ਪੰਜਾਬ ਵਿਧਾਨ ਸਭਾ ਵਲੋਂ ਕੇਂਦਰ ਸਰਕਾਰ ਵਿਰੁੱਧ ਨਿੰਦਾ ਮਤਾ ਪਾਸ

ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੀ ਹੰਗਾਮੇ ਨਾਲ ਸ਼ੁਰੂਆਤ ਹੋਈ। ਦਿੱਲੀ ਦੇ ਜੰਤਰ-ਮੰਤਰ ‘ਤੇ ਵਿਦਿਆਰਥੀਆਂ ‘ਤੇ ਲਾਠੀਚਾਰਜ ਤੇ ਪੰਜਾਬ ‘ਚ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਹੋਏ ਪੇਪਰ ‘ਚ ਨਕਲ ਦੇ ਮਾਮਲੇ ਦੀ ਗੂੰਜ ਸਦਨ ‘ਚ ਸੁਟਾਈ ਦਿੱਤੀ।

ਹੁਕਮਰਾਨ ਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਬਹਿਸ ਹੋਈ। ਸਦਨ ਦੇ ਅੰਦਰ ਤੇ ਬਾਹਰ ਕਾਂਗਰਸ ਤੇ ਭਾਜਪਾ ਨੇ ਫਾਰਮੇਸੀ ਅਫ਼ਸਰਾਂ ਦੀ ਭਰਤੀ ਦਾ ਪੇਪਰ ਲੀਕ ਹੋਣ ਦੇ ਦੋਸ਼ ਲਗਾਉਂਦਿਆਂ ਜੈਨ-ਜ਼ੀ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਕਿ ਉਹ ਉਨ੍ਹਾਂ ਦੇ ਨਾਲ ਹਨ। ਵਿਰੋਧ ਦੀ ਪੂਰੀ ਤਿਆਰੀ ਨਾਲ ਪੁੱਜੇ ਕਾਂਗਰਸੀ ਵਿਧਾਇਕਾਂ ਨੇ ਨਾ ਸਿਰਫ਼ ਸਦਨ ਦੇ ਅੰਦਰ ਇਹ ਮੁੱਦਾ ਚੁੱਕਿਆ, ਬਲਕਿ ਪ੍ਰਸ਼ਨਕਾਲ ਦੌਰਾਨ ਕਾਂਗਰਸੀਆਂ ਦੀ ਨਾਅਰੇਬਾਜ਼ੀ ਕਾਰਨ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਬਾਕੀ ਪੂਰੇ ਦਿਨ ਲਈ ਕਾਰਵਾਈ ਦਾ ਬਾਈਕਾਟ ਕਰ ਦਿੱਤਾ। ਕਾਂਗਰਸ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ। ਹਾਲਾਂਕਿ ਵਿਰੋਧੀ ਧਿਰ ਦੀ ਗ਼ੈਰ ਮੌਜੂਦਗੀ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨੀਟ ਪੇਪਰ ਲੀਕ ਦੇ ਮਾਮਲੇ ‘ਚ ਕੇਂਦਰ ਸਰਕਾਰ ਦੀ ਨਾਕਾਮੀ ਖ਼ਿਲਾਫ਼ ਸਦਨ ‘ਚ ਨਿੰਦਾ ਮਤਾ ਪੇਸ਼ ਕੀਤਾ, ਜਿਸ ਨੂੰ ਬਾਅਦ ‘ਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਸਵੇਰੇ ਜਿਵੇਂ ਹੀ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ‘ਚ ਪੂਰੀ ਤਿਆਰੀ ਨਾਲ ਆਏ ਕਾਂਗਰਸੀ ਵਿਧਾਇਕਾਂ ਨੇ ਕਾਲੇ ਚੋਗੇ ਪਾ ਕੇ ਵਿਧਾਨ ਸਭਾ ਕੰਪਲੈਕਸ ‘ਚ ਪੈਦਲ ਮਾਰਚ ਕੀਤਾ। ਉਨ੍ਹਾਂ ਸਿੱਖਿਆ ਤੇ ਸਿਹਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਵਾਲੀਆਂ ਤਖ਼ਤੀਆਂ ਚੁੱਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਤੋਂ ਬਾਅਦ ਸਦਨ ਦੇ ਅੰਦਰ ਪ੍ਰਸ਼ਨ ਕਾਲ ਦੌਰਾਨ ਸਿੱਖਿਆ ਵਿਭਾਗ ਨਾਲ ਜੁੜੇ ਸਵਾਲ ਲਈ ਮਿਲੇ ਸਮੇਂ ਦੌਰਾਨ ਬਾਜਵਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਦੇ ਪੰਜ ਤੇ ਸਿਹਤ ਵਿਭਾਗ ਦਾ ਇੱਕ ਪੇਪਰ ਲੀਕ ਹੋਇਆ ਸੀ। ਉਨ੍ਹਾਂ ਕਿਹਾ ਕਿ ਹਰਜੋਤ ਸਿੰਘ ਬੈਂਸ ਨੇ ਖ਼ੁਦ ਜੰਤਰ-ਮੰਤਰ ਸਟੇਜ ‘ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ, ਪਰ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਹੁਕਮਰਾਨ ਧਿਰ ਨੇ ਬਾਜਵਾ ਦਾ ਵਿਰੋਧ ਕੀਤਾ ਤਾਂ ਕਾਂਗਰਸੀ ਵਿਧਾਇਕਾਂ ਨੇ ਵੈੱਲ ‘ਚ ਪੁੱਜ ਕੇ ਸਰਕਾਰ ਖਿਲਾਫ਼ ਹੰਗਾਮਾ ਕੀਤਾ। ਸਪੀਕਰ ਨੇ ਵਾਰ-ਵਾਰ ਵਿਰੋਧੀ ਧਿਰ ਨੂੰ ਆਪਣੀਆਂ ਸੀਟਾਂ ‘ਤੇ ਵਾਪਸ ਜਾਣ ਤੇ ਪ੍ਰਸ਼ਨ ਕਾਲ ਸੁਚਾਰੂ ਢੰਗ ਨਾਲ ਚੱਲਣ ਦੇਣ ਦੀ ਅਪੀਲ ਕੀਤੀ। ਸਪੀਕਰ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਚਿਤਾਵਨੀਆਂ ਵੀ ਦਿੱਤੀਆਂ, ਪਰ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਬੰਦ ਨਹੀਂ ਕੀਤੀ। ਇਸ ‘ਤੇ ਸਪੀਕਰ ਨੇ 15 ਮਿੰਟ ਲਈ ਸਦਨ ਮੁਲਤਵੀ ਕਰ ਦਿੱਤਾ। ਸਦਨ ਮੁਲਤਵੀ ਹੋਣ ਤੋਂ ਬਾਅਦ ਸਦਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਸਦਨ ਦੀ ਬਾਕੀ ਰਹਿੰਦੀ ਕਾਰਵਾਈ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਦੋਬਾਰਾ ਸਦਨ ਸ਼ੁਰੂ ਹੋਣ ‘ਤੇ ਵਿਰੋਧੀ ਧਿਰ ਦੀ ਗ਼ੈਰ ਹਾਜ਼ਰੀ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ‘ਚ ਮਤਾ ਪੇਸ਼ ਕੀਤਾ ਜਿਸ ‘ਚ ਕੇਂਦਰ ਸਰਕਾਰ ਨੂੰ ਵਾਰ-ਵਾਰ ਪ੍ਰੀਖਿਆ ਘੁਟਾਲਿਆਂ, ਪੇਪਰ ਲੀਕ ਤੇ ਸੰਸਥਾਗਤ ਨਾਕਾਮੀਆਂ ਲਈ ਜਵਾਬਦੇਹ ਠਹਿਰਾਉਣ ਦੀ ਅਪੀਲ ਕੀਤੀ ਗਈ। ਬਾਅਦ ‘ਚ ਸਦਨ ਨੇ ਸਰਬਸੰਮਤੀ ਨਾਲ ਪੇਪਰ ਲੀਕ ਨੂੰ ਰੋਕਣ ‘ਚ ਨਾਕਾਮੀ ਤੇ ਇਨਸਾਫ਼ ਮੰਗ ਰਹੇ ਬੱਚਿਆਂ ਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਵਰਗੇ ਵਿਅਕਤੀਆਂ ਵਿਰੁੱਧ ਤਾਕਤ ਦੀ ਵਰਤੋਂ ਦੀ ਨਿੰਦਾ ਕਰਦੇ ਹੋਏ ਮਤਾ ਪਾਸ ਕਰ ਦਿੱਤਾ।