ਪ੍ਰਧਾਨ ਮੰਤਰੀ ਅਤੇ ‘ਦਿਮਾਗ਼ੀ ਨਕਸਲੀ’

ਦੇਸ਼ ਭਰ ਵਿਚ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13ਵੀਂ ਵਾਰ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ ਹੈ।

ਉਨ੍ਹਾਂ ਨੇ ਆਪਣੇ ਸੰਬੋਧਨ ਵਿਚ 2014 ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਆਪਣੇ ਦੋ ਪਿਛਲੇ ਕਾਰਜਕਾਲਾਂ ਅਤੇ ਵਰਤਮਾਨ ਚੱਲ ਰਹੇ ਕਾਰਜਕਾਲ ਦੀਆਂ ਵੱਡੀਆਂ ਪ੍ਰਾਪਤੀਆਂ ਗਿਣਾਈਆਂ ਅਤੇ 2047 ਤੱਕ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦੀ ਯੋਜਨਾ ਦੀ ਰੂਪ-ਰੇਖਾ ਨੂੰ ਇੱਕ ਵਾਰ ਫਿਰ ਦੁਹਰਾਇਆ। ਪਰ ਸਭ ਤੋਂ ਵੱਧ ਚਰਚਾ ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਉਨ੍ਹਾਂ ਸਤਰਾਂ ਦੀ ਹੋਈ, ਜਿਥੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ‘ਦਿਮਾਗ਼ੀ ਨਕਸਲੀਆਂ’ ਤੋਂ ਸੁਚੇਤ ਰਹਿਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ‘ਹਥਿਆਰੀ ਨਕਸਲੀ’ ਸਮਾਪਤ ਕਰ ਦਿੱਤੇ ਹਨ ਪਰ ‘ਦਿਮਾਗ਼ੀ ਨਕਸਲੀ’ ਅਜੇ ਬਾਕੀ ਹਨ। ਜਿਨ੍ਹਾਂ ਤੋਂ ਦੇਸ਼ ਨੂੰ ਖਤਰਾ ਹੈ। ਇਨ੍ਹਾਂ ‘ਦਿਮਾਗ਼ੀ ਨਕਸਲੀਆਂ’ ਉਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ।’
ਪ੍ਰਧਾਨ ਮੰਤਰੀ ਦੇ ਇਸ ਬਿਆਨ ਉਤੇ ਵਿਰੋਧੀ ਆਗੂਆਂ ਦੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਹੋਈ। ਕਾਂਗਰਸੀ ਆਗੂ ਪੀ. ਚਿਦੰਬਰਮ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਬਹੁਤ ਸਾਰੇ ਆਗੂਆਂ ਨੇ ‘ਮੈਨੂੰ ਦਿਮਾਗ਼ੀ ਨਕਸਲੀ ਹੋਣ ‘ਤੇ ਮਾਣ ਹੈ’ ਵਰਗੇ ਬਿਆਨ ਦੇ ਕੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਨਾਲ ਸਰਕਾਰ ਨੂੰ ਇਹ ਸਫਾਈ ਦੇਣੀ ਪਈ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਆਗੂਆਂ ਨੂੰ ‘ਦਿਮਾਗ਼ੀ ਨਕਸਲੀ’ ਨਹੀਂ ਕਿਹਾ। ਉਨ੍ਹਾਂ ਨੇ ਸਿਰਫ਼ ਮਾਓਵਾਦੀਆਂ ਅਤੇ ਧਾਰਾ 370 ਦਾ ਵਿਰੋਧ ਕਰਨ ਵਾਲਿਆਂ ਨੂੰ ‘ਦਿਮਾਗ਼ੀ ਨਕਸਲੀ’ ਕਿਹਾ ਹੈ। ਵਿਰੋਧੀ ਧਿਰ ਇਹ ਵੀ ਯਾਦ ਕਰਾ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਸਾਨਾਂ ਨੂੰ ‘ਅੰਦੋਲਨਜੀਵੀ’ ਕਿਹਾ ਸੀ। ਦੇਸ਼ ਵਿਚ ਨੌਜਵਾਨਾਂ ਵਲੋਂ ਵਿਢੇ ਗਏ ਸੰਘਰਸ਼ਾਂ ਤੋਂ ਘਬਰਾ ਕੇ ਕੇਂਦਰ ਸਰਕਾਰ ਕੁਝ ਸਕਤੇ ਵਿਚ ਆ ਗਈ ਪ੍ਰਤੀਤ ਹੁੰਦੀ ਹੈ। ਇਸੇ ਕਰਕੇ ਪ੍ਰਧਾਨ ਮੰਤਰੀ ਨੂੰ ਅਜੇਹੇ ਬਿਆਨ ਦੇਣੇ ਪੈ ਰਹੇ ਹਨ ਅਤੇ ਆਪਣੀਆਂ ਬਾਰਾਂ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਣੀਆਂ ਪੈ ਰਹੀਆਂ ਹਨ।
ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ 2014 ਤੋਂ ਪਹਿਲਾਂ ਦੇਸ਼ ਧੀਮੀ ਰਫ਼ਤਾਰ ਨਾਲ ਤਰੱਕੀ ਕਰ ਰਿਹਾ ਸੀ, ਪਰ 2014 ਤੋਂ ਬਾਅਦ ਦੇਸ਼ ਦੇ ਵਿਕਾਸ ਦੀ ਰਫ਼ਤਾਰ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ ਹੋਈ ਹੈ। ਮਿਸਾਲ ਦੇ ਤੌਰ ‘ਤੇ ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਸਿਰਫ਼ 70 ਸ਼ਹਿਰਾਂ ਨੂੰ ਹੀ ਪਾਈਪ ਰਾਹੀਂ ਗੈਸ ਸਪਲਾਈ ਕੀਤੀ ਜਾਂਦੀ ਸੀ, ਹੁਣ 700 ਸ਼ਹਿਰਾਂ ਨੂੰ ਗੈਸ ਪਾਈਪ ਲਾਈਨ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਲਰ ਊਰਜਾ ਦਾ ਉਤਪਾਦਨ 106 ਗੀਗਾ ਵਾਟ ਤੱਕ ਵਧ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 90 ਸਾਲਾਂ ਵਿਚ ਰੇਲਵੇ ਨੈੱਟਵਰਕ ਦਾ ਸਿਰਫ਼ 30 ਫ਼ੀਸਦੀ ਬਿਜਲੀਕਰਨ ਹੋਇਆ ਸੀ, ਜਦੋਂ ਕਿ ਹੁਣ ਇਹ 100 ਫ਼ੀਸਦੀ ਹੋ ਚੁੱਕਾ ਹੈ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਪੱਧਰ ‘ਤੇ ਭਾਰਤ ਦੇ ਵਧ ਰਹੇ ਵਪਾਰਕ ਰਿਸ਼ਤਿਆਂ ਦੀ ਚਰਚਾ ਕਰਦਿਆਂ ਕਿਹਾ ਕਿ ਹੁਣ ਤੱਕ 40 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਹੋ ਚੁੱਕੇ ਹਨ। ਸਾਇੰਸ ਤਕਨਾਲੌਜੀ ਤੇ ਹੋਰ ਤਕਨੀਕੀ ਖੇਤਰਾਂ ਵਿਚ ਵੀ ਭਾਰਤ ਨੇ ਚੋਖਾ ਵਿਕਾਸ ਕੀਤਾ ਹੈ। 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਲਈ ਉਨ੍ਹਾਂ ਨੇ 7 ਮਹੱਤਵਪੂਰਨ ਖੇਤਰਾਂ ਦੇ ਵਿਕਾਸ ‘ਤੇ ਜ਼ੋਰ ਦਿੰਦਿਆਂ (ਸਪਤਧਾਰਾ) ਦੇ ਨਾਂਅ ਦਾ ਸੱਤ ਨੁਕਤਿਆਂ ‘ਤੇ ਆਧਾਰਿਤ ਸੂਤਰ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਿਰਮਾਣ, ਬਿਜਲੀ ਉਤਪਾਦਨ, ਡਿਜ਼ਾਈਨਿੰਗ, ਸਪਲਾਈ ਲੜੀ, ਆਦਿ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ ਅਤੇ ਭਾਰਤ ਨੂੰ ਦੁਨੀਆ ਦੀ ਸਪਲਾਈ ਲੜੀ ਦਾ ਕੇਂਦਰ ਬਣਾਉਣ ਦੀ ਜ਼ਰੂਰਤ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨੂੰ ਦੇਸ਼-ਵਿਦੇਸ਼ ਵਿਚ ਮਾਣ ਦਿਵਾਉਣ ਵਾਲੇ ਖੇਤਰਾਂ (ਸਾਫਟ ਪਾਵਰ) ਜਿਵੇਂ ਕਿ ਯੋਗਾ, ਰੂਹਾਨੀ ਕੇਂਦਰਾਂ, ਸਿਹਤ ਸੇਵਾਵਾਂ ਦੇ ਸਿਸਟਮ, ਮਨੋਰੰਜਨ, ਸੈਰ ਸਪਾਟਾ ਆਦਿ ਦੇ ਖੇਤਰਾਂ ਨੂੰ ਵੀ ਅਹਿਮੀਅਤ ਦੇਣੀ ਪਵੇਗੀ। ਪ੍ਰਧਾਨ ਮੰਤਰੀ ਨੇ ਆਪਣੇ 76 ਮਿੰਟ ਦੇ ਭਾਸ਼ਣ ਵਿਚ 27 ਮਿੰਟ ਤੱਕ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਸੰਬੰਧੀ ਆਪਣੀ ਪ੍ਰਤੀਬੱਧਤਾ ਸੰਬੰਧੀ ਵਿਚਾਰ ਪੇਸ਼ ਕੀਤੇ। ਪ੍ਰਧਾਨ ਮੰਤਰੀ ਦੇ ਇਸ ਭਾਸ਼ਣ ‘ਤੇ ਪਿਛਲੇ ਦਿਨੀਂ ਜੰਤਰ-ਮੰਤਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਨੌਜਵਾਨਾਂ (ਜੈੱਨ-ਜ਼ੀ) ਵਲੋਂ ਆਪਣੇ ਮਸਲਿਆਂ ਨੂੰ ਲੈ ਕੇ ਕੀਤੇ ਗਏ ਅੰਦੋਲਨਾਂ ਦਾ ਪ੍ਰਭਾਵ ਸਪੱਸ਼ਟ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਵਾਰ-ਵਾਰ ਭਾਸ਼ਣ ਵਿਚ ਨੌਜਵਾਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਨੂੰ ਨੌਜਵਾਨਾਂ ਦੇ ਵਿਕਾਸ ਨਾਲ ਜੋੜਨ ਦੀ ਲੋੜ ਹੈ। ਨੌਜਵਾਨਾਂ ਲਈ ਵਿਸ਼ੇਸ਼ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਕ ਕਰੋੜ ਨੌਜਵਾਨਾਂ ਨੂੰ ਏ.ਆਈ. ਦੀ ਤਕਨੀਕ ਸੰਬੰਧੀ ਸਿੱਖਿਆ ਦੇਣ ਅਤੇ ਵੱਖ-ਵੱਖ ਦਾਖ਼ਲਾ ਪ੍ਰੀਖਿਆਵਾਂ ਦੀ ਆਨਲਾਈਨ ਕੋਚਿੰਗ ਮੁਹੱਈਆ ਕਰਨ ਲਈ ਕਦਮ ਚੁੱਕੇ ਜਾਣਗੇ, ਤਾਂ ਜੋ ਨੌਜਵਾਨ ਆਪਣੇ ਪਿੰਡਾਂ ਤੇ ਸ਼ਹਿਰਾਂ ਵਿਚ ਰਹਿ ਕੇ ਆਨਲਾਈਨ ਕੋਚਿੰਗ ਹਾਸਿਲ ਕਰ ਕੇ ਮੁਕਾਬਲੇ ਦੇ ਦਾਖ਼ਲਾ ਇਮਤਿਹਾਨਾਂ ਦੀ ਤਿਆਰੀ ਕਰ ਸਕਣ।
ਵਿਰੋਧੀ ਧਿਰ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਥਾਂ ‘ਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਾਰ ਲਾਲ ਕਿਲ੍ਹੇ ‘ਤੇ ਹੋਏ ਸਮਾਰੋਹ ਦੀ ਇਕ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਪਹਿਲੀ ਵਾਰ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਇਆ ਗਿਆ। ਪਿਛਲੀ ਵਾਰ ਦੀ ਤਰ੍ਹਾਂ ਹੀ ਕਾਂਗਰਸ ਦੇ ਪ੍ਰਧਾਨ ਮਲਿਕਅਰਜਨ ਖੜਗੇ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਇਸ ਵਾਰ ਵੀ ਇਸ ਸਮਾਗਮ ਵਿਚੋਂ ਗੈਰ-ਹਾਜ਼ਰ ਰਹੇ। ਇਹ ਦੇਸ਼ ਦੇ ਲੋਕਤੰਤਰ ਲਈ ਸ਼ੁਭ ਸ਼ਗਨ ਨਹੀਂ ਹੈ।