ਸੁਤੰਤਰਤਾ ਦਿਵਸ ਦੀਆਂ ਰੰਗੀਨੀਆਂ

ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਇਨ੍ਹਾਂ ਦਿਨਾਂ ਵਿਚ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਹਥਿਆਰਬੰਦ ਨਕਸਲਵਾਦ ਦੇ ਖਾਤਮੇ ਦਾ ਦਾਅਵਾ ਕਰਦਿਆਂ ‘ਦਿਮਾਗੀ ਨਕਸਲਵਾਦ’ ਪ੍ਰਤੀ ਬੇਲੋੜੀ ਚਿੰਤਾ ਪ੍ਰਗਟਾ ਰਿਹਾ ਸੀ ਤਾਂ ਸਵਰਗਵਾਸੀ ਪੱਤਰਕਾਰ ਕੁਲਦੀਪ ਨਈਅਰ ਵਲੋਂ 30 ਵਰ੍ਹੇ, ਪਹਿਲਾਂ ਸਥਾਪਤ ਕੀਤੇ ਹਿੰਦ-ਪਾਕਿ ਦੋਸਤੀ ਸੰਮੇਲਨ ਵਾਲੇ ਅਟਾਰੀ ਬਾਰਡਰ ਉੱਤੇ ਮੋਮਬੱਤੀਆਂ ਦੀ ਲੋਅ ਵਿਚ ਹੇਠ ਲਿਖਿਆ ਐਲਾਨਨਾਮਾ ਸਰਹੱਦ ਉੱਤੇ ਹਾਜ਼ਰ ਸਰੋਤਿਆਂ ਨਾਲ ਸਾਂਝਾ ਕਰ ਰਹੇ ਸਨ:

ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਆਪਸੀ ਸੰਬੰਧਾਂ ਦੀ ਅਜੋਕੀ ਸਥਿਤੀ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਅਸੀਂ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਸੀ ਸੰਬੰਧ ਸੁਧਾਰਨ ਅਤੇ ਵਿਵਾਦ ਵਾਲੇ ਸਾਰੇ ਮਸਲਿਆਂ ਦੇ ਹੱਲ ਲਈ ਤੁਰੰਤ ਗੱਲਬਾਤ ਆਰੰਭ ਕਰਨ| ਆਪਸੀ ਤਣਾਅ ਵਧਾ ਕੇ ਇਸ ਖਿੱਤੇ ਨੂੰ ਇੱਕ ਹੋਰ ਲੰਮੀ ਜੰਗ ਵੱਲ ਧੱਕਣ ਤੋਂ ਸੰਕੋਚ ਕੀਤਾ ਜਾਵੇ| ਇਸ ਦੇ ਨਾਲ ਹੀ ਅਸੀਂ ਪਾਕਿਸਤਾਨ ਦੀ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਉਹ ਕਿਸੇ ਵੀ ਰੂਪ ਵਿਚ ਭਾਰਤ ਵਿਰੋਧੀ ਦਹਿਸ਼ਤਗਰਦ ਤਨਜੀਮਾਂ ਦੀ ਮਦਦ ਨਾ ਕਰੇ, ਪਾਕਿਸਤਾਨ ਦੀ, ਧਰਤੀ ਦੀ ਵਰਤੋਂ ਕਰਕੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਭਾਰਤ ਨੂੰ ਤਸਕਰੀ ਕਰਨ ਵਾਲੇ ਅਨਸਰਾਂ ’ਤੇ ਸਖਤੀ ਨਾਲ ਰੋਕ ਲਾਈ ਜਾਵੇ|
‘ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਇਹ ਵੀ ਮੰਗ ਕੀਤੀ ਕਿ ਅਟਾਰੀ ਤੇ ਵਾਹਗਾ ਦੀ ਸਰਹੱਦ ਨੂੰ ਵਪਾਰ ਅਤੇ ਲੋਕਾਂ ਦੀ ਆਵਾਜਾਈ ਲਈ ਮੁੜ ਖੋਲਿ੍ਹਆ ਜਾਵੇ| ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਲੋਕ ਇੱਕ ਜਾਂ ਦੂਜੇ ਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ੇ ਦੇਣ ਦਾ ਸਿਲਸਿਲਾ ਮੁੜ ਆਰੰਭ ਕੀਤਾ ਜਾਵੇ| ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਸਿੱਖ ਸ਼ਰਧਾਲੂਆਂ ਲਈ ਮੁੜ ਖੋਲਿ੍ਹਆ ਜਾਵੇ ਤਾਂ ਕਿ ਉਹ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ|
‘ਭਾਰਤ ਤੇ ਪਾਕਿਸਤਾਨ ਦੇ 80ਵੇਂ ਆਜ਼ਾਦੀ ਦਿਵਸ ਨੂੰ ਮੁੱਖ ਰੱਖ ਕੇ ਅਗਲੇ ਆਜ਼ਾਦੀ ਦਿਵਸ ਤੱਕ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਲਈ ਅਸਾਨ ਵੀਜ਼ਾ ਨੀਤੀ ਸ਼ੁਰੂ ਕੀਤੀ ਜਾਵੇ, ਜਿਨ੍ਹਾਂ ਨੂੰ 1947 ਵਿਚ ਸਹਹੱਦਾਂ ਦੇ ਆਰ-ਪਾਰ ਹਿਜ਼ਰਤ ਕਰਨੀ ਪਈ ਸੀ, ਤਾਂ ਜੋ ਉਹ ਆਪਣੇ ਜਾਂ ਆਪਣੇ ਬਜ਼ੁਰਗਾਂ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਦੇਖ ਸਕਣ| ਇਸ ਨਾਲ ਆਪਸੀ ਸੰਬੰਧ ਸੁਧਾਰਨ ਵਿਚ ਵੱਡੀ ਮਦਦ ਮਿਲ ਸਕਦੀ ਹੈ|’
ਜਿੱਥੇ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਮੀਡੀਆ ਨੇ ਲਗਾਤਾਰ 13ਵੀਂ ਵਾਰ ਦਾ ਸੰਬੋਧਨ ਗਰਦਾਨ ਕੇ ਉਭਾਰਿਆ ਉੱਥੇ ਹਿੰਦ-ਪਾਕਿ ਦੋਸਤੀ ਸੈਮੀਨਾਰ ਵਿਚ ਪੇਸ਼ ਹੋਈਆਂ ਮੰਗਾਂ ਨੂੰ ਅਜੀਤ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਜਨਰਲ ਸਕੱਤਰ ਹਿੰਦ-ਪਾਕਿ ਦੋਸਤੀ ਨੇ ਮੇਰੇ ਨਾਲ ਖੁਦ ਸਾਂਝਿਆਂ ਕੀਤਾ| ਮੈਂ ਚਾਹੁੰਦਾ ਹਾਂ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਨੂੰ ਬੂਰ ਨਹੀਂ ਪੈ ਜਾਂਦਾ ਇਹ ਸਿਲਸਲਾ ਜਾਰੀ ਰਹੇ|
ਹਿੰਦ-ਪਾਕਿ ਦੋਸਤੀ ਤੋਂ ਬਿਨਾ ਮੇਰੇ ਨਿੱਜ ਨੂੰ ਹੁਲਾਸ ਦੇਣ ਵਾਲੀਆਂ ਦੋ ਖਬਰਾਂ ਵੀ ਮਿਲੀਆਂ| ਪਹਿਲੀ ਇਹ ਕਿ ਮੇਰੇ ਧਰਮ ਦੇ ਪੁੱਤਰ ਪ੍ਰੋ. ਅਮਾਨਤ ਗਿੱਲ ਲਾਹੌਰ ਨੇ ਡੇਲੀ ਮਨੋਟ ਟਾਈਮਜ਼ ਰਾਹੀਂ ਮੇਰੇ ਨਾਲ ਆਪਣੇ ਸਬੰਧਾਂ ਨੂੰ ਮਾਨਵਤਾ ਦੇ ਪੁਲ ਕਹਿ ਕੇ ਉਮੀਦ ਜਤਾਈ ਹੈਹੈ ਕਿ ਸਾਡੇ ਵਰਗੇ ਸਬੰਧ ਉਨ੍ਹਾਂ ਲੋਕਾਂ ਲਈ ਨਵਾਂ ਚਾਨਣ ਬਣ ਸਕਦੇ ਹਨ ਜਿਹੜੇ ਅੱਠ ਦਹਾਕਿਆਂ ਤੋਂ ਹਨੇਰਾ ਜਾਗਦੇ ਆਏ ਹਨ, ਉਸਨੇ ਇਹ ਆਸ ਪ੍ਰਗਟ ਕੀਤੀ ਹੈ ਕਿ ਉਹ ਆਪਣੇ ਧਰਮ ਪਿਤਾ ਦੇ ਚਰਨਾਂ ਵਿਚ ਬਹਿ ਕੇ ਹਿੰਦੁਸਤਾਨ ਤੋਂ ਪਾਕਿਸਤਾਨ ਦੀਆਂ ਸਰਕਾਰਾਂ ਦਾ ਸ਼ੁਕਰਨਾ ਅਦਾ ਕਰ ਸਕੇਗਾ| ਉਸਨੂੰ ਆਸ ਹੈ ਕਿ ਉਹ ਲਮਹਾ ਸਿੱਖ-ਮੁਸਲਿਮ ਦੋਸਤੀ ਦਾ ਮਾਨਣ ਯੋਗ ਕਾਂਡ ਬਣੇਗਾ| ਜਿਸਨੂੰ ਮਾਨਵਤਾ ਦਾ ਹੜ੍ਹ ਵੀ ਕਿਹਾ ਜਾ ਸਕਦਾ ਹੈ|
ਮੇਰੇ ਨਿੱਜ ਲਈ ਇਹ ਖ਼ਬਰ ਵੀ ਤਸੱਲੀ ਵਾਲੀ ਹੈ ਕਿ ਸੁਤੰਤਰਤਾ ਦਿਵਸ ਦੇ ਸਬੰਧ ਵਿਚ ਕੈਨੇਡਾ ਤੋਂ ਛਪਦੇ ਰਸਾਲੇ ‘ਇੰਡੋ ਕੈਨੇਡੀਅਨ ਟਾਈਮਜ਼’ ਨੇ ਮੇਰੀ 1978 ਵਿਚ ਲਿਖੀ ਕਹਾਣੀ ‘ਅਮਰ ਕਥਾ’ ਛਾਪ ਕੇ ਆਪਣੇ ਪਾਠਕਾਂ ਨਾਲ ਦੇਸ਼ ਵੰਡ ਦੇ ਦੁਖੜੇ ਸਾਂਝੇ ਕੀਤੇ ਹਨ| ਇਹ ਖ਼ਬਰ ਮੈਨੂੰ ਕੈਨੇਡਾ ਵਸਦੀ ਭੈਣ ਹਰਭਜਨ ਕੌਰ ਢਿੱਲੋਂ ਨੇ ਦਿੱਤੀ| ਉਹ ਜਾਣਦੀ ਹੈ ਕਿ ਜਿਸ ਪੁਸਤਕ ਵਿਚ ਮੇਰੀ ਇਹ ਕਹਾਣੀ ਛਪੀ ਸੀ, ਉਹ 1982 ਵਿਚ ਕੇਂਦਰੀ ਸਾਹਿਤ ਅਕੈਡਮੀ ਵਲੋਂ ਉੱਚਤਮ ਗਰਦਾਨੀ ਗਈ ਸੀ| ਬਿਜਲਈ ਮੀਡੀਆ ਜ਼ਿੰਦਾਬਾਦ!
ਅੰਤਿਕਾ
—ਸ਼ਰੀਫ ਕੁੰਜਾਹੀ—
ਪਏ ਨੇ ਤੇ ਕੇਹੀਆਂ ਪਈਆਂ ਗੰਢਾਂ|
ਨੌਹਾਂ ਨਾਲੋਂ ਮਾਸ ਨਿਖੇੜਿਆ ਕਰ ਕਰ ਆਡੀਆਂ ਵੰਡਾਂ|
ਖ਼ੈਰੀਂ ਮਿਹਰੀ ਵਸਦੇ ਰਸਦੇ ਪਤਾ ਨਹੀਂ ਕੀ ਵਰਤੀ|
ਲਹੂਓ ਲਹੂ ਦਿਨਾਂ ਵਿਚ ਹੋ ਗਈ ਫੁੱਲਾਂ ਵਰਗੀ ਧਰਤੀ|
ਭਾਈਆਂ ਨਾਲੋਂ ਭਾਈ ਓੜਕ ਵੱਖਰੇ ਹੁੰਦੇ ਆਏ|
ਇਹ ਕੋਈ ਏਡੀ ਗੱਲ ਨਹੀਂ ਸੀ ਜਿਸ ਸਿਆਪੇ ਪਾਏ|
ਸ਼ਾਹ ਫ਼ਰੀਦ ਹੋਰਾਂ ਦੇ ਵਰਗੇ ਜਿਸ ਧਰਤੀ ’ਤੇ ਵੱਸੇ|
ਨਾਨਕ, ਸੰਤ ਕਬੀਰ ਨੇ ਜਿੱਥੇ ਰਾਹ ਮਿਲਾਪੜੇ ਦੱਸੇ|
ਓਥੇ ਲੂਤੀ ਲਾਣ ਵਾਲਿਆਂ ਇੰਜ ਅੱਜ ਲੂਤੀ ਲਾਈ|
ਤਾਣੇ ਪੇਟੇ ਵਾਲੀਆਂ ਤੰਦਾਂ ਤੂੰ-ਤੂੰ ਨਵੀਂ ਸੁਣਾਈ|
ਆਪਣੇ ਹੱਥੀਂ ਆਪਣੇ ਮੂੰਹ ’ਤੇ ਮਾਰਨ ਲੱਗ ਪਏ ਚੰਡਾਂ|
ਭਾਈ ਭਾਈਆਂ ਨਾਲੋਂ ਰੁੱਸੇ ਨੰਗੀਆਂ ਹੋਈਆਂ ਕੰਡਾਂ|