ਵਿਸ਼ਵ ਦੇ ਮਹਾਨ ਖਿਡਾਰੀ: ਭਾਰਤ ਦਾ ਪਹਿਲਾ ਓਲੰਪੀਅਨ-ਬ੍ਰਿਗੇਡੀਅਰ ਲਾਭ ਸਿੰਘ

ਪ੍ਰਿੰ. ਸਰਵਣ ਸਿੰਘ
ਬ੍ਰਿਗੇਡੀਅਰ ਲਾਭ ਸਿੰਘ ਪੰਜਾਬ ਦਾ ਹੀਰਾ ਹਿਰਨ ਹੈ। ਟ੍ਰਿਪਲ ਜੰਪ ਦਾ ਓਲੰਪੀਅਨ। ਸਿੱਖਾਂ ਦਾ ਫ਼ਖ਼ਰੇ ਕੌਮ ਤੇ ਭਾਰਤ ਦਾ ਧਿਆਨ ਚੰਦ ਅਵਾਰਡੀ। ਪਿੰਡ ਸੰਦੌੜ ਦੇ ਮੌੜ ਲਾਣੇ ਦਾ ਮਘਦਾ ਸੂਰਜ।

ਬਹਾਦਰੀ ਦੇ ਫੌਜੀ ਤਗ਼ਮੇ ਤੇ ਏਸ਼ਿਆਈ ਖੇਡਾਂ `ਚੋਂ 3 ਮੈਡਲ ਜਿੱਤਣ ਵਾਲਾ ਅਲੋਕਾਰ ਅਥਲੀਟ। ਸਿਰੜੀ, ਸਿਦਕੀ ਤੇ ਮਿਹਨਤੀ ਮੁਸੱLਕਤੀ। ਖੇਡਾਂ ਦਾ ਧੰਨਾ ਜੱਟ। ਸੋਹਣਾ ਸੁਨੱਖਾ ਤੇ ਸਿਆਣਾ-ਬਿਆਣਾ। 1965 ਤੇ 71 ਦੀਆਂ ਭਾਰਤ-ਪਾਕਿ ਜੰਗਾਂ ਦਾ ਜੁਝਾਰੂ ਸੂਰਮਾ। ਉਹ ਆਜ਼ਾਦ ਭਾਰਤ ਦਾ ਪਹਿਲਾ ਓਲੰਪੀਅਨ ਬ੍ਰਿਗੇਡੀਅਰ ਅਫ਼ਸਰ ਹੈ। ਬ੍ਰਿਟਿਸ਼ ਇੰਡੀਆ ਦਾ ਪਹਿਲਾ ਓਲੰਪੀਅਨ ਬ੍ਰਿਗੇਡੀਅਰ ਦਲੀਪ ਸਿੰਘ ਸੀ।
ਉਸ ਨੇ ਆਪਣੇ ਪਿੰਡ ਦੇ ਸਕੂਲ `ਚ ਪੜ੍ਹਦਿਆਂ 15-16 ਸਾਲ ਦੀ ਉਮਰੇ ਪਹਿਲੀ ਛਾਲ ਨਾਲ ਹੀ ਪੰਜਾਬ ਸਕੂਲਾਂ ਦਾ ਰਿਕਾਰਡ ਤੋੜ ਦਿੱਤਾ ਸੀ! ਉਹ ਕੁਝ ਵੀ ਕਰ ਸਕਦਾ ਸੀ ਜੇ ਉਸ ਨੂੰ ਬਚਪਨ ਤੋਂ ਕਿਸੇ ਮਾਹਿਰ ਕੋਚ ਦੀ ਕੋਚਿੰਗ ਮਿਲੀ ਹੁੰਦੀ। ਫਿਰ ਵੀ ਦਰਮਿਆਨੇ ਕੱਦ-ਕਾਠ ਨਾਲ ਉਸ ਨੇ ਜੋ ਪ੍ਰਾਪਤੀਆਂ ਕੀਤੀਆਂ ਉਹ ਲਾਮਿਸਾਲ ਹਨ। ਉਹਦੀ ਬਹੁਪੱਖੀ ਪ੍ਰਤਿਭਾ ਉਹਦੇ ਜੁੱਸੇ `ਚ ਹੀ ਨਹੀਂ ਉਹਦੇ ਦਿਲ ਦਿਮਾਗ ਤੇ ਮਨ ਮਸਤਕ ਵਿਚ ਵੀ ਸਮਾਈ ਹੋਈ ਸੀ। ਉਹਦੀ ਸਵੈ-ਜੀਵਨੀ ਵਰਗੀ ਜੀਵਨੀ ‘ਬ੍ਰਿਗੇਡੀਅਰ ਲਾਭ ਸਿੰਘ ਉਲੰਪੀਅਨ’ ਕਮਾਲ ਦੀ ਪੁਸਤਕ ਹੈ ਜੋ ਪੰਜਾਬੀ ਖੇਡ ਸਾਹਿਤ ਦਾ ਮਾਣ ਹੈ।
ਲਾਭ ਸਿੰਘ ਨੇ ਨਿੱਕੇ ਹੁੰਦਿਆਂ ਸੰਦੌੜ ਦੇ ਟਿੱਬਿਆਂ `ਤੇ ਮਿਰਗਾਂ ਦੀਆਂ ਡਾਰਾਂ ਛਾਲਾਂ ਮਾਰਦੀਆਂ ਤੱਕੀਆਂ ਸਨ ਜਿਨ੍ਹਾਂ ਨੂੰ ਵੇਖ ਕੇ ਉਹਦਾ ਮਨ ਵੀ ਛਾਲਾਂ ਮਾਰਨ ਲਈ ਮਚਲਣ ਲੱਗ ਪਿਆ ਸੀ। ਉਹ ਜੇਠ ਹਾੜ੍ਹ ਦੇ ਤਪਦੇ ਦਿਨਾਂ `ਚ ਵੀ ਰੇਤਲੇ ਰਾਹਾਂ ਤੇ ਉੱਚੇ ਟਿੱਬਿਆਂ `ਤੇ ਛਾਲਾਂ ਮਾਰਦਾ ਫਿਰਦਾ। ਕਦੇ ਏਧਰ ਭੱਜਦਾ ਕਦੇ ਓਧਰ। ਕਦੇ ਖੜ੍ਹਾ ਖੜੋਤਾ ਹੀ ਟੱਪੀ ਜਾਂਦਾ ਜਿਵੇਂ ਪੈਰਾਂ ਹੇਠ ਅੱਗ ਮੱਚਦੀ ਹੋਵੇ। ਵੇਖਣ ਵਾਲੇ ਉਹਦੇ ਘਰਦਿਆਂ ਨੂੰ ਆਖਦੇ, ‘ਭਾਈ ਮੁੰਡਾ ਸੰਭਾਲ ਲਓ, ਇਹਨੂੰ ‘ਕਸਰ’ ਹੋਈ ਲੱਗਦੀ ਐ! ਅਸੀਂ ਇਹਨੂੰ ਟਿੱਬਿਆਂ `ਤੇ ਟਪੂਸੀਆਂ ਮਾਰਦਾ ਦੇਖਿਐ। ਕਦੇ ਟਿੱਬੇ `ਤੇ `ਤਾਂਹ ਚੜ੍ਹ ਜਾਂਦਾ, ਕਦੇ ਹਿਰਨਾਂ ਅੰਗੂੰ ਛਾਲਾਂ ਮਾਰਨ ਲੱਗ ਜਾਂਦੈ!’
ਘਰ ਦੇ ਉਸ ਨੂੰ ਸਾਧੂਆਂ-ਸੰਤਾਂ ਕੋਲ ਲਿਜਾਂਦੇ, ਮੰਨਤਾਂ ਮੰਨਦੇ, ਧਾਗੇ ਤਵੀਤ ਕਰਾਉਂਦੇ ਪਰ ਉਹ ਫੇਰ ਟਿੱਬਿਆਂ `ਤੇ ਚੜ੍ਹ ਜਾਂਦਾ। ਉਦੋਂ ਕਿਸੇ ਦੇ ਖ਼ਾਬ ਖ਼ਿਆਲ `ਚ ਵੀ ਨਹੀਂ ਹੋਣਾ ਕਿ ‘ਕਸਰਿਆ’ ਹੋਇਆ ਇਹ ਕਾਕਾ ਆਉਂਦੇ ਦਿਨਾਂ `ਚ ਏਸ਼ਿਆਈ ਖੇਡਾਂ ਦੇ ਜਿੱਤ-ਮੰਚਾਂ `ਤੇ ਚੜ੍ਹੇਗਾ। ਛਾਲਾਂ ਦਾ ਓਲੰਪੀਅਨ ਤੇ ਫੌਜ ਦਾ ਬ੍ਰਿਗੇਡੀਅਰ ਅਫ਼ਸਰ ਬਣੇਗਾ। ਜੇ ਕਿਤੇ ਉਹ ਦੋ-ਚਾਰ ਸਾਲ ਪਹਿਲਾਂ ਫੌਜ `ਚ ਭਰਤੀ ਹੋ ਜਾਂਦਾ ਤਾਂ ਸੰਭਵ ਸੀ ਭਾਰਤੀ ਫੌਜ ਦੇ ਜਰਨੈਲ ਵਜੋਂ ਰਿਟਾਇਰ ਹੁੰਦਾ। ਛੋਟੀ ਉਮਰ ਤੋਂ ਸਾਇੰਟੇਫਿਕ ਕੋਚਿੰਗ ਮਿਲਣ ਲੱਗ ਜਾਂਦੀ ਤਾਂ ਪਤਾ ਨਹੀਂ ਓਲੰਪਿਕ ਖੇਡਾਂ ਦੇ ਕਿੰਨੇ ਮੈਡਲ ਜਿੱਤਦਾ!
ਉਸ ਨੇ ਲਿਖਿਆ: ਮੈਂ ਮਲੇਰਕੋਟਲੇ ਨੇੜੇ ਪਛੜੇ ਇਲਾਕੇ ਦੇ ਪਿੰਡ ਸੰਦੌੜ ਵਿਚ 12 ਫਰਵਰੀ 1940 ਬਸੰਤ ਪੰਚਵੀਂ ਦੇ ਦਿਨ ਪੈਦਾ ਹੋਇਆ। ਉਸ ਸਮੇਂ ਮੇਰਾ ਪਿੰਡ ਉੱਚੇ-ਉੱਚੇ ਰੇਤਲੇ ਟਿੱਬਿਆਂ ਨਾਲ ਚਾਰੇ ਪਾਸਿਆਂ ਤੋਂ ਘਿਰਿਆ ਹੋਇਆ ਸੀ। ਪਿੰਡ ਫਰਵਾਲੀ ਭਾਈ ਮੂਲੇ ਦਾ ਗਾਜਰਾਂ-ਪੱਟ ਮੇਲਾ ਲੱਗਦਾ। ਢੋਲ ਨਗਾਰੇ ਵੱਜਦੇ। ਅਖਾੜਿਆਂ `ਚ ਗਭਰੂ ਡੰਡ ਬੈਠਕਾਂ ਮਾਰਨ ਆ ਲੱਗਦੇ। ਛਿੰਝਾਂ ਪੈਂਦੀਆਂ, ਪੰਜਗਰਾਈਆਂ ਦਾ ਸ਼ੇਰਾ ਪਿੰਡੇ `ਤੇ ਤੇਲ ਮਲ਼ਦਾ। ਪਿੰਡਾ ਲਿਸ਼ਕਾਂ ਮਾਰਨ ਲੱਗਦਾ। ਝੰਡੀ ਚੁੱਕ ਕੇ ਅਖਾੜੇ `ਚ ਗੇੜਾ ਦਿੰਦਾ। ਬਾਜ਼ੀਗਰ ਬਾਜ਼ੀਆਂ ਦੇ ਕਰਤਬ ਦਿਖਾਉਂਦੇ…। ਮੈਂ ਦਸਵੀਂ ਦਾ ਵਿਦਿਆਰਥੀ ਸਾਂ। ਸਰਕਾਰੀ ਹਾਈ ਸਕੂਲ ਸੰਦੌੜ ਨਵਾਂ ਹੋਂਦ `ਚ ਆਇਆ ਸੀ। ਪੀਟੀਆਈ ਹਰਭਜਨ ਸਿੰਘ ਨੇ ਨਵੇਂ ਈਵੈਂਟ, ਹੌਪ ਸਟੈੱਪ ਐਡ ਜੰਪ ਦੀ ਖਿਡਾਰੀਆਂ ਨੂੰ ਜਾਣਕਾਰੀ ਦਿੱਤੀ। ਕਈ ਦਿਨ ਮੈਂ ਇਸ ਨਵੇਂ ਈਵੈਂਟ ਬਾਰੇ ਆਪਣੇ ਮਨ `ਚ ਸੋਚਦਾ ਰਿਹਾ। ਦ੍ਰਿੜ ਇਰਾਦਾ ਕਰ ਲਿਆ ਕਿ ਇਸ ਵਿਚ ਜਿੱਤ ਹਾਸਲ ਕਰਨੀ ਹੈ…। ਮੇਰੀ ਜੰਪ ਕਰਨ ਦੀ ਵਾਰੀ ਆਈ। ਤਾੜੀਆਂ ਦੀ ਗੂੰਜ ਵਿਚ ਮੈਂ ਪਹਿਲੇ ਨੰਬਰ `ਤੇ ਛਾਲ ਮਾਰ ਵਿਖਾਈ। ਛਾਲ ਮਾਪਣ ਲਈ ਫੀਤੇ ਦੀ ਵਰਤੋਂ ਕੀਤੀ ਤਾਂ ਮੇਰੀ ਛਾਲ ਸਕੂਲ ਦੇ ਸਾਰੇ ਖਿਡਾਰੀਆਂ ਨਾਲੋਂ 10 ਫੁੱਟ ਅੱਗੇ ਸੀ। ਇਉਂ ਮੈਂ ਪਹਿਲੀ ਛਾਲ ਨਾਲ ਹੀ ਪੰਜਾਬ ਸਕੂਲਾਂ ਦਾ ਰਿਕਾਰਡ ਤੋੜ ਦਿੱਤਾ। ਉਦੋਂ ਮੈਂ ਨੰਗੇ ਪੈਰੀਂ ਛਾਲ ਮਾਰੀ ਸੀ।
ਲਾਭ ਸਿੰਘ ਦੱਸਦਾ ਹੈ ਕਿ ਉਹ ਤੇ ਅਜਮੇਰ ਸਿੰਘ ਸਰਕਾਰੀ ਕਾਲਜ ਮਲੇਰਕੋਟਲੇ ਪੜ੍ਹਨ ਪਿੱਛੋਂ ਜਦੋਂ ਸਰੀਰਕ ਸਿੱਖਿਆ ਕਾਲਜ ਗਵਾਲੀਅਰ ਵਿਚ ਪੜ੍ਹਦੇ ਸੀ ਤਾਂ 1960 `ਚ ਰੋਮ ਦੀਆਂ ਓਲੰਪਿਕ ਖੇਡਾਂ ਦੀ ਕੁਮੈਂਟਰੀ ਸੁਣੀ। ਉਸ ਵਿਚ ‘ਮਿਲਖਾ ਮਿਲਖਾ’ ਹੋ ਰਹੀ ਸੀ। ਅਸੀਂ ਕੁਮੈਂਟਰੀ ਸੁਣ ਕੇ ਤਹੱਈਆ ਕਰ ਲਿਆ ਕਿ ਚਾਰ ਸਾਲਾਂ ਬਾਅਦ ਆਪਾਂ ਵੀ ਮਿਲਖਾ ਸਿੰਘ ਵਾਂਗ ਟੋਕੀਓ ਦੀਆਂ ਓਲੰਪਿਕ ਖੇਡਾਂ `ਚ ਚੱਲਾਂਗੇ। ਦ੍ਰਿੜ ਇਰਾਦੇ ਤੇ ਕਠਨ ਮਿਹਨਤ ਨਾਲ ਅਸੀਂ ਸੱਚਮੁੱਚ ਟੋਕੀਓ ਓਲੰਪਿਕਸ ਵਿਚ ਗਏ। ਐਸਾ ਕੁੱਝ ਵੀ ਨਹੀਂ ਜੋ ਬੰਦਾ ਕਰ ਨਹੀਂ ਸਕਦਾ। ਹਿੰਮਤ ਤੇ ਮਿਹਨਤ ਨਾਲ ਸਭ ਕੁੱਝ ਕੀਤਾ ਜਾ ਸਕਦੈ। ਓਲੰਪੀਅਨ ਲਾਭ ਸਿੰਘ ਦੀ ਪੁਸਤਕ ਹਿੰਮਤੀ ਗੱਲਾਂ ਨਾਲ ਭਰੀ ਪਈ ਹੈ। ਓਲੰਪਿਕ ਖੇਡਾਂ ਦੇ ‘ਉਡਣੇ ਬਾਜ’ ਪਦਮ ਸ਼੍ਰੀ ਗੁਰਬਚਨ ਸਿੰਘ ਨੇ ਲਿਖਿਆ, ‘ਜੇਕਰ ਲਾਭ ਸਿੰਘ ਦੀ ਸਮਰੱਥਾ ਅਤੇ ਗੁਣਾਂ ਅਨੁਕੂਲ ਉਸ ਨਾਲ ਵਿਹਾਰ ਕੀਤਾ ਜਾਂਦਾ ਤਾਂ ਉਹ ਜੰਪਾਂ ਦਾ ਓਲੰਪਿਕ ਤੇ ਵਿਸ਼ਵ ਰਿਕਾਰਡ ਰੱਖ ਸਕਦਾ ਸੀ।’
ਫਿਰ ਵੀ ਲਾਭ ਸਿੰਘ ਨੇ ਏਸ਼ਿਆਈ ਖੇਡਾਂ `ਚੋਂ 1 ਚਾਂਦੀ ਤੇ 2 ਤਾਂਬੇ ਦੇ ਤਗ਼ਮੇ ਜਿੱਤੇ। ਉਸ ਨੇ ਟੋਕੀਓ ਦੀਆਂ ਓਲੰਪਿਕ ਖੇਡਾਂ-1964 ਵਿਚ ਭਾਗ ਲਿਆ। 1964 ਤੋਂ 72 ਤਕ ਉਹ ਕਈ ਵਾਰ ਹੌਪ ਸਟੈੱਪ ਐਂਡ ਜੰਪ ਤੇ ਲੰਮੀ ਛਾਲ ਦਾ ਨੈਸ਼ਨਲ ਚੈਂਪੀਅਨ ਬਣਿਆ। ਉਹਦੀ ਪਹਿਲੀ ਚੜ੍ਹਤ 1962-63 ਵਿਚ ਚੰਡੀਗੜ੍ਹ ਵਿਖੇ ਅੰਤਰ-ਯੂਨੀਵਰਸਿਟੀ ਅਥਲੈਟਿਕ ਮੀਟ `ਚ ਹੋਈ ਸੀ। ਜਨਵਰੀ ਦੀ ਠਾਰੀ ਵਿਚ ਉਸ ਨੇ ਟ੍ਰਿਪਲ ਜੰਪ ਲਾਉਣ `ਚ 15 ਸਾਲ ਪਹਿਲਾਂ ਦਾ ਇੰਟਰਵਰਸਿਟੀ ਰਿਕਾਰਡ ਤੋੜ ਦਿੱਤਾ ਤੇ 50 ਫੁੱਟੀ ਛਾਲ ਲਾ ਕੇ ਆਪਣਾ ਸੰਭਾਵਨਾਵਾਂ ਭਰਪੂਰ ਖੇਡ ਜੀਵਨ ਸ਼ੁਰੂ ਕੀਤਾ। 1966 `ਚ ਉਸ ਨੇ ਬੈਂਕਾਕ ਦੀਆਂ ਏਸ਼ਿਆਈ ਖੇਡਾਂ `ਚੋਂ 15.49 ਮੀਟਰ ਤੀਹਰੀ ਛਾਲ ਲਾ ਕੇ ਤਾਂਬੇ ਦਾ ਤਗ਼ਮਾ ਤੇ 1970 ਦੀਆਂ ਏਸ਼ਿਆਈ ਖੇਡਾਂ `ਚੋਂ 15.82 ਮੀਟਰ ਛਾਲ ਲਾ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਉਥੇ ਉਸ ਨੇ 7.45 ਮੀਟਰ ਲੰਮੀ ਛਾਲ ਲਾ ਕੇ ਤਾਂਬੇ ਦਾ ਇੱਕ ਹੋਰ ਤਗ਼ਮਾ ਵੀ ਜਿੱਤ ਲਿਆ।
ਮੈਂ ਉਸ ਨੂੰ ਪਹਿਲੀ ਵਾਰ ਪਟਿਆਲੇ ਐੱਨ ਆਈ ਐੱਸ ਵਿਚ ਲੱਗੇ ਚੋਣਵੇਂ ਅਥਲੀਟਾਂ ਦੇ ਕੋਚਿੰਗ ਕੈਂਪ `ਚ ਮਿਲਿਆ ਸਾਂ। ਮਈ 1966 `ਚ ਉਨ੍ਹਾਂ ਅਥਲੀਟਾਂ ਨੂੰ ਨੇੜਿਓਂ ਜਾਣਨ ਲਈ ਮੈਂ ਉਨ੍ਹਾਂ ਦੇ ਕੋਚਿੰਗ ਕੈਂਪ ਵਿਚ ਰਿਹਾ। ਉਹ ਕੈਂਪ ਕਿੰਗਸਟਨ ਦੀਆਂ ਕਾਮਨਵੈਲਥ ਖੇਡਾਂ ਵਾਸਤੇ ਭਾਰਤੀ ਟੀਮ ਚੁਣਨ ਲਈ ਲੱਗਾ ਸੀ। ਸਵੇਰ ਸ਼ਾਮ ਮੈਂ ਉਨ੍ਹਾਂ ਨੂੰ ਪ੍ਰੈਕਟਿਸ ਕਰਦੇ ਵੇਖਣਾ ਤੇ ਦਿਨੇ ਉਨ੍ਹਾਂ ਦੀ ਚੁੰਝ ਚਰਚਾ ਸੁਣਨੀ। ਲਾਭ ਸਿੰਘ ਉਦੋਂ ਫੌਜ `ਚ ਲੈਫਟੀਨੈਂਟ ਬਣ ਗਿਆ ਸੀ। ਬਹੁਤੇ ਅਥਲੀਟ ਗਰਮੀ ਦੀ ਰੁੱਤ ਕਰਕੇ ਕੇਵਲ ਕੱਛੇ ਪਾਈ ਮੰਜਿਆਂ `ਤੇ ਬੈਠੇ ਜਾਂ ਪਏ ਹੁੰਦੇ ਪਰ ਲਾਭ ਸਿੰਘ ਪਤਲਾ ਜਿਹਾ ਗਾਊਨ ਪਾਈ ਰੱਖਦਾ। ਉਹ ਤੇ ਉਹਦਾ ਜਿਗਰੀ ਦੋਸਤ ਅਜਮੇਰ ਸਿੰਘ ਇਕੋ ਕਮਰੇ `ਚ ਰਹਿੰਦੇ ਸਨ।
ਇਕ ਦਿਨ ਲਾਭ ਸਿੰਘ, ਗੋਲ਼ਾ ਸੁੱਟਣ ਵਾਲੇ ਜੋਗਿੰਦਰ ਜੋਗੀ ਹੋਰਾਂ ਦੇ ਕਮਰੇ `ਚ ਠੰਢਾ ਪਾਣੀ ਪੀਣ ਆਇਆ ਤਾਂ ਮੈਂ ਉਥੇ ਹੀ ਸਾਂ। ਲਾਭ ਸਿੰਘ ਨਾਲ ਇੰਟਰਵਿਊ ਕਰਨ ਲਈ ਮੈਂ ਕਾਪੀ ਕੱਢ ਲਈ। ਉਹ ਗਾਊਨ ਪਾਈ ਸਟੂਲ `ਤੇ ਬਹਿ ਗਿਆ ਤੇ 400 ਮੀਟਰ ਹਰਡਲਜ਼ ਦੌੜ ਦੇ ਨੈਸ਼ਨਲ ਚੈਂਪੀਅਨ ਲੈਫਟੀਨੈਂਟ ਬਲਵੰਤ ਸਿੰਘ ਨੂੰ ਕਹਿਣ ਲੱਗਾ, ‘ਮੇਰੇ ਆਰ ਲੈਚੀ ਦੇਈਂ, ਮੈਂ ਵੀ ਇੰਟਰਵਿਊ ਦੇ ਲਵਾਂ।’
ਏਨੀ ਗੱਲ ਸੁਣਨ ਸਾਰ ਮੈਨੂੰ ਉਹ ਚੁੱਪ ਕੀਤਾ ਜਿਹਾ ਅਥਲੀਟ ਦਿਲਚਸਪ ਲੱਗਾ। ਅੱਗੋਂ ਹਰਡਲਰ ਬਲਵੰਤ ਨੇ ਕਿਹਾ, ‘ਪਹਿਲਾਂ ਲੈਚੀ ਦੀ ਅੰਗਰੇਜ਼ੀ ਦੱਸ, ਫੇਰ ਲੈਚੀ ਦਿਆਂਗੇ।’
ਤਦੇ ਦੋ-ਤਿੰਨ ਅਥਲੀਟ ਉਥੇ ਹੋਰ ਆ ਗਏ। ਮੇਰੀ ਪੁੱਛ-ਗਿੱਛ ਦਾ ਜਦੋਂ ਉਹ ਉੱਤਰ ਦੇਣ ਲੱਗਦਾ ਤਾਂ ਜੋਗਿੰਦਰ ਜੋਗੀ, ਹੈਮਰ ਥਰੋਅਰ ਨਿਰਮਲ ਤੇ ਬਲਵੰਤ ਵਿੱਚੋਂ ਹੀ ਆਪਣੀ ਵਾਹ ਦਿੰਦੇ। ਮੈਂ ਲਾਭ ਸਿੰਘ ਤੋਂ ਉਹਦੇ ਕੱਦ ਤੇ ਭਾਰ ਬਾਰੇ ਪੁੱਛਿਆ ਤਾਂ ਉਹਨੇ ਕੱਦ ਪੰਜ ਫੁੱਟ ਸਵਾ ਅੱਠ ਇੰਚ ਤੇ ਭਾਰ 145 ਪੌਂਡ ਲਿਖਾਇਆ। ਸਾਢੇ ਛੇ ਫੁੱਟਾ ਗੋਲ਼ੇ ਦਾ ਸੁਟਾਵਾ ਜੋਗਿੰਦਰ ਕਹਿਣ ਲੱਗਾ, ‘ਕਿਉਂ ਝੂਠ ਬੋਲਦਾਂ। ਕੱਦ ਤਾਂ ਤੇਰਾ ਪੌਣੇ ਅੱਠ ਇੰਚ ਆ, ਤੂੰ ਜੂੜੇ ਦਾ ਵੀ ਵਿਚੇ ਲਿਖਾਈ ਜਾਨੈਂ!’
ਮੈਂ ਉਹਦੀ ਖੁਰਾਕ ਪੁੱਛੀ ਤਾਂ ਉਸ ਨੇ ਦੁੱਧ, ਦਹੀਂ, ਆਂਡਿਆਂ ਤੇ ਮੀਟ ਦਾ ਨਾਂ ਲਿਆ। ਬਲਵੰਤ ਕਹਿਣ ਲੱਗਾ, ‘ਖਿਚੜੀ ਵੀ ਲਿਖਾ ਦੇ, ਕੱਲ੍ਹ ਆਪਾਂ ਖਿਚੜੀ ਖਾਧੀ ਸੀ।’ ਉਹ ਉਹਦੇ ਹਰੇਕ ਜਵਾਬ `ਚ ਫਾਨਾ ਠੋਕੀ ਜਾਂਦੇ ਜੋ ਉਨ੍ਹਾਂ ਦਾ ਸ਼ੁਗਲ ਸੀ। ਲਾਭ ਸਿੰਘ ਦਾ ਚਿਹਰਾ ਸੂਤਵਾਂ ਸੀ, ਦਾੜ੍ਹੀ ਘੜੀ ਹੋਈ ਤੇ ਲੱਤਾਂ ਬਾਹਾਂ ਗੋਰੀਆਂ ਸਡੌਲ। ਦੌੜਦਿਆਂ ਉਹ ਤੈਰਦਾ ਲੱਗਦਾ ਸੀ। ਛਾਲ ਲਾਉਣ ਲਈ ਦੌੜਨ ਵੇਲੇ ਉਹ ਲੱਤ ਤਿੰਨ ਚਾਰ ਵਾਰ ਲਿਫਾ ਕੇ ਆਪਣੇ ਆਪ ਨੂੰ ਜੋਸ਼ `ਚ ਲਿਆਉਂਦਾ। ਦੌੜਦਿਆਂ ਉਹਦੀ ਧੌਣ ਮੋਢਿਆਂ `ਚ ਵੜੀ ਲੱਗਦੀ ਸੀ ਤੇ ਬਾਹਾਂ ਬਹੁਤ ਅੱਗੇ ਪਿੱਛੇ ਲਿਜਾਂਦਾ ਸੀ। ਮੁਕਾਬਲੇ ਦਾ ਚੀੜ੍ਹਾ ਸੀ। ਇਹੋ ਕਾਰਨ ਸੀ ਕਿ ਪ੍ਰੈਕਟਿਸ ਵਿਚ ਪਿੱਛੇ ਰਹਿਣ ਦੇ ਬਾਵਜੂਦ ਮੁਕਾਬਲੇ `ਚ ਕਈ ਵਾਰ ਜਿੱਤ ਜਾਂਦਾ ਸੀ। ਉਹਦਾ ਰੰਗ ਗੋਰਾ ਗੁਲਾਬੀ, ਤੱਕਣੀ ਸੰਗਾਊ, ਮੁਸਕ੍ਰਾਊ ਤੇ ਆਵਾਜ਼ ਮੋਹਵੰਤੀ ਸੀ। ‘ਮੇਰੇ ਆਰ’ ਕਹਿਣ ਵਾਲੀ ਬੋਲੀ ਸੰਗਰੂਰੀ ਸੀ ਪਰ ਉਹ ‘ਸੀ’ ਨੂੰ ‘ਤੀ’ ਨਹੀਂ ਸੀ ਕਹਿੰਦਾ। ਗੱਲ ਬਾਤ ਸਮੇਂ ਉਹ ਕੰਨ ਅੱਗੇ ਕਰ ਕੇ ਅਗਲੇ ਦੀ ਗੱਲ ਗਹੁ ਨਾਲ ਸੁਣਦਾ ਤੇ ਸਿਹਲੀਆਂ ਚੜ੍ਹਾ ਕੇ ਹੈਰਾਨੀ ਪਰਗਟ ਕਰਦਾ!
ਜਦੋਂ ਮੈਂ ਉਸ ਤੋਂ ਓਲੰਪੀਅਨ ਅਥਲੀਟ ਬਣਨ ਦਾ ਪ੍ਰੇਰਨਾ ਸਰੋਤ ਪੁੱਛਿਆ ਤਾਂ ਉਹਦੇ ਜਵਾਬ ਤੋਂ ਪਹਿਲਾਂ ਹੀ ਨਿਰਮਲ ਆਖਣ ਲੱਗਾ, ਏਹਦਾ ਪ੍ਰੇਰਨਾ ਸਰੋਤ ਆ ਕੁੜੀਆਂ। ਜਿਥੇ ਖੜ੍ਹੀਆਂ ਹੋਣ, ਜਾਹ ਓਥੋਂ ਤਕ ਛਾਲ ਮਾਰਜੂ! ਜੋਗੀ ਨੇ ਓਦੂੰ ਵੀ `ਗਾਂਹ ਦੀ ਗੱਲ ਕਰ ਦਿੱਤੀ ਅਖੇ ਆਪਾਂ ਨੂੰ ਤਾਂ ਬਈ ਓਹੀ ਗੁਲਾਬੀ ਚੁੰਨੀ ਵਾਲੀ ਆਖ ਦੇਵੇ, ਚੱਕ ਦੇ ਜੋਗੀਆ ਤਾਂ ਆਪਾਂ ਏਸ਼ੀਆ ਦਾ ਰਿਕਾਰਡ ਤੋੜ ਦੇਈਏ!
ਹੱਸਦੇ ਖੇਡਦੇ ਖਿਡਾਰੀਆਂ ਦੀ ਸੰਗਤ ਵਿਚ ਮੇਰੇ ਤਿੰਨ ਹਫ਼ਤੇ ਵੀ ਤੀਆਂ ਵਰਗੇ ਲੰਘੇ। ਆਖ਼ਰੀ ਦਿਨ ਕਾਮਨਵੈਲਥ ਖੇਡਾਂ ਲਈ ਚੋਣ ਟ੍ਰਾਇਲ ਹੋਏ ਤਾਂ ਲਾਭ ਸਿੰਘ ਦੀਆਂ ਪਹਿਲੀਆਂ 5 ਛਾਲਾਂ ਮਿਥੇ ਮਿਆਰ ਤੋਂ ਘੱਟ ਲੱਗੀਆਂ। ਉਹਦਾ ਦੋਸਤ ਅਜਮੇਰ ਸਿੰਘ ਪਹਿਲਾਂ ਹੀ ਮਿਥਿਆ ਮਿਆਰ ਪਾਰ ਕਰ ਕੇ ਭਾਰਤੀ ਟੀਮ ਵਿਚ ਆਪਣੀ ਥਾਂ ਬਣਾ ਚੁੱਕਾ ਸੀ। ਉਹ ਅਖਾੜੇ ਕੋਲ ਖੜ੍ਹਾ ਸੀ ਜਿਵੇਂ ਦੋਸਤ ਨੂੰ ਵੰਗਾਰ ਰਿਹਾ ਹੋਵੇ, ‘ਮਿੱਤਰਾ, ਕੀ ਹੁਣ ਮੈਨੂੰ ਤੇਰੇ ਸਾਥ ਤੋਂ ਬਿਨਾਂ ਈ ਜਾਣਾ ਪਵੇਗਾ?’
ਲਾਭ ਸਿੰਘ ਰੋਹ ਵਿਚ ‘ਦਿਸ ਵੇਅ ਆਰ ਦੈਟ ਵੇਅ’ ਕਹਿ ਕੇ ਆਖ਼ਰੀ ਛਾਲ ਲਾਉਣ ਚੱਲ ਪਿਆ। ਛਾਲ ਲਈ ਦੋ ਵਾਰ ਦੌੜਨਾ ਸ਼ੁਰੂ ਕਰ ਕੇ ਪਿੱਛੇ ਮੁੜਿਆ। ਸ਼ਗਨ ਚੰਗਾ ਨਹੀਂ ਸੀ। ਆਖ਼ਰ ਜਦੋਂ ਉਸ ਨੇ ਆਖ਼ਰੀ ਛਾਲ ਲਾਈ ਤਾਂ ਮਿਥੇ ਮਿਆਰ ਤੋਂ ਸੂਤ ਭਰ ਪਿੱਛੇ ਰਹਿ ਗਈ। ਦੋਹਾਂ ਦੋਸਤਾਂ ਦੀਆਂ ਅੱਖਾਂ `ਚ ਹੰਝੂ ਭਰ ਆਏ। ਫਿਰ ਵੀ ਸਪੈਸ਼ਲ ਕੇਸ ਵਜੋਂ ਉਸ ਨੂੰ ਟੀਮ `ਚ ਪਾ ਲਿਆ ਗਿਆ ਪਰ ਜਾਣ ਵੇਲੇ ਪਿੱਛੇ ਛੱਡ ਦਿੱਤਾ ਗਿਆ। ਮਾੜੀ ਗੱਲ ਇਹ ਹੋਈ ਕਿ ਕਾਮਨਵੈਲਥ ਖੇਡਾਂ `ਚ ਜਿਸ ਅਥਲੀਟ ਨੇ ਗੋਲਡ ਮੈਡਲ ਜਿੱਤਿਆ ਉਹਦੀ ਛਾਲ ਲਾਭ ਸਿੰਘ ਦੀ ਟਰਾਇਲਾਂ `ਚ ਮਾਰੀ ਛਾਲ ਤੋਂ ਘੱਟ ਸੀ। ਇੰਜ ਉਹਦਾ ਗੋਲਡ ਮੈਡਲ ਮਾਰੇ ਜਾਣ ਨਾਲ ਭਾਰਤ ਦਾ ਗੋਲਡ ਮੈਡਲ ਵੀ ਮਾਰਿਆ ਗਿਆ!
ਮੈਕਸੀਕੋ-1968 ਦੀਆਂ ਓਲੰਪਿਕ ਖੇਡਾਂ ਵੇਲੇ ਵੀ ਉਹਦੇ ਨਾਲ ਅਜਿਹਾ ਹੀ ਹੋਇਆ। ਉਹ ਏਸ਼ੀਆ ਦਾ ਪਹਿਲਾ ਟ੍ਰਿਪਲ ਜੰਪਰ ਸੀ ਜਿਸ ਨੇ 16.04 ਮੀਟਰ ਦੇ ਨੈਸ਼ਨਲ ਰਿਕਾਰਡ ਨਾਲ ਏਸ਼ੀਆ ਦਾ ਰਿਕਾਰਡ ਵੀ ਤੋੜ ਦਿੱਤਾ ਸੀ ਪਰ ਉਸ ਨੂੰ ਓਲੰਪਿਕ ਖੇਡਾਂ `ਚ ਨਾ ਲਿਜਾਇਆ ਗਿਆ। 1970 ਦੀਆਂ ਕਾਮਨਵੈਲਥ ਖੇਡਾਂ `ਚ ਲਿਜਾਇਆ ਤਾਂ ਗਿਆ ਪਰ ਉਦੋਂ ਜਦੋਂ ਉਹ ਸਿਖਰ ਦੀ ਫਾਰਮ ਤੋਂ ਢਲ਼ ਚੁੱਕਾ ਸੀ। ਭਾਰਤ ਦੀ ਬਦਬਖਤੀ ਹੈ ਕਿ ਉਹ ਖੇਡਾਂ ਦੇ ਹੋਣਹਾਰ ਖਿਡਾਰੀਆਂ ਨੂੰ ਵਿਕਸਤ ਮੁਲਕਾਂ ਦੇ ਖਿਡਰੀਆਂ ਵਾਂਗ ਸੰਭਾਲ ਨਹੀਂ ਸਕਿਆ।
2018 `ਚ ਉਹਦੇ ਬਾਰੇ ਪੁਸਤਕ ਛਪੀ ਜੋ ਜੀਵਨੀ ਦੀ ਥਾਂ ਸਵੈ-ਜੀਵਨੀ ਕਹੀ ਜਾ ਸਕਦੀ ਹੈ। ਇਹ ਤੱਥ ਉਸ ਵਿਚਲੇ ਸਿਰਲੇਖਾਂ ਤੋਂ ਹੀ ਸਪੱਸ਼ਟ ਹੈ ਜਿਵੇਂ, ਮੇਰਾ ਪਿੰਡ ਮੇਰੇ ਲੋਕ, ਸਾਡਾ ਪਰਿਵਾਰ, ਮੇਰੀਆਂ ਖੇਡ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਤੇ ਮੇਰੀ ਖੇਡ ਰਿਪੋਰਟ ਆਦਿ। ਉਸ ਦੇ ਚਾਰ ਭਾਗ ਹਨ, ਮੁੱਢਲਾ ਜੀਵਨ, ਖੇਡ ਜੀਵਨ, ਫੌਜੀ ਜੀਵਨ ਤੇ ਰਿਟਾਇਰ ਜੀਵਨ। ਲਾਭ ਸਿੰਘ ਨੇ ਲਿਖਿਆ ਕਿ ਉਦੋਂ ਉਹ ਸੱਤ ਸਾਲਾਂ ਦਾ ਸੀ ਜਦੋਂ ਉਹਦਾ ਬਾਬਾ ਉਹਨੂੰ ਛਪਾਰ ਦੇ ਮੇਲੇ ਲੈ ਗਿਆ। ਉਸ ਨੂੰ ਖਰਚਣ ਲਈ ਇੱਕ ਆਨਾ ਮਿਲਿਆ ਜਿਸ ਨਾਲ ਉਸ ਨੇ ਸ਼ਾਹਮੁਖੀ ਅੱਖਰਾਂ ਵਾਲਾ ਜਪੁਜੀ ਸਾਹਿਬ ਖਰੀਦ ਲਿਆ। ਉਹ ਹਰ ਵੇਲੇ ਜਪੁਜੀ ਸਾਹਿਬ ਪੜ੍ਹਨ ਲੱਗਾ ਰਹਿੰਦਾ। ਪਿੰਡ ਵਾਲੇ ਕਹਿਣ ਲੱਗ ਪਏ ਸਨ ਕਿ ਕਿਸੇ ਦਿਨ ਸਿਰੇ ਦਾ ਸੰਤ ਬਣੂੰ।
ਉਹਦਾ ਬਾਬਾ ਗੁੱਜਰ ਸਿੰਘ ‘ਮੌੜ’ ਇਲਾਕੇ ਦਾ ਮੋਹਤਵਰ ਬੰਦਾ ਸੀ। ਉਹਦਾ ਕੱਦ-ਕਾਠ ਛੇ ਫੁੱਟ ਉੱਚਾ ਸੀ ਜੋ ਚੜ੍ਹਦੀ ਉਮਰੇ ਭਲਵਾਨੀ ਕਰਦਾ ਰਿਹਾ ਸੀ। ਉਹ 106 ਸਾਲਾਂ ਦੀ ਲੰਮੀ ਜ਼ਿੰਦਗੀ ਜਿਉਂ ਕੇ ਜਹਾਨ ਤੋਂ ਰੁਖ਼ਸਤ ਹੋਇਆ। ਉਹਦਾ ਬਾਪ ਬਖਸ਼ੀਸ਼ ਸਿੰਘ ਫੱਕਰ ਬੰਦਾ ਸੀ। ਉਹ 104 ਸਾਲ ਜੀਵਿਆ ਤੇ ਇਲਾਕੇ ਦਾ ਅਗਾਂਹਵਧੂ ਕਿਸਾਨ ਕਿਹਾ ਜਾਂਦਾ ਰਿਹਾ। ਉਨ੍ਹਾਂ ਦਾ ਗੋਤ ਤਾਂ ਕਹਿਲ ਹੈ ਪਰ ਪਿੰਡ `ਚ ਉਨ੍ਹਾਂ ਦੀ ਪਛਾਣ ‘ਮੌੜਾਂ ਦਾ ਲਾਣਾ’ ਕਰਕੇ ਹੈ।
ਲਾਭ ਸਿੰਘ ਦੁਨੀਆਦਾਰੀ ਦੀਆਂ ਸੱਚੀਆਂ ਵੀ ਸੁਣਾਉਂਦੈ: ਪਸ਼ੂ ਬੰਦੇ ਦਾ ਹੀ ਦੂਜਾ ਰੂਪ ਹੁੰਦੇ ਨੇ। ਦਿਲਾਂ ਦੀਆਂ ਜਾਣਦੇ ਨੇ ਬਈ ਕੌਣ ਕੀ ਕਰਦੈ? ਪਸ਼ੂਆਂ ਨੂੰ, ਕੁੱਤਿਆਂ ਬਿੱਲਿਆਂ ਨੂੰ, ਖ਼ਰਗੋਸ਼ਾਂ ਨੂੰ, ਕੱਟਰੂਆਂ ਨੂੰ ਜਿੰਨਾ ਪਿਆਰ ਕਰੋਗੇ ਉਹ ਤੁਹਾਡੇ ਓਦੂੰ ਵੱਧ ਵਫ਼ਾਦਾਰ ਹੋਣਗੇ। ਇਹ ਗੁਣ ਗਧਿਆਂ `ਚ ਤੇ ਸੂਰਾਂ `ਚ ਸਭ ਤੋਂ ਵੱਧ ਹੈ। ਗਧੇ ਸਾਰਾ ਦਿਨ ਆਪਣੇ ਮਾਲਕ ਲਈ ਪਿੱਠ `ਤੇ ਇੱਟਾਂ ਢੋਂਦੇ ਨੇ। ਫੇਰ ਵੀ ਮਾਲਕ ਨੂੰ ਛੱਡ ਕੇ ਕਿਤੇ ਨੀ ਜਾਂਦੇ। ਰੂੜੀਆਂ `ਤੇ ਤੁਰ ਫਿਰ ਕੇ ਘਾਹ ਫੂਸ ਨਾਲ ਢਿੱਡ ਭਰ ਲੈਂਦੇ ਨੇ। ਪਰ ਬੰਦੇ `ਚ ਇਹ ਲੱਛਣ ਮੌਜੂਦ ਨਹੀਂ ਰਹੇ। ਬੰਦਾ ਤਾਂ ਪੂਰਾ ਅਕ੍ਰਿਤਘਣ ਹੋ ਗਿਆ। ਜਿਹੜਾ ਉਹਦਾ ਭਲ਼ਾ ਕਰਦਾ, ਉਹ ਉਹਦਾ ਈ ਬੁਰਾ ਕਰਦਾ। ਬੰਦਾ, ਬੰਦਾ ਨਹੀਂ ਰਿਹਾ, ਪ੍ਰੇਤ ਬਣ ਗਿਐ। ਜਿੰਨਾ ਚਿਰ ਖੂੰਨ ਪੀਣ ਨੂੰ ਮਿਲੀ ਜਾਂਦੈ, ਸਾਥ ਨੀ ਛਡਦਾ। ਖੂੰਨ ਨਿਚੋੜ ਕੇ ਚਲਦਾ ਬਣਦਾ…।
ਉਹ ਫੌਜ `ਚ ਕਿਵੇਂ ਭਰਤੀ ਹੋਇਆ, ਕਿਵੇਂ ‘ਫੌਜੀ ਖਿਡਾਰੀ’ ਹੋਣ ਦੇ ਜਫ਼ਰ ਜਾਲੇ, ਕਿਵੇਂ ਬ੍ਰਿਗੇਡੀਅਰ ਬਣਿਆ ਤੇ ਕਿਵੇਂ ਸਪੋਰਟਸ ਅਥਾਰਟੀ ਇੰਡੀਆ ਦਾ ਡਾਇਰੈਕਟਰ ਜਨਰਲ ਬਣਦਾ ਬਣਦਾ ਰਹਿ ਗਿਆ। ਹੁਣ ਉਹ ਪਟਿਆਲੇ ਦੀ ਯਾਦਵਿੰਦਰਾ ਕਲੋਨੀ ਦਾ ਨਿਵਾਸੀ ਹੈ। ਪਹਿਲਾਂ ਗਰਮੀਆਂ `ਚ ਮੀਆਂ ਬੀਵੀ ਸਿਆਟਲ ਚਲੇ ਜਾਂਦੇ ਸਨ ਜਿਥੇ ਉਨ੍ਹਾਂ ਦੇ ਦੋਵੇਂ ਪੁੱਤਰ ਅਮਰੀਕਨ ਬਣੇ ਘੁੱਗ ਵਸਦੇ ਹਨ। ਹੁਣ ਉਹ ਆਪ ਆ ਕੇ ਮਾਪਿਆਂ ਨੂੰ ਮਿਲ ਜਾਂਦੇ ਹਨ।