ਜਗਦੀਸ਼ਵਰ ਚਤੁਰਵੇਦੀ
ਅਨੁਵਾਦ: ਐੱਮ.ਐੱਸ.ਭਾਟੀਆ
ਭਾਰਤ ਦਾ ਫਾਸ਼ੀਵਾਦ ਇਟਲੀ ਅਤੇ ਜਰਮਨੀ ਦੇ ਫਾਸ਼ੀਵਾਦ ਨਾਲੋਂ ਵੱਖਰਾ ਹੈ। ਭਾਰਤੀ ਫਾਸ਼ੀਵਾਦ ਦਾ ਧੁਰਾ ਧਾਰਮਿਕਤਾ, ਮੁਸਲਿਮ-ਵਿਰੋਧੀ ਨਫ਼ਰਤ, ਹਿੰਸਾ ਅਤੇ ਗਰੀਬੀ ਹੈ।
ਮੋਦੀ ਜੀ ਦਾ ਫਾਸ਼ੀਵਾਦ ਸਿੱਧੇ ਤੌਰ ‘ਤੇ ਅਮਰੀਕੀ ਲਿਬਰਲ ਫਾਸ਼ੀਵਾਦ ਦੀ ਫੋਟੋ ਕਾਪੀ ਹੈ।
ਫਾਸ਼ੀਵਾਦ ਦਾ ਅਰਥ ਹੈ— ਜਦੋਂ ਰਾਜ ਪ੍ਰਸ਼ਾਸਨ ਨੂੰ ਕਾਰਪੋਰੇਟ ਘਰਾਣੇ ਆਪਣੇ ਹੱਥਾਂ ਵਿਚ ਲੈ ਲੈਣ।
ਮੋਦੀ ਨੇ ਫਾਸ਼ੀਵਾਦ ਨੂੰ ਇੱਕ ਨਵਾਂ ਰੂਪ ਦਿੱਤਾ ਹੈ। ਉਨ੍ਹਾਂ ਨੇ ਹਿੰਦੂਤਵ ਨੂੰ ਸਭ ਤੋਂ ਉੱਪਰ ਥਾਂ ਦਿੱਤੀ ਹੈ ਅਤੇ ਦੇਸ਼-ਬਦੇਸ਼ ਦੀਆਂ ਘਟਨਾਵਾਂ ਨੂੰ ਹਿੰਦੂਤਵ ਦੇ ਚੌਖਟੇ ਵਿਚ ਪੇਸ਼ ਕੀਤਾ ਹੈ। ਹਿੰਦੂ ਮਿਥਕਾਂ ਅਤੇ ਮਿਥਕੀ ਪਾਤਰਾਂ ਨੂੰ ਆਮ ਪ੍ਰਗਟਾਵੇ ਦਾ ਸਾਧਨ ਬਣਾਇਆ ਗਿਆ ਹੈ। ਹਿੰਦੂ ਨੈਤਿਕਤਾ ਨੂੰ ਸਰਵੋਤਮ ਨੈਤਿਕਤਾ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ਕਾਰਨ ਦੇਸ਼ ਵਿਚ ਹਿੰਦੂਤਵ ਦਾ ਮਾਹੌਲ ਹੋਰ ਗੂੜ੍ਹਾ ਹੋਇਆ ਹੈ।
ਦੂਜਾ ਵੱਡਾ ਬਦਲਾਅ ਇਹ ਕੀਤਾ ਗਿਆ ਹੈ ਕਿ ਸਰਜੀਕਲ ਸਟ੍ਰਾਈਕ ਅਤੇ ਯੁੱਧ ਵਰਗੇ ਸ਼ਬਦ-ਜੋੜਾਂ ਨੂੰ ਹਿੰਦੂਤਵ ਦੀ ਨੈਤਿਕਤਾ ਨਾਲ ਜੋੜ ਦਿੱਤਾ ਗਿਆ ਹੈ। ਹੁਣ ਹਰ ਚੀਜ਼ ਦੇ ਖ਼ਿਲਾਫ਼ ਮੋਦੀ ਜੀ ਸਰਜੀਕਲ ਸਟ੍ਰਾਈਕ ਕਰ ਰਹੇ ਹਨ, ਯੁੱਧ ਕਰ ਰਹੇ ਹਨ ਜਾਂ ਅਪ੍ਰੇਸ਼ਨ ਸਿੰਧੂਰ ਚਲਾ ਰਹੇ ਹਨ।
ਮਿਸਾਲ ਵਜੋਂ-ਕਾਲੇ ਧਨ ਦੇ ਖ਼ਿਲਾਫ਼ ਸਰਜੀਕਲ ਸਟ੍ਰਾਈਕ, ਗੰਦਗੀ ਦੇ ਖ਼ਿਲਾਫ਼ ਯੁੱਧ, ਗਰੀਬੀ ਦੇ ਖ਼ਿਲਾਫ਼ ਯੁੱਧ, ਕਰੋਨਾ ਦੇ ਖ਼ਿਲਾਫ਼ ਯੁੱਧ, ਜੰਤਰ-ਮੰਤਰ ਅੰਦੋਲਨ ਅਤੇ ਦਿਮਾਗੀ ਨਕਸਲ ਆਦਿ ਦੇ ਖ਼ਿਲਾਫ਼ ਸਰਜੀਕਲ ਸਟ੍ਰਾਈਕ। ਕਾਰਪੋਰੇਟ ਮੀਡੀਆ ਸੱਤਾ-ਤੰਤਰ ਦੇ ਪ੍ਰਚਾਰ ਦੇ ਰੂਪ ਵਿਚ ਇਹ ਸਭ ਕੁਝ ਲਗਾਤਾਰ ਸਾਡੇ ਜ਼ਿਹਨ ਵਿਚ ਉਤਾਰ ਰਿਹਾ ਹੈ।
ਸਰਜੀਕਲ ਸਟ੍ਰਾਈਕ ਜਾਂ ਯੁੱਧ ਦੇ ਨਾਂਅ ‘ਤੇ ਹਰ ਕਿਸਮ ਦੇ ਵਿਚਾਰਧਾਰਕ ਮੱਤਭੇਦਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਵਿਚਾਰਧਾਰਕ ਮੱਤਭੇਦ ਵਿਚ ਨਾ ਲਿਆਓ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬਹਿਸ ਕਰਨ ਦਾ ਸਮਾਂ ਨਹੀਂ, ਕੰਮ ਕਰਨ ਦਾ ਸਮਾਂ ਹੈ—ਬਹਿਸ ਨਾ ਕਰੋ, ਸਵਾਲ ਨਾ ਪੁੱਛੇ, ਸਿਰਫ਼ ਸੱਤਾ ਦੇ ਪਿੱਛੇ ਚੱਲੋ।
ਇੱਕ ਸਮਾਂ ਸੀ, ਜਦੋਂ ਆਮ ਆਦਮੀ ਫਿਰਕੂ ਵਿਚਾਰਾਂ ਨੂੰ ਨਫ਼ਰਤ ਕਰਦਾ ਸੀ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਦੂਰ ਰੱਖਦਾ ਸੀ, ਪਰ ਅੱਜ ਹਾਲਾਤ ਗੁਣਾਤਮਕ ਤੌਰ ‘ਤੇ ਬਦਲ ਗਏ ਹਨ। ਅੱਜ ਆਮ ਆਦਮੀ ਫਿਰਕੂ ਵਿਚਾਰਾਂ ਨਾਲ ਨਫ਼ਰਤ ਨਹੀਂ ਕਰਦਾ ਸਗੋਂ ਉਨ੍ਹਾਂ ਨਾਲ ਜੁੜਨ ਨੂੰ ਆਪਣਾ ਸੁਭਾਗ ਸਮਝਣ ਲੱਗ ਪਿਆ ਹੈ। ਕੱਲ੍ਹ ਤੱਕ ਧਾਰਮਿਕ ਪਛਾਣ ਮੁੱਖ ਨਹੀਂ ਸੀ, ਪਰ ਅੱਜ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਇਹ ਪ੍ਰਮੁੱਖ ਹੋ ਗਈ ਹੈ। ਪਹਿਲਾਂ ਲੋਕ ਜਾਤ ਪੁੱਛਣ ਵਿਚ ਸੰਕੋਚ ਕਰਦੇ ਸਨ, ਅੱਜ ਖੁੱਲ੍ਹ ਕੇ ਜਾਤ ਪੁੱਛੀ ਜਾਂਦੀ ਹੈ।
ਫਾਸ਼ੀਵਾਦ ਦੇ ਅਸਲ ਮਾਇਨੇ ਕੀ ਹਨ, ਇਸ ਬਾਰੇ ਭਾਰਤ ਵਿਚ ਕਾਫ਼ੀ ਬਹਿਸ ਹੈ। ਇਸ ਬਹਿਸ ਵਿਚ ਵੱਡੇ-ਵੱਡੇ ਵਿਦਵਾਨ ਵੀ ਉਲਝੇ ਹੋਏ ਹਨ, ਪਰ ਅੱਜ ਤੱਕ ਇਸ ਦੀ ਕੋਈ ਸਰਵ-ਪ੍ਰਵਾਨਤ ਪਰਿਭਾਸ਼ਾ ਤੈਅ ਨਹੀਂ ਹੋ ਸਕੀ। ਫਾਸ਼ੀਵਾਦ ਉਹ ਵੀ ਸੀ, ਜੋ ਹਿਟਲਰ ਅਤੇ ਮੁਸੋਲਿਨੀ ਨੇ ਕੀਤਾ: ਫਾਸ਼ੀਵਾਦ ਦਾ ਇੱਕ ਰੂਪ ਉਹ ਵੀ ਸੀ, ਜੋ ਐਮਰਜੈਂਸੀ ਦੌਰਾਨ ਸ੍ਰੀਮਤੀ ਇੰਦਰਾ ਗਾਂਧੀ ਨੇ ਕੀਤਾ ਅਤੇ ਫਾਸ਼ੀਵਾਦ ਦਾ ਇੱਕ ਰੂਪ ਉਹ ਵੀ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਿਹਾ ਹੈ।
ਮੋਦੀ ਦੇ ਫਾਸ਼ੀਵਾਦ ਦੀਆਂ ਲੱਛਣਾਤਮਕ ਵਿਸ਼ੇਸ਼ਤਾਵਾਂ ਵੱਖਰੀਆਂ ਹਨ। ਮੋਦੀ ਜੀ ਦਾ ਫਾਸ਼ੀਵਾਦ ਵਿਕਾਸ ਅਤੇ ਗਰੀਬ ਦੇ ਮੋਢਿਆਂ ‘ਤੇ ਸਵਾਰ ਹੈ, ਪਰ ਇਸ ਦੇ ਪ੍ਰਸ਼ਾਸਨ ਦੇ ਸੰਚਾਲਕ ਕਾਰਪੋਰੇਟ ਘਰਾਣੇ ਹਨ। ਇਸ ਦਾ ਧੁਰਾ ਮੀਡੀਆ ਮੈਨੇਜਮੈਂਟ ਅਤੇ ਰਾਜ ਦੇ ਵਸੀਲਿਆਂ ਦੀ ਖੁੱਲ੍ਹੀ ਲੁੱਟ ਹੈ। ਇਸ ਦਾ ਟੀਚਾ ਸਮਾਜ ਦਾ ਅਪਰਾਧੀਕਰਨ ਅਤੇ ਲੋਕਤੰਤਰੀ-ਸੰਵਿਧਾਨਕ ਢਾਂਚਿਆਂ ਨੂੰ ਢਾਹੁਣਾ ਹੈ।
ਇਹ ਆਪਣੇ ਵਿਰੋਧੀਆਂ ਨੂੰ ਰਾਸ਼ਟਰਧਰੋਹੀ ਜਾਂ ਰਾਸ਼ਟਰ-ਵਿਰੋਧੀ ਕਹਿ ਕੇ ਕਲੰਕਿਤ ਕਰਦਾ ਹੈ। ਇਸ ਕੋਲ ਮੀਡੀਆ ਅਤੇ ਸਾਈਬਰ ਮੀਡੀਆ ਦੀ ਬੇਸ਼ੁਮਾਰ ਤਾਕਤ ਹੈ। ਇਹ ਅਜਿਹੀ ਸੱਤਾ ਹੈ, ਜੋ ਕਿਸੇ ਦੀ ਆਵਾਜ਼ ਨਹੀਂ ਸੁਣਦੀ। ਜੇ ਜੀਣਾ ਚਾਹੁੰਦੇ ਹੋ ਤਾਂ ਸਿਰਫ਼ ਮੋਦੀ ਅਤੇ ਸੰਘ ਦੀ ਆਵਾਜ਼ ਸੁਣੋ। ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਦਿਨ-ਰਾਤ ਮੋਦੀ ਨੂੰ ਸੁਣੋ, ਮੋਦੀ-ਭਗਤਾਂ ਨੂੰ ਸੁਣੋ।
ਦਿਲਚਸਪ ਪਹਿਲੂ ਇਹ ਹੈ ਕਿ ਇਸ ਸਮੇਂ ਮੋਦੀ ਅਤੇ ਉਨ੍ਹਾਂ ਦੇ ਭਗਤਾਂ ਤੋਂ ਇਲਾਵਾ ਕੋਈ ਬੋਲਦਾ ਹੋਇਆ ਦਿਖਾਈ ਨਹੀਂ ਦਿੰਦਾ। ਬਾਕੀ ਸਭ ਉਨ੍ਹਾਂ ਨੂੰ ਸੁਣ ਰਹੇ ਹਨ। ਜਨਤਾ ਬੋਲ ਨਹੀਂ ਰਹੀ; ਉਹ ਸਿਰਫ਼ ਸੁਣ ਰਹੀ ਹੈ ਅਤੇ ਆਗਿਆ ਦਾ ਪਾਲਣ ਕਰ ਰਹੀ ਹੈ। ਸਾਡੇ ਵਰਗੇ ਲੋਕ ਜੋ ਕੁਝ ਕਹਿ ਰਹੇ ਹਨ, ਉਸ ਨੂੰ ਨਾ ਜਨਤਾ ਸੁਣ ਰਹੀ ਹੈ ਅਤੇ ਨਾ ਸੱਤਾ। ਅਸੀਂ ਆਪਣੀ ਆਵਾਜ਼ ਆਪ ਹੀ ਸੁਣ ਰਹੇ ਹਾਂ। ਅਸੀਂ ਸਹਿਮਤ ਲੋਕਾਂ ਨੂੰ ਹੀ ਸੁਣਾ ਰਹੇ ਹਾਂ ਅਤੇ ਆਪਣੇ ਹੱਥੀਂ ਆਪਣੀ ਪਿੱਠ ਥਾਪੜ ਰਹੇ ਹਾਂ।
ਭਾਰਤੀ ਟੀ ਵੀ ਚੈਨਲਾਂ ਦਾ ਇਹ ਨਿੱਤ ਦਾ ਰਿਵਾਜ ਬਣ ਗਿਆ ਹੈ ਕਿ ਆਰ.ਐੱਸ.ਐੱਸ. ਦੇ ਥਿੰਕ-ਟੈਂਕ ਸੰਗਠਨਾਂ ਵਿਚ ਕੰਮ ਕਰਨ ਵਾਲੇ ਹਿੰਦੂਤਵਵਾਦੀ ਚਿੰਤਕਾਂ ਨੂੰ ਸੱਦ ਕੇ ਸਮਕਾਲੀ ਵਿਸ਼ਿਆਂ ‘ਤੇ ਉਨ੍ਹਾਂ ਦੀ ਰਾਇ ਸੁਣਾਈ ਜਾਂਦੀ ਹੈ। ਸਾਡਾ ਸਿਰਫ ਇੱਕ ਇਤਰਾਜ਼ ਹੈ, ਜੇ ਆਰ.ਐੱਸ.ਐੱਸ. ਆਪਣੇ ਆਪ ਨੂੰ ਸਮਾਜਿਕ ਸੰਗਠਨ ਦੱਸਦਾ ਹੈ ਤਾਂ ਉਸ ਦੇ ਵਿਚਾਰਕ ਹਰ ਸਮਕਾਲੀ ਸਿਆਸੀ ਮੁੱਦੇ ‘ਤੇ ਕਿਉਂ ਬੋਲਦੇ ਹਨ? ਜੇ ਉਹ ਸਿਆਸੀ ਮੁੱਦਿਆਂ ‘ਤੇ ਬੋਲਣਾ ਚਾਹੁੰਦੇ ਹਨ ਤਾਂ ਸੰਘ ਨੂੰ ਆਪਣੇ ਆਪ ਨੂੰ ਸਿਆਸੀ ਸੰਗਠਨ ਐਲਾਨਣਾ ਚਾਹੀਦਾ ਹੈ। ਇਹ ਪਖੰਡ ਬੰਦ ਹੋਣਾ ਚਾਹੀਦਾ ਹੈ।
ਦੂਜੀ ਗੱਲ, ਟੀ ਵੀ ਚੈਨਲਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਸ ਆਧਾਰ ‘ਤੇ ਸੰਘ ਦੇ ਬੁਲਾਰਿਆਂ ਨੂੰ ਹਰ ਰੋਜ਼ ਬੁਲਾਉਂਦੇ ਹਨ? ਕੀ ਮੁਲਕ ਵਿਚ ਇਹੀ ਇੱਕੋ-ਇੱਕ ਸੰਗਠਨ ਹੈ, ਜਿਸ ਦੇ ਲੋਕਾਂ ਨੂੰ ਬੁਲਾਇਆ ਜਾਣਾ ਚਾਹੀਦਾ ਹੈ? ਕੀ ਮੁਲਕ ਵਿਚ ਸਮਾਜ-ਵਿਗਿਆਨ, ਵਿਗਿਆਨ ਅਤੇ ਹੋਰ ਖੇਤਰਾਂ ਦੇ ਬੁੱਧੀਜੀਵੀਆਂ ਦੀ ਘਾਟ ਹੈ? ਸੰਘ ਦੇ ਨੁਮਾਇੰਦਿਆਂ ਨੂੰ ਤਰਜੀਹ ਦੇ ਕੇ ਟੀਵੀ ਚੈਨਲ ਯੋਜਨਾਬੱਧ ਢੰਗ ਨਾਲ ਲੋਕਾਂ ਵਿਚ ਘਟੀਆ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਕਰਕੇ ਹਿੰਦੂ ਫਿਰਕਾਪ੍ਰਸਤੀ ਦੇ ਫੈਲਾਅ ਵਿਚ ਸਿੱਧੀ ਭੂਮਿਕਾ ਨਿਭਾ ਰਹੇ ਹਨ।
ਦੰਗਾਈਆਂ ਵੱਲੋਂ ਵੱਖ-ਵੱਖ ਬਹਾਨਿਆਂ ਹੇਠ ਭਾਰਤ ਦੇ ਲੋਕਾਂ, ਮਸਜਿਦਾਂ, ਮਕਬਰਿਆਂ ਅਤੇ ਦਰਗਾਹਾਂ ਆਦਿ ‘ਤੇ ਕੀਤੇ ਗਏ ਯੋਜਨਾਬੱਧ ਹਮਲਿਆਂ ਨੂੰ ਦੇਖਦਿਆਂ ਲੋਕਾਂ ਨੂੰ ਹਰ ਇਲਾਕੇ ਵਿਚ ਸ਼ਾਂਤੀ ਸਮੂਹ ਬਣਾਉਣੇ ਚਾਹੀਦੇ ਹਨ। ਇਹ ਅਜਿਹੇ ਸਮੂਹ ਹੋਣ, ਜੋ ਆਪਣੇ ਇਲਾਕਿਆਂ ਵਿਚ ਅਮਨ ਕਾਇਮ ਰੱਖਣ ਲਈ ਆਪਣੇ ਤੌਰ ‘ਤੇ ਸਰਗਰਮ ਹੋਣ। ਹਰ ਇਲਾਕੇ ਵਿਚ ਝਗੜੇ ਜਾਂ ਤਣਾਅ ਦੀ ਤੁਰੰਤ ਸੂਚਨਾ ਦੇਣ ਵਾਲਾ ਨੈੱਟਵਰਕ ਬਣਾਇਆ ਜਾਣਾ ਚਾਹੀਦਾ ਹੈ।
ਅੱਜ ਦੇ ਯੁੱਗ ਵਿਚ ਸਿਆਸੀ ਐਕਸ਼ਨ, ਦੰਗੇ ਅਤੇ ਧਾਰਮਿਕ ਕਰਮਕਾਂਡ ਆਦਿ ਹਮੇਸ਼ਾ ਆਪਣੇ ਆਪ ਪੈਦਾ ਨਹੀਂ ਹੁੰਦੇ; ਇਨ੍ਹਾਂ ਦੇ ਪਿੱਛੇ ਕਈ ਵਾਰ ਯੋਜਨਾਬੰਦੀ ਕੰਮ ਕਰਦੀ ਹੈ। ਫਿਰਕੂ ਦੰਗੇ ਜਾਂ ਭਾਈਚਾਰਿਆਂ ਵਿਚਕਾਰ ਝਗੜੇ ਵੀ ਯੋਜਨਾਬੱਧ ਹਿੰਸਕ ਕਾਰਵਾਈਆਂ ਦਾ ਨਤੀਜਾ ਹੋ ਸਕਦੇ ਹਨ।
ਮਨੁੱਖ ਸੁਭਾਵਿਕ ਤੌਰ ‘ਤੇ ਹਿੰਸਕ ਨਹੀਂ, ਸਗੋਂ ਸ਼ਾਂਤੀਪ੍ਰੇਮੀ ਹੈ। ਸੱਤਾ-ਤੰਤਰ ਵਿਚ ਜਿੰਨਾ ਵੱਧ ਤਾਨਾਸ਼ਾਹ ਬਦਲਾਅ ਜਾਂ ਰੁਝਾਨ ਆਵੇਗਾ, ਦੰਗਿਆਂ ਅਤੇ ਹਿੰਸਾ ਦਾ ਖ਼ਤਰਾ ਓਨਾ ਹੀ ਵਧੇਗਾ। ਇਹ ਹਿੰਸਾ ਸੱਤਾ ਵੱਲੋਂ ਵੀ ਹੋ ਸਕਦੀ ਹੈ ਅਤੇ ਹਿੰਸਕ ਗਰੋਹਾਂ ਵੱਲੋਂ ਯੋਜਨਾਬੱਧ ਢੰਗ ਨਾਲ ਵੀ। ਅਸਲ ਵਿਚ ਅਸੀਂ ਅਜੇ ਤੱਕ ਹਿੰਸਕ ਤਾਕਤਾਂ ਨੂੰ ਪਛਾਣਨਾ ਅਤੇ ਉਨ੍ਹਾਂ ਵਿਰੁੱਧ ਇਕਜੁੱਟ ਹੋਣਾ ਨਹੀਂ ਸਿੱਖਿਆ, ਅਸੀਂ ਡਰਦੇ ਹਾਂ ਅਤੇ ਬੋਲਦੇ ਨਹੀਂ।
ਪਤੰਗ ਉਡਾਉਣ ‘ਤੇ ਹਿੰਸਾ, ਲਾਊਡ ਸਪੀਕਰ ‘ਤੇ ਹਿੰਸਾ, ਮੰਦਰ-ਮਸਜਿਦ ਆਉਣ-ਜਾਣ ‘ਤੇ ਹਿੰਸਾ, ਚਾਹ ਪੀਂਦਿਆਂ ਹਿੰਸਾ, ਰੈਸਟੋਰੈਂਟ ਦਾ ਬਿੱਲ ਅਦਾ ਕਰਨ ‘ਤੇ ਹਿੰਸਾ, ਪਿਆਰ ਕਰਨ ‘ਤੇ ਹਿੰਸਾ, ਭਜਨ ਕਰਨ ‘ਤੇ ਹਿੰਸਾ ਅਤੇ ਫੇਸਬੁਕ ਕਮੈਂਟਾਂ ‘ਤੇ ਹਿੰਸਾ। ਸਾਡੇ ਮੁਲਕ ਵਿਚ ਕਮਾਲ ਦੇ ਦੰਗਾਈ ਸਮੂਹ ਪੈਦਾ ਹੋ ਗਏ ਹਨ। ਇਹ ਸਮੂਹ ਕਿਸੇ ਵੀ ਥਾਂ ਕਿਸੇ ਵੀ ਮਸਲੇ ‘ਤੇ ਹਿੰਸਾ ਕਰਨ ਲਈ ਉਤਰ ਆਉਂਦੇ ਹਨ। ਹਰ ਸ਼ਹਿਰ ਵਿਚ ਹਿੰਸਕ ਸਮੂਹ ਕੰਨ ਖੜ੍ਹੇ ਰੱਖਦੇ ਹਨ ਅਤੇ ਖ਼ਬਰ ਮਿਲਦਿਆਂ ਹੀ ਐਕਸ਼ਨ ਵਿਚ ਆ ਜਾਂਦੇ ਹਨ। ਉਨ੍ਹਾਂ ਦੀ ਕਾਰਵਾਈ ਏਨੀ ਤੇਜ਼ ਹੁੰਦੀ ਹੈ ਕਿ ਸਭ ਕੁਝ ਆਪਣੇ-ਆਪ ਵਾਪਰਦਾ ਹੋਇਆ ਲੱਗ ਸਕਦਾ ਹੈ, ਪਰ ਲੇਖਕ ਦੇ ਅਨੁਸਾਰ ਅਜਿਹਾ ਨਹੀਂ ਹੈ। ਉਸ ਦਾ ਦਾਅਵਾ ਹੈ ਕਿ ਸ਼ਹਿਰਾਂ ਵਿਚ ਇਨ੍ਹਾਂ ਦੀਆਂ ਸਰਗਰਮ ਇਕਾਈਆਂ ਹਨ ਅਤੇ ਹੁਕਮ ਮਿਲਦਿਆਂ ਹੀ ਉਹ ਪਹੁੰਚ ਕੇ ਕਾਰਵਾਈ ਕਰਦੀਆਂ ਹਨ।
ਇਨ੍ਹਾਂ ਹਿੰਸਕ ਅਨਸਰਾਂ ਨੂੰ ਪਛਾਣੋ। ਇਨ੍ਹਾਂ ਨੂੰ ਸਿਰਫ਼ ਜਾਤ, ਪਾਰਟੀ ਜਾਂ ਵਿਚਾਰਧਾਰਾ ਦੇ ਆਧਾਰ ‘ਤੇ ਨਹੀਂ, ਸਗੋਂ ਹਿੰਸਕ-ਅਪਰਾਧੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਮੂਲ ਲੇਖ ਦਾ ਦਾਅਵਾ ਹੈ ਕਿ ਇਹ ਆਪਣੇ-ਆਪ ਕਾਰਵਾਈ ਨਹੀਂ ਕਰ ਰਹੇ, ਸਗੋਂ ਕੇਂਦਰੀ ਕਮਾਨ ਹੇਠ ਕੰਮ ਕਰਦੇ ਹਨ ਅਤੇ ਤਨਖ਼ਾਹੀਏ ਸੰਗਠਿਤ ਅਪਰਾਧੀ ਗਰੋਹਾਂ ਵਾਂਗ ਕਾਰਵਾਈ ਕਰਦੇ ਹਨ। ਇਨ੍ਹਾਂ ਵਿਚੋਂ ਬਹੁਤੇ ਹਿੰਦੂਤਵ ਦੇ ਨਾਅਰੇ ਲਾਉਂਦੇ ਹਨ।
ਵੱਖ-ਵੱਖ ਧਾਰਮਿਕ ਅਤੇ ਦਾਰਸ਼ਨਿਕ ਗ੍ਰੰਥਾਂ ਵਿਚ ਬਹੁਤ ਸਾਰੀਆਂ ਸੁੰਦਰ ਅਤੇ ਗਿਆਨ ਵਧਾਊ ਗੱਲਾਂ ਲਿਖੀਆਂ ਗਈਆਂ ਹਨ। ਹਿੰਦੂ ਧਰਮ ਦੇ ਵੱਖ-ਵੱਖ ਦਾਰਸ਼ਨਿਕਾਂ ਨੇ ਵੀ ਬਹੁਤ ਮਹੱਤਵਪੂਰਨ ਗਿਆਨ-ਚਰਚਾ ਕੀਤੀ ਹੈ ਅਤੇ ਇਹ ਗਿਆਨ ਅੱਜ ਇੰਟਰਨੈੱਟ ’ਤੇ ਮੁਫ਼ਤ ਉਪਲੱਬਧ ਹੈ। ਸੰਘ ਨਾਲ ਜੁੜੇ ਲੋਕ ਇਸ ਗਿਆਨ ਦਾ ਪ੍ਰਚਾਰ ਕਰਨ ਦੀ ਥਾਂ ਹਿੰਦੂ ਧਰਮ-ਗ੍ਰੰਥਾਂ ਵਿਚ ਲਿਖੀਆਂ ਗੱਲਾਂ ਦਾ ਵਿਗੜਿਆ ਰੂਪ ਪੇਸ਼ ਕਰਦੇ ਹਨ ਅਤੇ ਉਨ੍ਹਾਂ ਦੇ ਉਲਟ ਵਿਹਾਰ ਕਰਦੇ ਹਨ। ਸੰਘ ਪਰਿਵਾਰ ਵੱਲੋਂ ਹਿੰਦੂ ਧਰਮ ਦੇ ਨਾਂ ‘ਤੇ ਘ੍ਰਿਣਾ ਦਾ ਪ੍ਰਚਾਰ ਕਰਨ ਦਾ ਤਰੀਕਾ ਫਾਸ਼ੀਵਾਦੀ ਤਰੀਕਾ ਹੈ।
ਫੇਸਬੁਕ ਮਿੱਤਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਭਾਰਤ ਦੀ ਪੁਰਾਣੀ ਅਤੇ ਨਵੀਂ ਗਿਆਨ-ਦੌਲਤ, ਸਾਹਿਤ ਅਤੇ ਕਲਾ ਨੂੰ ਇੰਟਰਨੈੱਟ ‘ਤੇ ਅਜਿਹੇ ਹਮਲਿਆਂ ਤੋਂ ਬਚਾਉਣ।
ਭਾਰਤੀ ਸਮਾਜ ਦੀ ਅਵਿਕਸਿਤ ਮਾਨਸਿਕਤਾ ਨੂੰ ਸੰਘ ਪਰਿਵਾਰ ਆਪਣੇ ਜ਼ਹਿਰੀਲੇ ਅਤੇ ਸਮਾਜ ਨੂੰ ਵੰਡਣ ਵਾਲੇ ਪ੍ਰਚਾਰ ਲਈ ਵਰਤ ਰਿਹਾ ਹੈ। ਨਵੀਂ ਸੰਚਾਰ ਤਕਨੀਕ, ਕੰਪਿਊਟਰ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵੀ ਆਪਣੇ ਗ਼ੈਰਵਿਗਿਆਨਕ, ਅਪ੍ਰਮਾਣਿਕ ਅਤੇ ਜ਼ਹਿਰੀਲੇ ਪ੍ਰਚਾਰ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ।
ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ ‘ਤੇ ਸੰਘ ਪਰਿਵਾਰ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਯੋਜਨਾਬੱਧ ਢੰਗ ਨਾਲ ਵਿਚਾਰਧਾਰਕ ਜ਼ਹਿਰ ਫੈਲਾ ਰਿਹਾ ਹੈ। ਇਸ ਜ਼ਹਿਰ ਦੇ ਕਈ ਰੂਪ ਹਨ। ਮਿਸਾਲ ਵਜੋਂ, ਜਿਉਂ ਹੀ ਕੋਈ ਧਰਮ ਨਿਰਪੱਖ, ਬਹੁਲਤਾਵਾਦੀ ਜਾਂ ਫਿਰਕੂ ਸਦਭਾਵਨਾ ਵਾਲਾ ਵਿਚਾਰ ਰੱਖਦਾ ਹੈ, ਇਹ ਲੋਕ ਆ ਕੇ ਪੂਰੀ ਤਾਕਤ ਨਾਲ ਕਾਂਗਰਸ-ਵਿਰੋਧ, ਇਸਲਾਮ-ਵਿਰੋਧ ਅਤੇ ਮੁਸਲਿਮ-ਵਿਰੋਧੀ ਨਫ਼ਰਤ ਦਾ ਪ੍ਰਚਾਰ ਕਰਨ ਲੱਗਦੇ ਹਨ। ਤੱਥਹੀਣ ਅਤੇ ਭੜਕਾਊ ਗੱਲਾਂ ਲਿਖੀਆਂ ਜਾਂਦੀਆਂ ਹਨ। ਵੱਖ-ਵੱਖ ਆਗੂਆਂ ਦੇ ਭੰਡ-ਚਿੱਤਰ ਅਤੇ ਕਿਰਦਾਰਕੁਸ਼ੀ ਵਾਲੀਆਂ ਤਸਵੀਰਾਂ ਪੋਸਟ ਕੀਤੀਆਂ ਜਾਂਦੀਆਂ ਹਨ। ਕਮਿਊਨਿਜ਼ਮ ਅਤੇ ਧਰਮ ਨਿਰਪੱਖ ਵਿਚਾਰਾਂ ਦਾ ਵਿਰੋਧ ਕਰਨਾ ਇਨਾਂ ਦੀ ਰੋਜ਼ਮਰਾ ਸਰਗਰਮੀ ਬਣ ਗਿਆ ਹੈ। ਇਸ ਤਰ੍ਹਾਂ ਦੀ ਸਮੱਗਰੀ ਭਾਰਤ ਦੇ ਸਿਆਸੀ ਅਤੇ ਸੱਭਿਆਚਾਰਕ ਮਾਹੌਲ ਵਿਚ ਜ਼ਹਿਰ ਘੋਲ ਰਹੀ ਹੈ।
ਫੇਸਬੁਕ ਨੂੰ ਇੱਕ ਉਦਾਰ ਮੰਚ ਬਣਾਉਣ ਲਈ ਮਿੱਤਰਾਂ ਨੂੰ ਸੁਚੇਤ ਯਤਨ ਕਰਨੇ ਪੈਣਗੇ। ਫੇਸਬੁਕ ‘ਤੇ ਉਦਾਰ ਅਤੇ ਪਰਿਵਰਤਨਕਾਰੀ ਵਿਚਾਰਾਂ ਦਾ ਸਵਾਗਤ ਹੋਣਾ ਚਾਹੀਦਾ ਹੈ। ਜਿਹੜੇ ਲੋਕ ਸੰਕੀਰਣਤਾਵਾਦ, ਹਰ ਕਿਸਮ ਦੇ ਕੱਟੜਪੰਥ, ਅੱਤਵਾਦ ਜਾਂ ਸਮਾਜਿਕ ਨਫ਼ਰਤ ਫੈਲਾਉਂਦੇ ਹਨ, ਉਨ੍ਹਾਂ ਨੂੰ ਬਲਾਕ ਕੀਤਾ ਜਾਣਾ ਚਾਹੀਦਾ ਹੈ। ਹਿੰਦੀ ਸੋਸ਼ਲ ਮੀਡੀਆ ਵਿਚ ਇਹ ਬਿਮਾਰੀ ਨਾਸੂਰ ਦਾ ਰੂਪ ਧਾਰਦੀ ਜਾ ਰਹੀ ਹੈ।
ਅਸਲ ਵਿਚ ਫ਼ਲਸਫ਼ੇ ਤੋਂ ਬਿਨਾਂ ਦ੍ਰਿਸ਼ਟੀਕੋਣ ਨਹੀਂ ਬਣਦਾ। ਜਿਨ੍ਹਾਂ ਕੋਲ ਕੋਈ ਦਾਰਸ਼ਨਿਕ ਦ੍ਰਿਸ਼ਟੀ ਨਹੀਂ ਜਾਂ ਜੋ ਦਾਰਸ਼ਨਿਕ ਵਿਗਾੜ ਦਾ ਸ਼ਿਕਾਰ ਹਨ, ਉਹ ਅਕਸਰ ਅਰਥ ਦਾ ਅਨਰਥ ਕਰਦੇ ਰਹਿੰਦੇ ਹਨ। ਅਜਿਹੇ ਲੋਕ ਦ੍ਰਿਸ਼ਟੀ-ਬੰਧਨ ਦਾ ਸ਼ਿਕਾਰ ਹਨ। ਸਮਾਜਿਕ ਬੰਧਨਾਂ ਵਾਂਗ ਦ੍ਰਿਸ਼ਟੀ-ਬੰਧਨ ਵੀ ਇੱਕ ਵੱਡੀ ਸਮੱਸਿਆ ਹੈ। ਅਸਲ ਸਵਾਲ ਇਹ ਹੈ ਕਿ ਸਮਾਜਿਕ ਬੰਧਨਾਂ ਅਤੇ ਦ੍ਰਿਸ਼ਟੀ-ਬੰਧਨ ਤੋਂ ਮੁਕਤੀ ਕਿਵੇਂ ਹਾਸਲ ਕੀਤੀ ਜਾਵੇ।
ਮਾਰਕਸਵਾਦ ਇਨ੍ਹਾਂ ਦੋਵਾਂ ਤੋਂ ਮੁਕਤੀ ਹਾਸਲ ਕਰਨ ਵਿਚ ਮਦਦ ਕਰਦਾ ਹੈ। ਇਸੇ ਕਰਕੇ ਬੰਧਨਾਂ ਦੇ ਹਮਾਇਤੀ ਵਾਰ-ਵਾਰ ਮਾਰਕਸਵਾਦ ਅਤੇ ਮਾਰਕਸਵਾਦੀਆਂ ‘ਤੇ ਹਮਲੇ ਕਰਦੇ ਰਹਿੰਦੇ ਹਨ। ਇਸੇ ਲੜੀ ਵਿਚ ਨਵਾਂ ਹਮਲਾ ਨਕਸਲ ਦੇ ਨਾਂਅ ‘ਤੇ ਸਾਹਮਣੇ ਆਇਆ ਹੈ।
