ਨਵੀਂ ਦਿੱਲੀ:ਅਮਰੀਕਾ ਅਤੇ ਈਰਾਨ ਵਿਚਕਾਰ ਪੱਛਮੀ ਏਸ਼ੀਆ ਵਿਚ ਵਧ ਰਹੇ ਤਣਾਅ ਦੌਰਾਨ ਟਰੰਪ ਪ੍ਰਸ਼ਾਸਨ ‘ਤੇ ਈਰਾਨ ਖ਼ਿਲਾਫ਼ ਪਰਮਾਣੂ ਹਥਿਆਰ ਵਰਤਣ ਦੀ ਤਿਆਰੀ ਦਾ ਸਨਸਨੀਖੇਜ਼ ਦੋਸ਼ ਲੱਗਾ ਹੈ।
ਸਾਬਕਾ ਸੰਸਦ ਮੈਂਬਰ ਅਤੇ ਟਰੰਪ ਸਮਰਥਕ ਮਾਰਜੋਰੀ ਟੇਲਰ ਗਰੀਨ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ‘ਤੇ ਦਾਅਵਾ ਕੀਤਾ ਹੈ ਕਿ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਈਰਾਨ ਖ਼ਿਲਾਫ਼ ਪਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਰਣਨੀਤਕ ਬੈਠਕਾਂ ਕਰ ਰਹੇ ਹਨ। ਹਾਲਾਂਕਿ, ਗਰੀਨ ਨੇ ਆਪਣੇ ਦਾਅਵੇ ਦੇ ਸਮਰਥਨ ਵਿਚ ਕੋਈ ਦਸਤਾਵੇਜ਼ ਜਾਂ ਸਬੂਤ ਪੇਸ਼ ਨਹੀਂ ਕੀਤਾ ਅਤੇ ਨਾ ਹੀ ਕਥਿਤ ਬੈਠਕ ਵਿਚ ਸ਼ਾਮਲ ਅਧਿਕਾਰੀਆਂ ਦੇ ਨਾਂ ਦੱਸੇ ਹਨ। ਦੂਜੇ ਪਾਸੇ, ਹਾਊਤੀ ਬਾਗ਼ੀਆਂ ਨੇ ਸੋਮਵਾਰ ਨੂੰ ਲਾਲ ਸਾਗਰ ਵਿਚ ਦੱਖਣੀ- ਪੱਛਮੀ ਬੰਦਰਗਾਹ ਸ਼ਹਿਰ ਮੇਚਾ ਦੇ ਨੇੜੇ ਸਾਊਦੀ ਫ਼ੌਜੀ ਲੈਂਡਿੰਗ ਜਹਾਜ਼ ਅਤੇ ਚਾਰ ਬਚਾਅ ਕਿਸ਼ਤੀਆਂ ‘ਤੇ ਕਈ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰਨ ਦਾ ਦਾਅਵਾ ਕੀਤਾ। ਕੁਰਦਿਸਤਾਨ ਖੇਤਰੀ ਸਰਕਾਰ ਦੇ ਪ੍ਰਧਾਨ ਮੰਤਰੀ ਦਫ਼ਤਰ ‘ਤੇ ਡ੍ਰੋਨ ਹਮਲੇ ਹੋਏ। ਗਰੀਨ ਨੇ ਇਹ ਵੀ ਦਾਅਵਾ ਕੀਤਾ ਕਿ ਟਰੰਪ ਪ੍ਰਸ਼ਾਸਨ ਅਮਰੀਕੀ ਖੁਫ਼ੀਆ ਏਜੰਸੀਆਂ ਦੇ ਉਨ੍ਹਾਂ ਮੁਲਾਂਕਟਾਂ ਨੂੰ ਨਹੀਂ ਮੰਨ ਰਿਹਾ, ਜਿਨ੍ਹਾਂ ਮੁਤਾਬਕ ਈਰਾਨ ਪਰਮਾਣੂ ਹਥਿਆਰ ਵਿਕਸਤ ਕਰਨ ਦੇ ਕੰਢੇ ‘ਤੇ ਨਹੀਂ ਹੈ। ਉਨ੍ਹਾਂ ਅਨੁਸਾਰ, ਪ੍ਰਸ਼ਾਸਨ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਇਜ਼ਰਾਈਲ ਦੀ ਚਿਤਾਵਨੀ ਨੂੰ ਜ਼ਿਆਦਾ ਮਹੱਤਵ ਦੇ ਰਿਹਾ ਹੈ। ਵਾਈਟ ਹਾਊਸ ਨੇ ਗਰੀਨ ਦੇ ਦਾਅਵੇ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਅਮਰੀਕੀ ਸਰਕਾਰ ਜਾਂ ਰੱਖਿਆ ਅਧਿਕਾਰੀਆਂ ਨੇ ਵੀ ਜਨਤਕ ਤੌਰ ‘ਤੇ ਅਜਿਹੀ ਕਿਸੇ ਯੋਜਨਾ ਦੀ ਪੁਸ਼ਟੀ ਨਹੀਂ ਕੀਤੀ ਹੈ। ਅਮਰੀਕਾ ਤੇ ਈਰਾਨ ਵਿਚਕਾਰ 17. ਜੂਨ ਨੂੰ ਲਾਗੂ ਹੋਏ ਮੁੱਢਲੇ ਸਮਝੌਤੇ ਦੀ 60 ਦਿਨਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ। ਦੋਵੇਂ ਧਿਰਾਂ ਇਸ ਸਮਝੌਤੇ ਨੂੰ ਹੁਣ ਗ਼ੈਰ-ਪ੍ਰਸੰਗਕ ਕਹਿ ਚੁੱਕੀਆਂ ਹਨ। ਅਮਰੀਕਾ ਨੇ ਈਰਾਨ ਨੂੰ ਤੁਰੰਤ ਆਤਮ-ਸਮਰਪਣ ਕਰਨ ਨੂੰ ਕਿਹਾ ਹੈ, ਜਦਕਿ ਈਰਾਨ ਨੇ ਅਮਰੀਕੀ ਸਮੁੰਦਰੀ ਨਾਕਾਬੰਦੀ ਹਟਾਉਣ ਲਈ ਹਫ਼ਤੇ ਦਾ ਸਮਾਂ ਦਿੱਤਾ ਹੈ।
ਰੇਥਿਅਨ ਨੂੰ ਮਿਲਿਆ 23 ਅਰਬ ਡਾਲਰ ਦਾ ਠੇਕਾ
ਅਮਰੀਕੀ ਨੇਵੀ ਨੇ ਹਥਿਆਰ ਬਣਾਉਣ ਵਾਲੀ ਕੰਪਨੀ ਰੇਥਿਅਨ (ਆਰਟੀਐਕਸ) ਨੂੰ ਟਾਮਹਾਕ ਕਰੂਜ਼ ਮਿਜ਼ਾਈਲਾਂ ਦਾ ਉਤਪਾਦਨ ਵਧਾਉਣ ਲਈ 22.9 ਅਰਬ ਦਾ ਠੇਕਾ ਦਿੱਤਾ ਹੈ। ਨੇਵੀ ਦੇ ਕਾਰਜਵਾਹਕ ਸਕੱਤਰ ਹੰਗ ਕਾਓ ਨੇ ਐਕਸ ‘ਤੇ ਇਕ ਪੋਸਟ ਵਿਚ ਇਸ ਦੀ ਪੁਸ਼ਟੀ ਕੀਤੀ। ਓਧਰ, ਆਰਟੀਐਕਸ ਨੇ ਬਿਆਨ ਦਿੱਤਾ ਕਿ ਇਹ ਸੌਦਾ ਸੱਤ ਸਾਲਾਂ ਲਈ ਹੋਵੇਗਾ। ਇਸ ਨਾਲ ਟਾਮਹਾਕ ਮਿਜ਼ਾਈਲਾਂ ਦਾ ਉਤਪਾਦਨ ਸਾਲਾਨਾ 60 ਤੋਂ ਵਧ ਕੇ 1000 ਹੋ ਜਾਵੇਗਾ।
ਓਮਾਨ ਨੂੰ ਵੀ ਅਮਰੀਕੀ ਰਾਸ਼ਟਰਪਤੀ ਦੀ ਚਿਤਾਵਨੀ
ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਦੌਰਾਨ ਟਰੰਪ ਨੇ ਓਮਾਨ ਨੂੰ ਵੀ ਚਿਤਾਵਨੀ ਦਿੱਤੀ ਹੈ। ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਜੇ ਓਮਾਨ ਅਮਰੀਕਾ ਅਤੇ ਈਰਾਨ ਵਿਚਕਾਰ ਆਉਂਦਾ ਹੈ ਤਾਂ ਉਸ ਨੂੰ ਭਾਰੀ ਬੰਬਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਲ ਜਜ਼ੀਰਾ ਅਨੁਸਾਰ, ਈਰਾਨ ਨਾਲ ਗੱਲਬਾਤ ਨੂੰ ਲੈ ਕੇ ਪੁੱਛੇ ਜਾਣ ‘ਤੇ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨੀ ਇਨਕਲਾਬੀ ਗਾਰਡਜ਼ (ਆਈਆਰਜੀਸੀ) ਨਾਲ ਗੱਲਬਾਤ ਚੱਲ ਰਹੀ ਹੈ।
ਹਾਲਾਂਕਿ, ਆਈਆਰਜੀਸੀ ਨੇ ਟਰੰਪ ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਹੈ। ਉਸ ਦੇ ਤਰਜਮਾਨ ਬ੍ਰਿਗੇਡੀਅਰ ਜਨਰਲ ਹੋਸੈਨ ਮੋਹੰਮਦੀ ਨੇ ਕਿਹਾ ਕਿ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਉਨ੍ਹਾਂ ਨੇ ਟਰੰਪ ਦੇ ਦਾਅਵੇ ਨੂੰ ਯੁੱਧ ਵਿਚ ਹਾਰ ਅਤੇ ਨਿਰਾਸ਼ਾ ਤੋਂ ਉਪਜਿਆ ਭਰਮ ਦੱਸਿਆ।
ਈਰਾਨ ਦਾ 200 ਤੋਂ ਵੱਧ ਜਹਾਜ਼ ਸੁੱਟਣ ਦਾ ਦਾਅਵਾ
ਅਲ ਜਜ਼ੀਰਾ ਮੁਤਾਬਕ, ਆਈਆਰਜੀਸੀ ਦੇ ਡਿਪਟੀ ਕਮਾਂਡਰ ਇਨ ਚੀਫ ਮੇਜਰ ਜਨਰਲ ਮੁਸਤਫਾ ਇਜਾਦੀ ਨੇ ਦਾਅਵਾ ਕੀਤਾ ਹੈ ਕਿ ਯੁੱਧ ਦੌਰਾਨ ਈਰਾਨ ਨੇ ਦੁਸ਼ਮਣ ਦੇਸ਼ਾਂ ਦੇ 200 ਤੋਂ ਵੱਧ ਲੜਾਕੂ ਜਹਾਜ਼ ਸੁੱਟ ਲਏ ਹਨ। ਉਨ੍ਹਾਂ ਕਿਹਾ ਕਿ ਯੁੱਧ ਨੇ ਈਰਾਨ ਨੂੰ ਬਦਲ ਦਿੱਤਾ ਹੈ ਅਤੇ ਹੁਣ ਉਹ ਪਹਿਲਾਂ ਤੋਂ ਵੱਧ ਤਾਕਤਵਰ ਅਤੇ ਦ੍ਰਿੜ੍ਹ ਹੈ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਹੋਰਮੁਜ਼ ‘ਤੇ ਓਮਾਨ ਨਾਲ ਗੱਲਬਾਤ ਜਾਰੀ
ਈਰਾਨ ਨੇ ਕਿਹਾ ਹੈ ਕਿ ਹੋਰਮੁਜ਼ ਜਲਡਮਰੂਮੱਧ ਵਿਚ ਸੁਰੱਖਿਅਤ ਵਣਜ ਸਮੁੰਦਰੀ ਆਵਾਜਾਈ ਲਈ ਓਮਾਨ ਨਾਲ ਗੱਲਬਾਤ ਜਾਰੀ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਗੱਲਬਾਤ ਦਾ ਮਕਸਦ ਤਟੀ ਦੇਸ਼ਾਂ ਦੀ ਪ੍ਰਭੂਸੱਤਾ ਦੇ ਨਾਲ-ਨਾਲ ਜਲਮਾਰਗ ਤੋਂ ਵਣਜ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਗੱਲਬਾਤ ਵਿਚ ਦੇਰੀ ਲਈ ਮਾਮਲੇ ਦੀ ਜਟਿਲਤਾ, ਕਈ ਪੱਖਾਂ ਦੀ ਭਾਗੀਦਾਰੀ ਅਤੇ ਕੁਝ ਪੱਖਾਂ ਦੀਆਂ ਕਥਿਤ ‘ਵਿਨਾਸ਼ਕ ਕੋਸ਼ਿਸ਼ਾਂ’ ਨੂੰ ਜ਼ਿੰਮੇਵਾਰ ਠਹਿਰਾਇਆ।
ਅਮਰੀਕਾ ਮੂਹਰੇ ਰੱਖੀ ਸ਼ਰਤ
ਰਾਇਟਰ ਅਨੁਸਾਰ ਈਰਾਨ ਦੇ ਸੀਨੀਅਰ ਅਧਿਕਾਰੀ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਸਮੁੰਦਰੀ ਨਾਕਾਬੰਦੀ ਹਟਾਉਣ ਦੀ ਸ਼ਰਤਾਂ ਦੀ ਪਾਲਣਾ ਨਾ ਕੀਤੀ ਤਾਂ ਈਰਾਨ ਪ੍ਰਭਾਵਸ਼ਾਲੀ ਫ਼ੌਜੀ ਕਾਰਵਾਈ ਕਰ ਸਕਦਾ ਹੈ। ਅਧਿਕਾਰੀ ਅਨੁਸਾਰ, ਕੂਟਨੀਤਕ ਕੋਸ਼ਿਸ਼ਾਂ ਨਾਕਾਮ ਹੋਣ ਦੀ ਸਥਿਤੀ ਵਿਚ ਈਰਾਨ ਆਪਣੀ ਨੀਤੀ ਨੂੰ ਰੱਖਿਆਤਮਕ ਤੋਂ ਹਮਲਾਵਰ ਰੁਖ ਵੱਲ ਲਿਜਾ ਰਿਹਾ ਹੈ। ਹਾਲੀਆ ਹਫ਼ਤਿਆਂ ‘ਚ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਸ਼ੁਰੂ ਕਰਨ ਦੀਆਂ ਕਈ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਈਰਾਨ ਦਾ ਕਹਿਣਾ ਹੈ ਕਿ ਯੂਐੱਸ ਸ਼ਰਤਾਂ ਦੀ ਪਾਲਣਾ ਕੀਤੇ ਬਿਨਾਂ ਹੋਰਮੁਜ਼ ਖੋਲ੍ਹਣ ਦੀ ਆਸ ਨਹੀਂ ਕਰ ਸਕਦਾ।
