ਬਲਕਾਰ ਸਿੰਘ ਪ੍ਰੋਫੈਸਰ (ਰਿਟ.)
ਫੋਨ: +91- 93163-01328
ਡਾ. ਓਅੰਕਾਰ ਸਿੰਘ ਵੱਲੋਂ ਸੰਪਾਦਿਤ ਇਹ ਕਾਫੀ ਟੇਬਲ ਪੁਸਤਕ ਸਰਬੱਤ ਖਾਲਸਾ ਜਥੇਬੰਦੀ ਦੀ ਪੰਜ ਪ੍ਰਧਾਨੀ ਕੌਂਸਲ ਦੀ ਸਹਾਇਤਾ ਨਾਲ ਛਪਵਾਈ ਗਈ ਹੈ। ਸੰਪਾਦਕ, ਬੜੀ ਦੇਰ ਤੋਂ ਗੁਰਬਾਣੀ ਨੂੰ ਆਮ ਸਿੱਖ ਤੱਕ ਪਹੁੰਚਾਣ ਲਈ ਲੋੜੀਂਦੀਆਂ ਵਿਧੀਆਂ ਰਾਹੀਂ ਕੰਮ ਕਰਦਾ ਆ ਰਿਹਾ ਹੈ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਖਿਲਰੇ ਜਿਹੇ ਅਕਾਦਮਿਕ ਯਤਨ ਹੋਣ ਦੇ ਬਾਵਜੂਦ ਸ਼ਬਦ-ਗੁਰੂ ਦਾ ਰਾਹ ਅਸੀਂ ਆਪ ਹੀ ਰੋਕਣ ਲੱਗ ਪਏ ਹਾਂ। ਬਾਇਨਰੀ ਰਾਹੀਂ ਸਮਝਣ ਸਮਝਾਉਣ ਵਾਲੀਆਂ ਸਿਧਾਂਤਕੀਆਂ ਵੱਲੋਂ ਪੈਦਾ ਹੋਏ ਖੱਬੂਆਂ ਅਤੇ ਸੱਜੂਆਂ ਵਿਚ ਗੁਰਮਤਿ ਨੂੰ ਟਿਕਾਏ ਜਾਣ ਦੀ ਅਕਾਦਮਿਕਤਾ ਵੱਲ ਤੁਰਨ ਦਾ ਰਾਹ ਦਿੱਸਦੇ-ਅਣਦਿੱਸਦੇ ਕਾਰਨਾਂ ਕਰਕੇ ਬੰਦ ਲੱਗਣ ਲੱਗ ਪਿਆ ਹੈ। ਚਾਰਾਂ ਪਾਸਿਆਂ ਤੋਂ ਸਿਆਸਤ ਵਿਚ ਘਿਰੇ ਹੋਏ ਸਿੱਖ ਭਾਈਚਾਰੇ ਵਾਸਤੇ ਇਹ ਪੁਸਤਕ ਮੈਨੂੰ ਹਵਾ ਦੇ ਬੁੱਲ੍ਹੇ ਵਰਗੇ ਅਹਿਸਾਸ ਨਾਲ ਜੋੜਦੀ ਲੱਗਦੀ ਹੈ। ਇਸ ਪੁਸਤਕ ਬਾਰੇ ਗੱਲ ਮੈਂ ਏਥੋਂ ਸ਼ੁਰੂ ਕਰਨਾ ਚਾਹੁੰਦਾ ਹਾਂ ਕਿ ਆਲਮੀ ਪ੍ਰਸੰਗ ਵਿਚ ਸਿੱਖ ਭਾਈਚਾਰੇ ਦੀਆਂ ਸ਼ਾਨਾਮੱਤੀਆਂ ਪ੍ਰਾਪਤੀਆਂ ਦੀ ਧੁਰੋਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਨੇ ਵੀ ਜਾ ਚੁਕੇ ਹਨ ਅਤੇ ਸਥਾਪਤ ਵੀ ਹੋ ਚੁੱਕੇ ਹਨ। ਗੁਰਦੁਆਰਾ-ਸੰਸਥਾ ਜਿਸ ਤਰ੍ਹਾਂ ਆਲਮੀ ਪ੍ਰਸੰਗ ਵਿਚ ਨਾਨਕ ਨਾਮਲੇਵਿਆਂ ਨੂੰ ਵਿਰਾਸਤੀ ਫਖਰ ਨਾਲ ਜੋੜਣ ਦੀ ਭੂਮਿਕਾ ਨਿਭਾ ਰਹੀ ਹੈ, ਓਸੇ ਤਰ੍ਹਾਂ ਗੁਰਦੁਆਰਾ-ਸਿਆਸਤ, ਸਿੱਖ ਭਾਈਚਾਰੇ ਨੂੰ ਅਸ਼ਾਂਤੀ ਸਰੋਕਾਰਾਂ ਦੇ ਬੇਲੋੜੇ ਵਰਤਾਰਿਆਂ ਵੱਲ ਧੱਕੀ ਵੀ ਜਾ ਰਹੀ ਹੈ। ਇਸ ਨਾਲ ਹੀ ਜੁੜੀ ਹੋਈ ਹੈ ਗੁਰਮਤੀ ਅਕਾਦਮਿਕਤਾ ਦੇ ਗੁਆਚਣ ਦੀ ਗੱਲ। ਅਜਿਹੀ ਸਥਿਤੀ ਵਿਚੋਂ ਨਿਕਲਣ ਲਈ ਸਾਡੇ ਕੋਲ ਸਿੰਘ-ਸਭਾਈ-ਮਾਡਲ ਹੈ। ਇਹ ਮਾਡਲ ਇਕ ਪਾਸੇ ਸ਼ਬਦ-ਮਾਡਲ ਨਾਲ ਜੁੜਿਆ ਹੋਇਆ ਸੀ ਅਤੇ ਦੂਜੇ ਪਾਸੇ ਪ੍ਰਾਪਤ ਅਕਾਦਮਿਕ ਚੇਤਨਾ-ਮਾਡਲਾਂ ਨਾਲ ਖਹਿ ਕੇ ਤੁਰ ਰਿਹਾ ਸੀ। ਇਹ ਮਾਡਲ, ਪੁਸਤਕ ਸਭਿਆਚਾਰ ਰਾਹੀਂ ਪੈਦਾ ਹੋਇਆ ਸੀ ਅਤੇ ਇਸ ਨੂੰ ਪੁਸਤਕ-ਸਭਿਆਚਾਰ ਰਾਹੀਂ ਕਾਇਮ ਕਿਉਂ ਨਹੀਂ ਰੱਖਿਆ ਜਾ ਸਕਿਆ, ਵਿਚਾਰਿਆ ਜਾਣਾ ਚਾਹੀਦਾ ਹੈ। ਸੰਖੇਪ ਵਿਚ ਕਹਿਣਾ ਹੋਵੇ ਤਾਂ ਕਹਿਣਾ ਚਾਹਾਂਗਾ ਕਿ ਸਿੰਘ ਸਭਾਈ ਮਾਡਲ ਵਿਚ ਬਾਣੀ ਕੇਂਦਰ ਵਿਚ ਸੀ ਅਤੇ ਇਤਿਹਾਸ ਹਾਸ਼ੀਏ ‘ਤੇ ਸੀ। ਇਸ ਵੇਲੇ ਉਲਟ-ਪੁਲਟ ਹੋ ਗਈ ਸਥਿਤੀ ਵਿਚ ਇਤਿਹਾਸ ਕੇਂਦਰ ਵਿਚ ਆ ਗਿਆ ਹੈ ਅਤੇ ਬਾਣੀ ਹਾਸ਼ੀਏ ‘ਤੇ ਧੱਕੀ ਗਈ ਹੈ। ਇਸ ਦੀ ਸ਼ੁਰੂਆਤ ਤਾਂ ਬਾਣੀ ਨੂੰ ਕਹਾਣੀਆਂ ਰਾਹੀਂ ਸਮਝਣ ਦੀ ਕਥਾਕਾਰੀ ਸ਼ੈਲੀ ਤੋਂ ਹੋਇਆ ਸੀ ਅਤੇ ਹੁਣ ਸਿੱਖ ਸੰਸਥਾਵਾਂ ਨੂੰ ਅਪਹਰਣ ਕਰਨ ਦੀ ਸਿਆਸਤ ਦੇ ਕੰਮ ਆ ਰਿਹਾ ਹੈ। ਇਸ ਨਾਲ ਪੈਦਾ ਹੋ ਗਈ ਘਾਟ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਜਿਵੇਂ ਪਰਵਾਸੀ ਭਾਈਚਾਰੇ ਵੱਲੋਂ ਅਚੇਤ ਹੀ ਸਿੰਘ-ਸਭਾਈ ਸੁਰ ਵਿਚ ਹੋ ਰਹੀਆਂ ਹਨ, ਇਸ ਪੁਸਤਕ ਨੂੰ ਓਸੇ ਦੇ ਹਾਸਲ ਵਜੋਂ ਵੇਖੇ ਜਾਣ ਦੀ ਲੋੜ ਮੈਨੂੰ ਮਹਿਸੂਸ ਹੋ ਰਹੀ ਹੈ। ਇਹ ਕੋਸ਼ਿਸ਼ ਮੈਨੂੰ ਬਾਬਾ ਬੋਤਾ-ਸਿੰਘੀਅਨ ਪੰਥਕ-ਰੀਝ ਵਰਗੀ ਲੱਗਦੀ ਹੈ ਕਿਉਂਕਿ ਇਸ ਨਾਲ ਇਹ ਅਹਿਸਾਸੀ-ਚਾਅ ਹਵਾ ਵਿਚ ਫੈਲਦਾ ਲੱਗਦਾ ਹੈ ਕਿ ਪੰਥਕਤਾ ਜਿੰLਦਾ ਹੈ ਅਤੇ ਜ਼ਿੰਦਾ ਰਹੇਗੀ। ਇਸ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਪੰਥਕਤਾ ਦੀ ਸੰਸਥਾਈ ਸੰਭਾਲ ਦੀਆਂ ਸੰਭਾਵਨਾਵਾਂ ਨੂੰ ਸਿਆਸੀ-ਸਿਓਂਕ ਨੇ ਬੇਸ਼ਕ ਖੋਖਲਾ ਕਰ ਦਿੱਤਾ ਹੈ, ਪਰ ਸੰਗਤੀ ਵਿਧਾ ਕਿਸੇ ਨ ਕਿਸੇ ਰੂਪ ਵਿਚ ਕਿਤੇ ਨ ਕਿਤੇ ਧੁਖ ਰਹੀ ਹੈ। ਡਾ. ਓਅੰਕਾਰ ਸਿੰਘ ਨੂੰ ਮੈਂ ਏਸੇ ਰੰਗ ਦਾ ਪ੍ਰਤੀਨਿਧ ਮੰਨਦਾ ਹਾਂ। ਇਕ ਵੇਲੇ ਗੁਰੂ ਨਾਨਕ ਦੇਵ ਜੀ ਦੀ ਅਗਵਾਈ ਵਿਚ ਸਿੱਖੀ, ਭਾਰਤੀ ਧਰਮਾਂ ਦੀ ਬੁਝੀ ਹੋਈ ਸਵਾਹ ਵਿਚੋਂ ਚੰਗਿਆੜੇ ਵਾਂਗ ਪੈਦਾ ਹੋਈ ਸੀ ਅਤੇ ਓਸੇ ਦੀ ਨਿਰੰਤਰਤਾ ਵਿਚ ਕਿਸੇ ਨ ਕਿਸੇ ਰੂਪ ਵਿਚ ਕਿਤੇ ਨ ਕਿਤੇ ਦਮਕਦੀ ਨਜ਼ਰ ਆਉਂਦੀ ਰਹੀ ਹੈ। ਇਸ ਰੌਸ਼ਨੀ ਵਿਚ ਇਸ ਪੁਸਤਕ ਨੂੰ ਮੈਂ ਬਾਣੀ ਦੀ ਰੌਸ਼ਨੀ ਵਿਚ ਵਿਰਾਸਤੀ-ਫਖਰ ਵਾਂਗ ਵੇਖੇ ਜਾਣ ਦੀ ਸਿਫਾਰਸ਼ ਕਰਦਾ ਹਾਂ।
ਇਸ ਪੁਸਤਕ ਨੂੰ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਦੁਨੀਆਂ ਭਰ ਦੇ ਧਰਮ-ਗ੍ਰੰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਗੁਰੂ ਸਾਹਿਬਾਨ ਨੇ ਆਪ ਲਿਖਿਆ ਅਤੇ ਆਪ ਲਿਖੇ ਹੋਏ ਨੂੰ ਆਪ ਸੰਭਾਲਣ ਦੀ ਸਿੱਕੇਬੰਦੀ ਪੰਜਵੇਂ ਨਾਨਕ ਜੀ ਨੇ 1604 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਸੰਪਾਦਨਾ ਕਰਕੇ ਅਤੇ ਆਪ ਪ੍ਰਕਾਸ਼ ਕੀਤਾ ਸੀ। ਪੰਚਮ ਪਾਤਸ਼ਾਹ ਹਜ਼ੂਰ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਾਸਣ ਅਸਥਾਨ ‘ਤੇ ਸ਼ਬਦ-ਗੁਰੂ ਦੇ ਸਤਿਕਾਰ ਵਿਚ ਭੁੰਜੇ ਸੌਂਦੇ ਰਹੇ ਸਨ। ਗੁਰਮਤੀ-ਚੇਤਨਾ ਅਤੇ ਬਾਣੀ-ਵਿਸ਼ਵਾਸ ਦੇ ਪ੍ਰਤੀਨਿਧ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਰੂਪ ਵਿਚ ਜਿਸ ਤਰ੍ਹਾਂ ਪ੍ਰਬੰਧਕੀ ਸਹਾਇਕ ਦੀ ਭੂਮਿਕਾ ਨਿਭਾਉਂਦੇ ਰਹੇ ਸਨ, ਓਸੇ ਤਰ੍ਹਾਂ ਸਦਾ ਗੁਰੂਕਿਆਂ ਵੱਲੋਂ ਨਿਭਾਈ ਜਾ ਰਹੀ ਹੈ ਅਤੇ ਨਿਭਾਈ ਜਾਂਦੀ ਰਹਿਣੀ ਚਾਹੀਦੀ ਹੈ। ਦਸਮ ਪਾਤਸ਼ਾਹ ਹਜ਼ੂਰ ਨੇ ਪ੍ਰਾਪਤ ਪੋਥੀ ਸਾਹਿਬ ਵਿਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰਕੇ ਦਸਵੇਂ ਨਾਨਕ ਦੀ ਭੂਮਿਕਾ ਨਿਭਾਈ ਸੀ ਅਤੇ 1708 ਈ. ਵਿਚ ਹਜ਼ੂਰ ਸਾਹਿਬ ਨੰਦੇੜ (ਮਹਾਂਰਾਸ਼ਟਰ) ਵਿਖੇ ਨਾਨਕ ਨਾਮਲੇਵਿਆਂ ਵਾਸਤੇ ਸ਼ਬਦ-ਗੁਰੂ ਵਜੋਂ ‘ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਕਹਿ ਕੇ ਗੁਰੂ ਅਤੇ ਸਿੱਖ ਨੂੰ ਇਕ ਦੂਜੇ ਦੇ ਅੰਗ-ਸੰਗ ਰਹਿਣ ਦੀ ਸਦੀਵ ਵਿਵਸਥਾ ਕਰ ਦਿੱਤੀ ਗਈ ਸੀ।
ਹਵਾਲੇ ਵਿਚਲੀ ਪੁਸਤਕ ਦੇ ਸੰਪਾਦਕ ਡਾ. ਓਅੰਕਾਰ ਸਿੰਘ ਨੇ ਆਪਣੀ ਡਿਜੀਟਲ-ਲਾਇਬਰੇਰੀ ਵਿਚੋਂ ਵਡੀ ਗਿਣਤੀ ਬੀੜਾਂ ਵਿਚੋਂ ਜਿਵੇਂ ਹਵਾਲੇ ਦੇ ਕੇ ਆਦਿ-ਮੰਗਲ ਦਾ ਸਰੂਪ, ਸਥਾਨ ਅਤੇ ਪਾਠ-ਭੇਦ ਪ੍ਰਤੀ ਗਈਆਂ ਉਕਾਈਆਂ ਦਾ ਪ੍ਰਸੰਗ ਸਥਾਪਨ ਕੀਤਾ ਹੈ, ਉਸ ਨਾਲ ਪ੍ਰਾਪਤ ਨੂੰ ਕੇਂਦਰ ਵਿਚ ਲਿਆ ਕੇ, ਲੋੜੀਂਦੇ ਨਿਰਣਿਆਂ ਦੀ ਪਹਿਰੇਦਾਰੀ ਨੂੰ ਅਕਾਦਮਿਕ ਸੁਰ ਵਿਚ ਮਸਲੇ ਵਾਂਗ ਪੇਸ਼ ਕਰ ਦਿੱਤਾ ਗਿਆ ਹੈ। ਇਸ ਨੂੰ ਪੰਥਕ ਸੁਰ ਵਿਚ ਰੱਖਣ ਵਾਸਤੇ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਪ੍ਰਾਪਤ ਪਾਠਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਾਗਤਿ ਜੋਤਿ ਅਤੇ ਜ਼ਾਹਰਾ ਜ਼ਹੂਰ ਹੋਣ ‘ਤੇ ਨਾ ਕੋਈ ਫਰਕ ਪਿਆ ਹੈ ਅਤੇ ਨਾ ਹੀ ਪੈਣਾ ਚਾਹੀਦਾ ਹੈ ਕਿਉਂਕਿ ਲਗਾਂ ਮਾਤਰਾਂ ਨਾਲ ਪੈ ਗਏ ਫਰਕ ਨੂੰ ਅਕਾਦਮਿਕ ਸੁਰ ਵਿਚ ਸੰਪਾਦਨਾ ਵੇਲੇ ਵਰਤੀ ਗਈ ਵਿਆਕਰਣਿਕ ਵਿਧੀ ਵਿਚ ਸਮਝਿਆ ਸਮਝਾਇਆ ਜਾ ਸਕਦਾ ਹੈ। ਠੀਕ ਕਰਨ ਦੀ ਸਿਆਣਪ ਦੇ ਲਾਲਚ ਵਿਚ ਨ ਮੁੱਕਣ ਵਾਲੀ ਬੇਲੋੜੀ ਬਹਿਸ ਛੇੜਣ ਤੋਂ ਗੁਰੇਜ਼ ਕਰਨਾ ਹੀ ਠੀਕ ਹੋਵੇਗਾ। ਇਹੋ ਜਿਹੇ ਯਤਨ ਹੋਏ ਵੀ ਹਨ ਅਤੇ ਹੁੰਦੇ ਵੀ ਰਹਿਣੇ ਚਾਹੀਦੇ ਹਨ। ਲੋੜ ਬਾਣੀ ਦੀ ਵਿਆਕਰਣ ਦੀ ਸੋਝੀ ਹਾਸਲ ਕਰਨ ਦੀ ਹੈ ਅਤੇ ਮੇਰੀ ਪੜ੍ਹਤ ਵਿਚ ਇਹੋ ਜਿਹੀਆਂ ਲਿਖਤਾਂ ਆਈਆਂ ਹਨ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਸ਼ਬਦਾਰਥ ਦੀਆਂ ਚਾਰ ਪੋਥੀਆਂ ਵਿਚ ਵਰਤੇ ਸ਼ਬਦ-ਜੋੜਾਂ ਨੂੰ ਲਗਾਂ ਮਾਤਰਾਂ ਠੀਕ ਕਰਕੇ ਵਰਤਿਆ ਹੋਇਆ ਹੈ। ਧਿਆਨ ਵਿਚ ਇਹ ਰਹਿਣਾ ਚਾਹੀਦਾ ਹੈ ਕਿ ਅਜਿਹੀ ਅਕਾਦਮਿਕ ਖੁਲ੍ਹ ਲੈਂਦਿਆਂ ਬਾਣੀ ਦਾ ਪ੍ਰਸੰਗ ਵਿਗਾੜ ਨ ਹੋਵੇ, ਜਿਵੇਂ ਰਾਮ ਰਾਏ ਕੋਲੋਂ ਹੋ ਗਿਆ ਸੀ। ਨਿੱਕੀ-ਮੋਟੀ ਦਰੁਸਤੀ ਕਰਕੇ ਠੀਕ ਵਰਤੋਂ ਦੀ ਨਿਰੰਤਰਤਾ ਵਿਚ ਸੰਭਾਲ ਅਤੇ ਪਹਿਰੇਦਾਰੀ ਵਾਸਤੇ ਸ਼ਰਧਾਲੂ-ਚੇਤਨਾ ਅਤੇ ਵਿਦਿਆਰਥੀ-ਚੇਤਨਾ ਦਾ ਬਿਰਦ ਪਾਲੇ ਜਾਣ ਦੀ ਲੋੜ ਹੈ ਕਿਉਂਕਿ ‘ਅਭੁਲ ਗੁਰੂ ਕਰਤਾਰ’ ਦਾ ਬਾਣੀ ਪ੍ਰਸੰਗ ਬਾਣੀ ਦੀ ਵਰਤੋਂ ਵੇਲੇ ਧਿਆਨ ਵਿਚ ਰਹਿਣਾ ਚਾਹੀਦਾ ਹੈ। ਮਿਸਾਲ ਦੇ ਤੌਰ ‘ਤੇ ਏਸੇ ਹੀ ਪੁਸਤਕ ਵਿਚ ਵਰਤੀ ਗਈ ਭਾਈ ਮਨੀ ਸਿੰਘ ਦੀ ਟਿਪਣੀ ਆਪਣੀ ਗੱਲ ਵੀ ਕਹਿੰਦੀ ਹੈ ਅਤੇ ਆਦਿ ਮੰਗਲ ਬਾਰੇ ਉਕਾਈਆਂ ਦਾ ਹੱਲ ਵੀ ਸੁਝਾਉਂਦੀ ਹੈ- ‘ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਨਾਮ ਸਭ ਦੇਵਾਂ ਦਾ ਦੇਵ ਹੈ॥ ਕੋਈ ਦੇਵੀ ਨੂੰ ਮਨਾਂਵਦਾ ਹੈ॥ ਕੋਈ ਸਿਵ ਨੂੰ ਹੀ ਕੋਈ ਗਨੇਸ ਨੂੰ ਕੋਈ ਹੋਰ ਦੇਵਤਿਆਂ ਨੂੰ॥ ਗੁਰੂ ਦੇ ਸਿਖ ਸਤਿਨਾਮ ਨੂੰ ਅਰਾਧਤੇ ਹੈਂ ਜਿਸ ਕਰ ਸਭ ਵਿਘਨ ਨਾਸ ਹੋਂਦੇ ਹਨ॥ ਤਾਂਤੇ ਸਤਿਨਾਮ ਦਾ ਮੰਗਲਾਚਾਰ ਆਦਿ ਰਖਾ ਗਿਆ ਹੈ॥ ਪੁਸਤਕ ਦੇ ਸਿਰਲੇਖ ਵਿਚ ‘ਆਦਿ-ਮੰਗਲ’ ਵਰਤ ਕੇ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਆਦਿ ਨੂੰ ਦੂਜਾ ਤੀਜਾ ਕਿਵੇਂ ਸਮਝਿਆ ਜਾ ਸਕਦਾ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਪੁਸਤਕ ‘ਗੁਰਮਤਿ ਪ੍ਰਭਾਕਰ’ ਦੇ ਪੰਨਾ 611 ‘ਤੇ ਪੰਚਮ ਪਾਤਸ਼ਾਹ ਜੀ ਦੇ ਹਵਾਲੇ ਨਾਲ ਮੰਗਲ ਬਾਰੇ ਭਾਈ ਮਨੀ ਸਿੰਘ ਦੀ ਸੁਰ ਵਿਚ ਇਸ ਤਰ੍ਹਾਂ ਸਥਾਪਤ ਕੀਤਾ ਹੋਇਆ ਹੈ- ‘ਦੇਵੀ ਦੇਵਤਾ ਦੀ ਪੂਜਾ ਕਰਕੇ ਜੋ ਵਿਘਨਾਂ ਦਾ ਨਾਸ਼ ਅਰ ਨਿਤਯਮੰਗਲ ਚਾਹੁੰਦੇ ਹਨ, ਮੰਗਲ ਦੀ ਪ੍ਰਾਪਤੀ ਕੇਵਲ ਅਕਾਲ ਦੀ ਅਨੰਨਯਸ਼ਰਣ ਤੋਂ ਹੈ, ਬਸੰਤ ਮਹਲਾ 5-ਮੰਗਲ ਤਿਸ ਕੈ ਜਿਸ ਏਕਕਾਮ, ਤਿਸ ਸਦਬਸੰਤ ਜਿਸ ਰਿਦੈ ਨਾਮ॥ ਆਦਿ ਮੰਗਲ ਨੂੰ ਨਾਨਕ ਨਾਮਲੇਵਿਆਂ ਵੱਲੋਂ ਗੁਰ ਮੰਤ੍ਰ ਦੀ ਭਾਵਨਾ ਵਿਚ ਵੀ ਲਿਆ ਜਾਂਦਾ ਰਿਹਾ ਹੈ। ਗੁਰ ਮੰਤ੍ਰ ਦੀ ਵਰਤੋਂ ਪੰਚਮ ਪਾਤਸ਼ਾਹ ਹਜ਼ੂਰ ਨੇ ਰਾਗੁ ਵਡਹੰਸੁ ਵਿਚ ਇਸ ਤਰ੍ਹਾਂ ਪ੍ਰਾਪਤ ਹੈ-’ਸੁਣਿ ਸਜਣ ਜੀ ਮੈਡੜੇ ਮੀਤਾ ਰਾਮ॥ ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ॥’ 576 ਏਸੇ ਨੂੰ ਰਾਗੁ ਮਾਰੂ ਵਿਚ ਹੋਰ ਵੀ ਸਪਸ਼ਟ ਕੀਤਾ ਹੋਇਆ ਹੈ- ‘ਜਿਸੁ ਭਰਮੁ ਖੁਲਿਆ ਤਿਉ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ॥ ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ॥’ 1002 ਇਸ ਨਾਲ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਜਿਸ ਤਰ੍ਹਾਂ ਦੀ ਸੰਪੰਨਤਾ ਸਮੇਤ ਵਿਧਾਨ ਦੇ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤੀ ਸੀ ਉਸ ਵਿਚ ਹੱਥ ਲਿਖਤ ਉਤਾਰਿਆਂ ਵੇਲੇ ਪੈ ਗਈਆਂ ਪਾਠ-ਭੇਦ ਉਕਾਈਆਂ ਨੂੰ ਠੀਕ ਕਰਨ ਨਾਲੋਂ ਵੱਧ ਠੀਕ ਸਮਝਣ ਦੀ ਲੋੜ ਹੈ। ਟੀਕਾਰੀ ਦੇ ਇਤਿਹਾਸ ਵਿਚ ਫਰੀਦਕੋਟੀ ਟੀਕੇ ਤੱਕ ਇਕ ਤੁਕ ਦੇ ਕਈ-ਕਈ ਅਰਥ ਕੀਤੇ ਜਾਣ ਨਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਾਗਤ ਜੋਤਿ ਅਤੇ ਜ਼ਾਹਰਾ ਜ਼ਹੂਰ ਹੋਣ ਵਿਚ ਕੋਈ ਫਰਕ ਨਹੀਂ ਪਿਆ ਸੀ ਸੀ। ਏਹੀ ਵਿਧੀ ਪ੍ਰੋ. ਸਾਹਿਬ ਸਿੰਘ ਦੇ ਟੀਕੇ ਨਾਲ ਇਕ ਤੁਕ ਦੇ ਇਕੋ ਅਰਥਾਂ ਤੱਕ ਪਹੁੰਚ ਕੇ ਵੀ ਵਿਆਖਿਆ-ਪਹੁੰਚ ਹੀ ਤਾਂ ਹੈ। ਏਸੇ ਤਰ੍ਹਾਂ ਹਵਾਲੇ ਵਿਚਲੀ ਪੁਸਤਕ ਵਿਚ ਬਦਲਾਵ ਨਹੀਂ ਸੁਚੇਤ ਹੋਣ ਨੂੰ ਸਾਹਮਣੇ ਲਿਆਂਦਾ ਗਿਆ ਹੈ। ਡਾ. ਓਅੰਕਾਰ ਸਿੰਘ ਨੇ ਜਿਸ ਸੁੱਚੀ ਰੀਝ ਨਾਲ ਹੱਥ ਲਿਖਤੀ ਬੀੜਾਂ ਦੇ ਹਵਾਲੇ ਨਾਲ ਪ੍ਰਾਪਤ ਵਿਚ ਸੰਭਾਵਤ ਦਖਲ ਨਾਲ ਅੰਦਰੋਂ ਪੈਦਾ ਹੋ ਸਕਣ ਦੀਆਂ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰ ਦਿੱਤੀ ਹੈ। ਏਹੋ ਜਿਹੇ ਅਕਾਦਮਿਕ ਯਤਨ ਇਹੋ ਜਿਹੀ ਸੁੱਚੀ ਰੀਝ ਨਾਲ ਹੁੰਦੇ ਰਹਿਣੇ ਚਾਹੀਦੇ ਹਨ।
ਕਿਸੇ ਵੀ ਮਸਲੇ ਦੇ ਬਹੁਤ ਸਾਰੇ ਪੱਖ ਹੋ ਸਕਦੇ ਹਨ ਅਤੇ ਇਸ ਪੁਸਤਕ ਰਾਹੀਂ ਪੈਦਾ ਹੋਏ ਮਸਲੇ ਵਿਚ ਅਕਾਦਮਿਕਤਾ, ਸ਼ਰਧਾ, ਚੇਤਨਾ ਅਤੇ ਤਕਨੀਕੀ ਪੱਖਾਂ ਨੂੰ ਸਮਝੇ ਅਤੇ ਸਮਝਾਏ ਜਾਣ ਦੀ ਲੋੜ ਸਾਹਮਣੇ ਆ ਗਈ ਹੈ। ਅਕਾਦਮਿਕ ਪੱਖ ਵਿਚ ਗੁਰਬਾਣੀ ਵਿਆਕਰਣ, ਵਿਆਖਿਆ ਪ੍ਰਣਾਲੀਆਂ ਅਤੇ ਦਾਰਸ਼ਨਿਕਤਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਪੁਸਤਕ ਇਸ ਪੱਖ ਨੂੰ ਸਿੱਧਿਆਂ ਹੱਥ ਵਿਚ ਬੇਸ਼ਕ ਨਹੀਂ ਲੈਂਦੀ ਪਰ ਇਸ ਦੀਆਂ ਸੰਭਾਵਨਾਵਾਂ ਵਾਸਤੇ ਲੋੜੀਂਦੀ ਸਪੇਸ ਵੱਲ ਇਸ਼ਾਰੇ ਤਾਂ ਕਰ ਹੀ ਦੇਂਦੀ ਹੈ। ਬਾਣੀ ਦੇ ਸ਼ੁੱਧ ਉਚਾਰਨ ਵਿਚੋਂ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਏਸੇ ਨਾਲ ਜੁੜੀਆਂ ਹੋਈਆਂ ਹਨ। ਬਹੁਤੀਆਂ ਦੁਸ਼ਵਾਰੀਆਂ ਬਾਹਰੋਂ ਪੈਦਾ ਨਹੀਂ ਹੋਈਆਂ ਕਿਉਂਕਿ ਰਿਸ਼ੀ ਪਰੰਪਰਾ ਦੇ ਪ੍ਰਤੀਨਿਧ ਭੱਟ ਕਵੀਆਂ ਦੀ ਸ਼ਮੂਲੀਅਤ ਨੂੰ ਕਦੇ ਕਿਸੇ ਨੇ ਬਾਹਰ ਵਾਲਿਆਂ ਵਾਂਗ ਕਿੰਤੂਆਂ-ਪ੍ਰੰਤੂਆਂ ਰਾਹੀਂ ਨਹੀਂ ਵੰਗਾਰਿਆ। ਭਗਤ ਕਵੀਆਂ ਵਿਚੋਂ ਵੀ ਬਹੁਤਿਆਂ ਦੀਆਂ ਲਿਖਤਾਂ ਦੀ ਸਿੱਕੇਬੰਦੀ ਨੂੰ ਵੀ ਕਦੇ ਕਿਸੇ ਭਗਤ ਪੱਖੀ ਨੇ ਬਾਹਰ ਵਾਲਿਆਂ ਵਾਂਗ ਨਹੀਂ ਵੰਗਾਰਿਆ। ਭਗਤਾਂ ਨੂੰ ਗੁਰੂ ਸਥਾਪਤ ਕਰਨ ਦੀ ਸਿਆਸਤ ਵੀ ਅੰਦਰ ਵਾਲੇ ਹੀ ਬਾਹਰ ਲੈ ਕੇ ਗਏ ਹਨ। ਇਸ ਨਾਲ ਬੇਲੋੜੀਆਂ ਦਲੀਲਬਾਜ਼ੀਆਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸ ਦੇ ਬਾਵਜੂਦ ਕੋਈ ਅਜਿਹੀ ਵਰਗ ਵੰਡ ਸਾਹਮਣੇ ਨਹੀਂ ਆਈ, ਜਿਸ ਨਾਲ ‘ਗੁਰੂ ਮਾਣਓ ਗ੍ਰੰਥ’ ਦਾ ਰੁਕਣ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹੋਣ। ਇਹ ਪੁਸਤਕ ਸਿਆਸਤ ਦੇ ਪੈਰੋਂ ਹੋਏ ਗੁਰਮਤੀ ਨੁਕਸਾਨ ਦੀ ਗੱਲ ਵੀ ਸਿੱਧੇ ਰੂਪ ਵਿਚ ਬੇਸ਼ੱਕ ਨਹੀਂ ਕਰਦੀ ਅਤੇ ਨ ਹੀ ਭਗਤ-ਪੈਰੋਕਾਰਾਂ ਨਾਲ ਉਲਝਣ ਵੱਲ ਸੇਧਤ ਹੁੰਦੀ ਹੈ। ਇਹ ਪੁਸਤਕ ਤਾਂ ਆਦਿ-ਮੰਗਲਾਂ ਦੇ ਹਵਾਲੇ ਨਾਲ ਪੈਦਾ ਹੋਏ ਪਾਠ-ਭੇਦਾਂ ਦੀ ਜੁLੰਮੇਵਾਰੀ ਆਪਣਿਆਂ ਦੇ ਪੈਰੋਂ ਪੈਦਾ ਹੋਣ ਵੱਲ ਜਦੋਂ ਇਸ਼ਾਰਾ ਕਰਦੀ ਹੈ ਤਾਂ ਵੀ ਜੋ ਕੁਝ ਸਮਝ ਆਉਂਦਾ ਹੈ, ਉਹ ਡੇਰੇਦਾਰੀ ਦੀ ਸਿਆਸਤ ਨਹੀਂ ਤਾਂ ਹੋਰ ਕੀ ਹੈ? ਧਰਮ ਦੇ ਨਾਮ ‘ਤੇ ਪੈਦਾ ਹੋਣ ਵਾਲੀਆਂ ਡੇਰਾਦਾਰੀਆਂ ਨੂੰ ਧਰਮ ਵਾਂਗ ਸਮਝਣ ਦੀ ਥਾਂ ‘ਤੇ ਧਾਰਮਿਕ ਦੁਕਾਨਦਾਰੀ ਵਾਂਗ ਸਮਝੇ ਜਾਣ ਦੀ ਲੋੜ ਹੈ। ਏਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਡੇਰੇਦਾਰੀ ਦੀ ਸਮੱਸਿਆ ਦੀ ਸ਼ੁਰੂਆਤ ਬਾਬਾ ਸ੍ਰੀ ਚੰਦ ਨਾਲ ਸ਼ੁਰੂ ਹੋ ਗਈ ਸੀ ਅਤੇ ਚੌਥੇ ਨਾਨਕ ਤੱਕ ਪਹੁੰਚਦਿਆਂ ਪ੍ਰਿਥੀ ਚੰਦ ਰਾਹੀਂ ਇਸ ਅੰਦਰੋਂ ਪੈਦਾ ਹੋਈ ਡੇਰੇਦਾਰੀ ਨੂੰ ਸਿਆਸੀ ਸ਼ਹਿ ਵੀ ਮਿਲਣ ਲੱਗ ਪਈ ਸੀ। ਸੁਖਮਨੀ ਸਾਹਿਬ ਦੇ ਬਰਾਬਰ ਸੁਖਮਨਾ ਏਸੇ ਕਾਲ ਵਿਚ ਲਿਖਿਆ ਗਿਆ ਸੀ। ਪੰਜਵੇਂ ਨਾਨਕ ਹਜ਼ੂਰ ਨੇ ਬਾਣੀ ਵਿਚ ਰਲੇਵੇਂ ਦੀਆਂ ਸੰਭਾਵਨਾਵਾਂ ਤਾਂ ਪੋਥੀ ਸਾਹਿਬ ਦੀ ਸੰਪਾਦਨਾ ਕਰਨ ਵੇਲੇ ਵਰਤੀ ਗਈ ਵਿਆਕਰਣਿਕ ਤਕਨਾਲੋਜੀ ਰਾਹੀਂ ਨਿਰਸੰਦੇਹ ਮੁਕਾ ਦਿੱਤੀਆਂ ਸਨ, ਪਰ ਸਿਧਾਂਤਕ ਪਹਿਲਤਾਜ਼ਗੀ ਲਈ ਸਮਕਾਲੀ ਸਿਆਸਤ ਦੇ ਪੈਰੋਂ ਸ਼ਹੀਦੀ ਪਹਿਰੇਦਾਰੀ ਦੀਆਂ ਸੰਭਾਵਨਾਵਾਂ ਨੂੰ ਨਹੀਂ ਰੋਕਿਆ ਜਾ ਸਕਦਾ ਸੀ ਕਿਉਂਕਿ ਰੋਕਣ ਦੀ ਸਿਆਸਤ ਗੁਰਮਤਿ ਦੀ ਰੌਸ਼ਨੀ ਵਿਚ ਨਹੀਂ ਕੀਤੀ ਜਾ ਸਕਦੀ ਸੀ। ਇਸ ਨੂੰ ਸਿੱਖ ਸਿਧਾਂਤਕੀ ਵਿਚ ਸਿਆਸੀ ਦਖਲ ਵਾਂਗ ਵੇਖੇ ਜਾਣ ਦੀ ਲੋੜ ਹੈ। ਅਜਿਹਾ ਹੁੰਦਾ ਵੀ ਰਿਹਾ ਹੈ ਅਤੇ ਹੁੰਦੇ ਰਹਿਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਪੁਸਤਕ ਵਿਚਲੇ ਮਸਲੇ ਨਾਲ ਜੁੜੀਆਂ ਹੋਈਆਂ ਦਖਲ-ਅੰਦਾਜ਼ੀਆਂ ਵਿਚ ਬਾਹਰੋਂ ਦਖਲ 1849 ਈ. ਵਿਚ ਪੰਜਾਬ ਤੇ ਕਲੋਨੀਅਲ ਕਬਜ਼ੇ ਨਾਲ ਸ਼ੁਰੂ ਹੋਇਆ ਸੀ ਅਤੇ ਉਹੀ ਸਿਆਸਤ ਦੇ ਪੈਰੋਂ ਹੋਈ ਜਾ ਰਿਹਾ ਹੈ। ਕਲੋਨੀਅਲ ਦਾਨਸ਼ਵਰ ਅਤੇ ਸਿਆਸਤਦਾਨ ਪੰਜਾਬ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਇਹ ਸਮਝ ਚੁਕੇ ਸਨ ਕਿ ਸਿੱਖਾਂ ਦੀ ਸ਼ਕਤੀ ਗੁਰਦੁਆਰਾ-ਸੰਸਥਾ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ। ਅਰਨਸਟ ਟਰੰਪ, ਮੈਕਾਲਫ ਅਤੇ ਮੈਕਲੋਡ ਰਾਹੀਂ ਪੈਦਾ ਹੋਈਆਂ ਸਥਾਪਨਾਵਾਂ ਦੇ ਅਕਾਦਮਿਕ ਜਵਾਬ ਦਿੱਤੇ ਵੀ ਜਾ ਚੁੱਕੇ ਹਨ ਅਤੇ ਦਿੱਤੇ ਵੀ ਜਾ ਰਹੇ ਹਨ। ਕਲੋਨੀਅਲ ਪ੍ਰਭਾਵ ਨਾਲ ਪਾਠ-ਭੇਦ ਉਕਾਈਆਂ ਉਸ ਤਰ੍ਹਾਂ ਪੈਦਾ ਨਹੀਂ ਹੋਈਆਂ ਸਨ, ਜਿਵੇਂ ਦੀਆਂ ਆਪਣਿਆਂ ਵੱਲੋਂ ਪੈਦਾ ਹੋਈਆਂ ਅਤੇ ਹੋ ਰਹੀਆਂ ਹਨ। ਮਿਸਾਲ ਵਜੋਂ ‘ਮਹਲਾ’ ਨੂੰ ਮਹੱਲਾ ਉਚਾਰਨ ਦੀ ਪਹਿਰੇਦਾਰੀ ਅੱਜ ਵੀ ਹੋਈ ਜਾ ਰਹੀ ਹੈ। ਇਹੋ ਜਿਹੀ ਮਿਸ਼ਨਰੀ ਮਾਰਕੇਬਾਜ਼ੀ ਹੀ ਪਾਠ-ਭੇਦ ਉਕਾਈਆਂ ਦਾ ਅੰਦਰੋਂ ਕਾਰਨ ਬਣੀ ਰਹਿਣੀ ਹੈ। ਇਸ ਨੂੰ ਬਣਾਈ ਰੱਖਣ ਵਾਸਤੇ ਵੋਟ ਬੈਂਕ ਸਿਆਸਤ ਨੇ ਅਹਿਮ ਭੂਮਿਕਾ ਨਿਭਾਈ ਵੀ ਹੈ ਅਤੇ ਨਿਭਾਈ ਵੀ ਜਾ ਰਹੀ ਹੈ। ਇਹ ਪੁਸਤਕ ਇਸ ਨੁਕਸਾਨਦਾਇਕ ਸਥਿਤੀ ਵੱਲ ਇਸ਼ਾਰਾ ਕਰਦੀ ਹੋਈ ਪੰਥਕ-ਸੰਸਥਾਵਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦੀ ਲੱਗਦੀ ਹੈ ਕਿ ਨਹੀਂ ਸੰਭਲੋਗੇ ਤਾਂ ਪੁਰਖੇ ਕੀ ਕਹਿਣਗੇ?
