ਨੌਜਵਾਨਾਂ ਨੂੰ ਨਸ਼ਿਆਂ `ਚ ਫਸਾਉਣ ਪਿੱਛੇ ਦੁਸ਼ਮਣ ਦੇਸ਼ ਦੀ ਸਾਜ਼ਿਸ਼: ਮੋਦੀ

ਨਵੀਂ ਦਿੱਲੀ:ਪਿਛਲੇ ਕੁਝ ਦਿਨਾਂ ਤੋਂ ਨੌਜਵਾਨਾਂ ਨੂੰ ਲੈ ਕੇ ਛਿੜੀ ਚਰਚਾ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਿਕਸਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਯਾਨ’ ਨਾਂ ਨਾਲ ਸੌ ਹਫ਼ਤੇ ਦੀ ਦੇਸ਼ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਹਾਲਾਂਕਿ, ਇਸ ਦਾ ਪਾਇਲਟ ਪ੍ਰੋਜੈਕਟ ਪਹਿਲਾਂ ਤੋਂ ਹੀ ਵਾਰਟਸੀ ‘ਚ ਚੱਲ ਰਿਹਾ ਸੀ। ਹੁਣ ਇਸ ਦੀ ਪੂਰੀ ਰੂਪਰੇਖਾ ਤਿਆਰ ਹੋ ਗਈ ਹੈ। ਬਹੁਤ ਵੱਡੀ ਗਿਣਤੀ ‘ਚ ਅਧਿਆਤਮਕ ਕੇਂਦਰ ਤੇ ਗੁਰੂ ਵੀ ਇਸ ਮੁਹਿੰਮ ਨਾਲ ਜੁੜ ਗਏ ਹਨ। ਪੂਰੇ ਦੇਸ਼ ‘ਚ ਲਗਪਗ 28 ਹਜ਼ਾਰ ਸਥਾਨਾਂ ਨੂੰ ਜੋੜਦੇ ਹੋਏ ਪੀ.ਐੱਮ ਮੋਦੀ ਨੇ ਵਰਚੁਅਲ ਰੂਪ ਨਾਲ ਇਸ ਨੂੰ ਸੰਬੋਧਨ ਕੀਤਾ। ਕਿਹਾ ਕਿ ਜਦ ਕੋਈ ਨੌਜਵਾਨ ਨਸ਼ੇ ਦਾ ਸ਼ਿਕਾਰ ਹੁੰਦਾ ਹੈ, ਤਾਂ ਨੁਕਸਾਨ ਇਕੱਲੇ ਉਸ ਦਾ ਨਹੀਂ ਹੁੰਦਾ। ਇਕ ਸੁਪਨਾ ਵੀ ਟੁੱਟ ਜਾਂਦਾ ਹੈ। ਕੁਝ ਦੇਰ ਲਈ ਉਸ ਨੂੰ ਡਰੱਗਸ ਹਾਈ (ਆਨੰਦ) ਦੇ ਸਕਦਾ ਹੈ, ਪਰ ਪੂਰਾ ਕਰੀਅਰ ਤੇ ਜੀਵਨ ਹਨੇਰੇ ‘ਚ ਚਲਿਆ ਜਾਂਦਾ ਹੈ। ਇਸ ਕਾਰਨ ਜੇ ਘਰ ਦਾ ਕੋਈ ਬੱਚਾ ਨਸ਼ੇ ਦੇ ਜਾਲ ‘ਚ ਫਸ ਗਿਆ ਹੈ, ਤਾਂ ਸਮਾਜਿਕ ਵੱਕਾਰ ਦੀ ਆੜ ‘ਚ ਉਸ ਨੂੰ ਲੁਕਾਓ ਨਾ। ਮਾਹਿਰ ਤੋਂ ਮਦਦ ਮੰਗੋ ਅਤੇ ਲੋੜ ਪੈਣ ‘ਤੇ ਉਸ ਦਾ ਇਲਾਜ ਵੀ ਕਰਵਾਓ। ਪੀਐੱਮ ਨੇ ਨੌਜਵਾਨਾਂ ਨੂੰ ਨਸ਼ੇ ਦੇ ਜਾਲ ‘ਚ ਫਸਾਉਣ ਦੇ ਪਿੱਛੇ ਦੁਸ਼ਮਣ ਦੇਸ਼ ਦੀ ਸਾਜ਼ਿਸ਼ ਵੀ ਦੱਸੀ। ਨਾਲ ਹੀ ਨੌਜਵਾਨਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ। ਕਿਹਾ ਕਿ ਡਰੱਗਸ ਦੀ ਸਪਲਾਈ ਕਰ ਕੇ ਕਮਾਈ ਕਰਨਾ ਤੇ ਸਾਡੇ ਵਰਗੇ ਦੇਸ਼ ਨੂੰ ਤਬਾਹ ਕਰਨਾ, ਇਹ ਵੀ ਉਨ੍ਹਾਂ ਦੀ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਹੁੰਦਾ ਹੈ। ਇਸ ਲਈ ਸਾਨੂੰ ਹਰ ਨੌਜਵਾਨ ਨੂੰ ਨਸ਼ੇ ਦੇ ਜਾਲ ‘ਚ ਫਸਣ ਤੋਂ ਬਚਾਉਣਾ ਚਾਹੀਦਾ ਹੈ।
ਨੌਜਵਾਨਾਂ ਵਿਚਾਲੇ ਨਸ਼ਾ ਮੁਕਤੀ ਲਈ ਸਰਕਾਰ ਅਰਸੇ ਤੋਂ ਕੰਮ ਕਰ ਰਹੀ ਹੈ। ਜੰਮੂ- ਕਸ਼ਮੀਰ ਤੇ ਪੰਜਾਬ ‘ਚ ਵੱਡੇ ਪੱਧਰ ‘ਤੇ ਇਸ ਨੂੰ ਚਲਾਇਆ ਜਾ ਰਿਹਾ ਹੈ। ਸਿਆਸੀ ਰੂਪ ਨਾਲ ਦੇਖਿਆ ਜਾਵੇ ਤਾਂ ਪੰਜਾਬ ‘ਚ ਇਹ ਭਾਜਪਾ ਲਈ ਅਹਿਮ ਮੁੱਦਾ ਵੀ ਹੈ। ਜੰਮੂ- ਕਸ਼ਮੀਰ ‘ਚ ਉਪ-ਰਾਜਪਾਲ ਮਨੋਜ ਸਿਨਹਾ ਦੀ ਇਸ ਪਹਿਲ ਨਾਲ ਕੇਂਦਰ ਨੂੰ ਸਿਹਰਾ ਮਿਲ ਰਿਹਾ ਹੈ। ਐਤਵਾਰ ਨੂੰ ਜਦ ਪੂਰੇ ਦੇਸ਼ ‘ਚ ਇਸ ਦੀ ਸ਼ੁਰੂਆਤ ਕੀਤੀ ਗਈ ਤਾਂ ਇਕ ਕਰੋੜ ਤੋਂ ਵੱਧ ਨੌਜਵਾਨਾਂ ਨੇ ਨਸ਼ਾ ਮੁਕਤੀ ਦੀ ਸਹੁੰ ਚੁੱਕੀ। ਇਸ ਪ੍ਰੋਗਰਾਮ ‘ਚ ਅਧਿਆਤਮਕ ਸੰਤ ਪੂਜਨੀਕ ਅੰਮਾ, ਸ੍ਰੀ ਸ੍ਰੀ ਰਵੀਸ਼ੰਕਰ, ਪੂਜਨੀਕ ਦਾਜੀ, ਡਾ. ਚਿਨਮੇ ਪਾਂਡਿਆ ਤੇ ਸਵਾਮੀ ਬ੍ਰਹਮਬਿਹਾਰ ਜੀ ਵੀ ਵਰਚੁਅਲੀ ਸ਼ਾਮਲ ਹੋਏ ਸਨ। ਪੀਟੀਆਈ ਮੁਤਾਬਕ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ‘ਚ ਡਰੱਗਸ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਦੀ ਤੁਲਨਾ ‘ਚ ਗ੍ਰਿਫ਼ਤਾਰੀਆਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ। ਹਜ਼ਾਰਾਂ ਕਰੋੜ ਰੁਪਏ ਦੇ ਡਰੱਗਸ ਜ਼ਬਤ ਕੀਤੇ ਗਏ ਹਨ। ਇਹ ਦਿਖਾਉਂਦਾ ਹੈ ਕਿ ਸਾਡੀ ਸਰਕਾਰ ਡਰੱਗਸ ‘ ਖ਼ਿਲਾਫ਼ ਕਿੰਨੀ ਸਖ਼ਤੀ ਨਾਲ ਕੰਮ ਕਰ ਰਹੀ ਹੈ। ਮੋਦੀ ਨੇ ਦੱਸਿਆ ਕਿ ਨਸ਼ਾ ਮੁਕਤ ਯੁਵਾ ਮੁਹਿੰਮ ਦੀ ਇਹ ਪਹਿਲ ਕਾਸ਼ੀ ਤੋਂ ਸ਼ੁਰੂ ਹੋਈ। ਪਿਛਲੇ ਸਾਲ ਇਸ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਕਾਸ਼ੀ ਤੋਂ ਸ਼ੁਰੂ ਕੀਤਾ ਗਿਆ ਸੀ।
ਦਿੱਤਾ ਗੁਰਬਾਣੀ ਦਾ ਹਵਾਲਾ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਬਾਣੀ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰ ਦਾਸ ਜੀ ਦੀ ਬਾਣੀ ‘ਚੋਂ ਦੋ ਤੁਕਾਂ, ‘ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।। ‘ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।।’ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਪਦਾਰਥ ਦੇ ਸੇਵਨ ਨਾਲ ਬੁੱਧੀ ਤੇ ਵਿਵੇਕ ਸਾਥ ਛੱਡ ਦੇਣ। ਇਨਸਾਨ ਆਪਣੇ ਪਰਾਏ ਦੀ ਪਛਾਣ ਭੁੱਲ ਜਾਵੇ, ਅਜਿਹਾ ਨਸ਼ਾ ਉਸ ਨੂੰ ਪਤਨ ਵੱਲ ਲੈ ਕੇ ਜਾਂਦਾ ਹੈ।
ਇਵੇਂ ਵਧੇਗਾ ਇਹ ਸੰਕਲਪ
ਇਸ ਮੁਹਿੰਮ ਦੌਰਾਨ ਹਰ ਕਲਾ, ਸੱਭਿਆਚਾਰ, ਖੇਡ, ਸੇਵਾ, ਮੈਡੀਟੇਸ਼ਨ ਤੇ ਅਧਿਆਤਮ ਨਾਲ ਜੁੜੀਆਂ ਸਰਗਰਮੀਆਂ ਹੋਣਗੀਆਂ। ਨਸ਼ਾ-ਮੁਕਤੀ ਦਾ ਸੁਨੇਹਾ ਨਵੇਂ ਲੋਕਾਂ ਤੱਕ ਪੁੱਜੇਗਾ। ਆਉਣ ਵਾਲੇ ਸਮੇਂ ਵਿੱਚ ਨਸ਼ਾ ਮੁਕਤ ਭਾਰਤ ਦੀ ਦਿਸ਼ਾ ‘ਚ ਮਜ਼ਬੂਤ ਕਦਮ ਹੋਣਗੇ। ਪੀਐੱਮ ਨੇ ਇਸ ਮੁਹਿੰਮ ਨਾਲ ਲੋਕਾਂ ਦੇ ਜੁੜਨ ਤੇ ਘਰ- ਘਰ ਤੱਕ ਪਹੁੰਚਾਉਣ ਦਾ ਸੱਦਾ ਵੀ ਦਿੱਤਾ। ਉਥੇ ਕਾਲਜ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਕਿਹਾ ਕਿ ਕੋਰਸ ਦੀ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨਾਲ ਨਸ਼ੇ ਦੇ ਖ਼ਤਰਿਆਂ ‘ਤੇ ਵੀ ਗੱਲ ਕਰੋ।