ਪਰਦੇਸਾਂ ਵਿਚ ਨਫ਼ਰਤ ਦੇ ਘੇਰੇ ਵਿਚ ਪੰਜਾਬੀ

(ਨਸਲਵਾਦ ਅਤੇ ਪਰਵਾਸ-ਵਿਰੋਧੀ ਨਫ਼ਰਤ ਦੇ ਰੁਝਾਨ ਸਾਹਮਣੇ ਆਤਮ-ਮੰਥਨ)
ਹਰਜੀਤ ਸਿੰਘ ਗਿੱਲ
ਫੋਨ: +1 647 542 0007 (ਕਨੇਡਾ)
+91 98889 45127 (ਭਾਰਤ)
ਅੱਜ-ਕੱਲ੍ਹ ਕੈਨੇਡਾ, ਅਮਰੀਕਾ ਅਤੇ ਸਮੁੱਚੇ ਵਿਦੇਸ਼ ਵਿਚ ਸਿੱਖਾਂ ਅਤੇ ਪੰਜਾਬੀਆਂ ਵਿਰੁੱਧ ਨਫ਼ਰਤ ਲਹਿਰ ਚੱਲ ਰਹੀ ਹੈ। ਇੱਕ ਤੋਂ ਬਾਅਦ ਦੂਜੀ ਪਰਵਾਸੀ ਭਾਈਚਾਰੇ ਵਿਚ ਚਿੰਤਾ ਪੈਦਾ ਕਰਨ ਵਾਲੀ ਖ਼ਬਰ ਹਰ ਰੋਜ਼ ਆ ਰਹੀ ਹੈ। ਇਸ ਦੇ ਪਿਛੋਕੜ ਦੇ ਕਾਰਨਾਂ ਦੀ ਘੋਖ ਕਰਦਿਆਂ ਦੂਸਰੇ ਹੋਰ ਨਫ਼ਰਤ ਪੈਦਾ ਕਰਨ ਵਾਲੇ ਕਾਰਨਾਂ ਦੇ ਨਾਲ-ਨਾਲ ਸਾਡੇ ਆਪਣੇ ਭਾਈਚਾਰੇ ਦੀਆ ਗ਼ਲਤੀਆਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਕੈਨੇਡਾ ਵਿਚ ਸਿੱਖਾਂ ਅਤੇ ਪੰਜਾਬੀਆਂ ਵਿਰੁੱਧ ਨਫ਼ਰਤ ਦੀ ਭਾਵਨਾ ਨੂੰ ਸਮਝਣ ਲਈ ਇਸ ਨੂੰ ਸਿਰਫ਼ ਨਸਲਵਾਦ ਨਾਲ ਜੋੜਨਾ ਠੀਕ ਨਹੀਂ ਹੋਵੇਗਾ। ਅਸਲ ਵਿਚ ਵੱਖ-ਵੱਖ ਕਾਰਕ ਇੱਕ-ਦੂਜੇ ਨਾਲ ਜੁੜ ਕੇ ਇਹ ਮਾਹੌਲ ਬਣਾਉਂਦੇ ਹਨ। ਖ਼ਾਸ ਕਰਕੇ 2023–26 ਦੇ ਦੌਰ ਵਿਚ ਇਹ ਮਸਲਾ ਹੋਰ ਗੁੰਝਲਦਾਰ ਹੋਇਆ ਹੈ।
ਕੈਨੇਡਾ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਇੰਮੀਗ੍ਰੇਸ਼ਨ ਅਤੇ ਖ਼ਾਸ ਕਰਕੇ ਆਰਜ਼ੀ ਪੰਜਾਬੀ ਅਤੇ ਸਿੱਖ ਪਰਵਾਸੀ ਵਸਨੀਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਸ ਨਾਲ ਮੁੱਖ ਧਾਰਾ ਦੇ ਲੋਕਾਂ ਦੇ ਇੱਕ ਕੱਟੜਵਾਦੀ ਸੋਚ ਵਾਲੇ ਹਿੱਸੇ ਨੂੰ ਲੱਗਦਾ ਹੈ ਕਿ ਘਰਾਂ ਦੀ ਕਮੀ, ਕਿਰਾਏ, ਸਿਹਤ ਸੇਵਾਵਾਂ, ਨੌਕਰੀਆਂ ਅਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਇਨ੍ਹਾਂ ਪਰਵਾਸੀ ਅਤੇ ਵੱਖਰੀ ਪਛਾਣ ਵਾਲੇ ਲੋਕਾਂ ਕਰਕੇ ਵਧਿਆ ਹੈ। ਕੈਨੇਡਾ ਵਿਚ ਘਰਾਂ ਦਾ ਰਿਹਾਇਸ਼ੀ ਸੰਕਟ ਅਤੇ ਨਵੇਂ ਆਏ ਲੋਕਾਂ ਨੇ ਸਭ ਕੁਝ ਮਹਿੰਗਾ ਕਰ ਦਿੱਤਾ ਵਾਲੀ ਧਾਰਨਾ ਅੱਜ ਦੇ ਐਂਟੀ-ਇੰਮੀਗ੍ਰੇਸ਼ਨ ਦਾ ਮੁੱਖ ਡਿਸਕੋਰਸ ਬਣਿਆ ਹੋਇਆ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪ੍ਰਵਾਸੀਆਂ ਦੇ ਆ ਜਾਣ ਕਰਕੇ ਘਰ ਘੱਟ ਹੋ ਗਏ ਹਨ, ਕਿਰਾਇਆ ਵੱਧ ਗਿਆ ਹੈ ਅਤੇ ਨੌਕਰੀਆਂ ਪ੍ਰਾਪਤ ਕਰਨ ਵਿਚ ਮੁਕਾਬਲਾ ਸਖ਼ਤ ਹੋ ਗਿਆ ਹੈ। ਬਰੈਂਪਟਨ, ਸਰੀ, ਕੈਲਗਰੀ ਵਰਗੇ ਵਧੇਰੇ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਗਿਣਤੀ ਵਿਚ ਆਉਣ ਨਾਲ ਰਿਹਾਇਸ਼ੀ ਘਰਾਂ ਦੀ ਘਾਟ ਜ਼ਰੂਰ ਮਹਿਸੂਸ ਕੀਤੀ ਗਈ ਸੀ। ਸਟੈਟਿਸਟਿਕਸ ਕੈਨੇਡਾ ਦੇ ਅੰਕ 2021 ਵਿਚ ਬਰੈਂਪਟਨ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ 65% ਰੈਂਟਲ ਹਾਊਸਿੰਗ ਤੇ ਸੰਕਟ ਆਇਆ ਸੀ। ਇਹ ਅਸਲ ਵਿਚ ਸਮੱਸਿਆ ਦਾ ਸਰਲ ਵਿਖਿਆਨ ਕਰਨ ਵਾਲੀ ਗੱਲ ਹੀ ਹੈ।
ਸਟੇਟਸਟਿਕਸ ਕੈਨੇਡਾ ਨੇ ਵੀ ਰਿਹਾਇਸ਼ ਦੀ ਘਾਟ, ਜਨਤਕ ਸੇਵਾਵਾਂ ਅਤੇ ਲੇਬਰ-ਮਾਰਕੀਟ ਦੇ ਦਬਾਅ ਨੂੰ ਅਸਥਾਈ-ਨਿਵਾਸੀ ਨੀਤੀ ਵਿਚ ਸ਼ਾਮਲ ਕੀਤਾ ਹੈ। ਇਹ ਧਾਰਨਾ ਕੋਈ ਨਵੀਂ ਨਹੀਂ ਹੈ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਇਤਿਹਾਸ ਵਿਚ ਇਸ ਗੱਲ ਨੂੰ ਲੈ ਕੇ ਤਿੱਖੀ ਬਹਿਸ ਹਮੇਸ਼ ਚੱਲਦੀ ਰਹੀ ਹੈ ਅਤੇ ਸਮੇਂ ਸਮੇਂ ਇਸ ਨੂੰ ਅਗਿਆਨਤਾ ਵੱਸ ਆਪਣੇ ਸਮਾਜ ਨੂੰ ਸਭਿਅਕ ਅਤੇ ਦੂਸਰਿਆਂ ਤੋਂ ਉੱਪਰ ਅਤੇ ਬਿਹਤਰ ਸਮਝਣ ਵਾਲੇ ਲੋਕ ਇਸ ਭੁਲਾਵੇ ਵਿਚ ਆਉਂਦੇ ਰਹੇ ਹਨ। ਇੰਗਲੈਂਡ ਅਤੇ ਪੱਛਮੀ ਮੁਲਕਾਂ ਵਿਚ ਪਰਵਾਸ ਦੇ ਖ਼ਿਲਾਫ਼ ਵਾਈਟ ਹੈੱਡ ਮੁਮੈਂਟ ਅਤੇ ਗੋਰੇ ਰਾਸ਼ਟਰਵਾਦ ਨਾਂ ਦੇ ਹੇਠ ਇੱਕ ਨਸਲੀ-ਰਾਜਨੀਤਕ ਵਿਚਾਰਧਾਰਾ ਹਮੇਸ਼ ਰਹੀ ਹੈ। ਜਿਸ ਅਨੁਸਾਰ ਕਿਸੇ ਦੇਸ਼ ਦੀ ਮੁੱਖ ਰਾਸ਼ਟਰੀ ਪਛਾਣ ਨੂੰ ਗੋਰੀ ਚਮੜੀ ਦੇ ਲੋਕਾਂ ਦੀ ਨਸਲੀ ਪਛਾਣ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਵਿਦੇਸ਼ ਵਿਚ ਖ਼ਾਸ ਕਰਕੇ ਯੂਰਪੀ ਮੁਲਕਾਂ ਅਤੇ ਇੰਗਲੈਂਡ ਵਿਚ ਚਿੱਟੀ ਚਮੜੀ ਦੀ ਸਰਵਉੱਚਤਾ ਦਾ ਰੁਝਾਨ ਬਹੁਤ ਜ਼ਿਆਦਾ ਮਹੱਤਵਪੂਰਨ ਰਿਹਾ ਹੈ। ਇਸ ਵਿਚ ਇਹ ਹੈ ਕਿ ਗੋਰੇ ਲੋਕ ਹੋਰ ਨਸਲੀ ਸਮੂਹਾਂ ਨਾਲੋਂ ਉੱਚੇ ਹਨ ਅਤੇ ਸਮਾਜ ਵਿਚ ਉਨ੍ਹਾਂ ਦਾ ਹੀ ਦਬਦਬਾ (Dominance) ਹੋਣਾ ਚਾਹੀਦਾ ਹੈ। ਨਾਰਥ ਅਮਰੀਕਾ ਅਤੇ ਯੂਰਪ ਦਾ ਇਤਿਹਾਸ ਇਨ੍ਹਾਂ ਵੱਖਵਾਦੀ ਲਹਿਰਾਂ ਅਤੇ ਨਾਜ਼ੀ ਵਿਚਾਰਧਾਰਾ ਨਾਲ ਭਰਿਆ ਪਿਆ ਹੈ। ਕਨੇਡਾ ਅਤੇ ਕਈ ਹੋਰ ਮੁਲਕਾਂ ਵਿਚ ਇਹ ਰੁਝਾਨ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ। ਤੁਸੀਂ ਸੋਸ਼ਲ ਮੀਡੀਆ ਦੇ ਸਥਾਨਕ ਗੋਰੇ ਲੋਕਾਂ ਦੇ ਕਿਸੇ ਵਟਸਐਪ ਗਰੁੱਪ ‘ਤੇ ਜਾ ਕੇ ਪ੍ਰਵਾਸੀਆਂ ਖ਼ਾਸ ਕਰਕੇ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਨਫਰਤੀ ਟਿੱਪਣੀਆਂ ਦੀ ਭਰਮਾਰ ਵੇਖ ਸਕਦੇ ਹੋ। ਕੰਜ਼ਰਵੇਟਿਵ ਰੂੜ੍ਹੀਵਾਦੀ ਸੋਚ ਵਾਲੀਆਂ ਸਟੇਟਾਂ ਖ਼ਾਸ ਕਰਕੇ ਅਲਬਰਟਾ ਵਿਚ ਸੈਕਿੰਡ ਸੰਨਜ਼ ਇੱਕ ਗੋਰੇ ਰਾਸ਼ਟਰਵਾਦੀ ਸਮੂਹ ਦੀ ਮਿਲਰਵਿਲ ਨੇੜੇ ਫ਼ੌਜੀ-ਸ਼ੈਲੀ ਦੀ ਸਿਖਲਾਈ ਵਾਲੀ ਜੁਲਾਈ 2026 ਵਿਚ ਕੀਤੀ ਇੱਕ ਗੁਪਤ ਮੀਟਿੰਗ ਤੋਂ ਬਾਅਦ ਡਰ ਅਤੇ ਬੇਚੈਨੀ ਦਾ ਮਾਹੌਲ ਹੈ।
ਪਰ ਇੱਥੇ ਇੱਕ ਮਹੱਤਵਪੂਰਨ ਫ਼ਰਕ ਹੈ-ਇੰਮੀਗ੍ਰੇਸ਼ਨ ਨੀਤੀ ਨਾਲ ਸਥਾਨਕ ਮੁੱਖ ਧਾਰਾ ਦੇ ਲੋਕਾਂ ਦੀ ਅਸੰਤੁਸ਼ਟੀ ਸਾਰੇ ਪੰਜਾਬੀਆਂ ਜਾਂ ਸਿੱਖਾਂ ਨਾਲ ਨਫ਼ਰਤ ਕਰਨ ਵਿਚ ਨਹੀਂ ਸੀ ਬਦਲਣੀ ਚਾਹੀਦੀ। ਪਰ ਸੋਸ਼ਲ ਮੀਡੀਆ ਅਤੇ ਰੂੜ੍ਹੀਵਾਦੀ ਰਾਜਨੀਤਕ ਆਗੂਆਂ ਦੀ ਸੋਚ, ਵਟਸਐਪ ਗਰੁੱਪ ਦੀਆਂ ਟਿੱਪਣੀਆਂ ਅਤੇ ਭਾਸ਼ਣਾਂ ਵਿਚ ਇਹ ਦੋਵੇਂ ਗੱਲਾਂ ਕਈ ਵਾਰ ਮਿਲ ਜਾਂਦੀਆਂ ਹਨ। ਪੰਜਾਬੀ ਭਾਈਚਾਰਾ ਕੈਨੇਡਾ ਦੇ ਸ਼ਹਿਰਾਂ ਖ਼ਾਸ ਕਰਕੇ ਜੀ.ਟੀ.ਏ., ਬਰੈਂਪਟਨ, ਕੈਲਗਰੀ, ਸਰੀ ਅਤੇ ਵੈਨਕੂਵਰ ਖੇਤਰ ਵਿਚ ਬਹੁਤ ਵੱਡਾ ਅਤੇ ਪ੍ਰਤੱਖ ਤੌਰ ‘ਤੇ ਪਛਾਣਨਯੋਗ ਭਾਈਚਾਰਾ ਹੈ। ਜਿਸ ਦੀ ਵੱਖਰੀ ਪਛਾਣ ਪਗੜੀ, ਗੁਰਦੁਆਰੇ, ਪੰਜਾਬੀ ਕਾਰੋਬਾਰ ਅਤੇ ਭਾਈਚਾਰਕ ਸੰਸਥਾਵਾਂ ਦੇ ਵਿਕਾਸ ਅਤੇ ਤਰੱਕੀ ਪ੍ਰਤੀ ਈਰਖਾ ਵੀ ਇਸ ਸੋਚ ਪਿੱਛੇ ਛੁਪੀ ਹੋਈ ਹੈ। ਇਸ ਕਾਰਨ ਆਮ ਸਥਾਨਕ ਆਦਮੀ ਜੋ ਅਜੇ ਵੀ ਸਿੱਖ ਪਰੰਪਰਾਵਾਂ ਤੋਂ ਅਣਜਾਣ ਹਨ। ਉਹ ਆਪਣੀ ਪਰਵਾਸੀ ਵਿਰੋਧੀ ਭਾਵਨਾ ਨੂੰ ਉਸ ਦੇ ਧਾਰਮਿਕ ਚਿੰਨ੍ਹਾਂ ਅਤੇ ਪਗੜੀ ਵਾਲੀ ਵੱਖਰੀ ਪਛਾਣ ਕਰਕੇ ਵੀ ਕਈ ਵਾਰ ਸਿੱਖ ਅਤੇ ਪੰਜਾਬੀ ਨੂੰ ਬਣਾਉਂਦੇ ਹਨ। ਕੈਨੇਡਾ ਦੇ ਸਰਕਾਰੀ ਅੰਕੜੇ ਇਸ ਚਿੰਤਾ ਨੂੰ ਪੂਰੀ ਤਰ੍ਹਾਂ ਕਲਪਨਾ ਨਹੀਂ ਰਹਿਣ ਦਿੰਦੇ। 2025 ਵਿਚ ਕੈਨੇਡਾ ਵਿਚ ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਪੁਲਿਸ ਕੋਲ ਦਰਜ ਨਫ਼ਰਤ-ਅਧਾਰਿਤ ਅਪਰਾਧ 483 ਦਰਜ਼ ਹੋਏ ਸਨ। 2024 ਦੇ ਸਾਲ ਨਾਲੋਂ 49% ਵੱਧ ਸਨ । ਸਟੈਟਿਸਟਿਕਸ ਕੈਨੇਡਾ ਨੇ ਖਾਸ ਤੌਰ ‘ਤੇ ਕਿਹਾ ਕਿ ਇਹ ਵਾਧਾ ਮੁੱਖ ਤੌਰ ‘ਤੇ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ 2024 ਵਿਚ ਨਸਲ ਅਤੇ ਜਾਤੀ ‘ਤੇ ਆਧਾਰਿਤ ਪੁਲਿਸ ਦੁਆਰਾ ਦਰਜ ਕੀਤੇ ਗਏ ਨਫ਼ਰਤੀ ਅਪਰਾਧ 2,377 ਸਨ, ਜੋ 2023 ਨਾਲੋਂ 8% ਵੱਧ ਸਨ। ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਘਟਨਾਵਾਂ ਦੀ ਗਿਣਤੀ 279 ਤੋਂ ਵੱਧ ਕੇ 321 ਹੋ ਗਈਆਂ ਸਨ । 2025 ਵਿਚ ਦੱਖਣੀ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਘਟਨਾਵਾਂ ਦੀ ਗਿਣਤੀ 483 ਤੱਕ ਪਹੁੰਚ ਗਈ ਹੈ।
ਟਰੂਡੋ ਸਰਕਾਰ ਸਮੇਂ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਤਣਾਅ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਸੀ। ਇਹ ਸ਼ਾਇਦ ਸਿੱਖਾਂ ਵਿਰੁੱਧ ਬਣ ਰਹੀ ਖ਼ਾਸ ਕਿਸਮ ਦੀ ਨਕਾਰਾਤਮਿਕ ਧਾਰਨਾ ਦਾ ਸਭ ਤੋਂ ਵਿਲੱਖਣ ਕਾਰਨ ਹੈ। ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਕ ਝਗੜਾ ਪੈਦਾ ਹੋ ਗਿਆ ਸੀ। ਜਸਟਿਨ ਟਰੂਡੋ ਨੇ ਆਰ.ਸੀ.ਐੱਮ.ਪੀ. ਦੀ ਜਾਂਚ ਦੇ ਹਵਾਲੇ ਨਾਲ ਇਸ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ। ਪਰ ਭਾਰਤ ਵੱਲੋਂ ਇਨਕਾਰ ਕੀਤਾ ਗਿਆ ਅਤੇ ਫਿਰ ਦੋਹਾਂ ਦੇਸ਼ਾਂ ਵਿਚਕਾਰ ਕੂਟਨੀਤਕ ਤਣਾਅ ਨੇ ਆਮ ਕੈਨੇਡੀਅਨ ਜਨਤਾ ਲਈ ਇੱਕ ਬਹੁਤ ਗੁੰਝਲਦਾਰ ਮਸਲੇ ਨੂੰ ਸਮੁੱਚੇ ਸਿੱਖਾਂ ਨਾਲ ਅਤੇ ਖ਼ਾਲਿਸਤਾਨ ਦੀ ਸੋਚ ਨਾਲ ਜੋੜ ਕੇ ਇਸ ਮੁੱਦੇ ਨੂੰ ਭਾਰਤ ਦੇ ਵਿਰੁੱਧ ਪੇਸ਼ ਕਰਨ ਲਈ ਜਗ੍ਹਾ ਬਣਾ ਦਿੱਤੀ। ਜਦ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਵੱਸਦੇ ਸਿੱਖਾਂ ਦਾ ਖ਼ਾਲਿਸਤਾਨ ਦੀ ਸੋਚ ਨਾਲ ਕੋਈ ਸਿੱਧਾ ਸਬੰਧ ਨਹੀਂ ਅਤੇ ਕਿਸੇ ਵਿਅਕਤੀ ਦੀ ਸਿੱਖ ਪਛਾਣ ਨੂੰ ਕਿਸੇ ਰਾਜਨੀਤਕ ਵਿਚਾਰਧਾਰਾ ਨਾਲ ਜੋੜਨਾ ਗ਼ਲਤ ਹੈ।
ਪਰ ਇਸ ਪੱਖ ਨੂੰ ਵੀ ਇਮਾਨਦਾਰੀ ਨਾਲ ਮੰਨਣਾ ਪਵੇਗਾ। ਕੈਨੇਡਾ ਵਿਚ ਕੁਝ ਖ਼ਾਲਿਸਤਾਨ ਸਮਰਥਕ ਜਥੇਬੰਦੀਆਂ ਅਤੇ ਕਾਰਕੁਨਾਂ ਦੀਆਂ ਗਤੀਵਿਧੀਆਂ ਵਿਰੋਧ ਪ੍ਰਦਰਸ਼ਨ, ਭਾਰਤ ਨੂੰ ਕੇਂਦਰ ਵਿਚ ਰੱਖ ਕੇ ਕੀਤੇ ਜਾਣ ਵਾਲੇ ਮੁਜ਼ਾਹਰੇ, ਵਿਵਾਦਪੂਰਨ ਪੋਸਟਰ, ਸਿਆਸੀ ਪ੍ਰਚਾਰ ਆਦਿ ਨੇ ਕੁਝ ਲੋਕਾਂ ਵਿਚ ਇਹ ਧਾਰਨਾ ਪੈਦਾ ਕੀਤੀ ਕਿ ਕੈਨੇਡੀਅਨ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਭਾਰਤ ਵਿਰੋਧੀ ਰਾਜਨੀਤੀ ਕਰਦਾ ਹੈ। ਮੰਦਰਾਂ ਦੇ ਬਾਹਰ ਖ਼ਾਲਿਸਤਾਨੀ ਧਿਰਾਂ ਵੱਲੋਂ ਮੁਹਜਾਰੇ ਅਤੇ ਮੰਦਰ ਪ੍ਰਸ਼ਾਸਨ ਵੱਲੋਂ ਭਾਰਤ ਦੀ ਸਰਕਾਰ ਅਤੇ ਏਜੰਸੀਆਂ ਦੀ ਸ਼ਹਿ ਤੇ ਅੰਦਰੋਂ ਖਰੂਦ ਭਰਿਆ ਵਿਰੋਧ, ਸ਼ਾਇਦ ਇਨ੍ਹਾਂ ਮੁਲਕਾਂ ਦੇ ਸ਼ਾਂਤਮਈ ਢੰਗ ਨਾਲ ਜੀਵਨ ਜਿਊਣ ਦੇ ਆਦੀ ਸਥਾਨਕ ਲੋਕਾਂ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ ਸੁਣਿਆ ਅਤੇ ਹੰਢਾਇਆ। ਇਸ ਦੇ ਉਲਟ, ਕੈਨੇਡੀ ਆਈ ਸੁਰੱਖਿਆ ਏਜੰਸੀਆਂ ਨੇ ਭਾਰਤ ਵੱਲੋਂ ਕੈਨੇਡੀਅਨ ਡਾਇਸਪੋਰਾ ਵਿਚ ਰਾਜਨੀਤਿਕ ਦਖ਼ਲ ਅੰਦਾਜ਼ੀ ਅਤੇ ਅੰਤਰਰਾਸ਼ਟਰੀ ਦਮਨ ਦੇ ਦੋਸ਼ਾਂ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ। ਕੈਨੇਡੀਅਨ ਸੁਰੱਖਿਆ ਖ਼ੁਫ਼ੀਆ ਸੇਵਾ ਦੀ 2025 ਦੀ ਜਨਤਕ ਰਿਪੋਰਟ ਵਿਚ ਭਾਰਤ ਅਤੇ ਖ਼ਾਲਿਸਤਾਨ ਨਾਲ ਸਬੰਧਿਤ ਤਣਾਅ ਦੇ ਸੰਦਰਭ ਵਿਚ ਡਾਇਸਪੋਰਾ ਭਾਈਚਾਰਿਆਂ ਉੱਤੇ ਵਿਦੇਸ਼ੀ ਦਖ਼ਲ ਅੰਦਾਜ਼ੀ ਅਤੇ ਧਮਕਾਉਣ ਦੀ ਗੱਲ ਕੀਤੀ ਗਈ ਹੈ। ਕਿਸੇ ਇੱਕ ਇਕੱਲੇ-ਕਾਰੇ ਪੰਜਾਬੀ ਨੌਜਵਾਨ ਦੀ ਗਲੀ ਦੀ ਲੜਾਈ, ਕਿਸੇ ਦੂਸਰੇ ਵਿਦਿਆਰਥੀ ਦੀ ਧੋਖਾਧੜੀ ਦਾ ਮਾਮਲਾ, ਕਿਸੇ ਟਰੱਕ ਡਰਾਈਵਰ ਦਾ ਅਪਰਾਧ ਜਾਂ ਕਿਸੇ ਖ਼ਾਲਿਸਤਾਨ ਸਮਰਥਕ ਦੀ ਵਿਵਾਦਪੂਰਨ ਪੋਸਟ ਨੂੰ ਸੋਸ਼ਲ ਮੀਡੀਆ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਦਿੰਦਾ ਹੈ।
ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਨਸਲਵਾਦ ਪਹਿਲਾਂ ਤੋਂ ਮੌਜੂਦ ਹੈ। ਇੰਮੀਗ੍ਰੇਸ਼ਨ ਦੇ ਸੰਕਟ ਨੇ ਨਸਲਵਾਦ ਪੈਦਾ ਨਹੀਂ ਕੀਤਾ ਹੈ ਸਗੋਂ ਇਸ ਨੇ ਪਹਿਲਾਂ ਹੀ ਮੌਜੂਦ ਨਸਲਵਾਦ ਨੂੰ ਨਵੀਂ ਸਿਆਸੀ ਸ਼ਬਦਾਵਲੀ ਦਿੱਤੀ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਉਸ ਆਮ ਸਿੱਖ ਜਾਂ ਪੰਜਾਬੀ ਨੂੰ ਹੁੰਦਾ ਹੈ ਜੋ ਕੈਨੇਡਾ ਵਿਚ ਆਪਣਾ ਕੰਮ ਕਰ ਰਿਹਾ ਹੈ, ਟੈਕਸ ਦੇ ਰਿਹਾ ਹੈ, ਆਪਣਾ ਕਾਰੋਬਾਰ ਕਰ ਰਿਹਾ ਹੈ ਅਤੇ ਕੈਨੇਡੀਅਨ ਸਮਾਜ ਦਾ ਹਿੱਸਾ ਬਣ ਚੁੱਕਾ ਹੈ। ਇਹ ਇੱਕ ਮਹੱਤਵਪੂਰਨ ਪਰ ਬਹੁਤ ਘੱਟ ਵਿਚਾਰਿਆ ਗਿਆ ਪਹਿਲੂ ਹੈ ਅਤੇ ਨਸਲਵਾਦੀ ਲੋਕਾਂ ਵੱਲੋਂ ਅਕਸਰ ਸਾਹਮਣੇ ਆ ਕੇ ਨਾ ਕਿਹਾ ਜਾਣ ਵਾਲਾ ਇੱਕ ਕਾਰਨ ਇਹ ਵੀ ਹੈ। ਜਦੋਂ ਕੋਈ ਭਾਈਚਾਰਾ ਵੱਡੀ ਗਿਣਤੀ ਵਿਚ ਵਧ ਰਿਹਾ ਹੋਵੇ ਉਹ ਆਪਣੀ ਭਾਸ਼ਾ ਵੀ ਵਰਤੇ ਆਪਣੇ ਵਪਾਰ ਲਗਾਤਾਰ ਵਧਾਈ ਜਾਵੇ ਆਪਣੇ ਧਾਰਮਿਕ ਸਥਾਨ ਗੁਰਦੁਆਰੇ ਬਣਾਏ, ਉਸ ਦੇ ਧਾਰਮਿਕ ਚਿੰਨ੍ਹ ਪਗੜੀ, ਦਾੜ੍ਹੀ ਆਦਿ ਨਾਲ ਸਮਾਜ ਵਿਚ ਵਿਚਰਦਾ ਬਹੁ-ਗਿਣਤੀ ਵਿਚ ਨਜ਼ਰ ਆਉਂਦਾ ਹੋਵੇ ਅਤੇ ਉਸ ਦੀ ਸਿਆਸੀ ਸੰਸਥਾਵਾਂ ਅਤੇ ਪ੍ਰਬੰਧ ਵਿਚ ਚੋਖੀ ਸ਼ਮੂਲੀਅਤ ਹੋ ਜਾਵੇ। ਕੁਝ ਲੋਕ ਇਸ ਨੂੰ ਆਪਣੀ ਪਛਾਣ ਤੇ ਹਮਲੇ ਦਾ ਡਰ ਬਣਾ ਲੈਂਦੇ ਹਨ। ਮੇਰੇ ਵਿਚਾਰ ਵਿਚ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਗੈਰ-ਵਿਹਾਰਕ ਚੀਜ਼ਾਂ ਸੋਸ਼ਲ ਮੀਡੀਆ ਵਿਚ ਇਕ-ਦੂਜੇ ਨਾਲ ਉਲਝਾ ਕੇ ਗੁੰਝਲਾਈਆਂ ਜਾ ਰਹੀਆਂ ਹਨ। ਇੰਮੀਗ੍ਰੇਸ਼ਨ ਦਾ ਮੁੱਦਾ ਜਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੁੱਦਾ ਵੀ ਸਥਾਨਕ ਜਨਤਕ ਪ੍ਰਤੀਕਿਰਿਆ ਵਿਚ ਵਿਦਿਆਰਥੀਆਂ ਦੇ ਵਿਰੁੱਧ ਜਾਂ ਸਪਸ਼ਟ ਕਿਹਾ ਜਾਵੇ ਕਿ ਨਸਲਵਾਦੀ ਸੋਚ ਵਾਲੇ ਲੋਕਾਂ ਲਈ ਸਮੁੱਚੇ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਦੇ ਮੌਕੇ ਪੈਦਾ ਕਰਦਾ ਹੈ। ਇਸ ਪਿੱਛੇ ਪਾਲਿਸੀ-ਘਾੜੇ ਅਤੇ ਰੈਗੂਲੇਟਰੀ ਸੰਸਥਾਵਾਂ ਦੀਆਂ ਅਸਫਲਤਾਵਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਛੋਟੀ ਅਤੇ ਕੱਚੀ ਉਮਰ ਦੇ ਬੱਚਿਆਂ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਜੋਂ ਕੈਨੇਡਾ ਅਤੇ ਵਿਸ਼ਵ ਭਰ ਦੇ ਹੋਰ ਮੁਲਕਾਂ ਵਿਚ ਆਮਦ ਨੇ ਵੀ ਕਈ ਸੁਆਲ ਖੜ੍ਹੇ ਕੀਤੇ ਹਨ। ਬੱਚੇ ਦੀ ਸਿੱਖਿਆ ਦੇ ਨਾਲ ਉਸ ਦੀ ਮਾਨਸਿਕ, ਸਮਾਜਕ ਅਤੇ ਸਭਿਆਚਾਰਕ ਪਰਵਰਿਸ਼ ਕੌਣ ਕਰਦਾ ਹੈ? ਬਹੁਤੇ ਮਾਮਲਿਆਂ ਵਿਚ ਬੱਚੇ ਦੀ ਪੜ੍ਹਾਈ ਨਾਲੋਂ ਪ੍ਰਵਾਸ ਕਰਕੇ ਪੱਕੇ ਹੋਣ ਦੀ ਰੁਚੀ ਅਤੇ ਆਰਥਿਕ ਉਦੇਸ਼ ਦੀ ਪੂਰਤੀ ਹੀ ਇੱਕ ਕਾਰਨ ਬਣ ਕੇ ਰਹਿ ਜਾਂਦਾ ਹੈ? ਛੋਟੀ ਅਤੇ ਕੱਚੀ ਉਮਰ ਦੇ ਬੱਚੇ ਗ਼ਲਤ ਅਨਸਰਾਂ ਵੱਲੋਂ ਭਰਮਾ ਕੇ ਗ਼ਲਤ ਕੰਮਾਂ ਵਿਚ ਸ਼ਾਮਲ ਕਰ ਲਏ ਜਾਂਦੇ ਹਨ। ਪਰਿਵਾਰ ਤੋਂ ਦੂਰ, ਨਵੇਂ ਦੇਸ਼ ਅਤੇ ਨਵੇਂ ਸਮਾਜ ਵਿਚ ਹੋਣ ਕਾਰਨ ਕਈ ਵਾਰ ਇਕੱਲੇ-ਪਣ, ਭਾਸ਼ਾਈ ਮੁਸ਼ਕਲਾਂ, ਮਾੜੀ ਸੰਗਤ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਆ ਜਾਂਦੇ ਹਨ। ਅਜਿਹੀ ਸਥਿਤੀ ਵਿਚ ਗ਼ਲਤ ਪ੍ਰਵਿਰਤੀ ਦੇ ਲੋਕ ਉਨ੍ਹਾਂ ਦਾ ਭਰੋਸਾ ਜਿੱਤ ਕੇ ਉਨ੍ਹਾਂ ਨੂੰ ਨਸ਼ਿਆਂ, ਹਿੰਸਾ, ਗੈਂਗ-ਸਬੰਧੀ ਸਰਗਰਮੀਆਂ, ਆਨਲਾਈਨ ਸ਼ੋਸ਼ਣ ਜਾਂ ਹੋਰ ਅਪਰਾਧਿਕ ਕੰਮਾਂ ਵੱਲ ਆਸਾਨੀ ਨਾਲ ਧੱਕ ਦਿੰਦੇ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜਨਤਕ ਥਾਵਾਂ ਤੇ ਨਿੱਕੇ-ਮੋਟੇ ਝਗੜੇ, ਚੋਰੀਆਂ, ਕਾਰ ਫਰਾਡ ਅਤੇ ਕਾਰਾਂ ਦੀ ਚੋਰੀ, ਗੈਰ ਕਾਨੂੰਨੀ ਹਥਿਆਰਾਂ ਦੇ ਰੁਝਾਨ ਨੇ ਭਾਈਚਾਰੇ ਦਾ ਵੱਡਾ ਨੁਕਸਾਨ ਕੀਤਾ ਹੈ। ਜਦੋਂ ਜਨਤਕ ਥਾਵਾਂ ’ਤੇ ਛੋਟੇ-ਮੋਟੇ ਝਗੜੇ, ਚੋਰੀਆਂ, ਕਾਰਾਂ ਦੀ ਚੋਰੀ, ਕਾਰਾਂ-ਸਬੰਧੀ ਧੋਖਾਧੜੀ ਜਾਂ ਗੈਰ ਕਾਨੂੰਨੀ ਹਥਿਆਰਾਂ ਨਾਲ ਜੁੜੇ ਮਾਮਲੇ ਕਿਸੇ ਖ਼ਾਸ ਪਰਵਾਸੀ ਜਾਂ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਨਾਲ ਵਾਰ-ਵਾਰ ਜੋੜੇ ਜਾਣ ਲੱਗਣ, ਤਾਂ ਉਸ ਦਾ ਪ੍ਰਭਾਵ ਸਿਰਫ਼ ਦੋਸ਼ੀਆਂ ਤੱਕ ਸੀਮਿਤ ਨਹੀਂ ਰਹਿੰਦਾ। ਇਸ ਨਾਲ ਪੂਰੇ ਭਾਈਚਾਰੇ ਦੀ ਛਵੀ, ਸਥਾਨਕ ਲੋਕਾਂ ਦਾ ਭਰੋਸਾ ਅਤੇ ਨੌਜਵਾਨਾਂ ਪ੍ਰਤੀ ਸਮਾਜਕ ਧਾਰਨਾ ਪ੍ਰਭਾਵਿਤ ਹੁੰਦੀ ਹੈ। ਪੰਜਾਬੀ ਭਾਈਚਾਰੇ ਲਈ ਇਹ ਮੁੱਦਾ ਸੰਵੇਦਨਸ਼ੀਲ ਅਤੇ ਚਰਚਾ ਦਾ ਵਿਸ਼ਾ ਰਿਹਾ ਹੈ।
ਬਹੁਤ ਸਾਰੇ ਗੁਰਦੁਆਰੇ ਬਣ ਜਾਣਾ ਅਤੇ ਸੜਕਾਂ ਨੂੰ ਜਾਮ ਕਰਨ ਵਾਲੇ ਇਕ ਗੁਰਦੁਆਰੇ ਤੋਂ ਦੂਸਰੇ ਗੁਰਦੁਆਰੇ ਤਕ ਬੇਲੋੜੇ ਲੰਮੇਂ ਨਗਰ ਕੀਰਤਨ ਵੀ ਇੱਕ ਕਾਰਨ ਹਨ। ਪਰ ਇਸ ਨੂੰ ਸਿੱਖਾਂ ਵਿਰੁੱਧ ਨਫ਼ਰਤ ਦਾ ਕਾਰਨ ਕਹਿਣ ਦੀ ਬਜਾਏ ਕੁਝ ਥਾਵਾਂ ‘ਤੇ ਪੰਜਾਬੀ ਸਿੱਖ ਭਾਈਚਾਰੇ ਬਾਰੇ ਨਕਾਰਾਤਮਕ ਧਾਰਨਾ ਪੈਦਾ ਕਰਨ ਵਾਲਾ ਭਾਈਚਾਰਕ ਵਿਹਾਰ ਦਾ ਫੈਕਟਰ ਕਹਿਣਾ ਵਧੇਰੇ ਸਹੀ ਹੋਵੇਗਾ। ਕੈਨੇਡਾ ਵਿਚ ਪੰਜਾਬੀ-ਸਿੱਖ ਆਬਾਦੀ ਵਧਣ ਨਾਲ ਵੱਡੀ ਗਿਣਤੀ ਵਿਚ ਗੁਰਦੁਆਰੇ ਬਣੇ ਹਨ। ਗੁਰਦੁਆਰਾ ਸਿੱਖ ਭਾਈਚਾਰੇ ਦੀ ਧਾਰਮਿਕ ਅਤੇ ਸਮਾਜਕ ਲੋੜ ਦਾ ਕੇਂਦਰ ਹੈ। ਇਸ ਲਈ ਗੁਰਦੁਆਰਿਆਂ ਦੀ ਵੱਧ ਗਿਣਤੀ ਆਪਣੇ ਆਪ ਵਿਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਸਮੱਸਿਆ ਉਸ ਵੇਲੇ ਬਣਦੀ ਹੈ, ਜਦ ਇੱਕੋ ਇਲਾਕੇ ਵਿਚ ਬਹੁਤ ਨੇੜੇ-ਨੇੜੇ ਕਈ ਗੁਰਦੁਆਰੇ ਹੋਣ, ਹਰ ਗੁਰਦੁਆਰਾ ਆਪਣਾ ਵੱਖਰਾ ਵੱਡਾ ਨਗਰ ਕੀਰਤਨ ਕੱਢਣਾ ਸ਼ੁਰੂ ਕਰ ਦੇਵੇ, ਇਸ ਨਗਰ ਕੀਰਤਨ ਦੇ ਕਾਰਨ ਮੁੱਖ ਸੜਕਾਂ ਲੰਮੇ ਸਮੇਂ ਲਈ ਬੰਦ ਹੋਣ, ਹਜ਼ਾਰਾਂ ਲੋਕਾਂ ਦੀ ਆਵਾਜਾਈ ਨਾਲ ਭੀੜ-ਭੜੱਕਾ ਹੋਵੇ, ਲਾਊਡ ਸਪੀਕਰ ਨਾਲ ਆਵਾਜ਼ ਦੀ ਸਮੱਸਿਆ ਪੈਦਾ ਹੁੰਦੀ ਹੋਵੇ। ਆਮ ਲੋਕਾਂ ਨੂੰ ਲੱਗੇ ਕਿ ਧਾਰਮਿਕ ਸਮਾਗਮ ਲਈ ਜਨਤਕ ਥਾਂ ਦਾ ਬਹੁਤ ਵੱਡਾ ਹਿੱਸਾ ਵਰਤਿਆ ਜਾ ਰਿਹਾ ਹੈ। ਜੇ ਨਗਰ ਕੀਰਤਨ ਦਾ ਮਕਸਦ ਸਿਰਫ਼ ਇੱਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਤੱਕ ਜਾਣਾ ਬਣ ਜਾਵੇ ਅਤੇ ਉਸ ਲਈ ਲੰਮੇ ਸਮੇਂ ਤੱਕ ਮੁੱਖ ਸੜਕਾਂ ਬੰਦ ਕਰਨੀਆਂ ਪੈਣ, ਤਾਂ ਆਮ ਕੈਨੇਡੀਅਨ ਨਾਗਰਿਕ ਨੂੰ ਇਸ ਦਾ ਮਕਸਦ ਅਤੇ ਵਿਹਾਰਕ ਜਾਇਜ਼ਤਾ ਸਮਝਾਉਣਾ ਮੁਸ਼ਕਲ ਹੋ ਜਾਂਦਾ ਹੈ। ਧਰਮ ਆਪਣੇ ਅੰਦਰ ਉਤਰ ਕੇ ਆਪਣੇ ਆਪ ਨੂੰ ਜਾਣਨ, ਮੰਥਨ ਕਰਨ ਅਤੇ ਬਦਲਣ ਦੀ ਯਾਤਰਾ ਹੈ। ਧਰਮ ਦਾ ਮਤਲਬ ਗਿਆਨ ਦੀ ਪ੍ਰਾਪਤੀ, ਆਤਮ-ਚਿੰਤਨ, ਸਵੈ-ਮੰਥਨ, ਚਰਿੱਤਰ-ਨਿਰਮਾਣ ਅਤੇ ਅੰਦਰੂਨੀ ਬਦਲਾਅ ਹੈ। ਧਰਮ ਮਨੁੱਖ ਨੂੰ ਇਹ ਸਿਖਾਉਂਦਾ ਹੈ ਕਿ ਉਹ ਆਪਣੇ-ਆਪ ਨੂੰ ਕਿਵੇਂ ਬਿਹਤਰ ਮਨੁੱਖ ਬਣਾ ਸਕਦਾ ਹੈ। ਧਰਮ ਸੜਕਾਂ ਉੱਤੇ ਸ਼ਕਤੀ ਪ੍ਰਦਰਸ਼ਨ ਕਰਨਾ ਨਹੀਂ, ਆਪਣੀ ਤਾਕਤ ਦਿਖਾਉਣ ਦਾ ਨਾਮ ਧਰਮ ਨਹੀਂ ਹੁੰਦਾ। ਧਰਮ ਨਿਮਰਤਾ, ਸੱਚ, ਦਇਆ, ਸਹਿਣਸ਼ੀਲਤਾ ਅਤੇ ਦੂਜਿਆਂ ਪ੍ਰਤੀ ਸਤਿਕਾਰ ਵਧਾਉਣ ਦਾ ਦੂਸਰਾ ਨਾਂ ਹੈ। ਕਿਸੇ ਚੰਗੇ ਵਿਚਾਰ, ਗਿਆਨ, ਸਿੱਖਿਆ ਜਾਂ ਸੱਚ ਨੂੰ ਸਿਰਫ਼ ਸਮਝਣਾ ਹੀ ਨਹੀਂ ਹੁੰਦਾ ਸਗੋਂ ਆਪਣੇ ਅੰਦਰ ਵਸਾ ਲੈਣਾ ਅਤੇ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਹੀ ਸੱਚਾ ਧਰਮ ਹੈ।
ਉਸ ਤਰਾਂ ਵੇਖਿਆ ਜਾਵੇ ਤਾਂ ਇਨ੍ਹਾਂ ਦੇਸ਼ਾਂ ਵਿਚ ਕ੍ਰਿਸਮਿਸ ਪਰੇਡ, ਪ੍ਰਾਈਡ ਪਰੇਡ, ਕੈਨੇਡਾ ਡੇ ਈਵੈਂਟ, ਕੈਰੇਬੀਅਨ ਕਾਰਨੀਵਾਲ, ਸੈੱਟਾਂ ਕਲਾਜ਼ ਪਰੇਡਾਂ ਵੀ ਨਿਕਲਦੀਆਂ ਹਨ। ਇਸ ਤਰ੍ਹਾਂ ਹੀ ਸਾਲ ਵਿਚ ਸਿਰਫ਼ ਇੱਕ ਵਾਰ ਹੀ ਨਗਰ ਕੀਰਤਨ ਹੋਵੇ ਤਾਂ ਇਤਰਾਜ਼ ਘਟ ਹੋ ਸਕਦੇ ਹਨ। ਨਿਊਜ਼ੀਲੈਂਡ ਵਿਚ ਨਗਰ ਕੀਰਤਨ ਦਾ ਦੋ ਵਾਰ ਹੋਇਆ ਵਿਰੋਧ ਅਸੀਂ ਵੇਖ ਚੁੱਕੇ ਹਾਂ। ਦਸੰਬਰ 2025 ਅਤੇ ਜਨਵਰੀ 2026 ਵਿਚ ਹੋਈਆਂ ਦੋਵੇਂ ਘਟਨਾਵਾਂ ਨੂੰ ਇਕੱਠੇ ਦੇਖਣਾ ਜ਼ਰੂਰੀ ਹੈ। 20 ਦਸੰਬਰ 2025 ਨੂੰ ਮਨੂਰੇਵਾ, ਸਾਊਥ ਆਕਲੈਂਡ ਦੇ ਨਾਨਕਸਰ ਗੁਰਦੁਆਰੇ ਵੱਲੋਂ ਨਗਰ ਕੀਰਤਨ ਕੱਢਿਆ ਗਿਆ। ਜਿਸ ਦਾ ਵਿਰੋਧ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੀ ਟਰੂ ਪੈਟਰੀਆਉਟ ਆਫ ਨਿਊਜ਼ੀਲੈਂਡ ਨਾ ਦੀ ਜਥੇਬੰਦੀ ਨੇ ਨਗਰ ਕੀਰਤਨ ਦਾ ਰਸਤਾ ਰੋਕ ਕੇ ਕੀਤਾ। ਪ੍ਰਦਰਸ਼ਨਕਾਰੀਆਂ ਕੋਲ ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ ਅਤੇ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ ਵਰਗੇ ਬੈਨਰ ਸਨ। ਵਿਰੋਧ ਵਿਚ ਮਾਓਰੀ ਪਰੰਪਰਾ ਦੇ ਹਾਕਾ ਨਾਂ ਹੇਠ ਚਣੌਤੀ ਦੇਣ ਵਾਲਾ ਜੰਗੀ ਨਾਚ ਵੀ ਕੀਤਾ ਗਿਆ। ਜਦੋਂ ਕਿਸੇ ਵਿਰੋਧ ਪ੍ਰਦਰਸ਼ਨ ਵਿਚ ਹਾਕਾ ਕੀਤਾ ਜਾਂਦਾ ਹੈ ਤਾਂ ਇਸ ਦਾ ਅਰਥ ਆਮ ਤੌਰ ’ਤੇ ਹੁੰਦਾ ਹੈ ਕਿ ਅਸੀਂ ਤੁਹਾਡੇ ਸਾਹਮਣੇ ਖੜ੍ਹੇ ਹਾਂ, ਅਸੀਂ ਡਰੇ ਹੋਏ ਨਹੀਂ ਹਾਂ ਅਤੇ ਅਸੀਂ ਆਪਣਾ ਇਤਰਾਜ਼ ਪੂਰੀ ਤਾਕਤ ਨਾਲ ਪ੍ਰਗਟ ਕਰ ਰਹੇ ਹਾਂ। ਇਸ ਦਾ ਸੁਨੇਹਾ ਸੀ ਕਿ ਇਹ ਸਾਡੀ ਧਰਤੀ ਹੈ, ਸਾਡੀ ਪਛਾਣ ਹੈ ਅਤੇ ਅਸੀਂ ਇੱਥੇ ਆਪਣੀ ਜਨਤਕ ਪਛਾਣ ਅਤੇ ਅਧਿਕਾਰਾਂ ਬਾਰੇ ਆਪਣੀ ਗੱਲ ਮਨਵਾਉਣ ਲਈ ਖੜ੍ਹੇ ਹਾਂ। 11 ਜਨਵਰੀ 2026 ਨੂੰ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਚ ਵੀ ਲਗਭਗ 3,000 ਲੋਕਾਂ ਵਾਲੇ ਨਗਰ ਕੀਰਤਨ ਦੌਰਾਨ ਇਸੇ ਤਰ੍ਹਾਂ ਦੇ ਪ੍ਰਦਰਸ਼ਨਕਾਰੀਆਂ ਨੇ ਰਸਤੇ ਵਿਚ ਵਿਰੋਧ ਕੀਤਾ। ਬਚਾਅ ਇਸ ਗੱਲ ਵਿਚ ਹੋਇਆ ਕਿ ਨਗਰ ਕੀਰਤਨ ਵਾਲੇ ਪਾਸਿਉਂ ਅਨੁਸ਼ਾਸਨ ਕਾਇਮ ਰਿਹਾ ਅਤੇ ਕਿਸੇ ਨੇ ਵੀ ਭੜਕਾਹਟ ਵਿਚ ਆ ਕੇ ਜੁਆਬ ਨਹੀਂ ਸੀ ਦਿੱਤਾ। ਦੁਨੀਆ ਭਰ ਵਿਚ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣ ਵਾਲਿਆਂ ਲਈ ਇੱਕ ਚੇਤਾਵਨੀ ਭਰਿਆ ਸੁਨੇਹਾ ਹੈ ਕਿ ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਭਵਿੱਖ ਵਿਚ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ।
ਵਿਦੇਸ਼ ਵਿਚ ਨਗਰ ਕੀਰਤਨ ਵਿਚ ਹਥਿਆਰਾਂ ਦਾ ਪ੍ਰਦਰਸ਼ਨ, ਨਿਹੰਗ ਸਿੰਘਾਂ ਦੇ ਪਹਿਰਾਵੇ ਵਿਚ ਫ਼ੌਜੀ ਪ੍ਰਦਰਸ਼ਨ, ਖ਼ਾਲਿਸਤਾਨ ਦੇ ਜੰਗੀ ਨਾਹਰੇ ਅਤੇ ਅੱਤਵਾਦੀ ਲੋਕਾਂ ਜਿਸ ਨੂੰ ਭਾਰਤੀ ਸਟੇਟ ਅਪਰਾਧੀਆਂ ਦੀ ਸ਼੍ਰੇਣੀ ਵਿਚ ਰੱਖਦੀ ਹੈ ਨੂੰ ਹੀਰੋ ਬਣਾਉਂਦੀਆਂ ਤਸਵੀਰਾਂ ਸਿੱਖ ਸਮਾਜ ਦਾ ਸਭਿਅਕ ਅਤੇ ਅਮਨ ਪਸੰਦ ਹੋਣ ਦਾ ਪ੍ਰਭਾਵ ਨਹੀਂ ਸਿਰਜਦੀਆਂ। ਨਗਰ ਕੀਰਤਨ ਦੇ ਸਮਾਗਮ ਵਿਚ ਅਜਿਹੀਆਂ ਤਸਵੀਰਾਂ ਨੂੰ ਸ਼ਹੀਦ ਜਾਂ ਨਾਇਕ ਦੇ ਪ੍ਰਤੀਕ ਵਜੋਂ ਪੇਸ਼ ਕਰਨਾ ਸਥਾਨਕ ਲੋਕਾਂ ਵਿਚ ਬੇਚੈਨੀ ਪੈਦਾ ਕਰਦਾ ਹੈ। ਸਿੱਖ ਪਰੰਪਰਾ ਵਿਚ ਸ਼ਸਤਰਾਂ ਦਾ ਇਤਿਹਾਸਕ ਅਤੇ ਧਾਰਮਿਕ ਸਥਾਨ ਹੈ। ਪਰ ਜਦੋਂ ਵਿਦੇਸ਼ੀ ਸੜਕਾਂ ’ਤੇ ਵੱਡੇ ਪੱਧਰ ’ਤੇ ਹਥਿਆਰਾਂ ਦੀ ਨੁਮਾਇਸ਼, ਜੰਗੀ ਅੰਦਾਜ਼ ਅਤੇ ਫ਼ੌਜੀ ਕਵਾਇਦ ਵਰਗੀ ਦਿੱਖ ਬਣਦੀ ਹੈ, ਤਾਂ ਸਿੱਖ ਸਭਿਆਚਾਰ ਦੀ ਸਮਝ ਨਾ ਰੱਖਣ ਵਾਲੇ ਸਥਾਨਕ ਦਰਸ਼ਕ ਇਸ ਨੂੰ ਧਾਰਮਿਕ ਪਰੰਪਰਾ ਦੀ ਬਜਾਏ ਮਿਲਟਰੀ ਦਾ ਲੜਾਕੂ ਚਿੱਤਰ ਸਮਝ ਲੈਂਦੇ ਹਨ। ਬਾਹਰੀ ਵਿਅਕਤੀ ਲਈ ਧਾਰਮਿਕ ਅਤੇ ਰਾਜਨੀਤਕ ਸੰਦੇਸ਼ ਵਿਚਕਾਰ ਫ਼ਰਕ ਕਰਨਾ ਔਖਾ ਹੁੰਦਾ ਹੈ। ਵਿਦੇਸ਼ ਵਿਚ ਗੁਰਦੁਆਰਾ ਪ੍ਰਬੰਧ ਜਾਂ ਤਾਂ ਨਿੱਜੀ ਜਾਇਦਾਦ ਹੁੰਦਾ ਹੈ ਜਾਂ ਫਿਰ ਖ਼ਾਲਿਸਤਾਨ ਦੀ ਸੋਚ ਵਾਲੇ ਹਿੰਸਕ ਗਰੁੱਪਾਂ ਦੇ ਅਧਿਕਾਰ ਵਿਚ। ਆਮ ਸਿੱਖ ਸਿਰਫ਼ ਸੰਗਤ ਬਣ ਕੇ ਆਪਣੀ ਧਾਰਮਿਕ ਆਸਥਾ ਨੂੰ ਪੂਰਿਆਂ ਕਰਨ ਹਿਤ ਹੀ ਗੁਰਦੁਆਰੇ ਜਾਂਦੇ ਹਨ। ਜਦੋਂ ਗੁਰਦੁਆਰੇ ਦਾ ਪ੍ਰਬੰਧ ਧਾਰਮਿਕ ਸੇਵਾ ਤੋਂ ਹਟ ਕੇ ਕਿਸੇ ਵਿਚਾਰਧਾਰਕ ਜਾਂ ਰਾਜਨੀਤਕ ਧੜੇ ਦੀ ਤਾਕਤ ਦਾ ਕੇਂਦਰ ਬਣ ਜਾਂਦਾ ਹੈ, ਤਾਂ ਆਮ ਸੰਗਤ ਅਤੇ ਪ੍ਰਬੰਧ ਵਿਚਕਾਰ ਦੂਰੀ ਵਧਣ ਲੱਗਦੀ ਹੈ। ਪਹਿਲਾ ਜਦੋਂ ਖਾਲਿਸਤਾਨੀ ਧਿਰਾਂ ਨੇ ਜਬਰੀ ਕਬਜ਼ੇ ਅਰੰਭੇ ਤਾਂ ਬਹੁਤ ਝਗੜੇ ਹੋਏ ਬਾਅਦ ਵਿਚ ਹੋਲੀ ਹੋਲੀ ਆਮ ਸਿੱਖ ਇਸ ਝਮੇਲੇ ਤੋਂ ਦੂਰ ਚਲੇ ਗਏ ਫਿਰ ਇਹ ਲੜਾਈ-ਝਗੜੇ ਵੀ ਖ਼ਤਮ ਹੋ ਗਏ। ਜਦੋਂ ਗੁਰਦੁਆਰੇ ਸੱਤਾ ਦੀ ਲੜਾਈ ਦੇ ਅਖਾੜੇ ਬਣੇ ਤਾਂ ਝਗੜੇ ਵਧੇ ਜਦੋਂ ਆਮ ਸੰਗਤ ਇਸ ਸੱਤਾ-ਸੰਘਰਸ਼ ਤੋਂ ਹੌਲੀ-ਹੌਲੀ ਪਾਸੇ ਹੋ ਗਈ, ਤਾਂ ਇਹ ਲੜਾਈ-ਝਗੜੇ ਦਾ ਅਖਾੜਾ ਵੀ ਠੰਢਾ ਪੈ ਗਿਆ। ਆਮ ਸਿੱਖ ਗੁਰਦੁਆਰੇ ਵਿਚ ਗੁਰਬਾਣੀ ਸੁਣਨ, ਅਰਦਾਸ ਕਰਨ, ਕੀਰਤਨ ਅਤੇ ਲੰਗਰ ਦੀ ਸੇਵਾ ਰਾਹੀਂ ਆਪਣੀ ਧਾਰਮਿਕ ਆਸਥਾ ਨਾਲ ਜੁੜਨ ਲਈ ਜਾਂਦਾ ਹੈ। ਉਹ ਆਮ ਤੌਰ ’ਤੇ ਪ੍ਰਬੰਧਕੀ ਅਹੁਦਿਆਂ, ਵੋਟਾਂ ਅਤੇ ਚੋਣਾਂ ਦੀ ਧੜੇਬੰਦੀ ਜਾਂ ਕਿਸੇ ਰਾਜਨੀਤਕ ਵਿਚਾਰਧਾਰਾ ਦੀ ਲੜਾਈ ਵਿਚ ਸ਼ਾਮਲ ਹੋਣ ਲਈ ਨਹੀਂ ਜਾਂਦਾ। ਲੋੜ ਇਸ ਗੱਲ ਦੀ ਹੈ ਕਿ ਗੁਰਦੁਆਰਾ ਸੰਗਤ ਦੀ ਆਤਮਿਕ ਲੋੜ ਪੂਰੀ ਕਰਨ ਵਾਲੀ ਸੰਸਥਾ ਹੀ ਬਣੀ ਰਹੇ ਨਾ ਕਿ ਧਾਰਮਿਕ ਪਹਿਚਾਣ ਦੇ ਨਾਮ ’ਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਬਣ ਜਾਵੇ? ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਕਈ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਗੋਲਕ ਅਤੇ ਉਸ ਨਾਲ ਜੁੜੇ ਵਿੱਤੀ ਸਰੋਤਾਂ ਉੱਤੇ ਕਬਜ਼ੇ ਦੀ ਖਿੱਚੋਤਾਣ ਇੱਕ ਗੰਭੀਰ ਸਮੱਸਿਆ ਵਜੋਂ ਸਾਹਮਣੇ ਆਉਂਦੀ ਹੈ। ਗੋਲਕ ਦੀ ਲੜਾਈ ਅਸਲ ਵਿਚ ਪੈਸੇ ਅਤੇ ਰਾਜਨੀਤਕ ਪ੍ਰਭਾਵ ਨਾਲ ਗੁਰਦੁਆਰੇ ਦੀ ਸੰਸਥਾਗਤ ਤਾਕਤ ਉੱਤੇ ਕਬਜ਼ੇ ਦੀ ਲੜਾਈ ਬਣ ਜਾਂਦੀ ਹੈ। ਸ਼ੁਰੂਆਤੀ ਦੌਰ ਵਿਚ ਪਹਿਲਾਂ-ਪਹਿਲ ਵਿਦੇਸ਼ਾਂ ਵਿਚ ਸਿੱਖ ਗੁਰਦੁਆਰੇ ਸੰਗਤ ਲਈ ਸੇਵਾ ਸਿਮਰਨ ਅਤੇ ਅਧਿਆਤਮਿਕ ਭੁੱਖ ਪੂਰੀ ਕਰਨ ਦੀ ਇੱਕ ਮਿਸਾਲ ਹੁੰਦੇ ਸਨ, ਪਰ 1984 ਤੋਂ ਬਾਅਦ ਖਾਲਿਸਤਾਨੀ ਰਾਜਨੀਤੀ ਦਾ ਪ੍ਰਵੇਸ਼ ਹੋਣ ਨਾਲ ਦਿਸ਼ਾ ਬਦਲ ਗਈ। ਵਿਦੇਸ਼ਾਂ ਵਿਚ ਮੁੱਢਲੇ ਗੁਰਦੁਆਰੇ ਪਰਵਾਸੀ ਸਿੱਖਾਂ ਲਈ ਸਿਰਫ਼ ਇਬਾਦਤ-ਸਥਾਨ ਨਹੀਂ, ਸੰਗਤ, ਸੇਵਾ, ਲੰਗਰ, ਕੀਰਤਨ, ਗੁਰਬਾਣੀ ਅਤੇ ਨਵੀਂ ਧਰਤੀ ’ਤੇ ਆਪਣੀ ਸਭਿਆਚਾਰਕ ਪਛਾਣ ਨੂੰ ਸੰਭਾਲਣ ਦੇ ਕੇਂਦਰ ਸਨ। ਗੁਰਦੁਆਰਾ ਪਰਵਾਸੀ ਜੀਵਨ ਵਿਚ ਧਾਰਮਿਕ ਅਤੇ ਸਮਾਜਕ ਸਹਾਰਾ ਵੀ ਸੀ। ਓਪਰੇਸ਼ਨ ਬਲ਼ੂ ਸਟਾਰ, ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ, ਇੰਦਰਾ ਗਾਂਧੀ ਦੀ ਹੱਤਿਆ ਅਤੇ ਉਸ ਤੋਂ ਬਾਅਦ ਦਿੱਲੀ ਸਮੇਤ ਹੋਈ ਸਿੱਖ ਵਿਰੋਧੀ ਹਿੰਸਾ ਨੇ ਵਿਦੇਸ਼ੀ ਸਿੱਖ ਭਾਈਚਾਰੇ ਵਿਚ ਡੂੰਘਾ ਰਾਜਨੀਤਕ ਅਤੇ ਭਾਵਨਾਤਮਕ ਪ੍ਰਭਾਵ ਪਾਇਆ। ਇਸ ਮਾਹੌਲ ਵਿਚ ਖ਼ਾਲਿਸਤਾਨ ਦੀ ਮੰਗ ਨੂੰ ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਨੂੰ ਵਿਦੇਸ਼ਾਂ ਵਿਚ ਨਵਾਂ ਆਧਾਰ ਮਿਲਿਆ। ਗੁਰਦੁਆਰਿਆਂ ਵਿਚ ਧਾਰਮਿਕ ਮੰਚ ਹੌਲੀ-ਹੌਲੀ ਰਾਜਨੀਤਕ ਪ੍ਰਭਾਵ ਅਤੇ ਸ਼ਕਤੀ-ਸੰਘਰਸ਼ ਦਾ ਕੇਂਦਰ ਬਣਿਆ। ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ, ਗੋਲਕ, ਇਮਾਰਤ, ਮੰਚ ਅਤੇ ਸੰਗਤ ਉੱਤੇ ਪ੍ਰਭਾਵ ਰਾਜਨੀਤਕ ਪ੍ਰਭਾਵ ਦੇ ਸਰੋਤ ਵੀ ਬਣ ਗਏ ਸਨ। ਇਸ ਨਾਲ ਧਾਰਮਿਕ ਸੇਵਾ ਅਤੇ ਰਾਜਨੀਤਕ ਸਰਗਰਮੀ ਵਿਚਕਾਰ ਦੀ ਹੱਦ ਹੋਲੀ ਹੋਲੀ ਧੁੰਦਲੀ ਪੈਣੀ ਸ਼ੁਰੂ ਹੋਈ। ਵਿਦੇਸ਼ਾਂ ਵਿਚ ਰਾਜਨੀਤਕ ਪਾਰਟੀਆਂ ਨੂੰ ਭਾਸਦਾ ਹੈ ਕਿ ਗੁਰਦੁਆਰਾ ਪ੍ਰਬੰਧ ਚਲਾ ਰਹੇ ਲੋਕ ਹੀ ਸਮੁੱਚੇ ਸਿੱਖ ਭਾਈਚਾਰੇ ਦੀ ਅਗਵਾਈ ਕਰਦੇ ਹਨ ਅਤੇ ਵੋਟ ਤੇ ਪ੍ਰਭਾਵ ਰੱਖਦੇ ਹਨ। ਇਸ ਕਰਕੇ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੀ ਮਹੱਤਤਾ ਹੋਰ ਵੀ ਵਧ ਗਈ। ਭਾਵੇਂ ਦੇਸ਼ ਹੋਵੇ ਜਾ ਵਿਦੇਸ਼, ਧਰਮ ਦੇ ਨਾਮ ‘ਤੇ ਰਾਜਨੀਤੀ ਦੇ ਦੁਰ-ਪ੍ਰਭਾਵ ਬਹੁਤ ਵੱਡੇ ਹਨ। ਗੁਰਦੁਆਰਾ ਸਿੱਖ ਕਮਿਊਨਿਟੀ ਦਾ ਬੁਨਿਆਦੀ ਢਾਂਚਾ ਹੈ। ਜੇ ਗੁਰਦੁਆਰਾ ਕਿਸੇ ਇੱਕ ਵਿਚਾਰਧਾਰਾ ਦਾ ਸਿਆਸੀ ਦਫ਼ਤਰ ਬਣ ਜਾਵੇ ਤਾਂ ਉਹ ਸਾਰੀ ਸਿੱਖ ਕਮਿਊਨਿਟੀ ਦੀ ਨੁਮਾਇੰਦਗੀ ਕਰਨ ਦੀ ਆਪਣੀ ਨੈਤਿਕ ਸਮਰੱਥਾ ਗੁਆ ਦਿੰਦਾ ਹੈ।
ਅੱਜ ਕੱਲ੍ਹ ਭਾਰਤ ਵਿਚ ਇੱਕ ਖ਼ਾਸ ਕਿਸਮ ਦੀ ਧਰਮ ਅਧਾਰਿਤ ਸੱਜੇ ਪੱਖੀ ਸਿਆਸਤ ਦਾ ਜ਼ੋਰ ਹੈ। ਜਿਸ ਤੋਂ ਉਤਸ਼ਾਹਿਤ ਹੋ ਕੇ ਸਾਡੇ ਹਿੰਦੂ ਭਾਈਚਾਰੇ ਵਿਚ ਵੀ ਸਿੱਖ ਭਾਈਚਾਰੇ ਦੀ ਤਰਜ਼ ‘ਤੇ ਲਗਾਤਾਰ ਮੰਦਰ ਖੁੱਲ੍ਹ ਰਹੇ ਹਨ। ਮੰਦਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਸਿੱਖ ਗੁਰਦੁਆਰਿਆਂ ਵਾਲਾ ਇਤਿਹਾਸ ਦੁਹਰਾਇਆ ਜਾਣ ਲੱਗਾ ਹੈ। ਗ਼ਨੀਮਤ ਇਹ ਹੈ ਕਿ ਇਹ ਸਭ ਕੁਝ ਫ਼ਿਲਹਾਲ ਮੰਦਰਾਂ ਦੀ ਚਾਰਦੀਵਾਰੀ ਦੇ ਅੰਦਰ ਹੀ ਚੱਲ ਰਿਹਾ ਵਰਤਾਰਾ ਹੈ। ਅਜੇ ਵੱਡੇ ਪੱਧਰ ‘ਤੇ ਜਾਗਰਨ, ਭੰਡਾਰੇ ਅਤੇ ਸ਼ੋਭਾ ਯਾਤਰਾ ਦਾ ਸਭਿਆਚਾਰ ਸ਼ੁਰੂ ਨਹੀਂ ਹੋਇਆ ਨਾ ਹੀ ਕਾਂਵੜੀਏ ਵਹਿੰਗੀ ਪਾਈ ਪਵਿੱਤਰ ਜਲ ਲੈਣ ਲਈ ਸੜਕਾਂ ‘ਤੇ ਨਿਕਲੇ ਹਨ। ਸਾਮੀ ਧਰਮ ਦੀ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਚਰਚ ਅਤੇ ਗਿਰਜੇ ਬੰਦ ਹੋ ਰਹੇ ਹਨ, ਮਸਜਿਦਾਂ ਦੀ ਉਸਾਰੀ ਧੜਾਧੜ ਹੋ ਰਹੀ ਹੈ। ਇਹ ਸਭ ਸੰਕੇਤ ਸ਼ੁਭ ਨਹੀਂ ਕਹੇ ਜਾ ਸਕਦੇ। ਅਸੀਂ ਖ਼ੁਦ ਵੀ ਧਰਮਾਂ ਦੀ ਜੰਗ ਤੋਂ ਵੱਡੇ ਨੁਕਸਾਨ ਉਠਾਉਣ ਬਾਅਦ ਵੀ ਕੋਈ ਸਬਕ ਨਹੀਂ ਸਿੱਖ ਸਕੇ। ਇਹ ਗੁਰਦੁਆਰੇ, ਮੰਦਰ ਅਤੇ ਮਸਜਿਦਾਂ ਜਿਨ੍ਹਾਂ ਨੂੰ ਅਸੀਂ ਰੱਬ ਦਾ ਘਰ ਕਹਿੰਦੇ ਹਾਂ ਨਫ਼ਰਤ ਲਈ ਨਹੀਂ ਉੱਸਰਨੇ ਚਾਹੀਦੇ। ਇਹ ਇਮਾਰਤਾਂ ਸਦੀਵੀ ਨਹੀਂ ਹਨ ਅੱਜ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਹਿੰਦੁਸਤਾਨ ਵਿਚ ਮਸਜਿਦਾਂ ਅਤੇ ਕਬਰਸਤਾਨ ਖ਼ਤਮ ਹੋ ਰਹੇ ਹਨ, ਗੁਰਦੁਆਰੇ ਮੰਦਰ ਬਰਕਰਾਰ ਹਨ। ਪਾਕਿਸਤਾਨ ਚਲੇ ਜਾਓ ਹਰ ਗਲੀ ਮਹੱਲੇ ਮਸਜਿਦ ਨਜ਼ਰ ਆਵੇਗੀ ਮੰਦਰ ਕਿੱਥੇ ਹਨ? ਕੁਝ ਇੱਕ ਇਤਿਹਾਸਕ ਗੁਰਦੁਆਰਿਆਂ ਨੂੰ ਛੱਡ ਦੇਈਏ ਤਾਂ ਗਲੀ ਮਹੱਲੇ ਦੇ ਗੁਰਦੁਆਰੇ ਕਿੱਥੇ ਗਏ? ਨਫ਼ਰਤ ਦਾ ਸ਼ਿਕਾਰ ਹੋ ਕੇ ਅਸੀਂ ਰੱਬ ਦੇ ਘਰ ਵੀ ਵੰਡ ਲਏ ਹਨ। ਅੱਜ ਭਾਰਤ ਵਿਚ ਹਰ ਇੱਕ ਮਸਜਿਦ ਦੇ ਹੇਠੋਂ ਸ਼ਿਵਲਿੰਗ ਜਾ ਪੁਰਾਤਨ ਮੂਰਤੀਆਂ ਲੱਭਣ ਦੀ ਰਾਜਨੀਤੀ ਚੱਲ ਰਹੀ ਹੈ। ਰੱਬ ਮਿਹਰ ਕਰੇ, ਵਿਦੇਸ਼ਾਂ ਵਿਚ ਵੀ ਅਸੀਂ ਉਹੀ ਕੁਝ ਕਰ ਰਹੇ ਹਾਂ ਜੋ ਪਿੱਛੇ ਛੱਡ ਕੇ ਆਏ ਹਾਂ। ਦੂਸਰਿਆਂ ਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਵੀ ਆਪਣੀ ਪੀੜ੍ਹੀ ਹੇਠ ਸੋਟੀ ਫੇਰੀਏ ਸੋਚੀਏ, ਜਿਨ੍ਹਾਂ ਮੁਲਕਾਂ ਨੇ ਸਾਨੂੰ ਆਪਣੀ ਬੁੱਕਲ ਵਿਚ ਲਿਆ, ਇੱਜ਼ਤ-ਮਾਣ ਦਿੱਤਾ, ਆਪਣੇ ਪ੍ਰਬੰਧ ਦਾ ਹਿੱਸਾ ਬਣਾਇਆ, ਅਸੀਂ ਤਰੱਕੀਆਂ ਕਰ ਕੇ ਖ਼ੁਸ਼ਹਾਲ ਜ਼ਿੰਦਗੀ ਜਿਊਣ ਜੋਗੇ ਹੋਏ, ਉਸ ਮੁਲਕ ਨੂੰ ਆਪਣਾ ਸਮਝ ਕੇ ਦੂਸਰੇ ਭਾਈਚਾਰਿਆਂ ਵਿਚ ਘੁਲ-ਮਿਲ ਕੇ ਰਹੀਏ। ਦੂਸਰਿਆਂ ਦੀਆ ਭਾਵਨਾਵਾਂ ਦੀ ਵੀ ਕਦਰ ਅਤੇ ਸਤਿਕਾਰ ਕਰਨਾ ਸਿੱਖੀਏ।