ਨਵੀਂ ਦਿੱਲੀ:ਮਕਬੂਜ਼ਾ ਕਸ਼ਮੀਰ ‘ਚ ਹਿੰਸਾ, ਵਿਰੋਧ ਪ੍ਰਦਰਸ਼ਨਾਂ ਤੇ ਚੋਣ ਵਿਵਾਦਾਂ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇ ਸੱਤਾ ‘ਚ ਵਾਪਸੀ ਦਾ ਰਸਤਾ ਪੱਧਰਾ ਕਰ ਲਿਆ ਹੈ।
ਦੋ ਪੜਾਵਾਂ ਦੀਆਂ ਚੋਣਾਂ ਤੋਂ ਬਾਅਦ ਪਾਰਟੀ ਨੇ 45 ਮੈਂਬਰੀ ਵਿਧਾਨ ਸਭਾ ‘ਚ ਬਹੁਮਤ ਦਾ ਅੰਕੜਾ ਹਾਸਲ ਕਰ ਲਿਆ ਹੈ। ਇਸ ਦੌਰਾਨ ਚੋਣਾਂ ਦੇ ਵਿਰੋਧ ‘ਚ ਪਿਛਲੇ ਕਰੀਬ 50 ਦਿਨਾਂ ਤੋਂ ਜਾਰੀ ਅੰਦੋਲਨ ਤੇ ਸੁਰੱਖਿਆ ਦਸਤਿਆਂ ਨਾਲ ਝੜਪਾਂ ‘ਚ 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅੰਦੋਲਨ ਹਾਲੇ ਵੀ ਜਾਰੀ ਹੈ।
ਪੀਟੀਆਈ ਮੁਤਾਬਕ, ਦੂਜੇ ਪੜਾਅ ਦੀਆਂ 18 ਸੀਟਾਂ ‘ਚੋਂ ਪੀਐੱਮਐੱਲ-ਐੱਨ ਨੇ 14 ‘ਤੇ ਜਿੱਤ ਦਰਜ ਕੀਤੀ। ਪਹਿਲੇ ਪੜਾਅ ‘ਚ ਵੀ ਪਾਰਟੀ 13 ‘ਚੋਂ ਨੌ ਸੀਟਾਂ ਜਿੱਤ ਚੁੱਕੀ ਸੀ। ਇਸ ਤਰ੍ਹਾਂ ਹੁਣ ਤੱਕ ਉਸ ਦੇ ਖਾਤੇ ‘ਚ ਕੁੱਲ 23 ਸੀਟਾਂ ਆ ਚੁੱਕੀਆਂ ਹਨ, ਜਿਸ ਨਾਲ ਉਹ ਵਿਧਾਨ ਸਭਾ ‘ਚ ਬਹੁਮਤ ਦੀ ਸਥਿਤੀ ‘ਚ ਪਹੁੰਚ ਗਈ ਹੈ।
ਉੱਥੇ ਹੀ, ਕੇਂਦਰ ‘ਚ ਪੀਐੱਮਐੱਲ-ਐੱਨ ਦੀ ਸਹਿਯੋਗੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੂਜੇ ਪੜਾਅ ‘ਚ ਚਾਰ ਸੀਟਾਂ ਜਿੱਤ ਸਕੀ। ਦੋਵਾਂ ਪੜਾਵਾਂ ਨੂੰ ਮਿਲਾ ਕੇ ਪਾਰਟੀ ਕੋਲ ਹੁਣ ਕੁੱਲ ਅੱਠ ਸੀਟਾਂ ਹਨ। ਪੀਪੀਪੀ ਨੇ ਚੋਣਾਂ ‘ਚ ਵੱਡੇ ਪੱਧਰ ‘ਤੇ ਹੇਰਾਫੇਰੀ ਦਾ ਦੋਸ਼
ਲਗਾਇਆ ਹੈ। ਦੂਜੇ ਪਾਸੇ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ- ਇਨਸਾਫ਼ (ਪੀਟੀਆਈ) ਨੇ ਇਲਾਕੇ ‘ਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੇ ਵਿਰੋਧ ‘ਚ ਚੋਣਾਂ ਦਾ ਬਾਈਕਾਟ ਕੀਤਾ ਸੀ। ਮਕਬੂਜ਼ਾ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਕੁੱਲ 54 ਸੀਟਾਂ ਹਨ, ਜਿਨ੍ਹਾਂ ‘ਚੋਂ 45 ਸੀਟਾਂ ‘ਤੇ ਸਿੱਧੀਆਂ ਚੋਣਾਂ ਹੁੰਦੀਆਂ ਹਨ, ਜਦਕਿ ਨੌਂ ਸੀਟਾਂ ਔਰਤਾਂ, ਟੈਕਨੋਕ੍ਰੇਟ ਤੇ ਮੌਲਵੀਆਂ ਲਈ ਰਾਖਵੀਆਂ ਹਨ। ਤੀਜੇ ਤੇ ਅੰਤਿਮ ਪੜਾਅ ‘ਚ ਬਾਕੀ 14 ਸੀਟਾਂ ‘ਤੇ ਮਤਦਾਨ 10 ਅਗਸਤ ਨੂੰ ਹੋਵੇਗਾ।
