ਰੂਪਨਗਰ:ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਭਾਜਪਾ ਸੂਬੇ ਦੀਆਂ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ।
ਅਕਾਲੀ ਦਲ ਨਾਲ ਗਠਜੋੜ ਦਾ ਕੋਈ ਸਵਾਲ ਹੀ ਨਹੀਂ ਹੈ। ਰੂਪਨਗਰ ‘ਚ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ‘ਚ ਸ਼ਾਮਲ ਹੋਣ ਪੁੱਜੇ ਕੇਵਲ ਸਿੰਘ ਢਿੱਲੋਂ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਫ਼ ਕੀਤਾ ਕਿ ਭਾਜਪਾ, ਸ੍ਰੋਮਣੀ ਅਕਾਲੀ ਦਲ ਨਾਲ ਕਦੇ ਵੀ ਸਮਝੌਤਾ ਨਹੀ ਕਰੇਗੀ। 2027 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਇਕੱਲੇ ਲੜੇਗੀ। ਇਹੀ ਪਾਰਟੀ ਹਾਈ ਕਮਾਂਡ ਦਾ ਆਦੇਸ਼ ਹੈ। ਪਾਰਟੀ ਨੇ ਆਪਣੇ ਦਮ ‘ਤੇ ਚੋਣਾਂ ਲੜਣ ਦੀ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਆਏ ਹਨ ਪ੍ਰੰਤੂ ਸਿਆਸੀ ਗਠਜੋੜ ਦੀ ਕੋਈ ਗੱਲ ਨਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਾਰਿਆਂ ਦੇ ਹਨ। ਸੁਖਬੀਰ ਬਾਦਲ ਦੇ ਵੀ ਹਨ। ਸੁਖਬੀਰ ਪੰਜਾਬ ਤੇ ਅਕਾਲੀ ਦਲ ਦੇ ਵੱਡੇ ਆਗੂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ‘ਚ ਪੰਜਾਬ ਦੇ ਮੁੱਦਿਆਂ ‘ਤੇ ਹੀ ਗੱਲ ਕੀਤੀ ਹੋਵੇਗੀ।
ਪ੍ਰੈਸ ਕਾਨਫਰੰਸ ‘ਚ ਮਾਈਨਿੰਗ ਬਾਰੇ ਪੁੱਛੇ ਗਏ ਸਵਾਲ ਦੇ ਸਬੰਧ ‘ਚ ਢਿੱਲੋਂ ਦਾ ਕਹਿਣਾ ਸੀ ਕਿ ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਕਿ ਰੂਨਗਰ ਪੰਜਾਬ ‘ਚ ਮਾਈਨਿੰਗ ਦਾ ਗੜ੍ਹ ਬਣ ਚੁੱਕਾ ਹੈ। ਜਿੱਥੇ ਬਰਸਾਤ ਦੇ ਮੌਸਮ ‘ਚ ਵੀ ਸਰੇਆਮ ਬੇਰੋਕ ਮਾਈਨਿੰਗ ਚੱਲ ਰਹੀ ਹੈ।
