ਅੰਮ੍ਰਿਤਸਰ: ਡਰੱਗ ਤਸਕਰ ਜਗਦੀਸ਼ ਸਿੰਘ ਭੋਲਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਆਗੂ ਦੇ ਸਬੰਧ ਸਿਆਸੀ ਸ਼ਖ਼ਸੀਅਤਾਂ ਨਾਲ ਹੋਣ ਦੇ ਖ਼ੁਲਾਸੇ ਮਗਰੋਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਡਾæ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅਜੇ ਤੱਕ ਚੁੱਪ ਧਾਰੀ ਹੋਈ ਹੈ। ਉਨ੍ਹਾਂ ਨਾ ਸਿਰਫ਼ ਸਿਆਸੀ ਸਰਗਰਮੀਆਂ ਖ਼ਤਮ ਕਰ ਦਿੱਤੀਆਂ ਹਨ ਸਗੋਂ ਉਹ ਮੀਡੀਆ ਤੋਂ ਵੀ ਕਿਨਾਰਾ ਕਰ ਰਹੇ ਹਨ।
ਪਟਿਆਲਾ ਪੁਲਿਸ ਨੇ 14 ਨਵੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚੋਂ ਦੋ ਨੌਜਵਾਨਾਂ ਮਨਜਿੰਦਰ ਸਿੰਘ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ਨੂੰ ਜਗਦੀਸ਼ ਸਿੰਘ ਭੋਲਾ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਕੋਲੋਂ ਪੁਲਿਸ ਨੇ ਕਰੋੜਾਂ ਰੁਪਏ ਦੇ ਸਿੰਥੈਟਿਕ ਨਸ਼ੇ ਬਰਾਮਦ ਕੀਤੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਖ਼ੁਲਾਸਾ ਹੋਇਆ ਸੀ ਕਿ ਇਹ ਦੋਵੇਂ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਵਿਚ ਸਰਗਰਮ ਹਨ ਤੇ ਇਨ੍ਹਾਂ ਦੇ ਕਈ ਸਿਆਸੀ ਸ਼ਖ਼ਸੀਅਤਾਂ ਨਾਲ ਨੇੜੇ ਦੇ ਸਬੰਧ ਹਨ। ਖ਼ਾਸ ਕਰਕੇ ਬਿੱਟੂ ਔਲਖ ਦੀ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਸੰਸਦ ਮੈਂਬਰ ਡਾæ ਰਤਨ ਸਿੰਘ ਅਜਨਾਲਾ ਨਾਲ ਕਾਫੀ ਨੇੜਤਾ ਹੈ।
ਇਹ ਵੀ ਖ਼ੁਲਾਸਾ ਹੋਇਆ ਸੀ ਕਿ ਅਜਨਾਲਾ ਪਰਿਵਾਰ ਵੱਲੋਂ ਮਿਲੀ ਸ਼ਹਿ ਕਾਰਨ ਇਹ ਨੌਜਵਾਨ ਲਾਲ ਬੱਤੀ ਵਾਲੀ ਗੱਡੀ ਤੇ ਗੰਨਮੈਨਾਂ ਦੀ ਵਰਤੋਂ ਕਰਦਾ ਸੀ। ਇਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਨੇ ਵੀ ਪ੍ਰੈੱਸ ਕਾਨਫਰੰਸ ਦੌਰਾਨ ਖ਼ੁਲਾਸਾ ਕੀਤਾ ਕਿ ਬਿੱਟੂ ਔਲਖ ਜੋ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ਸੀ ਤੇ ਅਜਨਾਲਾ ਪਰਿਵਾਰ ਦਾ ਸਮਰਥਨ ਪ੍ਰਾਪਤ ਸੀ, ਨੂੰ ਨਵੰਬਰ 2011 ਵਿਚ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਅਜਨਾਲਾ ਪਰਿਵਾਰ ਵੱਲੋਂ ਉਸ ਨੂੰ ਸਮਰਥਨ ਦਿੱਤਾ ਜਾ ਰਿਹਾ ਸੀ।
ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਦਿਹਾਤੀ ਇਕਾਈ ਵਿਚ ਖ਼ਜ਼ਾਨਚੀ ਬਣਾ ਦਿੱਤਾ ਗਿਆ ਸੀ। ਅਜਿਹਾ ਸਿਰਫ ਲੋਪੋਕੇ ਪਰਿਵਾਰ ਨੂੰ ਸਿਆਸਤ ਵਿਚ ਦਬਾਉਣ ਲਈ ਕੀਤਾ ਜਾ ਰਿਹਾ ਸੀ। ਸ਼ ਲੋਪੋਕੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਹਨ, ਵੱਲੋਂ ਇਸ ਬਾਰੇ ਪਾਰਟੀ ਪ੍ਰਧਾਨ ਨੂੰ ਵੀ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਅਜਿਹੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਰੱਖੀਆਂ ਸਨ ਜਿਨ੍ਹਾਂ ਤੋਂ ਅਜਨਾਲਾ ਪਰਿਵਾਰ ਤੇ ਬਿੱਟੂ ਔਲਖ ਦੀ ਨੇੜਤਾ ਜੱਗ ਜ਼ਾਹਰ ਹੁੰਦੀ ਸੀ।
ਇਹ ਤਸਵੀਰ ਹਾਲ ਹੀ ਵਿਚ 25 ਸਤੰਬਰ ਨੂੰ ਉਸ ਵੇਲੇ ਖਿੱਚੀ ਗਈ ਸੀ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਹਲਕੇ ਦਾ ਦੌਰਾ ਕੀਤਾ ਸੀ। ਇਸ ਤਸਵੀਰ ਵਿਚ ਬਿੱਟੂ ਔਲਖ ਵੱਲੋਂ ਉਪ ਮੁੱਖ ਮੰਤਰੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਡਾæ ਅਜਨਾਲਾ ਤੇ ਵਿਧਾਇਕ ਬੋਨੀ ਅਜਨਾਲਾ ਵੀ ਖੜ੍ਹੇ ਹਨ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵੀ ਮੌਜੂਦ ਹਨ।
ਇਹ ਖ਼ੁਲਾਸਾ ਹੋਣ ਮਗਰੋਂ ਅਜਨਾਲਾ ਪਰਿਵਾਰ ਨੇ ਚੁੱਪੀ ਧਾਰ ਲਈ ਹੈ ਤੇ ਇਸ ਮਾਮਲੇ ਵਿਚ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਸੰਸਦ ਮੈਂਬਰ ਤੇ ਵਿਧਾਇਕ ਦੋਵਾਂ ਵੱਲੋਂ ਸਿਆਸੀ ਸਰਗਰਮੀਆਂ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ ਤੇ ਮੀਡੀਆ ਤੋਂ ਵੀ ਸੰਕੋਚ ਵਰਤਿਆ ਜਾ ਰਿਹਾ ਹੈ। ਇਸ ਸਬੰਧੀ ਸੰਸਦ ਮੈਂਬਰ ਤੇ ਵਿਧਾਇਕ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ।
ਸੰਸਦ ਮੈਂਬਰ ਦੇ ਨਿੱਜੀ ਸਕੱਤਰ ਨੇ ਹਰ ਵਾਰ ਇਹੀ ਜਵਾਬ ਦਿੱਤਾ ਕਿ ਉਹ ਦੂਜੇ ਨੰਬਰ ‘ਤੇ ਹੋਣਗੇ ਜਦਕਿ ਦੂਜਾ ਫੋਨ ਨੰਬਰ ਬੰਦ ਕੀਤਾ ਹੋਇਆ ਹੈ। ਹਾਲ ਹੀ ਵਿਚ ਮੀਡੀਆ ਦੇ ਇਕ ਹਿੱਸੇ ਵਿਚ ਇਹ ਖ਼ਬਰਾਂ ਵੀ ਆਈਆਂ ਹਨ ਕਿ ਜਗਦੀਸ਼ ਭੋਲਾ ਮਾਮਲੇ ਵਿਚ ਡਾæ ਰਤਨ ਸਿੰਘ ਅਜਨਾਲਾ ਤੇ ਬੋਨੀ ਅਜਨਾਲਾ ਕੋਲੋਂ ਵੀ ਪੁੱਛਗਿੱਛ ਹੋ ਸਕਦੀ ਹੈ। ਇਸ ਬਾਰੇ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਆਈæਜੀæ ਇਸ਼ਵਰ ਚੰਦਰ ਨੇ ਆਖਿਆ ਕਿ ਇਸ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਵੱਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਸਮੁੱਚਾ ਮਾਮਲਾ ਪਟਿਆਲਾ ਪੁਲਿਸ ਕੋਲ ਹੈ ਤੇ ਉਸ ਵੱਲੋਂ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਅਜਨਾਲਾ ਪਰਿਵਾਰ ਦੀ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨਾਲ ਨੇੜਤਾ ਸਾਹਮਣੇ ਆਉਣ ਮਗਰੋਂ ਉਥੇ ਰੋਸ ਪ੍ਰਦਰਸ਼ਨ ਕਰਕੇ ਮਾਮਲੇ ਦੀ ਜਾਂਚ ਸੀæਬੀæਆਈæ ਤੋਂ ਕਰਾਉਣ ਦੀ ਮੰਗ ਕੀਤੀ ਗਈ ਹੈ। ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਦੋਵਾਂ ਅਕਾਲੀ ਆਗੂਆਂ ਦੇ ਚੋਣ ਲੜਨ ‘ਤੇ ਰੋਕ ਲਾਈ ਜਾਵੇ।
Leave a Reply