ਪੁਸਤਕ ਪੜਚੋਲ: ਜੰਗ ਦੀ ਹਾਰ ਅਤੇ ਜੰਗ ਅਤੇ ਚੇਤਨਾ ਦੀ ਕਾਵਿ-ਗਾਥਾ

ਬਲਕਾਰ ਸਿੰਘ ਪਟਿਆਲਾ
ਅਮਰਜੀਤ ਸਿੰਘ ਗ੍ਰੇਵਾਲ ਦੀਆਂ ਦੋ ਕਿਤਾਬਾਂ ‘ਜੰਗ ਦੀ ਹਾਰ ਅਤੇ ਜੰਗ ਅਤੇ ਚੇਤਨਾ ਦੀ ਕਾਵਿ-ਗਾਥਾ’ ਨੂੰ ਡਾ. ਯੋਗ ਰਾਜ ਨੇ ਇਕ ਜਿਲਦ ਵਿਚ ਸੰਪਾਦਿਤ ਕਰਕੇ ਪੰਜਾਬੀ ਅਕਾਦਮੀ ਅੰਮ੍ਰਿਤਸਰ ਵੱਲੋਂ ਛਪਵਾਈ ਗਈ ਹੈ।

230 ਪੰਨਿਆਂ ਦੀ ਇਹ ਪੁਸਤਕ ਏਸੇ ਸਾਲ 2026 ਵਿਚ ਛਪੀ ਹੈ ਅਤੇ ਇਸ ਦੀ ਕੀਮਤ 350 ਰੁਪਏ ਰੱਖੀ ਗਈ ਹੈ। ਇਹ ਪੁਸਤਕ ਅਮਰਜੀਤ ਗ੍ਰੇਵਾਲ ਦੀ ਕਾਵਿ ਗਾਥਾ ਨੂੰ ਸਮਝਕੇ ਉਸਾਰੇ ਅਕਾਦਮਿਕ ਬਿਰਤਾਂਤ ਦੇ ਸੱਜਰੇਪਨ ਵਾਂਗ ਮੈਨੂੰ ਲੱਗੀ ਹੈ। ਇਸ ਤੋਂ ਅੱਗੇ ਇਸ ਨੂੰ ਵਿਦਿਆਰਥੀ ਚੇਤਨਾ ਵਿਚ ਕਿਵੇਂ ਉਤਾਰਨਾ ਹੈ, ਅਕਾਦਮਿਕ ਮਸਲੇ ਵਾਂਗ ਮੇਰੇ ਸਾਹਮਣੇ ਹੈ। ਗ੍ਰੇਵਾਲ ਨੇ ਜੰਗ ਦੀਆਂ ਅਲਾਮਤਾਂ ਨੂੰ ਪ੍ਰਗਟ-ਅਪ੍ਰਗਟ ਅਲਾਮਤਾਂ ਵਜੋਂ ਮਨੁੱਖੀ ਬਿਰਤੀ ਦੀ ਨਿਹਿਤ ਸਚਾਈ ਮੰਨਦਿਆਂ ਜੰਗ ਦੀ ਅਕਾਦਮਿਕ ਪ੍ਰਸੰਗਕਤਾ ਉਸਾਰਨ ਦੀ ਕੋਸ਼ਿਸ਼ ਕੀਤੀ ਹੈ। ਜੰਗ ਬਾਰੇ ਪ੍ਰਾਪਤ ਲਿਖਤੀ ਹਵਾਲਿਆਂ ਨਾਲ ਜੁੜੀ ਹੋਈ ਆਮ ਸਮਝ, ਜੰਗ ਨੂੰ ਅਕਸਰ ਜਿੱਤਣ ਵਾਸਤੇ ਹੀ ਲੜੀ ਜਾਣ ਵਾਲੇ ਸਰੋਕਾਰਾਂ ਨਾਲ ਜੋੜ ਕੇ ਵੇਖਦੀ ਨਜ਼ਰ ਆਉਂਦੀ ਹੈ। ਇਸ ਆਮ ਸਮਝ ਤੋਂ ਉਪਰ ਉਠ ਕੇ ਕਵੀ ਗ੍ਰੇਵਾਲ ਨੇ ਇਸ ਪੁਸਤਕ ਨੂੰ ਇਸ ਧਰਾਤਲ ‘ਤੇ ਉਸਾਰਿਆ ਹੈ ਕਿ ਜਿੱਤ ਕੇ ਹਾਰਨ ਅਤੇ ਹਾਰ ਕੇ ਜਿੱਤਣ ਦੇ ਸੱਚ ਦਾ ਪ੍ਰਸੰਗਕ ਉਸਾਰ, ਇਸ ਪੁਸਤਕ ਦੀ ਅਕਾਦਮਿਕ ਸੁਰ ਦਾ ਹਾਸਲ ਹੋ ਗਿਆ ਹੈ। ਡਾ. ਯੋਗ ਰਾਜ ਨੇ ਜਾਗੇ ਹੋਏ ਅਕਾਦਮਿਕ ਚਿੰਤਕ ਵਾਂਗ ਇਸ ਪੁਸਤਕ ਵਿਚ ਸ਼ਾਮਲ ਦੋਹਾਂ ਪੁਸਤਕਾਂ ਦੀਆਂ ਦੋ ਵਾਰ ਸੰਪਾਦਕੀਆਂ ਲਿਖ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪੁਸਤਕ, ਪੰਜਾਬੀ ਕਾਵਿ ਦੇ ਪੈਰੋਂ ਵਿਸ਼ਵ ਸਾਹਿਤ ਵਿਚ ‘ਨੈਤਿਕ ਮੋੜ ਦੇ ਆਗਾਜ਼’ ਨੂੰ ਸਾਹਮਣੇ ਲਿਆਉਣ ਦੀ ਭੂਮਿਕਾ ਨਿਭਾਉਣ ਦੀ ਸਮਰਥਾ ਦੀ ਸ਼ਾਹਦ ਹੋ ਗਈ ਹੈ। ਇਸ ਅਕਾਦਮਿਕ ਟਿਪਣੀ ਨੂੰ ਧਿਆਨ ਵਿਚ ਰੱਖ ਕੇ ਅਮਰਜੀਤ ਗ੍ਰੇਵਾਲ ਬਾਰੇ ਗੱਲ ਏਥੋਂ ਸ਼ੁਰੂ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਵਿਚ ਅਕਾਦਮਿਕਤਾ ਦੀ ਚੂਲ ਵਿਦਿਅਕ ਅਦਾਰਿਆਂ ਦੀ ਸੁਰ ਵਿਚੋਂ ਸਥਾਪਤ ਹੁੰਦੀ ਰਹੀ ਹੈ। ਇਸ ਪੁਸਤਕ ਵਿਚਲੀ ਸੁਰ ਗੁਰਮਤਿ ਦੇ ਮੁਹਾਵਰੇ ਨੂੰ ਨਾਲ ਲੈ ਕੇ ਤੁਰਦੀ ਹੈ ਅਤੇ ਇਹ ਸੁਰ ਕਿਸੇ ਨ ਕਿਸੇ ਬਹਾਨੇ ਜੇ ਮਨਫੀ ਨਹੀਂ ਵੀ ਕਹਿਣੀ ਤਾਂ ਗੁੰਮ ਰਹੀ ਪਰਵਾਨ ਕਰ ਹੀ ਲੈਣੀ ਚਾਹੀਦੀ ਹੈ। ਇਸ ਗੁੰਮਸ਼ੁਦਗੀ ਦੇ ਪ੍ਰਸੰਗ ਵਿਚ ਗ੍ਰੇਵਾਲ ਮੈਨੂੰ ਗੁਰੂ ਦੇ ਸਿੱਖ ਵਾਂਗ ਬਾਣੀ ਦੀ ਰੌਸ਼ਨੀ ਵਿਚ ਪਰਵੇਸ਼ ਕਰਦਾ ਲੱਗਦਾ ਹੈ। ਉਸ ਨੇ ਪੱਛਮ ਦੀ ਅਧਿਕਾਰ-ਕੇਂਦਰਤ ਅਕਾਦਮਿਕਤਾ ਅਤੇ ਪੂਰਬ ਦੀ ਵਿਸ਼ਵਾਸ-ਕੇਂਦਰਤ ਅਕਾਦਮਿਕਤਾ ਦੇ ਵਿਚਕਾਰ ਗੁਰਮਤਿ ਦੀ ਨੈਤਿਕਤਾ-ਕੇਂਦਰਤ ਅਕਾਦਮਿਕਤਾ ਦਾ ਝੰਡਾ ਗੱਡ ਦਿੱਤਾ ਹੈ। ਪ੍ਰੋ. ਪੂਰਨ ਸਿੰਘ ਤੋਂ ਲੈ ਕੇ ਪਾਸ਼ ਅਤੇ ਪਾਤਰ ਤੱਕ ਜੋ ਹਾਸ਼ੀਆਗਤ ਇਸ਼ਾਰਿਆਂ ਨਾਲ ਸਹਾਇਕ ਭੂਮਿਕਾ ਵਾਂਗ ਅਕਾਦਮਿਕ ਪ੍ਰਸੰਗ ਵਿਚ ਵਿਦਿਆਰਥੀਆਂ ਤੱਕ ਪਹੁੰਚਦਾ ਰਿਹਾ ਹੈ, ਓਸੇ ਦੇ ਪ੍ਰਸੰਗਕ ਉਸਾਰ ਦੀ ਪਹਿਰੇਦਾਰੀ ਕਰਦੀ ਹੈ ਗ੍ਰੇਵਾਲ ਦੀ ਕਾਵਿ ਪਹੁੰਚ। ਮੈਨੂੰ ਇਹ ਪਹੁੰਚ ਇਸ ਕਰਕੇ ਸਲਾਹੁਣਯੋਗ ਲੱਗਦੀ ਹੈ ਕਿਉਂਕਿ ਇਹ ਪਹੁੰਚ, ਖੱਬੂਆਂ ਅਤੇ ਸੱਜੂਆਂ ਦੀ ਅਕਾਦਮਿਕ ਸਿਆਸਤ ਨੂੰ ਸਮਝ ਕੇ ਅਤੇ ਪਾਸਾ ਵੱਟ ਕੇ ਤੁਰਦੀ ਲੱਗਦੀ ਹੈ। ਜਿਸ ਤਰ੍ਹਾਂ ਇਸ ਵੇਲੇ ਸਮਾਜਵਾਦੀ ਅਕਾਦਮਿਕਤਾ ਦੇ ਬਦਲ ਵਜੋਂ ਰਾਸ਼ਟਰਵਾਦੀ ਅਕਾਦਮਿਕਤਾ ਵਿਦਿਅਕ ਅਦਾਰਿਆਂ ਵਿਚ ਵਰਤ ਰਹੀ ਹੈ, ਉਸ ਨਾਲ ਪੈਦਾ ਹੋਣ ਵਾਲੇ ਉਲਾਰ ਨਾਲ ਜਿਹੋ ਜਿਹੀ ਵਿਦਿਆਰਥੀ ਮਾਨਸਿਕਤਾ ਵਿਚ ਅਕਾਦਮਿਕਤਾ ਨੂੰ ਉਲਝਾਇਆ ਜਾ ਰਿਹਾ ਹੈ, ਉਸ ਨਾਲ ਬੰਦੇ ਵਿਚੋਂ ਬੰਦਾ ਗੁੰਮ ਰਹਿਣ ਵਾਲੇ ਰਾਹੇ ਪੈਣ ਤੋਂ ਰੋਕਣ ਦੀ ਬਾਤ ਪਾ ਰਹੀ ਹੈ ਗ੍ਰੇਵਾਲ ਦੀ ਕਵਿਤਾ।
ਇਹੋ ਜਿਹੀਆਂ ਕੋਸ਼ਿਸ਼ਾਂ, ਲੇਖਕਾਂ ਦੀ ਲੋੜ ਅਨੁਸਾਰ ਪ੍ਰਗਟਾਵੇ, ਕਿਸੇ ਨ ਕਿਸੇ ਰੂਪ ਵਿਚ ਹੁੰਦੇ ਰਹੇ ਹੋਣਗੇ। ਮਿਸਾਲ ਦੇ ਤੌਰ ‘ਤੇ ਪ੍ਰੋ. ਕਿਸ਼ਨ ਸਿੰਘ ਨੇ ਗੁਰੂ-ਚਿੰਤਨ ਦੇ ਹਵਾਲੇ ਨਾਲ ਅਕਾਦਮਿਕ ਆਵਾਜ਼ ਉਠਾਈ ਸੀ ਅਤੇ ਉਹ ਪੁਸਤਕ ਰੂਪ ਵਿਚ ਛਪੀ ਹੋਈ ਪ੍ਰਾਪਤ ਵੀ ਹੈ। ਜਿਸ ਤਰ੍ਹਾਂ ਉਹ ਕੋਸ਼ਿਸ਼ ਅੱਗੇ ਨਹੀਂ ਤੁਰ ਸਕੀ, ਉਸ ਤਰ੍ਹਾਂ ਅਮਰਜੀਤ ਨਾਲ ਨਾ ਵਾਪਰੇ, ਇਸ ਫਿਕਰਮੰਦੀ ਨੂੰ ਧਿਆਨ ਵਿਚ ਰੱਖ ਕੇ ਪ੍ਰੋ. ਯੋਗ ਰਾਜ ਦੀ ਇਹ ਸੰਪਾਦਕੀ ਕੋਸ਼ਿਸ਼ ਸਵਾਗਤਯੋਗ ਹੈ। ਇਸੇ ਨਾਲ ਸਬੰਧਤ ਹੈ, ਇਸ ਕਿਤਾਬ ਦੇ ਮੁੱਢ ਵਿਚ ਕਵੀ ਗ੍ਰੇਵਾਲ ਦੀ ਇਹ ਟਿਪਣੀ ਕਿ ਜੰਗ ਦੀ ਹਾਰ ਨੂੰ ਸਮਝਣ ਵਾਸਤੇ ਗੁਰਮਤਿ ਦੀ ਭੂਮਿਕਾ ਅਹਿਮ ਰਹੀ ਹੈ:
ਮੈਂ ਗੁਰੂ-ਪਰੰਪਰਾ ਦਾ ਆਭਾਰੀ ਹਾਂ,
ਜਿਸ ਨੇ ਸ਼ਸਤਰ ਨੂੰ ਸ਼ਬਦ ਦੇ ਅਧੀਨ ਰੱਖਣ ਦੀ ਅਦੁੱਤੀ ਸਿੱਖ ਦਿੱਤੀ। (ਪੰਨਾ 7)
ਗੁਰਮਤਿ ਨੂੰ ਗ੍ਰੇਵਾਲ ਨੇ ਅਕਾਦਮਿਕ ਸੁਰ ਉਸਾਰਨ ਵਾਸਤੇ ਪੱਛਮੀ ਸਿਧਾਂਤਕੀ ਨੂੰ ਹਜ਼ਮ ਕਰਕੇ ਗੁਰੂ-ਚਿੰਤਨ ਦੀ ਸਿਰਦਾਰੀ ਵਜੋਂ ਉਸਾਰਿਆ ਹੈ:
ਮੈਂ ਫਰਾਂਜ਼ ਫੈਨਨ, ਐਮੀ ਸੀਸਰ ਅਤੇ ਐਡਵਰਡ ਸਾਈ ਦਾ ਆਭਾਰੀ ਹਾਂ,
ਜਿਨ੍ਹਾਂ ਨੇ ਦੱਸਿਆ ਕਿ ਬਸਤੀਵਾਦ ਸਿਰਫ ਧਰਤੀ ਉਤੇ ਕਬਜ਼ਾ ਨਹੀਂ ਕਰਦਾ;
ਉਹ ਭਾਸ਼ਾ, ਯਾਦ, ਆਤਮਾ ਅਤੇ ਮਨੁੱਖ ਦੀ ਆਪਣੀ ਅੱਖ ਉਤੇ ਵੀ ਕਬਜ਼ਾ ਕਰਦਾ ਹੈ। (ਪੰਨਾ 9)
ਗ੍ਰੇਵਾਲ ਨੇ ‘ਬੈਰੀ ਮੀਤ ਸਮਾਨ’ ਦੀ ਗੁਰਮਤੀ ਭਾਵਨਾ ਨੂੰ ਜੰਗੀ ਪ੍ਰਸੰਗ ਵਿਚ ਇਸ ਤਰ੍ਹਾਂ ਸੰਭਾਲਣ ਦੀ ਕੋਸ਼ਿਸ਼ ਕੀਤੀ ਹੋਈ ਹੈ:
ਜਦੋਂ ਤੈਨੂੰ ਪਤਾ ਸੀ
ਕਿ ਦੂਜਾ ਵੀ ਰੋਂਦਾ ਹੈ,
ਤੂੰ ਉਸ ਨੂੰ ਬੈਰੀ ਕਿਵੇਂ ਬਣਾ ਲਿਆ? (ਪੰਨਾ 10)
ਗ੍ਰੇਵਾਲ ਵੱਲੋਂ ਲਿਖੇ ਜਾ ਰਹੇ ਨੂੰ ਪੜ੍ਹਦਿਆਂ ਮੈਨੂੰ ਲੱਗਦਾ ਹੈ ਕਿ ਗੁਰਮਤਿ ਦੀ ਅਕਾਦਮਿਕਤਾ ਦੀ ਪਹਿਰੇਦਾਰੀ ਦਾ ਝੰਡਾ ਅਮਰਜੀਤ ਗ੍ਰੇਵਾਲ ਨੇ ਚੁੱਕ ਲਿਆ ਹੈ। ਏਸੇ ਦਾ ਪਰਤ-ਵਿਸਥਾਰ ਇਸ ਪੁਸਤਕ ਵਿਚ ਫੈਲਿਆ ਹੋਇਆ ਹੈ। ਸਿਧਾਂਤਕੀਆਂ ਦੇ ਭੇੜ ਵਿਚ ਅਕਾਦਮਿਕਤਾ ਦਾ ਉਜਾੜਾ ਬਿਲਕੁਲ ਓਸੇ ਤਰ੍ਹਾਂ ਹੁੰਦਾ ਰਿਹਾ ਹੈ ਜਿਵੇਂ ਸਾਨ੍ਹਾਂ ਦੇ ਭੇੜ ਵਿਚ ਫਸਲ ਦਾ ਕਬਾੜਾ ਹੋ ਸਕਣ ਦੀ ਸਮਝ ਸਾਰਿਆਂ ਨੂੰ ਹੈ। ਇਸ ਨਾਲ ਨੈਤਿਕਤਾ ਦੇ ਅਰਥ ਵੀ ਸਿਆਸੀ ਸੁਰ ਵਿਚ ਹੁੰਦੇ ਆ ਰਹੇ ਹਨ। ਇਹ ਸਮਝਣਾ ਇਸ ਨਾਲ ਸੌਖਾ ਹੋ ਗਿਆ ਹੈ ਕਿ ਸਾਹਿਤ ਜਦੋਂ ਸਿਆਸਤ ਦਾ ਹਥਿਆਰ ਬਣਦਾ ਹੈ ਤਾਂ ਇਸ ਨਾਲ ਪੈਦਾ ਹੋਏ ਅਕਾਦਮਿਕ ਸਭਿਆਚਾਰ ਵਿਚੋਂ ਵਿਰਾਸਤੀ ਸਰੋਕਾਰ ਹਾਸ਼ੀਏ ‘ਤੇ ਧੱਕੇ ਜਾਣ ਦੀ ਮਜਬੂਰੀ ਹੰਢਾਉਣ ਲੱਗ ਪੈਂਦੇ ਹਨ। ਇਸ ਸਥਿਤੀ ਨਾਲ ਖਹਿ ਕੇ ਨਿਭ ਰਹੇ ਅਮਰਜੀਤ ਗ੍ਰੇਵਾਲ ਦੀ ਗੁਰਮਤੀ ਸ਼ੈਲੀ ਨੂੰ ਸਮਝਣ ਦੀ ਕੋਸ਼ਿਸ਼ ਡਾ. ਯੋਗ ਰਾਜ ਨੇ ਸੰਪਾਦਕੀ ਲਿਖਦਿਆਂ ਇਹ ਕਹਿ ਕੇ ਕੀਤੀ ਹੋਈ ਹੈ ਕਿ ‘ਸਰਬੱਤ ਦਾ ਭਲਾ ਕੋਈ ਨਰਮ ਦੁਆ ਨਹੀਂ; ਇਹ ਰਾਜਨੀਤਕ, ਆਰਥਿਕ, ਤਕਨਾਲੋਜੀਕਲ ਅਤੇ ਕੌਸਮਿਕ ਜ਼ੁੰਮੇਵਾਰੀ ਦੀ ਨਵੀਂ ਵਿਆਕਰਣ ਹੈ। ਨਿਰਭਉ ਨਿਰਵੈਰ ਭਾਵਕ ਅਵਸਥਾ ਨਹੀਂ; ਇਹ ਜੰਗੀ ਮਨੁੱਖਤਾ ਤੋਂ ਪਾਰ ਜਾਣ ਦੀ ਚੇਤਨਾ ਹੈ” (ਪੰਨਾ 15)। ਗ੍ਰੇਵਾਲ ਨੇ ਕਵਿਤਾਵਾਂ ਰਾਹੀਂ ਜਿਵੇਂ ਅਕਾਦਮਿਕ ਸੁਰ ਵਿਚ ਪਸਰੀ ਗੁਰਮਤੀ-ਚੁੱਪ ਨੂੰ ਜ਼ਬਾਨ ਦਿੱਤੀ ਹੈ, ਉਸ ਨਾਲ ਦਫਨ ਸੁਪਨਿਆਂ ਦੀ ਜੀਵੰਤ-ਕ੍ਰੀੜਾ ਦੀਆਂ ਸੰਬਾਦੀ ਸੰਭਾਵਨਾਵਾਂ ਸਾਹਮਣੇ ਆ ਗਈਆਂ ਹਨ। ਅਕਾਦਮਿਕ ਪ੍ਰਸੰਗ ਵਿਚ ਗ੍ਰੇਵਾਲ ਬੇਸ਼ਕ ਲੀਹਾਂ ਪਾੜ ਕੇ ਤੁਰਦਾ ਲੱਗਦਾ ਹੈ, ਪਰ ਲੈਣਯੋਗ ਨੂੰ ਲੈਂਦਾ ਹੋਇਆ ਅਤੇ ਛੱਡਣਯੋਗ ਨੂੰ ਛੱਡਦਾ ਹੋਇਆ ਕਵੀ ਗ੍ਰੇਵਾਲ ਇਹ ਪਰਵਾਨ ਕਰਕੇ ਤੁਰਦਾ ਲੱਗਦਾ ਹੈ ਕਿ ਸਮੱਸਿਆ ਨੂੰ ਕਟਹਿਰੇ ਵਿਚ ਖੜ੍ਹਾ ਕਰਣ ਦੀ ਅਕਾਦਮਿਕਤਾ ਹੁੰਦੀ ਵੀ ਰਹੀ ਹੈ ਅਤੇ ਹੁੰਦੀ ਵੀ ਰਹਿਣੀ ਹੈ:
ਜੇ ਇਨ੍ਹਾਂ ਦੋ ਜਿਲਦਾਂ ਵਿਚ
ਕਿਤੇ ਵੀ ਕੋਈ ਰੌਸ਼ਨੀ ਹੈ,
ਤਾਂ ਉਹ ਮੇਰੀ ਇਕੱਲੀ ਨਹੀਂ।
ਉਹ ਉਹਨਾਂ ਸਭ ਦੀ ਰੌਸ਼ਨੀ ਹੈ
ਜਿਨ੍ਹਾਂ ਨੇ ਜੰਗ ਨੂੰ ਮੈਥੋਂ ਪਹਿਲਾਂ
ਮਨੁੱਖਤਾ ਦੇ ਕਟਹਿਰੇ ਵਿਚ ਖੜਾ ਕੀਤਾ। ਪੰਨਾ 10
ਸੰਪਾਦਕੀ ਵਿਚ ਜੰਗ ਦੀ ਹਾਰ ਨੂੰ ਜੰਗ ਤੋਂ ਪਾਰ ਦੀ ਕਵਿਤਾ ਇਸ ਪੁਸਤਕ ਦੇ ਸੰਪਾਦਕ ਨੇ ਕਿਹਾ ਹੋਇਆ ਹੈ। ਇਹੋ ਜਿਹੀਆਂ ਮੁੱਲਵਾਨ ਟਿਪਣੀਆਂ ਨਾਲ ਪਹਿਲੀ ਪੁਸਤਕ ਦੀ ਸੰਪਾਦਕੀ ਵਿਚ ਪ੍ਰੋ. ਯੋਗ ਰਾਜ ਨੇ ਇਸ ਲੋੜ ਵੱਲ ਭਾਵਪੂਰ ਇਸ਼ਾਰੇ ਕਰ ਦਿੱਤੇ ਹਨ ਕਿ ਗ੍ਰੇਵਾਲ ਨੂੰ ਪ੍ਰਾਪਤ ਦੀਆਂ ਵਲਗਣਾਂ ਤੋਂ ਮੁਕਤ ਕਰਕੇ ਸਮਝੇ ਜਾਣ ਵਾਸਤੇ ਅਕਾਦਮਿਕ ਦ੍ਰਿਸ਼ਟੀ ਤੋਂ ਸਮਝਣ ਵਾਸਤੇ ਉਤਸੁਕ ਵਿਦਿਆਰਥੀਆਂ ਦੀ ਲੋੜ ਹੈ। ਵਿਦਿਆਰਥੀਆਂ ਨੂੰ ਜੋ ਕੁਝ ਪਰੋਸਿਆ ਜਾਂਦਾ ਰਿਹਾ ਹੈ, ਉਹ ਮੈਨੂੰ ਪਿਉ-ਸ਼ੈਲੀ ਵਰਗਾ ਲੱਗਦਾ ਹੈ ਅਤੇ ਇਸ ਵਿਚ ਗ੍ਰੇਵਾਲ ਮਾਂ-ਸ਼ੈਲੀ (46) ਵਿਚ ਪਰਵੇਸ਼ ਕਰਦਾ ਹੈ ਕਿਉਂਕਿ ਗ੍ਰੇਵਾਲ ਦੀਆਂ ਕਵਿਤਾਵਾਂ ਵਿਚ ਦਿਮਾਗ ਨਹੀਂ ਲਹੂ ਬੋਲਦਾ ਹੈ, ਮਾਲਕੀ ਨਹੀਂ ਵਿਰਾਸਤ ਬੋਲਦੀ ਹੈ। ਪ੍ਰਚੰਡ ਚੇਤਨਾ ਦੇ ਰਾਹ ਤਾਂ ਗ੍ਰੇਵਾਲ ਬਹੁਤ ਦੇਰ ਤੋਂ ਤੁਰਿਆ ਹੋਇਆ ਸੀ, ਪਰ ਗੁਰਮਤਿ ਪ੍ਰਸੰਗ ਵਿਚ ਉਸ ਨੇ ਉਧੜਣਾ ਬੇਸ਼ੱਕ ਨਵਾਂ-ਨਵਾਂ ਸ਼ੁਰੂ ਕੀਤਾ ਹੈ, ਪਰ ਖੂਬ ਲਗਾਤਾਰਤਾ ਵਿਚ ਸ਼ੁਰੂ ਕੀਤਾ ਹੈ। ਇਸ ਪਾਸੇ ਸ਼ੁਰੂਆਤ ਵੇਲੇ ਉਸ ਦੇ ਦੋਸਤਾਂ ਨੇ ਉਸ ਨੂੰ ਸਮਾਜਵਾਦੀ ਅਕਾਦਮਿਕਤਾ ਦੇ ਨੁਕਸਾਨ ਅਤੇ ਉਖੜੇਵੇਂ ਵਾਂਗ ਵੀ ਵੇਖਿਆ ਸੀ। ਇਸ ਨੂੰ ਅਕਾਦਮਿਕ ਸਪੇਸ ਵਿਚ ਟਿਕਾਉਣ ਦੀ ਕੋਸ਼ਿਸ਼ ਜਿਵੇਂ ਪ੍ਰੋ. ਯੋਗ ਰਾਜ ਨੇ ਇਸ ਪੁਸਤਕ ਵਿਚ ਕਰ ਲਈ ਹੈ, ਉਸ ਨੂੰ ਸੰਬਾਦੀ-ਚੇਤਨਾ ਦੀ ਲੋੜ ਵਾਂਗ ਪਲੈਟਫਾਰਮ ਪਰਵਾਨ ਕਰਦਾ ਹਾਂ, ਇਸ ਮਾਸਿਕ ਸਤੰਬਰੀ ਇਕਤਰਤਾ ਨੂੰ।
‘ਜੰਗ ਪਹਿਲਾਂ ਦ੍ਰਿਸ਼ਟੀ ਦੀ ਬੀਮਾਰੀ ਹੁੰਦੀ ਹੈ’ ਤੋਂ ਸ਼ੁਰੂ ਕਰਕੇ ਅਮਨ ਨੂੰ ਕਵੀ, ਦੋ ਜੰਗਾਂ ਵਿਚਕਾਰ ਸੁੰਨ ਪਰਵਾਨ ਦੀ ਥਾਂ ਨਵੀਂ ਭਾਸ਼ਾ ਦੇ ਜਨਮ ਵਾਂਗ ਵੇਖਦਾ ਹੈ। ਇਸ ਭਾਸ਼ਾ ਦਾ ਹਿੱਸਾ ਹੈ ਸ਼ਬਦ ਦੀ ਅਗਵਾਈ ਵਿਚ ਨਿਰਵੈਰ ਜੁੰLਮੇਵਾਰੀ। ਇਸ ਪਾਸੇ ਤੁਰਾਂਗੇ ਤਾਂ ਮਨੁੱਖੀ ਚੇਤਨਾ ਅੰਦਰ ਨਵਾਂ ਯੁੱਧ-ਮੈਦਾਨ ਖੋਲ੍ਹ ਰਹੇ ਹੋਵਾਂਗੇ। ਕਵਿਤਾ ਨੂੰ ਗ੍ਰੇਵਾਲ ਵੇਖਣ ਦੀ ਸਮਰਥਾ ਸਮਝਦਾ ਹੈ ਅਤੇ ਇਸ ਨਾਲ ਅਮਨ, ਉਸ ਨੂੰ ਡਰਪੋਕ ਸਰੋਕਾਰ ਵਾਂਗ ਦਿੱਸਣ ਲੱਗ ਪੈਂਦਾ ਹੈ। ਇਸ ਰਾਹੇ ਤੁਰਨ ਵਾਲੇ ਨੂੰ ਸਮਝ ਆਉਣ ਲੱਗ ਪੈਂਦਾ ਹੈ ਕਿ ਜੰਗ ਦਾ ਭਵਿਖ ਸਿਰਫ ਹਥਿਆਰਾਂ ਵਿਚ ਨਹੀਂ, ਮਾਨਵ ਅੰਦਰ ਜਾਗਦੀਆਂ ਅਤੇ ਸੁੱਤੀਆਂ ਚੇਤਨਾ ਪਰਤਾਂ ਵਿਚ ਹੈ। ਬੈਰੀ ਦੀ ਵਿਆਕਰਣ ਦੀ ਚਾਬੀ ਜੇ ਭਾਈ ਕਨ੍ਹਈਆ ਨੂੰ ਪਰਵਾਨ ਕਰ ਲਈਏ ਤਾਂ ‘ਬੈਰੀ ਮੀਤ ਸਮਾਨ’ ਦਾ ਪ੍ਰਸੰਗ ਸਥਾਪਨ ਕਰਨਾ ਸੌਖਾ ਹੋ ਸਕਦਾ ਹੈ। ਗ੍ਰੇਵਾਲ, ਜੋ ਵੇਖਦਾ ਹੈ, ਓਸੇ ਨੂੰ ਕਾਵਿ-ਕੈਨਵਸ ‘ਤੇ ਇਸ ਤਰ੍ਹਾਂ ਉਤਾਰਦਾ ਹੈ:
ਮੈਂ ਵੇਖਿਆ ਹੈ
ਲੰਗਰ ਦੀ ਇਕ ਪੰਗਤ ਨੂੰ
ਤੋਪਾਂ ਨਾਲੋਂ ਵਡਾ ਦ੍ਰਿਸ਼ ਬਣਦੇ ਹੋਏ।
ਮੈਂ ਵੇਖਿਆਂ ਹੈ
ਰੋਟੀ ਤੋੜਦੇ ਹੱਥਾਂ ਨੂੰ
ਸਾਮਰਾਜਾਂ ਨਾਲੋਂ ਵਿਸ਼ਾਲ ਹੁੰਦਾ ਹੋਇਆ।
ਮੈਂ ਵੇਖਿਆ ਹੈ
ਕਿਸੇ ਅਜਨਬੀ ਨੂੰ
ਕਿਸੇ ਅਜਨਬੀ ਲਈ
ਪਾਣੀ ਪਿਲਾਉਂਦੇ ਹੋਏ।
ਉਸ ਵੇਲੇ
ਸਾਰਾ ਫਲਸਫਾ
ਭਾਈ ਘਨਿਏ ਦੇ
ਇਕ ਘੁੱਟ ਪਾਣੀ ਵਿਚ ਸਮਾਇਆ ਹੋਇਆ ਸੀ। 51
ਓਸੇ ਫਲਸਫੇ ਨੂੰ ਵੇਖਣ ਅਤੇ ਖੋਲ੍ਹਣ ਦੀ ਕਾਵਿ-ਗਾਥਾ ਹੈ ਗ੍ਰੇਵਾਲ ਦੀਆਂ ਕਵਿਤਾਵਾਂ। ਇਸ ਪੁਸਤਕ ਰਾਹੀਂ ਗ੍ਰੇਵਾਲ ਨੇ ਜੰਗ ਦੇ ਮੂੰਹ ਵਿਚ ਨਵੀਂ ਵਿਆਕਰਣ ਸੁੱਟ ਦਿੱਤੀ ਹੈ। ਇਸ ਪਾਸੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਸਮਝ ਆਉਣਾ ਮੁਸ਼ਕਲ ਨਹੀਂ ਰਹੇਗਾ ਕਿ ‘ਦੁਨੀਆਂ ਦੀ ਆਖਰੀ ਜੰਗ, ਕਿਸੇ ਮੈਦਾਨ ਵਿਚ ਨਹੀਂ, ਇਕ ਵਾਕ ਦੇ ਅੰਦਰ ਹਾਰੇਗੀ’ 59।
ਬਲਕਾਰ ਸਿੰਘ