ਪੀ.ਐੱਮ. ਨਾਲ ਮੁਲਾਕਾਤ ਦਾ ਮਤਲਬ ਗੱਠਜੋੜ ਨਹੀਂ: ਭਾਜਪਾ

ਚੰਡੀਗੜ੍ਹ:ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਚੋਣ ਦਿਸ਼ਾ ਸਪੱਸ਼ਟ ਕਰ ਦਿੱਤੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਸੋਮਵਾਰ ਨੂੰ ਕਿਹਾ

ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ 2027 ਲਈ ਬੂਥ ਤੋਂ ਲੈ ਕੇ ਸੂਬਾ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਤਰਜੀਹ ਹੈ।ਗੱਠਜੋੜ ਦੀਆਂ ਕਿਆਸ-ਅਰਾਈਆਂ ‘ਤੇ ਵਿਰਾਮ ਲਾਉਂਦਿਆਂ ਪੂਨੀਆ ਨੇ ਸਪੱਸ਼ਟ ਕੀਤਾ ਕਿ ਕੇਂਦਰੀ ਲੀਡਰਸ਼ਿਪ ਦਾ ਸੁਨੇਹਾ ਹੈ ਕਿ ਪਾਰਟੀ ਸਾਰੀਆਂ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਮੈਦਾਨ ਵਿਚ ਉਤਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਮੁਲਾਕਾਤ ਦੇ ਸਵਾਲ ‘ਤੇ ਪੂਨੀਆ ਨੇ ਕਿਹਾ ਕਿ ਕਿਸੇ ਆਗੂ ਦੀ ਪ੍ਰਧਾਨ ਮੰਤਰੀ ਜੋ ਨਾਲ ਮੁਲਾਕਾਤ ਦਾ ਮਤਲਬ ਗੱਠਜੋੜ ਜਾਂ ਸਿਆਸੀ ਸਮਝੌਤਾ ਨਹੀਂ ਹੁੰਦਾ। ਲੋਕਤੰਤਰ ਵਿਚ ਆਗੂ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਾਲ ਮਿਲਦੇ ਰਹਿੰਦੇ ਹਨ। ਉਨ੍ਹਾਂ ਖ਼ੁਦ ਨੂੰ ਕੇਂਦਰੀ ਲੀਡਰਸ਼ਿਪ ਦਾ ਸੰਦੇਸ਼-ਵਾਹਕ ਦੱਸਦਿਆਂ ਸਪੱਸ਼ਟ ਕੀਤਾ ਕਿ ਭਾਜਪਾ ਸਾਰੀਆਂ 117 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ। ਸੂਬਾਈ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸਹਿ-ਇੰਚਾਰਜ ਤੇ ਵਿਧਾਇਕ ਡਾ. ਨਰੇਂਦਰ ਸਿੰਘ ਰੈਣਾ ਦੀ ਮੌਜੂਦਗੀ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੂਨੀਆ ਨੇ ਕਿਹਾ ਕਿ ਫ਼ਿਲਹਾਲ ਉਨ੍ਹਾਂ ਦਾ ਧਿਆਨ ਪੰਜਾਬ ਵਿਚ ਪਾਰਟੀ ਸੰਗਠਨ ਨੂੰ ਸਮਝਣ, ਇਸ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕਰਨ ਅਤੇ ਇਸ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ‘ਤੇ ਰਹੇਗਾ। ਇਸ ਲਈ ਭਾਜਪਾ ਦੀ ਕੋਰ ਕਮੇਟੀ, ਸੂਬਾਈ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਜ਼ਿਲ੍ਹਾ ਇੰਚਾਰਜਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਆਗੂਆਂ ਅਤੇ ਵਰਕਰਾਂ ਨਾਲ ਸੰਵਾਦ ਕਰ ਕੇ ਪਾਰਟੀ ਦੀ ਤਾਕਤ, ਚੁਣੌਤੀਆਂ ਅਤੇ ਆਉਣ ਵਾਲੀਆਂ ਤਰਜੀਹਾਂ ਨੂੰ ਸਮਝਿਆ ਜਾਵੇਗਾ। ਪੂਨੀਆ ਨੇ ਦੱਸਿਆ ਕਿ ਭਾਜਪਾ ਦਾ ਸੇਵਾ ਸੰਕਲਪ ਅਭਿਆਨ 17 ਸਤੰਬਰ ਤੋਂ 17 ਅਕਤੂਬਰ ਤੱਕ ਪੰਜਾਬ ਸਮੇਤ ਪੂਰੇ ਦੇਸ਼ ਵਿਚਚਲਾਇਆ ਜਾਵੇਗਾ। ਇਹ ਅਭਿਆਨ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਜਸ਼ਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਸ ਦਾ ਕੇਂਦਰ ਸਮਾਜ ਸੇਵਾ ਅਤੇ ਜਨ-ਕਲਿਆਣ ਹੋਵੇਗਾ। ਅਭਿਆਨ ਦੌਰਾਨ ਸਫ਼ਾਈ, ਮਹਿਲਾ ਸਸ਼ਕਤੀਕਰਨ, ਨੌਜਵਾਨਾਂ, ਨਵੀਨਤਾ ਅਤੇ ਹੋਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਪ੍ਰੋਗਰਾਮ ਕਰਵਾਏ ਜਾਣਗੇ।