ਨਵੀਂ ਦਿੱਲੀ:ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਓਮਾਨ ਨਾਲ ਹੋਰਮੁਜ਼ ਸਟ੍ਰੇਟ ‘ਚ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਬਾਰੇ ਸਮਝੌਤਾ ਹੋਣ ਦੇ ਬਾਵਜੂਦ ਸਮੁੰਦਰੀ ਮਾਰਗ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਫ਼ੈਸਲਾ ਅਮਰੀਕਾ ਦੀ ਕਾਰਵਾਈ ‘ਤੇ ਨਿਰਭਰ ਕਰੇਗਾ।
ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਈਰਾਨ ਦੀਆਂ ਮੰਗਾਂ ਪੂਰੀਆਂ ਕਰਨੀਆਂ ਹੋਣਗੀਆਂ। ਇਨ੍ਹਾਂ ਵਿਚ ਯੁੱਧ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ, ਪਾਬੰਦੀਆਂ ਹਟਾਉਣਾ, ਫ਼ੌਜੀ ਦਬਾਅ ਅਤੇ ਨਾਕਾਬੰਦੀ ਖ਼ਤਮ ਕਰਨਾ ਅਤੇ ਈਰਾਨ ਦੀਆਂ ਜ਼ਬਤ ਕੀਤੀਆਂ ਸੰਪਤੀਆਂ ਜਾਰੀ ਕਰਨਾ ਸ਼ਾਮਲ ਹਨ। ਰਾਈਟਰ ਅਨੁਸਾਰ, ਬਘਾਈ ਨੇ ਦੱਸਿਆ ਕਿ ਈਰਾਨ ਅਤੇ ਓਮਾਨ ਨਵੇਂ ਜਹਾਜ਼ਰਾਨੀ ਮਾਰਗ ਦੇ ਭੂਗੋਲਿਕ ਰੂਪ ਅਤੇ ਸੁਰੱਖਿਅਤ ਆਵਾਜਾਈ ਦੇ ਤਰੀਕਿਆਂ ‘ਤੇ ਸਹਿਮਤ ਹੋਣ ਦੇ ਨੇੜੇ ਹਨ। ਸੰਯੁਕਤ ਐਲਾਨ ਤੋਂ ਪਹਿਲਾਂ ਕੁਝ ਤਕਨੀਕੀ ਮੁੱਦੇ ਹੱਲ ਕਰਨੇ ਬਾਕੀ ਹਨ। ਗੱਲਬਾਤ ਵਿਚ ਸੁਰੱਖਿਅਤ ਸਮੁੰਦਰੀ ਆਵਾਜਾਈ, ਵਾਤਾਵਰਨ ਸੁਰੱਖਿਆ, ਸਮੁੰਦਰੀ ਸੇਵਾਵਾਂ ਅਤੇ ਅਪਰਾਧ ਰੋਕਣ ਜਿਹੇ ਮੁੱਦਿਆਂ ‘ਤੇ ਵੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਜਹਾਜ਼ਾਂ ਨੂੰ ਉਪਲਬਧ ਹੋਣ ਵਾਲੀਆਂ ਸਮੁੰਦਰੀ ਸੇਵਾਵਾਂ ਲਈ ਟੈਕਸ ਲਿਆ ਜਾਣਾ ਆਮ ਪ੍ਰਕਿਰਿਆ ਹੈ। ਹਾਲਾਂਕਿ, ਇਸ ਸਮੇਂ ਭੁਗਤਾਨ ਨਾਲ ਜੁੜੇ ਮੁੱਦੇ ਗੱਲਬਾਤ ਦਾ ਹਿੱਸਾ ਨਹੀਂ ਹਨ। ਤਹਿਰਾਨ ਅਤੇ ਵਾਸ਼ਿੰਗਟਨ ਵਿਚਕਾਰ ਸਿੱਧੀ ਗੱਲਬਾਤ ਕਰਨ ਦੀ ਬਜਾਏ ਵਿਚੋਲਿਆਂ ਜ਼ਰੀਏ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਹੋ ਰਿਹਾ ਹੈ। ਹੋਰਮੁਜ਼ ਨੂੰ ਲੈ ਕੇ ਅੜਿੱਕੇ ਦਾ ਅਸਰ ਅੰਤਰਰਾਸ਼ਟਰੀ ਤੇਲ ਬਾਜ਼ਾਰ ‘ਤੇ ਵੀ ਪੈ ਰਿਹਾ ਹੈ। ਇਹ ਜਲਮਾਰਗ ਦੁਨੀਆ ਦੇ ਪ੍ਰਮੁੱਖ ਊਰਜਾ ਵਪਾਰ ਮਾਰਗਾਂ ਵਿੱਚੋਂ ਇਕ ਹੈ ਅਤੇ ਇੱਥੇ ਲੰਬੇ ਸਮੇਂ ਤੱਕ ਵਿਘਨ ਨਾਲ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਹਾਲੀਆ ਰਿਪੋਰਟਾਂ ਮੁਤਾਬਕ, ਹਫ਼ਤੇ ਦੇ ਅੰਤ ‘ਚ ਸਟ੍ਰੇਟ ਤੋਂ ਗੁਜ਼ਰ ਰਹੇ ਜਹਾਜ਼ਾਂ ਦੀ ਗਿਣਤੀ ਵੀ ਘੱਟ ਹੋ ਗਈ ਹੈ। ਏਪੀ ਅਨੁਸਾਰ, ਬਘਾਈ ਨੇ ਈਰਾਨੀ ਸੰਸਦ ਅਤੇ ਸਰਕਾਰ ਦੇ ਵਿਚਕਾਰ ਹੋਰਮੁਜ਼ ਨੂੰ ਲੈ ਕੇ ਮਤਭੇਦਾਂ ਦੀਆਂ ਖ਼ਬਰਾਂ ਨੂੰ ਵੀ ਖ਼ਾਰਜ ਕੀਤਾ।
ਸਾਊਦੀ ਅਰਬ `ਤੇ ਹਾਊਤੀ ਹਮਲਿਆਂ ਨੇ ਵਧਾਈ ਚਿੰਤਾ
ਏਐੱਨਆਈ ਅਨੁਸਾਰ, ਯਮਨ ਵਿਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਹਾਂਸ ਗ੍ਰੰਡਬਰਗ ਨੇ ਹਾਊਤੀਆਂ ਅਤੇ ਸਾਊਦੀ ਅਰਬ ਵਿਚਕਾਰ ਵਧ ਰਹੇ ਤਣਾਅ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਭ ਧਿਰਾਂ ਨੂੰ ਸੰਜਮ ਵਰਤਣ ਅਤੇ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਦੀ ਅਪੀਲ ਕੀਤੀ। ਐਤਵਾਰ ਨੂੰ ਮੋਖਾ ਵਿਚ ਹਾਊਤੀ ਹਮਲੇ ਵਿਚ ਨਾਗਰਿਕਾਂ ਅਤੇ ਸੈਨਿਕਾਂ ਦੇ ਮਾਰੇ ਜਾਣ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਖੇਤਰ ਵਿਚ ਤਣਾਅ ਹੋਰ ਵਧ ਗਿਆ ਹੈ।
