ਐਨæਕੇæ ਸ਼ਰਮਾ ਦੇ ਅੱਠ ਪ੍ਰੋਜੈਕਟ ਗੈਰਕਾਨੂੰਨੀ

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਅਕਾਲੀ ਦਲ ਦੇ ਖਜ਼ਾਨਚੀ ਤੇ ਮੁੱਖ ਪਾਰਲੀਮਾਨੀ ਸਕੱਤਰ ਐਨæਕੇæ ਸ਼ਰਮਾ ਦੀ ਕੰਪਨੀ ਦੇ ਅੱਠ ਪ੍ਰੋਜੈਕਟਾਂ ਵਿਚ ਸਰਕਾਰੀ ਨਿਯਮਾਂ ਤੇ ਕਾਨੂੰਨ ਨੂੰ ਛਿੱਕੇ ਟੰਗਣ ਦਾ ਦੋਸ਼ ਲਾਉਂਦਿਆਂ ਇਸ ਦੀ ਜਾਂਚ ਸੀæਬੀæਆਈæ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼ਾਮਲਾਟ ਜ਼ਮੀਨ ਖਰੀਦਣ ਦੇ ਮਾਮਲੇ ਸਬੰਧੀ ਹੰਗਾਮਾ ਕੀਤਾ ਜਾ ਰਿਹਾ ਹੈ।
ਪੰਜਾਬ ਕਾਂਗਰਸ ਨੇ ਸ੍ਰੀ ਸ਼ਰਮਾ ਦੇ ਐਨæਕੇæ ਸ਼ਰਮਾ ਗਰੁੱਪ ਆਫ ਕੰਪਨੀ ਨਾਲ ਸਬੰਧਤ ਜ਼ੀਰਕਪੁਰ ਤੇ ਮੁਹਾਲੀ ਸਥਿਤ ਅੱਠ ਪ੍ਰੋਜੈਕਟਾਂ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀæਪੀæਸੀæਬੀæ) ਤੋਂ ਆਰæਟੀæਆਈæ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਦੇ ਆਧਾਰ ‘ਤੇ ਦੋਸ਼ ਲਾਏ ਹਨ। ਪੰਜਾਬ ਕਾਂਗਰਸ ਨੇ ਵਾਤਾਵਰਨ ਵਿਭਾਗ ਪੰਜਾਬ ਦੀ ਸਕੱਤਰ ਸੀਮਾ ਜੈਨ ਨੂੰ ਇਸ ਬਾਰੇ ਮੈਮੋਰੰਡਮ ਦਿੰਦਿਆਂ ਦੋਸ਼ ਲਾਇਆ ਕਿ ਐਨæਕੇæ ਸ਼ਰਮਾ ਗੈਰ ਕਾਨੂੰਨੀ ਪ੍ਰੋਜੈਕਟ ਚਲਾ ਰਹੇ ਹਨ ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਨੇੜਤਾ ਦੀ ਗਲਤ ਵਰਤੋਂ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਤੇ ਜ਼ਿਲ੍ਹਾ ਮੁਹਾਲੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਸਿੰਘ ਰਾਣਾ ਸਮੇਤ ਆਰæਟੀæਆਈæ ਰਾਹੀਂ ਹਾਸਲ ਕੀਤੇ ਦਸਤਾਵੇਜ਼ ਪੱਤਰਕਾਰਾਂ ਨੂੰ ਦਿੰਦਿਆਂ ਦੋਸ਼ ਲਾਇਆ ਕਿ ਸ੍ਰੀ ਸ਼ਰਮਾ ਦੇ ਪ੍ਰੋਜੈਕਟਾਂ ਵਿਚ ਹੋਈਆਂ ਭਾਰੀ ਬੇਨਿਯਮੀਆਂ ਦੇ ਬਾਵਜੂਦ ਸਰਕਾਰ ਵੱਲੋਂ ਅੱਖਾਂ ਬੰਦ ਕਰਨ ਕਾਰਨ ਸ਼ੰਕੇ ਜ਼ਾਹਿਰ ਹੁੰਦੇ ਹਨ ਕਿ ਇਨ੍ਹਾਂ ਪ੍ਰੋਜੈਕਟਾਂ ਵਿਚ ਬਾਦਲ ਪਰਿਵਾਰ ਦਾ ਵੀ ਹਿੱਸਾ ਹੋ ਸਕਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸ਼ ਬਾਦਲ ਸ਼ਰੇਆਮ ਬਦਲਾਲਊ ਸਿਆਸਤ ਕਰ ਰਹੇ ਹਨ ਕਿਉਂਕਿ ਸ਼ ਬਾਜਵਾ ਵਿਰੁੱਧ ਕੋਈ ਸ਼ਿਕਾਇਤ ਨਾ ਹੋਣ ਤੇ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਅਨੁਸਾਰ ਜ਼ਮੀਨਾਂ ਦੀ ਖਰੀਦ-ਵੇਚ ਦੇ 70 ਹਜ਼ਾਰ ਮਾਮਲਿਆਂ ਵਿਚ ਗੜਬੜ ਹੋਣ ਦਾ ਸੰਕੇਤ ਦੇਣ ਦੇ ਬਾਵਜੂਦ ਕੇਵਲ ਕਾਂਗਰਸ ਪ੍ਰਧਾਨ ਦੇ ਮਾਮਲੇ ਦੀ ਹੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਇਹ ਮੁੱਦਾ ਉਠਾਉਣ ਦਾ ਮੌਕਾ ਖੁੰਝਾ ਲਿਆ ਹੈ। ਇਸ ਮੌਕੇ ਉਨ੍ਹਾਂ ਸ੍ਰੀ ਸ਼ਰਮਾ ਨੂੰ ਮੁੜ ਚੁਣੌਤੀ ਦਿੱਤੀ ਕਿ ਉਹ ਆਪਣੇ ਪਹਿਲੇ ਕਥਨ ਅਨੁਸਾਰ 100 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਦੇਣ ਤਾਂ ਜੋ ਉਹ ਇਸ ਦਾ ਜਵਾਬ ਦੇ ਸਕਣ।

Be the first to comment

Leave a Reply

Your email address will not be published.