ਪੰਜਾਬ ਦੇ ਸਿਆਸੀ ਪੈਂਤੜੇ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਿਰਫ਼ ਪੰਜ ਮਹੀਨੇ ਬਾਕੀ ਹਨ। ਸਿਰਫ਼ ਚਾਰ ਮਹੀਨੇ ਬਾਅਦ ਹੀ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਹਰ ਪਾਰਟੀ ਆਪਣੇ ਪਰ ਤੋਲ ਰਹੀ ਹੈ। ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਥਿਤੀ ਅਜੇ ਵੀ ਸਪੱਸ਼ਟ ਨਹੀਂ ਹੈ।

ਕਾਂਗਰਸ ਆਪਸੀ ਖਿਚੋਤਾਣ ਕਰਕੇ ਅਤੇ ਅਕਾਲੀ ਦਲ ਸਿਧਾਂਤਕ ਅਸਪੱਸ਼ਟਤਾ ਕਰਕੇ ਤਰਸਯੋਗ ਹਾਲਤ ਵਿਚ ਹਨ। ਅਜੇਹੀ ਸਥਿਤੀ ਦਾ ਲਾਭ ਉਠਾਉਣ ਲਈ ਭਾਜਪਾ ਪੱਬਾਂ ਭਾਰ ਹੈ। ਸੋਮਵਾਰ ਨੂੰ ਹੋਈਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿਚ ਭਾਜਪਾ-ਆਰ.ਐੱਸ.ਐੱਸ. ਦੀ ਸਰਪ੍ਰਸਤੀ ਵਾਲੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਜਿੱਤ ਨੇ ਪੰਜਾਬ ਵਿਚ ਨਵੇਂ ਰਾਜਨੀਤਕ ਬਿਰਤਾਂਤ ਸਿਰਜਣੇ ਸ਼ੁਰੂ ਕਰ ਦਿੱਤੇ ਹਨ। ਯੂਨੀਵਰਸਿਟੀ ਦੇ ਢਾਂਚੇ ਵਿਚ ਇਨ੍ਹਾਂ ਚੋਣਾਂ ਦਾ ਖਾਸ ਮਹੱਤਵ ਹੈ। ਇਸ ਟੋਲੇ ਦਾ ਲਗਾਤਾਰ ਦੂਸਰੀ ਵਾਰ ਜਿੱਤਣਾ ਇਸ ਕਰਕੇ ਵੀ ਸੰਭਵ ਹੋਇਆ ਹੋਵੇਗਾ ਕਿਉਂਕਿ ਯੂਨੀਵਰਸਿਟੀ ਦਾ ਪ੍ਰਸ਼ਾਸਨ, ਪੂਰਾ ਸੰਘੀ ਟੋਲਾ ਤੇ ਭਾਜਪਾ-ਆਰ.ਐੱਸ.ਐੱਸ. ਦੇ ਆਗੂ ਪੂਰੀ ਸਰਗਰਮੀ ਨਾਲ ਇਸ ਚੋਣ ਵਿਚ ਉੱਤਰੇ ਸਨ। ਪਰ ਆਖਰੀ ਮੌਕੇ ‘ਤੇ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸੋਈ ਵਲੋਂ ਏ.ਬੀ.ਵੀ.ਪੀ. ਨੂੰ ਬਿਨਾਂ ਸ਼ਰਤ ਸਮਰਥਨ ਦੇਣ ਕਰਕੇ ਇਸ ਟੀਮ ਨੂੰ ਯੂਨੀਵਰਸਿਟੀ ਅੰਦਰ ‘ਹਿੰਦੂ-ਸਿੱਖ’ ਏਕਤਾ ਵਾਲਾ ਬਿਰਤਾਂਤ ਸਿਰਜਣ ਦਾ ਮੌਕਾ ਮਿਲ ਗਿਆ ਅਤੇ ਜਿੱਤ ਸੌਖੀ ਹੋ ਗਈ।
ਹੁਣ ਸਵਾਲ ਇਹ ਹੈ ਕਿ ਬਿਨਾਂ ਸ਼ਰਤ ਦਿੱਤਾ ਗਿਆ ਇਹ ਸਮਰਥਣ ਕੀ ਪੰਜਾਬ ਦੇ ਲੋਕਾਂ ਨੂੰ ਰਾਸ ਆਵੇਗਾ? ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵਲੋਂ ਭਾਜਪਾ ਨਾਲ ਸਮਝੌਤਾ ਕਰਨ ਲਈ ਤਰਲੋਮੱਛੀ ਹੋਣਾ ਵੀ ਅਕਾਲੀ ਦਲ ਦੇ ਭਵਿੱਖ ਲਈ ਕਿੰਨਾ ਕੁ ਕਾਰਗਰ ਹੋ ਸਕਦਾ ਹੈ? ਵੈਸੇ ਫਿਲਹਾਲ ਅਕਾਲੀ ਦਲ ਦਾ ਭਾਜਪਾ ਨਾਲ ਪਿਆਰ ਇਕ ਪਾਸੜ ਹੀ ਨਜ਼ਰ ਆ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਤੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਦੀ ਪੰਜਾਬ ਦੀ ਦੋ ਦਿਨਾਂ ਦੀ ਫੇਰੀ ਵੇਲੇ ਦਿੱਤੇ ਗਏ ਬਿਆਨਾਂ ਨੇ ਭਾਜਪਾ- ਅਕਾਲੀ ਗੱਠਜੋੜ ਸੰਬੰਧੀ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ ਕਾਫੀ ਹੱਦ ਤੱਕ ਸਪੱਸ਼ਟ ਕਰ ਦਿੱਤਾ ਹੈ। ਵੱਖ-ਵੱਖ ਧੜਿਆਂ ਵਿਚ ਵੰਡੇ ਗਏ ਰਵਾਇਤੀ ਅਕਾਲੀਆਂ ਨੇ ਭਾਜਪਾ ਦੀ ਵਧਦੀ ਤਾਕਤ ਨੂੰ ਵੇਖਦਿਆਂ ਉਸ ਨਾਲ ਪਿਛਲੇ ਕਾਫੀ ਸਮੇਂ ਤੋਂ ਰਾਜ ਵਿਚ ਚੋਣਾਂ ਲਈ ਗੰਢਤੁਪ ਕਰਨ ਦੇ ਯਤਨ ਜਾਰੀ ਰੱਖੇ ਹੋਏ ਹਨ, ਪਰ ਭਾਜਪਾ ਦੇ ਆਗੂਆਂ ਨੇ ਲਗਾਤਾਰ ਇਹ ਬਿਆਨ ਦਿੱਤੇ ਹਨ ਕਿ ਪਾਰਟੀ ਆਪਣੇ ਬਲਬੂਤੇ ਸੂਬੇ ਦੀਆਂ ਚੋਣਾਂ ਲੜੇਗੀ ਅਤੇ ਸਾਰੀਆਂ 117 ਸੀਟਾਂ ‘ਤੇ ਉਮੀਦਵਾਰ ਉਤਾਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਅਨੇਕਾਂ ਕੌਮੀ ਆਗੂਆਂ ਨੇ ਸੂਬੇ ਦੀਆਂ ਯਾਤਰਾਵਾਂ ਆਰੰਭੀਆਂ ਹੋਈਆਂ ਹਨ, ਉਨ੍ਹਾਂ ਤੋਂ ਵੀ ਇਸ ਪਾਰਟੀ ਵਲੋਂ ਪੂਰੇ ਯੋਜਨਾਬੱਧ ਢੰਗ ਨਾਲ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦਾ ਅਹਿਸਾਸ ਹੁੰਦਾ ਰਿਹਾ ਹੈ। ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਫੇਰੀਆਂ ਨੇ ਵੀ ਇਸ ਦੇ ਪ੍ਰਭਾਵ ਨੂੰ ਹੋਰ ਵਧਾਇਆ ਹੈ। ਉਨ੍ਹਾਂ ਨੇ ਵੱਖ-ਵੱਖ ਫਿਰਕਿਆਂ ਅਤੇ ਸੰਗਠਨਾਂ ਦੇ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਕੇ ਇਸ ਗੱਲ ਨੂੰ ਦ੍ਰਿੜਾਇਆ ਹੈ ਕਿ, ਇਸ ਵਾਰ ਭਾਜਪਾ ਆਪਣੇ ਬਲਬੂਤੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਹੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਦੂਸਰੇ ਪਾਸੇ ਅਕਾਲੀ ਧਿਰਾਂ ਹਾਲੇ ਵੀ ਉਮੀਦ ਲਗਾਈ ਬੈਠੀਆਂ ਹਨ ਕਿ ਸ਼ਾਇਦ ਭਾਜਪਾ ਨਾਲ ਉਨ੍ਹਾਂ ਦਾ ਗੱਠਜੋੜ ਹੋ ਜਾਏ। ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਮੰਤਰੀ ਨੂੰ ਮਿਲਣਾ, ਉਸ ਦੇ ਹਮਲੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਦਾ ਹਾਲਚਾਲ ਪੁੱਛਣ ਨੇ ਵੀ ਆਸਾਂ ਦੀ ਇਸ ਡੋਰੀ ਨੂੰ ਲੰਮੀ ਕਰੀ ਰੱਖਿਆ ਸੀ। ਇਸੇ 20 ਅਗਸਤ ਨੂੰ ਲੌਂਗੋਵਾਲ ਵਿਚ ਬੀਬਾ ਹਰਸਿਮਰਤ ਕੌਰ ਨੇ ਵੀ ਆਯੋਜਿਤ ਕਾਨਫਰੰਸ ਵਿਚ ਭਾਜਪਾ ਨਾਲ ਸਮਝੌਤੇ ਦੀ ਸੰਭਾਵਨਾ ਸੰਬੰਧੀ ਕਿਹਾ ਸੀ ਕਿ ‘ਗੁਰੂ ਸਾਹਿਬ ਮਿਹਰ ਕਰਨ ਇਹ ਮੇਰਾ ਬੋਲਣ ਦਾ ਅਧਿਕਾਰ ਨਹੀਂ ਹੈ ਇਸ ਲਈ ਮੈਂ ਆਪਣੀ ਜ਼ੁਬਾਨ ਰੋਕ ਰਹੀ ਹਾਂ, ਤੁਹਾਨੂੰ ਖ਼ੁਦ ਹੀ ਪਤਾ ਲੱਗ ਜਾਏਗਾ, ਐਸੇ ਸਮਝੌਤੇ ਜਿਨ੍ਹਾਂ ਦੇ ਜ਼ਰੀਏ ਦਿੱਲੀ ਤੋਂ ਪੰਜਾਬ ਦੇ ਵਿਕਾਸ ਅਤੇ ਤਰੱਕੀ ਦੇ ਕੰਮ ਹੁੰਦੇ ਰਹਿਣ’ ਪਰ ਲਗਦਾ ਹੈ ਕਿ ਹੁਣ ਭਾਜਪਾ ਦੇ ਪ੍ਰਮੁੱਖ ਆਗੂ ਬੀ.ਐਲ. ਸੰਤੋਸ਼ ਵਲੋਂ ਸਪੱਸ਼ਟ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕਿਸੇ ਵੀ ਕਿਸਮ ਦੇ ਗੱਠਜੋੜ ਨੂੰ ਫਿਲਹਾਲ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਹੈ। ਜਿਥੋਂ ਤੱਕ ਦੂਸਰੀਆਂ ਪਾਰਟੀਆਂ ਦਾ ਸੰਬੰਧ ਹੈ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਹੋਈ ਦਿਖਾਈ ਦੇ ਰਹੀ ਹੈ, ਇਸੇ ਹੀ ਕੜੀ ਵਿਚ ਉਸ ਵਲੋਂ ਪਿਛਲੇ ਦਿਨੀਂ ਕੁੱਝ ਨਵੀਆਂ, ਆਰਥਿਕ ਯੋਜਨਾਵਾਂ ਦਾ ਐਲਾਨ ਵੀ ਕੀਤਾ ਗਿਆ ਹੈ। ਪਾਰਟੀ ਇਸ ਪੱਖੋਂ ਵੀ ਸੁਚੇਤ ਦਿਖਾਈ ਦਿੰਦੀ ਹੈ। ਉਸ ਨੇ ਸੂਬੇ ਵਿਚ ਸਥਾਪਤੀ ਸੰਬੰਧੀ ਰੁਝਾਨ ਨੂੰ ਕਿਸ ਤਰ੍ਹਾਂ ਮੋੜਾ ਦੇਣਾ ਹੈ। ਹਾਲ ਦੀ ਘੜੀ ਸੂਬਾ ਕਾਂਗਰਸ ਦੀ ਲੀਡਰਸ਼ਿਪ ਵਿਚ ਛਿੜੀ ਖਾਨਾਜੰਗੀ ਵੀ ਖ਼ਤਮ ਹੁੰਦੀ ਦਿਖਾਈ ਨਹੀਂ ਦੇ ਰਹੀ। ਲਗਾਤਾਰ ਬਣ ਰਹੀ ਅਜਿਹੀ ਸਥਿਤੀ ਨੇ ਜਿੱਥੇ ਪਾਰਟੀ ਅੰਦਰ ਵੱਡੇ ਬਿਖਰਾਅ ਨੂੰ ਜਨਮ ਦਿੱਤਾ ਹੈ, ਉਥੇ ਇਸ ਦੀ ਚੋਣ ਤਿਆਰੀ ਨੂੰ ਵੀ ਕਮਜ਼ੋਰ ਕੀਤਾ ਹੈ। ਜੇਲ੍ਹ ਵਿਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਨੂੰ ਕਈ ਪਾਸਿਆਂ ਤੋਂ ਮਿਲ ਰਹੇ ਹੁੰਗਾਰੇ ਨੂੰ ਵੀ ਪੰਜਾਬੀਆਂ ਵਲੋਂ ਧਿਆਨ ਨਾਲ ਵੇਖਿਆ ਜਾ ਰਿਹਾ ਹੈ। ਵੇਖਣਾ ਇਹ ਹੋਵੇਗਾ ਕਿ ਆਉਂਦੇ ਮਹੀਨਿਆਂ ਵਿਚ ਸੂਬੇ ਵਿਚਲੀ ਸਿਆਸੀ ਹਲਚਲ ਕਿਹੜੇ ਨਵੇਂ ਪੈਂਤੜਿਆਂ ਅਤੇ ਦਿਸ਼ਾਵਾਂ ਵੱਲ ਮੁੜਦੀ ਹੈ।