ਟੀਨ ਕਨੱਸਤਰ

ਬਲਜੀਤ ਬਾਸੀ
ਟੀਨ ਕਨੱਸਤਰ ਪੀਟ ਪੀਟ ਕਰ
ਗਲਾ ਫਾੜ ਕਰ ਚਿੱਲਾਨਾ,
ਯਾਰ ਮੇਰੇ ਮਤ ਬੁਰਾ ਮਾਨ,
ਯੇ ਗਾਨਾ ਹੈ ਨਾ ਬਜਾਨਾ ਹੈ।
ਨਾਚ ਕੇ ਬਦਲੇ ਕਮਰ ਨਚਾਨਾ,
ਉਛਲ ਕੇ ਸਰਕਸ ਦਿਖਲਾਨਾ,
ਭੂਲ ਹੈ ਤੇਰੀ ਤੂ ਸਮਝਾ ਹੈ,
ਦੁਨੀਆ ਪਾਗਲਖਾਨਾ ਹੈ।
ਇਹ ਕੋਈ ਅੱਧੀ ਸਦੀ ਪੁਰਾਣੀ ਹਿੰਦੀ ਫਿਲਮ ‘ਲਵ ਮੈਰਿਜ’ ਦੇ ਇਕ ਗਾਣੇ ਦੇ ਬੋਲ ਹਨ। ਇਥੇ ਸ਼ਾਇਦ ਟੀਨ ਕਨੱਸਤਰ ਨੂੰ ਇਕ ਵਾਜੇ ਵਜੋਂ ਪੇਸ਼ ਕੀਤਾ ਗਿਆ ਹੈ। ਉਂਜ ਗਾਣੇ ਦਾ ਸਮੁੱਚਾ ਭਾਵ ਖੋਖਲੇ ਹੋ ਚੁੱਕੇ ਨਾਚ-ਗਾਣੇ ਅਤੇ ਸਮੁੱਚੀ ਜਿੰਦਗੀ ‘ਤੇ ਕਾਟਵਾਂ ਵਿਅੰਗ ਪੇਸ਼ ਕਰਦਾ ਹੈ। ਟੀਨ ਕਨੱਸਤਰ ਦੀ ਇਕ ਡੱਬੇ ਵਜੋਂ ਵਰਤੋਂ ਤੋਂ ਬਿਨਾ ਹੋਰ ਵੀ ਲਾਭ ਹਨ। ਇਸ ਨੂੰ ਵਜਾ ਕੇ ਅਕਸਰ ਹੀ ਸਰਕਾਰੀ ਫਰਮਾਨਾਂ ਦੀ ਮੁਣਿਆਦੀ ਕੀਤੀ ਜਾਂਦੀ ਹੈ। ਦੂਜੇ ਪਾਸੇ ਮਹਿੰਗਾਈ ਦੇ ਜ਼ਮਾਨੇ ਵਿਚ ਲੋਕ ਖਾਲੀ ਟੀਨ ਕਨੱਸਤਰ ਵਜਾ ਵਜਾ ਕੇ ਆਪਣੀ ਮੰਦਹਾਲੀ ਹੁਕਮਰਾਨਾਂ ਤੱਕ ਪਹੁੰਚਾਉਂਦੇ ਹਨ। ਦਿਲਚਸਪ ਗੱਲ ਹੈ ਕਿ ਟੀਨ, ਕਨੱਸਤਰ ਤੇ ਟੀਨ ਕਨੱਸਤਰ-ਤਿੰਨੇ ਸ਼ਬਦ ਪੀਪੇ ਜਾਂ ਪੀਪੇ ਜਿਹੇ ਪਾਤਰ ਦੇ ਹੀ ਵਾਚਕ ਹਨ। ਵਿਡੰਬਨਾ ਦੇਖੋ ਕਿ ਇਕ ਜ਼ਮਾਨਾ ਸੀ, ਭਾਰਤ ਵਰਸ਼ ਵਿਚ ਭਰਿਆ ਤਾਂ ਕੀ ਕਦੇ ਖਾਲੀ ਵੀ ਨਾ ਟੀਨ ਹੁੰਦਾ ਸੀ, ਨਾ ਕਨੱਸਤਰ, ਨਾ ਟੀਨ ਕਨੱਸਤਰ ਤੇ ਨਾ ਹੀ ਪੀਪਾ। ਤੁਸੀਂ ਪੁੱਛੋਗੇ ਕਿ ਭਾਰਤੀ ਲੋਕ ਫਿਰ ਖਾਣ ਪੀਣ ਦੀ ਸਮੱਗਰੀ, ਖਾਸ ਤੌਰ ‘ਤੇ ਆਟਾ ਤੇ ਤੇਲ ਕਾਸ ਵਿਚ ਪਾਉਂਦੇ ਸਨ? ਜਨਾਬ ਇਸ ਕੰਮ ਲਈ ਡੱਬਿਆਂ, ਕੁੱਪਿਆਂ, ਘੜਿਆਂ, ਭੜੋਲੀਆਂ, ਮੱਟੀਆਂ, ਪੇਟੀਆਂ, ਪਟਾਰੀਆਂ, ਟੋਕਰੀਆਂ, ਸੰਦੂਕ ਤੇ ਸੰਦੂਕੜੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਥਾਲੀ ਜਾਂ ਢੋਲ ਨਾਲ ਮੁਣਿਆਦੀ ਕਰ ਲਈ ਜਾਂਦੀ ਸੀ। ਪਰ ਖਾਣ ਸਮੱਗਰੀ ਦੇ ਸੰਭਾਲਣ, ਭੰਡਾਰਨ ਅਤੇ ਲਿਜਾਣ ਵਿਚ ਜੋ ਇਨਕਲਾਬ ਟੀਨ-ਕਨੱਸਤਰਾਂ ਨੇ ਲਿਆਂਦਾ, ਉਸ ਦਾ ਜਵਾਬ ਨਹੀਂ। ਅਸੀਂ ਕਿਉਂਕਿ ਸ਼ਬਦਾਂ ਦੇ ਪਿਛੋਕੜ ਤੋਂ ਕਿਸੇ ਚੀਜ਼ ਦੇ ਇਤਿਹਾਸ ਬਾਰੇ ਜਾਣਕਾਰੀ ਲੈਂਦੇ ਹਾਂ, ਇਸ ਲਈ ਇਥੇ ਇਹ ਦੱਸਣਾ ਯੋਗ ਹੈ ਕਿ ਟੀਨ, ਕਨੱਸਤਰ ਤੇ ਪੀਪਾ-ਤਿੰਨਾਂ ਹੀ ਸ਼ਬਦਾਂ ਨੇ ਭਾਰਤ ਵਿਚ ਜਨਮ ਨਹੀਂ ਲਿਆ। ਪਰ ਅੱਜ ਅਸੀਂ ਟੀਨ ਕਨੱਸਤਰ ਦੀ ਗੱਲ ਕਰਨੀ ਹੈ, ਪੀਪੇ ਨੂੰ ਇਹ ਮਾਣ ਹੋਰ ਕਿਸੇ ਦਿਨ ਬਖਸ਼ਾਂਗੇ।
ਸਭ ਤੋਂ ਪਹਿਲਾਂ ਟੀਨ ਕਨੱਸਤਰ ਵਸਤੂ ਬਾਰੇ ਕੁਝ ਜਾਣਕਾਰੀ ਸਾਂਝੀ ਕਰ ਲਈਏ। ਅੰਗਰੇਜ਼ੀ ਵਿਚ ਟਿਨ ਤੇ ਕੈਨ ਆਮ ਤੌਰ ‘ਤੇ ਧਾਤ ਦੇ ਉਨ੍ਹਾਂ ਡੱਬਿਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਵਿਚ ਖਾਣ ਪੀਣ ਦੀ ਸਮੱਗਰੀ ਰੱਖੀ ਜਾਵੇ। ਅਖਾਣ ਹੈ ਕਿ ਤੂੰ ਅੰਬ ਖਾਣੇ ਹਨ ਕਿ ਪੇੜ ਗਿਣਨੇ ਹਨ। ਟਿਨ ਤੇ ਕੈਨ ਦੇ ਪ੍ਰਸੰਗ ਵਿਚ ਮੈਂ ਇਹ ਗੱਲ ਢੁਕਾਉਂਦਾ ਹੈ। ਲੋਕ ਆਪਣਾ ਟਿਨ ਜਾਂ ਕੈਨ ਕਹਾਉਂਦੇ ਇਨ੍ਹਾਂ ਡੱਬਿਆਂ ਵਿਚਲੇ ਖਾਜੇ ਨੂੰ ਹਜਮ ਕਰਕੇ ਚਲਾ ਕੇ ਮਾਰਦੇ ਹਨ। ਕੌਣ ਇਨ੍ਹਾਂ ਨਿਮਾਣਿਆਂ ਬਾਰੇ ਜਾਣਕਾਰੀ ਲੈਣ ਵਿਚ ਦਿਲਚਸਪੀ ਰਖਦਾ ਹੈ? ਇਸ ਕੂੜੇ ਨੂੰ ਆਧੁਨਿਕ ਰੂਪ ਦੇਣ ਲਈ ਵਿਗਿਆਨੀਆਂ ਨੇ ਸਦੀਆਂ ਲਾ ਦਿੱਤੀਆਂ। ਕਿਸੇ ਨੇ ਕਿਹਾ ਹੈ ਕਿ ਜੇ ਸਭ ਤੋਂ ਪ੍ਰਾਚੀਨਤਮ ਕੈਨ ਤੋਂ ਆਧੁਨਿਕ ਕੈਨ ਤੱਕ ਦੀ ਲਾਈਨ ਲਾ ਦਿੱਤੀ ਜਾਵੇ ਤਾਂ ਤੁਹਾਡੇ ਸਾਹਮਣੇ ਘੋੜਾ-ਗੱਡੀ ਤੋਂ ਲਿਮੋਜ਼ੀਨ ਵਰਗੀ ਕਹਾਣੀ ਪੇਸ਼ ਹੋਵੇਗੀ। ਨਿਕੋਲਸ ਨਾਂ ਦੇ ਇਕ ਫਰਾਂਸੀਸੀ ਕਾਢੂ ਨੇ ਬੋਤਲਾਂ ਵਿਚ ਖਾਧ ਪਦਾਰਥ ਪਾ ਕੇ ਸਾਂਭਣ ਦੀ ਪਹਿਲ ਕੀਤੀ। ਉਤੋਂ ਦੀ ਪੀਟਰ ਨਾਂ ਦੇ ਅੰਗਰੇਜ਼ ਨੇ ਕੈਨ ਦੀ ਕਾਢ ਕੱਢ ਮਾਰੀ। 1809 ਵਿਚ ਫਰਾਂਸੀਸੀ ਸਰਕਾਰ ਨੇ ਦੁਨੀਆਂ ਨੂੰ ਬੋਤਲਬੰਦ ਖਾਣਾ ਪਰੋਸਿਆ ਪਰ ਸਾਲ ਪਿਛੋਂ ਹੀ ਅੰਗਰੇਜ਼ ਪੀਟਰ ਨੇ ਇਸੇ ਤਕਨੀਕ ਦੀ ਵਰਤੋਂ ਕਰਦਿਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਟੀਨ ਦੇ ਬਣੇ ਕੈਨਿਸਟਰ ਵਿਚ ਬੰਦ ਕਰਕੇ ਸਾਂਭਣ ਦੀ ਤਕਨੀਕ ਦਾ ਪੇਟੈਂਟ ਹਾਸਿਲ ਕਰ ਲਿਆ।
ਕੁਝ ਜਾਣਕਾਰੀ ਟਿਨ ਬਾਰੇ। ਟਿਨ ਮੁਢਲੇ ਤੌਰ ‘ਤੇ ਉਹ ਧਾਤ ਹੈ ਜਿਸ ਨੂੰ ਪੰਜਾਬੀ ਵਿਚ ‘ਭਾਂਡੇ ਕਲੀ ਕਰਾ ਲਓ’ ਵਾਲੀ ਕਲੀ ਜਾਂ ਕਲਈ ਕਿਹਾ ਜਾਂਦਾ ਹੈ। ਲੋਹੇ ਆਦਿ ਦੀ ਚਾਦਰ ਉਤੇ ਇਸ ਟਿਨ (ਕਲੀ) ਦੀ ਝਾਲ ਫੇਰ ਕੇ ‘ਟਿਨ ਪਲੇਟ’ ਬਣਾਈ ਜਾਂਦੀ ਹੈ ਤੇ ਇਸ ਝਾਲ ਫੇਰੀ ਟਿਨ ਪਲੇਟ ਦਾ ਨਾਂ ਵੀ ਟਿਨ ਹੀ ਪ੍ਰਚਲਤ ਹੋ ਗਿਆ। ਸਾਡੀ ਭਾਸ਼ਾ ਦਾ ਟੀਨ ਵੀ ਅਸਲ ਵਿਚ ਇਹੋ ਹੈ ਪਰ ਇਸ ਨੇ ਆਪਣੇ ਅਰਥਾਂ ਵਿਚੋਂ ਕਲੀ ਮਨਫੀ ਕਰ ਦਿੱਤੀ। ਪੀਟਰ ਨੂੰ ਆਪਣੀ ਇਸ ਨਵੀਂ ਲਭਤ ਲਈ ਨਵਾਂ ਸ਼ਬਦ ਚਾਹੀਦਾ ਸੀ। ਉਨ੍ਹਾਂ ਦਿਨਾਂ ਵਿਚ ਕਾਨ੍ਹਿਆਂ ਜਾਂ ਬੈਂਤ ਦੀਆਂ ਬਣੀਆਂ ਟੋਕਰੀਆਂ ਵਿਚ ਚਾਹ, ਕਾਫੀ, ਮਟਰ, ਫਲ ਆਦਿ ਚੀਜ਼ਾਂ ਰੱਖੀਆਂ ਜਾਂਦੀਆਂ ਸਨ। ਇਨ੍ਹਾਂ ਟੋਕਰੀਆਂ ਨੂੰ ਕੈਨਿਸਟਰ ਕਿਹਾ ਜਾਂਦਾ ਸੀ। ਪੀਟਰ ਨੇ ਇਹੋ ਸ਼ਬਦ ਚੁੱਕ ਲਿਆ ਪਰ ਕਿਉਂਕਿ ਉਸ ਦਾ ਡੱਬਾ ਕਿਸੇ ਬਨਸਪਤੀ ਦਾ ਨਾ ਹੋ ਕੇ ਟਿਨ ਦਾ ਬਣਿਆ ਹੋਇਆ ਸੀ, ਇਸ ਲਈ ਉਸ ਨੇ ਫਰਕ ਪਾਉਣ ਲਈ ਇਸ ਦਾ ਨਾਂ ‘ਟਿਨ ਕੈਨਿਸਟਰ’ ਰੱਖ ਦਿੱਤਾ। ਛੇਤੀ ਹੀ ‘ਟਿਨ ਕੈਨਿਸਟਰ’ ਸ਼ਬਦ-ਜੁੱਟ ਦੇ ਦੋ ਟੋਟੇ ਹੋ ਗਏ-ਟਿਨ ਤੇ ਕੈਨਿਸਟਰ, ਅਤੇ ਦੋਵੇਂ ਇਕੋ ਅਰਥ ਦੇਣ ਲੱਗ ਪਏ। ਸਮਾਂ ਪਾ ਕੇ ਲਿਖਤ ਪੜ੍ਹਤ ਵਿਚ ਆਉਣ ਲੱਗਿਆਂ ਕੈਨਿਸਟਰ ਦੀ ਤਾਂ ਜਾਣੋ ਦੁੰਮ ਹੀ ਕੱਟੀ ਗਈ ਤੇ ਰਹਿ ਗਿਆ ਕੈਨ। ਉਂਜ ਅੰਗਰੇਜ਼ੀ ਵਿਚ ਪਿਆਲੇ ਦੇ ਅਰਥਾਂ ਵਿਚ ਕੈਨ ਸ਼ਬਦ ਪਹਿਲਾਂ ਵੀ ਮੌਜੂਦ ਸੀ ਜੋ ਢੇਰ ਪੁਰਾਣੇ ਸਮਿਆਂ ਵਿਚ ਹੀ ਲਾਤੀਨੀ ਤੋਂ ਆਇਆ ਸੀ। ਕੈਨਿਸਟਰ ਦਾ ਕੈਨ ਬਣਨ ਵਿਚ ਇਸ ਦਾ ਵੀ ਹੱਥ ਹੈ।
ਮਜ਼ੇ ਦੀ ਗੱਲ ਹੈ ਕਿ ਅੰਗਰੇਜ਼ ਲੋਕ ਇਨ੍ਹਾਂ ਡੱਬਿਆਂ ਨੂੰ ‘ਟਿਨ’ ਤੇ ਇਸ ਵਿਚਲੇ ਖਾਜੇ ਨੂੰ ‘ਟਿੰਡ ਫੂਡ’ (ਟਨਿਨeਦ ੋਦ) ਆਖਦੇ ਹਨ ਜਦ ਕਿ ਅਮਰੀਕੀ, ਜਿਨ੍ਹਾਂ ਆਪਣੀ ਵਖਰੀ ਹੀ ਡਫਲੀ ਵਜਾਉਣੀ ਹੁੰਦੀ ਹੈ, ਇਨ੍ਹਾਂ ਨੂੰ ਕ੍ਰਮਵਾਰ ‘ਕੈਨ’ ਤੇ ‘ਕੈਂਡ ਫੂਡ’ (ਚਅਨਨeਦ ੋਦ) ਆਖਦੇ ਹਨ। ਤਨਜ਼ ਵਾਲੀ ਗੱਲ ਹੈ ਕਿ ਨਿਕੋਲਸ ਤੇ ਪੀਟਰ-ਦੋਨਾਂ ਨੇ ਇਹ ਨਾਂ ਨਹੀਂ ਸੀ ਰੱਖੇ। ਜੇ ਕਿਤੇ ਉਹ ਕਬਰ ਵਿਚੋਂ ਉਠ ਕੇ ਆ ਜਾਣ ਤਾਂ ਆਪਣੇ ਘੜੇ ਸ਼ਬਦਾਂ ਦੀ ਪੁੱਟੀ ਹੋਈ ਜੱਖਣਾ ਤੋਂ ਜ਼ਰੂਰ ਪ੍ਰੇਸ਼ਾਨ ਹੋਣਗੇ। ਉਨ੍ਹਾਂ ਤਾਂ ਇਸ ਤਰ੍ਹਾਂ ਦੇ ਖਾਣੇ ਨੂੰ ਸeਅਲeਦ ੋਦ ਕਿਹਾ ਸੀ। ਪਿਛਲੇ ਸਮੇਂ ਵਿਚ ਯੂਰਪ ਸਮੁੰਦਰੀ ਜਹਾਜਾਂ ਰਾਹੀਂ ਸਾਮਰਾਜ ਦੇ ਰਾਹ ਤੁਰਿਆ ਤਾਂ ਯੂਰਪੀਨਾਂ ਨੂੰ ਦੂਰ ਦੇਸ਼ਾਂ ਤੱਕ ਲੰਮੇ ਸਮੇਂ ਲਈ ਸਮੁੰਦਰੀ ਸਫਰ ਦੌਰਾਨ ਮੀਟ, ਫਲ, ਸਬਜ਼ੀਆਂ ਆਦਿ ਸੁਰੱਖਿਅਤ ਰੂਪ ਵਿਚ ਚਾਹੀਦੇ ਸਨ। ਇਸ ਲਈ ਭੋਜਨ ਨੂੰ ਪਰੀਜ਼ਰਵ ਕਰਨ ਦੀ ਲੋੜ ਸੀ ਤਾਂ ਜੋ ਉਹ ਰਾਹ ਵਿਚ ਖਰਾਬ ਨਾ ਹੋ ਸਕੇ। ਨਿਕੋਲਸ ਅਤੇ ਪੀਟਰ ਦੀ ਕਾਢ ਨੇ ਇਹ ਸੰਭਵ ਬਣਾਇਆ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਦੀ ਜ਼ਰੂਰਤ ਹੀ ਸਾਮਰਾਜੀ ਅਕਾਂਖਿਆ ਵਿਚੋਂ ਉਪਜੀ ਸੀ। ਖਾਣੇ ਨੂੰ ਪਰੀਜ਼ਰਵ ਕਰਨ ਲਈ ਪਹਿਲਾਂ ਪਹਿਲਾਂ ਤਾਂ ਇਹ ਕੈਨ ਜਾਂ ਟਿਨ ਠਠੇਰੇ ਹੀ ਬਣਾਉਂਦੇ ਸਨ। ਪਰ ਮੰਗ ਏਨੀ ਜ਼ਿਆਦਾ ਸੀ ਕਿ ਠਠੇਰਿਆਂ ਦੇ ਸਿਧੇ ਜਿਹੇ ਸੰਦਾਂ ਨਾਲ ਬਣਾਏ ਗਿਣਤੀ ਦੇ ਪੀਸ ਇਸ ਨੂੰ ਪੂਰਾ ਨਹੀਂ ਸੀ ਕਰ ਸਕਦੇ। ਠਠੇਰੇ ਟੀਨ ਦੀ ਚਾਦਰ ਲੈ ਕੇ ਉਸ ਨੂੰ ਲੋੜ ਜਿੰਨਾ ਕੱਟ ਕੇ ਤੇ ਗੋਲ ਗੋਲ ਲਪੇਟ ਕੇ ਦੋਨਾਂ ਸਿਰਿਆਂ ‘ਤੇ ਟਾਂਕੇ ਲਾ ਦਿੰਦੇ ਸਨ। ਚਾਦਰ ਦਾ ਇਕ ਗੋਲ ਟੁਕੜਾ ਪੈਂਦੇ ‘ਤੇ ਜੜ ਦਿੱਤਾ ਜਾਂਦਾ। ਫਿਰ ਫਲ ਫਰੂਟ, ਮੀਟ ਮੱਛੀ, ਦਾਲ ਸਬਜ਼ੀ ਆਦਿ ਨਾਲ ਭਰ ਕੇ ਇਹੋ ਜਿਹਾ ਹੀ ਇਕ ਗੋਲ ਟੁਕੜਾ ਢਕਣ ਵਜੋਂ ਉਪਰ ਜੜ ਦਿੱਤਾ ਜਾਂਦਾ। ਇਸ ਵਿਚ ਇਕ ਸੁਰਾਖ ਕਰ ਲਿਆ ਜਾਂਦਾ। ਫਿਰ ਇਸ ਨੂੰ ਖੂਬ ਉਬਾਲ ਕੇ ਬੈਕਟੀਰੀਆ ਮਾਰੇ ਜਾਂਦੇ ਤੇ ਸੁਰਾਖ ਰਾਹੀਂ ਹਵਾ ਕੱਢ ਦਿੱਤੀ ਜਾਂਦੀ। ਅਖੀਰ ਵਿਚ ਇਸ ਸੁਰਾਖ ਨੂੰ ਵੀ ਟਾਂਕੇ ਲਾਏ ਜਾਂਦੇ। ਸਪਸ਼ਟ ਹੈ ਕਿ ਵੱਡੀ ਪੱਧਰ ‘ਤੇ ਇਹ ਕੰਮ ਸੰਭਵ ਨਹੀਂ ਸੀ। ਇਸ ਲਈ ਬਰਾਬਰ ਦੀ ਕੈਨਿੰਗ ਇੰਡਸਟਰੀ ਖੜੀ ਹੋ ਗਈ। ਬੱਸ ਫਿਰ ਕੀ ਸੀ ਹਰ ਆਏ ਸਾਲ ਇਸ ਵਿਚ ਸੁਧਾਰ ਤੇ ਸੁਧਾਰ ਹੋਈ ਜਾਂਦਾ। ਭੋਜਨ ਸਨਅਤ ਦੇ ਨਾਲ ਨਾਲ ਕੈਨਿੰਗ ਸਨਅਤ ਖੂਬ ਪ੍ਰਫੁਲਤ ਹੋ ਗਈ। ਬੀæਬੀæਸੀæ ਦੀ ਇਤਲਾਹ ਅਨੁਸਾਰ ਯੂਰਪ ਅਤੇ ਅਮਰੀਕਾ ਵਿਚ ਹਰ ਸਾਲ 40 ਅਰਬ ਟੀਨ ਕਨੱਸਤਰ ਬਣਾਏ ਅਤੇ ਵਰਤੇ ਜਾਂਦੇ ਹਨ। ਅੱਜ ਭੋਜਨ ਉਦਯੋਗ ਨਾਲੋਂ ਕੈਨ ਇੰਡਸਟਰੀ ਵਿਚ ਵਧੇਰੇ ਸਾਜ਼ੋ ਸਮਾਨ ਇਸਤੇਮਾਲ ਹੁੰਦਾ ਹੈ। ਜ਼ਮਾਨਾ ਪੇਸ਼ਕਾਰੀ ਅਤੇ ਦਿਖਾਵੇ ਦਾ ਹੈ ਨਾ ਕਿ ਤੱਤ ਦਾ। ਇਸ ਲੇਖ ਦੇ ਸ਼ੁਰੂ ਵਿਚ ਦਿੱਤੇ ਗੀਤ ਦੇ ਬੋਲ ਵੀ ਇਹੋ ਭਾਵ ਪੇਸ਼ ਕਰਦੇ ਹਨ।
ਖੈਰ ਆਪਾਂ ਕੀ ਲੈਣਾ, ਆਪਾਂ ਮੁੜ ਸ਼ਬਦਾਂ ਦੇ ਪੰਧ ‘ਤੇ ਤੁਰੀਏ। ਅਸੀਂ ਦੇਖ ਚੁੱਕੇ ਹਾਂ ਕਿ ਅੰਗਰੇਜ਼ੀ ਵਿਚ ਹੀ ਕੈਨਿਸਟਰ ਜਾਂ ਟਿਨ ਕੈਨਿਸਟਰ ਸ਼ਬਦਾਂ ਦੀ ਵਰਤੋਂ ਹੋ ਚੁੱਕੀ ਸੀ। ਭੋਜਨਾਂ ਦੇ ਭਰੇ ਇਹ ਕੈਨਿਸਟਰ ਜਦ ਜਹਾਜਾਂ ਰਾਹੀਂ ਗੋਰੇ ਹਾਕਮਾਂ ਨੇ ਸਾਡੇ ਦੇਸ਼ ਲਿਆਂਦੇ ਤਾਂ ਟਿਨ ਦਾ ਟੀਨ ਬਣ ਗਿਆ ਅਤੇ ਕੈਨਿਸਟਰ ਦਾ ਕਨੱਸਤਰ।
ਕੈਨਿਸਟਰ ਸ਼ਬਦ ਦੇ ਪਿੱਛੇ ਹੋਰ ਵੀ ਲੰਮੀ ਚੌੜੀ ਕਹਾਣੀ ਹੈ। ਇਹ ਗਰੀਕ ਸ਼ਬਦ ਕੈਨੀਸਟਰੋਨ ਤੋਂ ਬਣਿਆ ਤੇ ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਇਹ ਸ਼ਬਦ ਕਾਨਿਆਂ ਦੀ ਬਣੀ ਟੋਕਰੀ ਲਈ ਵਰਤਿਆ ਜਾਂਦਾ ਸੀ। ਗਰੀਕ ਤੋਂ ਤੁਰ ਕੇ ਇਹ ਸ਼ਬਦ ਮਾਮੂਲੀ ਧੁਨੀ ਪਰਿਵਰਤਨ ਨਾਲ ਲਾਤੀਨੀ ਵਿਚ ਪਹੁੰਚਾ ਤੇ ਅੱਗੋਂ ਫਰਾਂਸੀਸੀ ਰਾਹੀਂ ਅੰਗਰੇਜ਼ੀ ਤੇ ਹੋਰ ਯੂਰਪੀ ਭਾਸ਼ਵਾਂ ਵਿਚ। ਇਸ ਸ਼ਬਦ ਦੇ ਮੂਲ ਵਿਚ ਕੇਨ ਸ਼ਬਦ ਹੈ ਜੋ ਕਾਨੇ ਜਾਂ ਸਲਵਾੜ ਜਿਹੀ ਬਨਾਸਪਤੀ ਹੈ। ਅੰਗਰੇਜ਼ੀ ਦੇ ਕੇਨ ਸ਼ਬਦ ਪਿਛੇ ਵੀ ਗਰੀਕ ਕਾਨਾਹ ਸ਼ਬਦ ਹੈ। ਖੋਜਕਾਰਾਂ ਦਾ ਵਿਚਾਰ ਹੈ ਕਿ ਇਹ ਮੂਲ ਰੂਪ ਵਿਚ ਅਸੀਰੀਅਨ ‘ਕਾਨੂ’ ਸ਼ਬਦ ਤੋਂ ਵਿਕਸਿਤ ਹੋਇਆ ਹੈ। ਅਸਲ ਵਿਚ ਤਾਂ ਕਲਮਾਂ ਜਾਂ ਪੂਣ ਸਲਾਈ ਬਣਾਉਣ ਲਈ ਵਰਤਿਆ ਜਾਂਦਾ ਸਾਡਾ ‘ਕਾਨਾ’ ਸ਼ਬਦ ਵੀ ਇਹੋ ਹੈ। ਸਾਡੀਆਂ ਭਾਸ਼ਾਵਾਂ ਵਿਚ ਇਸ ਨਾਲ ਜੁੜਦੇ ਬਹੁਤ ਸਾਰੇ ਸ਼ਬਦ ਹਨ ਜਿਵੇਂ ਗੰਨਾ, ਕਾਂਡ, ਕਾਨੂੰਨ ਆਦਿ। ਇਸੇ ਤਰ੍ਹਾਂ ਅੰਗਰੇਜ਼ੀ ਵਿਚ ਵੀ ਹੋਰ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਵਿਚ ਕੇਨ, ਕੈਨਾਲ, ਚੈਨਲ, ਕੈਨਨ, ਕੈਨੀਅਨ ਆਦਿ ਉਘੜਵੇਂ ਹਨ। ਪਰ ਇਹ ਲੰਮੀਆਂ ਚੌੜੀਆਂ ਗੱਲਾਂ ਫਿਰ ਕਦੇ। ਹਾਲ ਦੀ ਘੜੀ ਏਨਾ ਦੱਸ ਦੇਈਏ ਕਿ ਕਨਸਤਰ ਸ਼ਬਦ ਤਾਂ ਅੱਜ ਕਲ੍ਹ ਉਰਦੂ ਫਾਰਸੀ ਪੜ੍ਹੇ ਪੰਜਾਬੀ ਹੀ ਬੋਲਦੇ ਹੋਣਗੇ। ਪੰਜਾਬੀਆਂ ਨੇ ਛੋਟੇ ਕੈਨ ਲਈ ਕੈਨੀ ਸ਼ਬਦ ਘੜ ਲਿਆ ਹੈ ਤੇ ਇਸ ਦੀ ਵਰਤੋਂ ਆਪਣੀ ਰੁਚੀ ਅਨੁਸਾਰ ਪੀਪੀ ਦੀ ਤਰ੍ਹਾਂ ਘਰ ਦੀ ਕੱਢੀ ਸ਼ਰਾਬ ਪਾਉਣ ਲਈ ਕਰਨੀ ਸ਼ੁਰੂ ਕਰ ਦਿੱਤੀ ਹੈ। ਵੈਸ਼ਨੋ ਤਾਂ ਇਸ ਵਿਚ ਤੇਲ ਆਦਿ ਪਾਉਂਦੇ ਹਨ। ਕਦੇ ਕਦਾਈਂ ਟੀਨ-ਕਨੱਸਤਰ ਸ਼ਬਦ ਖੋਖਲੇ ਦਿਮਾਗ ਵਾਲੇ ਬੰਦੇ ਲਈ ਵੀ ਵਰਤ ਲਿਆ ਜਾਂਦਾ ਹੈ।

Be the first to comment

Leave a Reply

Your email address will not be published.