ਗਿਆਨੀ ਜ਼ੈਲ ਸਿੰਘ ਤੇ ਐਮ.ਐਸ. ਰੰਧਾਵਾ ਦੇ ਚਮਤਕਾਰ

ਗੁਲਜ਼ਾਰ ਸਿੰਘ ਸੰਧੂ
ਇਸ ਵਰ੍ਹੇ ਦੇ ਜੁਲਾਈ ਮਹੀਨੇ ਜਦੋਂ ਐਮ.ਐਸ. ਰੰਧਾਵਾ ਵਲੋਂ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਸਥਾਪਤ ਕੀਤੀ ਗਈ ਪੰਜਾਬ ਆਰਟਸ ਕੌਂਸਲ ਦੇ ਪਿਛੋਕੜ ਵਿਚ ਬਣਾਏ ਓਪਨ ਏਅਰ ਥੀਏਟਰ ਦੀ ਮੁਰੰਮਤ ਕਰਵਾ ਕੇ ਉਸ ਵਿਚ ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਜੱਗੀ ਸਾਹਬ ਦਾ ਬੁੱਤ ਸਜਾਇਆ ਜਾ ਰਿਹਾ ਸੀ

ਤਾਂ ਮੇਰੇ ਹੱਥ ਐਂਗਲੋ ਸਿੱਖ ਵਾਰ ਨਾਲ ਸਬੰਧਤ ਫਿਰੋਜ਼ਪੁਰ ਦੇ ਅਜਾਇਬਘਰ ਦੇ ਉਦਘਾਟਨ ਵਾਲੀ ਸਤੰਬਰ 1975 ਵੀ ਤਸਵੀਰ ਲੱਗ ਗਈ| ਇਸ ਵਿਚ ਸੰਜੇ ਗਾਂਧੀ ਦੇ ਨਾਲ ਪੰਜਾਬ ਖੇਤੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਐਮ.ਐਸ. ਰੰਧਾਵਾ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਤੇ ਉਨ੍ਹਾਂ ਦਾ ਮੀਡੀਆ ਸਲਾਹਕਾਰ ਤਰਲੋਚਨ ਸਿੰਘ ਅਤੇ ਪ੍ਰਸਿਧ ਚਿੱਤਰਕਾਰ ਕਿਰਪਾਲ ਸਿੰਘ ਵੀ ਦਿਖਾਈ ਦੇ ਰਹੇ ਹਨ| ਇਹ ਤਸਵੀਰ ਮੇਰੇ ਨਵੀਂ ਦਿੱਲੀ ਦਾ ਵਸਨੀਕ ਹੋਣ ਸਮੇਂ ਅਪਣੇ ਮਿੱਤਰ ਤਰਲੋਚਨ ਸਿੰਘ ਕੋਲੋਂ ਮਿਲੀ ਸੀ ਜਿਹੜੇ ਉਸ ਵੇਲੇ ਘੱਟ-ਗਿਣਤੀ ਕਮਿਸ਼ਨਰ ਦਾ ਚੇਅਰਮੈਨ ਸੀ| ਇਸ ਤਸਵੀਰ ਨੇ ਮੈਨੂੰ ਐਮ.ਐਸ. ਰੰਧਾਵਾ ਦੀ ਸੰਗਤ ਵਿਚ ਹੰਢਾਏ ਪਲ ਵੀ ਚੇਤੇ ਕਰਵਾ ਦਿਤੇ ਤੇ ਗਿਆਨੀ ਜੀ ਦੀ ਰਾਜਨੀਤਕ ਫੁਰਤੀ ਤੇ ਮਿਲਾਪੜਾਪਨ ਵੀ| ਉਹ ਜਿਸ ਕਿਸੇ ਨੂੰ ਵੀ ਮਿਲਦੇ, ਉਹ ਕੋਈ ਵੱਡੀ ਹਸਤੀ ਹੁੰਦਾ ਜਾਂ ਛੋਟੀ ਉਸਨੂੰ ਜੱਫੀ ਪਾ ਕੇ ਮਿਲਦੇ| ਤੁਰੰਤ ਫੈਸਲਾ ਲੈਣ ਵਾਲਿਆਂ ਵਿਚ ਐਮ.ਐਸ. ਰੰਧਾਵਾ ਦਾ ਵੀ ਜਵਾਬ ਨਹੀਂ ਸੀ| ਪਰ ਗਿਆਨੀ ਜੀ ਦੇ ਕੀ ਕਹਿਣੇ|
ਮੈਂ ਆਪਣੀ ਗੱਲ ਦੀ ਪੁਸ਼ਟੀ ਲਈ ਕੇਵਲ ਗਿਆਨੀ ਜੀ ਦੀ ਮਿਸਾਲ ਦਿੰਦਾ ਹਾਂ ਜਿਹੜੇ ਦੇਸ਼ ਦੇ ਰਾਸ਼ਟਰਪਤੀ ਵੀ ਬਣੇ| ਪਹਿਲੀ ਗੱਲ ਇਹ ਕਿ ਜਦ ਲੋਹੇ ਦੀ ਲਾਠ ਵਜੋਂ ਜਾਣੀ ਜਾਂਦੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਉਸਦੇ ਬਾਡੀ ਗਾਰਡ ਨੇ ਕਰ ਦਿੱਤੀ ਤਾਂ ਗਿਆਨੀ ਜੀ ਨੇ ਭਾਰਤ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਤੁਰੰਤ ਉਸਦੇ ਸਪੁਤਰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਸੌਂਪ ਦਿਤੀ ਜਿਹੜਾ ਉਦੋਂ ਕੇਵਲ ਚਾਲ ਦਾ ਸੀ|
ਦੂਜੀ ਗੱਲ ਦਾ ਸਬੰਧ ਮੇਰੇ ਨਿੱਜ ਨਾਲ ਹੈ| ਰਾਸ਼ਟਰਪਤੀ ਦੀ ਪਦਵੀ ਛੱਡਣ ਸਮੇਂ ਉਨ੍ਹਾਂ ਨੇ ਦੇਸ਼ ਦੇ ਪ੍ਰਸਿਧ ਪੱਤਰਕਾਰਾਂ ਤੇ ਆਪਣੀ ਸੰਗਤ ਵਿਚ ਆਏ ਸੰਗੀਆਂ ਨੂੰ ਰਾਸ਼ਟਰਪਤੀ ਭਵਨ ਵਿਖੇ ਭੋਜਨ ਲਈ ਸੱਦਾ ਦਿੱਤਾ| ਇਹ ਸੱਦਾ ਜਿਥੋਂ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਐਡੀਟਰ ਚੀਫ ਵੀ ਐਨ ਨਾਰਾਇਣਨ ਨੂੰ ਸੀ ਤਾਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੋਣ ਦੇ ਨਾਤੇ ਮੈਨੂੰ ਵੀ ਸੀ| ਮੈਂ ਤੇ ਨਾਰਾਇਣਨ ਆਪਣੀਆਂ ਬੀਵੀਆਂ ਸਮੇਤ ਇਕੱਠੇ ਰਾਸ਼ਟਰਪਤੀ ਭਵਨ ਪਹੁੰਚੇ ਤਾਂ ਗਿਆਨੀ ਜੀ ਦਰਵਾਜ਼ੇ ਵਿਚ ਖੜ੍ਹੇ ਸਨ| ਉਹ ਮੈਨੂੰ ਜੱਫੀ ਵਿਚ ਲੈ ਕੇ ਬੋਲੇ, ‘ਬੀਬੀ ਨਹੀਂ ਆਈ?’ ਬੀਬੀ ਤੋਂ ਉਨ੍ਹਾਂ ਦੀ ਮੁਰਾਦ ਮੇਰੀ ਪਤਨੀ ਸੀ ਜਿਹੜੀ ਨਾਰਾਇਣਨ ਦੀ ਪਤਨੀ ਦਾ ਸਾਥ ਦਿੰਦੀ ਦੋ ਕਦਮ ਪਿੱਛੇ ਸੀ| ਗਿਆਨੀ ਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਮੇਰਾ ਸੱਜਾ ਹੱਥ ਆਪਣੇ ਖਬੇ ਹੱਥ ਵਿਚ ਹੈ ਤੇ ਉਨ੍ਹਾਂ ਮਹਿਮਾਨਾਂ ਨੂੰ ਮਿਲਾਣ ਲੱਗੇ ਜਿਹੜੇ ਪਹਿਲਾਂ ਹੀ ਹਾਲ ਕਮਰੇ ਵਿਚ ਸੁਸ਼ੋਬਿਤ ਸਨ|
ਉਹ ਮੰਚ ‘ਤੇ ਚੜ੍ਹਨ ਤੋਂ ਪਹਿਲਾਂ ਅਗਲੀ ਕਤਾਰ ਵਿਚ ਬੈਠੇ ਸਾਰੇ ਪਤਵੰਤਿਆਂ ਨੂੰ ਸੱਜੇ ਹੱਥ ਨਾਲ ਮਿਲੇ ਪਰ ਮੇਰਾ ਹੱਥ ਨਹੀਂ ਛੱਡਿਆ ਜਿਵੇਂ ਮੈਂ ਉਨ੍ਹਾਂ ਦਾ ਖਾਸ ਬੰਦਾ ਹੋਵਾਂ| ਜੇ ਨਹੀਂ ਤਾਂ ਉਸ ਦਿਨ ਹੋ ਗਿਆ ਸੀ| ਇਹ ਗੱਲ 25 ਜੁਲਾਈ 1987 ਦੀ ਹੈ ਜਦੋਂ ਮੈਂ 70 ਸਾਲ ਦਾ ਸਾਂ| ਮੇਰਾ ਮਿੱਤਰ ਤਰਲੋਚਨ ਸਿੰਘ ਮੇਰੇ ਹਾਣੀਆਂ ਸਮਾਨ ਹੈ| ਪੰਜਾਬ ਆਰਟਸ ਕੌਂਸਲ ਦੀ ਚੜ੍ਹਤ ਅੱਜ ਵੀ ਕਾਇਮ ਹੈ|
ਵੰਦੇ ਮਾਤ੍ਰਮ ਦੇ ਛੰਦਾਂ ਦੀ ਪੁਣ-ਛਾਣ
ਇਨ੍ਹਾਂ ਦਿਨਾਂ ਵਿਚ 90 ਸਾਲਾਂ ਤੋਂ ਗਾਏ ਜਾ ਰਹੇ ਰਾਸ਼ਟਰੀ ਗਾਣ ਦੀ ਪੁਣ-ਛਾਣ ਸ਼ੁਰੂ ਹੋ ਗਈ ਹੈ| ਰਾਸ਼ਟਰੀ ਸੋਇਮ ਸੰਘ ਨੂੰ ਪਰਨਾਈ ਭਾਰਤੀ ਜਨਤਾ ਪਾਰਟੀ ਇਸਦੇ ਪੂਰੇ ਛੇ ਛੰਦ ਰਾਸ਼ਟਰ ਗਾਣ ਵਜੋਂ ਗਾਏ ਜਾਣ ਦੀ ਵਕਾਲਤ ਕਰ ਰਹੀ ਹੈ| ਏਥੋਂ ਤੱਕ ਕਿ 1950 ਦੇ ਭਾਰਤੀ ਗਣਰਾਜ ਵਲੋਂ ਪ੍ਰਵਾਨਤ ਤੇ ਗਾਏ ਜਾਣ ਵਾਲੇ ਦੋ ਛੰਦਾਂ ਵਾਲੇ ਰਾਸ਼ਟਰ ਗੀਤ ਨੂੰ ਗੈਰ ਸੰਵਿਧਾਨਕ ਤੇ ਨਿੰਦਣਯੋਗ ਗਰਦਾਨਣ ਤੋਂ ਸੰਕੋਚ ਨਹੀਂ ਕਰ ਰਹੀ| ਇਸਦੇ ਉਲਟ ਇੰਡੀਅਨ ਨੈਸ਼ਨਲ ਕਾਂਗਰਸ ਤੇ ਸੀ.ਪੀ.ਆਈ. (ਮਾਰਕਸਿਸਟ) ਪਾਰਟੀਆਂ ਦਾ ਤਰਕ ਹੈ ਕਿ ਇਸ ਨੂੰ ਸਿਆਸੀ ਰੰਗ ਦੇਣ ਦੀ ਥਾਂ ਭਾਵਨਾਤਕ ਸਾਂਝ ਦੇ ਪ੍ਰਤੀਕ ਤੱਕ ਹੀ ਸੀਮਤ ਰੱਖਿਆ ਜਾਣਾ ਠੀਕ ਹੈ| ਉਨ੍ਹਾਂ ਦਾ ਤਰਕ ਹੈ ਕਿ ਇਸਦੇ ਪਹਿਲੇ ਦੋ ਛੰਦਾਂ ਨੂੰ ਰਾਸ਼ਟਰ ਗਾਣ ਦਾ ਮੂਲ ਮੰਤਰ ਕਹਿਣ ਵਾਲੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਜਿਸਨੇ ਸੁਤੰਤਰਤਾ ਸੰਗਰਾਮ ਵਿਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ| ਤੇ ਉਂਝ ਵੀ ਇਸ ਨੂੰ ਮਾਨਤਾ ਦੇਣ ਵਾਲੀ ਕਮੇਟੀ ਵਿਚ ਉਸ ਵੇਲੇ ਦੇ ਪ੍ਰਮੁੱਖ ਨੇਤਾ ਮੌਲਾਨਾ ਆਜ਼ਾਦ, ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਆਚਾਰੀਆ ਦੇਵਾ ਤੇ ਰਾਬਿੰਦਰਨਾਥ ਟੈਗੋਰ ਆਦਿ ਸਨ|
ਰਾਸ਼ਟਰ ਗਾਣ ਵਾਸਤੇ ਸਾਰੇ ਛੰਦਾਂ ਦੀ ਵਰਤੋਂ ਲਈ ਡਟਣ ਵਾਲੇ ਬੰਕਿਮ ਚੰਦਰ ਚਟੋਪਾਧਿਆ ਦੇ ਨਾਵਲ ‘ਆਨੰਦ ਮਠ’ ਦਾ ਹਵਾਲਾ ਦਿੰਦੇ ਹਨ ਜਿਸ ਵਿਚ ਲਿਖਿਆ ਗਿਆ ਹੈ ਕਿ ਇਸਨੂੰ ਮਾਨਤਾ ਦੇਣ ਵਾਲੀ ਕਮੇਟੀ ਦਾ ਮੈਂਬਰ ਰਾਬਿੰਦਰ ਨਾਥ ਟੈਗੋਰ ਇਸ ਫੈਸਲੇ ਨਾਲ ਸਹਿਮਤ ਨਹੀਂ ਸੀ| ਉਹ ਭੁੱਲ ਜਾਂਦੇ ਹਨ ਕਿ ਟੈਗੋਰ ਉਤਮ ਸਾਹਿਤਕਾਰ ਹੋਣ ਦੇ ਨਾਲ ਮਨੁੱਖ ਦਾ ਦਿਲ ਰੱਖਦਾ ਸੀ| ਸੰਭਵ ਹੈ ਉਸਦੇ ਅੰਦਰਲਾ ਮਨ ਇਹ ਚਾਹੁੰਦਾ ਹੋਵੇ ਕਿ ਰਾਸ਼ਟਰ ਗਾਣ ਉਸ ਤੋਂ ਲਿਖਵਾਇਆ ਜਾਵੇ|
ਅੱਜ ਦੇ ਦਿਨ ਉਹ ਪਾਰਟੀ ਟੈਗੋਰ ਦੀ ਭਾਵਨਾ ਦੀ ਸ਼ਰਨ ਲੈ ਰਹੀ ਹੈ ਜਿਸਦਾ ਪ੍ਰਧਾਨ ਮੰਤਰੀ ਕੁਝ ਦਿਨ ਪਹਿਲਾਂ ਅਜੋਕੇ ਭਾਰਤ ਦੀ ਸਮੁੱਚੀ ਉਨਤੀ ਬਾਰੇ ਇਹ ਦਾਅਵਾ ਕਰ ਚੁਕਿਆ ਹੈ ਕਿ ਉਸਦੀ ਸਰਕਾਰ ਨੇ ਸਤ ਸਾਲਾਂ ਵਿਚ ਉਹ ਕੁਝ ਕਰ ਵਿਖਾਇਆ ਹੈ ਜੋ ਪਿਛਲੇ 70 ਸਾਲ ਵਿਚ ਨਹੀਂ ਹੋਇਆ| ਉਹ ਵੀ ਮਨੁੱਖ ਹੈ ਤੇ ਉਸਦਾ ਅੰਦਰਲਾ ਉਸ ਤੋਂ ਇਹ ਕੁੱਝ ਅਖਵਾ ਚੁੱਕਿਆ ਹੈ|
ਸਾਡਾ ਮੱਤ ਹੈ ਕਿ ‘ਹਉਮੈ ਦੀਰਘ ਰੋਗ ਹੈ’ ਤੇ ਇਸਦਾ ਸ਼ਿਕਾਰ ਹੋਣੋਂ ਕੋਈ ਵੀ ਨਹੀਂ ਬਚਦਾ| ਜਿੱਥੋਂ ਤੱਕ ਵੱਡੇ ਧਰਮਾਂ ਨਾਲ ਸਬੰਧਤ ਪਾਰਟੀਆਂ ਦਾ ਸਬੰਧ ਹੈ ਉਹ ਆਪਣੇ ਗ੍ਰੰਥਾਂ ਦਾ ਸਹਿਜ ਪਾਠ ਵੀ ਕਰਦੇ ਹਨ ਤੇ ਅਖੰਡ ਪਾਠ ਵੀ ਪਰ ਨਿਤਾਪ੍ਰਤੀ ਕੰਮ ਕਾਜ ਲਈ ਆਪਣੇ ਮੂਲ ਮੰਤਰ ਜਾਂ ਗਾਇਤ੍ਰੀ ਮੰਤ ਦੀ ਟੋਕ ਲੈਂਦੇ ਹਨ|
ਸਾਡਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਜੋਕੀ ਸੋਚ ਦੇਸ਼ ਦੀ ਏਕਤਾ ਨੂੰ ਭੰਗ ਕਰਨ ਵਾਲੀ ਹੈ| ਵਿਡੰਬਨਾ ਇਹ ਵੀ ਹੈ ਕਿ ਇਸਦੀ ਸ਼ੁਰੂਆਤ ਉਨ੍ਹਾਂ ਲੋਕਾਂ ਨੇ ਕੀਤੀ ਹੈ ਜਿਨ੍ਹਾਂ ਵਿਚ ਸੁਤੰਤਰਾ ਸੰਗਰਾਮ ਦੌਰਾਨ ਵੰਦੇ ਮਾਤਰਮ ਦਾ ਨਾਅਰਾ ਲਾਉਣ ਦੀ ਹਿੰਮਤ ਨਹੀਂ ਸੀ| ਉਂਝ ਵੀ ਸੰਵਿਧਾਨਕ ਤੌਰ ‘ਤੇ ਸਵੀਕਾਰ ਕੀਤੀ ਗਈ ਕਿਸੇ ਵੀ ਧਾਰਨਾ ਦਾ ਸਨਮਾਨ ਕਰਨਾ ਬਣਦਾ ਹੈ| ਇਹ ਸੁਤੰਤਰ ਭਾਰਤ ਦੀ ਉਸ ਸੋਚ ਨੂੰ ਅੱਗੇ ਵਧਾਉਂਦੀ ਹੈ ਜਿਹੜੀ ਸਮੁਚੇ ਦੇਸ਼ ਵਾਸੀਆਂ ਨੂੰ ਇੱਕਮੁਠ ਹੋ ਕੇ ਚੱਲਣ ਦਾ ਸਦਾ ਦਿੰਦੀ ਹੈ| ਭਾਜਪਾ ਦੀ ਵਰਤਮਾਨ ਸੋਚ ਤੋਂ ਪ੍ਰਤੱਖ ਹੈ ਕਿ ਅੱਜ ਦੇ ਦਿਨ ਇਸਦੇ ਪੈਰਾਂ ਥਲਿਓਂ ਧਰਤੀ ਖਿਸਕ ਰਹੀ ਹੈ ਤੇ ਇੱਕ ਸਦੀ ਤੋਂ ਵੱਧ ਵਾਲੀ ਭਾਵਨਾ ਉੱਤੇ ਪਹਿਰਾ ਦੇਣ ਵਾਲੀਆਂ ਧਿਰਾਂ ਤੋਂ ਖੌਫ ਖਾ ਰਹੀ ਹੈ|

ਅੰਤਿਕਾ
ਹਿੰਦੂ ਬਨੇਗਾ, ਨਾ ਮੁਸਲਮਾਨ ਬਨੇਗਾ
ਇਨਸਾਨ ਕੀ ਔਲਾਦ ਹੈ, ਇਨਸਾਨ ਬਨੇਗਾ।