ਮੈਕਸ ਆਰਥਰ ਮੈਕਾਲਿਫ 1862 ਵਿਚ ਆਈ ਸੀ ਐਸ ਅਫਸਰ ਬਣਿਆ ਅਤੇ ਫਰਵਰੀ 1864 ਵਿਚ ਪੰਜਾਬ ਆਇਆ। ਉਹ 1893 ਵਿਚ ਆਈ ਸੀ ਐਸ ਅਫਸਰ ਵਜੋਂ ਰਿਟਾਇਰ ਹੋਇਆ। ਮੈਕਾਲਿਫ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰਕੇ ਇੰਨਾ ਨਿਹਾਲ ਹੋਇਆ ਕਿ ਉਸ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ। ਇਸ ਬਦਲੇ ਬਰਤਾਨਵੀ ਹਕੂਮਤ ਨੇ ਉਸ ਦੀ ਖਿਚਾਈ ਵੀ ਕੀਤੀ। ਉਸ ਦੇ ਨਿਜੀ ਸਹਾਇਕ ਨੇ ਆਪਣੀਆਂ ਯਾਦਾਂ ਵਿਚ ਲਿਖਿਆ ਹੈ ਕਿ ਮੈਕਾਲਿਫ ਆਪਣੇ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿਚ ਹਰ ਸਵੇਰ ਅਰਦਾਸ ਕਰਿਆ ਕਰਦਾ। ਮਰਨ ਤੋਂ ਦਸ ਮਿੰਟ ਪਹਿਲਾਂ ਉਸ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ। ਮੈਕਾਲਿਫ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ‘ਚ ਤਰਜਮਾ ਕੀਤਾ। ਇਸ ਤੋਂ ਇਲਾਵਾ ਉਸ ਨੇ ਅੰਗਰੇਜ਼ੀ ਵਿਚ ‘ਸਿੱਖ ਧਰਮ: ਇਸ ਦੇ ਗੁਰੂ, ਪਵਿੱਤਰ ਲਿਖਤਾਂ ਅਤੇ ਲੇਖਕ’ ਨਾਂ ਦੀ ਪੁਸਤਕ ਵੀ ਲਿਖੀ। ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਤਜ਼ਰਮਾ ਕਰਨ ਕਰਕੇ ਸਿੱਖ ਪੰਥ ਵਿਚ ਮੈਕਾਲਿਫ ਦਾ ਬਹੁਤ ਇੱਜ਼ਤ-ਮਾਣ ਹੈ। ਲਾਹੌਰ ਸਿੰਘ ਸਭਾ ਦੇ ਇਕ ਸਮਾਗਮ ਸਮੇਂ ਮੈਕਾਲਿਫ ਨੇ ਕਿਹਾ ਕਿ ਧਾਰਮਿਕ ਗ੍ਰੰਥ ਵਜੋਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਾਨੀ ਨਹੀਂ। ਇਸ ਵਰ੍ਹੇ ਮੈਕਾਲਿਫ ਦੀ ਸੌਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਲੇਖ ਲੜੀ ਵਿਚ ਸ਼ ਗੁਰਬਚਨ ਸਿੰਘ ਭੁੱਲਰ ਨੇ ਮੈਕਾਲਿਫ ਦੇ ਜੀਵਨ ਅਤੇ ਉਸ ਦੀ ਸਿੱਖ ਧਰਮ ਨੂੰ ਦੇਣ ਬਾਰੇ ਚਾਨਣਾ ਪਾਇਆ ਹੈ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਫੋਨ: 91-11-65736868
ਮੈਕਾਲਿਫ ਨੂੰ ਬਾਣੀ ਦਾ ਅੰਗਰੇਜ਼ੀ ਅਨੁਵਾਦ ਕਰਨ ਸਮੇਂ ਆਈ ਜਿਸ ਮੁਸ਼ਕਲ ਦਾ ਜ਼ਿਕਰ ਬਾਪੂ ਜੀ ਮੇਰੀ ਕੱਚੀ ਉਮਰੇ ਕਰਿਆ ਕਰਦੇ ਸਨ, ਮੇਰੀ ਹੁਣ ਦੀ ਸਮਝ ਅਨੁਸਾਰ ਮੁਸ਼ਕਲ ਉਹ ਇਕੱਲੀ ਹੀ ਨਹੀਂ ਸੀ। ਉਹ ਦਸਦੇ ਸਨ ਕਿ ਉਹਦੇ ਤਨਖ਼ਾਹਦਾਰ ਬਣ ਕੇ ਰਹਿਣ ਵਾਲੇ ਬਹੁਤੇ ਗਿਆਨੀ ਅੰਗਰੇਜ਼ੀ ਨਾ ਜਾਣਦੇ ਹੋਣ ਤੋਂ ਇਲਾਵਾ ਬਾਣੀ ਦੀ ਵਿਆਖਿਆ ਦੇ ਸਬੰਧ ਵਿਚ ਵੀ ਮੈਕਾਲਿਫ ਦੀ ਤਸੱਲੀ ਕਰਵਾਉਣ ਵਿਚ ਅਸਫ਼ਲ ਰਹਿੰਦੇ ਸਨ। ਉਨ੍ਹਾਂ ਦੀ ਅੰਗਰੇਜ਼ੀ ਦੀ ਜਾਣਕਾਰੀ ਦੀ ਘਾਟ ਤਾਂ ਉਹ ਉਨ੍ਹਾਂ ਦੀ ਦੱਸੀ ਹੋਈ ਪੰਜਾਬੀ ਨੂੰ ਸਹੀ ਅੰਗਰੇਜ਼ੀ ਵਿਚ ਸਮਝਾਉਣ ਦੇ ਸਮਰੱਥ ਵਿਅਕਤੀ ਮੁਲਾਜ਼ਮ ਰੱਖ ਕੇ ਪੂਰੀ ਕਰ ਸਕਦਾ ਸੀ ਪਰ ਬਾਣੀ ਦੀ ਵਿਆਖਿਆ ਦੀ ਤਸੱਲੀ ਲਈ ਉਹਨੂੰ ਬਹੁਤ ਔਖ ਆਉਂਦੀ। ਆਪਣੇ ਸ਼ੰਕਿਆਂ ਦੇ ਹੱਲ ਲਈ ਉਹ ਵਾਰ ਵਾਰ ਬਾਣੀ ਦੇ ਗਿਆਤਾ ਸਿੱਖ ਵਿਦਵਾਨਾਂ ਤੱਕ ਪਹੁੰਚ ਕਰਦਾ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਦਾ।
ਮੈਕਾਲਿਫ ਦੀਆਂ ਸਮੱਸਿਆਵਾਂ ਅਨੇਕ ਸਨ ਅਤੇ ਇਸ ਨਾਲੋਂ ਵੱਧ ਗੰਭੀਰ ਸਨ। ਇਕ ਤਾਂ ਵੱਖ ਵੱਖ ਗਿਆਨੀ ਆਪਣੀ ਸਮਝ ਅਨੁਸਾਰ ਇਕੋ ਤੁਕ ਦੇ ਵੱਖ ਵੱਖ ਅਰਥ ਕਰ ਦਿੰਦੇ ਸਨ। ਲਗਦਾ ਹੈ, ਬਹੁਤੇ ਗਿਆਨੀਆਂ ਨੂੰ ਬਾਣੀ ਦੇ ਵਿਆਕਰਣ ਦੀ ਵੀ ਸਮਝ ਨਹੀਂ ਸੀ। ਹਰ ਭਾਸ਼ਾ ਵਿਚ ਅਨੇਕ ਸ਼ਬਦ ਬਹੁ-ਅਰਥੀ ਹੁੰਦੇ ਹਨ। ਜਿਸ ਵਾਕ ਜਾਂ ਤੁਕ ਵਿਚ ਕੋਈ ਸ਼ਬਦ ਵਰਤਿਆ ਗਿਆ ਹੁੰਦਾ ਹੈ, ਉਹਦੇ ਅਰਥ ਉਸ ਵਾਕ ਜਾਂ ਤੁਕ ਦੇ ਸਮੁੱਚੇ ਪ੍ਰਸੰਗ ਉਤੇ ਨਿਰਭਰ ਹੋ ਜਾਂਦੇ ਹਨ। ਇਸ ਉਪਰੰਤ, ਬਾਣੀ ਦਾ ਆਪਣਾ ਵੀ ਵਿਆਕਰਣ ਹੈ ਜਿਸ ਅਨੁਸਾਰ ਇਕੋ ਸ਼ਬਦ ਨਾਲ ਵੱਖ ਵੱਖ ਲਗਾਂ-ਮਾਤਰਾਂ ਲੱਗਣ ਨਾਲ ਉਸ ਦੇ ਅਰਥਾਂ ਵਿਚ ਫਰਕ ਆ ਜਾਂਦਾ ਹੈ। ਕਿਹਾ ਜਾ ਸਕਦਾ ਹੈ ਕਿ ਮੈਕਾਲਿਫ ਨੂੰ ਆਉਂਦੀ ਵੱਖ ਵੱਖ ਗਿਆਨੀਆਂ ਵੱਲੋਂ ਇਕੋ ਤੁਕ ਦੀ ਵੱਖ ਵੱਖ ਵਿਆਖਿਆ ਕੀਤੇ ਜਾਣ ਦੀ ਜਿਸ ਮੁਸ਼ਕਲ ਦਾ ਜ਼ਿਕਰ ਕੀਤਾ ਗਿਆ ਹੈ, ਉਹ ਨਿਸਚੇ ਹੀ ਇਨ੍ਹਾਂ ਤੱਥਾਂ ਦੀ ਪੈਦਾ ਕੀਤੀ ਹੋਈ ਸੀ। ਇਸ ਮੁਸ਼ਕਲ ਵਿਚ ਇਕ ਗੱਲ ਹੋਰ ਵਾਧਾ ਕਰ ਦਿੰਦੀ ਸੀ। ਜਦੋਂ ਉਹ ਇਨ੍ਹਾਂ ਵਖਰੇਵਿਆਂ ਨੂੰ ਵਿਚਾਰ-ਚਰਚਾ ਦੇ ਵਾਜਬ ਢੰਗ ਰਾਹੀਂ ਹੱਲ ਕਰ ਕੇ ਸਹੀ ਅਰਥ ਉਤੇ ਪੁੱਜਣਾ ਚਾਹੁੰਦਾ, ਉਸ ਸਹੀ ਅਰਥ ਦੇ ਪੱਖ ਵਿਚ ਨਿੱਗਰ ਦਲੀਲਾਂ ਹੋਣ ਦੇ ਬਾਵਜੂਦ ਵੱਖਰੇ ਅਰਥਾਂ ਦੇ ਮੁੱਦਈ ਗਿਆਨੀ ਕੇਵਲ ਆਪਣੀ ਹਉਂ ਕਾਰਨ ਹੀ ਸਹਿਮਤ ਨਹੀਂ ਸਨ ਹੁੰਦੇ। ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਿਆਣਾ ਅਤੇ ਆਪਣੀ ਗੱਲ ਨੂੰ ਅੰਤਿਮ ਸੱਚ ਸਮਝਦਾ। ਮੈਕਾਲਿਫ ਉਨ੍ਹਾਂ ਸਭਨਾਂ ਦਾ ਆਦਰ ਕਰਦਿਆਂ ਬੜੇ ਸਬਰ ਨਾਲ ਇਨ੍ਹਾਂ ਵਿਰੋਧਾਂ ਤੇ ਵਖਰੇਵਿਆਂ ਵਿਚੋਂ ਸੱਚ ਲੱਭਣ ਦਾ ਜਤਨ ਕਰਦਾ ਅਤੇ ਆਖਰ ਨੂੰ ਸੱਚ ਲੱਭ ਲੈਂਦਾ!
ਦੂਜੀ ਸਮੱਸਿਆ ਦਾ ਨਾਤਾ ਹਉਂ ਨਾਲ ਤਾਂ ਨਹੀਂ ਸੀ, ਪਰ ਉਹ ਵਿਚਿੱਤਰ ਜ਼ਰੂਰ ਸੀ। ਕਈ ਗਿਆਨੀ ਬਾਣੀ ਬਾਰੇ ਆਪਣੀ ਜਾਣਕਾਰੀ ਮੈਕਾਲਿਫ ਨਾਲ ਸਾਂਝੀ ਕਰਨ ਤੋਂ ਇਸ ਕਰਕੇ ਸੰਕੋਚ ਕਰਦੇ ਸਨ ਕਿ ਉਨ੍ਹਾਂ ਦਾ ਪਹਿਲਾਂ ਕਿਸੇ ਉਸਤਾਦ ਕਥਾਕਾਰ ਦੀ ਸ਼ਾਗਿਰਦੀ ਅਤੇ ਫੇਰ ਲੰਮੇ ਅਧਿਐਨ ਤੇ ਕਰੜੀ ਮਿਹਨਤ ਨਾਲ ਕਮਾਇਆ ਹੋਇਆ ਇਹ ਗਿਆਨ ਉਨ੍ਹਾਂ ਦੀ ਹੀ ਮਲਕੀਅਤ ਰਹਿਣਾ ਚਾਹੀਦਾ ਹੈ! ਉਹ ਗਿਆਨ ਦੀ ਮੌਖਿਕ ਭਾਰਤੀ ਪਰੰਪਰਾ ਦੇ ਵਿਸ਼ਵਾਸੀ ਸਨ ਅਤੇ ਵਿਧੀ ਅਨੁਸਾਰ ਬਣੇ ਸ਼ਿਸ਼ ਤੋਂ ਇਲਾਵਾ ਕਿਸੇ ਹੋਰ ਨੂੰ ਆਪਣੀ ਜਾਣਕਾਰੀ ਦੇ ਖਜ਼ਾਨੇ ਵਿਚੋਂ ਕੁਛ ਸੌਂਪਣ ਲਈ ਤਿਆਰ ਨਹੀਂ ਸਨ ਹੁੰਦੇ। ਇਹ ਔਗੁਣ ਕਥਾਕਾਰਾਂ ਤੱਕ ਹੀ ਸੀਮਤ ਨਹੀਂ ਸੀ। ਸਾਡੇ ਸਮਾਜ ਵਿਚ ਬਥੇਰੇ ਰਾਗੀ, ਸੰਗੀਤਕਾਰ, ਵੈਦ ਤੇ ਹੋਰ ਗੁਣਵਾਨ ਵਿਅਕਤੀ ਰਾਗਾਂ ਦੀਆਂ ਬਾਰੀਕੀਆਂ, ਸੰਗੀਤ ਦੀਆਂ ਸੂਖ਼ਮਤਾਵਾਂ, ਰੋਗ-ਨਿਵਾਰਕ ਔਸ਼ਧੀਆਂ ਦੇ ਭੇਤ ਅਤੇ ਹੋਰ ਅਨੇਕ ਗੁਣ ਕਿਸੇ ਨਾਲ ਸਾਂਝੇ ਕੀਤੇ ਬਿਨਾਂ ਆਪਣੇ ਨਾਲ ਹੀ ਮੁਕਦੇ ਕਰ ਜਾਂਦੇ ਸਨ। ਮੈਕਾਲਿਫ ਲਈ ਬਾਣੀ ਦੇ ਅਜਿਹੇ ਵਿਆਖਿਆਕਾਰਾਂ ਦੇ ਭੰਡਾਰ ਵਿਚੋਂ ਕੁਛ ਹਾਸਲ ਕਰਨਾ ਖਾਸਾ ਟੇਢਾ ਕੰਮ ਸਾਬਤ ਹੁੰਦਾ ਸੀ।
ਤੀਜੀ ਸਮੱਸਿਆ ਤਾਂ ਅਜਿਹੀ ਸੀ ਕਿ ਮੈਕਾਲਿਫ ਦੇ ਕਾਰਜ ਵਿਚ ਅਲੰਘ ਰੋਕ ਬਣਨ ਦੀ ਸਮਰੱਥਾ ਰਖਦੀ ਸੀ ਅਤੇ ਉਸ ਦੀ ਸਮੁੱਚੀ ਵਿਉਂਤ ਉਤੇ ਹੀ ਪਾਣੀ ਫੇਰ ਸਕਦੀ ਸੀ। ਕਈ ਸਿੱਖ ਵਿਦਵਾਨਾਂ ਦਾ ਨਿਹਚਾ ਸੀ ਕਿ ਗੁਰੂ-ਸ਼ਬਦ ਜਿਸ ਰੂਪ ਵਿਚ ਤੇ ਜਿਨ੍ਹਾਂ ਬੋਲਾਂ ਵਿਚ ਪ੍ਰਗਟ ਹੋਇਆ ਹੈ, ਉਹੋ ਅੰਤਿਮ ਅਤੇ ਅਬਦਲ ਹਨ। ਉਸ ਨੂੰ ਕਿਸੇ ਵੱਖਰੇ ਰੂਪ ਵਿਚ ਪੇਸ਼ ਕਰਨਾ, ਕਿਸੇ ਹੋਰ ਭਾਸ਼ਾ ਵਿਚ ਪਲਟਣਾ ਨਾ ਤਾਂ ਸੰਭਵ ਹੈ ਤੇ ਨਾ ਹੀ ਵਾਜਬ। ਉਨ੍ਹਾਂ ਅਨੁਸਾਰ ਅਜਿਹਾ ਕਰਨਾ ਬਾਣੀ ਨਾਲ ਛੇੜਛਾੜ ਦੇ ਤੁੱਲ ਸੀ। ਉਨ੍ਹਾਂ ਦੀ ਇਸ ਸੋਚ ਦਾ ਆਧਾਰ ਕੋਈ ਮੰਦਭਾਵਨਾ ਨਹੀਂ ਸੀ, ਸਗੋਂ ਇਹ ਉਨ੍ਹਾਂ ਦਾ ਦਿਲੀ ਵਿਸ਼ਵਾਸ ਸੀ। ਕਈ ਸਿਆਣੇ ਲੋਕ ਅਨੁਵਾਦ ਦੇ ਕਾਰਜ ਦੀਆਂ ਮੁਸ਼ਕਲਾਂ ਸਮਝਦੇ ਹੋਣ ਕਾਰਨ ਵੀ ਅਜਿਹੇ ਜਤਨਾਂ ਬਾਰੇ ਸ਼ੰਕਾ ਕਰਦੇ ਸਨ ਤੇ ਉਪਰੋਕਤ ਲੋਕਾਂ ਨਾਲ ਮੋਟੇ ਤੌਰ ਉਤੇ ਸਹਿਮਤ ਹੋ ਜਾਂਦੇ ਸਨ। ਕਾਫੀ ਮਗਰੋਂ ਜਾ ਕੇ ਪ੍ਰਿੰਸੀਪਲ ਤੇਜਾ ਸਿੰਘ ਨੇ ਸਵੈਜੀਵਨੀ ‘ਆਰਸੀ’ ਵਿਚ ਇਹ ਮਸਲਾ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ। ਉਹ ਟਰੰਪ ਤਾਂ ਕੀ, ਮੈਕਾਲਿਫ ਦੇ ਅਨੁਵਾਦ ਤੋਂ ਵੀ ਪੂਰੇ ਸੰਤੁਸ਼ਟ ਨਹੀਂ ਸਨ ਅਤੇ ਉਨ੍ਹਾਂ ਦੋਵਾਂ ਦੇ ਅਨੁਵਾਦ ਨੂੰ ਹੀ ‘ਅੱਖਰੀ’, ਭਾਵ ਸ਼ਬਦੀ ਅਨੁਵਾਦ ਆਖਦੇ ਹਨ। ਉਹ ਲਿਖਦੇ ਹਨ, (ਉਲਥਾ) “ਗੁਰੂ ਸਾਹਿਬ ਦੇ ਖਿਆਲ ਨੂੰ ਪੰਜਾਬੀ ਮਨ ਵਿਚ ਪਾ ਕੇ ਅੰਗਰੇਜ਼ੀ ਮੂੰਹ ਤੋਂ ਬਾਹਰ ਕਢਣਾ ਹੈ। ਹਰ ਕੌਮ ਦੀ ਬੋਲੀ ਦਾ ਆਪਣਾ ਮੁਹਾਵਰਾ ਹੁੰਦਾ ਹੈ। ਉਸ ਨੂੰ ਕਿਸੇ ਹੋਰ ਕੌਮ ਦੇ ਮੁਹਾਵਰੇ ਵਿਚ ਪਲਟਾਉਣ ਲੱਗਿਆਂ ਅੱਖਰੀ ਅਰਥ ਕਰਨਾ ਅਨਰਥ ਕਰਨਾ ਹੈ।” ਉਹ ਵਧੀਆ ਮਿਸਾਲ ਦਿੰਦੇ ਹਨ, “ਉਹ ਉਸ ਨੂੰ ਮੂੰਹ ਨਹੀਂ ਲਾਉਂਦਾ ਦਾ ਅਰਥ ਟਰੰਪ ਕਰੇਗਾ-ਹੀ ਡਿਡ ਨਾਟ ਕਿੱਸ ਹਰ। ਕੀ ਇਹ ਅਨਰਥ ਨਹੀਂ ਹੈ? ਮੇਰੇ ਸਿਰ ‘ਤੇ ਆਪਣਾ ਹਥ ਰਖ ਦਾ ਉਲਥਾ ਜੇ ਇਉਂ ਕਰੀਏ ਤਾਂ ਠੀਕ ਨਹੀਂ-ਪਲੇਸ ਯੂਅਰ ਹੈਂਡ ਆਨ ਮਾਈ ਹੈੱਡ। ਸਗੋਂ ਠੀਕ ਇਉਂ ਹੋਵੇਗਾ-ਟੇਕ ਮੀ ਅੰਡਰ ਦਾਈ ਵਿੰਗ।” ਮੈਕਾਲਿਫ ਦਾ ਅਨੁਵਾਦ ਸ਼ਾਬਦਿਕ ਹੋਣ ਬਾਰੇ ਉਨ੍ਹਾਂ ਦੀ ਗੱਲ ਸ਼ਾਇਦ ਇਸ ਲਈ ਠੀਕ ਹੈ ਕਿ ਉਹ ਭਾਸ਼ਾ, ਸਾਹਿਤ, ਸਭਿਆਚਾਰ, ਧਰਮ, ਪਰੰਪਰਾ ਆਦਿ ਦਾ ਸੁਹਿਰਦ ਜਗਿਆਸੂ ਅਤੇ ਉਦਾਰ ਜਾਣਕਾਰ ਤਾਂ ਸੀ ਪਰ ਮੌਲਿਕ ਲੇਖਕ, ਖਾਸ ਕਰਕੇ ਕਵੀ ਨਹੀਂ ਸੀ! ‘ਧੁਰ ਕੀ ਬਾਣੀ’ ਦੇ ਅਨੁਵਾਦ ਵਿਚ ਸੂਤ-ਭਰ ਵੀ ਇਧਰ-ਉਧਰ ਨਾ ਹੋਣ ਦੀ ਸੰਭਾਵਨਾ ਸਬੰਧੀ ਸਿੱਖਾਂ ਦਾ ਵਿਸ਼ਵਾਸ ਵੀ ਉਹਦੀ ਸਾਹਿਤਕ-ਕਾਵਿਕ ਉਡਾਰੀ ਦਾ ਰਾਹ ਰੋਕਦਾ ਸੀ।
ਤੇਜਾ ਸਿੰਘ ਨੇ ਤਾਂ ਇਹ ਗੱਲਾਂ ਮਗਰੋਂ ਜਾ ਕੇ ਲਿਖੀਆਂ, ਮੈਕਾਲਿਫ ਦੇ ਸਮਕਾਲੀ ਕੁਛ ਸਿੱਖ ਵਿਦਵਾਨਾਂ ਦੇ ਵੀ ਅਜਿਹੇ ਤੌਖਲੇ ਸਨ। ਕੁਛ ਸਿੱਖ ਅਜਿਹੇ ਵੀ ਸਨ ਜੋ ਕਿਸੇ ਹੋਰ ਭਾਸ਼ਾ ਵਿਚ ਬਾਣੀ ਦੇ ਅਨੁਵਾਦ ਦੇ ਤਾਂ ਅਸੂਲੀ ਤੌਰ ਉਤੇ ਵਿਰੁਧ ਨਹੀਂ ਸਨ, ਪਰ ਕਿਸੇ ਗ਼ੈਰਸਿੱਖ ਦਾ ਬਾਣੀ ਨੂੰ ਅਰਥਾਉਣਾ ਤੇ ਅਨੁਵਾਦਣਾ ਉਨ੍ਹਾਂ ਨੂੰ ਵਾਜਬ ਨਹੀਂ ਸੀ ਲਗਦਾ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰਜ ਜਿਸ ਸ਼ਰਧਾ, ਸਮਰਪਣ, ਸੋਚ ਤੇ ਸਿਰੜ ਦੀ ਮੰਗ ਕਰਦਾ ਹੈ, ਉਹਦੀ ਆਸ ਕਿਸੇ ਗ਼ੈਰਸਿੱਖ ਤੋਂ, ਖਾਸ ਕਰਕੇ ਕਿਸੇ ਪਰਦੇਸੀ ਤੋਂ ਤੇ ਉਹ ਵੀ ਅੰਗਰੇਜ਼ ਤੋਂ ਨਹੀਂ ਰੱਖੀ ਜਾ ਸਕਦੀ। ਸ਼ਾਇਦ ਅਜਿਹੇ ਵਿਚਾਰ ਨਿਰਮੂਲ ਵੀ ਨਹੀਂ ਸਨ। ਲਗਦਾ ਹੈ, ਇਨ੍ਹਾਂ ਲੋਕਾਂ ਦੇ ਮਨ ਵਿਚ ਕਿਤੇ ਟਰੰਪ ਦੇ ਉਪੱਦਰੀ ਵਿਹਾਰ ਦਾ ਦੁਖਦਾਈ ਪ੍ਰਭਾਵ ਕੰਮ ਕਰ ਰਿਹਾ ਸੀ। ਬਾਪੂ ਜੀ ਦਸਦੇ ਸਨ ਕਿ ਟਰੰਪ ਨਾਂ ਦੇ ਇਕ ਅੰਗਰੇਜ਼ ਨੇ ਮੈਕਾਲਿਫ ਤੋਂ ਪਹਿਲਾਂ ਬਾਣੀ ਦੇ ਅਨੁਵਾਦ ਦਾ ਅਜਿਹਾ ਹੀ ਜਤਨ ਕਰਦਿਆਂ ਸਿਗਰਟ ਪੀਣੀ ਵੀ ਨਹੀਂ ਸੀ ਛੱਡੀ। ਬਹੁਤ ਸਾਲ ਮਗਰੋਂ ਮੈਨੂੰ ਅਜਿਹੀ ਇਕ ਘਟਨਾ ਦਾ ਵੇਰਵਾ ਵੀ ਪੜ੍ਹਨ ਨੂੰ ਮਿਲਿਆ। ਉਹਨੇ ਇਕ ਵਾਰ ਅਨੁਵਾਦ ਬਾਰੇ ਚਰਚਾ ਕਰਨ ਲਈ ਕੁਝ ਸਿੱਖ ਵਿਦਵਾਨਾਂ ਦੀ ਬੈਠਕ ਬੁਲਾਈ। ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਉਥੇ ਹਾਜ਼ਰ ਸੀ। ਉਹਨੇ ਸਿਗਾਰ ਕੱਢਿਆ ਅਤੇ ਸੂਟੇ ਲਾਉਣ ਲੱਗਿਆ। ਸਿੱਖਾਂ ਦਾ ਕਰੋਧੀ ਪ੍ਰਤਿਕਰਮ ਸੁਭਾਵਿਕ ਸੀ। ਮਗਰੋਂ ਟਰੰਪ ਦੇ ਛਪਵਾਏ ਅਨੁਵਾਦ ਨੇ ਤਾਂ ਸਿੱਖਾਂ ਨੂੰ ਬਿਲਕੁਲ ਬੇਵਸਾਹੇ ਬਣਾ ਦਿੱਤਾ। ਉਸ ਵਿਚ ਬਹੁਤ ਤਰੁਟੀਆਂ ਸਨ ਅਤੇ ਅਨੁਵਾਦ ਬਹੁਤ ਗ਼ਲਤ ਸੀ। ਅਸਲ ਵਿਚ ਟਰੰਪ ਵਿਚ ਪਰਦੇਸੀ ਹਾਕਮ ਹੋਣ ਦਾ ਘੁਮੰਡ ਅਤੇ ਸਥਾਨਕ ਲੋਕਾਂ ਲਈ ਹੀਣ-ਅਧੀਨ ਪਰਜਾ ਵਾਲੀ ਘਿਰਣਾ ਤੇ ਉਨ੍ਹਾਂ ਦੇ ਧਰਮ, ਸਭਿਆਚਾਰ, ਆਦਿ ਸਭ ਕੁਛ ਨੂੰ ਤੁੱਛ ਸਮਝਣ ਦੀ ਹਉਂ ਸੀ।
ਚੰਗੀ ਗੱਲ ਇਹ ਹੋਈ ਕਿ ਬਾਣੀ ਅਨੁਵਾਦਣ ਦੇ ਸਮੁੱਚੇ ਕਾਰਜ ਬਾਰੇ ਮੈਕਾਲਿਫ ਦਾ ਰਵਈਆ ਸਿੱਖਾਂ ਵਿਚ ਸਦਭਾਵਨਾ ਪੈਦਾ ਕਰਨ ਵਿਚ ਸਫਲ ਰਿਹਾ। ਸਿੱਖ ਵਿਦਵਾਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਇਹ ਕਾਰਜ ਕਿਸੇ ਸਾਜ਼ਿਸ਼ੀ ਮੰਤਵ ਨਾਲ ਨਹੀਂ ਸਗੋਂ ਨਿਰੋਲ ਸ਼ਰਧਾ ਭਾਵਨਾ ਨਾਲ ਕਰ ਰਿਹਾ ਹੈ ਅਤੇ ਟਰੰਪ ਦੀ ਕਸਰ ਪੂਰੀ ਕਰਨ ਦਾ ਵੀ ਚਾਹਵਾਨ ਹੈ ਤੇ ਬਾਣੀ ਦਾ ਨੂਰ ਅੰਗਰੇਜ਼ੀ-ਭਾਸ਼ੀ ਲੋਕਾਂ ਤੱਕ ਸਹੀ ਰੂਪ ਵਿਚ ਪੁਜਦਾ ਕਰਨ ਦਾ ਵੀ ਇੱਛਕ ਹੈ। ਉਹਨੇ ਇਕ ਸਿਆਣਪ ਇਹ ਕੀਤੀ ਕਿ ਅਨੁਵਾਦ ਨਾਲੋ-ਨਾਲ ਪ੍ਰਮੁੱਖ ਸਿੱਖ ਵਿਦਵਾਨਾਂ ਨੂੰ ਦਿਖਾਉਂਦਾ ਰਿਹਾ ਜਿਸ ਕਰਕੇ ਉਹਦੀ ਸੁਹਿਰਦਤਾ ਦੀ ਪੈਂਠ ਬਣ ਗਈ। ਉਹਦੇ ਅਨੁਵਾਦ ਦੀ ਪ੍ਰਸ਼ੰਸਾ ਹੋਣ ਲੱਗੀ ਅਤੇ ਦੇਸ-ਪਰਦੇਸ ਤੋਂ ਸਿੱਖ ਵਿਦਵਾਨਾਂ ਤੋਂ ਇਲਾਵਾ ਬਾਣੀ ਅਤੇ ਸਿੱਖ ਧਰਮ ਦੇ ਜਾਣਕਾਰ ਗ਼ੈਰਸਿੱਖ ਵਿਦਵਾਨਾਂ ਦੇ ਵੀ ਸ਼ਲਾਘਾ ਤੇ ਪ੍ਰਵਾਨਗੀ ਦੇ ਪੱਤਰ ਆਉਣ ਲੱਗੇ।
ਅਨੁਵਾਦ ਸੰਪੂਰਨ ਹੋਏ ਤੋਂ ਮੈਕਾਲਿਫ ਨੇ ਧਾਰਮਿਕ ਸਿੱਖ ਆਗੂਆਂ ਨੂੰ ਉਹਦੀ ਘੋਖ ਅਤੇ ਨਿਰਖ-ਪਰਖ ਕਰਨ ਦੀ ਬੇਨਤੀ ਕੀਤੀ। ਦਰਬਾਰ ਸਾਹਿਬ ਦੇ ਪ੍ਰਬੰਧਕ ਨੇ ਅਕਾਲ ਤਖ਼ਤ ਵਿਖੇ ਸੰਗਤ ਦਾ ਇਕੱਠ ਬੁਲਾਇਆ ਅਤੇ ਮੈਕਾਲਿਫ ਨੂੰ ਆਪਣੇ ਕੰਮ ਬਾਰੇ ਜਾਣਕਾਰੀ ਦੇਣ ਦਾ ਸੱਦਾ ਦਿੱਤਾ। ਇਸ ਸੰਬੋਧਨ ਨਾਲ ਸਿੱਖਾਂ ਵਿਚ ਬੇਹੱਦ ਉਤਸਾਹ ਤੇ ਜੋਸ਼ ਜਾਗਿਆ। ਜੈਕਾਰਿਆਂ ਦੀ ਗੂੰਜ ਵਿਚ ਮੈਕਾਲਿਫ ਦੇ ਉਦੇਸ਼ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਨੁਵਾਦ ਦੀ ਘੋਖ ਲਈ ਤਿੰਨ-ਮੈਂਬਰੀ ਕਮੇਟੀ ਥਾਪ ਦਿੱਤੀ ਗਈ। ਘੋਖ ਦੀ ਸਮਾਪਤੀ ਤੱਕ ਅਖੰਡ ਪਾਠਾਂ ਦੀ ਲੜੀ ਅਰੰਭ ਕਰ ਦਿੱਤੀ ਗਈ ਅਤੇ ਉਹਦੇ ਨਿਜੀ ਭਲੇ ਵਾਸਤੇ ਵਿਸ਼ੇਸ਼ ਅਰਦਾਸ ਕੀਤੀ ਗਈ। ਘੋਖ ਦੇ ਕਾਰਜ ਦੀ ਸਮਾਪਤੀ ਪਿੱਛੋਂ ਕਮੇਟੀ ਨੇ ਨਿਰਣਾ ਕੀਤਾ, “ਅਸੀਂ ਸ੍ਰੀ ਮੈਕਾਲਿਫ ਦੇ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਲਥੇ ਨੂੰ ਅੰਗਰੇਜ਼ੀ ਦੇ ਜਾਣਕਾਰ ਸਿੱਖ ਵਿਦਵਾਨਾਂ ਦੀ ਸਹਾਇਤਾ ਲੈ ਕੇ ਗਹੁ ਨਾਲ ਘੋਖਿਆ ਹੈ। ਇਸ ਘੋਖ ਲਈ ਅਸੀਂ ਡੇਢ ਮਹੀਨਾ ਨਿਰੰਤਰ ਘਾਲਣਾ ਘਾਲੀ ਹੈ। ਜਿਥੇ ਕਿਤੇ ਵੀ ਸਾਡੇ ਵਿਚੋਂ ਕਿਸੇ ਨੂੰ ਵੀ ਕਿਤੇ ਭੁੱਲ ਹੋਈ ਲੱਗੀ, ਅਸੀਂ ਸਾਰੇ ਜੁੜ ਬੈਠੇ, ਉਸ ਸਤਰ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਜਾਂ ਤਾਂ ਉਥੇ ਸੋਧ ਕਰ ਦਿੱਤੀ ਜਾਂ ਫੇਰ ਸ੍ਰੀ ਮੈਕਾਲਿਫ ਵਾਲਾ ਉਲਥਾ ਰਹਿਣ ਦਿੱਤਾ। ਇਸ ਕਰਕੇ ਅਸੀਂ ਹੁਣ ਇਹ ਆਖ ਸਕਦੇ ਹਾਂ ਕਿ ਸ੍ਰੀ ਮੈਕਾਲਿਫ ਦਾ ਕੀਤਾ ਉਲਥਾ ਅਸੀਂ ਪੂਰੀ ਤਰ੍ਹਾਂ ਘੋਖ-ਸੋਧ ਲਿਆ ਹੈ ਅਤੇ ਇਹ ਬਿਲਕੁਲ ਦਰੁਸਤ ਹੈ। ਉਲਥੇ ਨੂੰ ਸਿੱਖਾਂ ਦੇ ਧਾਰਮਿਕ ਸਿਧਾਂਤਾਂ ਦੇ ਅਨੁਸਾਰ ਬਣਾਉਣ ਲਈ ਵੱਧ ਤੋਂ ਵੱਧ ਧਿਆਨ ਰਖਿਆ ਗਿਆ ਹੈ। ਉਲਥਾ ਪੂਰੀ ਤਰ੍ਹਾਂ ਸ਼ਬਦ ਸ਼ਬਦ ਲੈ ਕੇ ਕੀਤਾ ਗਿਆ ਹੈ ਅਤੇ ਸਾਰੇ ਵਿਆਕਰਣੀ ਤੇ ਭਾਸ਼ਾਈ ਨੇਮਾਂ ਦੇ ਅਨੁਸਾਰ ਕੀਤਾ ਗਿਆ ਹੈ।” (ਇਹ ਟੂਕ ਅੰਗਰੇਜ਼ੀ ਤੋਂ ਅਨੁਵਾਦੀ ਗਈ ਹੈ-ਲੇਖਕ)
ਇਸ ਪਿੱਛੋਂ ਮੈਕਾਲਿਫ ਦਾ ਆਪਣੇ ਕੀਤੇ ਅਨੁਵਾਦ ਦੇ ਮਿਆਰ ਬਾਰੇ ਅਤੇ ਸਿੱਖ ਧਰਮ ਵੱਲੋਂ ਲਾਈ ਗਈ ਪ੍ਰਵਾਨਗੀ ਦੀ ਮੋਹਰ ਬਾਰੇ ਸੰਤੁਸ਼ਟ ਹੋ ਕੇ ਸੁਖ ਦਾ ਸਾਹ ਲੈਣਾ ਵਾਜਬ ਸੀ। ਹੁਣ ਜੇ ਕੋਈ ਔਕੜ ਸੀ, ਉਹ ਬੱਸ ਇਹਨੂੰ ਛਾਪੇ ਦਾ ਜਾਮਾ ਪੁਆਉਣ ਲਈ ਮਾਇਆ ਦੀ ਸੀ ਜਿਸ ਬਾਰੇ ਉਹਨੂੰ ਭਰੋਸਾ ਸੀ ਕਿ ਉਹ ਕਿਵੇਂ ਨਾ ਕਿਵੇਂ ਦੂਰ ਕਰ ਲਈ ਜਾਵੇਗੀ ਪਰ ਮੈਕਾਲਿਫ ਸ਼ਾਇਦ ਏਨਾ ਖ਼ੁਸ਼ਕਿਸਮਤ ਨਹੀਂ ਸੀ ਕਿ ਉਹਦੀਆਂ ਮੁਸ਼ਕਿਲਾਂ, ਸਗੋਂ ਮੁਸੀਬਤਾਂ ਦਾ ਅੰਤ ਹੋ ਜਾਂਦਾ! ਬਾਪੂ ਜੀ ਦੱਸਿਆ ਕਰਦੇ ਸਨ ਕਿ ਕੁਛ ਸਿੱਖ ਉਹਦੇ ਅਨੁਵਾਦ ਦਾ ਵਿਰੋਧ ਇਸ ਆਧਾਰ ਉਤੇ ਵੀ ਕਰਦੇ ਸਨ ਕਿ ਬਿਗਾਨੇ ਲੋਕ ਉਨ੍ਹਾਂ ਦੀ ਭਾਸ਼ਾ ਵਿਚ ਛਪੇ ਹੋਏ ਸਰੂਪ ਨੂੰ ਗ੍ਰੰਥ ਸਮਝਣ ਦੀ ਥਾਂ ਕਿਤਾਬ ਸਮਝਣਗੇ ਅਤੇ ਉਹਨੂੰ ਆਦਰ ਨਾਲ ਰੁਮਾਲਿਆਂ ਵਿਚ ਲਪੇਟ ਕੇ ਵੱਖਰਾ ਸਜਾਉਣ ਦੀ ਥਾਂ ਕਿਤਾਬ ਵਜੋਂ ਅਲਮਾਰੀਆਂ ਵਿਚ ਹੋਰ ਕਿਤਾਬਾਂ ਵਿਚਕਾਰ ਰੱਖਣਗੇ। ਬਹੁਤੇ ਸਿੱਖਾਂ ਵਿਚ ਮੈਕਾਲਿਫ ਲਈ ਸਹਿਮਤੀ ਦਾ ਮਾਹੌਲ ਬਣਿਆ ਦੇਖ ਦਬੀ ਰਹੀ ਇਹ ਸੋਚ ਮੌਕਾ ਮਿਲਦਿਆਂ ਹੀ ਅਜਿਹੇ ਉਭਾਰ ਵਿਚ ਆਈ ਕਿ ਉਹਦੇ ਉਤਸਾਹ ਅਤੇ ਸੰਤੁਸ਼ਟੀ ਦੀਆਂ ਧੱਜੀਆਂ ਉਡ ਗਈਆਂ!
(ਚਲਦਾ)
Leave a Reply