ਪੰਜਾਬ ਕਾਂਗਰਸ ਵਿਚ ਧੜੇਬੰਦੀ ਸਿਖ਼ਰਾਂ `ਤੇ

ਬਠਿੰਡਾ:ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨ ਲਈ 10 ਦਿਨਾ ਪੰਜਾਬ ਦੌਰੇ ‘ਤੇ ਆਏ ਸੂਬਾ ਇੰਚਾਰਜ ਭੁਪੇਸ਼ ਬਘੇਲ ਦੇ ਯਤਨ ਕਾਮਯਾਬ ਹੁੰਦੇ ਨਜ਼ਰ ਨਹੀਂ ਆ ਰਹੇ।

ਪਟਿਆਲਾ ਤੇ ਸੰਗਰੂਰ ‘ਚ ਬਘੇਲ ਦੇ ਸਾਹਮਣੇ ਹੀ ਪਾਰਟੀ ਨੇਤਾਵਾਂ ‘ਚ ਕੁਰਸੀਆਂ ਚੱਲੀਆਂ ਤਾਂ ਬਰਨਾਲਾ ਤੇ ਮਾਨਸਾ ‘ਚ ਬਘੇਲ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਹੁੰਦੀ ਰਹੀ। ਇਸ ਤੋਂ ਬਾਅਦ ਬਘੇਲ ਦੇ ਸ੍ਰੀ ਮੁਕਤਸਰ ਸਾਹਿਬ ਦੇ ਦੌਰੇ ਤੋਂ ਪਹਿਲਾਂ ਸ਼ਹਿਰ ‘ਚ ਉਨ੍ਹਾਂ ਖ਼ਿਲਾਫ਼ ਥਾਂ- ਥਾਂ “ਭੂਪੇਸ਼ ਬਘੇਲ ਗੋ ਬੈਕ“ ਦੇ ਫਲੈਕਸ ਲਗਾ ਦਿੱਤੇ ਗਏ। ਹਾਲਾਂਕਿ ਬਾਅਦ ‘ਚ ਇਹ ਹਟਾ ਲਏ ਗਏ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗ੍ਰਹਿ ਜ਼ਿਲ੍ਹੇ ‘ਚ ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਸਾਹਮਣੇ ਆਉਣ ਨਾਲ ਸਿਆਸੀ ਮਾਹੌਲ ਹੋਰ ਗਰਮਾ ਗਿਆ ਹੈ। ਓਧਰ ਬਠਿੰਡਾ ‘ਚ ਵੀ ਵਿਰੋਧ ਦਾ ਸਿਲਸਿਲਾ ਜਾਰੀ ਰਿਹਾ। ਇੱਥੇ ਬੈਠਕ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ‘ਚੰਨੀ ਲਿਆਓ ਤੇ ਕਾਂਗਰਸ ਬਚਾਓ’ ਦੇ ਨਾਅਰੇ ਲੱਗੇ।
ਭੁਪੇਸ਼ ਬਘੇਲ ਨੇ ਆਪਣੇ ਪਹਿਲਾਂ ਤੋਂ ‘ਤੈਅ ਪ੍ਰੋਗਰਾਮ ਮੁਤਾਬਕ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ‘ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਬੈਠਕ ਕਰ ਕੇ ਜਥੇਬੰਦੀ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੀ ਰਣਨੀਤੀ ‘ਤੇ ਚਰਚਾ ਕਰਨ ਲਈ ਆਉਣਾ ਸੀ। ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਕਿਸੇ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ‘ਭੁਪੇਸ਼ ਬਘੇਲ ਗੋ ਬੈਕ’ ਲਿਖੇ ਫਲੈਕਸ ਲਗਾ ਦਿੱਤੇ ਗਏ। ਜਿਵੇਂ ਹੀ ਇਸਦੀ ਜਾਣਕਾਰੀ ਕਾਂਗਰਸੀ ਆਗੂਆਂ ਤੇ ਪ੍ਰਸ਼ਾਸਨ ਨੂੰ ਮਿਲੀ, ਜ਼ਿਆਦਾਤਰ ਥਾਵਾਂ ਤੋਂ ਪੋਸਟਰ ਹਟਵਾ ਦਿੱਤੇ ਗਏ। ਹਾਲਾਂਕਿ ਕੁਝ ਥਾਵਾਂ ‘ਤੇ ਪੋਸਟਰ ਦੇਰ ਤੱਕ ਲੱਗੇ ਰਹੇ।
ਸੂਤਰਾਂ ਮੁਤਾਬਕ ਇਸ ਦੌਰਾਨ ਕੁਝ ਕਾਂਗਰਸੀ ਵਰਕਰਾਂ ਨੇ ਫਲੈਕਸ ਲੈ ਕੇ ਆਏ ਇਕ ‘ਛੋਟਾ ਹਾਥੀ’ ਵਾਹਨ ਨੂੰ ਰੋਕ ਲਿਆ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੋਸਟਰ ਲਗਾਉਣ ਵਾਲੇ ਕੁਝ ਵਿਅਕਤੀਆਂ ਨਾਲ ਕਥਿਤ ਕੁੱਟਮਾਰ ਦੀ ਵੀ ਚਰਚਾ ਹੈ। ਇਸ ਤਣਾਅਪੂਰਨ ਮਾਹੌਲ ਦੇ ਕਾਰਨ ਪਹਿਲਾਂ ਭੁਪੇਸ਼ ਬਘੇਲ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਬਾਅਦ ‘ਚ ਸ਼ਾਮ ਕਰੀਬ ਚਾਰ ਵਜੇ ਉਹ ਸਥਾਨਕ ਅਰਜੁਨ ਕੈਸਲ ਪੈਲੇਸ ‘ਚ ਰੱਖੇ ਪ੍ਰੋਗਰਾਮ ‘ਚ ਪੁੱਜ ਗਏ। ਇੱਥੇ ਬੈਠਕ ਪੂਰੀ ਤਰ੍ਹਾਂ ਬੰਦ ਕਮਰੇ ‘ਚ ਹੋਈ। ਮੀਡੀਆ ਨੂੰ ਸਮਾਗਮ ਵਾਲੀ ਥਾਂ ‘ਤੇ ਜਾਣ ਦੀ ਇਜਾਜ਼ਤ ਨਹੀਂਦਿੱਤੀ ਗਈ। ਤਜਵੀਜ਼ਸ਼ੁਦਾ ਪ੍ਰੈੱਸਕਾਨਫਰੰਸ ਵੀ ਰੱਦ ਕਰ ਦਿੱਤੀ ਗਈ।