ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਅੰਦਰ ਕਤਲ ਕੇਸਾਂ ਵਿਚ ਉਮਰ ਕੈਦ ਭੋਗ ਰਹੇ ਕੈਦੀਆਂ ਨੂੰ ਪੰਜਾਬ ਸਰਕਾਰ ਰਹਿਮਦਿਲੀ ਖ਼ਾਸੀ ਰਾਸ ਆ ਰਹੀ ਹੈ। ਇਨ੍ਹਾਂ ਦੋ ਸਾਲਾਂ ਦੌਰਾਨ ਹੀ ਰਾਜ ਦੀਆਂ ਤਿੰਨ ਪ੍ਰਮੁੱਖ ਜੇਲ੍ਹਾਂ ਵਿਚਲੇ ਤਿੰਨ ਦਰਜਨ ਤੋਂ ਵੀ ਵੱਧ ਅਜਿਹੇ ਕੈਦੀ ਆਪਣੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਆਜ਼ਾਦ ਹੋ ਚੁੱਕੇ ਹਨ। ਹਾਲਾਂਕਿ ਉਨ੍ਹਾਂ ਵੱਲੋਂ ਰਿਹਾਅ ਹੋਣ ਤੱਕ ਭੁਗਤੀ ਜਾ ਚੁੱਕੀ ਸਜ਼ਾ ਤੇ ਉਨ੍ਹਾਂ ਵੱਲੋਂ ਦਿੱਤੇ ਗਏ ਆਪਣੇ ਪਰਿਵਾਰਕ ਤੇ ਸਮਾਜਕ ਹਾਲਾਤ ਦੇ ਵਾਸਤਿਆਂ ‘ਤੇ ਗੌਰ ਕਰਦੇ ਹੋਏ ਭਾਰਤੀ ਸੰਵਿਧਾਨ ਦੇ ਆਰਟੀਕਲ 161 ਤਹਿਤ ਇਹ ਖ਼ਿਮਾ ਬਖ਼ਸ਼ੀ ਗਈ ਹੈ। ਇਹ ਗੱਲ ਵੱਖਰੀ ਹੈ ਕਿ ਇਸ ਬਾਬਤ ਕੈਦੀਆਂ ਵੱਲੋਂ ਦਿੱਤੇ ਹਵਾਲੇ ਹੀ ਆਪਾ-ਵਿਰੋਧੀ ਹੋਣ ਵਜੋਂ ਨਿਰੇ-ਪੂਰੇ ‘ਬਹਾਨੇ’ ਤੇ ਸਧਾਰਨ ਪੱਧਰ ਦੇ ਹਵਾਲੇ ਹੀ ਸਾਬਤ ਹੋਏ ਹਨ ਜਿਸ ਕਾਰਨ ਕਤਲ ਕੇਸਾਂ ਦੇ ਕੈਦੀਆਂ ਦੀਆਂ ਇਹ ਅਗੇਤੀ ਰਿਹਾਈਆਂ (ਪ੍ਰੀਮੈਚਿਉਰ ਰਿਲੀਜ਼) ਸੁਪਰੀਮ ਕੋਰਟ ਵੱਲੋਂ ਇਸੇ ਪ੍ਰਸੰਗ ਵਿਚ ਹਾਲੇ ਬੀਤੀ 27 ਸਤੰਬਰ ਨੂੰ ਸੁਣਾਏ ਫ਼ੈਸਲੇ ਨੂੰ ਸ਼ਰੇਆਮ ਠਿੱਠ ਕਰ ਰਹੀਆਂ ਹਨ। ਸਰਵਉੱਚ ਅਦਾਲਤ ਵੱਲੋਂ ਕਤਲ ਦੇ ਦੋਸ਼ਾਂ ਨੂੰ ਲੈ ਕੇ ਅਜਿਹੇ ਕੇਸਾਂ ਵਿਚ ਉਮਰ ਕੈਦ ਦੇ ਇਕ ਘੱਟ ਤੋਂ ਘੱਟ ਸਜ਼ਾ ਹੋਣ ਦਾ ਸੰਵਿਧਾਨਕ ਹਵਾਲਾ ਲੈਂਦੇ ਹੋਏ ਸਾਲ 2006 ਦੇ ‘ਰਾਜਸਥਾਨ ਸਰਕਾਰ ਬਨਾਮ ਜਮੀਲ ਖ਼ਾਨ’ ਨਾਮੀ ਕੇਸ (ਨੰਬਰ ਸੀæਏæ-659) ਆਪਣੇ ਫ਼ੈਸਲੇ ਵਿਚ ਸਪਸ਼ਟ ਕਿਹਾ ਹੈ ਕਿ ਸੀæਆਰæਪੀæਸੀæ ਦੀ ਧਾਰਾ 433-ਏ ਤਹਿਤ ਕਤਲ ਕੇਸਾਂ ਵਿਚ ਹੋਣ ਵਾਲੀ 14 ਸਾਲਾ ਅਸਲ ਉਮਰ ਕੈਦ ਦੇ ਕੈਦੀ ਨੂੰ ਸਜ਼ਾ ਵਿਚ ਖਿਮਾ ਜਾਂ ਵੱਟਾ ਦੇ ਕੇ ਅਗੇਤੀ ਰਿਹਾਈ ਬਖ਼ਸ਼ਣਾ ਸਜ਼ਾ ਸੁਣਾਏ ਜਾਣ ਦੀ ਕਾਨੂੰਨੀ ਭਾਵਨਾ ਨਾਲ ਮਜ਼ਾਕ ਹੈ। ਇਸ ਦੇ ਬਾਵਜੂਦ ਇਨ੍ਹਾਂ ਕੁਝ ਮਹੀਨਿਆਂ ਦੌਰਾਨ ਹੀ ਪੰਜਾਬ ਵਿਚਲੀਆਂ ਬਠਿੰਡਾ, ਲੁਧਿਆਣਾ ਤੇ ਪਟਿਆਲਾ ਕੇਂਦਰੀ ਜੇਲ੍ਹਾਂ ਵਿਚੋਂ ਵੱਡੀ ਗਿਣਤੀ ਕਤਲ ਕੇਸਾਂ ਵਿਚ ਸਜ਼ਾਯਾਫ਼ਤਾ ਕੈਦੀਆਂ ਨੂੰ ਅਗੇਤੀ ਰਿਹਾਈ ਬਖ਼ਸ਼ੀ ਜਾਣੀ ਸੰਵਿਧਾਨਕ ਪ੍ਰਾਵਧਾਨਾਂ ਦੀ ਦੁਰਵਰਤੋਂ ਦੀ ਮਸਾਲ ਸਾਬਤ ਹੋ ਰਹੀ ਹੈ। ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਅੱਠ ਅਗਸਤ ਨੂੰ ਅਗੇਤੀ ਰਿਹਾਈ ਹਾਸਲ ਕਰਨ ਵਾਲਾ ਮੁਖ਼ਤਿਆਰ ਸਿੰਘ ਨਾਮੀ ਕਤਲ ਕੈਦੀ ਆਪਣੇ ਖਿਮਾ ਪੱਤਰ ਵਿਚ ਇਕ ਪਾਸੇ ਤਾਂ ਕਹਿ ਰਿਹਾ ਹੈ ਕਿ ਉਸ ਦੇ ਪਰਿਵਾਰ ਵਿਚ ਉਸ ਦੇ ਬੁੱਢੇ ਮਾਪਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਮੈਂਬਰ ਨਹੀਂ ਪਰ ਦੂਜੇ ਪਾਸੇ ਇਸੇ ਪੈਰ੍ਹੇ ਵਿਚ ਆਪਣੇ ਦੋ ਪੁੱਤਰ ਹੋਣ ਦਾ ਵੀ ਦਾਅਵਾ ਕਰ ਰਿਹਾ ਹੈ।
ਇਸੇ ਤਰ੍ਹਾ ਬਠਿੰਡਾ ਜੇਲ੍ਹ ਵਿਚੋਂ ਹੀ 28 ਮਈ ਨੂੰ ਅਗੇਤੀ ਰਿਹਾਈ ਹਾਸਲ ਕਰਨ ਵਾਲਾ ਗੁਰਜੰਟ ਸਿੰਘ ਨਾਮੀ ਕਤਲ ਕੈਦੀ ਵੀ ਆਪਣੇ ਖਿਮਾ ਪੱਤਰ ਵਿਚ ਇਕ ਪਾਸੇ ਆਪਣੇ ਪਰਿਵਾਰ ਵਿਚ ਖੇਤੀਬਾੜੀ ਸਾਂਭਣ ਵਾਲਾ ਕੋਈ ਨਾ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਨਾਲ ਹੀ ਇਸੇ ਬਿਆਨ ਤਹਿਤ ਆਪਣਾ ਇਕ ਪੁੱਤਰ ਹੋਣ ਦਾ ਵੀ ਹਵਾਲਾ ਦੇ ਰਿਹਾ ਹੈ। ਇਸੇ ਜੇਲ੍ਹ ਦਾ ਗੁਰਪਾਲ ਸਿੰਘ ਨਾਮੀ ਕਤਲ ਕੈਦੀ ਇਕ ਪਾਸੇ ਆਪਣੇ ਪਰਿਵਾਰ ਦੀ ਸਾਂਭ ਸੰਭਾਲ ਲਈ ਕਿਸੇ ਮਰਦ ਮੈਂਬਰ ਨਾ ਹੋਣ ਦੀ ਅਰਜੋਈ ਕਰ ਰਿਹਾ ਹੈ ਪਰ ਨਾਲ ਹੀ ਆਪਣੇ ਦੋ ਪੁੱਤਰ ਹੋਣ ਦੀ ਵੀ ਗੱਲ ਕਰਦਾ ਹੈ।
ਪਿਛਲੇ ਸਾਲ 16 ਨਵੰਬਰ ਨੂੰ ਅਗੇਤੀ ਰਿਹਾਈ ਪ੍ਰਾਪਤ ਕਰਨ ਵਾਲਾ ਬਲਦੇਵ ਸਿੰਘ ਇਕ ਪਾਸੇ ਕਹਿੰਦਾ ਹੈ ਕਿ ਉਸ ਦੇ ਦੋ ਪੁੱਤਰ ਤੇ ਦੋ ਧੀਆਂ ਵਿਆਹਯੋਗ ਹੋ ਚੁੱਕੇ ਹਨ, ਦੂਜੇ ਪਾਸੇ ਉਹ ਹਾਲੇ ਵੀ ਘਰ ਨੂੰ ਸਾਂਭਣ ਵਾਲਾ ਕੋਈ ਮਰਦ ਮੈਂਬਰ ਨਾ ਹੋਣ ਦਾ ਦਾਅਵਾ ਕਰ ਰਿਹਾ ਹੈ। ਇਸ ਤਰ੍ਹਾਂ ਦੇ ਹੋਰ ਵੀ ਮਾਮਲੇ ਸਾਹਮਣੇ ਆਏ ਹਨ। ਇਸ ਨੁਕਤੇ ਦਾ ਇਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਕਤਲ ਕੇਸਾਂ ਵਿਚ ਉਮਰ ਕੈਦ ਦੇ ਸਜ਼ਾਯਾਫ਼ਤਾ ਰਿਹਾਅ ਹੋਣ ਵਾਲੇ ਬਠਿੰਡਾ ਜੇਲ੍ਹ ਵਿਚੋਂ 17, ਲੁਧਿਆਣਾ ਜੇਲ੍ਹ ਵਿਚੋਂ 20 ਤੇ ਪਟਿਆਲਾ ਜੇਲ੍ਹ ਵਿਚੋਂ 10 ਵਿਚੋਂ ਚਾਰਾਂ ਨੂੰ ਛੱਡ ਕੇ ਬਾਕੀਆਂ ਨੂੰ ਅਗੇਤੀ ਰਿਹਾਈ ਨਸੀਬ ਹੋਈ ਹੈ ਤੇ ਇਸ ਦਾ ਆਧਾਰ ਬਹੁਤਿਆਂ ਵੱਲੋਂ ਆਪਣੇ ਘਰ-ਜਾਇਦਾਦ ਦੀ ਸਾਂਭ-ਸੰਭਾਲ ਲਈ ਪਰਿਵਾਰ ਵਿਚ ਕਿਸੇ ਮਰਦ ਮੈਂਬਰ ਦਾ ਨਾ ਹੋਣਾ ਕਹੇ ਜਾਣ ਜਿਹੇ ‘ਸਧਾਰਨ ਤੇ ਆਮ’ ਦੇ ਕਾਰਨਾਂ ਨੂੰ ਬਣਾਇਆ ਗਿਆ ਹੈ।
Leave a Reply