ਗੁਲਜ਼ਾਰ ਸਿੰਘ ਸੰਧੂ
ਸੀਮਾ ਪਾਰ ਦੇ ਲਾਹੌਰ ਵਿਚ ਮੇਰਾ ਇਕ ਧਰਮ ਪੁੱਤ ਰਹਿੰਦਾ ਹੈ – ਅਮਾਨਤ ਗਿੱਲ ਮੁਸਾਫਰ| ਉਹ ਮੈਨੂੰ ਬਾਪੂ ਜੀ ਕਹਿੰਦਾ ਹੈ| ਕਿਸੇ ਨਾ ਕਿਸੇ ਵਿਧ ਆਪਣੀ ਖਬਰ ਸਾਰ ਮੈਨੂੰ ਪਹੁੰਚਦੀ ਕਰਕੇ ਮੇਰੀ ਪੁੱਛਦਾ ਰਹਿੰਦਾ ਹੈ|
ਮੈਂ 92 ਸਾਲ ਦਾ ਹੋਇਆ ਹਾਂ ਪਰ ਉਸਦੀ ਨਵੀਂ ਲਿਖਤ ਤੋਂ ਜਾਪਦਾ ਹੈ ਕਿ ਮੇਰੇ ਨਾਲੋਂ ਬੁਢਾ ਹੋਣ ਦੀ ਦੌੜ ਵਿਚ ਹੈ|
ਪੇਸ਼ ਹਨ ਕੁਝ ਅੰਸ਼: ‘‘ਇਨਸਾਨ ਦੀ ਜ਼ਿੰਦਗੀ ਦਾ ਹਰ ਦੌਰ ਆਪਣੀ ਅਹਿਮੀਅਤ ਰੱਖਦਾ ਹੈ, ਪਰ ਬੁਢਾਪਾ ਉਹ ਮਰਹਲਾ ਹੈ ਜਿੱਥੇ ਦੌਲਤ ਤੋਂ ਵੱਧ ਮੁਹੱਬਤ, ਤਾਕਤ ਤੋਂ ਵੱਧ ਸਹਾਰਾ ਅਤੇ ਸ਼ੋਹਰਤ ਤੋਂ ਵੱਧ ਆਪਣੇਪਣ ਦੀ ਲੋੜ ਹੁੰਦੀ ਹੈ| ਇਸ ਉਮਰ ਵਿਚ ਜੇ ਆਪਣੇ ਹੀ ਬੇਗਾਨੇ ਹੋ ਜਾਣ, ਇੱਜ਼ਤ ਦੀ ਥਾਂ ਬੇਰੁਖ਼ੀ ਮਿਲੇ ਅਤੇ ਤਵੱਜੋ ਦੀ ਥਾਂ ਤਨਹਾਈ ਨਸੀਬ ਹੋਵੇ, ਤਾਂ ਜ਼ਿੰਦਗੀ ਦੋਜ਼ਖ ਦਾ ਰੂਪ ਧਾਰ ਲੈਂਦੀ ਹੈ|
‘‘ਹਰ ਇਨਸਾਨ ਆਪਣੀ ਜਵਾਨੀ ਦੇ ਸੁਨਹਿਰੀ ਸਾਲ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਮਰਪਿਤ ਕਰਦਾ ਹੈ| ਉਹ ਆਪਣੀਆਂ ਖ਼ਾਹਿਸ਼ਾਂ ਨੂੰ ਕੁਰਬਾਨ ਕਰਦਾ, ਰਾਤਾਂ ਜਾਗਦਾ, ਮੁਸ਼ਕਲਾਂ ਸਹਾਰਦਾ ਅਤੇ ਹਰ ਦੁੱਖ ਹੱਸ ਕੇ ਝੱਲਦਾ ਹੈ| ਉਸ ਦੀ ਹਰ ਮਿਹਨਤ ਦੇ ਪਿੱਛੇ ਸਿਰਫ਼ ਇੱਕ ਸੁਪਨਾ ਹੁੰਦਾ ਹੈ ਕਿ ਉਮਰ ਦੇ ਆਖ਼ਰੀ ਹਿੱਸੇ ਵਿਚ ਉਸ ਦੀ ਔਲਾਦ ਉਸ ਦਾ ਸਹਾਰਾ ਬਣੇਗੀ| ਪਰ ਬਦਲਦੇ ਸਮਾਜਿਕ ਰੁਝਾਨਾਂ, ਮਾਦਾਪ੍ਰਸਤੀ, ਰੁੱਝੀ ਹੋਈ ਜ਼ਿੰਦਗੀ ਅਤੇ ਖ਼ੁਦਗਰਜ਼ੀ ਨੇ ਕਈ ਪਰਿਵਾਰਾਂ ਵਿਚ ਇਹ ਸੁਪਨਾ ਚਕਨਾਚੂਰ ਕਰ ਦਿੱਤਾ ਹੈ| ਨਤੀਜਾ ਇਹ ਨਿਕਲਦਾ ਹੈ ਕਿ ਜਿਨ੍ਹਾਂ ਮਾਪਿਆਂ ਨੇ ਘਰ ਵਸਾਏ, ਉਹੀ ਆਪਣੇ ਘਰਾਂ ਵਿਚ ਅਨਜਬੀ ਬਣ ਕੇ ਰਹਿ ਰਹਿ ਜਾਂਦੇ ਹਨ|’’ ਪਤਾ ਨਹੀਂ ਕਿਉਂ ਗਿੱਲ ਜਵਾਨੀ ਵਿਚ ਹੀ ਅਜਿਹਾ ਡਰ ਭੋਗਣ ਲਗ ਪਿਆ ਹੈ| ਹੋਰ ਪੜ੍ਹੋ:
‘‘ਜਿਹੜਾ ਸਮਾਜ ਆਪਣੇ ਬਜ਼ੁਰਗਾਂ ਨੂੰ ਬੋਝ ਸਮਝਣਾ ਸ਼ੁਰੂ ਕਰ ਦਿੰਦਾ ਹੈ, ਉਹ ਦਰਅਸਲ ਆਪਣੀਆਂ ਤਹਜ਼ੀਬੀ ਬੁਨਿਆਦਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੰਦਾ ਹੈ| ਅੱਜ ਦੇ ਦੌਰ ਵਿਚ ਓਲਡ ਹੋਮਾਂ ਦੀ ਗਿਣਤੀ ਵਧ ਰਹੀ ਹੈ| ਇਹ ਪਰਿਵਾਰਕ ਪ੍ਰਣਾਲੀ ਦੇ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ| ਹੋ ਸਕਦਾ ਹੈ ਉੱਥੇ ਇਲਾਜ, ਆਰਾਮ ਅਤੇ ਸਹੂਲਤਾਂ ਮੌਜੂਦ ਹੋਣ, ਪਰ ਔਲਾਦ ਦਾ ਪਿਆਰ, ਪੋਤੇ-ਪੋਤੀਆਂ ਦੀ ਹਾਸੀ ਅਤੇ ਆਪਣੇ ਘਰ ਦੀ ਆਪਣੀ ਗਰਮਾਹਟ ਦਾ ਕੋਈ ਬਦਲ ਨਹੀਂ| ਇਨਸਾਨ ਦੀ ਵੱਡੀ ਭੁੱਖ ਰੋਟੀ ਦੀ ਨਹੀਂ, ਸਗੋਂ ਤਵੱਜੋ, ਅਤੇ ਆਪਣੇਪਣ ਦੀ ਹੁੰਦੀ ਹੈ|
‘‘ਯਾਦ ਰੱਖਣਾ ਚਾਹੀਦਾ ਹੈ ਕਿ ਬੁਢਾਪਾ ਕਿਸੇ ਇੱਕ ਵਿਅਕਤੀ ਦਾ ਮੁਕੱਦਰ ਨਹੀਂ, ਸਗੋਂ ਹਰ ਜੀਊਂਦੇ ਇਨਸਾਨ ਦਾ ਭਵਿੱਖ ਹੈ| ਅੱਜ ਜਿਹੜਾ ਜਵਾਨ ਹੈ, ਕੱਲ੍ਹ ਉਸ ਦੇ ਵਾਲ ਵੀ ਚਿੱਟੇ ਹੋਣਗੇ, ਕਦਮ ਵੀ ਲੜਖੜਾਉਣਗੇ ਅਤੇ ਉਸ ਦੇ ਦਿਲ ਨੂੰ ਵੀ ਕਿਸੇ ਆਪਣੇ ਦੇ ਦੋ ਪਿਆਰ ਭਰੇ ਬੋਲਾਂ ਦੀ ਲੋੜ ਹੋਵੇਗੀ| ਕੁਦਰਤ ਦਾ ਅਸੂਲ ਬਹੁਤ ਸਾਦਾ ਹੈ: ਜਿਹੜਾ ਬੀਜ ਅਸੀਂ ਅੱਜ ਬੀਜਾਂਗੇ, ਆਉਣ ਵਾਲੇ ਕੱਲ੍ਹ ਉਸਦੀ ਹੀ ਖੱਟੀ ਖਾਵਾਂਗੇ|
ਇਸ ਲਈ ਮਾਪਿਆਂ ਦੀ ਸੇਵਾ ਨੂੰ ਸਿਰਫ਼ ਧਾਰਮਿਕ ਜਾਂ ਅਖਲਾਕੀ ਜ਼ਿੰਮੇਵਾਰੀ ਸਮਝ ਕੇ ਨਿਭਾਉਣਾ ਕਾਫ਼ੀ ਨਹੀਂ, ਸਗੋਂ ਇਸ ਨੂੰ ਆਪਣੀ ਤਹਜ਼ੀਬ ਦਾ ਬੁਨਿਆਦੀ ਅਸੂਲ ਬਣਾਉਣਾ ਹੈ|
ਦੋਜ਼ਖ ਸਿਰਫ਼ ਮਰਨ ਤੋਂ ਬਾਅਦ ਦੀ ਹਕੀਕਤ ਨਹੀਂ, ਉਹ ਲਮ੍ਹਾ ਵੀ ਦੋਜ਼ਖ ਬਣ ਜਾਂਦਾ ਹੈ ਜਦੋਂ ਕੋਈ ਬੁੱਢਾ ਪਿਉ ਜਾਂ ਮਾਂ ਆਪਣੇ ਹੀ ਘਰ ਵਿਚ ਆਪਣੇ ਆਪ ਨੂੰ ਬੇਗਾਨਾ, ਬੇਕਦਰਾ ਅਤੇ ਬੇਸਹਾਰਾ ਮਹਿਸੂਸ ਕਰੇ| ਇਸ ਦੋਜ਼ਖ ਨੂੰ ਖ਼ਤਮ ਕਰਨ ਦਾ ਇਕੋ-ਇੱਕ ਰਾਹ ਇਹ ਹੈ ਕਿ ਹਰ ਘਰ ਵਿਚ ਬਜ਼ੁਰਗਾਂ ਨੂੰ ਪਿਆਰ, ਇੱਜ਼ਤ, ਸਮਾਂ ਅਤੇ ਧਿਆਨ ਦਾ ਹੱਕ ਦਿੱਤਾ ਜਾਵੇ|
‘‘ਸਮਾਜ ਦੀ ਤਰੱਕੀ ਉੱਚੀਆਂ ਇਮਾਰਤਾਂ, ਆਧੁਨਿਕ ਤਕਨਾਲੋਜੀ ਜਾਂ ਆਰਥਿਕ ਖ਼ੁਸ਼ਹਾਲੀ ਨਾਲ ਨਹੀਂ ਮਾਪੀ ਜਾਂਦੀ, ਸਗੋਂ ਇਸ ਗੱਲ ਨਾਲ ਮਾਪੀ ਜਾਂਦੀ ਹੈ ਕਿ ਉਹ ਆਪਣੇ ਬਜ਼ੁਰਗਾਂ ਨਾਲ ਕਿਹੋ ਜਿਹਾ ਸਲੂਕ ਕਰਦਾ ਹੈ| ਬਜ਼ੁਰਗਾਂ ਨੂੰ ਸਮਾਂ ਦਿਓ, ਇੱਜ਼ਤ ਦਿਓ ਤੇ ਮੁਹੱਬਤ ਦਿਓ, ਕਿਉਂਕਿ ਉਨ੍ਹਾਂ ਦੀਆਂ ਦੁਆਵਾਂ ਹੀ ਪਰਿਵਾਰ ਦੀ ਅਸਲ ਦੌਲਤ ਤੇ ਬਰਕਤ ਹੁੰਦੀਆਂ ਹਨ|’’
ਮੈਨੂੰ ਬਾਪੂ ਜੀ ਕਹਿਣ ਵਾਲਿਆ ਤੇਰੀ ਚਿੰਤਾ ਗੌਰਤਲਬ ਹੈ, ਪੁੱਤਰਾ| ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜ਼ਮਾਨਾ ਬਦਲ ਰਿਹਾ ਹੈ| ਤੁਹਾਡੇ ਬੱਚਿਆਂ ਨੇ ਜ਼ਮਾਨੇ ਦੀ ਪੈੜ ਨਪਣੀ ਹੈ| ਜੇ ਤੁਸੀਂ ਉਨ੍ਹਾਂ ਨੂੰ ਪੈਦਾ ਕੀਤਾ ਹੈ ਤਾਂ ਉਨ੍ਹਾਂ ਤੋਂ ਬਹੁਤੀਆਂ ਆਸਾਂ ਨਾ ਮੰਗੋ| ਹੋ ਸਕੋ ਤਾਂ ਘੱਟ ਬੱਚੇ ਪੈਦਾ ਕਰੋ ਤੇ ਉਨ੍ਹਾਂ ਨੂੰ ਆਪਣੇ ਰਸਤੇ ਜਾਣ ਦਿਓ| ਉਨ੍ਹਾਂ ਨੂੰ ਸਮੇਂ ਦਾ ਚਾਨਣ ਮਾਨਣ ਦਿਓ ਤੇ ਆਪਣੇ ਆਪ ਲਈ ਕੋਈ ਰੁਝਾਵਾਂ ਲਭੋ| ਜੇ ਹੋਰ ਨਹੀਂ ਤਾਂ ਆਪਣੇ ਹਾਣੀਆਂ ਨਾਲ ਤਾਸ਼ ਹੀ ਖੇਡੋ| ਚਿੰਤਾ ਨਾ ਕਰੋ|
ਉਲਟਾ ਪੈ ਗਿਆ ਜੀਣਾ ਪਹਾੜਾਂ ਦਾ ਜੀਣਾ
ਇੱਕ ਮਿੱਤਰ ਦੀ ਸਲਾਹ ਨਾਲ ਮੈਂ ਚੰਡੀਗੜ੍ਹ-ਸ਼ਿਮਲਾ ਮਾਰਗ ਉੱਤੇ ਪੈਂਦੇ ਧਰਮਪੁਰ ਨੇੜੇ ਗਰਮੀਆਂ ਦੇ ਦਿਨ ਕੱਟਣ ਵਾਸਤੇ ਦੋ ਕਮਰੇ ਦਾ ਟਿਕਾਣਾ ਬਣਾਇਆ ਸੀ, ਪਰ ਰਾਸ ਨਹੀਂ ਆਇਆ|
ਹਰ ਸਾਲ ਮੌਨਸੂਨ ਦੌਰਾਨ ਸੜਕਾਂ ਦਾ ਪਾਣੀ ’ਚ ਡੁੱਬਣਾ, ਪਹਾੜ ਖਿਸਕਣਾ (ਲੈਂਡ ਸਲਾਈਡ) ਅਤੇ ਪਿੰਡਾਂ ਦਾ ਮੁੱਖ ਮਾਰਗ ਨਾਲੋਂ ਟੁੱਟ ਜਾਣਾ ਆਮ ਜਿਹੀਆਂ ਗੱਲਾਂ ਬਣ ਗਈਆਂ ਹਨ, ਨਾਲ ਹੀ ਇੱਕ ਹੋਰ ਸੰਕਟ ਜੋ ਭਾਵੇਂ ਚੁੱਪਚਾਪ ਆਉਂਦਾ ਹੈ ਪਰ ਓਨਾ ਹੀ ਖ਼ਤਰਨਾਕ ਹੁੰਦਾ ਹੈ| ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪਸਾਰਾ ਹੋ ਗਿਆ ਹੈ| ਇਸ ਤੋਂ ਇਲਾਵਾ ਸ਼ਿਮਲਾ ਵਿਚ ਪੀਲੀਏ, ਦਸਤ, ਹੈਜੇ ਅਤੇ ਟਾਈਫਾਈਡ ਨੂੰ ਲੈ ਕੇ ਜਾਰੀ ਕੀਤੀ ਗਈ ਸਿਹਤ ਚੇਤਾਵਨੀ ਨੂੰ ਮਹਿਜ਼ ਮੌਸਮੀ ਪ੍ਰੇਸ਼ਾਨੀ ਨਹੀਂ ਸਗੋਂ ਜਨਤਕ ਸਿਹਤ ਲਈ ਇੱਕ ਫ਼ੌਰੀ ਅਤੇ ਗੰਭੀਰ ਖ਼ਤਰਾ ਸਮਝਣਾ ਚਾਹੀਦਾ ਹੈ| ਭਾਰੀ ਮੀਂਹ ਨੇ ਪੂਰੇ ਹਿਮਾਚਲ ਪ੍ਰਦੇਸ਼ ਵਿੱਚ ਸੜਕਾਂ, ਬਿਜਲੀ ਅਤੇ ਪਾਣੀ ਦੀ ਸਪਲਾਈ ਨੂੰ ਤਹਿਸ-ਨਹਿਸ ਕਰ ਦਿੱਤਾ ਹੈ| ਪਹਾੜ ਖਿਸਕਣ ਅਤੇ ਪਾਣੀ ਦੀਆਂ ਪਾਈਪਲਾਈਨਾਂ ਟੁੱਟਣ ਕਾਰਨ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਚਲਣ ਦਾ ਡਰ ਕਈ ਗੁਣਾਂ ਵਧ ਗਿਆ ਹੈ| ਇਹ ਬਿਮਾਰੀ ਫੈਲਾਉਣ ਵਾਲੇ ਕਿਟਾਣੂਆਂ ਨੂੰ ਵਧਣ-ਫੁੱਲਣ ਲਈ ਅਨੁਕੂਲ ਮਾਹੌਲ ਮਿਲ ਜਾਂਦਾ ਹੈ| ਅਜਿਹੇ ਨਾਜ਼ੁਕ ਹਾਲਾਤ ਵਿੱਚ ਮਾਸੂਮ ਬੱਚੇ, ਬਜ਼ੁਰਗ ਅਤੇ ਦੂਰ-ਦੁਰਾਡੇ ਪਹਾੜੀ ਪਿੰਡਾਂ ਵਿੱਚ ਵੱਸਦੇ ਲੋਕ ਇਸ ਮਾਰ ਦਾ ਸਭ ਤੋਂ ਵੱਡਾ ਸ਼ਿਕਾਰ ਬਣਦੇ ਹਨ|
ਪ੍ਰਸ਼ਾਸਨ ਨੇ ਪਾਣੀ ਦੇ ਸਰੋਤਾਂ ਦੀ ਜਾਂਚ ਕਰਨ, ਪਾਈਪਲਾਈਨਾਂ ਦਾ ਮੁਆਇਨਾ ਕਰਨ ਅਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਉਬਾਲ ਕੇ ਵਰਤਣ ਦੀ ਸਲਾਹ ਦੇਣ ਦਾ ਸਹੀ ਕਦਮ ਚੁੱਕਿਆ ਹੈ| ਪਰ ਇਹ ਉਪਰਾਲੇ ਲੰਬੇ ਸਮੇਂ ਲਈ ਦੇ ਮਜ਼ਬੂਤ ਅਤੇ ਟਿਕਾਊ ਬੁਨਿਆਦੀ ਢਾਂਚੇ ਵਿੱਚ ਵੱਡੇ ਨਿਵੇਸ਼ ਦਾ ਬਦਲ ਨਹੀਂ ਹੋ ਸਕਦੇ|
ਪੀਣ ਵਾਲਾ ਪਾਣੀ, ਸਾਫ਼-ਸਫ਼ਾਈ, ਪੌਸ਼ਟਿਕ ਖ਼ੁਰਾਕ ਅਤੇ ਲੋਕਾਂ ਵਿੱਚ ਜਾਗਰੂਕਤਾ, ਇਹ ਸਾਰੇ ਸਿਹਤ ਸੰਭਾਲ ਦੇ ਅਨਿੱਖੜਵੇਂ ਅੰਗ ਹਨ| ਸਥਾਨਕ ਸਰਕਾਰਾਂ, ਪਾਣੀ ਦੀ ਸਪਲਾਈ ਕਰਨ ਵਾਲੇ ਅਦਾਰੇ, ਆਫ਼ਤ ਪ੍ਰਬੰਧਨ ਏਜੰਸੀਆਂ ਅਤੇ ਸਿਹਤ ਵਿਭਾਗ ਨੂੰ ਇੱਕ-ਦੂਜੇ ਨਾਲ ਰਲ ਕੇ ਕੰਮ ਕਰਨਾ ਚਾਹੀਦਾ ਹੈ, ਖ਼ਾਸਕਰ ਬਰਸਾਤ ਦੇ ਦਿਨਾਂ ਵਿੱਚ ਜਦੋਂ ਪਾਣੀ ਦੀ ਸਪਲਾਈ ਵਿੱਚ ਹਰ ਇੱਕ ਵਿਘਨ ਜਨਤਕ ਸਿਹਤ ਲਈ ਇੱਕ ਵੱਡੀ ਐਮਰਜੈਂਸੀ ਬਣ ਸਕਦਾ ਹੈ| ਆਮ ਨਾਗਰਿਕਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਕੁੱਝ ਸਾਵਧਾਨੀਆਂ ਜਿਵੇਂ ਪਾਣੀ ਉਬਾਲ ਕੇ ਪੀਣਾ, ਹੱਥਾਂ ਦੀ ਸਫ਼ਾਈ ਰੱਖਣਾ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣਾ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ| ਵੇਖੋ ਕੀ ਬਣਦਾ ਹੈ!
ਪੰਜ ਭਾਸ਼ੀ ਕਵੀ ਦਰਬਾਰ
12 ਅਗਸਤ 2026 ਵਾਲੇ ਦਿਨ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਇੱਕ ਨਿਵੇਕਲਾ ਕਵੀ ਦਰਬਾਰ ਰਚਾਇਆ ਜਿਸ ਵਿੱਚ ਪੰਜਾਬੀ, ਹਿੰਦੀ, ਉਰਦੂ ਭਾਸ਼ਾ ਦੇ ਕਵੀਆਂ ਨੇ ਰੰਗ ਬੰਨਿ੍ਹਆ| ਫਾਰਸੀ ਦੀ ਥਾਂ ਸੰਸਕ੍ਰਿਤ ਦੀ ਹਾਜ਼ਰੀ ਨੇ ਮੈਨੂੰ ਇਹ ਵੀ ਚੇਤੇ ਕਰਾ ਦਿੱਤਾ ਕਿ ਇਹ ਕਿਉਂ ਹੋਇਆ| ਕੇਵਲ ਇਸ ਲਈ ਕਿ ਪਾਕਿਸਤਾਨ ਦੇ ਹੋਂਦ ਵਿਚ ਆਉਣ ਸਦਕਾ ਫਾਰਸੀ ਉਨ੍ਹਾਂ ਦੀ ਹੋ ਕੇ ਰਹਿ ਗਈ ਹੈ ਕਿ ਨਹੀਂ ਮਾੜੀ ਗੱਲ|
ਅੰਤਿਕਾ
ਉਰਦੂ ਕਾ ਮੁਸਾਫਿਰ ਹੋ ਯਹੀ ਪਹਿਚਾਨ ਹੈ ਇਸਕੀ,
ਜਿਸ ਰਾਹ ਸੇ ਗੁਜ਼ਰਤਾ ਹੈ ਸਲੀਕਾ ਛੋੜ ਜਾਤਾ ਹੈ|
