ਡਰੱਗ ਮਾਫੀਆ ਅਫਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਹੈਰੋਇਨ ਲਿਆ ਕੇ ਪੰਜਾਬ ਦੇ ਬਾਰਡਰ ਤੱਕ ਪੁੱਜਦੀ ਕਰਦਾ ਹੈ। ਪੰਜਾਬ ਹੁਣ ਡਰੱਗ ਤਸਕਰੀ ਦਾ ਅੱਡਾ ਬਣ ਚੁੱਕਾ ਹੈ। ਡਰੱਗ ਤਸਕਰ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ ਤੇ ਪਟਿਆਲਾ ਤੋਂ ਹੁੰਦੇ ਹੋਏ ਚੰਡੀਗੜ੍ਹ ਰਾਹੀਂ ਨਸ਼ੀਲੇ ਪਦਾਰਥ ਅਗਾਂਹ ਸਪਲਾਈ ਕਰਦੇ ਹਨ। ਪੰਜਾਬ ਪੁਲਿਸ ਅਨੁਸਾਰ ਅਫੀਮ, ਭੁੱਕੀ, ਸਮੈਕ, ਗਾਂਜਾ ਤੇ ਚਰਸ ਗੁਆਂਢੀ ਰਾਜਾਂ ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਰਾਹੀਂ ਸਪਲਾਈ ਹੁੰਦੀ ਹੈ। ਸਮੈਕ ਮੋਟੇ ਤੌਰ ‘ਤੇ ਪਾਕਿਸਤਾਨ ਤੇ ਨੇਪਾਲ ਤੋਂ ਆਉਂਦੀ ਹੈ। ਪੰਜਾਬ ਲਈ ਸਮੈਕ ਦੀ ਨਿਰੰਤਰ ਸਪਲਾਈ ਦਿੱਲੀ, ਮੇਰਠ, ਸਰਦੂਲਗੜ੍ਹ ਤੇ ਜੰਮੂ ਕਸ਼ਮੀਰ ਤੋਂ ਹੋ ਰਹੀ ਹੈ। ਪੁਲਿਸ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਨਸ਼ੀਲੇ ਪਦਾਰਥ ਦੇਸ਼ ਵਿਚੋਂ ਸਭ ਤੋਂ ਵੱਧ ਬਰਾਮਦ ਹੁੰਦੇ ਹਨ। ਪੰਜਾਬ ਪੁਲਿਸ ਵੱਲੋਂ ਬਣਾਏ ਐਕਸ਼ਨ ਪਲਾਨ ਵਿਚ ਡਰੱਗ ਮਾਫੀਆ ਵੱਲੋਂ ਪੰਜਾਬ ਦੇ ਕੌਮਾਂਤਰੀ ਬਾਰਡਰ ਦੇ ਆਰ-ਪਾਰ ਬਣਾਏ ਨੈਟਵਰਕ ਨੂੰ ਤੋੜਨ ਦਾ ਟੀਚਾ ਮਿਥਿਆ ਹੈ।
____________________________________________
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ ਸਗੋਂ ਨਸ਼ਿਆਂ ਦੇ ਤਸਕਰਾਂ ਨੂੰ ਸਿਆਸੀ ਆਗੂਆਂ ਦੀ ਸ਼ਹਿ ਹਾਸਲ ਹੈ। ਇਸ ਗੱਲ ਦੀ ਪੁਸ਼ਟੀ ਸਰਕਾਰੀ ਅੰਕੜਿਆਂ ਰਾਹੀਂ ਹੁੰਦੀ ਹੈ। ਸਰਕਾਰ ਵੱਲੋਂ ਪੰਜ ਸਾਲਾ ‘ਐਕਸ਼ਨ ਪਲਾਨ’ ਬਣਾਉਣ ਦੇ ਬਾਵਜੂਦ ਭਾਰਤ ਤੋਂ ਪੱਛਮੀ ਯੂਰਪ ਤੇ ਅਮਰੀਕਾ ਨੂੰ ਸਮਗਲਿੰਗ ਹੋ ਰਹੀ ਕੁੱਲ ਡਰੱਗ ਦਾ 40 ਫੀਸਦੀ ਹਿੱਸਾ ਪੰਜਾਬ ਰਾਹੀਂ ਲਿਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਵਿਚ ਹੈਰੋਇਨ ਦੀ ਕੁੱਲ ਬਰਾਮਦਗੀ ਦਾ ਪੰਜਵਾਂ ਹਿੱਸਾ ਪੰਜਾਬ ਵਿਚੋਂ ਮਿਲਦਾ ਹੈ।
ਪੰਜਾਬ ਪੁਲਿਸ ਦੀਆਂ ਰਿਪੋਰਟਾਂ ਅਨੁਸਾਰ ਰਾਜ ਨੂੰ ਲੱਗਦੀਆਂ ਕੌਮਾਂਤਰੀ ਤੇ ਅੰਤਰਰਾਜੀ ਹੱਦਾਂ ਰਾਹੀਂ ਪੰਜਾਬ ਵਿਚ ਵੱਡੇ ਪੱਧਰ ‘ਤੇ ਹਰ ਤਰ੍ਹਾਂ ਦੇ ਨਸ਼ੇ ਦੀ ਤਸਕਰੀ ਹੋ ਰਹੀ ਹੈ। ਪੰਜਾਬ ਸਰਕਾਰ ਨੇ ਭਾਵੇਂ ਇੰਸਪੈਕਟਰ ਜਨਰਲ ਪੁਲਿਸ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਲਈ ਐਂਟੀ ਨਾਰਕੋਟਿਕ ਟਾਸਕ ਫੋਰਸ (ਏæਐਨæਟੀæਐਫ਼) ਬਣਾਈ ਹੈ ਪਰ ਇਸ ਅਧੀਨ ਫੀਲਡ ਵਿਚ ਅੱਜ ਤੱਕ ਕੋਈ ਨੈਟਵਰਕ ਕਾਇਮ ਨਾ ਕਰਨ ਕਾਰਨ ਇਹ ਏਜੰਸੀ ਮਹਿਜ਼ ਕਾਗ਼ਜ਼ਾਂ ਤੱਕ ਹੀ ਸੀਮਤ ਹੈ।
ਏæਐਨæਟੀæਐਫ਼ ਨੇ ਡਰੱਗ ਦੀ ਸਪਲਾਈ ਤੇ ਖਪਤ ਘਟਾਉਣ, ਨਸ਼ਿਆਂ ਨਾਲ ਸਬੰਧਤ ਅਪਰਾਧਾਂ ਨੂੰ ਠੱਲ੍ਹ ਪਾਉਣ ਤੇ ਨਸ਼ਿਆਂ ਵਿਚ ਫਸੇ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਦੇ ਟੀਚੇ ਮਿਥੇ ਗਏ ਸਨ। ਇਸ ਤੋਂ ਇਲਾਵਾ ‘ਨਾਰਕੋ-ਟੈਰੋਰਿਜ਼ਮ’ ਰਾਹੀਂ ਦੇਸ਼ ‘ਤੇ ਡਰੱਗ, ਆਰਮਜ਼ ਤੇ ਨਕਲੀ ਕਰੰਸੀ ਰੂਪੀ ਹਮਲੇ ਨਾਲ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਪੈਦਾ ਕਰਨ ਵਾਲੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦਾ ਕਾਰਜ ਵੀ ਮਿਥਿਆ ਸੀ। ਪੰਜਾਬ ਸਰਕਾਰ ਵੱਲੋਂ ਇਹ ਟੀਚੇ ਸਾਰਕ (ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜ਼ਨਲ ਕੋਆਪ੍ਰੇਸ਼ਨ) ਨਾਰਕੋਟਿਕਸ ਕਨਵੈਨਸ਼ਨ 1990 ਤੇ ਯੂæਐਨæ ਜਨਰਲ ਅਸੈਂਬਲੀ ਦੇ 1998 ਵਿਚ ਡਰੱਗਜ਼ ‘ਤੇ ਹੋਏ ਸਪੈਸ਼ਲ ਸੈਸ਼ਨ ਦੇ ਫੈਸਲਿਆਂ ਦੇ ਆਧਾਰ ‘ਤੇ ਰਾਜ ਵਿਚੋਂ ਡਰੱਗ ਦੀ ਸਪਲਾਈ ਤੇ ਮੰਗ ਘਟਾਉਣ ਲਈ ਮਿਥੇ ਗਏ ਸਨ।
ਪੰਜਾਬ ਸਰਕਾਰ ਇਨ੍ਹਾਂ ਟੀਚਿਆਂ ‘ਤੇ ਪੰਜਾਬ ਪੁਲਿਸ ਵਿਚ ਕੋਈ ਪ੍ਰਭਾਵਸ਼ਾਲੀ ਏਜੰਸੀ ਕਾਇਮ ਕਰਨ ਤੋਂ ਅਸਮਰੱਥ ਰਹਿਣ ਕਾਰਨ ਹਾਲਾਤ ਉਲਟਾ ਬਦਤਰ ਹੋਏ ਹਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਹੰਗਾਮੀ ਸਰਬ-ਵਿਭਾਗੀ ਮੀਟਿੰਗ ਸੱਦਣ ਦੀ ਲੋੜ ਮਹਿਸੂਸ ਕੀਤੀ ਹੈ। ਪੁਲਿਸ ਰਿਪੋਰਟਾਂ ਅਨੁਸਾਰ ਪਾਕਿਸਤਾਨ, ਅਫਗਾਨਿਸਤਾਨ ਤੇ ਇਰਾਨ ਵਿਚੋਂ ਸਭ ਤੋਂ ਵੱਧ ਅਫੀਮ ਨਾਲ ਸਬੰਧਤ ਡਰੱਗ ਸਪਲਾਈ ਹੋ ਰਹੀ ਹੈ। ਅਫਗਾਨਿਸਤਾਨ ਅਫੀਮ ਦੇ ਨਸ਼ਿਆਂ ਨੂੰ ਪੈਦਾ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ।
ਇਸ ਤੋਂ ਇਲਾਵਾ ਪਾਕਿਸਤਾਨ ਤੇ ਅਫਗਾਨਿਸਤਾਨ ਯੂਰਪ ਤੇ ਉੱਤਰੀ ਅਮਰੀਕਾ ਵਿਚ ਨਾਰਕੋਟਿਕ ਡਰੱਗ ਸਪਲਾਈ ਕਰਨ ਵਾਲੇ ਸਭ ਤੋਂ ਵੱਡੇ ਸਰੋਤ ਹਨ। ਇਹ ਦੇਸ਼ ਜ਼ਿਆਦਾਤਰ ਪਾਕਿਸਤਾਨ ਰਾਹੀਂ ਯੂਰਪ ਦੇਸ਼ਾਂ ਨੂੰ ਡਰੱਗ ਸਪਲਾਈ ਕਰਦੇ ਹਨ ਤੇ ਕੌਮਾਂਤਰੀ ਡਰੱਗ ਮਾਫੀਆ ਪੰਜਾਬ ਨੂੰ ਲਾਂਘੇ ਵਜੋਂ ਵਰਤ ਰਿਹਾ ਹੈ। ਇਹ ਅਨਸਰ ਭਾਰਤ ਰਾਹੀਂ ਸਮਗਲਿੰਗ ਕਰਦੇ ਡਰੱਗ ਦਾ 40 ਫੀਸਦੀ ਹਿੱਸਾ ਪੰਜਾਬ ਰਾਹੀਂ ਲੰਘਾਉਂਦੇ ਹਨ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚੋਂ ਬਰਾਮਦ ਹੁੰਦੀ ਹੈਰੋਇਨ ਦਾ ਪੰਜਵਾਂ ਹਿੱਸਾ ਪੰਜਾਬ ਵਿਚੋਂ ਮਿਲ ਰਿਹਾ ਹੈ।
______________________________________
ਕਾਨੂੰਨ ਸਿਰਫ ਕਿਤਾਬਾਂ ਤੱਕ
ਤਮਾਕੂ ਦੇ ਲਗਾਤਾਰ ਵਧ ਰਹੇ ਪ੍ਰਚਲਣ ‘ਤੇ ਰੋਕ ਲਾਉਣ ਲਈ ਸਰਕਾਰ ਨੇ ਸਾਲ 2003 ਵਿਚ ਕਾਨੂੰਨ ਬਣਾ ਕੇ ਸਿਗਰਟ ਤੇ ਹੋਰ ਤਮਾਕੂ ਉਤਪਾਦਾਂ ਦੇ ਪ੍ਰਚਾਰ, ਪ੍ਰਸਾਰ ‘ਤੇ ਪਾਬੰਦੀ ਲਾਈ ਸੀ। ਇਸ ਕਾਨੂੰਨ ਹੇਠ ਜਨਤਕ ਸਥਾਨਾਂ ‘ਤੇ ਸਿਗਰਟਨੋਸ਼ੀ ਦੀ ਪਾਬੰਦੀ ਲਾਗੂ ਕੀਤੀ ਗਈ। 2 ਅਕਤੂਬਰ, 2008 ਤੋਂ ਜਨਤਕ ਥਾਵਾਂ ਦੇ ਪ੍ਰਬੰਧਕਾਂ, ਮਾਲਕਾਂ ਤੇ ਹੋਰ ਮੁਖੀਆਂ ਦੀ ਇਹ ਜ਼ਿੰਮੇਵਾਰੀ ਲਾਈ ਗਈ ਕਿ ਉਹ ਆਪਣੇ ਖੇਤਰਾਂ ਨੂੰ ਸਿਗਰਟਨੋਸ਼ੀ ਤੋਂ ਮੁਕਤ ਬਣਾਉਣ ਤਾਂ ਜੋ ਸਿਗਰਟ ਦਾ ਧੂੰਆਂ ਉਨ੍ਹਾਂ ਲੋਕਾਂ ਤਕ ਨਾ ਪਹੁੰਚੇ ਜਿਹੜੇ ਸਿਗਰਟ ਵਗੈਰਾ ਦਾ ਇਸਤੇਮਾਲ ਨਹੀਂ ਕਰਦੇ।
ਦੁਕਾਨਦਾਰਾਂ ਨੂੰ ਇਹ ਚਿਤਾਵਨੀ ਦਰਸਾਉਂਦੇ ਬੋਰਡ ਲਾਉਣ ਦੀ ਹਦਾਇਤ ਕੀਤੀ ਗਈ ਕਿ ਸਿਗਰਟ ਤੇ ਤਮਾਕੂ ਦਾ ਇਸਤੇਮਾਲ ਸਿਹਤ ਲਈ ਹਾਨੀਕਾਰਕ ਹੈ। ਉਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਇਹ ਵੀ ਲਿਖਣ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤਮਾਕੂ ਉਤਪਾਦਾਂ ਦੀ ਵਿਕਰੀ ਨਹੀਂ ਕੀਤੀ ਜਾਂਦੀ।
_______________________________________
ਭਾਰਤ ‘ਚ ਤਮਾਕੂ ਨਾਲ ਰੋਜ਼ਾਨਾ ਗਿਆਰਾਂ ਹਜ਼ਾਰ ਮੌਤਾਂ
ਚੰਡੀਗੜ੍ਹ: ਤਮਾਕੂ ਸੇਵਨ ਨਾਲ ਦਿਨ-ਬ-ਦਿਨ ਵਧ ਰਹੇ ਖ਼ਤਰਿਆਂ, ਬੀਮਾਰੀਆਂ ਤੇ ਇਸ ਨਾਲ ਹੋ ਰਹੀਆਂ ਮੌਤਾਂ ਵਿਸ਼ਵ ਭਰ ਦੇ ਦੇਸ਼ਾਂ ਲਈ ਫਿਕਰ ਦਾ ਕਾਰਨ ਬਣਿਆ ਹੋਇਆ ਹੈ। ਤਮਾਕੂ ਦਾ ਇਸਤੇਮਾਲ ਸਿਗਰਟ, ਬੀੜੀ, ਹੁੱਕਾ, ਪਾਨ, ਪਾਨ-ਮਸਾਲਾ, ਖੈਣੀ-ਗੁਟਕਾ ਦੇ ਰੂਪ ਵਿਚ ਕੀਤਾ ਜਾਂਦਾ ਹੈ। ਤਮਾਕੂ ਸੇਵਨ ਤੋਂ ਹੁੰਦੀਆਂ ਬੀਮਾਰੀਆਂ ਨਾਲ ਵਿਸ਼ਵ ਭਰ ਵਿਚ ਹਰ ਵਰ੍ਹੇ 254 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿਚੋਂ 80 ਫ਼ੀਸਦੀ ਮੌਤਾਂ ਵਿਕਾਸਸ਼ੀਲ ਦੇਸ਼ਾਂ ਵਿਚ ਹੋ ਰਹੀਆਂ ਹਨ। ਮੌਤ ਦੇ ਮੁੱਖ ਅੱਠ ਕਾਰਨਾਂ ਵਿਚੋਂ ਛੇ ਕਾਰਨ ਤਮਾਕੂ ਨਾਲ ਸਬੰਧਤ ਦੱਸੇ ਜਾਂਦੇ ਹਨ।
ਸੂਤਰਾਂ ਅਨੁਸਾਰ ਭਾਰਤ ਵਿਚ ਤਮਾਕੂ ਸੇਵਨ ਨਾਲ ਹਰ ਵਰ੍ਹੇ 40,15,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਤਮਾਕੂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਹਰ ਰੋਜ਼ 11,000 ਵਿਅਕਤੀਆਂ ਦੀ ਜੀਵਨ ਲੀਲਾ ਖ਼ਤਮ ਕਰ ਦਿੰਦੀਆਂ ਹਨ। ਤਮਾਕੂ ਸੇਵਨ ਕਰਨ ਵਾਲਿਆਂ ਵਿਚ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੂਜਾ ਦੇਸ਼ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇ ਮੁਤਾਬਕ ਭਾਰਤ ਵਿਚ ਤਮਾਕੂ ਦਾ ਸੇਵਨ ਲਗਾਤਾਰ ਵਧ ਰਿਹਾ ਹੈ। 57 ਫ਼ੀਸਦੀ ਮਰਦ ਤੇ ਤਕਰੀਬਨ 11 ਫ਼ੀਸਦੀ ਔਰਤਾਂ ਕਿਸੇ ਨਾ ਕਿਸੇ ਰੂਪ ਵਿਚ ਤਮਾਕੂ ਦਾ ਸੇਵਨ ਕਰਦੀਆਂ ਹਨ। ਸਾਲ 2006 ਵਿਚ ਹੋਏ ਗਲੋਬਲ ਯੂਥ ਟੈਬੈਕੋ ਸਰਵੇ ਅਨੁਸਾਰ ਤਕਰੀਬਨ 14 ਫੀਸਦੀ ਬੱਚੇ 13 ਤੋਂ 15 ਸਾਲ ਦੀ ਉਮਰ ਵਿਚ ਹੀ ਤਮਾਕੂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਤਮਾਕੂ ਬਾਰੇ ਕੀਤੇ ਗਏ ਵੱਖ-ਵੱਖ ਅਧਿਐਨ ਦਰਸਾਉਂਦੇ ਹਨ ਕਿ ਕੈਂਸਰ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਵਿਚੋਂ 80 ਫ਼ੀ ਸਦੀ ਮੌਤਾਂ ਦਾ ਕਾਰਨ ਤਮਾਕੂ ਹੀ ਬਣਦਾ ਹੈ ਕਿਉਂਕਿ ਤਮਾਕੂ ਸੇਵਨ ਨਾਲ ਮੂੰਹ, ਸੰਘਧੌਲ, ਕੰਨ, ਫੇਫੜੇ ਤੇ ਮੂਤਰ ਬਲੈਡਰ ਦਾ ਕੈਂਸਰ ਹੁੰਦਾ ਹੈ।
___________________________________________
ਔਰਤਾਂ ਦਾ ਬੋਲਬਾਲਾ?
ਚੰਡੀਗੜ੍ਹ: ਨਸ਼ਿਆਂ ਦੇ ਕਾਰੋਬਾਰ ‘ਚ ਔਰਤਾਂ ਦਾ ਬੋਲਬਾਲਾ ਹੋਣ ਲੱਗਾ ਹੈ। ਪੰਜਾਬ ਵਿਚ ਇਸ ਸਾਲ 200 ਦੇ ਕਰੀਬ ਠੇਕਿਆਂ ਦੀ ਮਾਲਕੀ ਔਰਤਾਂ ਕੋਲ ਹੈ ਜਦੋਂਕਿ ਪਿਛਲੇ ਚਾਰ ਵਰ੍ਹਿਆਂ ਦੌਰਾਨ ਤਕਰੀਬਨ 700 ਠੇਕੇ ਔਰਤਾਂ ਨੇ ਲਏ ਹਨ। ਰਾਜ ਸਰਕਾਰ ਕੋਲ ਇਨ੍ਹਾਂ ਵਰ੍ਹਿਆਂ ਦੌਰਾਨ 7000 ਔਰਤਾਂ ਨੇ ਸ਼ਰਾਬ ਦੇ ਠੇਕੇ ਲੈਣ ਖਾਤਰ ਅਪਲਾਈ ਕੀਤਾ ਸੀ। ਸ਼ਰਾਬ ਦੇ ਠੇਕੇ ਲੈਣ ਦੀਆਂ ਚਾਹਵਾਨ ਔਰਤਾਂ ਪੱਖੋਂ ਜ਼ਿਲ੍ਹਾ ਲੁਧਿਆਣਾ ਮੋਹਰੀ ਹੈ।
ਕਰ ਤੇ ਆਬਕਾਰੀ ਵਿਭਾਗ ਪੰਜਾਬ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਦਿੱਤੇ ਵੇਰਵਿਆਂ ਅਨੁਸਾਰ ਰਾਜ ਦੇ 14 ਜ਼ਿਲ੍ਹਿਆਂ ਵਿਚ ਚਾਲੂ ਮਾਲੀ ਸਾਲ (2012-13) ਦੌਰਾਨ 1626 ਔਰਤਾਂ ਨੇ ਸ਼ਰਾਬ ਦੇ ਠੇਕੇ ਲੈਣ ਲਈ ਅਪਲਾਈ ਕੀਤਾ ਸੀ। ਇਨ੍ਹਾਂ ਵਿਚੋਂ ਤਕਰੀਬਨ 50 ਔਰਤਾਂ ਨੂੰ 200 ਠੇਕੇ ਲਾਟਰੀ ਸਿਸਟਮ ਨਾਲ ਪ੍ਰਾਪਤ ਹੋਏ। ਸਾਲ 2011-12 ਦੌਰਾਨ 1492 ਔਰਤਾਂ ਨੇ ਅਰਜ਼ੀਆਂ ਦਿੱਤੀਆਂ ਪਰ ਇਨ੍ਹਾਂ ਵਿਚੋਂ ਸਫਲਤਾ 45 ਔਰਤਾਂ ਨੂੰ ਮਿਲੀ ਸੀ। ਉਨ੍ਹਾਂ ਨੂੰ ਤਕਰੀਬਨ 150 ਠੇਕੇ ਮਿਲੇ ਸਨ। ਸਾਲ 2010-11 ਦੌਰਾਨ 1316 ਮਹਿਲਾ ਬਿਨੈਕਾਰਾਂ ਵਿਚੋਂ 29 ਔਰਤਾਂ ਨੂੰ ਸਵਾ ਸੌ ਠੇਕੇ ਮਿਲੇ। ਅਸਲ ਵਿਚ ਸਾਲ 2009-10 ਤੋਂ ਇਹ ਰੁਝਾਨ ਤੇਜ਼ ਹੋਇਆ ਹੈ। ਉਸ ਮਾਲੀ ਸਾਲ ਦੌਰਾਨ 1369 ਔਰਤਾਂ ਠੇਕੇ ਲੈਣ ਖਾਤਰ ਮੈਦਾਨ ਵਿਚ ਆਈਆਂ। ਇਨ੍ਹਾਂ ਵਿਚੋਂ 48 ਔਰਤਾਂ ਨੂੰ ਸਰਕਾਰ ਨੇ ਲਾਟਰੀ ਸਿਸਟਮ ਨਾਲ ਠੇਕੇ ਅਲਾਟ ਕੀਤੇ।
ਸਰਕਾਰੀ ਸੂਚਨਾ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਲੰਘੇ ਚਾਰ ਵਰ੍ਹਿਆਂ ਦੌਰਾਨ 2559 ਔਰਤਾਂ ਨੇ ਠੇਕੇ ਲੈਣ ਲਈ ਅਰਜ਼ੀ ਫੀਸ ਭਰੀ ਸੀ। ਇਨ੍ਹਾਂ ਵਿਚੋਂ 39 ਔਰਤਾਂ ਨੂੰ ਸਫਲਤਾ ਮਿਲੀ ਸੀ। ਚਾਲੂ ਮਾਲੀ ਸਾਲ ਦੌਰਾਨ ਇਸ ਜ਼ਿਲ੍ਹੇ ਵਿਚ ਸੱਤ ਔਰਤਾਂ ਕੋਲ ਤਕਰੀਬਨ ਦੋ ਦਰਜਨ ਸ਼ਰਾਬ ਦੇ ਠੇਕੇ ਹਨ। ਜ਼ਿਲ੍ਹਾ ਮਾਨਸਾ ਵਿਚ ਇਸ ਵੇਲੇ ਤਿੰਨ ਔਰਤਾਂ ਕੋਲ ਅੱਠ ਦੇ ਕਰੀਬ ਠੇਕੇ ਹਨ ਜਦੋਂਕਿ 435 ਔਰਤਾਂ ਨੇ ਠੇਕੇ ਲੈਣ ਲਈ ਦਿਲਚਸਪੀ ਦਿਖਾਈ ਸੀ। ਫਿਰੋਜ਼ਪੁਰ ਜ਼ਿਲ੍ਹੇ ਵਿਚ ਔਰਤਾਂ ਦੀ ਸਫਲਤਾ ਦਰ ਜ਼ਿਆਦਾ ਹੈ। ਚਾਰ ਵਰ੍ਹਿਆਂ ਦੌਰਾਨ ਇਸ ਜ਼ਿਲ੍ਹੇ ਵਿਚੋਂ 21 ਔਰਤਾਂ ਨੇ ਠੇਕਿਆਂ ਲਈ ਅਪਲਾਈ ਕੀਤਾ ਤੇ 10 ਔਰਤਾਂ ਨੂੰ ਠੇਕੇ ਅਲਾਟ ਹੋ ਗਏ। ਹੁਣ ਇਸ ਜ਼ਿਲ੍ਹੇ ਵਿਚ ਦੋ ਔਰਤਾਂ ਕੋਲ ਅੱਧੀ ਦਰਜਨ ਠੇਕੇ ਹਨ।
ਮੁਕਤਸਰ ਵਿਚ ਵੀ ਚਾਰ ਵਰ੍ਹਿਆਂ ਦੌਰਾਨ 11 ਔਰਤਾਂ ਨੂੰ ਸ਼ਰਾਬ ਦੇ ਠੇਕੇ ਅਲਾਟ ਹੋ ਚੁੱਕੇ ਹਨ। ਚਾਲੂ ਮਾਲੀ ਸਾਲ ਦੌਰਾਨ ਰੋਪੜ ਜ਼ਿਲ੍ਹੇ ਵਿਚ ਦੋ, ਗੁਰਦਾਸਪੁਰ ਜ਼ਿਲ੍ਹੇ ਵਿਚ ਦੋ, ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਕ, ਫਤਹਿਗੜ੍ਹ ਸਾਹਿਬ ਵਿਚ ਤਿੰਨ, ਮੁਹਾਲੀ ਵਿਚ ਪੰਜ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਔਰਤ ਸ਼ਰਾਬ ਦੇ ਕਈ ਠੇਕੇ ਚਲਾ ਰਹੀ ਹੈ। ਚਾਲੂ ਮਾਲੀ ਸਾਲ ਦੌਰਾਨ ਬਠਿੰਡਾ ਜ਼ਿਲ੍ਹੇ ਵਿਚ ਦੋ ਔਰਤਾਂ ਕੋਲ ਅੱਧੀ ਦਰਜਨ ਠੇਕੇ ਹਨ।
ਪੰਜਾਬ ਵਿਚ ਸ਼ਰਾਬ ਦੇ ਠੇਕੇ ਹੀ ਨਹੀਂ ਬਲਕਿ ਸ਼ਰਾਬ ਦਾ ਥੋਕ ਕਾਰੋਬਾਰ ਵੀ ਔਰਤਾਂ ਚਲਾਉਣ ਲੱਗੀਆਂ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿਚ ਬੀਸੀਐਲ ਕੰਪਨੀ ਦੇ ਥੋਕ ਦਾ ਕੰਮ ਚਾਲੂ ਮਾਲੀ ਸਾਲ ਦੌਰਾਨ ਸਤਿੰਦਰ ਕੌਰ ਵਾਸੀ ਫਿਰੋਜ਼ਪੁਰ ਕੋਲ ਹੈ ਜਦੋਂਕਿ ਜ਼ਿਲ੍ਹਾ ਕਪੂਰਥਲਾ ਵਿਚ ਚਾਲੂ ਮਾਲੀ ਸਾਲ ਦੌਰਾਨ ਸ਼ਰਾਬ ਦੇ ਥੋਕ ਦੇ ਕਾਰੋਬਾਰ ਵਿਚ ਇਕ ਹਿੱਸੇਦਾਰ ਮਨੀਸ਼ਾ ਪਤਨੀ ਲਲਿਤ ਜੈਰਥ (ਵਾਸੀ ਜ਼ਿਲ੍ਹਾ ਪਟਿਆਲਾ) ਸ਼ਾਮਲ ਹੈ।
___________________________________________
ਚੌਗਿਰਦਾ ਵੀ ਮਾਰ ਹੇਠ
ਤਮਾਕੂ ਦਾ ਅਸਰ ਚੌਗਿਰਦੇ ਨੂੰ ਵੀ ਪ੍ਰਭਾਵਤ ਕਰਦਾ ਹੈ ਤੇ ਕਈ ਅਜਿਹੇ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ ਜੋ ਤਮਾਕੂ ਦਾ ਸੇਵਨ ਬਿਲਕੁਲ ਵੀ ਨਹੀਂ ਕਰਦੇ। ਭਾਰਤ ਵਿਚ ਕੁੱਲ ਸਿੰਜਾਈ ਭੂਮੀ ਦਾ 0æ27 ਫ਼ੀ ਸਦੀ ਹਿੱਸਾ ਤਮਾਕੂ ਦੀ ਕਾਸ਼ਤ ਹੇਠ ਹੈ। ਇਕ ਕਰੋੜ ਤੋਂ ਵਧੇਰੇ ਕਿਸਾਨ, ਖੇਤੀਬਾੜੀ ਮਜ਼ਦੂਰ, ਬੀੜੀ ਸਿਗਰਟ ਬਣਾਉਣ ਵਾਲੇ, ਵਿਚੋਲੀਏ, ਏਜੰਟ ਤੇ ਪ੍ਰਚੂਨ ਦੁਕਾਨਦਾਰ ਤਮਾਕੂ ਦੇ ਧੰਦੇ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੋਏ ਹਨ। ਬੀੜੀ ਮਜ਼ਦੂਰਾਂ ਵਿਚ 85 ਫ਼ੀਸਦੀ ਮਜ਼ਦੂਰ ਔਰਤਾਂ ਤੇ ਬੱਚੇ ਹਨ। ਵਿਸ਼ਵ ਕਿਰਤ ਜਥੇਬੰਦੀ ਦੇ 2002 ਦੇ ਅਨੁਮਾਨ ਮੁਤਾਬਕ ਦੇਸ਼ ਵਿਚ 55 ਲੱਖ ਮਜ਼ਦੂਰ ਬੀੜੀਆਂ ਬਣਾਉਣ ਦੇ ਕੰਮ ਵਿਚ ਜੁੜੇ ਹੋਏ ਹਨ। ਤਮਾਕੂ ਨਾਲ ਸਾਡੇ ਵਾਤਾਵਰਣ ਨੂੰ ਵੀ ਨੁਕਸਾਨ ਹੋ ਰਿਹਾ ਹੈ। ਜੰਗਲਾਤ ਦੇ ਸੋਮਿਆਂ ਨੂੰ ਤਮਾਕੂ ਉਤਪਾਦਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਤਮਾਕੂ ਤੋਂ ਸਰਕਾਰ ਨੂੰ ਹੋਣ ਵਾਲੀ ਆਮਦਨ ਤੋਂ ਕਿਤੇ ਜ਼ਿਆਦਾ ਰਕਮ ਤਮਾਕੂ ਤੋਂ ਪੈਦਾ ਹੁੰਦੀਆਂ ਬੀਮਾਰੀਆਂ ‘ਤੇ ਖਰਚਣੀ ਪੈਂਦੀ ਹੈ। ਸਿਹਤ ਵਿਭਾਗ ਦੇ 2002-03 ਵਿਚ ਕੀਤੇ ਗਏ ਅਧਿਐਨ ਮੁਤਾਬਕ ਤਮਾਕੂ ਤੋਂ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਭਾਰਤ ਵਿਚ 30,833 ਕਰੋੜ ਰੁਪਏ ਖ਼ਰਚ ਕੀਤੇ ਗਏ ਜਦਕਿ ਇਸੇ ਸਾਲ ਤਮਾਕੂ ਤੋਂ ਮਿਲੇ ਟੈਕਸਾਂ ਰਾਹੀਂ ਸਰਕਾਰ ਨੂੰ 27,000 ਕਰੋੜ ਰੁਪਏ ਦੀ ਵਸੂਲੀ ਹੋਈ।
Leave a Reply