ਦੋ ਵਾਰੀ ਅਡਵਾਨੀ ਦੀ ਚੋਣ ਮੁਹਿੰਮ ਦਾ ਮੁਖੀ ਬਣਨ ਪਿੱਛੋਂ ਇਸ ਨੂੰ ਨਰਿੰਦਰ ਮੋਦੀ ਨੇ ਸੰਭਾਲ ਲਿਆ ਤੇ ਅਚਾਨਕ ਗੁਜਰਾਤ ਦੇ ਗ੍ਰਹਿ ਮੰਤਰੀ ਦਾ ਅਹੁਦਾ ਦੇ ਕੇ ਪੂਰੇ ਦਸ ਵਿਭਾਗ ਇਸ ਦੇ ਹਵਾਲੇ ਕਰ ਦਿੱਤੇ। ਗੁਜਰਾਤ ਦਾ ਪਿਛਲਾ ਗ੍ਰਹਿ ਮੰਤਰੀ ਹਰਿਨ ਪਾਂਡਿਆ ਆਰ ਐਸ ਐਸ ਦਾ ਇੱਕ ਦਮਦਾਰ ਆਗੂ ਸੀ, ਪਰ ਜਦੋਂ ਨਰਿੰਦਰ ਮੋਦੀ ਨੇ ਚੱਲਦੀ ਸਰਕਾਰ ਵਿਚ ਪਾਰਟੀ ਲੀਡਰਾਂ ਦੀ ਗੁੱਟਬੰਦੀ ਕਾਰਨ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, ਉਸ ਨੇ ਹਰਿਨ ਪਾਂਡਿਆ ਨੂੰ ਆਪਣੀ ਅਸੈਂਬਲੀ ਸੀਟ ਛੱਡ ਦੇਣ ਨੂੰ ਕਿਹਾ ਸੀ। ਭਾਜਪਾ ਦੀ ਸਭ ਤੋਂ ਮਜ਼ਬੂਤ ਉਹ ਸੀਟ ਮੋਦੀ ਨੂੰ ਚਾਹੀਦੀ ਸੀ। ਹਰਿਨ ਨੇ ਇਹ ਗੱਲ ਨਾ ਮੰਨੀ। ਮੋਦੀ ਚੁੱਪ ਹੋ ਗਿਆ, ਪਰ ਅਗਲੀਆਂ ਚੋਣਾਂ ਵੇਲੇ ਉਸ ਨੇ ਹਰਿਨ ਪਾਂਡਿਆ ਨੂੰ ਟਿਕਟ ਨਾ ਦੇਣ ਦੀ ਏਡੀ ਜ਼ਿਦ ਕੀਤੀ ਕਿ ਪਾਰਟੀ ਨੂੰ ਝੁਕਣਾ ਪੈ ਗਿਆ। ਚੋਣ ਜਿੱਤਦੇ ਸਾਰ ਹਰਿਨ ਪਾਂਡਿਆ ਦੀ ਥਾਂ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਤੇ ਕੁਝ ਚਿਰ ਪਿੱਛੋਂ ਹਰਿਨ ਪਾਂਡਿਆ ਦਾ ਕਤਲ ਕਰਵਾ ਦਿੱਤਾ ਗਿਆ। ਜਿਸ ਦਿਨ ਹਰਿਨ ਪਾਂਡਿਆ ਦਾ ਭੋਗ ਪੈ ਰਿਹਾ ਸੀ, ਨਰਿੰਦਰ ਮੋਦੀ ਉਸ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਤੇ ਹਰਿਨ ਦਾ ਬਾਪ ਇਹ ਦੁਹਾਈ ਪਾ ਰਿਹਾ ਸੀ ਕਿ ਮੇਰੇ ਪੁੱਤਰ ਦਾ ਕਤਲ ਵੀ ਏਸੇ ਨਰਿੰਦਰ ਮੋਦੀ ਨੇ ਕਰਾਇਆ ਹੈ। ਉਦੋਂ ਕਿਸੇ ਨੇ ਇਹ ਗੱਲ ਨਹੀਂ ਸੀ ਸੁਣੀ, ਪਰ ਬਾਅਦ ਵਿਚ ਸੋਹਰਾਬੁਦੀਨ ਸ਼ੇਖ ਵਾਲੇ ਮਾਮਲੇ ਵਿਚ ਇਹ ਗੱਲ ਫਿਰ ਚਰਚਾ ਵਿਚ ਆ ਗਈ।
ਸੋਹਰਾਬੁਦੀਨ ਸ਼ੇਖ ਕੋਈ ਨੇਕ-ਪਾਕ ਬੰਦਾ ਨਹੀਂ ਸੀ। ਉਸ ਦੀ ਚਰਚਾ ਨਾਲੋਂ ਵੱਡੀ ਗੱਲ ਇਹ ਹੈ ਕਿ ਉਸ ਦੀ ਮੌਤ ਦਾ ਕਾਰਨ ਬਣੇ ਝੂਠੇ ਪਿਲਸ ਮੁਕਾਬਲੇ ਦਾ ਦੋਸ਼ ਅਮਿਤ ਸ਼ਾਹ ਦੇ ਸਿਰ ਲੱਗਦਾ ਹੈ। ਇਸ ਮਾਮਲੇ ਵਿਚ ਜਿੱਥੇ ਵੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ, ਅਮਿਤ ਸ਼ਾਹ ਨੇ ਇਹੋ ਪੈਂਤੜਾ ਵਰਤਿਆ ਕਿ ਮੇਰੀ ਯਾਦਦਾਸ਼ਤ ਕਮਜ਼ੋਰ ਹੈ ਤੇ ਕਿਸੇ ਗੱਲ ਦਾ ਚੇਤਾ ਨਹੀਂ ਰਿਹਾ। ਇਹ ਪੈਂਤੜਾ ਕਈ ਮੁਲਜ਼ਮ ਵਰਤਦੇ ਰਹਿੰਦੇ ਹਨ। ਤੁਲਸੀ ਪ੍ਰਜਾਪਤੀ ਕੇਸ ਹੋਵੇ ਜਾਂ ਇਸ਼ਰਤ ਜਹਾਂ ਦਾ ਪੁਲਿਸ ਮੁਕਾਬਲਾ, ਇਨ੍ਹਾਂ ਸਾਰੇ ਕੇਸਾਂ ਵਿਚ ਅਮਿਤ ਸ਼ਾਹ ਨੂੰ ਸਵਾਲਾਂ ਦਾ ਜਵਾਬ ਦੇਣ ਵੇਲੇ ਕੁਝ ਯਾਦ ਨਹੀਂ ਹੁੰਦਾ। ਇੱਕ ਖੋਜੀ ਮੈਗਜ਼ੀਨ ‘ਡੀ ਐਨ ਏ’ ਵੱਲੋਂ ਇੱਕ ਵਾਰ ਇਹ ਰਿਪੋਰਟ ਛਾਪ ਦਿੱਤੀ ਗਈ ਕਿ ਅਸਲ ਵਿਚ ਸੋਹਰਾਬੁਦੀਨ ਸ਼ੇਖ ਤੇ ਗੁਜਰਾਤ ਭਾਜਪਾ ਦੇ ਸਾਬਕਾ ਗ੍ਰਹਿ ਮੰਤਰੀ ਹਰਿਨ ਪਾਂਡਿਆ ਦੇ ਕਤਲਾਂ ਦਾ ਸਿੱਧਾ ਸਬੰਧ ਹੈ, ਕਿਉਂਕਿ ਸੋਹਰਾਬੁਦੀਨ ਸ਼ੇਖ ਤੋਂ ਪਾਂਡਿਆ ਦਾ ਕਤਲ ਕਰਵਾਉਣ ਪਿੱਛੋਂ ਸਬੂਤ ਮਿਟਾਉਣ ਲਈ ਸੋਹਰਾਬੁਦੀਨ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਹੋ ਸਕਦਾ ਹੈ। ਇਹ ਸੰਗੀਨ ਦੋਸ਼ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਨੇ ਵੀ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਵੀ ਇਸ ਇਲਜ਼ਾਮ ਨੂੰ ਚੁੱਪ ਕਰ ਕੇ ਹਜ਼ਮ ਕਰ ਲਿਆ।
ਹੁਣ ਉਹੋ ਅਮਿਤ ਸ਼ਾਹ ਇੱਕ ਵਾਰ ਫਿਰ ਫਸ ਗਿਆ ਹੈ, ਪਰ ਸਵਾਲਾਂ ਦਾ ਜਵਾਬ ਦੇਣ ਵੇਲੇ ਯਾਦਦਾਸ਼ਤ ਭੁੱਲਣ ਦਾ ਬਹਾਨਾ ਨਹੀਂ ਕਰਦਾ, ਚੁੱਪ ਵੱਟ ਕੇ ਕਾਰ ਵਿਚ ਬੈਠ ਜਾਂਦਾ ਹੈ। ਮਾਮਲਾ ਕਰਨਾਟਕਾ ਨਾਲ ਸਬੰਧਤ ਇਕ ਕੁੜੀ ਦਾ ਹੈ। ਅਮਿਤ ਸ਼ਾਹ ਨੇ ਗੁਜਰਾਤ ਪੁਲਿਸ ਦੇ ਅਫਸਰਾਂ ਨੂੰ ਕਹਿ ਕੇ ਉਸ ਦੀ ਜਾਸੂਸੀ ਕਰਾਈ ਸੀ। ਫਿਰ ਉਹ ਅਫਸਰ ਕਿਸੇ ਹੋਰ ਕੇਸ ਵਿਚ ਫਸ ਗਏ ਤਾਂ ਗੁਜਰਾਤ ਸਰਕਾਰ ਤੇ ਨਰਿੰਦਰ ਮੋਦੀ ਨੇ ਫਸੇ ਹੋਇਆਂ ਤੋਂ ਦੂਰੀ ਰੱਖਣ ਦੀ ਸੋਚੀ, ਜਿਸ ਕਰ ਕੇ ਉਨ੍ਹਾਂ ਨੇ ਚੱਲਦੀ ਜਾਂਚ ਵਿਚ ਉਸ ਕੁੜੀ ਦੀ ਜਾਸੂਸੀ ਦਾ ਜ਼ਿਕਰ ਕਰ ਦਿੱਤਾ। ਕਿਉਂਕਿ ਇਸ ਜ਼ਿਕਰ ਦਾ ਸਬੰਧ ਚੱਲ ਰਹੀ ਜਾਂਚ ਨਾਲ ਨਾ ਹੋ ਕੇ ਇੱਕ ਹੋਰ ਕੇਸ ਦਾ ‘ਰਾਹ ਜਾਂਦਾ ਜ਼ਿਕਰ’ ਲੱਗਦਾ ਸੀ, ਇਸ ਲਈ ਮਾਮਲਾ ਢੱਕਿਆ ਰਿਹਾ, ਪਰ ਹੁਣ ਇੱਕ ਦਿਨ ਅਚਾਨਕ ਇਸ ਬਿਆਨ ਦੀ ਗੱਲ ਲੋਕਾਂ ਦੇ ਸਾਹਮਣੇ ਆ ਗਈ ਤੇ ਉਸ ਜਾਸੂਸੀ ਲਈ ਅਮਿਤ ਸ਼ਾਹ ਵੱਲੋਂ ਪੁਲਿਸ ਅਫਸਰਾਂ ਨਾਲ ਕੀਤੀ ਜਾਂਦੀ ਰਹੀ ਗੱਲਬਾਤ ਦੇ ਟੇਪਾਂ ਦਾ ਖੁਲਾਸਾ ਹੋ ਗਿਆ।
ਇਹ ਲੁਕੀ ਹੋਈ ਗੱਲ ਬਾਹਰ ਆਉਣਾ ਵੀ ਆਪਣੇ ਆਪ ਵਿਚ ਹੈਰਾਨੀ ਦਾ ਵਿਸ਼ਾ ਸੀ, ਪਰ ਹੋਰ ਵੀ ਹੈਰਾਨੀ ਗੁਜਰਾਤ ਸਰਕਾਰ ਦੇ ਵਿਹਾਰ ਤੋਂ ਹੋਈ। ਜਿਸ ਅਖਬਾਰ ਨੇ ਇਹ ਗੱਲ ਲੋਕਾਂ ਦੇ ਸਾਹਮਣੇ ਲਿਆਂਦੀ, ਉਸ ਨੇ ਇਸ ਵਿਚ ਕੁੜੀ ਜਾਂ ਉਸ ਦੇ ਪਰਿਵਾਰ ਬਾਰੇ ਕੋਈ ਜ਼ਿਕਰ ਨਹੀਂ ਸੀ ਕੀਤਾ, ਪੂਰੀ ਪਰਦਾਦਾਰੀ ਰੱਖੀ ਸੀ, ਪਰ ਸ਼ਾਮ ਪੈਣ ਤੋਂ ਪਹਿਲਾਂ ਗੁਜਰਾਤ ਸਰਕਾਰ ਨੇ ਉਸ ਕੁੜੀ ਦੇ ਪਿਤਾ ਦਾ ਬਿਆਨ ਜਾਰੀ ਕਰ ਦਿੱਤਾ ਕਿ ਪੁਰਾਣੀ ਸਾਂਝ ਹੋਣ ਕਾਰਨ ਮੈਂ ਹੀ ਮੋਦੀ ਨੂੰ ਕੁੜੀ ਦਾ ਖਿਆਲ ਰੱਖਣ ਨੂੰ ਕਿਹਾ ਸੀ। ਕੁੜੀ ਦਾ ਬਾਪ ਕਰਨਾਟਕਾ ਦਾ ਹੈ ਤੇ ਗੁਜਰਾਤੀ ਭਾਸ਼ਾ ਨਹੀਂ ਜਾਣਦਾ। ਬਿਆਨ ਗੁਜਰਾਤੀ ਵਿਚ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਦੋਂ ਭੇਦ ਕੱਢਣ ਵਾਲੀ ਅਖਬਾਰ ਨੇ ਕੁੜੀ ਜਾਂ ਉਸ ਦੇ ਪਰਿਵਾਰ ਦਾ ਜ਼ਿਕਰ ਹੀ ਨਹੀਂ ਸੀ ਕੀਤਾ, ਗੁਜਰਾਤ ਸਰਕਾਰ ਨੂੰ ਕਿਵੇਂ ਪਤਾ ਲੱਗ ਗਿਆ ਕਿ ਮਾਮਲਾ ਫਲਾਣੀ ਕੁੜੀ ਦਾ ਹੈ ਤੇ ਏਨੀ ਛੇਤੀ ਉਸ ਦੇ ਪਿਤਾ ਦਾ ਬਿਆਨ ਵੀ ਤਿਆਰ ਕਰਵਾ ਕੇ ਕਿਵੇਂ ਜਾਰੀ ਕਰ ਦਿੱਤਾ ਗਿਆ? ਇਹ ਵੀ ਨਰਿੰਦਰ ਮੋਦੀ ਦੇ ਮਾਅਰਕਿਆਂ ਦਾ ਇੱਕ ਨਮੂਨਾ ਹੈ।
ਕੁੜੀ ਦਾ ਬਾਪ ਇਸ ਵਕਤ ਨਰਿੰਦਰ ਮੋਦੀ ਦੇ ਪੱਖ ਵਿਚ ਬੋਲ ਰਿਹਾ ਹੈ। ਉਸ ਦਾ ਇਹ ਬੋਲੀ ਬੋਲਣਾ ਬਹੁਤਾ ਅਰਥ ਨਹੀਂ ਰੱਖਦਾ। ‘ਰੱਬ ਨੇੜੇ ਕਿ ਘਸੁੰਨ’ ਦਾ ਮੁਹਾਵਰਾ ਸਭ ਨੇ ਸੁਣਿਆ ਹੋਇਆ ਹੈ। ਦੇਸ਼ ਦੀ ਸੁਪਰੀਮ ਕੋਰਟ ਨੇ ਹਾਲੇ ਪਿਛਲੇ ਹਫਤੇ ਇੱਕ ਕੇਸ ਦਾ ਨਿਪਟਾਰਾ ਕਰਦਿਆਂ ਕਿਹਾ ਹੈ ਕਿ ਭਾਰਤ ਵਿਚ ਗਵਾਹਾਂ ਦੀ ਸੁਰੱਖਿਆ ਦਾ ਪ੍ਰਬੰਧ ਨਾ ਹੋਣਾ ਉਨ੍ਹਾਂ ਦੇ ਗਵਾਹੀ ਤੋਂ ਮੁੱਕਰ ਜਾਣ ਦੀ ਸਭ ਤੋਂ ਵੱਡੀ ਵਜ੍ਹਾ ਹੁੰਦਾ ਹੈ। ਸੁਪਰੀਮ ਕੋਰਟ ਅੱਗੇ ਇੱਕ ਕੇਸ ਇਹੋ ਜਿਹਾ ਆਇਆ ਸੀ, ਜਿਸ ਵਿਚ ਸਾਰੇ ਦਸਤਾਵੇਜ਼ੀ ਸਬੂਤ ਮੌਜੂਦ ਸਨ, ਪਰ ਬਦਨਸੀਬੀ ਦਾ ਸ਼ਿਕਾਰ ਹੋਈ ਕੁੜੀ ਦੇ ਮਾਂ-ਬਾਪ ਵੀ ਪੁਲਿਸ ਕੋਲ ਪਹਿਲੀ ਸ਼ਿਕਾਇਤ ਦਰਜ ਕਰਾਉਣ ਵੇਲੇ ਲਿਖਵਾਏ ਆਪਣੇ ਬਿਆਨ ਤੋਂ ਮੁੱਕਰ ਗਏ ਸਨ। ਇਹੋ ਜਿਹੇ ਮਾਮਲੇ ਅਦਾਲਤਾਂ ਵਿਚ ਕਈ ਵਾਰੀ ਆਏ ਅਤੇ ਦੋਸ਼ੀ ਛੁੱਟ ਜਾਂਦੇ ਰਹੇ ਹਨ। ਮੋਦੀ ਦਾ ਲੱਠ-ਮਾਰ ਅਮਿਤ ਸ਼ਾਹ ਫਸਦਾ ਹੋਵੇ ਤੇ ਗੱਲ ਮੋਦੀ ਤੱਕ ਆਉਂਦੀ ਜਾਪਦੀ ਹੋਵੇ ਤਾਂ ਜਿਸ ਕਰਨਾਟਕਾ ਵਿਚ ਭਾਜਪਾ ਦੀ ਸਰਕਾਰ ਰਹਿ ਚੁੱਕੀ ਹੈ, ਉਸ ਦੇ ਤੰਤਰ ਵਿਚਲੇ ਕੁਝ ਭਾਜਪਾ-ਪੱਖੀ ਪੁਰਜ਼ੇ ਗੁਜਰਾਤ ਤੋਂ ਆਏ ਮੋਦੀ-ਭਗਤਾਂ ਦੀ ਧਾੜ ਨਾਲ ਮਿਲ ਕੇ ਕੁੜੀ ਦੇ ਪਿਤਾ ਨੂੰ ਦਿਨੇ ਤਾਰੇ ਵਿਖਾ ਕੇ ਉਸ ਤੋਂ ਕੁਝ ਵੀ ਲਿਖਵਾ ਸਕਦੇ ਹਨ।
ਉਂਜ ਇੱਕ ਕਹਾਣੀ ਹੋਰ ਵੀ ਨਿਕਲਦੀ ਹੈ। ਹਾਲੇ ਤੱਕ ਲੋਕ ਇਹ ਜਾਣਦੇ ਸਨ ਕਿ ਮੋਦੀ ਕੁਆਰਾ ਹੈ। ਉਸ ਦੀ ਪਤਨੀ ਬਾਰੇ ਚਰਚਾ ਚੱਲਦੀ ਤਾਂ ਭਾਜਪਾ ਵਾਲੇ ਰੱਦ ਕਰ ਛੱਡਦੇ ਸਨ। ਪਿਛਲੇ ਦਿਨੀਂ ਸੁਬਰਾਮਨੀਅਮ ਸਵਾਮੀ ਨੇ ਇਹ ਕਹਿ ਦਿੱਤਾ ਕਿ ਮੋਦੀ ਦਾ ਵਿਆਹ ਹੋਇਆ ਸੀ, ਪਰ ਜਬਰੀ ਕੀਤਾ ਗਿਆ ਸੀ ਤੇ ਉਸ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਉਹ ਇਸ ਦੇ ਨਾਲ ਨਹੀਂ ਰਹੇਗਾ। ਇਦਾਂ ਹੋ ਵੀ ਸਕਦਾ ਹੈ। ਜੇ ਇਦਾਂ ਹੋ ਸਕਦਾ ਹੈ ਤਾਂ ਅਗਲੀ ਗੱਲ ਇਹ ਵੀ ਹੈ ਕਿ ਕਰਨਾਟਕਾ ਦੀ ਉਸ ਕੁੜੀ ਬਾਰੇ ਵੀ ਨਵਾਂ ਖੁਲਾਸਾ ਹੋਇਆ ਹੈ ਕਿ ਉਸ ਦੇ ਫੋਨ ਮੋਦੀ ਨੇ ਗੁਜਰਾਤ ਸਰਕਾਰ ਦੇ ਖਜ਼ਾਨੇ ਵਿਚੋਂ ਰੀਚਾਰਜ ਕਰਵਾ ਕੇ ਦਿੱਤੇ ਸਨ, ਉਸ ਨਾਲ ਇੱਕ ਖਾਸ ਥਾਂ ਬੈਠ ਕੇ ਬਾਰਾਂ ਹਜ਼ਾਰ ਰੁਪਏ ਦਾ ਦੁੱਧ-ਪਹੁਵਾ ਖਾਧਾ ਸੀ ਤੇ ਉਸ ਦੇ ਕਹੇ ਉਤੇ ਇੱਕ ਪ੍ਰਾਜੈਕਟ ਵੀ ਪਾਸ ਕੀਤਾ ਸੀ। ਜਿਹੜਾ ਪ੍ਰਾਜੈਕਟ ਉਸ ਕੁੜੀ ਦੀ ਸਾਂਝ ਵਿਚ ਪਾਸ ਕੀਤਾ ਗਿਆ, ਉਸ ਵਿਚ ਇੱਕ ਨਿੱਜੀ ਕੰਪਨੀ ਨੂੰ ਕਈ ਹਜ਼ਾਰ ਕਰੋੜ ਦੀ ਛੋਟ ਵੀ ਦਿੱਤੀ ਸੀ। ਇਹ ਸਾਰਾ ਕੁਝ ਭਾਰਤ ਦੇ ਲੋਕਾਂ ਨੂੰ ਇਹ ਦੱਸਣ ਲਈ ਕਾਫੀ ਹੋ ਸਕਦਾ ਹੈ ਕਿ ਆਪਣੇ ਆਪ ਨੂੰ ਵਿਲੱਖਣ ਦੱਸਣ ਵਾਲੇ ਮੋਦੀ ਦੇ ਅੰਦਰ ਪਤਾ ਹੀ ਨਹੀਂ ਕਿੰਨੇ ਕੁ ਵਲਾਵੇਂ ਹਨ, ਜਿਹੜੇ ਗੁਜਰਾਤ ਅਤੇ ਦੇਸ਼ ਦੇ ਲੋਕਾਂ ਨੂੰ ਧੋਖਾ ਦੇਣ ਵਾਲੇ ਹਨ। ਦੂਸਰੀ ਸੰਸਾਰ ਜੰਗ ਦੇ ਸਮੇਂ ਹਿਟਲਰ ਵੀ ਆਪਣੀ ਪ੍ਰੇਮਿਕਾ ਦੀ ਜਾਸੂਸੀ ਕਰਾਉਂਦਾ ਹੁੰਦਾ ਸੀ ਤੇ ਇਹ ਮਾਮਲਾ ਅੱਜ ਦੇ ਸਮੇਂ ਦੇ ਇੱਕ ਉਹੋ ਜਿਹੀ ਸੋਚ ਵਾਲੇ ਆਗੂ ਦੀ ਨੀਤ ਦਾ ਕੋਈ ਪ੍ਰਗਟਾਵਾ ਵੀ ਹੋ ਸਕਦਾ ਹੈ।
ਜਿਹੜੇ ਮੋਦੀ ਨੇ ਗੁਜਰਾਤ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਬਦ-ਅਮਨੀ ਵਿਚ ਦਿਨ ਕੱਟਣ ਲਾ ਦਿੱਤਾ ਹੈ, ਜਿਸ ਮੋਦੀ ਤੋਂ ਡਰ ਕੇ ਕੱਲ੍ਹ ਦੇ ਲੋਹ-ਪੁਰਸ਼ ਕਹਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਆਗੂ ਮੀਟਿੰਗ ਵਿਚ ਜਾਣ ਦੀ ਥਾਂ ‘ਲੂਜ਼ ਮੋਸ਼ਨ’ ਦਾ ਬਹਾਨਾ ਲਾਉਣ ਨੂੰ ਮਜਬੂਰ ਹੋ ਜਾਂਦੇ ਹਨ, ਉਹ ਹੁਣ ਹੋਰ ਅੱਗੇ ਵਧ ਰਿਹਾ ਹੈ। ਆਗਰੇ ਵਿਚ ਮੁਹੱਬਤਾਂ ਦਾ ਮੁਜੱਸਮਾ ਤਾਜ-ਮਹਿਲ ਹੀ ਮਸ਼ਹੂਰ ਨਹੀਂ, ਉਸ ਸ਼ਹਿਰ ਦਾ ਪਾਗਲਖਾਨਾ ਵੀ ਸਾਰੇ ਦੇਸ਼ ਵਿਚ ਪ੍ਰਸਿੱਧ ਹੈ ਤੇ ਉਸ ਪਾਗਲਖਾਨੇ ਵਾਲੇ ਸ਼ਹਿਰ ਵਿਚ ਨਰਿੰਦਰ ਮੋਦੀ ਦੀ ਆਮਦ ਵੇਲੇ ਇੱਕ ਹੋਰ ਪਾਗਲਪਣ ਹੋ ਗਿਆ ਹੈ। ਜਿਸ ਮੰਚ ਤੋਂ ਮੋਦੀ ਨੇ ਭਾਸ਼ਣ ਦੇਣਾ ਸੀ, ਉਸ ਤੋਂ ਮੋਦੀ ਦੇ ਆਉਣ ਤੋਂ ਪਹਿਲਾਂ ਦੋ ਭਾਜਪਾ ਵਿਧਾਇਕਾਂ ਸੰਗੀਤ ਸੋਮ ਤੇ ਸੁਰੇਸ਼ ਰਾਣਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਵਿਸ਼ੇਸ਼ ਤੌਰ ਉਤੇ ਸਨਮਾਨਤ ਕੀਤੇ ਗਏ ਇਹ ਦੋਵੇਂ ਵਿਧਾਇਕ ਹਾਲੇ ਪਿਛਲੇ ਹਫਤੇ ਤੱਕ ਜੇਲ੍ਹ ਵਿਚ ਬੈਠੇ ਸਨ ਤੇ ਮੁਕੱਦਮਾ ਇਨ੍ਹਾਂ ਦੇ ਵਿਰੁਧ ਦੋ ਮਹੀਨੇ ਪਹਿਲਾਂ ਮੁਜ਼ੱਫਰ ਨਗਰ ਵਿਚ ਹੋਏ ਦੰਗਿਆਂ ਵਿਚ ਲੋਕਾਂ ਦੇ ਲਹੂ ਵਹਾਉਣ ਲਈ ਭੀੜ ਨੂੰ ਉਕਸਾਉਣ ਦਾ ਸੀ। ਇੱਕ ਲੜਕੀ ਨਾਲ ਛੇੜ-ਛਾੜ ਪਿੱਛੋਂ ਤਿੰਨ ਕਤਲਾਂ ਤੋਂ ਵਧੀ ਗੱਲ ਪੰਜਾਹ ਤੋਂ ਵੱਧ ਇਨਸਾਨੀ ਜਾਨਾਂ ਲੈਣ ਵਾਲੇ ਖੂਨੀ ਦੰਗੇ ਤੱਕ ਪੁੱਜਣ ਦੇ ਉਸ ਕੇਸ ਵਿਚ ਲੋਕਾਂ ਨੂੰ ਉਕਸਾਉਣ ਤੇ ਭੜਕਾਉਣ ਦੇ ਦੋਸ਼ੀ ਹੋਰ ਪਾਰਟੀਆਂ ਦੇ ਕੁਝ ਆਗੂ ਵੀ ਹਨ, ਪਰ ਉਨ੍ਹਾਂ ਵਿਚੋਂ ਕਿਸੇ ਪਾਰਟੀ ਨੇ ਉਨ੍ਹਾਂ ਨੂੰ ਮੱਥੇ ਦਾ ਤਿਲਕ ਬਣਾ ਕੇ ਪੇਸ਼ ਨਹੀਂ ਕੀਤਾ। ਇਹ ਮੋਦੀ ਦੀ ਅਗਵਾਈ ਹੇਠ ਹੀ ਹੋਇਆ ਹੈ।
ਇਹ ਸਿਰਫ ਮੋਦੀ ਦੀ ਅਗਵਾਈ ਹੇਠ ਹੋ ਸਕਦਾ ਹੈ, ਉਸ ਮੋਦੀ ਦੀ ਅਗਵਾਈ ਹੇਠ, ਜਿਸ ਦੇ ਗੁਜਰਾਤ ਵਾਲੇ ਮੰਤਰੀ ਮੰਡਲ ਦੀ ਵਜ਼ੀਰ ਮਾਇਆ ਕੋਡਨਾਨੀ ਨੂੰ ਦੰਗਿਆਂ ਵਿਚ ਬੇਗੁਨਾਹਾਂ ਦੇ ਕਤਲਾਂ ਲਈ ਅਠਾਈ ਸਾਲ ਦੀ ਸਖਤ ਕੈਦ ਦੀ ਸਜ਼ਾ ਹੋਈ ਹੈ। ਸਾਬਕਾ ਵਜ਼ੀਰ ਮਾਇਆ ਕੋਡਨਾਨੀ ਬੱਚਿਆਂ ਤੇ ਔਰਤਾਂ ਦੀ ਡਾਕਟਰ ਸੀ, ਪਰ ਦੰਗਿਆਂ ਵੇਲੇ ਏਨੀ ਜ਼ਹਿਰੀਲੀ ਹੋ ਗਈ ਕਿ ਜਣੇਪੇ ਦਾ ਵਕਤ ਉਡੀਕਦੀ ਇੱਕ ਔਰਤ ਦਾ ਪੇਟ ਚੀਰ ਕੇ ਅੰਦਰੋਂ ਬੱਚਾ ਕੱਢ ਕੇ ਇਸ ਨੇ ਅੱਖਾਂ ਅੱਗੇ ਟੋਟੇ ਕਰਾਇਆ ਸੀ। ਬਦਕਿਸਮਤੀ ਨਾਲ ਜਿਸ ਮੋਦੀਪੁਣੇ ਨੇ ਇੱਕ ਹਫਤੇ ਵਿਚ ਪੂਰੇ ਸੰਸਾਰ ਦੀ ਤ੍ਰਾਹ-ਤ੍ਰਾਹ ਕਰਵਾ ਦਿੱਤੀ ਸੀ, ਉਹ ਅੱਗੇ ਵਧਦਾ ਦੰਗਿਆਂ ਦੇ ਦੋਸ਼ੀਆਂ ਨੂੰ ਸਨਮਾਨਤ ਕਰਨ ਲਈ ਆਗਰੇ ਤੱਕ ਆ ਗਿਆ ਹੈ। ਜੇ ਉਸ ਦੀ ਇਹ ਯਲਗਾਰ ਰੋਕੀ ਨਾ ਗਈ ਤਾਂ ਘਾਤਕ ਬੜੀ ਹੋਵੇਗੀ ਹਿੰਦੁਸਤਾਨ ਦੇ ਲਈ।
Leave a Reply