ਵਿਸ਼ਵ ਦੇ ਮਹਾਨ ਖਿਡਾਰੀ: ਆਲਰਾਊਂਡਰ ਸਪੋਰਟਸਮੈਨ ਅਜਮੇਰ ਸਿੰਘ

ਪ੍ਰਿੰ. ਸਰਵਣ ਸਿੰਘ
ਡਾ. ਅਜਮੇਰ ਸਿੰਘ ਅਦਭੁੱਤ ਅਥਲੀਟ ਸੀ। ਲੱਖਾਂ `ਚੋਂ ਇੱਕ। ਉਹ ਆਲਰਾਊਂਡਰ ਸਪੋਰਟਸਮੈਨ ਸੀ ਜਿਸ ਨੂੰ ਸਰੀਰਕ ਸਿੱਖਿਆ ਤੇ ਅਥਲੈਟਿਕ ਖੇਡਾਂ ਦਾ ਮਸੀਹਾ ਕਿਹਾ ਜਾਂਦਾ ਸੀ। ਉਸ ਨੇ 1964 ਦੀਆਂ ਓਲੰਪਿਕ ਖੇਡਾਂ ਤੇ 1966 ਦੀਆਂ ਕਾਮਨਵੈੱਲਥ ਖੇਡਾਂ ਵਿਚ ਭਾਗ ਲਿਆ। ਫਿਰ 1966 ਤੇ 1970 ਦੀਆਂ ਏਸ਼ਿਆਈ ਖੇਡਾਂ ਵਿਚੋਂ 1 ਗੋਲਡ ਮੈਡਲ ਤੇ 2 ਸਿਲਵਰ ਮੈਡਲ ਜਿੱਤੇ। ਭਾਰਤ ਦੇ ਰਾਸ਼ਟਰਪਤੀ ਨੇ ਉਸ ਨੂੰ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ। ਉਸ ਨੂੰ ਹੋਰ ਵੀ ਕਈ ਸੰਸਥਾਵਾਂ ਵੱਲੋਂ ਮਾਣ ਸਨਮਾਨ ਮਿਲੇ ਜਿਨ੍ਹਾਂ `ਚ ਆਦਰਸ਼ਕ ਅਧਿਆਪਕ ਹੋਣ ਦਾ ਸਨਮਾਨ ਵੀ ਸ਼ਾਮਲ ਹੈ। ਉਹ ਇਤਿਹਾਸਕ ਪਿੰਡ ਕੁੱਪ-ਰਹੀੜਾਂ ਦਾ ਮਾਣ ਸੀ।

ਉਸ ਨੇ ਰਹੀੜੇ ਦੇ ਸਕੂਲ ਤੋਂ ਪੜ੍ਹਾਈ ਸ਼ੁਰੂ ਕਰ ਕੇ ਮਲੇਰਕੋਟਲੇ ਤੋਂ ਕਾਲਜ ਦੀ ਵਿਦਿਆ ਹਾਸਲ ਕੀਤੀ ਤੇ ਲਕਸ਼ਮੀ ਬਾਈ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਤੋਂ ਸਰੀਰਕ ਸਿੱਖਿਆ ਦੀ ਬੀ.ਪੀ.ਐੱਡ ਕੀਤੀ। ਫਿਰ ਪੰਜਾਬ ਯੂਨੀਵਰਸਿਟੀ ਤੋਂ ਐੱਮ.ਏ. ਪੀਐੱਚ.ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। ਉਹ ਲੈਕਚਰਾਰ, ਪ੍ਰੋਫੈਸਰ, ਮੌਲਾਨਾ ਅਬੁੱਲ ਕਲਾਮ ਚੇਅਰ ਦਾ ਮੁਖੀ, ਪੰਜਾਬ ਯੂਨੀਵਰਸਿਟੀ ਦਾ ਡੀਨ ਤੇ ਸਪੋਰਟਸ ਡਾਇਰੈਕਟਰ ਅਤੇ ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ਼ ਫਿਜ਼ੀਕਲ ਐਜੂਕੇਸ਼ਨ ਯੂਨੀਵਰਸਿਟੀ ਗਵਾਲੀਅਰ ਦਾ ਵਾਈਸ ਚਾਂਸਲਰ ਰਿਹਾ। 1976-79 `ਚ ਉਹ ਸਪੈਸ਼ਲ ਐਜੂਕੇਸ਼ਨ ਅਫਸਰ ਵਜੋਂ ਨਾਈਜੀਰੀਆ ਡੈਪੂਟੇਸ਼ਨ `ਤੇ ਗਿਆ। ਉਥੇ ਉਸ ਨੇ ਓਲੰਪਿਕ ਖੇਡਾਂ ਲਈ ਖਿਡਾਰੀ ਤਿਆਰ ਕੀਤੇ। ਉਹ ਥਿਰੀ ਇਨ ਵਨ ਨਹੀਂ ਫਾਈਵ ਇਨ ਵਨ ਸੀ।
ਉਹਦਾ ਬਚਪਨ ਬੜੀਆਂ ਕਠਨ ਹਾਲਤਾਂ ਵਿਚ ਬੀਤਿਆ। ਉਹ ਹਾੜ੍ਹ ਸਿਆਲ ਨੰਗੇ ਪੈਰੀਂ ਰਹੀੜ ਦੇ ਸਕੂਲ ਪੜ੍ਹਨ ਜਾਂਦਾ। ਸਕੂਲੋਂ ਮੁੜ ਕੇ ਡੰਗਰਾਂ ਨੂੰ ਚਾਰਨ ਤੇ ਨਹਾਉਣ ਲਈ ਲੈ ਤੁਰਦਾ। ਦੌੜ-ਦੌੜ ਕੇ ਮੋੜੇ ਲਾਉਂਦਾ। ਉਦੋਂ ਬਿਜਲੀ ਦਾ ਚਾਨਣ ਉਨ੍ਹਾਂ ਪਿੰਡਾਂ `ਚ ਨਹੀਂ ਸੀ ਪਹੁੰਚਿਆ। ਉਹ ਰਾਤ ਨੂੰ ਦੀਵੇ ਦੀ ਲੋਅ `ਚ ਪੜ੍ਹਦਾ ਤੇ ਤੇਲ਼ ਮੁੱਕਣ ਨਾਲ ਸੌਂ ਜਾਂਦਾ। ਸਵੇਰੇ ਉੱਠ ਕੇ ਘਰੇਲੂ ਕੰਮ ਕਰਦਾ। ਕਿਸਾਨੀ ਘਰਾਂ ਦੇ ਕੰਮ ਕਦੇ ਮੁੱਕਿਆ ਨਹੀਂ ਕਰਦੇ। ਫਿਰ ਸਕੂਲ ਵੱਲ ਭੱਜ ਪੈਂਦਾ। ਆਫਰੀਨ ਉਸ ਦੇ ਕਿ ਇਮਤਿਹਾਨਾਂ ਵਿਚੋਂ ਫਿਰ ਵੀ ਆਪਣੇ ਜਮਾਤੀਆਂ `ਚੋਂ ਸਭ ਤੋਂ ਵੱਧ ਨੰਬਰ ਲੈਂਦਾ।
ਪਹਿਲਾਂ ਉਹ ਕਬੱਡੀ ਖੇਡਣ ਲੱਗਾ ਸੀ ਤੇ ਪਿੰਡ ਪੱਧਰ ਦਾ ਤਕੜਾ ਖਿਡਾਰੀ ਬਣ ਗਿਆ ਸੀ। ਉਹ ਕਬੱਡੀ ਟੂਰਨਾਮੈਂਟਾਂ `ਚ ਜਾਂਦਾ, ਕੱਪ ਜਿੱਤਦਾ, ਬੱਲੇ-ਬੱਲੇ ਕਰਾਉਂਦਾ ਤੇ ਹਸਦਾ ਹਸਾਉਂਦਾ ਆਉਂਦਾ। ਉਦੋਂ ਕੇਵਲ ਕੱਛੇ ਤੇ ਬੁਨੈਣਾਂ ਦੇ ਇਨਾਮ ਮਿਲਦੇ ਪਰ ਲੋਕਾਂ `ਚ ਬੱਲੇ-ਬੱਲੇ ਬਹੁਤ ਹੁੰਦੀ। ਅਖੇ ਕੁੱਪ ਦੇ ਅਜਮੇਰ ਨੇ ਕਮਾਲ ਕਰਤੀ! ਅਥਲੈਟਿਕਸ ਦੇ ਈਵੈਂਟਾਂ ਦਾ ਪਤਾ ਉਸ ਨੂੰ ਮਲੇਰਕੋਟਲੇ ਸਰਕਾਰੀ ਕਾਲਜ ਵਿਚ ਜਾ ਕੇ ਲੱਗਾ। ਉਹ ਤੇ ਸੰਦੌੜ ਦਾ ਲਾਭ ਸਿੰਘ ਕਾਲਜ ਵਿਚ `ਕੱਠੇ ਪੜ੍ਹਦੇ ਸਨ। ਉਥੇ ਦੋਵੇਂ ਦੋਸਤ ਬਣ ਗਏ ਤੇ `ਕੱਠੇ ਪ੍ਰੈਕਟਿਸ ਕਰਨ ਲੱਗੇ। ਅਜਮੇਰ ਦੌੜਨ ਤੇ ਲਾਭ ਛਾਲਾਂ ਲਾਉਣ ਲੱਗ ਪਿਆ।
ਉਦੋਂ ਆਰਥਿਕ ਤੰਗੀ ਏਨੀ ਸੀ ਕਿ ਆਮ ਪੇਂਡੂ ਵਿਦਿਆਰਥੀਆਂ ਨੂੰ ਸਾਈਕਲ ਵੀ ਨਹੀਂ ਸਨ ਜੁੜਦੇ। ਉਸ ਨੂੰ ਸਾਈਕਲ ਕਾਲਜ ਜਾਣ ਵੇਲੇ ਜੁੜਿਆ ਸੀ ਤੇ ਉਹ ਵੀ ਸੈਕੰਡ ਹੈਂਡ। ਕਾਲਜ ਵਿਚ ਉਨ੍ਹਾਂ ਨੂੰ ਖੇਡਾਂ ਤੇ ਸਰੀਰਕ ਸਿੱਖਿਆ ਦਾ ਦੂਰਅੰਦੇਸ਼ ਡੀ.ਪੀ.ਈ. ਮੁਹੰਮਦ ਅਲੀ ਭੱਟੀ ਮਿਲ ਗਿਆ। ਉਸ ਨੇ ਦੋਹਾਂ ਨੂੰ ਖੇਡ ਖੇਤਰ ਦੀ ਕੋਈ ਨੌਕਰੀ ਜੋਗੇ ਕਰਨ ਲਈ ਗਵਾਲੀਅਰ ਦੇ ਸਪੋਰਟਸ ਤੇ ਸਰੀਰਕ ਸਿੱਖਿਆ ਕਾਲਜ ਵਿਚ ਭੇਜ ਦਿੱਤਾ। ਉਥੇ ਦੇਵਤਾ ਸਰੂਪ ਰਹਿਨੁਮਾ ਪ੍ਰੋਫੈਸਰ ਕਰਨ ਸਿੰਘ ਮਿਲ ਗਿਆ ਜਿਸ ਨੇ ਉਨ੍ਹਾਂ ਨੂੰ ਦੌੜਾਂ ਤੇ ਛਾਲਾਂ ਲਾਉਣ ਦੇ ਰਾਹ ਪਾ ਦਿੱਤਾ। ਖੇਡ ਪ੍ਰਤਿਭਾ ਤਾਂ ਦੋਹਾਂ ਨੌਜੁਆਨਾਂ ਵਿਚ ਜਮਾਂਦਰੂ ਸੀ ਜਿਸ ਨੂੰ ਸਾਣ `ਤੇ ਚਾੜ੍ਹਿਆ ਖੇਡਾਂ ਦੇ ਦਰੋਣਾਚਾਰੀਆ ਗੁਰੂ ਡਾ. ਕਰਨ ਸਿੰਘ ਨੇ। ਉਹਦਾ ਦਾ ਪਿਛੋਕੜ ਰਾਜਸਥਾਨ ਦਾ ਸੀ। ਉਹ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ `ਚੋਂ 4+400 ਮੀਟਰ ਰਿਲੇਅ ਦੌੜ ਦਾ ਗੋਲਡ ਮੈਡਲ ਜਿੱਤਿਆ ਹੋਇਆ ਸੀ। ਪੜ੍ਹਿਆ ਲਿਖਿਆ ਵੀ ਖ਼ੂਬ ਸੀ। ਉਹ ਅਜਮੇਰ ਸਿੰਘ ਤੇ ਲਾਭ ਸਿੰਘ ਲਈ ਗੁਰੂ ਲਾਧੋ ਰੇ ਸਿੱਧ ਹੋਇਆ।
1960 ਵਿਚ ਜਦੋਂ ਅਜਮੇਰ ਤੇ ਲਾਭ ਸਿੰਘ ਗਵਾਲੀਅਰ ਪੜ੍ਹਦੇ ਸਨ ਉਦੋਂ ਰੋਮ ਵਿਚ ਓਲੰਪਿਕ ਖੇਡਾਂ ਹੋਈਆਂ। ਉਨ੍ਹਾਂ ਖੇਡਾਂ ਵਿਚ ‘ਫਲਾਈਂਗ ਸਿੱਖ’ ਕਹੇ ਜਾਂਦੇ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ ਦੌੜਨੀ ਸੀ। ਉਹ ਹੀਟਾਂ, ਕੁਆਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲੇ ਜਿੱਤਦਾ ਫਾਈਨਲ ਵਿਚ ਪੁੱਜ ਗਿਆ। ਉਹਦੇ ਤੋਂ ਮੈਡਲ ਜਿੱਤ ਲੈਣ ਦੀ ਪੂਰੀ ਆਸ ਸੀ। ਉਦੋਂ ਓਲੰਪਿਕ ਖੇਡਾਂ ਦੇ ਮੁਕਾਬਲਿਆਂ ਦੀ ਕੁਮੈਂਟਰੀ ਰੇਡੀਓ ਤੋਂ ਸੁਣੀ ਜਾਂਦੀ ਸੀ। ਮਿਲਖਾ ਸਿੰਘ ਦੀ ਦੌੜ ਸ਼ੁਰੂ ਹੋਈ ਤਾਂ ਦੋਹਾਂ ਨੇ ਉਸ ਦੌੜ ਦੀ ਤੇਜ਼-ਤਰਾਰ ਕੁਮੈਂਟਰੀ ਸੁਣੀ। ਉਸ ਦਾ ਦੋਨਾਂ ਹੋਣਹਾਰ ਅਥਲੀਟਾਂ `ਤੇ ਐਸਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ‘ਨਿਸਚੈ ਕਰਿ ਅਪੁਨੀ ਜੀਤ ਕਰੋਂ’ ਦੇ ਗੁਰਵਾਕ ਅਨੁਸਾਰ ਦ੍ਰਿੜ ਇਰਾਦਾ ਕਰ ਲਿਆ ਕਿ ਅਸੀਂ ਵੀ 1964 ਦੀਆਂ ਓਲੰਪਿਕ ਖੇਡਾਂ `ਚ ਟੋਕੀਓ ਜਾਵਾਂਗੇ। ਉਹਦੇ ਲਈ ਉਨ੍ਹਾਂ ਨੇ ਦਿਨ-ਰਾਤ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀਜ਼ ਦੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ। ਉਨ੍ਹੀਂ ਦਿਨੀਂ ਮੈਂ ਵੀ ਯੂਨੀਵਰਸਿਟੀ ਪੱਧਰ ਦਾ ਅਥਲੀਟ ਸਾਂ। ਸਾਡਾ ਤਿੰਨਾਂ ਦਾ ਜਨਮ ਸਾਲ 1940 ਹੋਣ ਕਰਕੇ ਅਸੀਂ ਹਾਣੋ-ਹਾਣੀ ਸਾਂ। ਉਨ੍ਹਾਂ ਨੇ ਜਨਵਰੀ 1963 ਦੀ ਇੰਟਰਵਰਸਿਟੀ ਮੀਟ ਵਿਚ ਜੋ ਜਲਵਾ ਵਿਖਾਇਆ ਉਹਦੀਆਂ ਸੁਰਖੀਆਂ ਦੇਸ਼ ਭਰ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣੀਆਂ। ਦੋਹਾਂ ਨੇ ਇੰਟਰ-ਯੂਨੀਵਰਸਿਟੀ ਦੇ ਨਵੇਂ ਰਿਕਾਰਡ ਕਾਇਮ ਕੀਤੇ।
ਗਵਾਲੀਅਰ `ਚ ਪ੍ਰੋ. ਕਰਨ ਸਿੰਘ ਦੀ ‘ਕਰਨ-ਲੈਬ’ ਐਸੀ ਸੀ ਜਿਸ ਵਿਚ ਦੀ ਢਲ਼ ਕੇ ਦੋਵੇਂ ਹੀਰੇ ਟੋਕੀਓ ਦੀਆਂ ਓਲੰਪਿਕ ਖੇਡਾਂ ਲਈ ਚੁਣੇ ਗਏ। ਓਲੰਪੀਅਨ ਬਣਨ ਲਈ ਦਸ ਸਾਲਾਂ ਦਾ ਪੈਂਡਾ ਉਨ੍ਹਾਂ ਨੇ ਚਹੁੰ ਸਾਲਾਂ `ਚ ਤੈਅ ਕਰ ਲਿਆ। ਅਜਿਹਾ ਬੜਾ ਘੱਟ ਹੁੰਦਾ ਹੈ ਕਿ ਕੋਈ ਅਥਲੀਟ 20 ਸਾਲਾਂ ਦਾ ਹੋ ਕੇ ਦੌੜਨ ਲੱਗੇ ਤੇ 4 ਸਾਲਾਂ `ਚ ਓਲੰਪੀਅਨ ਬਣ ਜਾਵੇ! ਅਜਮੇਰ ਸਿੰਘ ਨੇ 1964 `ਚ ਮਿਲਖਾ ਸਿੰਘ ਹੋਰਾਂ ਨਾਲ ਰਲ ਕੇ ਟੋਕੀਓ ਦੀਆਂ ਓਲੰਪਿਕ ਖੇਡਾਂ `ਚ 4+400 ਮੀਟਰ ਦੀ ਰਿਲੇਅ ਦੌੜ ਲਾਈ। ਉਥੋਂ ਉਹ ਨਵਾਂ ਤਜਰਬਾ ਤੇ ਨਵਾਂ ਉਤਸ਼ਾਹ ਲੈ ਕੇ ਮੁੜਿਆ। ਫਿਰ 1965 ਤੋਂ 1970 ਤਕ ਉਹ 200 ਤੇ 400 ਮੀਟਰ ਦੌੜਾਂ ਦਾ ਨੈਸ਼ਨਲ ਚੈਂਪੀਅਨ ਬਣਦਾ ਰਿਹਾ।
1966 ਵਿਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਉਸ ਨੇ 400 ਮੀਟਰ ਦੀ ਦੌੜ 47.1 ਸੈਕੰਡ `ਚ ਲਾ ਕੇ ਗੋਲਡ ਮੈਡਲ ਜਿੱਤਿਆ। ਨਾਲ ਹੀ 200 ਮੀਟਰ ਦੌੜ 21.5 ਸੈਕੰਡ `ਚ ਲਾ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। 1970 ਦੀਆਂ ਏਸ਼ਿਆਈ ਖੇਡਾਂ ਵਿਚ ਉਹ 4+400 ਮੀਟਰ ਰਿਲੇਅ ਦੌੜ `ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਫਿਰ ਮੈਂਬਰ ਸੀ। ਉਸ ਨੇ ਭਾਰਤੀ ਅਥਲੈਟਿਕ ਟੀਮ ਦੀ ਕਪਤਾਨੀ ਵੀ ਕੀਤੀ ਤੇ ਕੌਮਾਂਤਰੀ ਮੀਟਾਂ ਸਮੇਤ ਕਿੰਗਸਟਨ ਦੀਆਂ ਕਾਮਨਵੈੱਲਥ ਖੇਡਾਂ ਵਿਚ ਵੀ ਭਾਗ ਲਿਆ।
ਉਦੋਂ ਉਹ ਸਰਗਰਮ ਅਥਲੀਟ ਸੀ ਜਦੋਂ ਪੰਜਾਬ ਯੂਨੀਵਰਸਿਟੀ `ਚ ਸਰੀਰਕ ਸਿੱਖਿਆ ਦਾ ਲੈਕਚਰਾਰ ਲੱਗਾ। ਉਹ ਆਪਣੇ ਸਾਥੀਆਂ ਤੇ ਵਿਦਿਆਰਥੀਆਂ ਵਿਚ ਬੜਾ ਹਰਮਨ-ਪਿਆਰਾ ਰਿਹਾ। ਰਵਾਨੀ `ਚ ਬੋਲਦਿਆਂ ਉਹ ਵਾਰ-ਵਾਰ ਕਹਿੰਦਾ, ‘ਸਾਡੇ ਦੇਸ਼ ਦੇ ਖਿਡਾਰੀਆਂ ਵਿਚ ਟੇਲੈਂਟ ਹੈ, ਪੋਟੈਂਸ਼ਲਟੀਜ਼ ਹਨ, ਬੱਸ ਉਨ੍ਹਾਂ ਨੂੰ ਠੀਕ ਤਰ੍ਹਾਂ ਤਿਆਰ ਕਰਨ ਦੀ ਲੋੜ ਹੈ। ਓਲੰਪਿਕ ਖੇਡਾਂ ਦੇ ਮੈਡਲ ਇੰਡੀਆ ਦੀ ਪਹੁੰਚ ਵਿਚ ਹੈ। ਖਿਡਾਰੀ ਹੋਣਾ ਚੰਗੀ ਗੱਲ ਹੈ, ਬਹੁਤ ਚੰਗੀ ਪਰ ਬਦਕਿਸਮਤੀ ਨਾਲ ਸਾਡੇ ਬਹੁਤੇ ਲੋਕ ਖਿਡਾਰੀ ਨੂੰ ਵੀ ਜੁਆਰੀਏ ਵਰਗਾ ਸਮਝਦੇ ਹਨ।’
ਉਹ ਕਰੜੀ ਮੁਸ਼ੱਕਤ ਦਾ ਹਾਮੀ ਸੀ ਤੇ ਕਹਿੰਦਾ ਰਹਿੰਦਾ ਸੀ, ‘ਹਲਕੇ ਅਭਿਆਸ ਨਾਲ ਤਾਂ ਅਸੀਂ ਆਪਣੀ ਮੌਜੂਦਾ ਪ੍ਰਫਾਰਮੈਂਸ ਹੀ ਮੇਨਟੇਨ ਰੱਖ ਸਕਦੇ ਹਾਂ ਉੱਨਤੀ ਨਹੀਂ ਕਰ ਸਕਦੇ। ਪਰ ਕਰੜੇ ਅਭਿਆਸ ਨਾਲ ਉੱਨਤੀ ਕੀਤੀ ਜਾ ਸਕਦੀ ਐ।’ ਉਹ ਖੇਡ ਅਨੁਸ਼ਾਸਨ ਦਾ ਧਾਰਨੀ ਸੀ ਤੇ ਸਰੀਰਕ ਸਿੱਖਿਆ ਦਾ ਅਧਿਆਪਕ ਹੋਣ ਕਰਕੇ ਵਧੇਰੇ ਗੱਲਾਂ ਇਸੇ ਸਿਲਸਿਲੇ `ਚ ਕਰਦਾ ਸੀ। ਉਸ ਵਿਚ ਨਿਮਰਤਾ, ਸਾਦਗੀ, ਪਰਉਪਕਾਰ ਤੇ ਮਿਲਵਰਤਣ ਦੇ ਗੁਣ ਸਨ। ਉਹਦੇ ਜੀਵਨ `ਚ ਅਨੇਕ ਉਤਰਾਅ-ਚੜ੍ਹਾਅ ਆਏ ਤੇ ਗਏ। ਮਿੱਠਾ ਪਿਆਰਾ ਏਨਾ ਸੀ ਕਿ ਉਹਦੇ ਬੋਲਾਂ ਵਿਚ ਸ਼ਹਿਦ ਵਰਗੀ ਮਿਠਾਸ ਸੀ। 1966 `ਚ ਉਲੀਕੇ ਉਹਦੇ ਪਹਿਲੇ ਸ਼ਬਦ ਚਿੱਤਰ ਦਾ ਸਿਰਲੇਖ ਮੈਂ ਇਸੇ ਕਰਕੇ ‘ਸ਼ਹਿਦ ਦਾ ਘੁੱਟ’ ਰੱਖਿਆ ਸੀ ਜੋ ਸਾਹਿਤਕ ਰਸਾਲੇ ‘ਆਰਸੀ’ ਵਿਚ ਛਪਿਆ। ਉਹਦੀ ਤੇ ਲਾਭ ਸਿੰਘ ਦੀ ਐਨੀ ਗੂੜ੍ਹੀ ਆੜੀ ਸੀ ਕਿ ਲੋਕ ਉਨ੍ਹਾਂ ਰੂਪ ਬਸੰਤ ਸਮਝਦੇ ਸਨ।
ਅਜਮੇਰ ਸਿੰਘ ਨੂੰ ਕਿਸ਼ੋਰ ਉਮਰੇ ਦੌੜਾਂ ਦੀ ਸਹੀ ਕੋਚਿੰਗ ਮਿਲ ਜਾਂਦੀ ਤਾਂ ਸੰਭਵ ਸੀ ਉਹ ਹੋਰ ਵੀ ਚੰਗੇਰੇ ਨਤੀਜੇ ਦਿੰਦਾ। ਉਸ ਨੇ ਉਸ ਉਮਰੇ ਦੌੜਨਾ ਸ਼ੁਰੂ ਕੀਤਾ ਸੀ ਜਦੋਂ ਆਮ ਦੌੜਾਕ ਸਿਖਰ ਦੀ ਫਾਰਮ `ਚ ਹੁੰਦੇ ਹਨ। ਖੇਡਾਂ ਉਹਦਾ ਇਸ਼ਟ ਸਨ ਤੇ ਤੇਜ਼-ਤਰਾਰ ਦੌੜਾਂ ਨਾਲ ਉਸ ਨੂੰ ਇਸ਼ਕ ਸੀ। ਜਦੋਂ ਉਹ ਖੇਡਾਂ ਦੀ ਗੱਲ ਕਰਦਾ ਸੀ ਤਾਂ ਏਨਾ ਗੰਭੀਰ ਹੁੰਦਾ ਸੀ ਜਿਵੇਂ ਸਹੁੰ ਚੁੱਕ ਰਿਹਾ ਹੋਵੇ। ਉਹ ਕਿਸੇ ਦੀ ਨਿੰਦਿਆ ਚੁਗਲੀ ਵਿਚ ਨਹੀਂ ਸੀ ਪੈਂਦਾ। ਜੋ ਗੱਲ ਦਿਲ `ਚ ਹੁੰਦੀ ਸੀ ਉਹੀ ਉਹਦੀ ਜ਼ੁਬਾਨ `ਤੇ ਹੁੰਦੀ ਸੀ। ਉਸ ਨੂੰ ਅਨੇਕਾਂ ਸੰਸਥਾਵਾਂ ਨੇ ਮਾਣ-ਸਨਮਾਨ ਬਖਸ਼ੇ ਸਨ ਜਿਨ੍ਹਾਂ ਵਿਚ ਨੈਸ਼ਨਲ ਅਵਾਰਡ, ਅਰਜਨ ਅਵਾਰਡ ਤੇ ਖਾਲਸਾ ਟ੍ਰੀਸੈਂਟਨਰੀ ਅਵਾਰਡ ਸ਼ਾਮਲ ਸਨ।
ਉਸ ਨੇ ਖ਼ੁਦ ਤਕੜਾ ਅਥਲੀਟ ਹੋਣ ਦੇ ਨਾਲ ਨਾਈਜੀਰੀਅਨ ਅਥਲੀਟ ਹੈਲਨ, ਏਨੀ ਤੇ ਕਈ ਹੋਰ ਅਫਰੀਕੀ ਅਥਲੀਟਾਂ ਨੂੰ ਓਲੰਪੀਅਨ ਬਣਨ ਲਈ ਸਿਖਲਾਈ ਦਿੱਤੀ। ਕਮਲਜੀਤ ਕੌਰ ਸੰਧੂ ਨੂੰ ਵੀ ਕੋਚਿੰਗ ਦਿੱਤੀ ਜੋ ਉਹਦੇ ਵਾਂਗ 400 ਮੀਟਰ ਦੌੜ ਵਿਚ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤੀ। ਮੈਨੂੰ ਯਾਦ ਹੈ ਕਿ ਉਸ ਨੇ ਹੀ ਮੇਰੀ ਮੁਲਾਕਾਤ ਬੀਬੀ ਕਮਲਜੀਤ ਸੰਧੂ ਨਾਲ ਕਰਵਾਈ ਸੀ ਤੇ ਮੈਂ ਉਹਦੇ ਬਾਰੇ ‘ਜ਼ੋਰ ਪੰਜਾਬਣ ਦਾ’ ਲੇਖ ਲਿਖਿਆ ਸੀ ਜੋ ‘ਸਚਿੱਤਰ ਕੌਮੀ ਏਕਤਾ’ ਵਿਚ ਛਪਿਆ। ਉਹ ਭਾਰਤ ਭਰ `ਚ ਸਰੀਰਕ ਸਿੱਖਿਆ ਦਾ ਐਸਾ ਵਿਸ਼ੇਸ਼ਗ ਸੀ ਜੋ ਖ਼ੁਦ ਓਲੰਪੀਅਨ, ਏਸ਼ੀਆ ਦਾ ਗੋਲਡ ਮੈਡਲਿਸਟ, ਪੀਐੱਚਡੀ, ਪ੍ਰੋਫੈਸਰ ਤੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ। ਉਹ ਪੰਜਾਬ ਦੀ ਪੇਂਡੂ ਕਿਰਸਾਣੀ `ਚੋਂ ਪੈਦਾ ਹੋਇਆ ਆਦਰਸ਼ਕ ਇਨਸਾਨ ਸੀ।
ਜਦੋਂ ਉਹ ਖੇਡਾਂ ਦੀ ਗੱਲ ਕਰਦਾ ਸੀ ਤਾਂ ਏਨਾ ਗੰਭੀਰ ਹੁੰਦਾ ਸੀ ਜਿਵੇਂ ਸਹੁੰ ਚੁੱਕ ਰਿਹਾ ਹੋਵੇ। ਖੇਡਾਂ ਉਹਦਾ ਇਸ਼ਟ ਸਨ ਤੇ ਦੌੜਾਂ ਉਹਦਾ ਇਸ਼ਕ। ਪੂਰੀ ਚੜ੍ਹਤ ਸਮੇਂ ਉਹਦੇ ਜੁੱਸੇ `ਚ ਚੀਤੇ ਵਰਗੀ ਫੁਰਤੀ ਸੀ ਤੇ ਸ਼ੇਰ ਵਰਗਾ ਦਿਲ। ਕਿਸੇ ਦੀ ਨਿੰਦਿਆ ਚੁਗਲੀ ਕਰਨ ਨੂੰ ਉਹ ਸਮੇਂ ਦੀ ਬਰਬਾਦੀ ਸਮਝਦਾ ਸੀ। ਜਦੋਂ ਕਦੇ ਕੋਚਿੰਗ ਕੈਂਪਾਂ `ਚ ਵਿਹਲੇ ਵੇਲੇ ਨਿੰਦ ਸਭਾ ਲਗਦੀ ਤਾਂ ਉਹ ਟਾਲ਼ਾ ਵੱਟ ਜਾਂਦਾ ਤੇ ਗੱਲਾਂ ਦਾ ਵਿਸ਼ਾ ਬਦਲਦਾ ਕਹਿ ਜਾਂਦਾ, ‘ਥੋਨੂੰ ਪਤਾ ਲੱਗਿਆ ਕੁਸ? ਵਲੇਰੀ ਬਰੂਮਲ ਨੇ ਉੱਚੀ ਛਾਲ ਦਾ ਰਿਕਾਰਡ ਤੋੜਤਾ ਤੇ ਯੂਰੀ ਵਲਾਸੋਵ ਨੇ ਦੋ ਕੁਇੰਟਲ ਤੋਂ ਵੱਧ ਭਾਰ ਦਾ ਬਾਲਾ ਕੱਢ ਦਿੱਤਾ…।’
ਅਜਮੇਰ ਸਿੰਘ ਦਾ ਜਨਮ 1 ਫਰਵਰੀ 1940 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁੱਪ ਕਲਾਂ ਵਿਚ ਸਾਧਾਰਨ ਕਿਸਾਨ ਕਰਤਾਰ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ ਸੀ। ਉਹ ਅਜੇ ਦੁੱਧ ਚੁੰਘਦਾ ਬੱਚਾ ਸੀ ਕਿ ਮਾਂ ਦੀ ਮ੍ਰਿਤੂ ਹੋ ਗਈ। ਮਾਂ ਦਾ ਵਿਗੋਚਾ ਉਸ ਨੂੰ ਸਾਰੀ ਉਮਰ ਸਤਾਉਂਦਾ ਰਿਹਾ। ਉਸ ਨੂੰ ਬੇਹੱਦ ਸਖ਼ਤ ਮਿਹਨਤ ਕਰਨੀ ਪਈ ਜਿਸ ਦਾ ਬਾਅਦ ਵਿਚ ਯਥਾਜੋਗ ਅਵਾਰਡ ਵੀ ਮਿਲਦਾ ਰਿਹਾ। ਗਵਾਲੀਅਰ ਤੇ ਚੰਡੀਗੜ੍ਹ ਉਹਦੇ ਸਿੱਖਿਆ ਸਥਾਨ ਸਨ ਜਿਥੇ ਉਹ ਪ੍ਰੋਫੈਸਰ, ਡੀਨ ਤੇ ਡਾਇਰੈਕਟਰ ਰਿਹਾ। ਉਸ ਨੇ ਖ਼ੁਦ ਪੀਐੱਚ.ਡੀ. ਕਰ ਕੇ ਆਪਣੇ ਕਈ ਵਿਦਿਆਰਥੀਆਂ ਨੂੰ ਐੱਮ.ਫਿੱਲ ਤੇ ਪੀਐੱਚਡੀ ਕਰਵਾਈ। ਅਨੇਕ ਖੋਜ ਪੱਤਰ ਲਿਖੇ, ਵਿਸ਼ੇਸ਼ ਲੈਕਚਰ ਦਿੱਤੇ ਤੇ ਦੇਸ਼ ਵਿਦੇਸ਼ ਦੇ ਸੈਮੀਨਾਰਾਂ ਵਿਚ ਭਾਗ ਲਿਆ।
2010 ਵਿਚ ਉਸ ਨੇ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਕੋਲਕਾਤਾ ਦੇ ਸੈਮੀਨਾਰ `ਚ ਭਾਗ ਲੈਣ ਜਾਣਾ ਸੀ। ਟਿਕਟਾਂ ਲੈ ਲਈਆਂ ਸਨ ਪਰ ਕੁਦਰਤ ਦਾ ਭਾਣਾ ਅਜਿਹਾ ਵਰਤਿਆ ਕਿ ਸ਼ਾਤੀ ਨਿਕੇਤਨ ਦੀ ਥਾਂ ਐਸੇ ਸ਼ਾਂਤੀ ਸਥਾਨ ਚਲਾ ਗਿਆ ਜਿਥੋਂ ਕੋਈ ਵਾਪਸ ਨਹੀਂ ਆਉਂਦਾ। ਕਿਸੇ ਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ ਕਿ ਰੋਜ਼ ਚੰਗਾ ਭਲਾ ਉੱਠਦਾ, ਕਸਰਤਾਂ ਕਰਦਾ, ਹੱਸਦਾ ਖੇਡਦਾ, ਪੜ੍ਹਦਾ ਲਿਖਦਾ ਤੇ ਤੁਰਦਾ ਫਿਰਦਾ ਉਹ 26 ਜਨਵਰੀ 2010 ਨੂੰ 70 ਸਾਲਾਂ ਦੀ ਉਮਰੇ ਸਦੀਵੀ ਵਿਛੋੜਾ ਦੇ ਜਾਵੇਗਾ। ਪਿਸ਼ਾਬ ਦੀ ਤਕਲੀਫ਼ ਹੋਣ `ਤੇ ਉਹਦਾ ਪੋਤਾ ਉਸ ਨੂੰ ਡਾਕਟਰ ਕੋਲ ਗਿਆ ਸੀ। ਉਥੇ ਹੀ ਉਸ ਨੂੰ ਦਿਲ ਦਾ ਜਾਨਲੇਵਾ ਦੌਰਾ ਪੈ ਗਿਆ। ਉਹ ਪਲਾਂ `ਚ ਪਤਨੀ ਜਸਵੰਤ ਕੌਰ, ਪੁੱਤਰ ਸਵਰਨਜੀਤ ਤੇ ਅਮਰਪ੍ਰੀਤ, ਪੋਤੇ ਪੋਤੀਆਂ ਅਤੇ ਸ਼ਾਗਿਰਦਾਂ ਤੇ ਦੋਸਤਾਂ-ਮਿੱਤਰਾਂ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ।
ਡਾ. ਅਜਮੇਰ ਸਿੰਘ ਨੇ 2008 ਵਿਚ ਆਪਣਾ ਸਰੀਰ ਮੈਡੀਕਲ ਖੋਜ ਲਈ ਦਾਨ ਕਰ ਦਿੱਤਾ ਸੀ। ਉਹ ਭਾਰਤ ਦਾ ਪਹਿਲਾ ਪੀਐੱਚ.ਡੀ. ਓਲੰਪੀਅਨ ਹੈ ਜੀਹਨੇ ਆਪਣਾ ਸਰੀਰ ਮਾਨਵ ਕਲਿਆਣ ਲਈ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕੀਤਾ। ਉਹਨੀਂ ਦਿਨੀਂ ਮੈਂ ਕੈਨੇਡਾ ਤੋਂ ਪੰਜਾਬ ਆਇਆ ਹੋਇਆ ਸਾਂ। ਬ੍ਰਿਗੇਡੀਅਰ ਲਾਭ ਸਿੰਘ ਦਾ ਫੋਨ ਆਇਆ ਕਿ ਆਪਣਾ ਦੋਸਤ ਅਚਾਨਕ ਚਲਾਣਾ ਕਰ ਗਿਆ। ਅੰਤਮ ਦਰਸ਼ਨ ਕਰਨ ਤੇ ਅੰਤਮ ਅਰਦਾਸ ਸਮੇਂ ਮੈਂ ਸ਼ਰਧਾਂਜਲੀ ਦੇਣ ਲਈ ਜ਼ਰੂਰ ਪਹੁੰਚਾਂ। 31 ਜਨਵਰੀ 2010 ਨੂੰ ਪੁਸਪਕ ਕੰਪਲੈਕਸ ਮੁਹਾਲੀ ਦੇ ਹਾਲ ਵਿਚ ਉਸ ਦੀ ਦੇਹ ਦੇ ਅੰਤਮ ਦਰਸ਼ਨ ਕਰਵਾਏ ਗਏ। ਸੈਂਕੜੇ ਸ਼ਰਧਾਲੂਆਂ ਨੇ ਉਸ ਨੂੰ ਇੰਡੀਆ ਦੇ ਕੱਲਰ ਵਾਲਾ ਕੋਟ ਪਾਈ, ਟਾਈ ਲਾਈ, ਅਸਮਾਨੀ ਪੱਗ ਬੰਨ੍ਹੀਂ, ਸਦੀਵੀ ਨੀਂਦ ਸੁੱਤਾ ਪਿਆ ਵੇਖਿਆ। ਆਸੇ-ਪਾਸੇ ਉਹਦੇ ਵਿਦਿਆਰਥੀ ਤੇ ਸਹਿਕਰਮੀ ਅੱਖਾਂ ਭਰੀ ਬੈਠੇ ਸਨ।
ਕੌਮੀ ਖੇਡ ਸੰਸਥਾ ਪਟਿਆਲੇ ਦੇ ਕੋਚ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਖੇਡ ਡਾਇਰੈਕਟਰ, ਵਾਈਸ ਚਾਂਸਲਰ, ਰਾਸ਼ਟਰਮੰਡਲ ਖੇਡਾਂ ਦੀ ਕਮੇਟੀ ਦੇ ਜਾਇੰਟ ਡਾਇਰੈਕਟਰ, ਗਵਾਲੀਅਰ ਤੇ ਬਨਾਰਸ ਯੂਨੀਵਰਸਿਟੀ ਦੇ ਨੁਮਾਇੰਦੇ, ਸਾਥੀ ਖਿਡਾਰੀ, ਕੁੱਪ ਕਲਾਂ ਦੇ ਪੇਂਡੂ ਭਰਾ ਅਤੇ ਅਨੇਕ ਖੇਡ ਪ੍ਰੇਮੀਆਂ ਨੇ ਅਜਮੇਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਤੇ ਏਸ਼ੀਆ ਦੇ ਚੈਂਪੀਅਨ ਨੂੰ ਜਾਂਦੀ ਵਾਰ ਦਾ ਪ੍ਰਣਾਮ ਕੀਤਾ। ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਪੰਜਾਬ ਦੇ ਜੰਮੇ ਜਾਏ ਮਹਾਨ ਖਿਡਾਰੀ ਤੇ ਸਕਾਲਰ ਨੂੰ ਪ੍ਰਣਾਮ ਕਰਨ ਨਾ ਪਹੁੰਚ ਸਕਿਅ। ਉਹਦੇ ਸਾਕ-ਸੰਬੰਧੀਆਂ, ਦੋਸਤਾਂ ਮਿੱਤਰਾਂ, ਵਿਦਿਆਰਥੀਆਂ, ਖਿਡਾਰੀਆਂ, ਕੋਚਾਂ ਤੇ ਖੇਡ ਪ੍ਰਬੰਧਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਥੋਂ ਹੀ ਉਹਦਾ ਮ੍ਰਿਤਕ ਸਰੀਰ ਪੀ.ਜੀ.ਆਈ. ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਮੈਂ ਉਹਦੇ ਜੀਵਨ ਬਾਰੇ ਕੁਝ ਸ਼ਬਦ ਦਰਸ਼ਨ ਅਭਿਲਾਸ਼ੀਆਂ ਨਾਲ ਸਾਂਝੇ ਕੀਤੇ। ਕਿਹਾ ਕਿ ਇਓਂ ਲੱਗਦੈ ਜਿਵੇਂ ਸਾਡਾ ਪਿਆਰਾ ਅਜਮੇਰ ਦੌੜਾਂ ਲਾ ਕੇ ਥੱਕ ਗਿਆ ਹੋਵੇ ਤੇ ਹੁਣ ਸਦੀਵੀ ਅਰਾਮ ਕਰ ਰਿਹਾ ਹੋਵੇ।
7 ਫਰਵਰੀ 2010 ਨੂੰ ਮ੍ਰਿਤਕ ਦੀ ਆਤਮਾ ਨਮਿੱਤ ਕੁੱਪ ਕਲਾਂ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਘਲੂਘਾਰੇ ਦੇ ਇਤਿਹਾਸਕ ਗੁਰਦਵਾਰੇ ਵਿਚ ਅਜਮੇਰ ਸਿੰਘ ਲਈ ਅੰਤਿਮ ਅਰਦਾਸ ਕੀਤੀ ਗਈ ਤੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਭਾਰਤ ਸਰਕਾਰ ਵਿਚ ਖੇਡ ਮੰਤਰੀ ਰਹੇ ਸ. ਸੁਖਦੇਵ ਸਿੰਘ ਢੀਂਡਸਾ ਨੇ ਸ਼ਰਧਾਂਜਲੀ ਦਿੰਦਿਆਂ ਐਲਾਨ ਕੀਤਾ ਕਿ ਅਜਮੇਰ ਸਿੰਘ ਦੀ ਯਾਦ ਵਿਚ ਸੰਗਰੂਰ ਵਿਖੇ ਸਟੇਡੀਅਮ ਬਣਾਇਆ ਜਾਵੇਗਾ ਜੋ ਹਾਲੇ ਤਕ ਨਹੀਂ ਬਣਿਆ। ਵੇਖਦੇ ਹਾਂ ਉਹ ਸਟੇਡੀਅਮ ਕਦੋਂ ਬਣਦਾ ਹੈ?