ਆਸ਼ੂਤੋਸ਼
ਹੁਣ ਇਕ ਨਵਾਂ ਸ਼ਬਦ ‘ਦਿਮਾਗੀ ਨਕਸਲ’ ਸਾਹਮਣੇ ਆਇਆ ਹੈ। ਭਾਵੇਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕੀਤਾ ਹੈ ਕਿ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਦੇ ਨਿਸ਼ਾਨੇ ‘ਤੇ ਨਹੀਂ ਹਨ। ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ, ਕੀ ਇਹ ਸ਼ਬਦ ਜੰਤਰ-ਮੰਤਰ ‘ਤੇ ਹੋਏ ਅੰਦੋਲਨ ਦੇ ਸੰਦਰਭ ਵਿਚ ਘੜਿਆ ਗਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਦੀ ਸਰਕਾਰ ਨੇ ਨਕਸਲਵਾਦ ਨੂੰ ਵੱਡੇ ਪੱਧਰ ‘ਤੇ ਖ਼ਤਮ ਕਰ ਦਿੱਤਾ ਹੈ। ਡਾ. ਮਨਮੋਹਨ ਸਿੰਘ ਨੇ ਵੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਕਸਲੀ ਹਿੰਸਾ ਨੂੰ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਦੱਸਿਆ ਸੀ। ਉਨ੍ਹਾਂ ਇਕ ਰਣਨੀਤੀ ਤਿਆਰ ਕਰਕੇ ਉਸ ’ਤੇ ਕੰਮ ਸ਼ੁਰੂ ਕੀਤਾ ਸੀ, ਪਰ ਮੋਦੀ ਸਰਕਾਰ ਨੇ ਉਸ ਰਣਨੀਤੀ ਨੂੰ ਆਖਰੀ ਅੰਜਾਮ ਤੱਕ ਪਹੁੰਚਾਇਆ ਹੈ। ਪ੍ਰਧਾਨ ਮੰਤਰੀ ਮੋਦੀ ਹੁਣ ਕਹਿ ਰਹੇ ਹਨ ਕਿ ਜੰਗਲਾਂ ‘ਚੋਂ ਹਿੰਸਕ ਨਕਸਲ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ, ਪਰ ਦਿਮਾਗੀ ਨਕਸਲੀ ਦੇਸ਼ ਵਿਚ ਹਿੰਸਾ ਤੇ ਅਰਾਜਕਤਾ ਫੈਲਾਉਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ‘ਅਰਬਨ ਨਕਸਲ’ ਮਤਲਬ ਸ਼ਹਿਰੀ ਨਕਸਲੀ ਸ਼ਬਦ ਵਰਤਿਆ ਸੀ। ਉਨ੍ਹਾਂ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਅਰਬਨ ਨਕਸਲੀ ਦੱਸਦਿਆਂ ਇਨ੍ਹਾਂ ਦੀ ਜਗ੍ਹਾ ਜੰਗਲਾਂ ਵਿਚ ਹੋਣ ਬਾਰੇ ਕਿਹਾ ਸੀ। ਦਰਅਸਲ ਆਮ ਆਦਮੀ ਪਾਰਟੀ (ਆਪ) ਨੇ ਉਸ ਸਮੇਂ ਮੋਦੀ ਦੀ ਰਾਜਨੀਤੀ ਨੂੰ ਸਭ ਤੋਂ ਵੱਡੀ ਚੁਣੌਤੀ ਦਿੰਦਿਆਂ ਦਿੱਲੀ ਦੀਆਂ 70 ‘ਚੋਂ 67 ਸੀਟਾਂ ਜਿੱਤ ਕੇ ਮੋਦੀ ਨੂੰ ਉਨ੍ਹਾਂ ਦੀ ਜ਼ਿੰਦਗੀ ਵਿਚ ਸਭ ਤੋਂ ਵੱਡੀ ਹਾਰ ਦਾ ਤੋਹਫਾ ਦਿੱਤਾ ਸੀ। ਇਸ ਲਈ ‘ਆਪ’ ਨੂੰ ਬਦਨਾਮ ਕਰਨ ਲਈ ‘ਸ਼ਹਿਰੀ ਨਕਸਲ ਤੇ ‘ਅਰਾਜਕਤਾਵਾਦੀ’ ਸ਼ਬਦ ਵਰਤੇ ਗਏ ਸਨ।
ਮੈਨੂੰ ਕੋਈ ਸ਼ੱਕ ਨਹੀਂ ਕਿ ਹੁਣ ਦਿਮਾਗੀ ਨਕਸਲ ਸ਼ਬਦ ਕਾਕਰੋਚ ਅੰਦੋਲਨ ਨੂੰ ਬਦਨਾਮ ਕਰਨ ਲਈ ਵਰਤਿਆ ਜਾਵੇਗਾ। ਮੈਨੂੰ ਨਹੀਂ ਪਤਾ ਕਿ ਕਾਕਰੋਚ ਅੰਦੋਲਨ ਦਾ ਕੀ ਬਣੇਗਾ, ਪਰ ਇੰਨਾ ਜ਼ਰੂਰ ਹੈ ਕਿ ਇਸ ਅੰਦੋਲਨ ਨੇ ਮੋਦੀ ਸਰਕਾਰ ਦੇ ਖੌਫ ਤੇ ਡਰ ਦੇ ਸਾਮਰਾਜ ਨੂੰ ਤੋੜ ਕੇ ਹਰ ਘਰ ਵਿਚ ਇਕ ਕਾਕਰੋਚ ਪੈਦਾ ਕਰ ਦਿੱਤਾ ਹੈ। ਇਹ ਕਾਕਰੋਚ ਰਾਜਨੀਤੀ ਦੇ ਘਟੀਆਪਨ ਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਧਰਮਾਂ ਵਿਚਾਲੇ ਨਫ਼ਰਤ ਫੈਲਾਉਣਾ ਪਸੰਦ ਨਹੀਂ ਹੈ, ਉਹ ਇਕ ਅਜਿਹੇ ਦੇਸ਼ ਦੀ ਕਲਪਨਾ ਕਰਦੇ ਹਨ ਜਿੱਥੇ ਲੋਕਾਂ ਨਾਲ ਕਿਸੇ ਧਰਮ, ਜਾਤ, ਲਿੰਗ, ਭਾਸ਼ਾ, ਖੇਤਰ ਆਦਿ ਦੇ ਆਧਾਰ ‘ਤੇ ਕੋਈ ਵਿਤਕਰਾ ਨਾ ਹੋਵੇ। ਉਹ ਵਿਚਾਰਾਂ ਦੀ ਆਜ਼ਾਦੀ ਚਾਹੁੰਦੇ ਹਨ; ਉਨ੍ਹਾਂ ਲਈ ਅਸਹਿਮਤੀ ਨੂੰ ਦਬਾਉਣਾ ਇਕ ਅਪਰਾਧ ਹੈ। ਮੋਦੀ ਸਰਕਾਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਅਜੇ ਵੀ ਪੁਰਾਣੇ ਜ਼ਮਾਨੇ ਦੇ ਵਿਚਾਰਾਂ ਦੀ ਪਾਰਟੀ ਬਣੀ ਹੋਈ ਹੈ, ਜੋ ਲਗਾਤਾਰ ਅਤੀਤ ਤੋਂ ਬਦਲਾ ਲੈਣ ਦੀ ਰਣਨੀਤੀ ਬਣਾਉਂਦੀ ਰਹਿੰਦੀ ਹੈ। ਉਂਝ ਵੀ ਅਤੀਤਜੀਵੀ ਤੋਂ ਭਵਿੱਖ-ਮੁਖੀ ਹੋਣ ਦੀ ਕਲਪਨਾ ਕਰਨਾ ਵਿਅਰਥ ਹੈ। ਅਜਿਹੇ ‘ਚ ਭਾਜਪਾ ਤੇ ਉਸ ਦੀ ਸਰਕਾਰ ਕਾਕਰੋਚ ਅੰਦੋਲਨ ਨੂੰ ਇਸ ਦੇ ਸਹੀ ਸੰਦਰਭ ਵਿਚ ਨਾ ਦੇਖਣ ਦੀ ਗੰਭੀਰ ਗਲਤੀ ਕਰ ਰਹੀ ਹੈ। ਇਸ ਅੰਦੋਲਨ ਦਾ ਜਵਾਬ ਬਦਨਾਮ ਕਰਨ ਵਾਲੀ ਰਣਨੀਤੀ ਨਾਲ ਨਹੀਂ ਦਿੱਤਾ ਜਾ ਸਕਦਾ, ਇਸ ਦਾ ਇਕਮਾਤਰ ਜਵਾਬ ਸਿੱਖਿਆ ਪ੍ਰਣਾਲੀ ‘ਚ ਇਕ ਬੁਨਿਆਦੀ ਤਬਦੀਲੀ ਕਰਨ ‘ਚ ਹੈ। ਲਾਲ ਕਿਲ੍ਹੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਇਹ ਐਲਾਨ ਕਰਕੇ ਵਿਦਿਆਰਥੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਰਕਾਰ ਆਨਲਾਈਨ ਕੋਚਿੰਗ ਸ਼ੁਰੂ ਕਰੇਗੀ। ਉਹ ਭੁੱਲ ਰਹੇ ਹਨ ਕਿ ਕੋਚਿੰਗ ਸੰਸਥਾਵਾਂ ਹੀ ਭਾਰਤੀ ਸਿੱਖਿਆ ਦੀ ਸਭ ਤੋਂ ਵੱਡੀ ਸਮੱਸਿਆ ਹਨ।
ਭਾਰਤੀ ਸਿੱਖਿਆ ਪ੍ਰਣਾਲੀ ਨੂੰ ਬੁਨਿਆਦੀ ਸੁਧਾਰਾਂ ਲਈ 3 ਬੁਨਿਆਦੀ ਉਪਾਵਾਂ ਦੀ ਲੋੜ ਹੈ। ਮਹਿੰਗੀ ਨਹੀਂ, ਸਸਤੀ ਸਿੱਖਿਆ- ਪਿਛਲੇ ਕਈ ਦਹਾਕਿਆਂ ਤੋਂ ਸਿੱਖਿਆ ਦੇ ਸਰਕਾਰੀ ਤੰਤਰ ਤੋਂ ਨਿਕਲ ਕੇ ਨਿੱਜੀ ਹੱਥਾਂ ਵਿਚ ਚਲੇ ਜਾਣ ਨਾਲ ਇਹ ਗਰੀਬਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਗਈ ਹੈ। ਜਿਵੇਂ ਪੁਰਾਣੇ ਜ਼ਮਾਨੇ ‘ਚ ਜਾਤੀ ਵਿਵਸਥਾ ਦੇ ਚਲਦਿਆਂ ਸਿੱਖਿਆ ਸਮਾਜ ਦੇ ਬਹੁਤ ਵੱਡੇ ਗਰੀਬ ਵਰਗ ਤੱਕ ਪਹੁੰਚਯੋਗ ਨਹੀਂ ਸੀ, ਭਾਵੇਂ ਸੰਵਿਧਾਨ ਦੇ ਲਾਗੂ ਹੋਣ ਨਾਲ ਸਿੱਖਿਆ ਜਾਤੀਵਾਦ ਦੇ ਬੰਧਨਾਂ ਤੋਂ ਤਾਂ ਮੁਕਤ ਹੋ ਗਈ ਹੈ, ਪਰ ਸਿੱਖਿਆ ਦੇ ਨਿੱਜੀਕਰਨ ਨੇ ਅਮੀਰ ਤੇ ਗਰੀਬ ਵਿਚਕਾਰ ਇਕ ਨਵਾਂ ਪਾੜਾ ਪੈਦਾ ਕਰਕੇ ਇਕ ਨਵੀਂ ਜਾਤੀ ਵਿਵਸਥਾ ਪੈਦਾ ਕਰ ਦਿੱਤੀ ਹੈ। ਪੈਸੇ ਵਾਲੇ ਅਮੀਰ ਆਪਣੇ ਬੱਚਿਆਂ ਨੂੰ ਮਹਿੰਗੇ ਤੇ ਸਭ ਸਹੂਲਤਾਂ ਨਾਲ ਲੈਸ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਭੇਜ ਕੇ ਉਨ੍ਹਾਂ ਨੂੰ ਸਭ ਵਧੀਆ ਸਿੱਖਿਆ ਦਿਵਾ ਸਕਦੇ ਹਨ। ਪਰ ਗਰੀਬਾਂ ਦੇ ਬੱਚੇ ਉਨ੍ਹਾਂ ਸਕੂਲਾਂ ਵਿਚ ਜਾਣ ਲਈ ਮਜਬੂਰ ਹਨ, ਜਿੱਥੇ ਸਿੱਖਿਆ ਦੇ ਨਾਂਅ ‘ਤੇ ਮਜ਼ਾਕ ਹੋ ਰਿਹਾ ਹੈ। ਇਮਾਰਤਾਂ ਤੇ ਅਧਿਆਪਕਾਂ ਦੀ ਘਾਟ ਵਾਲੇ ਸਕੂਲਾਂ ‘ਚ ਪੜਿਆ ਕੋਈ ਬੱਚਾ ਅਮੀਰਾਂ ਦੇ ਬੱਚਿਆਂ ਨਾਲ ਕਿਵੇਂ ਮੁਕਾਬਲਾ ਕਰ ਸਕਦਾ ਹੈ? ਗਰੀਬ ਪਰਿਵਾਰਾਂ ਦੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਹੀ ਨਹੀਂ ਕਰ ਪਾਉਂਦੇ, ਇਹ ਸਭ ਖ਼ਤਮ ਹੋਣਾ ਚਾਹੀਦਾ ਹੈ। ਅਮੀਰ ਹੋਵੇ ਜਾਂ ਗਰੀਬ ਸਭ ਬੱਚਿਆ ਨੂੰ ਇਕੋ ਪੱਧਰ ‘ਤੇ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ। ਕੋਚਿੰਗ ਸੈਂਟਰ, ਪ੍ਰਾਈਵੇਟ ਟਿਊਸ਼ਨ ਤੇ 5-ਤਾਰਾ ਸਕੂਲ ਬੰਦ ਕਰਕੇ ਅਮੀਰਾਂ ਤੇ ਗਰੀਬਾਂ ਦੇ ਬੱਚਿਆਂ ਲਈ ਇਕੋ ਜਿਹੇ ਸਕੂਲਾਂ ਵਿਚ ਪੜ੍ਹਾਈ ਹੋਣੀ ਚਾਹੀਦੀ ਹੈ। ਅਧਿਆਪਕ ਬਣਨ ਨੂੰ ਇਕ ਵੱਡੇ ਕਰੀਅਰ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਤਨਖਾਹਾਂ ‘ਚ ਤੇਜ਼ੀ ਨਾਲ ਵਾਧਾ ਹੋਣਾ ਚਾਹੀਦਾ ਹੈ। ਜਦੋਂ ਹਰ ਕੋਈ ਇਕੋ ਜਿਹੀ ਸਿੱਖਿਆ ਪ੍ਰਾਪਤ ਕਰੇਗਾ ਤਾਂ ਢੁੱਕਵਾਂ ਮੁਕਾਬਲਾ ਵਧੇਗਾ।
ਤਿੰਨ ਘੰਟਿਆਂ ਦੀ ਪ੍ਰੀਖਿਆ ਨਾਲ ਰਚਨਾਤਮਿਕ ਪ੍ਰਤਿਭਾ ਦੀ ਭਾਲ
ਸਾਡੀ ਸਿੱਖਿਆ ਪ੍ਰਣਾਲੀ ਦੀ ਦੂਜੀ ਸਭ ਤੋਂ ਵੱਡੀ ਸਮੱਸਿਆ ਅਜੋਕੀ ਪ੍ਰੀਖਿਆ ਪ੍ਰਣਾਲੀ ਹੈ। ਤਿੰਨ ਘੰਟੇ ਦੀ ਪ੍ਰੀਖਿਆ ਨਾਲ ਬੱਚਿਆਂ ਤੇ ਵਿਦਿਆਰਥੀਆਂ ਦੀ ਸਮੁੱਚੀ ਪ੍ਰਤਿਭਾ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਬੱਚਿਆਂ ਨੂੰ 3 ਘੰਟੇ ਦੇ ਚੱਕਰਵਿਊ ‘ਚੋਂ ਕੱਢ ਕੇ ਉਨ੍ਹਾਂ ਦੀ ਪ੍ਰਤਿਭਾ ਦੀ ਪਛਾਣ ਕਰਨ ਲਈ ਪੂਰੇ ਸਾਲ ਦਾ ਰੋਡਮੈਪ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਹਰੇਕ ਵਿਦਿਆਰਥੀ ਦੀ ਪ੍ਰਤਿਭਾ ਦੀ ਪਛਾਣ ਪ੍ਰਾਇਮਰੀ ਪੱਧਰ ‘ਤੇ ਸ਼ੁਰੂ ਹੋਵੇ| ਵਿਦਿਆਰਥੀਆਂ ਨੂੰ ਉਸ ਵਿਸ਼ੇ ਜਾਂ ਹੁਨਰ ਵੱਲ ਪ੍ਰੇਰਿਤ ਕਰਨ ਲਈ ਇਕ ਪ੍ਰਣਾਲੀ ਹੋਵੇ, ਜਿਸ ਵਿਸ਼ੇ ‘ਚ ਉਨ੍ਹਾਂ ਦੀ ਕੁਦਰਤੀ ਦਿਲਚਸਪੀ ਹੋਵੇ, ਉਹ ਉਸ ਖੇਤਰ ‘ਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ। ਇਹ ਯਕੀਨੀ ਬਣਾਏਗਾ ਕਿ ਉਹ ਆਪਣੀ ਸਿੱਖਿਆ ਦੀ ਸ਼ੁਰੂਆਤ ਵਿਚ ਹੀ ਜਾਣਦੇ ਹੋਣਗੇ ਕਿ ਉਹ ਦੂਜਿਆਂ ਨਾਲੋਂ ਕਿਸ ਵਿਸ਼ੇ ਜਾਂ ਹੁਨਰ ‘ਚ ਕੀ ਬਿਹਤਰ ਕਰ ਸਕਦੇ ਹਨ। ਵਰਤਮਾਨ ਸਮੇਂ ਮਾਪੇ ਫੈਸਲਾ ਕਰਦੇ ਹਨ ਕਿ ਉਨ੍ਹਾਂ ਦਾ ਬੱਚੇ ਕੀ ਪੜ੍ਹੇਗਾ। ਭਾਵੇਂ ਬੱਚੇ ਦੀ ਫਿਜ਼ਿਕਸ ਜਾਂ ਗਣਿਤ ਵਿਚ ਕੋਈ ਦਿਲਚਸਪੀ ਨਾ ਹੋਵੇ, ਪਰ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਇਹੀ ਪੜ੍ਹਾਉਣਾ ਚਾਹੁੰਦੇ ਹਨ। ਅਜਿਹੇ ‘ਚ ਬੱਚਾ ਫੇਲ੍ਹ ਹੋ ਜਾਂਦਾ ਹੈ, ਜੇਕਰ ਬੱਚੇ ਦੀ ਰੁਚੀ ਦੇ ਵਿਸ਼ਿਆਂ ‘ਚ ਉਸ ਨੂੰ ਪੜ੍ਹਨ ਦਿੱਤਾ ਜਾਵੇ ਤਾਂ ਉਹ ਸਕੂਲ ਵਿਚ ਟਾਪ ਵੀ ਕਰ ਸਕਦਾ ਹੈ।
ਖੋਜ ਤੇ ਨਵੀਨਤਾ ‘ਤੇ ਧਿਆਨ ਕੇਂਦਰਿਤ ਕਰੋ
ਸਾਡੀ ਸਿੱਖਿਆ ਦੀ ਇਕ ਹੋਰ ਕਮੀ ਖੋਜ ਤੇ ਨਵੀਨਤਾ (ਇਨੋਵੇਸ਼ਨ) ‘ਤੇ ਘੱਟ ਜ਼ੋਰ ਦੇਣਾ ਹੈ। ਅਮਰੀਕਾ ਦੁਨੀਆ ਵਿਚ ਇੰਨੀ ਵੱਡੀ ਸ਼ਕਤੀ ਇਸ ਲਈ ਬਣ ਸਕਿਆ ਹੈ ਕਿਉਂਕਿ ਇਸ ਦੀਆਂ ਯੂਨੀਵਰਸਿਟੀਆਂ ਖੋਜ ਤੇ ਨਵੇਂ ਵਿਚਾਰਾਂ ‘ਤੇ ਕੰਮ ਕਰਨ ‘ਤੇ ਜ਼ੋਰ ਦਿੰਦੀਆਂ ਹਨ। ਅਮਰੀਕਾ ਦੀ ਸਭ ਤੋਂ ਵੱਡੀ ਤਾਕਤ ਉਸ ਦੀਆਂ ਯੂਨੀਵਰਸਿਟੀਆਂ ਹਨ, ਜਿਨ੍ਹਾਂ ਨੂੰ ਨਿੱਜੀ ਨਿਵੇਸ਼ ਤੋਂ ਵੱਡਾ ਸਮਰਥਨ ਮਿਲਦਾ ਹੈ। ਅਮਰੀਕਾ ਨੂੰ ਦੇਖਦਿਆਂ ਚੀਨ ਨੇ ਪਿਛਲੇ 40 ਸਾਲਾਂ ‘ਚ ਆਪਣੀਆਂ ਯੂਨੀਵਰਸਿਟੀਆਂ ਨੂੰ ਮਜ਼ਬੂਤ ਕਰਕੇ ਨਵੀਨਤਾ ‘ਤੇ ਜ਼ੋਰ ਦਿੱਤਾ ਹੈ। ਇਸ ਕੋਸ਼ਿਸ਼ ਦੇ ਨਤੀਜੇ ਵਜੋਂ ਚੀਨ ਨੇ ਇਲੈਕਟ੍ਰਿਕ ਵਾਹਨਾਂ, ਏ.ਆਈ., ਸੈਮੀ ਕੰਡਕਟਰਾਂ ਤੇ ਗ੍ਰੀਨ ਐਨਰਜੀ ‘ਚ ਅਮਰੀਕਾ ਤੇ ਯੂਰਪ ਨੂੰ ਪਛਾੜ ਦਿੱਤਾ ਹੈ। ਭਾਰਤ ਵੀ ਅਜਿਹਾ ਕਰ ਸਕਦਾ ਹੈ, ਪਰ ਸਾਡੀਆਂ ਯੂਨੀਵਰਸਿਟੀਆਂ ਨਵੀਨਤਾ ਦੀ ਬਜਾਏ ਸਿਰਫ਼ ਡਿਗਰੀਆਂ ਦੇਣ ‘ਤੇ ਧਿਆਨ ਕੇਂਦਰਿਤ ਕਰਦੀਆਂ ਹਨ। ਸਾਡੇ ਉਦਯੋਗ ਵੀ ਸਿਰਫ਼ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਹਨ; ਉਹ ਖੋਜ ਤੇ ਵਿਕਾਸ ਨੂੰ ਪੈਸੇ ਦੀ ਬਰਬਾਦੀ ਵਜੋਂ ਵੇਖਦੇ ਹਨ। ਇਸ ਲਈ ਭਾਰਤ ਦੇ ਚੋਟੀ ਦੇ ਉਦਯੋਗਪਤੀ ਪੈਸਾ ਤਾਂ ਕਮਾਉਂਦੇ ਹਨ ਪਰ ਵੱਡੇ ਗਲੋਬਲ ਬ੍ਰਾਂਡ ਜਾਂ ਉਤਪਾਦ ਬਣਾਉਣ ‘ਚ ਅਸਫਲ ਰਹਿੰਦੇ ਹਨ। ਜਦੋਂ ਤੱਕ ਉਦਯੋਗਪਤੀਆਂ ਤੇ ਯੂਨੀਵਰਸਿਟੀਆਂ ਦੀ ਮਾਨਸਿਕਤਾ ਨਹੀਂ ਬਦਲਦੀ, ਭਾਰਤ ਕਦੇ ਵੀ ਵਿਸ਼ਵ ਨੇਤਾ ਨਹੀਂ ਬਣ ਸਕਦਾ।
ਇਸ ਸਮੇਂ ਇਕ ਹੋਰ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ: ਭਾਰਤ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਵਿਚਾਰਧਾਰਾ ਦੀ ਨਵੀਂ ਸਿਉਂਕ ਲੱਗ ਗਈ ਹੈ। ਇਕ ਵਿਚਾਰਧਾਰਾ ਨੂੰ ਫੈਲਾਉਣ ਲਈ ਦੂਜੀ ਵਿਚਾਰਧਾਰਾ ਦੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਸਿਸਟਮ ਤੋਂ ਬਾਹਰ ਧੱਕਿਆ ਜਾ ਰਿਹਾ ਹੈ। ਜਿਹੜੇ ਲੋਕ ਕਿਸੇ ਸਕੂਲ ਵਿਚ ਅਧਿਆਪਕ ਬਣਨ ਦੇ ਯੋਗ ਵੀ ਨਹੀਂ, ਉਹ ਪ੍ਰੋਫੈਸਰ ਬਣ ਰਹੇ ਹਨ। ਸਿੱਖਿਆ/ਗਿਆਨ ਤੰਤਰ ਖ਼ਤਮ ਹੋਣ ਦੀ ਕਗਾਰ ‘ਤੇ ਹੈ। ਜੰਤਰ-ਮੰਤਰ ‘ਤੇ ਇਕੱਠੇ ਹੋਏ ਵਿਦਿਆਰਥੀ ਤੇ ਨੌਜਵਾਨ ਇਸ ਗਲੇ-ਸੜੇ ਤੰਤਰ ਤੋਂ ਨਾਰਾਜ਼ ਸਨ। ਬੜੇ ਦੁੱਖ ਦੀ ਗੱਲ ਹੈ ਕਿ ਇਸ ਅੰਦੋਲਨ ਤੋਂ ਸਬਕ ਲੈ ਕੇ ਸਿੱਖਿਆ ਵਿਚ ਕੋਈ ਸੁਧਾਰ ਕਰਨ ਦੀ ਬਜਾਏ ਇਸ ਨੂੰ ਦਬਾਉਣ ਲਈ ‘ਦਿਮਾਗੀ ਨਕਸਲ ਵਰਗੇ ਸ਼ਬਦ ਘੜੇ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਭਾਰਤ ਕਿਵੇਂ ਤਰੱਕੀ ਕਰਕੇ ਇਕ ਵੱਡੀ ਸ਼ਕਤੀ ਵਜੋਂ ਉੱਭਰੇਗਾ ? (ਰੋਜ਼ਾਨਾ ਅਜੀਤ, 18 ਅਗਸਤ 2026 ਦੇ ਧੰਨਵਾਦ ਸਹਿਤ)
