ਭਾਜਪਾ ਦਾ ਵੰਦੇ ਮਾਤਰਮ ਪੱਤਾ

ਦੇਸ਼ ਦੀ ਆਜ਼ਾਦੀ ਦੀ ਲੜਾਈ ਸਮੇਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਬੰਕਿਮ ਚੰਦਰ ਚੈਟਰਜੀ ਵਲੋਂ ਲਿਖੇ ਗਏ ਗੀਤ ‘ਵੰਦੇ ਮਾਤਰਮ’ ਨੂੰ ਗਾਉਣ ਸੰਬੰਧੀ ਨੱਬੇ ਵਰ੍ਹੇ ਪਹਿਲਾਂ ਬਣੀ ਆਮ ਸਹਿਮਤੀ ਨੂੰ ਰੱਦ ਕਰ ਕੇ ਭਾਰਤੀ ਜਨਤਾ ਪਾਰਟੀ ਨੇ ਹੁਣ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਵਿਵਾਦ ਇਸ ਦੇਸ਼ ਦੇ ਭਵਿੱਖ ਨੂੰ ਕਿਸ ਦਿਸ਼ਾ ਵਲ ਲੈ ਕੇ ਜਾਵੇਗਾ ਇਸ ਸੰਬੰਧ ਵਿਚ ਸੋਚੀਏ ਤਾਂ ਇਸ ਦੇਸ਼ ਦੇ ਲੋਕਤੰਤਰ ਦੀ ਭਵਿੱਖੀ ਤਸਵੀਰ ਬਹੁਤੀ ਚਮਕਦਾਰ ਨਜ਼ਰ ਨਹੀਂ ਆਉਂਦੀ।

ਇਸ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਗਹਿਗੱਚ ਲੜਾਈ ਨੂੰ ਨਿਹਾਰਨ ਦਾ ਯਤਨ ਕਰੀਏ ਤਾਂ ਸਰਬ ਸਾਂਝੀਵਾਲਤਾ ਦਾ ਗੌਰਵ ਸਾਡੇ ਚਿਹਰਿਆਂ ਦੀ ਚਮਕ ਨੂੰ ਇੱਕ ਦਮ ਨਿਖਾਰ ਦਿੰਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਾਲ 1937 ਵਿਚ ਮਹਾਤਮਾ ਗਾਂਧੀ, ਸਰਦਾਰ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਪੰਡਤ ਜਵਾਹਰ ਲਾਲ ਨਹਿਰੂ ‘ਤੇ ਅਧਾਰਿਤ ਬਣੀ ਇਕ ਕਮੇਟੀ ਨੇ ਆਮ ਸਹਿਮਤੀ ਨਾਲ ਇਸ ਗੀਤ ਦੀ ਭਾਵਨਾ ਦਾ ਪੂਰਾ ਸਨਮਾਨ ਕਰਦਿਆਂ, ਇਸ ਦੇ ਪਹਿਲੇ ਦੋ ਬੰਦਾਂ ਨੂੰ ਹੀ ਗਾਉਣ ਦਾ ਫ਼ੈਸਲਾ ਲਿਆ ਸੀ। ਉਂਝ ਇਸ ਗੀਤ ਦੇ ਛੇ ਬੰਦ ਹਨ, ਜਿਨ੍ਹਾਂ ‘ਚੋਂ ਪਹਿਲੇ ਦੋ ਬੰਦਾਂ ਵਿਚ ਭਾਰਤ ਮਾਤਾ ਦੀ ਉਸਤਤ ਕੀਤੀ ਗਈ ਹੈ ਤੇ ਪਿਛਲੇ ਚਾਰ ਭਾਗਾਂ ਵਿਚ ਦੇਵੀ ਦੁਰਗਾ ਅਤੇ ਸਰਸਵਤੀ ਦਾ ਗੁਣਗਾਣ ਕੀਤਾ ਗਿਆ ਹੈ। ਉਸ ਸਮੇਂ ਇਸ ਪਿਛਲੇ ਚਾਰ ਬੰਦਾਂ ਸੰਬੰਧੀ ਮੁਸਲਿਮ ਭਾਈਚਾਰੇ ਵਲੋਂ ਇਤਰਾਜ਼ ਉਠਾਏ ਗਏ ਸਨ। ਉਸ ਸਮੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦਿਆਂ ਇਕ ਆਮ ਸਹਿਮਤੀ ਬਣਾਉਣ ਲਈ ਇਸ ਦੇ ਦੋ ਬੰਦਾਂ ਨੂੰ ਹੀ ਕੌਮੀ ਗੀਤ ਵਜੋਂ ਪ੍ਰਵਾਨਿਆ ਗਿਆ ਸੀ। ਇਸ ਦੇ ਨਾਲ ਹੀ ਜਨ-ਗਣ-ਮਨ ਨੂੰ ਕੌਮੀ ਗਾਣ ਵਜੋਂ ਮਾਨਤਾ ਦਿੱਤੀ ਗਈ ਸੀ। ਉਦੋਂ ਤੋਂ ਹੀ ਕਾਂਗਰਸ ਦੇ ਸੈਸ਼ਨਾਂ ਵਿਚ ਅਤੇ ਹੋਰ ਹਰ ਤਰ੍ਹਾਂ ‘ਦੇ ਸਮਾਗਮਾਂ ਵਿਚ ਕੌਮੀ ਗਾਣ ਦੇ ਨਾਲ-ਨਾਲ ਇਸ ਕੌਮੀ ਗੀਤ ਦੇ ਦੋ ਬੰਦਾਂ ਨੂੰ ਹੀ ਗਾਇਆ ਜਾਂਦਾ ਰਿਹਾ ਹੈ। ਹੁਣ ਦੀ ਭਾਜਪਾ ਤੇ ਉਸ ਦੇ ਵਡੇਰਿਆਂ ਦਾ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਬਹੁਤਾ ਹਿੱਸਾ ਨਹੀਂ ਸੀ ਰਿਹਾ, ਸਗੋਂ ਉਨ੍ਹਾਂ ਨੇ ਉਸ ਸਮੇਂ ਵੀ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਹੀ ਅਪਣਾਈ ਰੱਖਣ ‘ਚ ਬਿਹਤਰੀ ਸਮਝੀ ਸੀ। ਪਰ ਹੁਣ ਜਦੋਂ ਦੇਸ਼ ਵਿਚ ਭਾਜਪਾ ਦਾ ਬੋਲਬਾਲਾ ਹੈ ਤਾਂ ਇਸ ਨੇ ਆਪਣੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਏਜੰਡਿਆਂ ਨੂੰ ਪੂਰਾ ਕਰਨ ਲਈ ਆਪਣਾ ਜ਼ੋਰ ਲਾਇਆ ਹੋਇਆ ਹੈ। ਇਸੇ ਲਈ ਸੰਸਦ ‘ਚ ਆਪਣੀ ਸਥਿਤੀ ਨੂੰ ਦੇਖਦਿਆਂ ਇਸ ਨੇ ‘ਵੰਦੇ ਮਾਤਰਮ’ ਦਾ ਪੂਰਾ ਗੀਤ ਗਾਉਣ ਲਈ ਕਾਨੂੰਨ ਪਾਸ ਕਰਵਾ ਕੇ ਇਕ ਅਜਿਹਾ ਬੇਲੋੜਾ ਵਿਵਾਦ ਛੇੜ ਦਿੱਤਾ ਹੈ, ਜੋ ਵੱਖ-ਵੱਖ ਫਿਰਕਿਆਂ ਵਿਚ ਨਫ਼ਰਤ ਨੂੰ ਹੋਰ ਭੜਕਾਉਣ ਦਾ ਕਾਰਨ ਬਣ ਸਕਦਾ ਹੈ। ਚਾਹੇ ਭਾਜਪਾ ਕਾਂਗਰਸ ਉੱਤੇ ਆਪਣੇ ਵੋਟ ਬੈਂਕ ਲਈ ਫਿਰਕੂ ਤੁਸ਼ਟੀਕਰਨ ਦੀ ਸਿਆਸਤ ਕਰਨ ਦਾ ਦੋਸ਼ ਲਾ ਰਹੀ ਹੈ, ਪਰ ਆਪਣੀਆਂ ਇਨ੍ਹਾਂ ਕਾਰਵਾਈਆਂ ਨਾਲ ਭਾਰਤੀ ਜਨਤਾ ਪਾਰਟੀ ਖ਼ੁਦ ਦੇਸ਼ ਅੰਦਰ ਫਿਰਕੂ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਲਈ ਬਹੁਗਿਣਤੀ ਹਿੰਦੂ ਵੋਟ ਬੈਂਕ ਨੂੰ ਸਾਧਣ ਦਾ ਯਤਨ ਕਰ ਰਹੀ ਹੈ। ਇਸ ਦੇਸ਼ ‘ਚ 24 ਕਰੋੜ ਮੁਸਲਿਮ ਫ਼ਿਰਕੇ ਦੇ ਲੋਕ ਰਹਿ ਰਹੇ ਹਨ। ਭਾਜਪਾ ਆਪਣੀ ਵੋਟ ਰਾਜਨੀਤੀ ਨੂੰ ਮੁੱਖ ਰੱਖ ਕੇ ਇਸ ਫਿਰਕੇ ਨੂੰ ਬੁਰੀ ਤਰ੍ਹਾਂ ਅਣਗੌਲਿਆਂ ਕਰਦੀ ਹੋਈ ਬਹੁਗਿਣਤੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਵੋਟਰਾਂ ਨੂੰ ਭਾਵੁਕ ਕਰ ਕੇ ਆਪਣੇ ਪੱਖ ‘ਚ ਕਰਨ ਦਾ ਜਜ਼ਬਾਤੀ ਪੱਤਾ ਖੇਡ ਰਹੀ ਹੈ। ਇਹ ਆਜ਼ਾਦੀ ਲਈ ਚੱਲੇ ਸਾਂਝੇ ਸੰਘਰਸ਼, ਜਿਸ ਵਿਚ ਦੇਸ਼ ਵਾਸੀਆਂ ਦੇ ਵੱਖ-ਵੱਖ ਵਰਗਾਂ ਦੀ ਸਰਗਰਮ ਸ਼ਮੂਲੀਅਤ ਸੀ ਅਤੇ ਇਸ ਤੋਂ ਬਾਅਦ ਅਪਣਾਏ ਗਏ ਜਮਹੂਰੀ ਤੇ ਧਰਮ ਨਿਰਪੱਖ ਸੰਵਿਧਾਨ ਦੇ ਨਾਲ ਦੇਸ਼ ਵਿਚ ਅਜਿਹਾ ਮਾਹੌਲ ਬਣਿਆ ਹੈ, ਜਿਸ ਦੇ ਉਲਟ ਜਾ ਕੇ ਕਿਸੇ ਭਾਈਚਾਰੇ ਜਾਂ ਜਮਾਤ ਵਲੋਂ ਫਿਰਕੂ ਭਾਵਨਾਵਾਂ ਨੂੰ ਅਪਣਾ ਕੇ ਅੱਜ ਵੀ ਦੇਸ਼ ਦੇ ਬਹੁਤੇ ਲੋਕਾਂ ਦੀ ਪ੍ਰਵਾਨਗੀ ਹਾਸਿਲ ਨਹੀਂ ਕੀਤੀ ਜਾ ਸਕਦੀ। ਇਸ ਦੇ ਉਲਟ ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ਆਰਥਿਕ ਨੀਤੀਆਂ ਤੇ ਵਿਕਾਸ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਭਾਵੇਂ ਲੋਕ ਲੁਭਾਉਣੀਆਂ ਵੀ ਹੋਣ ਪਰ ਇਹ ਅੰਤਿਮ ਰੂਪ ਵਿਚ ਦੇਸ਼ ਪੱਖੀ ਸਾਬਿਤ ਨਹੀਂ ਹੋ ਸਕਦੀਆਂ। ਇਸ ਲਈ ਭਾਰਤੀ ਜਨਤਾ ਪਾਰਟੀ ਨੂੰ, ਆਪਣੀਆਂ ਨੀਤੀਆਂ ਦਾ ਆਧਾਰ ਭਾਰਤ ਦੀ ਅਸਲ ਤਸਵੀਰ ਨੂੰ ਸਾਹਮਣੇ ਰੱਖ ਕੇ ਗੁਰਬਤ ਅਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੂਰ ਕਰਨ ਲਈ ਸਫ਼ਲ ਯੋਜਨਾਵਾਂ ਬਣਾ ਕੇ ਦੇਸ਼ ਨੂੰ ਆਧੁਨਿਕ ਸੋਚ ਅਨੁਸਾਰ ਵਿਕਾਸ ਦੇ ਰਾਹ ‘ਤੇ ਤੋਰਨ ਵਾਲਾ ਬਣਾਉਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀਆਂ ਫ਼ਿਰਕੂ ਭਾਵਨਾਵਾਂ ਦਾ ਪਸਾਰ ਆਧੁਨਿਕ ਵਿਕਾਸ ਉੱਪਰ ਕਾਲੇ ਬੱਦਲ ਛਾਉਣ ਵਰਗਾ ਹੈ। ਫਿਰਕਾਪ੍ਰਸਤੀ ਦੇ ਜਜ਼ਬਾਤੀ ਸ਼ੀਸ਼ੇ ਵਿਚੋਂ ਵੇਖਿਆਂ ਦੇਸ਼ ਦੀ ਸਰਬ ਧਰਮ ਸਨਮਾਨ ਵਾਲੀ ਗੌਰਵਮਈ ਚਮਕ ਧੁੰਦਲੀ ਹੁੰਦੀ ਨਜ਼ਰ ਆਏਗੀ। ਇਸ ਪ੍ਰਤੀ ਸੁਚੇਤ ਹੋਣਾ ਬੇਹੱਦ ਜ਼ਰੂਰੀ ਹੈ।