ਅਮਰੀਕਾ ਵਿਚ ਹਰ ਸਾਲ ਨਵੰਬਰ ਦੇ ਚੌਥੇ ਵੀਰਵਾਰ ਨੂੰ ‘ਥੈਂਕਸਗਿਵਿੰਗ ਡੇ’ ਮਨਾਇਆ ਜਾਂਦਾ ਹੈ। ਇਹ ਰੀਤ 1863 ਤੋਂ ਚਲੀ ਆ ਰਹੀ ਹੈ। ਟੱਬਰ ਨਾਲ ਬਹੁਤਾ ਸਮਾਂ ਬਿਤਾਉਣਾ, ਦਾਅਵਤਾਂ ਕਰਨੀਆਂ, ਫੁੱਟਬਾਲ ਖੇਡਣਾ ਅਤੇ ਪਰੇਡ ਇਸ ਦਿਹਾੜੇ ਦੀ ਖਾਸੀਅਤ ਹਨ, ਦੂਜੇ ਸ਼ਬਦਾਂ ਵਿਚ ਆਪਣਿਆਂ ਦਾ ਦਿਲ ਜਿੱਤਣ ਦਾ ਦਿਨ ਹੈ ਇਹ। ਆਪਣੇ ਪੰਜਾਬੀਆਂ ਨੇ ਅਮਰੀਕਾ ਦੇ ਤਿਉਹਾਰ ਵੱਲ ਅਜੇ ਤੱਕ ਕੋਈ ਖਾਸ ਤਵੱਜੋ ਨਹੀਂ ਦਿੱਤੀ ਹੈ। ਇਹ ਦਿਹਾੜਾ ਲੋਕਲ ਲੋਕਾਂ ਨਾਲ ਘੁਲਣ-ਮਿਲਣ ਦਾ ਚੰਗਾ ਜ਼ਰੀਆ ਬਣ ਸਕਦਾ ਹੈ। ਪਰਸ਼ਿੰਦਰ ਸਿੰਘ ਨੇ ‘ਥੈਂਕਸਗਿਵਿੰਗ’ ਨਾਲ ਜੁੜੀ ਇਕ ਯਾਦ ‘ਪੰਜਾਬ ਟਾਈਮਜ਼’ ਲਈ ਭੇਜੀ ਹੈ ਜੋ ਅਸੀਂ ਇਥੇ ਛਾਪ ਰਹੇ ਹਾਂ; ਇਸ ਤਮੰਨਾ ਨਾਲ ਕਿ ਪਰਸ਼ਿੰਦਰ ਸਿੰਘ ਨੇ ਜਹਾਜ਼ ਦੇ ਪਾਇਲਟ ਨਾਲ ਪਈ ਸਾਂਝ ਨਾਲ ਜਿੱਥੇ ਗੱਲ ਖਤਮ ਕੀਤੀ ਹੈ, ਸਾਡੇ ਪੰਜਾਬੀ ਉਥੋਂ ਉਸ ਸਾਂਝ ਦੀ ਲੜੀ ਫੜਨਗੇ। -ਸੰਪਾਦਕ
ਪਰਸ਼ਿੰਦਰ ਸਿੰਘ
ਫੋਨ: 469-335-2263
22 ਨਵੰਬਰ 1983 ਦੀ ਸ਼ਾਮ। ਸੱਤ ਕੁ ਵਜੇ ਸਾਡਾ ਗਰੀਕ ਫਲੈਗ ਦਾ ਸਮੁੰਦਰੀ ਜਹਾਜ਼ ਅਮਰੀਕਾ ਦੀ ਬੰਦਰਗਾਹ ਬੋਸਟਨ ਦੇ ਸਮੁੰਦਰੀ ਪਾਣੀਆਂ ਵਿਚ ਐਂਕਰ ਹੋ ਗਿਆ ਸੀ। ਬੋਸਟਨ ਸ਼ਹਿਰ ਦੀਆਂ ਉਚੀਆਂ ਬਿਲਡਿੰਗਾਂ ਦੀਆਂ ਲਾਇਟਾਂ ਦੂਰ ਤੋਂ ਝਿਲਮਿਲਾਉਂਦੀਆਂ ਦਿਸਦੀਆਂ ਸਨ। ਸਾਰਿਆਂ ਦੇ ਮਨਾਂ ਵਿਚ ਖਾਹਿਸ਼ ਸੀ, ‘ਅਸੀਂ ਅਮਰੀਕਾ ਦੀ ਧਰਤੀ ਅਤੇ ਲੋਕ ਦੇਖਾਂਗੇ।’ ਵੈਸੇ ਵੀ ਸਮੁੰਦਰੀ ਜਹਾਜ਼ ਅਤੇ ਸਮੁੰਦਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਧਰਤੀ, ਮਾਂ ਦੀ ਗੋਦ ਵਾਂਗ ਲੱਗਦੀ ਏ। ਜਹਾਜ਼ ਐਂਕਰ ਹੁੰਦਿਆਂ ਹੀ ਬੌਸ ਨੇ ਮੈਨੂੰ ਹੁਕਮ ਦਿੱਤਾ ਸੀ, ‘ਸਿੰਘ, ਤੇਰਾ ਵਾਰਦੀਆ ਏ।’ ਗਰੀਕ ਭਾਸ਼ਾ ਵਿਚ ਵਾਰਦੀਆ, ਰਾਤ ਦੀ ਵਾਚਮੈਨੀ ਨੂੰ ਕਹਿੰਦੇ ਹਨ।
1980 ਵਿਚ ਮਾਰਚ ਦੇ ਪਹਿਲੇ ਹਫ਼ਤੇ ਮੈਂ ਘਰੋਂ ਨਿਕਲਿਆ ਸਾਂ। ਘਰੋਂ ਤੁਰਨ ਲੱਗਿਆਂ ਆਪਣੇ ਘਰ ਅਤੇ ਘਰ ਦੇ ਜੀਆਂ ਨੂੰ ਬੜੇ ਗਹੁ ਨਾਲ ਦੇਖਿਆ ਸੀ। ਪੰਜ ਕੁ ਸਾਲ ਦੇ ਮੇਰੇ ਭਤੀਜੇ ਨੇ ਘਰ ਵਿਚ ਪਈ ਹੋਈ ਰੇਤ ਦੀ ਬਾਲਟੀ ਭਰ ਕੇ ਉਤੇ ਕੰਧ ਮਾਰੀ ਸੀ, ‘ਉਏ ਤਾਤਾ, ਮੈਂ ਨਹੀਂ ਤੈਨੂੰ ਜਾਣ ਦੇਣਾ।’ ਰੋਜ਼ ਵਾਂਗ ਮੇਰੀ ਮਾਂ ਨੇ ਉਸ ਦਿਨ ਵੀ ਸਵੇਰੇ ਉਠ ਕੇ ਸਰਦਲਾਂ ਧੋਤੀਆਂ ਸਨ। ਦੋ ਵੱਡੇ ਭਰਾ, ਦੋ ਭਾਬੀਆਂ, ਦੋ ਭਤੀਜੀਆਂ, ਦੋ ਛੋਟੇ ਭਤੀਜੇ, ਪਿਤਾ ਜੀ ਅਤੇ ਪਿਆਰੀ ਮਾਂ ਦੀਆਂ ਅੱਖਾਂ ਵਿਚੋਂ ਡਿੱਗਦੇ ਅੱਥਰੂ ਅੱਜ ਵੀ ਯਾਦ ਹਨ। ਘਰੋਂ ਨਿਕਲ ਕੇ ਮੈਂ ਘਰ ਦੀਆਂ ਸਰਦਲਾਂ ਨੂੰ ਮੱਥਾ ਟੇਕਿਆ ਅਤੇ ਵਾਅਦਾ ਕੀਤਾ, ‘ਮੈਂ ਜਾ ਰਿਹਾ ਹਾਂ ਬਾਹਰ ਕਮਾਈ ਕਰਨ। ਬੱਸ ਇਕ ਲੱਖ ਕਮਾ ਕੇ ਆਵਾਂਗਾ ਅਤੇ ਫਿਰ ਪੱਕੇ ਪੈਰੀਂ ਇਨ੍ਹਾਂ ਸਰਦਲਾਂ ਨੂੰ ਟੱਪਾਂਗਾ।’ ਹੁਣ ਤੇਤੀ ਸਾਲ ਗੁਜ਼ਰ ਗਏ ਹਨ। ਨਾ ਉਹ ਇਕ ਲੱਖ ਮੇਰੀ ਮੁੱਠੀ ਵਿਚ ਆਇਆ ਅਤੇ ਨਾ ਹੀ ਮੈਂ ਆਪਣੇ ਘਰ ਦੀਆਂ ਸਰਦਲਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ।
ਛੋਟੇ ਹੁੰਦੇ ਸੁਣਦੇ ਸਾਂ, ਜਾਂ ਕਿਤੇ ਪੜ੍ਹਿਆ ਵੀ ਸੀ ਕਿ ਇਕ ਹਿੱਸਾ ਧਰਤੀ ਅਤੇ ਤਿੰਨ ਹਿੱਸੇ ਪਾਣੀ ਏ। ਮਨ ਵਿਚ ਇਹ ਗੱਲ ਘਰ ਨਹੀਂ ਸੀ ਕਰਦੀ। ਸਾਡਾ ਪਿੰਡ ਕਿੰਨਾ ਵੱਡਾ ਹੈ ਤੇ ਛੱਪੜ ਵੀ ਵੱਡਾ, ਪਰ ਪਿੰਡ ਨਾਲੋਂ ਤਿੰਨ ਗੁਣਾ ਵੱਡਾ ਤਾਂ ਨਹੀਂ! ਇਕ ਵਾਰੀ ਮਾਂ ਤਰਨ ਤਾਰਨ ਮੱਸਿਆ ਨਹਾਉਣ ਲੈ ਗਈ। ਮਾਂ ਦਾ ਹੱਥ ਫੜ ਕੇ ਮੈਂ ਸਰੋਵਰ ਵਿਚ ਇਸ਼ਨਾਨ ਕੀਤਾ। ਦੱਸਦੀ ਸੀ ਕਿ ਇਹ ਸਰੋਵਰ ਸਾਰਿਆਂ ਸਰੋਵਰਾਂ ਨਾਲੋਂ ਵੱਡਾ ਹੈ, ਪਰ ਇਹ ਇਲਮ ਨਹੀਂ ਸੀ ਕਿ ਜ਼ਿੰਦਗੀ ਵਿਚ ਸਮੁੰਦਰਾਂ ਨਾਲ ਵੀ ਵਾਹ ਪਵੇਗਾ। ਫਿਰ 15 ਹਜ਼ਾਰ ਟਨ ਦਾ ਜਹਾਜ਼ ਜਦੋਂ ਸਮੁੰਦਰ ਵਿਚ ਠੁਮਕ-ਠੁਮਕ ਕਰ ਕੇ ਚੱਲਿਆ, ਤਾਂ ਬੜਾ ਮਜ਼ਾ ਆਇਆ। ਮਨ ਕਹਿੰਦਾ ਸੀ, ‘ਐਵੇਂ ਕਹਿੰਦੇ ਆ ਕਿ ਜਹਾਜ਼ ਡੁੱਬ ਜਾਂਦੇ ਨੇ। ਇਹ ਆਪਣੇ ਪਿੰਡ ਨਾਲੋਂ ਵੀ ਵੱਡਾ, ਇਹਨੂੰ ਕੀ ਹੋ ਚੱਲਿਆ’, ਪਰ ਤੀਜੇ ਕੁ ਦਿਨ ਜਦ ਸਮੁੰਦਰ ਭੂਤਰ ਪਿਆ ਸੀ ਤਾਂ ਪਾਣੀ ਦੀਆਂ ਛੱਲਾਂ ਜਹਾਜ਼ ਦੇ ਉਪਰੋਂ ਦੀ ਲੰਘਦੀਆਂ ਸਨ। ਦੋ ਦਿਨ ਨਾ ਕੁਝ ਖਾਧਾ, ਨਾ ਪੀਤਾ। ਸਾਰਾ ਕੁਝ ਬਾਹਰ ਆਈ ਜਾਂਦਾ ਸੀ। ਨਾਨੀ ਯਾਦ ਆ ਗਈ। ਇਹੀ ਵੱਡਾ ਜਹਾਜ਼ ਬਾਟੇ ਵਿਚ ਪਾਈ ਕਾਗਜ਼ ਦੀ ਬੇੜੀ ਵਾਂਗ ਲਗਦਾ ਸੀ। ਫਿਰ ਇਹ ਵੀ ਮੰਨ ਲਿਆ ਸੀ, ਪਾਣੀ ਤਿੰਨ ਹਿੱਸੇ ਹੈ ਤੇ ਧਰਤੀ ਇਕ ਹਿੱਸਾ ਹੀ ਹੈ।
ਜਹਾਜ਼ ਵਿਚ ਕੋਈ 35-40 ਮੈਂਬਰ ਕੰਮ ਕਰਨ ਵਾਲੇ ਸਨ। ਕੈਪਟਨ ਤੋਂ ਲੈ ਇੰਜੀਨੀਅਰ ਤੱਕ, ਸਭ ਗਰੀਕ ਸਨ। ਸੇਲਰ, ਆਇਲਰ ਤੇ ਹੋਰ ਸਾਰੇ ਵੱਖਰੇ-ਵੱਖਰੇ ਦੇਸ਼ਾਂ ਤੋਂ ਸਨ। ਚਾਰ ਪੰਜਾਬੀ, ਤਿੰਨ ਬੰਗਲਾਦੇਸ਼ੀ, ਇਕ ਪਾਕਿਸਤਾਨੀ ਤੇ ਕੁਝ ਪੁਰਤਗਾਲੀ ਸਨ। ਅਸੀਂ ਯੂਰਪ ਤੋਂ ਘੁੰਮਦੇ-ਘੁਮਾਉਂਦੇ ਬਰਾਜ਼ੀਲ ਤੇ ਅਰਜਟਾਇਨਾ ਪਹੁੰਚੇ। ਸਮੁੰਦਰੀ ਬੋਲੀ ਵਿਚ ਕਹਿੰਦੇ ਹਨ ਕਿ ਜਿਸ ਨੇ ਬਰਾਜ਼ੀਲ ਨਹੀਂ ਦੇਖਿਆ, ਉਹ ਸੀਮੈਨ ਨਹੀਂ। ਸੋ, ਅਸੀਂ ਬਰਾਜ਼ੀਲ ਦੋ ਦਿਨ ਰੁਕੇ ਤੇ ਸੀਮੈਨ ਹੋਣ ਦੀ ਮੋਹਰ ਲਗਵਾ ਲਈ। ਖੁਬਸੂਰਤ ਲੋਕ ਤੇ ਖੂਬਸੂਰਤ ਦੇਸ਼। ਰਾਤ ਨੂੰ ਕਲੱਬਾਂ-ਬਾਰਾਂ ਵਿਚ ਰੱਸ਼। ਦਿਨ-ਰਾਤ ਵਿਚ ਕੋਈ ਫ਼ਰਕ ਹੀ ਨਹੀਂ। ਜੂਨ ਦੇ ਮਹੀਨੇ ਅਸੀਂ ਅਰਜਨਟਾਇਨਾ ਦੇ ਸ਼ਹਿਰ ਬੋਨਸ ਆਇਰਸ ਪਹੁੰਚੇ, ਉਥੇ ਕਾਫ਼ੀ ਠੰਢ ਸੀ। ਆਸਟਰੇਲੀਆ ਤੇ ਅਰਜਨਟਾਇਨਾ ਦਾ ਮੌਸਮ ਦੁਨੀਆਂ ਦੇ ਬਾਕੀ ਦੇਸ਼ਾਂ ਨਾਲੋਂ ਵੱਖਰਾ ਹੈ। ਇਨ੍ਹਾਂ ਦੇਸ਼ਾਂ ਵਿਚ ਕ੍ਰਿਸਮਸ ਲੋਕ ਬੀਚਾਂ ਉਤੇ ਮਨਾਉਂਦੇ ਹਨ। ਬੋਨਸ ਆਇਰਸ ਸਮੁੰਦਰ ਦਾ ਪਾਣੀ ਦਰਿਆ ਵਾਂਗ ਵਗਦਾ ਏ। ਤਿੰਨ-ਚਾਰ ਦਿਨ ਅਸੀਂ ਐਂਕਰ ‘ਤੇ ਰਹੇ ਅਤੇ ਸਦਾ ਹੀ ਸਟੈਂਡਬਾਈ ਵੀ। ਬੰਦਰਗਾਹ ‘ਤੇ ਜਹਾਜ਼ ਲੱਗਾ ਤਾਂ ਸੁੱਖ ਦਾ ਸਾਹ ਆਇਆ। ਬਰਾਜ਼ੀਲ, ਅਰਜਨਟਾਇਨਾ, ਕਿਊਬਾ; ਇਨ੍ਹਾਂ ਸਾਰੇ ਸਾਊਥ ਤੇ ਸੈਂਟਰਲ ਅਮਰੀਕੀ ਦੇਸ਼ਾਂ ਵਿਚ ਗੰਨੇ ਦਾ ਉਤਪਾਦਨ ਬਹੁਤ ਹੁੰਦਾ ਏ। ਜਿਹੜਾ ਵੀ ਜਹਾਜ਼ ਉਥੇ ਜਾਂਦਾ ਏ, ਬਸ ਖੰਡ ਲੈ ਕੇ ਹੀ ਆਉਂਦਾ ਏ। ਅਸੀਂ ਵੀ ਅਮਰੀਕਾ ਖੰਡ ਲੈ ਕੇ ਆਏ ਸਾਂ।
ਅਰਜਨਟਾਇਨਾ ਸਾਨੂੰ ਕੋਈ ਚਾਰ ਮਹੀਨੇ ਲੱਗ ਗਏ। ਛੋਟੀਆਂ-ਛੋਟੀਆਂ ਬੋਟਾਂ ਵਿਚ ਬੋਰੀਆਂ ‘ਚ ਖੰਡ ਲੈ ਕੇ ਆਉਂਦੇ ਅਤੇ ਜਹਾਜ਼ ਦੇ ਹੈਜੇ ਵਿਚ ਖੁੱਲ੍ਹੀ ਸੁੱਟ ਦਿੰਦੇ। ਕੁਝ ਕੁ ਦਿਨ ਉਥੋਂ ਦੇ ਕਾਮਿਆਂ ਦੀ ਹੜਤਾਲ ਹੋ ਗਈ। ਜ਼ਿਆਦਾ ਦਿਨ ਜਹਾਜ਼ ਰੁਕਣ ਕਾਰਨ ਅਸੀਂ ਵੀ ਦਿਵਾਲੀਏ ਹੋ ਗਏ। ਮੈਂ ਸ਼ਾਮ ਦੀ ਰੋਟੀ ਖਾ ਕੇ ਆਪਣੇ ਕੈਬਿਨ ਵਿਚ ਟੇਪ ਲਾ ਕੇ ਗਾਣੇ ਸੁਣ ਰਿਹਾ ਸਾਂ ਕਿ ਟੋਨੀ ਮੇਰੇ ਕੈਬਿਨ ਵਿਚ ਆ ਗਿਆ। ਕਹਿੰਦਾ, ‘ਕੀ ਗੱਲ ਅੱਜ ਬਾਹਰ ਨਹੀਂ ਜਾਣਾ?’ ਮੈਂ ਕਿਹਾ, ‘ਅਹੁ ਟੇਬਲ ‘ਤੇ ਪਈ ਲੂਣ ਵਾਲੀ ਪਲੇਟ ਦੇਖਦਾਂ।’
‘ਆਹੋæææ ਪਰ ਲੂਣ ਨੂੰ ਕੀ ਕਰਾਂ?’
ਮੈਂ ਕਿਹਾ, ‘ਪੇਸਟ ਲਿਆਉਣ ਲਈ ਪੈਸੇ ਨਹੀਂ ਹੈਗੇ, ਲੂਣ ਨਾਲ ਸਵੇਰੇ ਦੰਦਾਂ ਨੂੰ ਬੁਰਸ਼ ਕਰਦਾਂ।’
‘ਮੈਨੂੰ ਵੀ ਬਾਹਰ ਗਏ ਨੂੰ ਹਫ਼ਤਾ ਹੋ ਗਿਆ। ਤੈਨੂੰ ਪਤਾ ਈ ਏ ਮੇਰਾ ਵੀ ਵਾਰਦੀਆ ਸੀ ਪਰ ਫਿਕਰ ਨਾ ਕਰ। ਮੇਰੇ ਕੋਲ ਪੈਸੇ ਹੈਗੇ।’
ਅਸੀਂ ਉਸੇ ਵੇਲੇ ਤਿਆਰ ਹੋ ਕੇ ਬਾਹਰ ਨਿਕਲ ਤੁਰੇ। ਟੋਨੀ ਥੋੜ੍ਹੀ-ਬਹੁਤੀ ਸਪੈਨਿਸ਼ ਬੋਲ ਲੈਂਦਾ ਸੀ। ਟੈਕਸੀ ਵਿਚ ਬੈਠਿਆਂ, ਟੈਕਸੀ ਵਾਲਾ ਕਹਿਣ ਲੱਗਾ, ‘ਤੁਸੀਂ ਡਾਲਰ ਚੇਂਜ ਕਰਾਉਣੇ ਹਨ।’ ਟੋਨੀ ਕਹਿੰਦਾ, ‘ਜੇ ਤੂੰ ਕਰ ਸਕਦਾਂ ਤਾਂ ਤੇਰੇ ਕੋਲੋਂ ਕਰਵਾ ਲੈਂਦੇ ਹਾਂ।’ ਟੋਨੀ ਨੇ ਡਰਾਈਵਰ ਨੂੰ ਸੌ ਡਾਲਰ ਦਾ ਨੋਟ ਦਿੱਤਾ। ਨੋਟ ਫੜ ਕੇ ਉਹ ਕਹਿੰਦਾ, ‘ਅੱਜ ਰੇਟ ਘਟ ਗਿਆ, ਸੋ ਤੈਨੂੰ 40 ਦੇ ਹਿਸਾਬ ਨਾਲ ਪੈਸੇ ਦੇਵਾਂਗਾ’ ਪਰ ਟੋਨੀ ਕਹਿੰਦਾ, ‘ਅਸੀਂ ਤਾਂ 45 ਦੇ ਹਿਸਾਬ ਹਰ ਰੋਜ਼ ਸ਼ਹਿਰੋਂ ਕਰਵਾਉਂਦੇ ਹਾਂ।’ ਸੌਦਾ ਨਾ ਬਣਿਆ। ਉਹਨੇ ਪੈਸੇ ਵਾਪਸ ਟੋਨੀ ਨੂੰ ਦੇ ਦਿੱਤੇ।
ਜਿਸ ਬਾਰ ਵਿਚ ਅਸੀਂ ਬੈਠਦੇ ਹੁੰਦੇ ਸਾਂ, ਮੈਂ ਉਥੇ ਜਾ ਕੇ ਬੈਠ ਗਿਆ। ਟੋਨੀ ਕਹਿਣ ਲੱਗਾ, ‘ਮੈਂ ਪੈਸੇ ਦੁਕਾਨ ਤੋਂ ਬਦਲਵਾ ਕੇ ਹੁਣੇ ਆਇਆ।’ ਦੋ-ਚਾਰ ਮਿੰਟ ਬਾਅਦ ਹੀ ਟੋਨੀ ਭੱਜਾ-ਭੱਜਾ ਸਾਹੋ-ਸਾਹ ਹੋਇਆ ਆਇਆ ਤੇ ਬੋਲਿਆ, ‘ਕਿਸੇ ਚੀਜ਼ ਦਾ ਤੂੰ ਆਡਰ ਤਾਂ ਨਹੀਂ ਕੀਤਾ?’ ਮੈਂ ਕਿਹਾ, ‘ਨਹੀਂ, ਮੈਂ ਤੈਨੂੰ ਹੀ ਉਡੀਕਦਾ ਸੀ।’ ਟੋਨੀ ਕਹਿੰਦਾ, ‘ਉਠ ਚਲੀਏ।’ ਮੈਂ ਕਿਹਾ, ‘ਕੀ ਹੋਇਆ।’ ਕਹਿੰਦਾ, ‘ਗੱਡੀ ਵਿਚ ਮੈਂ ਡਰਾਈਵਰ ਨੂੰ ਸੌ ਡਾਲਰ ਦਾ ਨੋਟ ਦਿੱਤਾ ਸੀ, ਜਦ ਸੌਦਾ ਨਾ ਹੋਇਆ ਤਾਂ ਹਨੇਰੇ ਵਿਚ ਉਹਨੇ ਮੈਨੂੰ ਇਕ ਡਾਲਰ ਦਾ ਨੋਟ ਵਾਪਸ ਕਰ ਦਿੱਤਾ।’ ਫਿਰ ਕੀ ਸੀæææ ਛਾਹ ਵੇਲਿਓਂ ਵੀ ਰਹਿ ਗਏ ਤੇ ਗੱਲਾਂ ਤੋਂ ਵੀ।
ਦੁਨੀਆਂ ਦੇ ਬਹੁਤ ਦੇਸ਼ਾਂ ਵਿਚ ਗਏ, ਪਰ ਅਰਜਨਟਾਇਨਾ ਨਾਲ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ। ਹੁਣ ਅੱਧਾ ਜਹਾਜ਼ ਬੋਨਸ ਆਇਰਸ ਤੋਂ ਭਰ ਗਿਆ ਸੀ ਤੇ ਅੱਧਾ ਜਹਾਜ਼ ਕਿਸੇ ਹੋਰ ਬੰਦਰਗਾਹ ਤੋਂ ਜਾ ਕੇ ਭਰਨਾ ਸੀ। ਉਸ ਬੰਦਰਗਾਹ ਦਾ ਰਾਹ ਕੋਈ 35-40 ਘੰਟੇ ਦਾ ਸੀ। ਰਾਤ ਨੂੰ ਅਸੀਂ ਉਥੋਂ ਰਵਾਨਾ ਹੋਏ। ਜਹਾਜ਼ ਨਾਲ ਦੋ ਪਾਇਲਟ ਅਤੇ ਤਿੰਨ ਸੇਲਰ ਸਨ ਜੋ ਦੋ-ਦੋ ਘੰਟੇ ਬਾਅਦ ਬਦਲਦੇ ਸਨ। ਜਦ ਦਿਨ ਚੜ੍ਹਿਆ ਤਾਂ ਮੈਂ ਜਹਾਜ਼ ਦੀ ਦਮੂਨੀ ਕਰ ਰਿਹਾ ਸੀ। ਦਮੂਨੀ ਗਰੀਕ ਭਾਸ਼ਾ ਵਿਚ ਜਹਾਜ਼ ਦੇ ਵ੍ਹੀਲ ਨੂੰ ਕਹਿੰਦੇ ਹਨ। ਸਾਡਾ ਜਹਾਜ਼ ਇਕ ਦਰਿਆ ਵਿਚੋਂ ਦੀ ਜਾ ਰਿਹਾ ਸੀ। ਦੂਰ-ਦੂਰ ਤੱਕ ਗੰਨੇ ਦੇ ਖੇਤ ਹਨ। ਕਈ ਜਗ੍ਹਾ ‘ਤੇ ਤਾਂ ਇਉਂ ਲਗਦਾ ਸੀ, ਦਰਿਆ ਦੇ ਕੰਢੇ ਉਤੇ ਉਗੇ ਹੋਏ ਲੰਮੇ-ਉਚੇ ਕਾਨਿਆਂ ‘ਤੇ ਚਿੱਟਾ ਬੂਰ ਪਿਆ ਹੋਇਆ ਹੈ, ਜਹਾਜ਼ ਲੰਘਦੇ ਹੋਏ ਨਾਲ ਲੱਗ ਰਹੇ ਹਨ। ਦੂਰ-ਦੁਰਾਡੇ ਕਿਤੇ-ਕਿਤੇ ਮੱਝਾਂ-ਗਾਂਵਾਂ ਵੀ ਚਰਦੀਆਂ ਨਜ਼ਰ ਆ ਰਹੀਆਂ ਸਨ। ਮੈਨੂੰ ਲੱਗ ਰਿਹਾ ਸੀ ਜਿਵੇਂ ਆਪਣੇ ਵਤਨ ਦੀ ਧਰਤੀ ‘ਤੇ ਬਿਆਸ ਵਿਚ ਜਾ ਰਿਹਾ ਹਾਂ!
ਜਹਾਜ਼ ਖੰਡ ਲੈ ਕੇ ਕਿਥੇ ਜਾਵੇਗਾ, ਬੱਸ ਕਿਆਫੇ ਹੀ ਲੱਗ ਰਹੇ ਸਨ। ਉਪਰ ਵਾਲਿਆਂ ਨੂੰ ਤਾਂ ਪਤਾ ਸੀ ਪਰ ਥੱਲੇ ਵਾਲਿਆਂ ਨੂੰ ਦੱਸਿਆ ਨਹੀਂ ਸੀ ਜਾ ਰਿਹਾ। ਉਂਜ ਜਿਸ ਤਰ੍ਹਾਂ ਜਹਾਜ਼ ਦਾ ਕੰਮ ਹੋ ਰਿਹਾ ਸੀ, ਅੰਦਰ ਸਾਫ਼-ਸਫ਼ਾਈ ਤੇ ਬਾਹਰ ਰੰਗ ਰੋਗਨ, ਕੁਝ ਕੁ ਕਿਆਫਾ ਸੀ ਕਿ ਇਹ ਅਮਰੀਕਾ ਹੀ ਜਾਵੇਗਾ। ਬੋਨਸ ਆਇਰਸ ਤੋਂ ਬੋਸਟਨ ਦਾ ਰਾਹ 28-30 ਦਿਨ ਦਾ ਸੀ ਪਰ ਰਾਹ ਵਿਚ ਜਹਾਜ਼ ਖ਼ਰਾਬ ਹੋਣ ਕਰ ਕੇ ਸਾਨੂੰ 35-36 ਦਿਨ ਲੱਗ ਗਏ।
ਬੌਸ ਦਾ ਹੁਕਮ ਮੰਨਿਆ, ਤੇ ਕੈਬਿਨ ਵਿਚ ਜਾ ਕੇ ਜਿੰਨੇ ਗਰਮ ਕੱਪੜੇ ਸਨ, ਸਾਰੇ ਪਹਿਨ ਲਏ। ਬੋਸਟਨ ਦੀ ਠੰਢ ਵੀ ਕਹਿੰਦੀ ਸੀ ਕਿ ਮੈਂ ਹੀ ਹਾਂ। ਸਵੇਰੇ 5 ਵਜੇ ਬੌਸ ਨੂੰ ਸਕਾਜਾ ਕਰਾ, ਖਾ-ਪੀ ਕੇ 6 ਵਜੇ ਆਪਣੇ ਕੈਬਿਨ ਵਿਚ ਜਾ ਸੁੱਤਾ। ਅਜੇ ਨੀਂਦ ਪਟੜੀ ‘ਤੇ ਚੜ੍ਹੀ ਹੀ ਸੀ ਕਿ ਦਰਵਾਜ਼ਾ ਖੜਕਿਆ। ਬੌਸ ਕਹਿ ਰਿਹਾ ਸੀ,’ਸਿੰਘ, ਜਾਗ਼ææ ਜਹਾਜ਼ ਬੰਦਰਗਾਹ ‘ਤੇ ਲੱਗਣ ਲੱਗਾ। ਚੰਗੇ ਕੱਪੜੇ ਪਾ ਕੇ ਆਈਂ, ਉਪਰ ਬ੍ਰਿਜ ‘ਤੇ ਚਲਿਆ ਜਾਈਂ। ਤੂੰ ਦਮੂਨੀ ਕਰਨੀ ਏ ਉਪਰ ਬ੍ਰਿਜ ਉਤੇ।’ ਇਹ ਸੁਣ ਕੇ ਮੈਂ ਮਗਰੋਂ ‘ਵਾਜ਼ ਮਾਰੀ, ‘ਬੌਸ ਮੈਂ ਸਾਰੀ ਰਾਤ ਜਾਗਦਾ ਰਿਹਾਂ ਤੇ ਹੁਣ ਦਮੂਨੀ ਵੀ ਮੈਂ ਕਰਾਂ!’ ‘ਮੈਨੂੰ ਚੀਫ਼ ਅਫ਼ਸਰ ਨੇ ਕਿਹਾ ਏ, ਉਪਰ ਸਿੰਘ ਨੂੰ ਹੀ ਭੇਜੀਂ।’ ਮੈਂ ਮੂੰਹ ‘ਤੇ ਛਿੱਟੇ ਮਾਰੇ ਤੇ ਕੱਪੜੇ ਪਾ ਕੇ, ਬ੍ਰਿਜ ‘ਤੇ ਪਹੁੰਚ ਚੀਫ਼ ਅਫ਼ਸਰ ਅਤੇ ਕੈਪਟਨ ਨੂੰ ਗਲੀਮਾਰਾ (ਗੁੱਡ ਮੌਰਨਿੰਗ) ਜਾ ਬੁਲਾਈ। ਵੈਸੇ ਤਾਂ ਹਰ ਬੰਦਰਗਾਹ ‘ਤੇ ਜਹਾਜ਼ ਮੈਂ ਹੀ ਲਾਉਂਦਾ ਸੀ, ਪਰ ਸੁਣੀਂਦਾ ਸੀ ਕਿ ਅਮਰੀਕਾ ਦੇ ਪਾਇਲਟ ਬਹੁਤ ਸਖ਼ਤ ਹਨ। ਥੋੜ੍ਹੀ-ਬਹੁਤੀ ਵੀ ਗਲਤੀ ਹੋ ਜਾਵੇ ਤਾਂ ਬਹੁਤ ਝਿੜਕਦੇ ਹਨ।
ਧਰਤੀ, ਆਕਾਸ਼ ਤੇ ਸਮੁੰਦਰ ਵਿਚ ਵਾਹਨ ਚਲਾਉਣ ਵਾਲਿਆਂ ਦੀ ਆਪੋ-ਆਪਣੀ ਵੱਖਰੀ ਭਾਸ਼ਾ ਹੁੰਦੀ ਹੈ। ਆਪਣੇ ਹੀ ਸੰਵਿਧਾਨ ਤੇ ਆਪਣੇ ਹੀ ਕਾਨੂੰਨ। ਸਮੁੰਦਰ ਵਿਚੋਂ ਐਂਕਰ ਤੱਕ ਜਹਾਜ਼, ਕੈਪਟਨ ਦੀ ਅਗਵਾਈ ਵਿਚ ਹੁੰਦਾ ਏ। ਐਂਕਰ ਤੋਂ ਬੰਦਰਗਾਹ ਉਤੇ ਲਾਉਣ ਲਈ ਉਸੇ ਦੇਸ਼ ਦਾ ਬਾਹਰੋਂ ਪਾਇਲਟ ਆਉਂਦਾ ਏ, ਔਰ ਉਸ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਏ। ਇਕ ਅਗਲੇ ਪਾਸੇ ਬੋਟ ਹੁੰਦੀ ਏ ਤੇ ਇਕ ਪਿਛਲੇ ਪਾਸੇ ਵੱਡੀ ਬੋਟੀ ਹੁੰਦੀ ਏ।
ਜਹਾਜ਼ ਦੇ ਛੱਤ ਤੋਂ ਉਪਰਲੇ ਹਿੱਸੇ ਨੂੰ ਬ੍ਰਿਜ ਕਹਿੰਦੇ ਹਨ ਜਿਸ ਵਿਚ ਕਾਰ ਵਾਂਗੂੰ ਅੱਗੇ ਵੱਡੇ-ਵੱਡੇ ਸ਼ੀਸ਼ੇ ਲੱਗੇ ਹੁੰਦੇ ਹਨ। ਉਥੇ ਹੀ ਇੰਜਣ ਦਾ ਕੰਟਰੋਲ ਤੇ ਜਹਾਜ਼ ਦਾ ਵ੍ਹੀਲ ਹੁੰਦਾ ਏ, ਅੱਠ ਕੋਨਾ। ਸਾਈਡ ‘ਤੇ ਬਾਹਰ ਗੈਲਰੀ ਹੁੰਦੀ ਏ। ਜਦ ਸਮੁੰਦਰ ਵਿਚ ਜਹਾਜ਼ ਚਲਦਾ ਏ, ਇਨ੍ਹਾਂ ਗੈਲਰੀਆਂ ਵਿਚ ਖੜ੍ਹ ਕੇ ਦੂਰ-ਦੂਰ ਤੱਕ ਨਜ਼ਰ ਆਉਂਦਾ ਏ। ਇਸ ਦੇ ਪਿਛਲੇ ਪਾਸੇ ਕਮਰਾ ਹੁੰਦਾ ਏ ਜਿਸ ਵਿਚ ਕੈਪਟਨ ਬੈਠ ਕੇ ਨਕਸ਼ੇ ਤੇ ਹੋਰ ਸਭ ਕੁਝ ਦੇਖਦਾ ਏ। ਪਾਇਲਟ ਬਾਹਰੋਂ ਬੋਟ ‘ਤੇ ਆਉਂਦਾ ਏ। ਜਹਾਜ਼ ਵਿਚ ਉਸ ਦੇ ਪਹਿਰਾਵੇ ਨਾਲ ਸਿਰ ‘ਤੇ ਟੋਪੀ ਵੀ ਹੁੰਦੀ ਏ ਪਰ ਜਦ ਬ੍ਰਿਜ ‘ਤੇ ਆਉਂਦਾ ਏ ਤਾਂ ਉਹ ਟੋਪੀ ਉਤਾਰ ਦਿੰਦਾ ਏ ਤੇ ਬ੍ਰਿਜ ਨੂੰ ਸਲੂਟ ਵੀ ਕਰਦਾ ਏ।
ਬ੍ਰਿਜ ਦੇ ਵਿਚਕਾਰ ਪਿਛਲੇ ਪਾਸੇ ਦੀ ਕੰਧ ਤੋਂ ਥੋੜ੍ਹੀ ਦੂਰ ਜਹਾਜ਼ ਦਾ ਵ੍ਹੀਲ ਹੁੰਦਾ ਏ ਜਿਸ ਦੀ ਸ਼ਕਲ ਨਿਆਣਿਆਂ ਦੇ ਵੀਡੀਓ ਗੇਮ ਦੇ ਕੰਟਰੋਲ ਵਰਗੀ ਹੁੰਦੀ ਏ। ਇਹਦੇ ਵਿਚ ਦੋ ਛੋਟੇ ਹਿੱਸੇ ਹੁੰਦੇ- ਇਕ ਵਿਚ ਡਿਗਰੀਆਂ ਅਤੇ ਉਪਰਲੇ ਹਿੱਸੇ ਵਿਚ ਸੂਈ, ਜਹਾਜ਼ ਸੱਜੇ-ਖੱਬੇ ਕਰਨ ਨੂੰ। ਸਾਹਮਣੇ ਕੰਧ ਨਾਲ ਘੜੀ ਹੁੰਦੀ ਏ। ਇਸ ਦੇ ਸੱਜੇ ਪਾਸੇ ਨੂੰ ਸਟਾਰ ਪੋਰਟ ਸਾਇਡ, ਖੱਬੇ ਹਿੱਸੇ ਨੂੰ ਪੋਰਟ ਸਾਇਡ ਅਤੇ ਵਿਚਕਾਰ ਵਾਲੇ ਨੂੰ ਮਿਡਸ਼ਿਪ ਕਹਿੰਦੇ ਹਨ। ਪਾਇਲਟ ਨੇ ਬੋਲ ਕੇ ਸੇਲਰ ਨੂੰ ਦੱਸਣਾ ਹੁੰਦਾ ਹੈ। ਘੜੀ ਵਿਚ 0 ਤੋਂ 30 ਡਿਗਰੀਆਂ ਸੱਜੇ ਹੱਥ ਅਤੇ ਇਸੇ ਤਰ੍ਹਾਂ ਹੀ ਖੱਬੇ ਪਾਸੇ ਹੁੰਦੀਆਂ। ਪਾਇਲਟ ਕਹੇਗਾ, ’10 ਪੋਰਟ ਸਾਈਡ।’ ਸੇਲਰ ਵੀ ਇਸੇ ਤਰ੍ਹਾਂ ਉਹਦੇ ਮਗਰ ਬੋਲੇਗਾ।
ਜਹਾਜ਼ ਦਾ ਪਾਇਲਟ ਬ੍ਰਿਜ ‘ਤੇ ਆ ਗਿਆ ਸੀ। ਗੁਡ ਮੌਰਨਿੰਗ ਬੁਲਾ ਕੇ, ਮੇਰੇ ਨਾਲ ਉਹਨੇ ਹੱਥ ਮਿਲਾਇਆ ਤੇ ਕਿਹਾ, ‘ਅੱਜ ਤੂੰ ਮੇਰਾ ਸੇਲਰ ਏਂ।’ ਮੈਂ ਖੁਸ਼ੀ-ਖੁਸ਼ੀ ਉਹਨੂੰ ‘ਯੈੱਸ’ ਕਿਹਾ। ਪਾਇਲਟ ਨੇ ਪੁੱਛਿਆ, ‘ਇੰਗਲਿਸ਼ ਬੋਲਾਂ ਕਿ ਗਰੀਕੀ?’ ਮੈਂ ਕਿਹਾ, ‘ਸਰ ਇੰਗਲਿਸ਼।’ ਜਹਾਜ਼ ਦਾ ਐਂਕਰ ਚੁੱਕਿਆ ਜਾ ਚੁੱਕਾ ਸੀ। ਚੀਫ਼ ਇੰਜੀਨੀਅਰ ਨੇ ਜਹਾਜ਼ ਦੇ ਇੰਜਣ ਸਟਾਰਟ ਦਾ ਅਲਾਰਮ ਦੇ ਦਿੱਤਾ ਸੀ ਤੇ ਜਹਾਜ਼ ਹੌਲੀ-ਹੌਲੀ ਬੰਦਰਗਾਹ ਨੂੰ ਵੱਧ ਰਿਹਾ ਸੀ। ਪਾਇਲਟ ਦੀ ਮੇਰੇ ਕੰਮ ‘ਤੇ ਨਿਗ੍ਹਾ ਸੀ। ਫਿਰ ਹੋਇਆ ਪੋਰਟ ਸਾਇਡ 10 ਅਤੇ ਮੈਂ 6 ‘ਤੇ ਜਾ ਕੇ ਰੁਕ ਗਿਆ। ਚੀਫ਼ ਅਫਸਰ ਮੇਰੇ ਵੱਲ ਔਖਾ ਜਿਹਾ ਵੇਖਦਾ ਸੀ। ਉਤਨੀ ਦੇਰ ਨੂੰ ਜਹਾਜ਼ 10 ਤੱਕ ਪਹੁੰਚ ਗਿਆ। ਫਿਰ ਜਹਾਜ਼ ਮਿਡਸ਼ਿਪ ਹੋਣ ਤੋਂ ਬਾਅਦ ਪੋਰਟ ਸਾਇਡ 15 ਦਾ ਆਡਰ ਹੋਇਆ। ਮੈਂ 10-11 ਤੱਕ ਜਹਾਜ਼ ਨੂੰ ਰੋਕ ਲਿਆ ਸੀ। ਚੀਫ਼ ਅਫ਼ਸਰ ਮੈਨੂੰ ਕੁਝ ਕਹਿ ਰਿਹਾ ਸੀ ਪਰ ਪਾਇਲਟ ਦੀ ਅੱਖ ਬੜੀ ਤਿੱਖੀ ਸੀ, ਉਹ ਸਮਝ ਗਿਆ ਕਿ ਸੇਲਰ ਨੂੰ ਜਹਾਜ਼ ਬਾਰੇ ਪਤਾ ਏ; ਕਿਉਂਕਿ ਉਹ ਜਹਾਜ਼ ਜਦੋਂ ਅਸੀਂ ਅਰਜਟਾਇਨਾ ਦੇ ਦਰਿਆ ਵਿਚ ਚਲਾਇਆ ਸੀ ਤਾਂ ਖੱਬੇ ਪਾਸੇ ਨੂੰ ਇਕ ਦਮ ਮੁੜ ਜਾਂਦਾ ਹੁੰਦਾ ਸੀ। ਪਾਇਲਟ ਮੇਰੇ ਕੋਲ ਆ ਕੇ ਕਹਿਣ ਲੱਗਾ, ‘ਅਹੁ ਜਹਾਜ਼ਾਂ ਦੇ ਵਿਚਕਾਰ ਖਾਲੀ ਜਗ੍ਹਾ ਦਿਸਦੀ ਏ?’ ਮੈਂ ਕਿਹਾ, ‘ਹਾਂ।’ ‘ਬੱਸ ਉਥੇ ਆਪਣਾ ਜਹਾਜ਼ ਲਾ ਦੇ।’ ਜਹਾਜ਼ ਬੋਸਟਨ ਦੀ ਬੰਦਰਗਾਹ ‘ਤੇ ਲੱਗ ਚੁੱਕਾ ਸੀ। ਪਾਇਲਟ ਨੇ ਕਿਹਾ, ‘ਤੂੰ ਬਹੁਤ ਵਧੀਆ ਸੇਲਰ ਏਂ।’ ਅਮਰੀਕਾ ਦੇ ਪਾਇਲਟ ਤੋਂ ਸ਼ਾਬਾਸ਼ ਲੈ ਕੇ ਅਤੇ ਧੰਨਵਾਦ ਕਰ ਕੇ ਮੈਂ ਖੁਸ਼ੀ-ਖੁਸ਼ੀ ਬ੍ਰਿਜ ਤੋਂ ਉਤਰ ਆਇਆ ਸੀ।
ਅਸੀਂ ਚਾਰ ਪੰਜਾਬੀ; ਮੈਂ ਅੰਮ੍ਰਿਤਸਰ ਤੋਂ, ਦਲਬੀਰ ਤੇ ਟੋਨੀ ਬਟਾਲੇ ਤੋਂ ਅਤੇ ਜਿੰਦਰ ਜਗਰਾਵਾਂ ਤੋਂ ਸੀ। ਦਲਬੀਰ ਮੇਰੇ ਨਾਲ ਗਰੀਸ ਵੀ ਕੁਝ ਦੇਰ ਰਹਿ ਚੁੱਕਾ ਸੀ, ਪਰ ਟੋਨੀ ਤੇ ਜਿੰਦਰ ਜਹਾਜ਼ ਵਿਚ ਹੀ ਮਿਲੇ ਸਨ। ਜਿੰਦਰ ਮੇਰੇ ਦਿਲ ਦੇ ਕਰੀਬ ਸੀ। ਉਹ ਮੈਨੂੰ ਵੱਡੇ ਭਰਾ ਵਾਂਗ ਮੰਨਦਾ ਸੀ। ਸਾਡੇ ਚਾਰਾਂ ਵਿਚੋਂ ਬਹਾਰ ਜਾਣ ਦਾ ਪਾਸ ਸਿਰਫ਼ ਮੈਨੂੰ ਮਿਲਿਆ ਸੀ। ਸਾਰੇ ਹੀ ਦੰਦੀਆਂ ਕਰੀਚਦੇ ਸਨ, ‘ਕਾਹਦੇ ਅਮਰੀਕਾ ਆਏ, ਬਹਾਰ ਵੀ ਨਹੀਂ ਜਾ ਸਕਦੇ।’ ਜਿੰਦਰ ਇੰਜਣ ‘ਤੇ ਕੰਮ ਕਰਦਾ ਸੀ। ਮੈਂ ਉਹਨੂੰ ਕਿਹਾ, ‘ਕੰਮ ਕਰ ਕੇ ਦਿਨੇ 8 ਵਜੇ ਮੇਰਾ ਪਾਸ ਲੈ ਜਾਵੀਂ ਤੇ ਬਾਹਰ ਜਾ ਆਵੀਂ।’ ਪਰ ਅਮਰੀਕਾ ਦਾ ਨਾਂ ਹੀ ਇੰਨਾ ਵੱਡਾ ਹੈ ਕਿ ਸਾਰੇ ਡਰਦੇ ਸਨ ਕਿ ਕਿਤੇ ਬਾਹਰ ਜਾ ਕੇ ਕੋਈ ਬਿਪਤਾ ਨਾ ਪੈ ਜਾਵੇ। ਟੋਨੀ ਮੈਨੂੰ ਕਹਿਣ ਲੱਗਾ, ‘ਤੇਰੇ ਕੋਲ ਪਾਸ ਏ, ਮੈਂ ਬੌਸ ਨਾਲ ਗੱਲ ਕਰ ਲੈਨਾਂ। ਮੈਂ ਤੇਰੀ ਜਗ੍ਹਾ ਤੋਂ ਥੋੜ੍ਹੀ ਦੂਰ ਖੜ੍ਹ ਜਾਵਾਂਗਾ, ਤੂੰ ਬਾਹਰ ਜਾ ਕੇ ਆ।’ ਔਰ ਮੈਂ ਇਸੇ ਤਰ੍ਹਾਂ ਹੀ ਕੀਤਾ। ਜਦ ਮੈਂ ਪੋਰਟ ਤੋਂ ਨਿਕਲਿਆ ਤਾਂ ਸਕਿਉਰਿਟੀ ਵਾਲੇ ਨੇ ਮੈਨੂੰ ਕੁਝ ਨਹੀਂ ਪੁਛਿਆ। ਜਦ ਮੈਂ ਰਾਤੀਂ 9-10 ਦੇ ਕਰੀਬ ਆਇਆ ਤਾਂ ਵੀ ਕਿਸੇ ਨਹੀਂ ਪੁਛਿਆ। ਮੈਂ ਆ ਕੇ ਸਾਰਿਆਂ ਨੂੰ ਦੱਸ ਦਿੱਤਾ ਤਾਂ ਉਹ ਇਕੱਲੇ ਬਾਹਰ ਜਾਣ ਲੱਗ ਪਏ।
ਸੁਣਦੇ ਸਾਂ ਕਿ ਅਮਰੀਕਾ ਵਿਚ ਜਹਾਜ਼ ਇਕ-ਦੋ ਦਿਨਾਂ ਵਿਚ ਹੀ ਖਾਲੀ ਕਰ ਦਿੰਦੇ ਸਨ, ਪਰ ਸਾਨੂੰ ਬੰਦਰਗਾਹ ‘ਤੇ ਲੱਗਿਆਂ ਪੰਜ ਦਿਨ ਹੋ ਗਏ। ਇਕ ਦਿਨ ਦੋ-ਤਿੰਨ ਘੰਟੇ ਕੰਮ ਕਰ ਕੇ ਚਲੇ ਗਏ। ਬਾਅਦ ਵਿਚ ਪਤਾ ਲੱਗਾ ਕਿ ਇਨ੍ਹਾਂ ਨੂੰ 4-5 ਛੁੱਟੀਆਂ ਹਨ ਕਿਉਂਕਿ ਇਨ੍ਹਾਂ ਦਾ ਬਹੁਤ ਵੱਡਾ ਤਿਉਹਾਰ ਹੈ ਜਿਸ ਨੂੰ ‘ਥੈਂਕਸਗਿਵਿੰਗ’ ਕਹਿੰਦੇ ਹਨ।
ਜਿੰਦਰ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਜੋ ਕੈਨੇਡਾ ਰਹਿੰਦਾ ਸੀ। ਉਹਨੇ ਅੱਗਿਉਂ ਜਿੰਦਰ ਦੇ ਦੂਜੇ ਦੋਸਤ ਦਰਸ਼ੀ ਨੂੰ ਫੋਨ ਕਰ ਦਿੱਤਾ ਜੋ ਨਿਊ ਯਾਰਕ ਰਹਿੰਦਾ ਸੀ। ਜਿੰਦਰ ਦਾ ਫੋਨ ਸੁਣ ਕੇ ਦਰਸ਼ੀ ਹੈਰਾਨ ਹੋ ਗਿਆ ਕਿ ‘ਤੂੰ ਇੱਥੇ ਕਿਸ ਤਰ੍ਹਾਂ? ਜੇ ਤੂੰ ਬੋਸਟਨ ਆਇਆ ਏਂ ਤਾਂ ਵੇਲਾ ਨਾ ਵੇਖ, ਇੱਥੇ ਸਾਡੇ ਕੋਲ ਆ ਜਾ। ਮੈਨੂੰ ਵੀ ਅਜੇ 7-8 ਮਹੀਨੇ ਹੀ ਹੋਏ ਹਨ ਆਏ ਨੂੰ।’ ਜਹਾਜ਼ ਵਿਚ ਪਹੁੰਚ ਕੇ ਜਿੰਦਰ ਮੇਰੇ ਨਾਲ ਸਲਾਹ ਕਰਨ ਲੱਗਾ, ‘ਮੈਂ ਕੱਲਾ ਨਹੀਂ ਜਾਣਾ ਚਾਹੁੰਦਾ। ਜੇ ਤੂੰ ਮੇਰੇ ਨਾਲ ਹਾਂ ਕਰਦਾਂ ਤਾਂ ਠੀਕ ਏ।’ ਮੈਂ ਜਿੰਦਰ ਨੂੰ ਨਾਂਹ ਕਰ ਦਿੱਤੀ ਕਿਉਂਕਿ ਉਹ ਵੀ ਨਵੇਂ-ਨਵੇਂ ਹੀ ਆਏ ਸਨ। ਸੋਚਿਆ, ਐਵੇਂ ਬੋਝ ਬਣਾਂਗੇ ਜਾ ਕੇ; ਪਰ ਜਿੰਦਰ ਦੀ ਮੁਹੱਬਤ ਨੇ ਮੈਨੂੰ ਜਿੱਤ ਲਿਆ ਤੇ ਅਸੀਂ ਦਲਬੀਰ ਨੂੰ ਵੀ ਨਾਲ ਤਿਆਰ ਕਰ ਲਿਆ। ਤਿੰਨੇ ਕੱਪੜੀਂ, ਦੋ ਸੌ ਡਾਲਰ ਕੋਲ; ਬਾਕੀ ਸਾਰਾ ਕੁਝ ਛੱਡ ਕੇ ਅਸੀਂ ਨਿਊ ਯਾਰਕ ਦਰਸ਼ੀ ਹੋਰਾਂ ਕੋਲ ਪਹੁੰਚ ਗਏ।
ਫਿਰ ਜ਼ਿੰਦਗੀ ਪਹੀਆਂ ‘ਤੇ ਰਿੜ੍ਹਨੀ ਸ਼ੁਰੂ ਹੋ ਗਈ। ਕੰਮ-ਕਾਰ ਵੀ ਮਿਲ ਗਿਆ ਤੇ ਆਪਣਾ ਅਪਾਰਟਮੈਂਟ ਲੈ ਕੇ ਰਹਿਣ ਲੱਗ ਪਏ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੋ ਸਾਲ ਬੀਤੇ ਸਨ ਕਿ ਜਿੰਦਰ ਦਾ ਐਕਸੀਡੈਂਟ ਹੋ ਗਿਆ ਅਤੇ ਸਾਥੋਂ ਸਦਾ ਲਈ ਵਿਛੜ ਗਿਆ। ਉਹਦੇ ਤੁਰ ਜਾਣ ਤੋਂ ਬਾਅਦ ਅਸੀਂ ਅਨਾਥ ਹੋ ਗਏ। ਉਹ ਸੁਪਨੇ ਦੇਖਦਾ ਸੀ ਤੇ ਇਨ੍ਹਾਂ ਨੂੰ ਪੂਰੇ ਕਰਨ ਦੀ ਹਿੰਮਤ ਵੀ ਰੱਖਦਾ ਸੀ। ਤੀਹ ਸਾਲ ਹੋ ਗਏ ਇਸ ਧਰਤੀ ‘ਤੇ ਆਇਆਂ ਨੂੰ; ਇਹ ‘ਥੈਂਕਸਗਿਵਿੰਗ’ ਖੁਸ਼ੀ ਭਰਿਆ ਏ, ਪਰ ਮੇਰੇ ਲਈ ਇਹ ਗਮ ਨਾਲ ਵੀ ਭਰਿਆ ਹੋਇਆ ਏ।
Leave a Reply