ਪ੍ਰੋਫੈਸਰ ਜੇਸਨ ਆਰਡੇ ਦਾ ਕਤਲ

-ਲਿਓ ਜ਼ਾਏਲਿਗ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਡਾ. ਜੇਸਨ ਆਰਡੇ ਪਹਿਲੇ ਸਿਆਹਫਾਮ ਵਿਦਵਾਨ ਸਨ ਜੋ ਕੈਂਬਰਿਜ ਯੂਨੀਵਰਸਿਟੀ ਦੇ 800 ਸਾਲ ਦੇ ਇਤਿਹਾਸ ਵਿਚ 38 ਸਾਲ ਦੀ ਸਭ ਤੋਂ ਛੋਟੀ ਉਮਰ ਵਿਚ ਪ੍ਰੋਫੈਸਰ ਬਣੇ ਸਨ। ਸਾਹਿਤਕ ਚੋਰੀ ਦੇ ਦੋਸ਼ ਲੱਗਣ ਤੋਂ ਬਾਅਦ ਪਿਛਲੇ ਦਿਨੀਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ।

ਅਸਤੀਫ਼ੇ ਤੋਂ ਨੌਂ ਦਿਨ ਬਾਅਦ 13 ਅਗਸਤ ਨੂੰ ਉਨ੍ਹਾਂ ਨੇ ਦੱਖਣੀ ਲੰਦਨ ਵਿਚ ਖ਼ੁਦਕੁਸ਼ੀ ਕਰ ਲਈ। ਅਫ਼ਰੀਕਨ ਇਤਿਹਾਸ ਅਤੇ ਸਮਾਜ ਬਾਰੇ ਉੱਘੇ ਖੋਜੀ, ਰੈਡੀਕਲ ਮਾਰਕਸਵਾਦ ਵਿਦਵਾਨ ਅਤੇ ਲੇਖਕ ਲਿਓ ਜ਼ਾਏਲਿਗ ਨੇ ਇਸ ਕਥਿਤ ਖ਼ੁਦਕੁਸ਼ੀ ਪਿੱਛੇ ਕੰਮ ਕਰਦੇ ਅਸਲ ਕਾਰਨਾਂ ਦੀ ਸੰਵੇਦਨਸ਼ੀਲਤਾ ਨਾਲ ਨਿਸ਼ਾਨਦੇਹੀ ਕੀਤੀ ਹੈ। ਉਹ ਕਹਿੰਦਾ ਹੈ ਕਿ ਪ੍ਰੋਫੈਸਰ ਜੇਸਨ ਆਰਡੇ ਦੀ ਖ਼ੁਦਕੁਸ਼ੀ ਨਸਲਵਾਦੀ ਸਿਆਸੀ ਕਤਲ ਹੈ, ਜਿਸ ਨੂੰ ਮੀਡੀਆ ਅਤੇ ਅਤਿ-ਸੱਜੇ-ਪੱਖੀ ਮੁਹਿੰਮ ਨੇ ਅੰਜਾਮ ਦਿੱਤਾ ਅਤੇ ਜਿਸਨੂੰ ਉਦਾਰਵਾਦੀ ਸੰਸਥਾਵਾਂ ਨੇ ਸੰਭਵ ਬਣਾਇਆ। ਇਹ ਘਟਨਾ ਬਰਤਾਨੀਆ ਅਤੇ ਆਲਮੀ ਪੱਧਰ ’ਤੇ ਸਮਕਾਲੀ ਸਰਮਾਏਦਾਰੀ ਅਧੀਨ ਨਸਲਵਾਦ ਅਤੇ ਫਾਸ਼ੀਵਾਦ ਦੇ ਡੂੰਘੇ ਹੁੰਦੇ ਸੰਕਟ ਨੂੰ ਉਜਾਗਰ ਕਰਦੀ ਹੈ। ਵਿਸ਼ੇ ਦੇ ਮਹੱਤਵ ਦੇ ਮੱਦੇਨਜ਼ਰ ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ – ਸੰਪਾਦਕ॥
ਐਤਵਾਰ, 16 ਅਗਸਤ ਨੂੰ ਮੈਂ ਲੰਡਨ ਦੇ ਟ੍ਰੈਫਲਗਰ ਸੁਕੇਅਰ ਵਿਚ ਪ੍ਰੋਫੈਸਰ ਆਰਡੇ ਲਈ ਕੀਤੀ ਗਈ ਸ਼ਰਧਾਂਜਲੀ ਸਭਾ ਵਿਚ ਸ਼ਾਮਲ ਹੋਇਆ। ਗਰਮੀਆਂ ਦੀ ਤਪਦੀ ਗਰਮੀ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਇੱਕ-ਦੂਜੇ ਨਾਲ ਜੁੜ ਕੇ ਖੜ੍ਹੇ ਸਨ। ਉਹ ਉਸ ਪ੍ਰਤੀ ਸਤਿਕਾਰ ਪ੍ਰਗਟਾਉਣ ਲਈ ਫੁੱਲਾਂ ਦੇ ਗੁਲਦਸਤੇ ਉੱਪਰ ਚੁੱਕੀ ਖੜ੍ਹੇ ਸਨ ਅਤੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਲਿਖਿਆ ਸੀ—‘ਪ੍ਰੋਫੈਸਰ ਜੇਸਨ ਆਰਡੇ, ਤੁਹਾਡੀ ਸ਼ਕਤੀ ਅਮਰ ਰਹੇ।’ ਸਿਰ ਝੁਕਾਈ ਮੇਰੇ ਆਲੇ-ਦੁਆਲੇ ਖੜ੍ਹੇ ਸੈਂਕੜੇ ਲੋਕ ਰੋ ਰਹੇ ਸਨ। ਉਨ੍ਹਾਂ ਦੇ ਵਿਦਿਆਰਥੀਆਂ ਦੇ ਸ਼ਬਦ ਅਸਹਿ ਸਨ ਅਤੇ ਸਾਡਾ ਗੁੱਸਾ ਜਵਾਬ ਦੀ ਮੰਗ ਕਰ ਰਿਹਾ ਸੀ।
ਪ੍ਰੋ. ਆਰਡੇ ਹੁਣ ਨਹੀਂ ਰਹੇ। ਉਸ ਦਾ ਕਤਲ ਕਰ ਦਿੱਤਾ ਗਿਆ। ਇੱਕ ਵਾਰ ਫਿਰ ਇੱਕ ਕਾਲੇ ਵਿਅਕਤੀ ਨੂੰ ਮਾਰ ਦਿੱਤਾ ਗਿਆ—ਡੂੰਘੇ ਨਸਲਵਾਦੀ ਪ੍ਰੈੱਸ ਅਤੇ ਸੰਗਠਿਤ ਫਾਸ਼ੀਵਾਦੀਆਂ ਵੱਲੋਂ ਚਲਾਏ ਗਏ ਜਨਤਕ ਮੌਤ-ਦੰਡ ਵਿਚ ਉਸ ਨੂੰ ਬਦਨਾਮ ਕੀਤਾ ਅਤੇ ਦਬਾਇਆ ਗਿਆ।
ਇਸ ਸ਼ਰਧਾਂਜਲੀ ਸਭਾ ਨੇ ਉਸ ਢਾਂਚਾਗਤ ਨਸਲਵਾਦ ਨੂੰ ਸਾਹਮਣੇ ਲਿਆਂਦਾ ਜਿਸ ਨੇ ਪ੍ਰੋਫੈਸਰ ਆਰਡੇ ਦੇ ਜ਼ਿੰਦਗੀ ਅਤੇ ਮੌਤ ਨੂੰ ਰੂਪ ਦਿੱਤਾ। ਬਰਤਾਨਵੀ ਸੰਸਦ ਮੈਂਬਰ ਡਾਇਨ ਐਬਟ ਨੇ ਬਰਤਾਨੀਆ ਵਿਚ ਕਾਲੇ ਲੋਕਾਂ ਦੇ ਅਨੁਭਵ ਅਤੇ ਉਨ੍ਹਾਂ ਨੂੰ ਹਰ ਰੋਜ਼ ਸਹਿਣੇ ਪੈਂਦੇ ਨਸਲਵਾਦ ਬਾਰੇ ਜੋ ਕਿਹਾ, ਉਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਨਸਲਵਾਦ ਦਾ ਇਹ ਰੋਜ਼ਾਨਾ ਅਨੁਭਵ ਬਰਤਾਨਵੀ ਸੰਸਥਾਵਾਂ, ਪ੍ਰੈੱਸ ਅਤੇ ਰਾਜਨੀਤਕ ਜ਼ਿੰਦਗੀ ਵਿਚ ਡੂੰਘਾਈ ਤੱਕ ਸਮੋਇਆ ਹੋਇਆ ਹੈ।
ਉਨ੍ਹਾਂ ਦੇ ਪਰਿਵਾਰ ਨੇ ਦੁੱਖ ਅਤੇ ਗੁੱਸੇ ਦੇ ਵਿਆਪਕ ਉਭਾਰ ਬਾਰੇ ਗੱਲ ਕਰਦਿਆਂ ਆਪਣੀਆਂ ਭਾਵਨਾਵਾਂ ਇਨ੍ਹਾਂ ਸ਼ਬਦਾਂ ਵਿਚ ਪ੍ਰਗਟ ਕੀਤੀਆਂ—
‘ਜੇਸਨ ਨੂੰ ਜਿਸ ਜਨਤਕ ਬੇਰਹਿਮੀ ਦਾ ਸਾਹਮਣਾ ਕਰਨਾ ਪਿਆ, ਉਸ ਨੂੰ ਸਹਿਣਾ ਕਿਸੇ ਵੀ ਮਨੁੱਖ ਲਈ ਬਹੁਤ ਔਖਾ ਸੀ। ਉਸ ਦੀ ਮੌਤ ਤੋਂ ਬਾਅਦ ਉਮੜੇ ਪਿਆਰ, ਹਮਦਰਦੀ ਅਤੇ ਸੋਗ ਦੇ ਸਾਡੇ ਲਈ ਬਹੁਤ ਡੂੰਘੇ ਮਾਇਨੇ ਹਨ। ਭਾਵੇਂ ਹੁਣ ਇਹ ਅਨੁਭਵ ਖੱਟੀਆਂ-ਮਿੱਠੀਆਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ, ਪਰ ਦਿਆਲਤਾ ਦੀ ਲੋੜ ਜ਼ਿੰਦਗੀ ਵਿਚ ਹੁੰਦੀ ਹੈ, ਸਿਰਫ਼ ਮੌਤ ਤੋਂ ਬਾਅਦ ਨਹੀਂ।’
ਸੱਚਮੁੱਚ ਇਹ ਖੱਟਾ-ਮਿੱਠਾ ਅਨੁਭਵ ਹੀ ਹੈ—ਦਿਆਲਤਾ, ਹਮਦਰਦੀ ਅਤੇ ਸੋਗ ਜ਼ਰੂਰੀ ਤਾਂ ਸਨ, ਪਰ ਬਹੁਤ ਦੇਰ ਨਾਲ ਆਏ।
ਕੈਂਬਰਿਜ ਯੂਨੀਵਰਸਿਟੀ ਵਿਚ ਸਮਾਜ ਸ਼ਾਸਤਰ ਦੇ ਕਾਲੇ ਪ੍ਰੋਫੈਸਰ ਜੇਸਨ ਆਰਡੇ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਲਈ ਚਲਾਈ ਗਈ ਨਸਲਵਾਦੀ ਮੁਹਿੰਮ ਨੇ ਉਸ ਦਾ ਪਿੱਛਾ ਉਸ ਵੇਲੇ ਤੱਕ ਕੀਤਾ, ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਉਸ ਦੀ ਖ਼ੁਦਕੁਸ਼ੀ ਤੋਂ ਪਹਿਲਾਂ ਦੇ 22 ਦਿਨਾਂ ਦੌਰਾਨ ਬਰਤਾਨੀਆ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਉਸ ਬਾਰੇ 249 ਲੇਖ ਛਪੇ। ਟੈਲੀਵਿਜ਼ਨ, ਰੇਡੀਓ ਅਤੇ ਬਲੌਗਾਂ ਉੱਤੇ ਵੀ ਲਗਾਤਾਰ ਉਸ ਬਾਰੇ ਸਮੱਗਰੀ ਪ੍ਰਸਾਰਿਤ ਹੁੰਦੀ ਰਹੀ। ਇਹ ਉਸ ਮੁਹਿੰਮ ਦਾ ਵਿਸਥਾਰ ਸੀ, ਜਿਸ ਤਹਿਤ 2023 ’ਚ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣਨ ਤੋਂ ਬਾਅਦ ਹੀ ਆਰਡੇ ਨੂੰ ਲਗਾਤਾਰ ਕਮਜ਼ੋਰ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸ ਸਮੂਹਿਕ ਜਬਰ ਦਾ ਸ਼ੋਰ—ਜਿਸ ਵਿਚ ਉਸ ਉੱਤੇ ਸਾਹਿਤਕ ਚੋਰੀ, ਝੂਠ, ਫੜ੍ਹਾਂ ਮਾਰਨ ਅਤੇ ਅਕਾਦਮਿਕ ਧੋਖਾਧੜੀ ਦੇ ਦੋਸ਼ ਲਾਏ ਗਏ—ਅਸਹਿ ਸੀ। ਅਜਿਹੇ ਬਹੁਤ ਸਾਰੇ ਲੋਕ ਵੀ ਇਸ ਸ਼ੋਰ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਤੋਂ ਬਿਹਤਰ ਸਮਝ ਦੀ ਆਸ ਕੀਤੀ ਜਾਣੀ ਚਾਹੀਦੀ ਸੀ। ਬਰਤਾਨੀਆ ਦੇ ਮੁੱਖਧਾਰਾ ਦੇ ਉਦਾਰਵਾਦੀ ਅਖ਼ਬਾਰ ‘ਦੀ ਗਾਰਡੀਅਨ’ ਨੇ ਆਰਡੇ ਦੇ ਅਕਾਦਮਿਕ ਕੰਮ ਦੀ ਜਾਂਚ ਸ਼ੁਰੂ ਕਰ ਦਿੱਤੀ। ਮੈਂ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਇਸੇ ਸ਼ੋਰ ਵਿਚ ਸ਼ਾਮਲ ਹੁੰਦੇ ਦੇਖਿਆ—ਉਹ ਆਰਡੇ ਦੀ ਨਿੰਦਾ ਕਰ ਰਹੇ ਸਨ ਅਤੇ ਉਸ ਦੇ ਦਾਅਵਿਆਂ ਅਤੇ ਕੰਮ ਦਾ ਮਜ਼ਾਕ ਉਡਾ ਰਹੇ ਸਨ।
5 ਅਗਸਤ ਨੂੰ ਆਰਡੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਗਲੇ ਹਫ਼ਤੇ 14 ਅਗਸਤ ਨੂੰ ਉਸ ਨੇ ਖ਼ੁਦਕੁਸ਼ੀ ਕਰ ਲਈ। ਜਿਸ ਇਨਸਾਨ ਨੂੰ ਉਸ ਦੇ ਵਿਦਿਆਰਥੀਆਂ ਨੇ ‘ਨਿਮਰ’, ‘ਪਰਵਾਹ ਕਰਨ ਵਾਲਾ’, ‘ਹਮਦਰਦ’ ਅਤੇ ‘ਪ੍ਰੇਰਣਾਦਾਇਕ’ ਦੱਸਿਆ, ਉਸ ਨੂੰ ਯੋਜਨਾਬੱਧ ਢੰਗ ਨਾਲ ਤੋੜ ਦਿੱਤਾ ਗਿਆ—ਉਸ ਨੂੰ ਇੱਕ ਅਜਿਹੀ ਮੁਹਿੰਮ ਨੇ ਤਬਾਹ ਕਰ ਦਿੱਤਾ ਜੋ ਸਿੱਧੇ ਤੌਰ ਉੱਤੇ ਉਸ ਦੀ ਖ਼ੁਦਕੁਸ਼ੀ ਦਾ ਕਾਰਨ ਬਣੀ।
ਆਰਡੇ ਦਾ ਕਤਲ ਕੀਤਾ ਗਿਆ।
ਇਹੀ ਇਸ ਮੁਹਿੰਮ ਦਾ ਉਦੇਸ਼ ਸੀ—ਆਰਡੇ ਦੀ ਖ਼ੁਦਕੁਸ਼ੀ ਇਸ ਦਾ ਤਰਕਸੰਗਤ ਨਤੀਜਾ ਸੀ। ਇਸ ਹਾਲੀਆ ਧਰਮ-ਯੁੱਧ ਦੀ ਅਗਵਾਈ ਨਸਲਵਾਦੀ ਵਿਦਵਾਨ ਨੇਥਨ ਕੌਫ਼ਨਸ ਨੇ ਕੀਤੀ। ਉਸ ਨੇ 21 ਜੁਲਾਈ 2026 ਨੂੰ ਆਪਣੇ ‘ਸਬਸਟੈਕ’ ਉੱਤੇ ‘ਕੈਂਬਰਿਜ ਵਿਚ ਡੀਈਆਈ ਧੋਖਾਧੜੀ ਅਤੇ ਪਰਦਾ ਪਾਉਣ ਦੀ ਕਾਰਵਾਈ’ ਸਿਰਲੇਖ ਹੇਠ ਇੱਕ ਬਲੌਗ ਪ੍ਰਕਾਸ਼ਿਤ ਕੀਤਾ। ਇਸ ਘਿਣਾਉਣੇ ਮਨੁੱਖ ਨੇ ਆਰਡੇ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੇ ਕੰਮ ਦੀ ਆਪ ਜਾਂਚ ਕੀਤੀ। ਉਸ ਨੇ ਉਸ ਉੱਤੇ ਸਾਹਿਤਕ ਚੋਰੀ ਦਾ ਦੋਸ਼ ਲਾਇਆ ਅਤੇ ਇਸ ਰਾਹੀਂ ਆਪਣੀ ਇਸ ਧਾਰਨਾ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕਾਲੇ ਲੋਕ ਘਟੀਆ ਹੁੰਦੇ ਹਨ ਅਤੇ ਸੀਨੀਅਰ ਅਕਾਦਮਿਕ ਅਹੁਦਿਆਂ ਦੇ ਯੋਗ ਨਹੀਂ ਹਨ।
ਕੌਫ਼ਨਸ ਸਾਡੇ ਸਮਿਆਂ ਦਾ ਇੱਕ ਲੱਛਣ ਹੈ। ਇੱਕ ਹਾਸ਼ੀਏ ਦੀ ਕੱਟੜ ਆਵਾਜ਼, ਜੋ ਕਦੇ ਗੰਦ ਦੀ ਦਲਦਲ ਵਿਚ ਲਗਭਗ ਅਣਸੁਣੀ ਰਹਿ ਜਾਂਦੀ, ਹੁਣ ਮੁੱਖਧਾਰਾ ਦੇ ਨਸਲਵਾਦੀ ਏਜੰਡੇ ਵੱਲੋਂ ਵਧਾ-ਚੜ੍ਹਾ ਕੇ ਪੇਸ਼ ਕੀਤੀ ਜਾ ਰਹੀ ਹੈ। ਆਲਮੀ ਉੱਤਰ ਵਿਚ ਇਹ ਆਵਾਜ਼ਾਂ ਬੁਖ਼ਾਰ ਦੀ ਹੱਦ ਤੱਕ ਪਹੁੰਚ ਗਈਆਂ ਹਨ। ਇਨ੍ਹਾਂ ਨੂੰ ਅਜਿਹੇ ਰਾਜਨੀਤਕ ਮਾਹੌਲ ਵਿਚ ਥਾਂ ਮਿਲ ਰਹੀ ਹੈ, ਜਿਸ ਵਿਚ ਸੱਜੇ-ਪੱਖੀ ਸਰਕਾਰਾਂ ਚੁਣੀਆਂ ਗਈਆਂ ਹਨ ਅਤੇ ਰੋਜ਼ਾਨਾ ਦੇ ਰਾਜਨੀਤਕ ਬੋਲਚਾਲ ਵਿਚ ਨਸਲਵਾਦੀ ਨੀਤੀਆਂ ਨੂੰ ਆਮ ਬਣਾ ਦਿੱਤਾ ਗਿਆ ਹੈ।
ਇਨ੍ਹਾਂ ਘਟਨਾਕ੍ਰਮ ਨੂੰ ਕੇਵਲ ‘ਚਿੰਤਾਜਨਕ’ ਕਹਿਣਾ ਭਿਆਨਕ ਤੌਰ ਉੱਤੇ ਨਾਕਾਫ਼ੀ ਹੋਵੇਗਾ। ਇਹ ਸਾਡੇ ਮੌਜੂਦਾ ਅਤੇ ਲਗਾਤਾਰ ਡੂੰਘੇ ਹੋ ਰਹੇ ਸੰਕਟ ਅਤੇ ਸਾਡੀ ਰਾਜਨੀਤਕ ਤੇ ਆਰਥਿਕਤਾ ਦੇ ਲਾਇਲਾਜ ਨਸਲਵਾਦ ਦੇ ਸਪੱਸ਼ਟ ਚੇਤਾਵਨੀ ਸੰਕੇਤ ਹਨ। ਇਸ ਨੂੰ ਸਿਰਫ਼ ਬਰਤਾਨੀਆ ਦੀ ਸਮੱਸਿਆ ਮੰਨ ਕੇ ਸਮਝਿਆ ਨਹੀਂ ਜਾ ਸਕਦਾ। ਕੌਮਾਂਤਰੀ ਫ਼ੌਜਦਾਰੀ ਅਦਾਲਤ ਦੇ ਜੱਜਾਂ ਉੱਤੇ ਹੋ ਰਹੇ ਨਿੱਜੀ ਹਮਲਿਆਂ ਅਤੇ ਨਸਲਕੁਸ਼ੀ ਨੂੰ ਆਮ ਬਣਾਏ ਜਾਣ ਵਿਚ ਵੀ ਅਸੀਂ ਇਸੇ ਤਰ੍ਹਾਂ ਸ਼ਿਕੰਜਾ ਕੱਸਦਾ ਦੇਖ ਰਹੇ ਹਾਂ।
ਮੈਂ ਇਸ ਲੇਖ ਵਿਚ ਤਿੰਨ ਗੱਲਾਂ ਰੱਖਣੀਆਂ ਚਾਹੁੰਦਾ ਹਾਂ। ਪਹਿਲੀ, ਮੈਂ ਦੋ ਰਾਜਨੀਤਕ ਸਮਾਨਤਾਵਾਂ ਬਾਰੇ ਵਿਚਾਰ ਕਰਨਾ ਚਾਹੁੰਦਾ ਹਾਂ। ਪਹਿਲੀ ਸਮਾਨਤਾ ਉਸ ਘਟਨਾ ਨਾਲ ਜੁੜੀ ਹੈ, ਜਿਸ ਨੇ ਕੁਝ ਸਾਲ ਪਹਿਲਾਂ ਆਲਮੀ ਜਨਤਕ ਲਹਿਰ ‘ਬਲੈਕ ਲਾਈਵਜ਼ ਮੈਟਰ’ ਨੂੰ ਜਨਮ ਦਿੱਤਾ ਸੀ। ਦੂਜੀ ਸਮਾਨਤਾ 19ਵੀਂ ਸਦੀ ਦੇ ਅਖ਼ੀਰ ਵਿਚ ਫ਼ਰਾਂਸੀਸੀ ਲੇਖਕ ਐਮਿਲ ਜ਼ੋਲਾ ਵੱਲੋਂ ਯਹੂਦੀ-ਵਿਰੋਧ ਦੀ ਨਿੰਦਾ ਕੀਤੇ ਜਾਣ ਨਾਲ ਸਬੰਧਤ ਹੈ। ਅੰਤ ਵਿਚ ਮੈਂ ਸਾਹਿਤਕ ਚੋਰੀ ਅਤੇ ਅਕਾਦਮਿਕ ਸੰਸਾਰ ਬਾਰੇ ਕੁਝ ਗੱਲਾਂ ਕਹਿਣੀਆਂ ਚਾਹੁੰਦਾ ਹਾਂ।
25 ਮਈ 2020 ਨੂੰ ਮਿਨੀਐਪੋਲਿਸ ਵਿਚ ਪੁਲੀਸ ਨੇ ਜੌਰਜ ਫਲੌਇਡ ਨੂੰ ਰੋਕਿਆ ਅਤੇ ਫਿਰ ਪੁਲੀਸ ਅਧਿਕਾਰੀ ਡੈਰਿਕ ਸ਼ੌਵਿਨ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਕੇ ਦਬੋਚ ਲਿਆ। ਨੌਂ ਮਿੰਟਾਂ ਤੋਂ ਵੱਧ ਸਮੇਂ ਵਿਚ ਹੋਈ ਉਸ ਦੀ ਤਿਲ-ਤਿਲ ਮੌਤ ਦੀਆਂ ਵੀਡੀਓ ਕਲਿੱਪਾਂ ਪੂਰੀ ਦੁਨੀਆ ਵਿਚ ਪ੍ਰਸਾਰਿਤ ਹੋਈਆਂ। ਬਾਅਦ ਵਿਚ ਸ਼ੌਵਿਨ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਸ਼ੌਵਿਨ ਨੇ ਫਲੌਇਡ ਨੂੰ ਜ਼ਮੀਨ ਉੱਤੇ ਦਬਾਈ ਰੱਖਿਆ ਅਤੇ ਉਸ ਦਾ ਸਾਹ ਘੁੱਟ ਕੇ ਕਤਲ ਕਰ ਦਿੱਤਾ। ਬੇਹੱਦ ਬਹਾਦਰ 17 ਸਾਲਾ ਡਾਰਨੇਲਾ ਫਰੇਜ਼ੀਅਰ ਨੇ ਉਸ ਦੀ ਮੌਤ ਨੂੰ ਫ਼ਿਲਮਾਇਆ ਸੀ। ਫਲੌਇਡ ਨੂੰ ਇਹ ਕਹਿੰਦੇ ਸੁਣਿਆ ਗਿਆ—’ਮਾਂ, ਮਾਂ, ਮਾਂ’, ‘ਮਾਂ, ਮੈਂ ਤੁਹਾਨੂੰ ਪਿਆਰ ਕਰਦਾ ਹਾਂ’ ਅਤੇ ‘ਮਾਂ! ਮੇਰਾ ਅੰਤ ਹੋ ਗਿਆ।’
ਜੌਰਜ ਫਲੌਇਡ ਦਾ ਸਾਡੇ ਸਾਰਿਆਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ—ਉਸ ਦੇ ਆਖ਼ਰੀ ਸ਼ਬਦ ਸਾਡੇ ਵੀ ਸ਼ਬਦ ਸਨ। ਅਮਰੀਕਾ, ਬਰਤਾਨੀਆ, ਨਾਈਜੀਰੀਆ, ਦੱਖਣੀ ਅਫ਼ਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਰਹਿੰਦੇ ਲੱਖਾਂ ਲੋਕਾਂ ਵਾਂਗ ਮੈਂ ਵੀ ਸੜਕਾਂ ਉੱਤੇ ਉੱਤਰਿਆ। ਕੋਵਿਡ ਲੌਕਡਾਊਨ ਦੌਰਾਨ ‘ਬਲੈਕ ਲਾਈਵਜ਼ ਮੈਟਰ’ ਲਹਿਰ ਉੱਭਰਨ ਉੱਤੇ ਪੁਲੀਸ ਕੁਝ ਨਹੀਂ ਕਰ ਸਕੀ। 31 ਮਈ 2020 ਨੂੰ ਮੈਂ ਲੰਡਨ ਵਿਚ ਗੁੱਸੇ ਅਤੇ ਦਿਲ ਤੋੜ ਦੇਣ ਵਾਲੀ ਪੀੜ ਨਾਲ ਭਰੇ ਇੱਕ ਪ੍ਰਦਰਸ਼ਨ ਵਿਚ ਹਿੱਸਾ ਲਿਆ।
ਪ੍ਰੋ. ਜੇਸਨ ਆਰਡੇ ਦੀ ਖ਼ੁਦਕੁਸ਼ੀ ਵੀ ਅਜਿਹਾ ਹੀ ਇੱਕ ਭਿਆਨਕ ਅਤੇ ਤੁਰੰਤ ਕਾਰਵਾਈ ਦੀ ਮੰਗ ਕਰਨ ਵਾਲਾ ਪਲ ਹੈ। ਉਸ ਦਾ ਕਤਲ ਕੀਤਾ ਗਿਆ—ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਯੋਜਨਾਬੱਧ ਢੰਗ ਨਾਲ ਸੰਗਠਿਤ ਹਿੰਸਕ ਹਜੂਮ ਨੇ ਉਸ ਦੀ ਮੌਤ ਦੀ ਵਿਉਂਤ ਬਣਾਈ। ਇਸ ਦਾ ਜਵਾਬ ਉਨਾ ਹੀ ਸਪੱਸ਼ਟ ਅਤੇ ਬੁਲੰਦ ਹੋਣਾ ਚਾਹੀਦਾ ਹੈ, ਜਿੰਨੇ ਪੰਜ ਸਾਲ ਪਹਿਲਾਂ ਹੋਏ ਪ੍ਰਦਰਸ਼ਨ ਸਨ।
ਇੱਕ ਹੋਰ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ। 1894 ’ਚ ਯਹੂਦੀ ਫ਼ਰਾਂਸੀਸੀ ਅਧਿਕਾਰੀ ਅਲਫਰੈਡ ਡਰੇਫਸ ਨੂੰ ਪ੍ਰੈੱਸ, ਸੱਜੇ-ਪੱਖੀ ਅਤੇ ਨਸਲਵਾਦੀ ਸਿਆਸਤਦਾਨਾਂ ਅਤੇ ਫ਼ੌਜ ਵੱਲੋਂ ਚਲਾਈ ਗਈ ਯਹੂਦੀ-ਵਿਰੋਧੀ ਮੁਹਿੰਮ ਵਿਚ ਨਿਸ਼ਾਨਾ ਬਣਾਇਆ ਗਿਆ ਸੀ। ਉਸ ਉੱਤੇ ਜਰਮਨਾਂ ਨੂੰ ਫ਼ੌਜੀ ਭੇਤ ਦੇਣ ਦਾ ਦੋਸ਼ ਲਾਇਆ ਗਿਆ, ਉਸ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਫ਼ਰਾਂਸੀਸੀ ਬਸਤੀ ਗੁਇਆਨਾ ਦੇ ਤੱਟ ਤੋਂ ਦੂਰ ਡੈਵਿਲਜ਼ ਆਈਲੈਂਡ ਭੇਜ ਦਿੱਤਾ ਗਿਆ। ਡਰੇਫਸ ਨੂੰ ਬਦਨਾਮ ਕਰਨ ਵਿਚ ਯਹੂਦੀ-ਵਿਰੋਧ ਨੇ ਪ੍ਰਮੁੱਖ ਭੂਮਿਕਾ ਨਿਭਾਈ। ਉਸ ਦੀ ਬਰਖ਼ਾਸਤਗੀ ਨੇ ਯੂਰਪ ਵਿਚ 20ਵੀਂ ਸਦੀ ਦੇ ਯਹੂਦੀ-ਵਿਰੋਧ ਦੇ ਉਭਾਰ ਦਾ ਸੰਕੇਤ ਦਿੱਤਾ।
ਪਰ ਇਸ ਯਹੂਦੀ-ਵਿਰੋਧ ਨੂੰ ਵੱਡੇ ਪੱਧਰ ਉੱਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ।
ਐਮਿਲ ਜ਼ੋਲਾ ਦਾ ਪ੍ਰਸਿੱਧ ਲੇਖ ‘ਜੇ’ਅਕਿਊਜ਼’ ਡਰੇਫਸ ਮਾਮਲੇ ਦੇ ਜਵਾਬ ਵਿਚ ਲਿਖੀ ਗਈ ਖੁੱਲ੍ਹੀ ਚਿੱਠੀ ਸੀ। ਇਹ 13 ਜਨਵਰੀ 1898 ਨੂੰ ਪੈਰਿਸ ਦੇ ਰੋਜ਼ਾਨਾ ਅਖ਼ਬਾਰ ‘ਲ’ਓਰੋਰ’ ਵਿਚ ਛਪੀ। ਫ਼ਰਾਂਸ ਦੇ ਰਾਸ਼ਟਰਪਤੀ ਫੇਲਿਕਸ ਫੌਰ ਨੂੰ ਸੰਬੋਧਨ ਕਰਦਿਆਂ ਜ਼ੋਲਾ ਨੇ ਸਰਕਾਰ ਉੱਤੇ ਯਹੂਦੀ-ਵਿਰੋਧ ਅਤੇ ਡਰੇਫਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਕੈਦ ਕਰਨ ਦਾ ਦੋਸ਼ ਲਾਇਆ। ਜ਼ੋਲਾ ਨੇ ਮਨਘੜਤ ਦੋਸ਼ਾਂ ਅਤੇ ਉਸ ਯਹੂਦੀ-ਵਿਰੋਧ ਦੀ ਨਿੰਦਾ ਕੀਤੀ, ਜਿਸ ਨੇ ਡਰੇਫਸ ਨੂੰ ਦੋਸ਼ੀ ਠਹਿਰਾਏ ਜਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਚਿੱਠੀ ਅਖ਼ਬਾਰ ਦੇ ਪਹਿਲੇ ਸਫ਼ੇ ਉੱਤੇ ਛਪੀ ਅਤੇ ਇਸ ਨੇ ਫ਼ਰਾਂਸ ਅਤੇ ਕੌਮਾਂਤਰੀ ਪੱਧਰ ਉੱਤੇ ਜ਼ਬਰਦਸਤ ਪ੍ਰਤੀਕਰਮ ਪੈਦਾ ਕੀਤਾ। ਇਸਨੇ ਬਰਾਬਰੀ ਅਤੇ ਫ਼ਰਾਂਸ ਦੇ ਗਣਤੰਤਰੀ ਮੁੱਲਾਂ ਦੇ ਹਮਾਇਤੀ ਵਜੋਂ ਜ਼ੋਲਾ ਦੇ ਸਭ ਤੋਂ ਮਹਾਨ ਨੂੰ ਦਰਸਾਇਆ।
ਜ਼ੋਲਾ ਉੱਤੇ ਮਾਣਹਾਨੀ ਦਾ ਮੁਕੱਦਮਾ ਚਲਾਇਆ ਗਿਆ ਅਤੇ ਫਰਵਰੀ 1898 ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਕਾਰਨ ਉਸ ਨੂੰ ਇੰਗਲੈਂਡ ਭੱਜਣਾ ਪਿਆ, ਜਿੱਥੇ ਉਹ 1899 ਤੱਕ ਰਿਹਾ।
ਅਖ਼ੀਰ 1906 ’ਚ ਡਰੇਫਸ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਅਤੇ ਫ਼ਰਾਂਸੀਸੀ ਫ਼ੌਜ ਵਿਚ ਬਹਾਲ ਕੀਤਾ ਗਿਆ, ਪਰ ਉਸ ਨੂੰ ਪਹਿਲਾਂ ਨਾਲੋਂ ਹੇਠਲੇ ਅਤੇ ਅਪਮਾਨਜਨਕ ਅਹੁਦੇ ਉੱਤੇ ਰੱਖਿਆ ਗਿਆ। ਉਸ ਦੀ ਆਜ਼ਾਦੀ ਲਈ ਮੁਹਿੰਮ ਸ਼ੁਰੂ ਕਰਨ ਵਾਲੇ ਮਨੁੱਖ ਪ੍ਰਤੀ ਸਤਿਕਾਰ ਪ੍ਰਗਟ ਕਰਨ ਲਈ ਡਰੇਫਸ 4 ਜੂਨ 1908 ਨੂੰ ਜ਼ੋਲਾ ਦੀਆਂ ਅਸਥੀਆਂ ਪੈਂਥੀਅਨ ਵਿਚ ਲਿਜਾਣ ਦੇ ਸਮਾਗਮ ਵਿਚ ਸ਼ਾਮਲ ਹੋਇਆ। ਉੱਥੇ ਇੱਕ ਸੱਜੇ-ਪੱਖੀ ਪੱਤਰਕਾਰ ਨੇ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਭਾਵੇਂ ਡਰੇਫਸ ਦਾ ਅਣਮੰਨੇ ਮਨ ਨਾਲ ਮੁੜ ਵਸੇਬਾ ਕਰ ਦਿੱਤਾ ਗਿਆ, ਪਰ ਇਸ ‘ਮਾਮਲੇ’ ਨੇ ਯੂਰਪ ਦੇ ਯਹੂਦੀ-ਵਿਰੋਧ ਅਤੇ ਸਮੂਹਿਕ ਕਤਲਾਂ ਦੀ ਦਲਦਲ ਵਿਚ ਫਸਣ ਨੂੰ ਦਰਸਾਇਆ।
ਜ਼ੋਲਾ ਦੇ ਪੱਤਰ ਦਾ ਜ਼ਿਕਰ ਅਕਸਰ ਹੁੰਦਾ ਹੈ, ਪਰ ਇਸ ਦਾ ਹਵਾਲਾ ਬਹੁਤ ਘੱਟ ਦਿੱਤਾ ਜਾਂਦਾ ਹੈ। ਉਸ ਵਿਚ ਭਿਆਨਕ ਤੌਰ ਉੱਤੇ ਭਵਿੱਖਬਾਣੀ ਵਰਗੀਆਂ ਗੱਲਾਂ ਕਹੀਆਂ ਗਈਆਂ ਸਨ—
‘…ਘਿਣਾਉਣੀਆਂ ਸਾਜ਼ਿਸ਼ਾਂ, ਅਫ਼ਵਾਹਾਂ ਅਤੇ ਤਬਾਹੀ ਦਾ ਕਿਹੋ ਜਿਹਾ ਅੱਡਾ… ਡਰੇਫਸ ਮਾਮਲੇ ਨੇ ਇਸ ਸਾਰੇ ਉੱਤੇ ਜੋ ਭਿਆਨਕ ਚਾਨਣਾ ਪਾਇਆ ਹੈ, ਉਸ ਤੋਂ ਅਸੀਂ ਦਹਿਸ਼ਤਜ਼ਦਾ ਹਾਂ—ਇੱਕ ਬਦਕਿਸਮਤ ਮਨੁੱਖ, ਇੱਕ ‘ਗੰਦੇ ਯਹੂਦੀ’ ਦੀ ਇਹ ਮਨੁੱਖੀ ਬਲੀ। ਆਹ! ਪਾਗਲਪਣ ਅਤੇ ਮੂਰਖਤਾ ਦਾ ਕਿਹੋ ਜਿਹਾ ਗੰਦਾ ਨਾਲਾ, ਕਿਹੜੀਆਂ ਬੇਤੁਕੀਆਂ ਕਲਪਨਾਵਾਂ… ਪੁੱਛਗਿੱਛ ਦੇ ਨਾਂ ਉੱਤੇ ਕਿਹੋ ਜਿਹੀਆਂ ਤਾਨਾਸ਼ਾਹੀ ਅਤੇ ਜ਼ਾਲਮਾਨਾ ਕਾਰਵਾਈਆਂ! ਕੁਝ ਵੱਡੇ ਅਧਿਕਾਰੀਆਂ ਦੀਆਂ ਕਿਹੋ ਜਿਹੀਆਂ ਨਿਗੂਣੀਆਂ ਸਨਕਾਂ… ਜੋ ਸੱਚ ਅਤੇ ਇਨਸਾਫ਼ ਲਈ ਲੋਕਾਂ ਦੀ ਪੁਕਾਰ ਨੂੰ ਉਨ੍ਹਾਂ ਦੇ ਗਲ਼ ਵਿਚ ਹੀ ਵਾਪਸ ਤੁੰਨ ਰਹੀਆਂ ਹਨ।
ਅਸਲ ਵਿਚ ਪ੍ਰੈੱਸ ਦੇ ਸਭ ਤੋਂ ਘਟੀਆ ਅਨਸਰਾਂ…ਪੈਰਿਸ ਦੇ ਇਨ੍ਹਾਂ ਕੀੜਿਆਂ…ਉੱਤੇ ਨਿਰਭਰ ਕਰਨਾ ਜੁਰਮ ਹੈ। ਲੋਕਾਂ ਨਾਲ ਝੂਠ ਬੋਲਣਾ ਅਤੇ ਸਭ ਤੋਂ ਘਿਣਾਉਣੀਆਂ, ਜਾਨਲੇਵਾ ਸਾਜ਼ਿਸ਼ਾਂ ਦੀ ਸੇਵਾ ਵਿਚ ਲੋਕ-ਰਾਇ ਨੂੰ ਪਾਗਲਪਣ ਦੀ ਹੱਦ ਤੱਕ ਤੋੜ-ਮਰੋੜ ਦੇਣਾ ਜੁਰਮ ਹੈ। ਸਿੱਧੇ-ਸਾਦੇ ਅਤੇ ਨਿਮਰ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰਨਾ ਅਤੇ ਉਸ ਘਿਣਾਉਣੇ ਯਹੂਦੀ-ਵਿਰੋਧ ਦਾ ਸਹਾਰਾ ਲੈ ਕੇ ਪਿਛਾਖੜੀਵਾਦ ਅਤੇ ਅਸਹਿਣਸ਼ੀਲਤਾ ਦੀਆਂ ਭਾਵਨਾਵਾਂ ਭੜਕਾਉਣਾ ਜੁਰਮ ਹੈ, ਜੋ ਜੇ ਬੇਕਾਬੂ ਰਿਹਾ ਤਾਂ ਮਨੁੱਖੀ ਅਧਿਕਾਰਾਂ ਵਾਲੇ ਆਜ਼ਾਦੀ-ਪਸੰਦ ਫ਼ਰਾਂਸ ਨੂੰ ਤਬਾਹ ਕਰ ਦੇਵੇਗਾ।’
ਉਸ ਸਮੇਂ ਅਤੇ ਅੱਜ ਵੀ ਫ਼ਰਾਂਸ ਦੀ ਖੱਬੀ-ਧਿਰ ਦੇ ਵੱਡੇ ਹਿੱਸੇ ਵਾਂਗ ਜ਼ੋਲਾ ਨੂੰ ਵੀ ਫ਼ਰਾਂਸੀਸੀ ਰਾਜ ਦੀ ਧਰਮ-ਨਿਰਪੱਖਤਾ ਅਤੇ ਇਸ ਦੇ ਇਨਕਲਾਬੀ ਮੁੱਢ ਬਾਰੇ ਭਰਮ ਸਨ, ਪਰ ਉਨ੍ਹਾਂ ਦਾ ਗੁੱਸਾ ਸਾਡਾ ਵੀ ਗੁੱਸਾ ਹੋਣਾ ਚਾਹੀਦਾ ਹੈ।
ਪ੍ਰੋ. ਜੇਸਨ ਆਰਡੇ ਦਾ ਕਤਲ ਸਾਡਾ ਡਰੇਫਸ ਮਾਮਲਾ ਹੈ। ਇਹ ਸਿਰਫ਼ ਇੱਕ ਭਿਆਨਕ ਚੇਤਾਵਨੀ ਨਹੀਂ, ਸਗੋਂ ਸੰਕਟਗ੍ਰਸਤ ਸਰਮਾਏਦਾਰੀ ਦੇ ਪ੍ਰਸੰਗ ’ਚ ਫਾਸ਼ੀਵਾਦ ਦੇ ਵਾਧੇ ਦੀ ਮਿਸਾਲ ਹੈ। ਇਹ ਸਿਰਫ਼ ਜਾਗਣ ਦੀ ਇੱਕ ਹੋਰ ਪੁਕਾਰ ਜਾਂ ‘ਫਿਰ ਕਦੇ ਨਹੀਂ’ ਦੀ ਅਪੀਲ ਨਹੀਂ, ਸਗੋਂ ਖੱਬੀ-ਧਿਰ ਦੇ ਸਾਹਮਣੇ ਇਸ ਗੱਲ ਨੂੰ ਹੋਰ ਸਪੱਸ਼ਟਤਾ ਨਾਲ ਸਮਝਣ ਦੀ ਚੁਣੌਤੀ ਹੈ ਕਿ ਸਾਡਾ ਸਾਹਮਣਾ ਕਿਸ ਨਾਲ ਹੈ।
ਕੈਂਬਰਿਜ ਯੂਨੀਵਰਸਿਟੀ ਵੀ ਇਸ ਵਿਚ ਭਾਈਵਾਲ ਹੈ। ਆਪਣੇ ਅਕਾਦਮਿਕ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿਚ ਮੌਜੂਦ ਇੱਕ ਵਿਦਵਾਨ ਨੂੰ ਪ੍ਰੋਫੈਸਰ ਦੀ ਵੱਕਾਰੀ ਚੇਅਰ ਉੱਤੇ ਕਿਉਂ ਨਿਯੁਕਤ ਕੀਤਾ ਗਿਆ ਅਤੇ ਫਿਰ ਉਸ ਵੱਲੋਂ ਝੱਲੀ ਗਈ ਹਰ ਚੀਜ਼ ਦੇ ਬਾਵਜੂਦ ਉਸ ਨੂੰ ਕੋਈ ਸਹਾਇਤਾ ਕਿਉਂ ਨਹੀਂ ਦਿੱਤੀ ਗਈ? ਯੂਨੀਵਰਸਿਟੀ ਨੇ ਉਸ ਨੂੰ ਅਸਾਧਾਰਨ ਤੌਰ ’ਤੇ ਅਸੁਰੱਖਿਅਤ ਅਤੇ ਜਨਤਕ ਤੌਰ ’ਤੇ ਉੱਘੜਵੇਂ ਵਾਹ ਦੀ ਸਥਿਤੀ ਵਿਚ ਪਾ ਦਿੱਤਾ। ਨਸਲਵਾਦੀ ਮੁਹਿੰਮ ਦੇ ਜ਼ੋਰ ਫੜਨ ’ਤੇ ਵੀ ਯੂਨੀਵਰਸਿਟੀ ਉਸ ਦੀ ਹਮਾਇਤ ਕਰਨ ਵਿਚ ਨਾਕਾਮ ਰਹੀ।
ਪ੍ਰੋ. ਆਰਡੇ ਦੇ ਕਤਲ ਬਾਰੇ ਮੇਰੀ ਆਖ਼ਰੀ ਗੱਲ ਵਧੇਰੇ ਨਿੱਜੀ ਹੈ। ਮੈਂ ਆਪਣੀ ਬਾਲਗ ਜ਼ਿੰਦਗੀ ਦਾ ਵੱਡਾ ਹਿੱਸਾ ਬਤੌਰ ਅਕਾਦਮਿਕ ਕੰਮ ਕਰਦਿਆਂ ਗੁਜ਼ਾਰਿਆ ਹੈ। ਮੈਂ ਜਿਨ੍ਹਾਂ ਅਕਾਦਮਿਕਾਂ ਨੂੰ ਜਾਣਦਾ ਹਾਂ, ਉਨ੍ਹਾਂ ਵਿਚੋਂ ਲਗਭਗ ਹਰੇਕ ਨੇ ਕਦੇ ਨਾ ਕਦੇ ਨੈਤਿਕ ਅਤੇ ਵਿਦਵਤਾਪੂਰਨ ਪ੍ਰੈਕਟਿਸ ਦੀਆਂ ਹੱਦਾਂ ਨੂੰ ਧੁੰਦਲਾ ਕੀਤਾ ਹੈ—ਅਤੇ ਪ੍ਰੋ. ਆਰਡੇ ਉੱਤੇ ਵੀ ਇਹੋ ਜਿਹੇ ਖ਼ਾਸ ਦੋਸ਼ ਲਾਏ ਗਏ ਸਨ।
ਅੱਜ ਨਵ-ਉਦਾਰਵਾਦੀ ਯੂਨੀਵਰਸਿਟੀਆਂ ਵਿਚ ਪੜ੍ਹਾਉਣ, ਉੱਤਰ-ਪੱਤਰੀਆਂ ਜਾਂਚਣ, ਫੰਡ ਇਕੱਠੇ ਕਰਨ ਅਤੇ ਪ੍ਰਸ਼ਾਸਨਿਕ ਕੰਮ ਕਰਨ ਦੇ ਨਾਲ-ਨਾਲ ਲਗਾਤਾਰ ਪ੍ਰਕਾਸ਼ਿਤ ਕਰਦੇ ਰਹਿਣ ਦਾ ਅਸਹਿਣਯੋਗ ਦਬਾਅ ਹੈ। ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਮੈਂ ਇੱਕ ਸਹਿਕਰਮੀ ਨਾਲ ਮਿਲ ਕੇ ਕਿਤਾਬ ਲਿਖ ਰਿਹਾ ਸੀ। ਉਸ ਨੇ ਸਮੀਖਿਆ ਲਈ ਮੈਨੂੰ ਇੱਕ ਅਧਿਆਇ ਦਾ ਖਰੜਾ ਭੇਜਿਆ। ਉਸ ਵਿਚ ਹਾਲ ਹੀ ਵਿਚ ਪ੍ਰਕਾਸ਼ਿਤ ਇੱਕ ਪ੍ਰਸਿੱਧ ਕਿਤਾਬ ਤੋਂ ਸਫ਼ਿਆਂ ਦੇ ਸਫ਼ੇ ਹੂ-ਬ-ਹੂ ਨਕਲ ਕੀਤੇ ਗਏ ਸਨ—ਨਾ ਕੋਈ ਹਵਾਲਾ, ਨਾ ਕੋਈ ਪ੍ਰਸੰਗ ਅਤੇ ਨਾ ਕੋਈ ਖਿæਮਾ ਜਾਚਨਾ। ਹੋਰ ਸਹਿਕਰਮੀ ਲਗਾਤਾਰ ਆਪਣੇ ਹੀ ਕੰਮ ਨੂੰ ਮੁੜ ਵਰਤਦੇ ਰਹਿੰਦੇ ਹਨ—ਉਹੀ ਦਲੀਲਾਂ ਅਤੇ ਕਈ ਸਾਲ ਪਹਿਲਾਂ ਲਿਖੇ ਲੇਖਾਂ ਤੇ ਪ੍ਰਕਾਸ਼ਨਾਂ ਦੇ ਉਹੀ ਸ਼ਬਦ।
ਮੈਂ ਬਹੁਤ ਜ਼ਿਆਦਾ ਦਬਾਅ ਹੇਠ ਕੰਮ ਕਰਨ ਵਾਲੇ ਸੁਪਰਵਾਈਜ਼ਰਾਂ ਨੂੰ ਆਪਣੇ ਵਿਦਿਆਰਥੀਆਂ ਦੀ ਖੋਜ ‘ਉਧਾਰ ਲੈਂਦੇ’ ਦੇਖਿਆ ਹੈ, ਕਿਉਂਕਿ ਉਨ੍ਹਾਂ ਨੂੰ ਨਵੀਂ ਸਮੱਗਰੀ ਦੀ ਲੋੜ ਹੁੰਦੀ ਹੈ। ਪੈਦਾ ਕਰਨ, ਲਿਖਣ ਅਤੇ ਖੋਜ ਕਰਨ ਦਾ ਜਨੂੰਨ ਏਨਾ ਜ਼ਿਆਦਾ ਹੈ ਕਿ ਸਾਡੇ ਵਿਚੋਂ ਬਹੁਤਿਆਂ ਨੂੰ ਪੂਰੀ ਤਰ੍ਹਾਂ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਅਸੀਂ ਸਾਹਿਤਕ ਚੋਰੀ ਦੇ ਦੋਸ਼ੀ ਹਾਂ। ਅਸੀਂ ਖੋਜ ਕਰਦੇ ਦਿਸਦੇ ਰਹਿਣ ਦੀ ਜਨੂੰਨੀ ਦੌੜ ਅਤੇ ਪ੍ਰਕਾਸ਼ਿਤ ਹੋਣ ਦੇ ਬੁਖ਼ਾਰ ਵਿਚ ਸ਼ਾਮਲ ਹੋ ਜਾਂਦੇ ਹਾਂ ਅਤੇ ਆਪਣੀ ਪ੍ਰੈਕਟਿਸ ਵੱਲੋਂ ਅੱਖਾਂ ਮੀਟ ਲੈਂਦੇ ਹਾਂ। ਮੈਂ ਵੀ ਆਪਣੀ ਅਕਾਦਮਿਕ ਜ਼ਿੰਦਗੀ ’ਚ ਉੱਪਰ ਦੱਸੀਆਂ ਲਗਭਗ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਰੂਪ ’ਚ ਕੀਤੀਆਂ ਹਨ।
ਇਸ ਪਾਗਲਪਣ ਵਿਚ ਬਣਾਉਟੀ ਬੁੱਧੀ ਨੇ ਅਕਾਦਮਿਕ ਪ੍ਰਕਾਸ਼ਨ ਨੂੰ ਬਿਲਕੁਲ ਨਵਾਂ ਅਤੇ ਧੋਖੇਭਰਿਆ ਪਹਿਲੂ ਦੇ ਦਿੱਤਾ ਹੈ। ਮੌਲਿਕ ਕੰਮ ਕੀ ਹੈ? ਦਰ ਅਸਲ ਸਾਡਾ ਆਪਣਾ ਕੀ ਹੈ? ਅਸੀਂ ਜਿਨ੍ਹਾਂ ਅਕਾਦਮਿਕਾਂ ਅਤੇ ਵਿਦਵਾਨਾਂ ਨੂੰ ਜਾਣਦੇ ਹਾਂ, ਉਨ੍ਹਾਂ ਵਿਚੋਂ ਕੌਣ ਇਸ ਤਕਨੀਕ ਦੀ ਵਰਤੋਂ ਨਹੀਂ ਕਰਦਾ? ਯੂਨੀਵਰਸਿਟੀਆਂ ਹੁਣ ਏ.ਆਈ. ਸਾਫ਼ਟਵੇਅਰ ਉੱਤੇ ਭਾਰੀ ਰਕਮ ਖ਼ਰਚ ਕਰਦੀਆਂ ਹਨ। ਉਹ ਵਿਦਿਆਰਥੀਆਂ ਨੂੰ ਦੱਸਦੀਆਂ ਅਤੇ ਅਕਾਦਮਿਕਾਂ ਨੂੰ ਸਿਖਲਾਈ ਦਿੰਦੀਆਂ ਹਨ ਕਿ ਜੇ ਇਸ ਨੂੰ ‘ਜ਼ਿੰਮੇਵਾਰੀ ਨਾਲ’ ਵਰਤਿਆ ਜਾਵੇ ਤਾਂ ਇਹ ‘ਲਾਭਦਾਇਕ ਸੰਦ’ ਹੈ।
ਫਿਰ ਵੀ ਪ੍ਰੋ. ਆਰਡੇ ਬਾਰੇ ਸੱਚ ਇਹ ਹੈ ਕਿ ਉਹ ਸਾਹਿਤਕ ਚੋਰੀ ਦਾ ਦੋਸ਼ੀ ਨਹੀਂ ਸੀ। ਕੈਂਬਰਿਜ ਵਿਚ ਉਸ ਦੀ ਨਿਯੁਕਤੀ ਤੋਂ ਬਾਅਦ ਜਦੋਂ ਦੋਸ਼ਾਂ ਨੇ ਜ਼ੋਰ ਫੜਿਆ ਤਾਂ ਲਿਵਰਪੂਲ ਜੌਨ ਮੂਰਜ਼ ਯੂਨੀਵਰਸਿਟੀ ਨੇ ਰਸਮੀ ਜਾਂਚ ਕੀਤੀ। ਇਸੇ ਯੂਨੀਵਰਸਿਟੀ ਤੋਂ ਉਸ ਨੇ ਪੀਐੱਚਡੀ ਮੁਕੰਮਲ ਕੀਤੀ ਸੀ ਅਤੇ ਜਾਂਚ ਵਿਚ ਉਸ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। ਨਸਲਵਾਦੀ ਹਜੂਮ ਨੇ ਉਸ ਉੱਤੇ ਦੋਸ਼ ਲਾਏ ਅਤੇ ਅਤਿ-ਸੱਜੇ-ਪੱਖੀ ਵਿਦਵਾਨਾਂ ਤੇ ਅਖ਼ਬਾਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ, ਪਰ ਉਨ੍ਹਾਂ ਨੂੰ ਉਸ ਵਿਰੁੱਧ ਕੁਝ ਵੀ ਨਹੀਂ ਮਿਲਿਆ। ਇਸ ਮਾਮਲੇ ਵਿਚ, ਮੇਰੀ ਦਲੀਲ ਹੈ ਕਿ ਉਹ ਇੱਕ ਅਪਵਾਦ ਸੀ।
16 ਅਗਸਤ ਦੀ ਸ਼ਰਧਾਂਜਲੀ ਸਭਾ ਵਿਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਜਿਹਾ ਫਿਰ ਕਦੇ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ, ਪਰ ਇਹ ਫਿਰ ਹੋਵੇਗਾ—ਵਾਰ-ਵਾਰ ਹੋਵੇਗਾ। ਦਰ ਅਸਲ ਜਦੋਂ ਮੈਂ ਇਹ ਲਿਖ ਰਿਹਾ ਹਾਂ, ਉਦੋਂ ਵੀ ਬਰਤਾਨੀਆ ਵਿਚ ਕਾਲੇ ਅਕਾਦਮਿਕਾਂ ਨਾਲ ਅਜਿਹਾ ਹੋ ਰਿਹਾ ਹੋਵੇਗਾ, ਜਿਨ੍ਹਾਂ ਨੂੰ ਇਸ ਘਟਨਾ ਦੇ ਨਤੀਜਿਆਂ ਦੀ ਪੂਰੀ ਮਾਰ ਝੱਲਣੀ ਪਵੇਗੀ।
ਪ੍ਰੋ. ਆਰਡੇ ਦਾ ਕਤਲ ਸਾਡੀ ਤ੍ਰਾਸਦੀ ਹੈ। ਸਾਡੀਆਂ ਆਵਾਜ਼ਾਂ ਅਤੇ ਵਿਰੋਧ-ਪ੍ਰਦਰਸ਼ਨ ਬਹੁਤ ਦੇਰ ਨਾਲ ਉੱਠੇ ਅਤੇ ਸਾਡੀਆਂ ਲਹਿਰਾਂ ਨੂੰ ਬੜੀ ਆਸਾਨੀ ਨਾਲ ਤੋੜ ਅਤੇ ਕਮਜ਼ੋਰ ਕਰ ਦਿੱਤਾ ਗਿਆ। ਜਦੋਂ ਅਸੀਂ ਆਖ਼ਿਰਕਾਰ ਖੜ੍ਹੇ ਹੋਏ, ਉਦੋਂ ਤੱਕ ਇੱਕ ਜ਼ਿੰਦਗੀ ਜਾ ਚੁੱਕੀ ਸੀ।
ਇਸ ਦੁਖਦਾਈ ਸਥਿਤੀ ਦਾ ਜਵਾਬ—ਸਰਮਾਏਦਾਰੀ ਦੀ ਲਗਾਤਾਰ ਹਿੰਸਾ ਅਤੇ ਨਸਲਵਾਦ ਦਾ ਵਿਰੋਧ ਕਰਨ ਵਾਲਿਆਂ ਸਾਹਮਣੇ ਮੌਜੂਦ ਸਦੀਆਂ ਪੁਰਾਣਾ ਸਵਾਲ—ਘਿਸਿਆ-ਪਿਟਿਆ ਅਤੇ ਥੱਕਿਆ ਹੋਇਆ ਲੱਗ ਸਕਦਾ ਹੈ। ਫਿਰ ਵੀ ਇਸ ਨੂੰ ਦੁਹਰਾਉਣ ਦੀ ਲੋੜ ਹੈ, ਜਿਵੇਂ ਡਰੇਫਸ ਮਾਮਲੇ ਅਤੇ ਜੌਰਜ ਫਲੌਇਡ ਦੇ ਕਤਲ ਤੋਂ ਬਾਅਦ ਕਿਹਾ ਗਿਆ ਸੀ—ਪ੍ਰੋ. ਆਰਡੇ ਦੇ ਕਤਲ ਦੇ ਕਾਰਨਾਂ ਵਿਰੁੱਧ ਲਗਾਤਾਰ ਅਤੇ ਅਡੋਲ ਸੰਘਰਸ਼ ਤੋਂ ਘੱਟ ਕੋਈ ਵੀ ਚੀਜ਼ ਸਾਨੂੰ ਨਹੀਂ ਬਚਾ ਸਕਦੀ। ਕੁਝ ਵੀ ਨਹੀਂ।