ਐਸ਼ ਅਸ਼ੋਕ ਭੌਰਾ
ਪੰਜਾਬੀ ਗਾਇਕੀ ਦੇ ਖੇਤਰ ਵਿਚ ਜਿੰਨਾ ਚਿਰ ਮੈਂ ਰਿਹਾ ਹਾਂ, ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ’ ਵਾਲੀ ਹਾਲਤ ਰਹੀ ਹੈ। ਗਾਇਕਾਂ ਦਾ ਵੱਡਾ ਕਾਫਲਾ ਮੇਰੇ ਲਈ ਪਰਿਵਾਰ ਵਾਂਗ ਰਿਹਾ ਹੈ ਪਰ ਇਸ ਸੰਗੀਤਕ ਅਰਸੇ ਦੌਰਾਨ ਅਮਰ ਸਿੰਘ ਚਮਕੀਲੇ ਤੋਂ ਬਾਅਦ ਜਿਹੜਾ ਘਾਟਾ ਪਿਆ, ਉਹ ਸੀ ਸੁਰੀਲੇ ਗਾਇਕ ਦਿਲਸ਼ਾਦ ਅਖਤਰ ਦਾ ਬੇਦਰਦ ਤੇ ਬੇਰਹਿਮ ਕਤਲ। ਇਹ ਪੰਜਾਬੀ ਕਹਾਵਤ ਦਿਲਸ਼ਾਦ ਅਖਤਰ ‘ਤੇ ਇੰਨ-ਬਿੰਨ ਲਾਗੂ ਹੁੰਦੀ ਹੈ ਕਿ ‘ਉਹ ਭੰਗ ਦੇ ਭਾੜੇ ਚਲਾ ਗਿਆ।’ ਇਹ ਦੁੱਖ ਹੋਰ ਵੀ ਤਿੱਖੀ ਚੀਸ ਬਣ ਕੇ ਉਠਦਾ ਰਹੇਗਾ ਕਿ ਜਿਨ੍ਹਾਂ ਨੇ ਵਰਦੀ ਹੇਠ ਛੁਪੇ ਅਪਰਾਧ ਵਾਂਗ ਇਹ ਕਾਰਨਾਮਾ ਕੀਤਾ, ਉਹ ਸਬੂਤਾਂ ਦੀ ਘਾਟ ਦੀ ਆਮ ਅਦਾਲਤੀ ਪ੍ਰਕ੍ਰਿਆ ਵਾਂਗ ਸਜ਼ਾ ਨੂੰ ਚਕਮਾ ਦੇ ਗਏ। ਇਉਂ ਪੰਜਾਬੀ ਗਾਇਕੀ ਦੀ ਮਹਾਨ ਸੁਰ ਮਿੱਟੀ ਘੱਟੇ ਵਿਚ ਰੁਲ ਗਈ।
ਜਿਹੜੇ ਮੈਨੂੰ ਅਖ਼ਬਾਰਾਂ ਜ਼ਰੀਏ ਜਾਣਦੇ ਸਨ, ਉਹ ਸੋਚਦੇ ਸਨ ਕਿ ਇਹ ਸ਼ਾਇਦ ਫੁੱਲ ਟਾਈਮ ਇਹੀ ਕੰਮ ਕਰਦਾ ਹੈ। ਜਿਹੜੇ ਜਲੰਧਰ ਦੂਰਦਰਸ਼ਨ ਵੇਖਦੇ ਸਨ, ਉਹ ਮੈਨੂੰ ਇਸੇ ਦਾ ਕਰਮਚਾਰੀ ਸਮਝਦੇ ਰਹੇ, ਜਦੋਂ ਕਿ ਮੈਂ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਅਧਿਆਪਕ ਸੀ ਤੇ ਪੂਰੇ ਸਤਾਈ ਸਾਲ ਨੌਕਰੀ ਕੀਤੀ। ਸਕੂਲ ਵਿਚ ਭਾਵੇਂ ਮੈਂ ਘੱਟ ਵੜਿਆ ਹੋਵਾਂ ਪਰ ਇਹ ਦਾਅਵਾ ਜ਼ਰੂਰ ਹੈ ਕਿ ਗਿਆਰਵੀਂ ਜਮਾਤ ਵਿਚ ਮੇਰਾ ਪੜ੍ਹਾਇਆ ਇਕ ਵੀ ਵਿਦਿਆਰਥੀ ਫੇਲ੍ਹ ਨਹੀਂ ਹੋਇਆ। ਵਾਧੂ ਵਿਸ਼ੇ ਪੰਜਾਬੀ ਵਾਲੇ ਪੀਰੀਅਡ ਵਿਚ ਬੱਚੇ ਮੈਨੂੰ ਬਿਨਾਂ ਦਬਕਾਇਆਂ ਚੁੱਪ ਕਰ ਕੇ ਸੁਣਦੇ ਸਨ। ਨਾ ਮੈਂ ਪੜ੍ਹਦੇ ਨੇ ਥੱਪੜ ਖਾਧਾ, ਤੇ ਨਾ ਪੜ੍ਹਾਉਂਦੇ ਨੇ ਕਦੀ ਮਾਰਿਆ ਪਰ ਆਪਣੇ ਜ਼ਿਹਨ ‘ਤੇ ਥੋੜ੍ਹਾ ਜ਼ੋਰ ਪਾ ਕੇ ਦੇਖੋ ਕਿ ਜਿਹਨੇ ਕਿਸੇ ਨੂੰ ਝਿੜਕਿਆ ਤੱਕ ਨਾ ਹੋਵੇ, ਉਹਨੂੰ ਦੋ ਬੇਕਸੂਰ ਜਣਿਆਂ ਦੀਆਂ, ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਵੇਖਣੀਆਂ ਪੈ ਜਾਣ! ਕੀ ਹਾਲਤ ਹੋਵੇਗੀ ਉਹਦੀ? ਚਮਕੀਲੇ ਤੋਂ ਬਾਅਦ ਮੈਂ ਦਿਲਸ਼ਾਦ ਦੀ ਛਾਤੀ ਵਿਚੋਂ ਗੋਲੀਆਂ ਦੀ ਵਾਛੜ ਲੰਘਦੀ ਦੇਖੀ ਸੀ। ਇਹ ਦੇਖ ਕੇ ਸਿਆਸੀ ਲੋਕ ਵੀ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਜ਼ਾਲਮ ਨਹੀਂ ਹੁੰਦੀ।
ਕੋਟਕਪੂਰੇ ਨਾਲ ਸਬੰਧਤ ਦਿਲਸ਼ਾਦ ਮੀਰ ਆਲਮ ਯਾਨਿ ਬਾਬੇ ਮਰਦਾਨੇ ਦੀ ਕੁੱਲ ਵਿਚੋਂ ਕਮਾਲ ਦਾ ਗਵੰਤਰੀ। ਉਹਦੇ ਪਿਉ ਕੀੜੇ ਖਾਂ ਸ਼ੌਕੀਨ ਦਾ ਇਸ ਖੇਤਰ ਵਿਚ ਬੜਾ ਨਾਂ ਸੀ। ਘਰਦਿਆਂ ਤੇ ਜਾਣਕਾਰ ਹਲਕਿਆਂ ਵਿਚ ਉਹ ਸ਼ਾਦੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹਨੇ ਹਾਰਮੋਨੀਅਮ ਨਾਲ ਪਹਿਲਾਂ ਬੈਂਜੋ ਵਜਾਉਣੀ ਸਿੱਖੀ ਤੇ ਇੰਨੀ ਕਮਾਲ ਕਰਦਾ ਸੀ ਬੈਂਜੋ ਵਜਾਉਣ ਵੇਲੇ ਕਿ ਕਈ ਵਾਰ ਸਿਰੇ ਦੀਆਂ ਸੁਰਾਂ ਨਾਲ ਹਾਰਮੋਨੀਅਮ ਵਾਲੇ ਨੂੰ ਵੀ ਉਖਾੜ ਸੁੱਟਦਾ ਸੀ। ਮੈਂ ਮਾਣ ਨਾਲ ਕਹਾਂਗਾ ਕਿ ਜਿਸ ਦਿਲਸ਼ਾਦ ਨੂੰ ‘ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ’ ਨਾਲ ਬਾਬੂ ਸਿੰਘ ਮਾਨ ਆਪਣੇ ਗੀਤਾਂ ਨਾਲ ਲੈ ਗਿਆ ਸੀ, ਮੇਰਾ ਉਹਦੇ ਨਾਲ ਚੌਦਾਂ ਸਾਲ ਮੇਲ-ਮਿਲਾਪ ਰਿਹਾ।
ਨਵਾਂ ਸ਼ਹਿਰ ਦੇ ਬਹਿਰਾਮ ਲਾਗਲੇ ਪਿੰਡ ਨੂਰਪੁਰ ਵਿਚ ਹੀ ਮੈਂ ਦਿਲਸ਼ਾਦ ਅਖ਼ਤਰ ਨੂੰ 1984-85 ਦੇ ਕਰੀਬ ਪਹਿਲੀ ਵਾਰ ਮਿਲਿਆ ਸਾਂ। ਸ਼ਬਦਾਂ ਦੇ ਉਚਾਰਨ ਵਿਚ ਉਹ ਤੋਤੇ ਵਾਂਗ ਅੰਬੀਆਂ ਟੁੱਕ ਕੇ ਸੁੱਟਦਾ ਸੀ। ਪੜ੍ਹਿਆ ਲਿਖਿਆ ਹੋਣ ਕਰ ਕੇ ਸਾਹਿਤਕ ਸ਼ਾਇਰੀ ਕਰਦਿਆਂ ਉਹ ਇਕ ਤਰ੍ਹਾਂ ਨਾਲ ਸਿਖ਼ਰ ਕਰ ਦਿੰਦਾ ਸੀ। ਇਹ ਅਜਿਹਾ ਸਮਾਂ ਸੀ ਜਦੋਂ ਸਰਦੂਲ ਸਿਕੰਦਰ ਅਤੇ ਦਿਲਸ਼ਾਦ ਅਖਤਰ ਸੱਚੀਂ ਪੰਜਾਬੀ ਗਾਇਕੀ ਦੇ ਹੀਰੇ ਬਣੇ ਹੋਏ ਸਨ। ਕਈ ਥਾਂ ਉਹ ਸਰਦੂਲ ਤੋਂ ਵੀ ਉਪਰ ਜਾਂਦਾ ਸੀ। ਨੂਰਪੁਰ ਉਹ ਪਿੰਡ ਹੈ ਜਿਥੋਂ ਦੇ ਸੰਗੀਤਕਾਰ ਤੇ ਰਿਦਮ ਮਾਸਟਰ ਸਰਦਾਰ ਮੁਹੰਮਦ ਨੂੰ ਸਮੁੱਚੀ ਗਾਇਕੀ ਪੂਜਦੀ ਹੈ ਤੇ ਜਿਸ ਦੀ ਯਾਦ ਵਿਚ ਹਰ ਸਾਲ ਪਹਿਲੀ ਨਵੰਬਰ ਨੂੰ ਉਹਦੇ ਪੁੱਤਰ ਗਾਇਕ ਬੂਟਾ ਮੁਹੰਮਦ ਅਤੇ ਦਿਲਬਰ ਮੁਹੰਮਦ ਮੇਲਾ ਵੀ ਲਾਉਂਦੇ ਹਨ। ਸਰਦਾਰ ਮੁਹੰਮਦ ਨਵੇਂ ਗਾਇਕਾਂ ਨੂੰ ਕਿਹਾ ਕਰਦਾ ਸੀ ਕਿ ਚਰਨਜੀਤ ਆਹੂਜਾ ਤੇ ਅਸ਼ੋਕ ਦਾ ਲੜ ਖਿੱਚੋ, ਸਫਲਤਾ ਪੈਂਦੀ ਸੱਟੇ ਟੱਕਰ ਪਵੇਗੀ। ਮੇਰੇ ਕੰਨ ਵਿਚ ਆਖਦਾ, ‘ਅਸ਼ੋਕ ਚੱਕ ਦੇ ਅਖ਼ਬਾਰਾਂ ਵਿਚ, ਇਹਦਾ ਭਵਿੱਖ ਚੰਨ ਵਰਗੈ।’
ਬੂਟੇ ਦੀ ਨਿੱਕੀ ਜਿਹੀ ਬੈਠਕ ਵਿਚ ਅਸੀਂ ਘੰਟਿਆਂ ਬੱਧੀ ਦਿਲਸ਼ਾਦ ਨੂੰ ਸੁਣਦੇ ਨਹੀਂ ਸਾਂ ਥੱਕਦੇ। ਉਨ੍ਹਾਂ ਦਿਨਾਂ ਵਿਚ ਉਹਦੀ ਜੋੜੀ ਸ਼ਾਇਰ ਧਰਮ ਕੰਮੇਆਣਾ ਨਾਲ ਬਣ ਗਈ ਸੀ ਤੇ ਸੰਨ ਸਤਾਸੀ ਵਿਚ ਉਹਦੇ ਮੁਕੱਦਰ ਇੰਨੇ ਲਿਸ਼ਕਾਂ ਮਾਰਨ ਲੱਗੇ ਸਨ ਕਿ ਫਿਲਮਾਂ ਵਾਲਿਆਂ ਨੇ ਵੀ ‘ਸ਼ਾਦੀ’ ਲਈ ਬੂਹੇ ਖੋਲ੍ਹ ਦਿੱਤੇ ਸਨ।
ਇਸੇ ਵਰ੍ਹੇ ਰੰਗਮੰਚ ਨਾਲ ਜੁੜੇ ਬਲਕਰਨ ਵੜਿੰਗ ਨੇ ਪੰਜਾਬੀ ਫਿਲਮਾਂ ‘ਉਡੀਕਾਂ ਸਾਉਣ ਦੀਆਂ’ ਬਣਾਉਣ ਦਾ ਐਲਾਨ ਦਰਸ਼ਨ ਸਿੰਘ ਹੋਰਾਂ ਨਾਲ ਰਲ ਕੇ ਕਰ ਦਿੱਤਾ। ਹਰਪਾਲ ਟਿਵਾਣਾ ਦੀ ‘ਦੀਵਾ ਬਲੇ ਸਾਰੀ ਰਾਤ’ ਦੀ ਬਹੁਤੀ ਅਖ਼ਬਾਰੀ ਕਵਰੇਜ ਮੇਰੇ ਹੱਥਾਂ ਵਿਚੋਂ ਨਿਕਲਣ ਕਰ ਕੇ ਪੰਜਾਬੀ ਫਿਲਮਾਂ ਵਾਲੇ ਸੋਚਣ ਲੱਗ ਪਏ ਸਨ ਕਿ ਅਸ਼ੋਕ ਇਸ ਕੰਮ ਲਈ ਲਾਹੇਵੰਦ ਹੋ ਸਕਦਾ ਹੈ; ਤੇ ਇਸ ਫਿਲਮ ਦੀ ਸ਼ੂਟਿੰਗ ਕਵਰੇਜ ਲਈ ਬਲਕਰਨ ਨੇ ਮੈਨੂੰ ਤਰਸੇਮ ਬੱਧਣ ਦੇ ਹਵਾਲੇ ਨਾਲ ਖ਼ਤ ਭੇਜ ਦਿੱਤਾ। ਫਿਲਮ ਵਿਚ ਦਲਜੀਤ ਕੌਰ, ਅਮਰ ਨੂਰੀ, ਨੂਰੀ ਦਾ ਪਿਤਾ ਰੋਸ਼ਨ ਸਾਗਰ, ਮਹਿੰਦਰ ਮਸਤੀ ਆਦਿ ਕਲਾਕਾਰ ਕੰਮ ਕਰ ਰਹੇ ਸਨ। ਗਾਇਕ ਸਨ ਦਿਲਰਾਜ ਕੌਰ, ਮੀਨੂ ਪ੍ਰਸ਼ੋਤਮ ਤੇ ਦਿਲਸ਼ਾਦ ਅਖ਼ਤਰ। ਸ਼ੂਟਿੰਗ ‘ਤੇ ਜਾਣ ਦਾ ਚਾਅ ਮੈਨੂੰ ਇਸ ਕਰ ਕੇ ਚੜ੍ਹ ਗਿਆ ਸੀ ਕਿ ਨੂਰੀ ਪਰਿਵਾਰ ਨਾਲ ਮੇਰੇ ਪਰਿਵਾਰਕ ਸਬੰਧ ਸਨ ਤੇ ਦਿਲਸ਼ਾਦ ਨਾਲ ਨਵੀਂ ਮਿੱਤਰਤਾ ਤੇ ਹੋਰ ਸੁਣਨ ਦੀ ਉਸਲਵੱਟ ਸੀ। ਫਿਰੋਜ਼ਪੁਰ-ਫਰੀਦਕੋਟ ਦੇ ਵਿਚਾਲੇ ਜਿਹੇ ਪੈਂਦੇ ਪਿੰਡਾਂ ਰਾਜੇਵਾਲ, ਗੋਲੇਵਾਲ, ਬੇਗੋਵਾਲ ਸ਼ੂਟਿੰਗ ਚੱਲ ਰਹੀ ਸੀ। ਗਿਆ ਤਾਂ ਮੈਂ ਦੋ ਦਿਨ ਲਈ ਸੀ ਪਰ ਰਿਹਾ ਕਈ ਦਿਨ। ਰਾਤ ਨੂੰ ਮੈਂ, ਬਲਕਰਨ ਤੇ ਦਿਲਸ਼ਾਦ ਨੇ ਰੱਜ ਕੇ ਸ਼ਰਾਰਤਾਂ ਕਰਨੀਆਂ। ਅਮਰ ਨੂਰੀ, ਰੋਸ਼ਨ ਸਾਗਰ ਤੇ ਮੈਂ ਰਾਜੋਵਾਲ ਪਿੰਡ ਦੇ ਇਕ ਘਰ ਵਿਚ ਹੀ ਰਹਿੰਦੇ ਸਾਂ। ਕਰੀਬ ਅੱਧੀ ਰਾਤ ਤੱਕ ਉਹ ਮਹਿਫਲ ਲਾਈ ਰੱਖਦਾ। ਸ਼ਾਇਰੀ ਦਾ ਰੰਗ ਬੰਨ੍ਹਦਾ ਤੇ ਸੌਣ ਵੇਲੇ ਆਪਣੇ ਪਿਤਾ ਦੀ ਇਕ ਵੰਨਗੀ ਵੀ ਪੇਸ਼ ਕਰਦਾ ਜਿਨ੍ਹਾਂ ਵਿਚੋਂ ਇਕ ਸੀ,
ਦਾਰੂ ਪੀਤੀ ਸ਼ੁਗਲ ਮਨਾਏ
ਜਦੋਂ ਮਿਲੀ ਸਰਪੰਚੀ।
ਆਟਾ ਨਹੀਂ ਭੜੋਲੇ
ਚੂਹੇ ਲੈਂਦੇ ਫਿਰਨ ਤਲਾਸ਼ੀ,
ਬੈਠਕ ਦੇ ਵਿਚ ਯਾਰਾਂ ਦੇ ਨਾਲ
ਖੜਕੇ ਨਿੱਤ ਗਲਾਸੀ।
ਪਿੰਡ ਬੇਗੋਵਾਲ ਵਿਚ ਇਸੇ ਫਿਲਮ ਲਈ ਧਰਮ ਕੰਮੇਆਣਾ ਦਾ ਗੀਤ ਫਿਲਮਾਇਆ ਜਾਣਾ ਸੀ। ਪੂਰੀ ਰਾਤ ਲੱਗਣੀ ਸੀ ਪਰ ਯਕੀਨ ਕਰਿਓ, ਕਈ ਸਾਲ ਦਾਰੂ ਨਾਲ ਗੁੱਥਮ-ਗੁੱਥਾ ਹੋਣ ਵਾਲੇ ਦਿਲਸ਼ਾਦ ਨੇ ਉਸ ਦਿਨ ਮੂੰਹ ਨਹੀਂ ਸੀ ਲਾਈ। ਦਿਲਜੀਤ ਕੌਰ ਦੇ ਉਦੋਂ ਸਿਖਰਲੇ ਫਿਲਮੀ ਦਿਨ ਸਨ। ਨੂਰੀ ‘ਏਹੁ ਹਮਾਰਾ ਜੀਵਣਾ’ ਵਿਚਲੇ ਭਾਨੋ ਦੇ ਰੋਲ ਕਰ ਕੇ ਚਰਚਾ ਵਿਚ ਸੀ। ਦੋਹਾਂ ਨੇ ਦਿਲਸ਼ਾਦ ਦੇ ਗੀਤ ਦਾ ਉਹ ਫਿਲਮਾਂਕਣ ਤਾਂ ਦੇਖਿਆ ਹੀ, ਸਗੋਂ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕ, ਬਨੇਰਿਆਂ ‘ਤੇ ਬੈਠੀਆਂ ਔਰਤਾਂ ਦਿਲਸ਼ਾਦ ਨੂੰ ਘੱਟ, ਦਲਜੀਤ ਕੌਰ ਤੇ ਨੂਰੀ ਨੂੰ ਘੁੰਮ-ਘੁੰਮ ਕੇ ਵੇਖਦੇ ਰਹੇ। ‘ਬਲਬੀਰੋ ਭਾਬੀ ਦੇ ਸੁੱਚੇ ਨੂੰ ਤਰਲੇ’ ਵਾਲਾ ਗੀਤ ਮੇਰੇ ਚੇਤੇ ਵਿਚ ਹਾਲੇ ਵੀ ਉਵੇਂ ਹੀ ਘੁੰਮ ਰਿਹਾ ਹੈ। ਬੋਲ ਸਨ,
ਕੀਹਨੇ ਤੈਨੂੰ ਦਿੱਤੀ ਆ ਭੁਆਲੀ ਪੁੱਠੀ ਵੇ,
ਫਿਰਦਾ ਦਿਉਰਾ ਮੁੱਠੀਆਂ ‘ਚ ਥੁੱਕੀ ਵੇ,
ਚੁੱਕ ਦੇਣ ਵਾਲਿਆਂ ਦਾ ਜਾਣਾ ਕੁਝ ਨ੍ਹੀਂ
ਤੂੰ ਕੁਝ ਹੋਸ਼ ਕਰ ਵੇ,
ਆਪਣੇ ਹੀ ਹੱਥੀਂ ਕਿਉਂ ਉਜਾੜਦਾ ਦਿਉਰਾ
ਆਪਣਾ ਹੀ ਘਰ ਵੇæææ।
ਜਲੰਧਰ ਦੂਰਦਰਸ਼ਨ ਦੇ ਹਰਜੀਤ ਸਿੰਘ ਨੂੰ ਮੈਂ ਹੀ ਮਸ਼ਵਰਾ ਦਿੱਤਾ ਸੀ ਕਿ ਦਿਲਸ਼ਾਦ ਨੂੰ ਪੇਸ਼ ਕਰੋ; ਕਿਉਂਕਿ ਪੰਜਾਬੀ ਗਾਇਕੀ ਵਿਚ ਮਾਣਕ ਤੋਂ ਪਿੱਛੋਂ ਸੁਰਾਂ ਵਿਚ ਸਜੀ, ਬੁਲੰਦ ਤੇ ਭਰਵੀਂ ਆਵਾਜ਼ ਬੜੀ ਦੇਰ ਬਾਅਦ ਪੇਸ਼ ਹੋਈ ਹੈ। ਇਸ ਤੋਂ ਬਾਅਦ ਤਾਂ ਉਹ ਜਲੰਧਰ ਦੇ ਇਸ ਕੇਂਦਰ ਦਾ ਇਕ ਤਰ੍ਹਾਂ ਨਾਲ ਮਹਿਮਾਨ ਗਾਇਕ ਹੀ ਬਣਿਆ ਰਿਹਾ।
ਜਿਸ ਸਰਦਾਰ ਮੁਹੰਮਦ ਦੇ ਮੇਲੇ ਦਾ ਜ਼ਿਕਰ ਉਪਰ ਆਇਆ ਹੈ, ਆਮ ਲੋਕਾਂ ਨੇ ਇਹਨੂੰ ਉਥੇ ਹੀ ਬਹੁਤਾ ਕਰ ਕੇ ਵੇਖਿਆ ਸੀ; ਹਾਲਾਂ ਕਿ ਉਹਦੀਆਂ ਬਹੁਤ ਸਾਰੀਆਂ ਐਲਬਮਾਂ ਤੇ ‘ਮਨ ਵਿਚ ਵਸਦੈਂ ਸੱਜਣਾ ਵੇ ਰਹਿੰਦੈਂ ਅੱਖੀਆਂ ਤੋਂ ਦੂਰ’ ਵਰਗੇ ਗੀਤ ਲੋਕਾਂ ਦੇ ਲਬਾਂ ‘ਤੇ ਚੜ੍ਹ ਗਏ ਸਨ। ‘ਉਡੀਕਾਂ ਸਾਉਣ ਦੀਆਂ’ ਫਿਲਮ ਭਾਵੇਂ ਬਹੁਤਾ ਬਿਜ਼ਨੈਸ ਨਹੀਂ ਸੀ ਕਰ ਸਕੀ, ਫਿਰ ਵੀ ਵਿਜੈ ਟੰਡਨ ਨੇ ਉਸ ਨੂੰ ਬਿੰਦਰਖੀਏ ਨਾਲ ਫਿਲਮੀ ਅਖਾੜੇ ਦੇ ਰੂਪ ਵਿਚ ਬਾਅਦ ਵਿਚ ਵੀ ਲੈ ਕੇ ਆਂਦਾ।
ਦਿਲਸ਼ਾਦ ਦਾ ਪ੍ਰੇਮ ਵਿਆਹ ਅੰਤਰਜਾਤੀ ਸੀ ਰਾਵੀ ਨਾਲ, ਪਰ ਉਨ੍ਹਾਂ ਦੇ ਘਰੇ ਕਿਸੇ ਬੱਚੇ ਦੇ ਖੇਡਣ ਦੀ ਰੀਝ ਪੂਰੀ ਨਾ ਹੋ ਸਕੀ। ਇਹ ਗੱਲ ਭਾਵੇਂ ਉਹਦੇ ਪਰਿਵਾਰ ਨੂੰ ਚੰਗੀ ਨਾ ਵੀ ਲੱਗੇ ਪਰ ਉਹ ਰੱਜ ਕੇ ਹੀ ਨਹੀਂ, ਦਾਰੂ ਪੀਣ ਲੱਗਾ ਥਾਂ ਕੁ ਥਾਂ ਵਕਤ ਵੀ ਨਹੀਂ ਸੀ ਵਿਚਾਰਦਾ। ਉਹ ਇੰਨੀ ਕਿਉਂ ਪੀਣ ਲੱਗ ਪਿਆ ਸੀ? ਉਹਦੇ ਬਹੁਤ ਨੇੜਲੇ ਲੋਕ ਵੀ ਇਸ ਰਹੱਸ ਨੂੰ ਜਾਣ ਨਹੀਂ ਸਕੇ! 1993 ਵਿਚ ਉਹ ਆਖਰੀ ਵਾਰ ਪਹਿਲੀ ਨਵੰਬਰ ਵਾਲੇ ਦਿਨ ਮੈਨੂੰ ਨੂਰਪੁਰ ਮੇਲੇ ‘ਤੇ ਹੀ ਮਿਲਿਆ। ਸਮਾਂ ਕੋਈ ਦੁਪਹਿਰੇ ਬਾਰਾਂ ਕੁ ਵਜੇ ਦਾ ਹੋਵੇਗਾ। ਗੱਡੀ ਵਿਚੋਂ ਉਤਰਦਾ ਹੀ ਟੱਕਰ ਪਿਆ। ਉਹਨੇ ਪੀਤੀ ਹੋਈ ਸੀ ਅਤੇ ਮੈਨੂੰ ਖਿੱਚ ਕੇ ਗੱਡੀ ਵਿਚ ਬਿਠਾ ਲਿਆ। ਬੋਤਲ ਉਹਦੇ ਮੂਹਰਲੀ ਸੀਟ ਦੇ ਪੈਰਾਂ ਵਿਚ ਪਈ ਸੀ। ਉਹਨੇ ਪੈਗ ਤਾਂ ਪੀ ਲਿਆ ਪਰ ਨਾਲ ਇਹ ਵੀ ਜ਼ਿੱਦ ਕਰਨ ਲੱਗਾ ਕਿ ‘ਤੂੰ ਵੀ ਪੀ; ਆਪਾਂ ਨੇ ਇਕੋ ਜਿਹੇ ਹੋ ਕੇ ਇਕ ਗੱਲ ਕਰਨੀ ਐ।’ ਮੈਂ ਨਾ ਮੰਨਿਆ ਤਾਂ ਉਹਨੇ ਇਕ ਗਲਾਸੀ ਹੋਰ ਅੰਦਰ ਸੁੱਟੀ ਤੇ ਬੋਲ ਪਿਆ। ਉਹ ਭਾਵੁਕ ਤੇ ਗੁੱਸੇ ਵਿਚ ਸੀ, “ਮੈਂ ਤੇਰਾ ਕੀ ਵਿਗਾੜਿਆ ਬਈ? ਦੱਸ ਤੇਰੀ ਗੱਲ ਕਦੋਂ ਨ੍ਹੀਂ ਮੰਨੀ? ਕਿਥੇ ਤੇਰੀ ਕਦਰ ਨ੍ਹੀਂ ਕੀਤੀ? ਤੂੰ ਮੇਰੇ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤੈ।”
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇੰਨਾ ਅੱਗਾ ਭਬੂਕਾ ਕਿਉਂ ਹੋ ਰਿਹਾ ਹੈ! ਮੈਂ ਸਹਿਜ ਸੁਭਾਅ ਪੁੱਛਿਆ, “ਗੱਲ ਕੀ ਐ?”
“ਤੂੰ ਦਿੱਲੀ ਤੋਂ ਜਸਪਿੰਦਰ ਨਰੂਲਾ ਨੂੰ ਬੁਲਾ ਕੇ ਉਹਦਾ ਸਨਮਾਨ ਕਰ ਸਕਦੈਂ, ਸ਼ਿੰਦੇ, ਸਰਬਜੀਤ, ਚਾਂਦੀ ਰਾਮ ਦਾ ਹੋ ਸਕਦੈਂ, ਕਿਉਂ ਮੇਰੀ ਵਾਰੀ ਸੱਪ ਸੁੰਘਦੈ?”
ਮੈਂ ਸਮਝ ਗਿਆ ਸੀ ਕਿ ਗੱਲ ਸ਼ੌਂਕੀ ਮੇਲੇ ਦੀ ਹੋ ਰਹੀ ਹੈ।
“ਬੱਸ ਇਹੀ ਗੱਲ ਸੀ। ਜਲਦੀ ਕਰਾਂਗੇ।”
“ਹੁਣ ਤੂੰ ਸੱਦੇਂਗਾ, ਤਦ ਵੀ ਨਹੀਂ ਆਉਣਾ।” ਤੇ ਇੰਨਾ ਕਹਿ ਕੇ ਉਹਨੇ ਗੱਡੀ ਦੀ ਬਾਰੀ ਠਾਹ ਦੇਣੀ ਮਾਰੀ ਤੇ ਬੂਟੇ ਦੇ ਘਰ ਅੰਦਰ ਦਾਖ਼ਲ ਹੋ ਗਿਆ। ਫਿਰ ਉਹਨੇ ਮੇਲੇ ਵਿਚ ਗਾਇਆ ਤਾਂ ਕਿਆ ਕਮਾਲ, ਪਰ ਮੇਰਾ ਨਾਂ ਤੱਕ ਨਹੀਂ ਲਿਆ ਤੇ ਨਾ ਹੀ ਅੱਖ ਮਿਲਾਈ।
ਅਗਲੇ ਵਰ੍ਹੇ 1994 ਵਿਚ ਸ਼ੌਂਕੀ ਮੇਲਾ ਅਜਿਹਾ ਸੀ ਕਿ ਇਕ ਵਾਰ ਤਾਂ ਅਸੀਂ ਪ੍ਰੋæ ਮੋਹਨ ਸਿੰਘ ਵਾਲੇ ਮੇਲੇ ਨੂੰ ਵੀ ਪਿਛਾਂਹ ਛੱਡ ਦਿੱਤਾ। ਸੰਗੀਤ ਸਮਰਾਟ ਚਰਨਜੀਤ ਆਹੂਜਾ ਆਇਆ ਯਾਨਿ ਗੁਰਦਾਸ ਤੋਂ ਸਿਵਾ ਹਰ ਵੱਡਾ ਗਾਇਕ ਉਸ ਸਾਲ ਮੇਲੇ ‘ਤੇ ਹਾਜ਼ਰ ਸੀ। ਦਿਲਸ਼ਾਦ ਅਖਤਰ ਨਾਲ ਮੈਂ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਲੱਭਿਆ। ਉਹਦੇ ਘਰ ਵੀ ਗਿਆ ਕਿ ਉਹਦਾ ਉਲਾਂਭਾ ਲਾਹ ਦਿਆਂ। ਮੈਨੂੰ ਪਤਾ ਸੀ ਕਿ ਉਹ ਅੰਦਰ ਹੈ ਪਰ ਇਹ ਕਹਿ ਕੇ ਮੈਨੂੰ ਘਰੋਂ ਟਾਲ ਦਿੱਤਾ ਗਿਆ ਕਿ ਉਹ ਮੁੰਬਈ ਹੈ। ਇੰਜ ਜਿਉਂਦੀ ਜ਼ਿੰਦਗਾਨੀ ਵਿਚੋਂ ਇਕ ਤਰ੍ਹਾਂ ਨਾਲ ਟੁੱਟ ਹੀ ਗਏ ਤੇ ਜਿਉਂਦੇ ਦਾ ਚਿਹਰਾ ਨੂਰਪੁਰ ਵੇਖਿਆ ਸੀ ਤੇ ਮੋਏ ਦਾ ਅੰਮ੍ਰਿਤਸਰ ਦੇ ਹਸਪਤਾਲ ਵਿਚ।
28 ਜਨਵਰੀ 1997 ਨੂੰ ‘ਅਜੀਤ’ ਅਖ਼ਬਾਰ ਤੋਂ ਮੈਗਜ਼ੀਨ ਐਡੀਟਰ ਪਰਮਜੀਤ ਵਿਰਕ ਦਾ ਫੋਨ ਸਾਡੇ ਗੁਆਂਢੀਆਂ ਦੇ ਆਇਆ ਕਿ ਦਿਲਸ਼ਾਦ ਦਾ ਕਤਲ ਹੋ ਗਿਆ ਹੈ, ਕਿਸੇ ਪ੍ਰੋਗਰਾਮ ਦੌਰਾਨ। ਵਿਆਹ ਦਾ ਅਖਾੜਾ ਸੀ। ਖਾਲਸ ਮਝੈਲਾਂ ਦਾ ਪਿੰਡ। ਪ੍ਰੋਗਰਾਮ ਦਾ ਟਾਈਮ ਮੁੱਕ ਚੁੱਕਾ ਸੀ ਪਰ ਭੂਤਰੇ ਲੋਕਾਂ ਵਿਚ ਉਹਨੂੰ ਇਕ ਪੁਲਿਸ ਅਫ਼ਸਰ ‘ਹੋਰ ਗਾ, ਹੋਰ ਗਾ’ ਕਹਿ ਕੇ ਪਿਸਤੌਲ ਦੀ ਨੋਕ ‘ਤੇ ਗਵਾਉਂਦਾ ਰਿਹਾ ਤੇ ਜਿਉਂ ਹੀ ਉਹਨੇ ਪ੍ਰੋਗਰਾਮ ਬੰਦ ਕੀਤਾ, ਉਸ ਪੁਲਿਸ ਅਫਸਰ ਨੇ ਆਪਣੇ ਗੰਨਮੈਨ ਦੀ ਅਸਾਲਟ ਫੜ ਕੇ ਪੂਰੇ ਦਾ ਪੂਰਾ ਮੈਗਜ਼ੀਨ ਉਹਦੀ ਛਾਤੀ ‘ਚੋਂ ਲੰਘਾ ਦਿੱਤਾ, ਤੇ ਪੰਜਾਬ ਦੀ ਮਹਾਨ ਸੁਰ, ਲੋਥ ਵਿਚ ਬਦਲ ਗਈ।
ਅੰਮ੍ਰਿਤਸਰ ਦੇ ਜਿਸ ਸਰਕਾਰੀ ਹਸਪਤਾਲ ਵਿਚ ਦਿਲਸ਼ਾਦ ਦੀ ਲਾਸ਼ ਨੂੰ ਪੋਸਟ-ਮਾਰਟਮ ਲਈ ਰੱਖਿਆ ਗਿਆ ਸੀ, ਮੈਂ ਤੇ ਕੁਲਦੀਪ ਮਾਣਕ ਉਥੇ ਕਰੀਬ ਸਵਾ ਅੱਠ ਵਜੇ ਪਹੁੰਚੇ ਹੋਵਾਂਗੇ। ਲਾਸ਼ ਦੀ ਦੁਰਦਸ਼ਾ ਦੇਖ ਕੇ ਪੱਥਰ ਵੀ ਜਿਵੇਂ ਧਾਹ ਮਾਰਨ ਲਈ ਕਾਹਲੇ ਹੋਣ। ਦਿਲ ਵਾਲੇ ਪਾਸੇ ਤਾਂ ਇਕ ਗੋਲੀ ਜ਼ਿੰਦਗੀ ਫੂਕ ਸੁੱਟਦੀ ਹੈ, ਉਥੇ ਤਾਂ ਮੀਂਹ ਵਰ੍ਹਿਆ ਹੋਇਆ ਸੀ। ਜਿਵੇਂ ਸਰੀਰ ਮਾਸ ਦਾ ਕੀਮਾ ਕਰ ਕੇ ਕੱਠਾ ਕਰ ਦਿੱਤਾ ਗਿਆ ਹੋਵੇ। ਉਦਣ ਹਰ ਚਿਹਰੇ ‘ਤੇ ਖਾਕੀ ਵਰਦੀ ਦਾ ਖੌਫ਼ ਤੇ ਭੈਅ ਛਾਇਆ ਹੋਇਆ ਸੀ।
ਇਕ ਗੱਲ ਕਹਿਣ ਤੋਂ ਰਹਿ ਵੀ ਨਹੀਂ ਸਕਦਾ ਪਰ ਇਹ ਵੀ ਨਹੀਂ ਦੱਸ ਸਕਦਾ ਕਿ ਕਿਹਾ ਕਿਹਨੇ ਹੋਵੇਗਾ। ਹਲਕੀ ਜਿਹੀ ਚੀਕ ਵਿਚੋਂ ਜਿਵੇਂ ਕੋਈ ਫੋਕਾ ਦਰਦ ਲਾਲਚ ਵਿਚ ਘਿਰ ਗਿਆ ਹੋਵੇ। ਸਵਾਲ ਸੀ, ‘ਹਾਏ ਵੇ ਡਾਢਿਆ ਰੱਬਾ! ਇਹਦੇ ਗਲ ਵਿਚ ਚੈਨੀ ਤਾਂ ਹੈਗੀ ਆ ਪਰ ਵਿਚ ਲੌਕਟ ਨਹੀਂ।’
ਮਾਣਕ ਨੇ ਚੀਕ ਕੇ ਗਾਲ੍ਹ ਦੰਦਾਂ ਵਿਚ ਘੁੱਟ ਲਈ, ‘ਸੰਗ ਕਰ ਕੁਛ। ਤੈਨੂੰ ਲੌਕਟ ਦੀ ਪਈ ਐ, ਅੱਗ ਸਾਰੀ ਲੰਕਾ ਨੂੰ ਪੈ ਗਈ ਆ।’
ਤੇ ਅੱਧੀ ਰਾਤ ਪਿਛੋਂ ਅਸੀਂ ਘਰੋ-ਘਰੀ ਆਏ ਹੋਵਾਂਗੇ।
ਅਗਲੇ ਦਿਨ ਦੇਹ ਸਪੁਰਦ-ਏ-ਖਾਕ ਕਰਨ ਪਿਛੋਂ ਹਰ ਚਿਹਰਾ ਮੁਰਝਾਇਆ ਤੇ ਬੁਝਿਆ ਹੋਇਆ ਸੀ। ਉਸੇ ਰਾਤ ਨਰਿੰਦਰ ਬੀਬਾ ਦਾ ਫੋਨ ਆ ਗਿਆ, ‘ਅਸ਼ੋਕ ਮੇਰੇ ਘਰੇ ਸਾਰੇ ਗਾਇਕਾਂ ਦੀ ਮੀਟਿੰਗ ਬੁਲਾਈ ਹੈ ਦੁਪਹਿਰ 12 ਵਜੇ। ਦਿਲਸ਼ਾਦ ਦੇ ਕਤਲ ਹੋਣ ਬਾਅਦ ਰਣਨੀਤੀ ਤਿਆਰ ਕਰਨੀ ਆਂ, ਵਕਤ ਸਿਰ ਆ ਜਾਈਂ।’
ਉਹਦੀ ਪੀਲੀ ਕੋਠੀ ਦੇ ਬਾਹਰ ਬੱਸ ਅੱਡੇ ਕੋਲ ਲੁਧਿਆਣੇ ਭਰਵਾਂ ਇਕੱਠ ਹੋਇਆ। ਹੰਸ ਵੀ ਆਇਆ, ਸਰਦੂਲ ਵੀ। ਹਰ ਗਾਇਕ ਸਾਜ਼ਿੰਦਾ ਹਾਜ਼ਰ ਸੀ। ਹੈਰਾਨੀ ਇਹ ਸੀ ਕਿ ਗਾਇਕਾਂ ਦਾ ਮਿੱਤਰ ਇੰਸਪੈਕਟਰ ਗੁੱਡੂ ਵੀ ਪਹੁੰਚਿਆ ਪਰ ਸੀ ਵਰਦੀ ਤੋਂ ਵਗੈਰ। ਉਹਨੇ ਪੁਲਿਸ ਅਫ਼ਸਰ ਦੀ ਗੁੰਡਾਗਰਦੀ ਲਈ ਮੁਆਫ਼ੀ ਮੰਗੀ। ਬੜੀਆਂ ਭਾਵੁਕ ਤਕਰੀਰਾਂ ਹੋਈਆਂ। ਫਿਰ ਫੈਸਲਾ ਹੋਇਆ ਕਿ ਡੀæਸੀæ ਦਫ਼ਤਰ ਤੱਕ ਮਾਰਚ ਕੱਢਿਆ ਜਾਵੇ। ਦਿਲਸ਼ਾਦ ਦਾ ਸ਼ਾਗਿਰਦ ਗਾਇਕ ਮੁਖਤਿਆਰ ਮਣਕਾ ਇੰਨਾ ਗਰਮ ਹੋਇਆ ਹੋਇਆ ਸੀ ਕਿ ਉਹ ਕਹੇ, ਮੈਂ ਛੱਡਣਾ ਕੁਛ ਨਹੀਂ, ਮੈਂ ਆਤਮਦਾਹ ਕਰ ਜਾਵਾਂਗਾ।
ਭਰਤ ਨਗਰ ਚੌਂਕ ਵਿਚ ਹਾਲਾਤ ਇਉਂ ਦੇ ਬਣੇ ਕਿ ਕੁਝ ਗਾਇਕਾਵਾਂ ਨੇ ਚੌਂਕ ਵਿਚੋਂ ਲੰਘ ਰਹੇ ਏæਡੀæਸੀæ ਦੀ ਗੱਡੀ ਘੇਰ ਕੇ ਉਹਦੀ ਖਿੱਚ-ਧੂਹ ਵੀ ਕੀਤੀ।
ਬਾਅਦ ਵਿਚ ਕੇਸ ਲੜਨ ਲਈ ਫੰਡ ‘ਕੱਠਾ ਕਰਨ ਦੇ ਅਤੇ ਹੋਰ ਬੜੇ ਦਾਅਵੇ ਹੋਏ ਪਰ ਕਿਸੇ ਦੇ ਵੀ ਕੰਨ ਉਤੇ ਜੂੰ ਨਾ ਸਰਕੀ।
ਇਹ ਸਭ ਨੂੰ ਪਤੈ ਕਿ ਦਿਲਸ਼ਾਦ ਅਖ਼ਤਰ ਦਾ ਕਤਲ ਹੋਇਐ ਤੇ ਪੁਲਿਸ ਦੀ ਵਰਦੀ ਹੇਠ ਲੁਕ ਕੇ ਨਹੀਂ ਸ਼ੱਰੇਆਮ ਹੋਇਆ ਪਰ ਸਜ਼ਾ ਕਿਸੇ ਨੂੰ ਵੀ ਨਹੀਂ ਹੋਈ। ਲਗਦਾ ਨਹੀਂ ਕਿ ਸਾਡਾ ਕਾਨੂੰਨ ਗੁੰਗਾ ਵੀ ਨਹੀਂ, ਪਰ ਬੋਲ ਵੀ ਨਹੀਂ ਸਕਦਾ।
Leave a Reply