ਨਵੀਂ ਦਿੱਲੀ:ਪਿਛਲੇ ਛੇ ਮਹੀਨਿਆਂ ਤੋਂ ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗ ਕਰ ਰਹੇ ਈਰਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੰਪਰਕਾਂ ਦੀ ਵਰਤੋਂ ਕਰਨ ਅਤੇ ਇਸ ਜੰਗ ਨੂੰ ਖ਼ਤਮ ਕਰਵਾਉਣ ‘ਚ ਮਦਦ ਕਰਨ।
ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕੀਆਨ ਵਿਚਾਲੇ ਦੁਵੱਲੀ ਗੱਲਬਾਤ ਹੋਈ, ਜਿਸ ‘ਚ ਰਾਸ਼ਟਰਪਤੀ ਵੱਲੋਂ ਉਕਤ ਅਪੀਲ ਕੀਤੀ ਗਈ। ਜੰਗ ਤੇ ਖੇਤਰੀ ਅਸਥਿਰਤਾ ਵਿਚਾਲੇ ਦੋਵਾਂ ਆਗੂਆਂ ਦੀ ਇਹ ਆਹਮੋ-ਸਾਹਮਣੇ ਪਹਿਲੀ ਮੁਲਾਕਾਤ ਸੀ। ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਨੇ ਮਲਾਹਾਂ ‘ਤੇ ਹੋਣ ਵਾਲੇ ਹਮਲਿਆਂ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਦਾ ਮੁੱਦਾ ਚੁੱਕਿਆ। ਮੋਦੀ ਨੇ ਪੇਜ਼ਸ਼ਕੀਆਨ ਨੂੰ ਅਗਲੇ ਹਫ਼ਤੇ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਲਈ ਵੀ ਸੱਦਾ ਦਿੱਤਾ। ਗੱਲਬਾਤ ‘ਚ ਦੁਵੱਲੇ ਮੁੱਦੇ ਵੀ ਪ੍ਰਮੁੱਖ ਰਹੇ। ਦੋਵਾਂ ਧਿਰਾਂ ਨੇ ਆਵਾਜਾਈ, ਸਮੁੰਦਰੀ ਸਹਿਯੋਗ, ਹੋਰਮੁਜ਼ ਸਟ੍ਰੇਟ ਦੀ ਸਥਿਤੀ ਅਤੇ ਚਾਬਹਾਰ ਬੰਦਰਗਾਹ ‘ਤੇ ਚਰਚਾ ਕੀਤੀ।
ਈਰਾਨ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਰਾਸ਼ਟਰਪਤੀ ਪੇਜ਼ਸ਼ਕੀਆਨ ਨੇ ਅਮਰੀਕਾ ‘ਤੇ ਦੋਸ਼ਲਗਾਇਆ ਹੈ ਕਿ ਉਸ ਨੇ ਜੰਗ ਅਤੇ ਦਬਾਅ ਦਾ ਰਸਤਾ ਚੁਣਿਆ ਹੈ, ਜਦਕਿ ਈਰਾਨ ਸਮਝੌਤਿਆਂ ਲਈ ਵਚਨਬੱਧ ਰਿਹਾ ਹੈ। ਇਸੇ ਪਿਛੋਕੜ ‘ਚ ਉਨ੍ਹਾਂ ਨੇ ਭਾਰਤ ਦੀ ਖੇਤਰੀ ਅਤੇ ਆਲਮੀ ਭੂਮਿਕਾ ਅਤੇ ਦੋਵਾਂ ਦੇਸ਼ਾਂ ਦੇ ਇਤਿਹਾਸਕ-ਸੱਭਿਆਚਾਰਕ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਧਿਰਾਂ ਨਾਲ ਭਾਰਤ ਦੇ ਵਿਆਪਕ ਸੰਪਰਕਾਂ ਦੀ ਵਰਤੋਂ ਕਰ ਕੇ ਜੰਗ ਅਤੇ ਖੂਨ-ਖ਼ਰਾਬੇ ਤੋਂ ਹਟ ਕੇ ਸਾਰਿਆਂ ਨੂੰ ਸੰਵਾਦ ਅਤੇ ਸਮਝੌਤੇ ਦੇ ਰਾਹ ‘ਤੇ ਪਰਤਣ ‘ਚ ਮਦਦ ਕਰਨ।
ਪੇਜ਼ਸ਼ਕੀਆਨ ਨੇ ਪਾਬੰਦੀਆਂ ਦੇ ਅਸਰ ਨੂੰ ਘੱਟ ਕਰਨ ਲਈ ਸਿਆਸੀ, ਆਰਥਿਕ, ਵਿਗਿਆਨਕ ਅਤੇ ਸੱਭਿਆਚਾਰਕ ਖੇਤਰਾਂ’ ‘ਚ ਸਹਿਯੋਗ ਵਧਾਉਣ ਦੀ ਈਰਾਨ ਦੀ ਇੱਛਾ ਤੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤ-ਈਰਾਨ ਦੀ ਪੁਰਾਣੀ ਦੋਸਤੀ ਨੂੰ ਵੱਖ- ਵੱਖ ਖੇਤਰਾਂ ‘ਚ ਮਜ਼ਬੂਤ ਕਰਨ ਅਤੇ ਵਪਾਰਕ ਦਾਇਰੇ ਦਾ ਵਿਸਥਾਰ ਕਰਨ ਦੀ ਗੱਲ ਕਹੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮੋਦੀ ਨੇ ਮਲਾਹਾਂ ਦੀ ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਦਾ ਮੁੱਦਾ ਚੁੱਕਿਆ। ਭਾਰਤ ਲਈ ਇਹ ਮੁੱਦਾ .ਇਸ ਲਈ ਅਹਿਮ ਹੈ ਕਿਉਂਕਿ ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗਾਂ ‘ਚੋਂ ਇਕ ਹੈ ਅਤੇ ਭਾਰਤ ਦੇ ਕੱਚੇ ਤੇਲ ਅਤੇ ਊਰਜਾ ਦਰਾਮਦ ਦਾ ਵੱਡਾ ਹਿੱਸਾ ਇਸੇ ਰਸਤੇ ਰਾਹੀਂ ਆਉਂਦਾ ਹੈ। ਜੰਗ ਕਾਰਨ ਜਹਾਜ਼ਰਾਨੀ ਪ੍ਰਭਾਵਿਤ ਹੋਣ ਨਾਲ ਨਾ ਸਿਰਫ਼ ਊਰਜਾ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ, ਸਗੋਂ ਖੇਤਰ ‘ਚ ਕੰਮ ਕਰ ਰਹੇ ਭਾਰਤੀ ਮਲਾਹਾਂ ਅਤੇ ਵਪਾਰਕ ਜਹਾਜ਼ਾਂ ‘ਤੇ ਵੀ ਖ਼ਤਰਾ ਵਧ ਜਾਂਦਾ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਹੋਰਮੁਜ਼ ਦੇ ਆਸ-ਪਾਸ ਤਿੰਨ ਭਾਰਤੀ ਜਹਾਜ਼ਾਂ ‘ਤੇ ਹਮਲੇ ਹੋਏ ਹਨ। ਇਨ੍ਹਾਂ ‘ਚ ਸੱਤ ਭਾਰਤੀ ਮਲਾਹਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਹੋਰ ਦੇਸ਼ਾਂ ਦੇ ਜਹਾਜ਼ਾਂ ‘ਤੇ ਵੀ ਹਮਲੇ ਹੋਏ ਹਨ, ਜਿਨ੍ਹਾਂ ‘ਚ ਭਾਰਤੀ ਮਲਾਹਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਇਸੇ ਲਈ ਨਵੀਂ ਦਿੱਲੀ ਲਈ ਸਮੁੰਦਰੀ ਮਾਰਗਾਂ ‘ਤੇ। ਨਿਰਵਿਘਨ ਆਵਾਜਾਈ ਅਤੇ ਮਲਾਹਾਂ ਦੀ। ਸੁਰੱਖਿਆ ਸਿੱਧੇ ਤੌਰ ‘ਤੇ ਰਾਸ਼ਟਰੀ ਹਿੱਤ ਨਾਲ ਜੁੜੀ ਹੋਈ ਹੈ।
