ਜਸਵੰਤ ਸਿੰਘ ਗੰਡਮ
ਸੱਚ ਜਾਣਿਓਂ ਜੈੱਨ-ਜ਼ੀ ਦੇ ਜੰਤਰ-ਮੰਤਰ ਦਿੱਲੀ ਵਿਚਲੇ ਹਾਲ ਹੀ ਦੇ 36 ਦਿਨਾਂ ਸੰਘਰਸ਼ ਦੌਰਾਨ ਕਈ ਕੁੜੀਆਂ ਵਲੋਂ ਕੱਢੀਆਂ ਗਈਆਂ ਗੰਦੀਆਂ-ਗੰਦੀਆਂ ਗਾਲ੍ਹਾਂ ਸੁਣ ਕੇ ਸਾਨੂੰ ਵੀ ਬੜਾ ਝਟਕਾ ਲਗਾ ਸੀ। ਅਸੀਂ ਵੀ ‘ਬੇਬੀ-ਬੂਮਰਜ਼’ ਪੀੜ੍ਹੀ ਵਿਚੋਂ ਹਾਂ।
ਇਹ ਪੀੜ੍ਹੀ 1946-1964 ਵਿਚ ਜਨਮ ਲੈਣ ਵਾਲੇ ਲੋਕਾਂ ਨੂੰ ਕਹਿੰਦੇ ਹਨ। ਇਸ ਪੀੜ੍ਹੀ ਦੇ ਲੋਕ ਰਵਾਇਤੀ ਕਿਸਮ ਦੇ ਹੁੰਦੇ ਹਨ। ਬਹੁਤੇ ਪ੍ਰਿੰਟ ਮੀਡੀਆ, ਟੀਵੀ ਤੇ ਫੇਸਬੁੱਕ ਨਾਲ ਜੁੜੇ ਹੋਏ। ਇਸ ਪੀੜ੍ਹੀ ਨੂੰ ਹੀ ਜੈੱਨ-ਐਕਸ ਫਾਲੋ ਕਰਦੀ ਰਹੀ। ਇਹ ਨਾਮ 1965-1980 ‘ਚ ਜਨਮੇ ਲੋਕਾਂ ਲਈ ਵਰਤਿਆ ਜਾਂਦੈ। ਸੋ, ਸਾਡੇ ਸਮੇਤ ਪੀੜ੍ਹੀਆਂ ਦੇ ਲੋਕਾਂ ਨੂੰ ਕੁੜੀਆਂ ਦੀ ਗਾਲ੍ਹਾਂ ਸੁਣ ਕੇ ਝਟਕਾ ਲਗਣਾ ਹੀ ਸੀ। ਸੋ ਲਗਾ।
ਪਰ ਸਾਨੂੰ ਇਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੌਜੂਦਾ ਸੰਘਰਸ਼ ਜੈੱਨ-ਜ਼ੀ ਵਲੋਂ ਸੀ, ਭਾਵ ਉਹ ਪੀੜ੍ਹੀ ਜਿਸ ਦੇ ਬੱਚੇ 1997-2012 ਦਰਮਿਆਨ ਜਨਮੇ ਹਨ। ਇਹ ਪੀੜ੍ਹੀ ਡਿਜਿਟਲ ਦੌਰ ‘ਚ ਜਨਮੀ ਹੈ, ਇੰਟਰਨੈੱਟ ਇਨ੍ਹਾਂ ਲਈ ਸਾਡੇ ਵੇਲੇ ਦੇ ਫੱਟੀਆਂ-ਸਲੇਟਾਂ ਵਾਂਗ ਹੈ। ਇਨ੍ਹਾਂ ਦੀ ਸੋਚ, ਸਭਿਆਚਾਰ, ਸੰਸਕਾਰ, ਸ਼ਬਦਾਵਲੀ, ਭਾਸ਼ਾ ਸਭ ਵੱਖਰੇ ਹਨ। ਸਾਡੀ ਪੀੜ੍ਹੀ ਤਾਂ ਇਸ ਭਾਸ਼ਾ ਦੇ ਅੱਧੇ ਸ਼ਬਦ ਸਮਝਦੀ ਤਕ ਨਹੀਂ। ਸੋ, ਸਾਨੂੰ ਝਟਕਾ ਤਾਂ ਲਗਣਾ ਹੀ ਸੀ।
ਇਸ ਪੀੜ੍ਹੀ ਤੋਂ ਪਹਿਲਾਂ, ਜੈੱਨ-ਵਾਈ/ਮਿਲੀਨੀਅਲਜ਼(1981-1996) ਤੇ ਬਾਅਦ ‘ਚ ਜੈੱਨ-ਐਲਫਾ (2013-2025) ਵਾਲੀਆਂ ਪੀੜ੍ਹੀਆਂ ਹਨ।
ਅੱਜ-ਕੱਲ੍ਹ ਸਫਲ ਸੰਘਰਸ਼ ਕਰਨ ਵਾਲੀ ਡਿਜੀਟਲ ਮੂਲ-ਵਾਸੀ ਇਸ ਨਵੀਂ ਪੀੜ੍ਹੀ ਦੀਆਂ ਕੁਝ ਕੁੜੀਆਂ ਵਲੋਂ ਮੁੰਡਿਆਂ/ਬੰਦਿਆਂ ਵਰਗੀਆਂ ਗੰਦੀਆਂ ਗਾਲ੍ਹਾਂ ਕਢੇ ਜਾਣ ਕਾਰਨ ਬੜੀ ਬੂ-ਪਾਹਰਿਆ ਮਚੀ ਹੋਈ ਹੈ। ਭਾਜਪਾ ਦਾ ਆਈ.ਟੀ. ਸੈੱਲ, ਭਾਜਪਾ ਨੇਤਾ, ਗੋਦੀ ਮੀਡੀਆ ਸਭ ਮੋਦੀ ਸਰਕਾਰ ਦੀ ਸੰਘਰਸ਼ ਕਾਰਨ ਹੋਈ ਲੱਸੀ ਦਾ ਮੁੜ ਦਹੀਂ ਬਨਾਉਣ ‘ਚ ਰੁਝੇ ਹੋਏ ਹਨ। ਡੈਮੇਜ ਕੰਟਰੋਲ ਕਰਨ ਦੀ ਦੌੜ ਲਗੀ ਹੋਈ ਹੈ। ਅਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਗਾਲ੍ਹਾਂ ਕਢੀਆਂ ਗਈਆਂ। ਹੋਰ ਤਾਂ ਹੋਰ, ਉਨ੍ਹਾਂ ਦੀ ਸਵਰਗਵਾਸੀ ਮਾਤਾ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਗੱਲ ਦਾ ਜ਼ਿਕਰ ਮੋਦੀ ਜੀ ਨੇ ਵੀ ਕੀਤਾ। ਪਰ ਉਨ੍ਹਾਂ ਬੱਚਿਆਂ ਨੂੰ ਮਾਫ ਕਰਕੇ ਬੜੀ ਖੁਲ੍ਹਦਿਲੀ ਦਿਖਾਈ। ਅਖੇ ਗੁਮਰਾਹ ਬੱਚਿਆਂ ਨੂੰ ਕੀ ਕੇਸਾਂ, ਕੋਰਟ-ਕਚਹਿਰੀਆਂ ਦੇ ਚੱਕਰਾਂ ‘ਚ ਪਾਉਣਾ। ਅੱਛੀ ਗੱਲ ਹੈ, ਪਰ ਨਾਲ ਹੀ ਇਕ ਲੜਕੀ ਵਿਰੁੱਧ ਕੇਸ ਵੀ ਠੋਕ ਦਿਤਾ। ਇੱਕ 15 ਸਾਲ ਦੀ ਨਾਬਾਲਗ ਲੜਕੀ ਨੂੰ ਹੇਠਲੇ ਪੱਧਰ ਤੇ ਡਰਾ-ਧਮਕਾ ਕੇ ਮਾਫੀ ਵੀ ਮੰਗਾਈ ਗਈ।
ਭਲਾ ਭਾਜਪਾ ਵਾਲਿਆਂ ਨੂੰ ਸਿਰਫ ਗਾਲ੍ਹਾਂ ਹੀ ਸੁਣੀਆਂ? ਸੰਘਰਸ਼ ਦੌਰਾਨ ਇਸ ਨਵੀਂ ਪੀੜ੍ਹੀ ਵਲੋਂ ਸਲੀਕੇਦਾਰ ਭਾਸ਼ਾ ‘ਚ ਜੋ ਸਾਹਿਤਕਾਰੀ, ਸ਼ਾਇਰੀ ਕੀਤੀ ਗਈ ਤੇ ਉਸਾਰੂ ਗੀਤ ਗਾਏ ਗਏ, ਉਹ ਕਿਸੇ ਨੂੰ ਨਹੀਂ ਸੁਣਾਈ ਦਿਤੇ? ਇਸ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਦੀ ਚਰਚਾ ਕਰੀਏ, ਆਓ! ਪਹਿਲਾਂ ਗਾਲ੍ਹਾਂ ਦੀ ਗੱਲ ਕਰਦੇ ਹਾਂ।
ਅਸੀਂ ਇਹ ਸਪੱਸ਼ਟ ਕਰ ਚੁੱਕੇ ਹਾਂ ਕਿ ਗਾਲ੍ਹੀ-ਗਲੋਚ ਬੁਰੀ ਗੱਲ ਹੈ। ਪਰ ਕੀ ਇਹ ਗੁਨਾਹ ਵੀ ਹੈ? ਕੀ ਇਸ ਲਈ ਕਿਸੇ ਲੜਕੀ ਜਾਂ ਲੜਕੇ ਵਿਰੁੱਧ ਕੇਸ ਵੀ ਦਰਜ ਕੀਤਾ ਜਾ ਸਕਦੈ? ਜੇ ਹਾਂ, ਤਾਂ ਫਿਰ ਭਾਜਪਾ ਦੇ ਕਈ ਨੇਤਾਵਾਂ ਨੇ ਤਾਂ ਅਨੇਕਾਂ ਵਾਰ ਗਾਲ੍ਹੀ-ਗਲੋਚ ਕੀਤੈ, ਉਨ੍ਹਾਂ ਵਿਰੁੱਧ ਕਿਉਂ ਨਹੀਂ ਕੇਸ ਦਰਜ ਹੋਇਆ? ਇਸ ਦੇ ਆਈ.ਟੀ. ਸੈਲ ਨੇ ਵੀ ਬੜਾ ਮੰਦਾ-ਚੰਗਾ ਬੋਲਿਆ, ਉਸ ਦੇ ਵਿਰੁੱਧ ਕਿਉਂ ਨਹੀਂ ਕੇਸ ਦਰਜ ਹੋਇਆ। ਸੰਸਦ ਅੰਦਰ ਇਸ ਦੇ ਇਕ ਸਾਂਸਦ ਨੇ ਗਾਲ੍ਹੀ-ਗਲੋਚ ਕੀਤਾ, ਸੰਸਦ ਬਾਹਰ ਇਸ ਦੇ ਇਕ ਮੁੱਖ ਮੰਤਰੀ ਨੇ ਮੀਡੀਆ ਦੇ ਇਕ ਕੈਮਰਾਮੈਨ ਨੂੰ ਅਪਸ਼ਬਦ ਕਹੇ, ਉਨ੍ਹਾਂ ਖਿਲਾਫ ਕਿਉਂ ਕੇਸ ਨਹੀਂ ਦਰਜ ਹੋਇਆ? ਲੋਕਤੰਰਿਰਕ ਦੇਸ਼ ਵਿਚ ਦੋ ਕਾਨੂੰਨ ਤਾਂ ਨਹੀਂ ਹੋਣੇ ਚਾਹੀਦੇ, ਇੱਕ ਸੱਤਾਧਾਰੀ ਭਾਜਪਾਈਆਂ ਲਈ ਤੇ ਦੂਸਰਾ ਸ਼ੰਘਰਸ਼ਸ਼ੀਲ਼ ਸ਼ਕਤੀਆਂ ਲਈ।
ਆਖਿਰ ਕੁੜੀਆਂ ਨੇ ਗਾਲ੍ਹਾਂ ਕਿਉਂ ਕੱਢੀਆਂ?
ਜੈੱਨ-ਜ਼ੀ ਨੇ ਰੋਸ ਦੀ ਪ੍ਰੀਭਾਸ਼ਾ ਅਤੇ ਭਾਸ਼ਾ ਹੀ ਬਦਲ ਛਡੀ ਹੈ। ਨਵੀਂ ਪੀੜ੍ਹੀ ਦੀਆਂ ਕੁੜੀਆਂ ਹਰ ਪੜਾ ਤੇ ਬਰਾਬਰੀ ਕਰ ਰਹੀਆਂ ਹਨ। ਇਸ ਸੰਘਰਸ਼ ਵਿਚ ਲੜਕੀਆਂ ਨੇ ਲੜਕਿਆਂ ਬਰਾਬਰ ਸ਼ਿਰਕਤ ਕੀਤੀ। ਸਿਰਫ ਸੰਕੇਤਕ ਸ਼ਮੂਲੀਅਤ ਨਹੀਂ ਸਗੋਂ ਡਟਵੀਂ ਸਾਂਝੇਦਾਰੀ ਦਾ ਜਜ਼ਬਾ ਦਿਖਾਇਆ। ਲੜਕੀਆਂ ਨੇ ਕਿੱਲਾਂ ਵਾਲੀਆਂ ਡਾਂਗਾਂ, ਇਲੈਕਟਰਿਕ ਕਰੰਟ ਵਾਲੇ ਡੰਡੇ ਖਾਧੇ, ਪਾਣੀ ਦੀਆਂ ਬੌਛਾਂਰਾਂ (ਵਾਟਰ ਕੈਨਨਜ਼), ਅੱਥਰੂ ਗੈਸ ਅਤੇ ਪੈਲੇਟਜ਼ ਦੇ ਸ਼ੱਰੇ ਝੱਲੇ। ਹੋਰ ਤਾਂ ਹੋਰ, ਜਵਾਨ ਲੜਕੀਆਂ ਦੇ ਕੱਪੜੇ ਪਾੜੇ ਗਏ, ਕਈ ਅਰਧ-ਨਗਨ ਅਵਸਥਾ ‘ਚ ਹੋ ਗਈਆਂ, ਇੱਕ ਵੀਡੀਓ ਵਿਚ ਪੁਲਿਸ ਵਾਲਾ ਲੜਕੀ ਦੇ ਪਿਛਲੇ ਪਾਸੇ ਡੰਡਾ ਘਸੋੜਦਾ ਦਿਖਾਇਆ ਗਿਆ। ਕੀ ਤੁਸੀਂ ਸੋਚਦੇ ਹੋ ਕਿ ਅਜਿਹੀ ਸੂਰਤ ਵਿਚ ਕਿਸੇ ਲੜਕੀ ਨੂੰ ਗੁੱਸਾ ਨਹੀਂ ਆਵੇਗਾ? ਕੀ ਉਹ ਸ਼ੁਕਰਾਨੇ ਨਾਲ ਇਹ ਸਭ ਕੁਝ ਸਹਿਣ ਕਰੀ ਜਾਵੇਗੀ? ਕੀ ਉਹ ਜਾਂ ਉਸ ਦੀ ਕੋਈ ਸਾਥਣ ਗੁੱਸੇ ‘ਚ ਕੋਈ ਪ੍ਰਤੀਕਰਮ ਨਹੀਂ ਕਰੇਗੀ? ਤੇ ਗਾਲ੍ਹਾਂ ਗੁੱਸਾ ਪ੍ਰਗਟ ਕਰਨ ਦਾ ਬੜਾ ਵਡਾ ਮਾਧਿਅਮ ਹਨ। ਜੋ ਉਨ੍ਹਾਂ ਵਰਤਿਆ।
ਜੇ ਲੜਕੀਆਂ ਸਭ ਕੁਝ ਲੜਕਿਆਂ ਦੇ ਬਰਾਬਰ ਸਹਿ ਰਹੀਆਂ ਹਨ ਤਾਂ ਉਹ ਫਿਰ ਲੜਕਿਆਂ ਵਾਂਗ ਗਾਲ੍ਹਾਂ ਦਾ ਸਪੇਸ ਵੀ ਵਰਤਣਗੀਆਂ। ਇਹ ਸਪੇਸ ਹੁਣ ਤੀਕ ਪੁਰਸ਼ਾਂ ਲਈ ਰਾਖਵਾਂ ਸੀ। ਹੁਣ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੇ ਇਸ ਵਿਚ ਪ੍ਰਵੇਸ਼ ਕਰ ਲਿਐ, ਜਿਵੇਂ ਉਨ੍ਹਾਂ ਹੋਰ ਪੁਰਸ਼-ਪ੍ਰਧਾਨ ਸਪੇਸਾਂ ਵਿਚ ਕੀਤੈ।
ਕਦੀ ਜ਼ਮਾਨਾ ਸੀ ਕਿ ਲੜਕੀ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੀ। ਲੜਕੀਆਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ। ਫਿਰ ਪੜ੍ਹਾਇਆ ਜਾਣ ਲਗਾ ਪਰ ਨੌਕਰੀ ਨਹੀਂ ਸੀ ਕਰਨ ਦਿਤੀ ਜਾਂਦੀ। ਜੇ ਪੇਕੇ ਘਰ ਕਰਦੀ ਵੀ ਸੀ ਤਾਂ ਸਹੁਰੇ ਘਰ ਜਾ ਕੇ ਛਡਣੀ ਪੈਂਦੀ ਸੀ। ਕਿੰਨੀ ਦੇਰ ਵਿਕਟੋਰੀਅਨ ਕਵੀ ਲੌਰਡ ਟੈਨੀਸਨ ਦੀ ਸਤਰ, ’ਮੈਨ ਫੌਰ ਦਿ ਫੀਲਡ, ਵਿਮੈਨ ਫੌਰ ਦਿ ਹਰਥ’(ਔਰਤ ਚੁੱਲ੍ਹੇ-ਚੌਂਕੇ ਲਈ, ਪੁਰਸ਼ ਖੇਤਾਂ ਲਈ) ਦਾ ਸਮਾਜਿਕ ਸਿਧਾਂਤ ਚਲਦਾ ਰਿਹਾ। ਸਾਡੇ ਵੀ ਇਧਰ ਕਹਿੰਦੇ ਸਨ ਕਿ ‘ਔਰਤ ਤਾਂ ਆਟੇ ਦੀ ਤੌਣ ਹੈ, ਜਿਸ ਨੂੰ ਬਾਹਰ ਕਾਂਵਾਂ ਦਾ ਡਰ ਤੇ ਅੰਦਰ ਚੂਹਿਆਂ ਦਾ’।
ਹੁਣ ਇਹ ਸਭ ਬੇਹਾ, ਗਲਿਆ-ਸੜਿਆ, ਬਦਬੂ ਮਾਰਦਾ ਲਗਣ ਲਗ ਪਿਐ। ਕਿਸੇ ਵੇਲੇ ਘੁੰਗਟ ਤੋਂ ਬਿਨਾਂ ਔਰਤ ਦੇਖ ਕੇ ਝਟਕਾ ਲਗਦਾ ਸੀ, ਹੁਣ ਘੁੰਗਟ ਵਾਲੀ ਦੇਖ ਕੇ ਲਗਦੈ (ਬੇਸ਼ਕ ਘੁੰਗਟ ਅਜੇ ਵੀ ਸਾਡੇ ਇਧਰ ਕਈ ਥਾਂ ਪ੍ਰਚੱਲਿਤ ਹੈ)।
ਇਵੇਂ ਹੀ ਹੁਣ ਸਾਨੂੰ ਕੁੜੀਆਂ ਦੀਆਂ ਗਾਲ੍ਹਾਂ ਸੁਣ ਕੇ ਲਗੈ। ਹੁਣ ਦੀਆਂ ਕੁੜੀਆਂ ਨੇ ਇਹ ਧਾਰਨਾ ਫੂੰਦਾ-ਫੂੰਦਾ ਕਰ ਸੁਟੀ ਹੈ ਕਿ ਔਰਤ ਨੂੰ ਭਾਸ਼ਾ ਦੇ ਸਭਿਆਚਾਰਕ ਬੰਧਨ ‘ਚ ਬੱਝਿਆ ਰਹਿਣਾ ਚਾਹੀਦੈ। ਇਸ ਚਲਨ ਨੇ ਸਮਾਜਿਕ, ਸਭਿਆਚਾਰਕ ਵਤੀਰੇ/ਵਰਤਾਰੇ ਵਿਚ ਇੱਕ ਵਡੀ ਸ਼ਿਫਟ ਦਰਸਾਈ ਹੈ। ਉਹ ਸ਼ਬਦ ਜੋ ਔਰਤਾਂ ਲਈ ਟੈਬੂ (ਵਰਜਿਤ) ਸਨ, ਕਮ-ਜ਼-ਕਮ ਜਨਤਕ ਤੌਰ ‘ਤੇ ਵਰਤੇ ਜਾਣੇ ਤਾਂ ਬਿਲਕੁਲ ਹੀ ਮਨ੍ਹਾਂ ਸਨ, ਇਸ ਸੰਘਰਸ਼ ਦੌਰਾਨ ਨੰਗੇ-ਚਿੱਟੇ ਦਿਨ, ਜਨਤਕ ਤੌਰ ‘ਤੇ ਸੋਸ਼ਲ ਮੀਡੀਆ ਤੇ ਡੰਕੇ ਦੀ ਚੋਟ ‘ਤੇ ਵਰਤੇ ਗਏ।
ਗਾਲ੍ਹਾਂ ਰੋਸ, ਰੋਹ, ਵਿਦਰੋਹ, ਗੁੱਸੇ, ਨਾਬਰੀ, ਵਿਅੰਗ, ਭੜਾਸ ਕਢਣ/ਮਨੋ-ਵਿਰੇਚਨ ਦੀ ਭਾਸ਼ਾ ਤੇ ਮਾਧਿਅਮ ਬਣ ਗਈਆਂ। ਹਾਂ, ਵਈ ਕੁੜੀਓ, ਇਕ ਗੱਲ ਜ਼ਰੂਰ ਐ, ਕਿ ਕੁੜੀਆਂ ਵਲੋਂ ਕਢੀਆਂ ਗਈਆਂ ਗਾਲ੍ਹਾਂ ਵੀ ਸਾਡੀਆਂ ‘ਮਾਵਾਂ-ਭੈਣਾਂ’ ਜਾਂ ਔਰਤ ਦੇ ਜਿਸਮ/ਅੰਗਾਂ ਬਾਰੇ ਹੀ ਸਨ। ਇਹ ਤਾਂ ਮਰਦ ਪਹਿਲਾਂ ਹੀ ਬਥੇਰੀਆਂ ਕਢਦੇ ਹਨ। ਤੁਸੀ ਵੀ, ਜਾਣੀ ਇਸਤਰੀ ਜਾਤੀ ਵੀ, ਆਪਣੇ ਹੀ ਜੈਂਡਰ ਨੂੰ ਓਹੀ ਗਾਲ੍ਹਾਂ ਕਢੀ ਜਾ ਰਹੇ ਹੋ! ਜ਼ਰਾ ਕੋਈ ਅਜਿਹੀਆਂ ਨਵੀਆਂ ਗਾਲ੍ਹਾਂ ਕਢੋ ਜੋ ਮਰਦਾਂ ਨੂੰ ਛੱਟਦੀਆਂ ਹੋਣ! ਖੈਰ, ਇਹ ਤਾਂ ਮਜ਼ਾਕ-ਮਜ਼ਾਕ ‘ਚ ਲਿਖਿਐ, ਕਿਉਂਕਿ ਸੰਘਰਸ਼ ਦੌਰਾਨ ਮਜ਼ਾਕ-ਮਸ਼ਕਰੀ ਦਾ ਮਾਧਿਅਮ ਵੀ ਬੜਾ ਵਰਤਿਆ ਗਿਐ।
ਹੁਣ ਅਸੀਂ ਆਪਣੇ ਦੂਸਰੇ ਪੱਖ ਵਲ ਮੁੜਦੇ ਹਾਂ।
ਅਸੀਂ ਆਪਣੀ 76 ਸਾਲ ਦੀ ਉਮਰ ਵਿਚ ਆਪਣੇ ਵਿਦਿਆਰਥੀ ਅਤੇ ਅਧਿਆਪਨ ਜੀਵਨ ਦੌਰਾਨ ਬੜੇ ਸੰਘਰਸ਼ਾਂ ਵਿਚ ਭਾਗ ਲਿਐ। ਗੋਲੀਆਂ, ਅਥਰੂ ਗੈਸ, ਪਾਣੀ ਦੀਆਂ ਬੌਛਾਰਾਂ ਅਤੇ ਬਰਬਰਤਾਪੂਰਨ ਲਾਠੀਚਾਰਜ ਨਾਲ ਵਾਹ ਪਿਐ। ਪਰ ਕਿਸੇ ਵੀ ਸੰਘਰਸ਼ ਵਿਚ ਅਸੀਂ ਸਾਹਿਤਕ ਟੂਲਾਂ ਦੀ ਐਨੀ ਵਰਤੋਂ ਹੁੰਦੀ ਨਹੀਂ ਦੇਖੀ, ਜਿੰਨੀ ਜੰਤਰ ਮੰਤਰ ਦੇ ਸੰਘਰਸ਼ ਸਮੇਂ ਦੇਖੀ। ਵਿਅੰਗ, ਉਪਹਾਸ, ਸਾਂਗਕਾਰੀ, ਵਿਅੰਗ-ਉਕਤੀ, ਹਾਸ ਅਨੁਕ੍ਰਿਤੀ, ਮਖੌਲ-ਮਸ਼ਕਰੀ, ਤਨਜ਼, ਤਾਅਨਾ, ਹਾਸਰਸ, ਵਿਨੋਦ ਵਿਲਾਸ, ਮਸਖਰਾਪਨ, ਚੁਟਕਲੇਬਾਜ਼ੀ, ਕੰਧ-ਚਿੱਤਰਕਾਰੀ (ਗਰੈਫਿਟੀ), ਪੋਸਟਰਬਾਜ਼ੀ, ਮੀਮਜ਼, ਰੀਲਜ਼, ਸਲੈਂਗ ਆਦਿ ਐੇਨੇ ਵਰਤੇ ਗਏ ਕਿ ਰਹੇ ਰੱਬ ਦਾ ਨਾਮ। ਵਈ, ਜਿਸ ਪੀੜ੍ਹੀ ਨੂੰ ਗੁੜ੍ਹਤੀ ਹੀ ਡਿਜਿਟਲ ਮਿਲੀ ਹੋਵੇ, ਉਸ ਪੀੜ੍ਹੀ ਦਾ ਟੈਕਨੌਲੋਜੀ ‘ਚ ਮੁਕਾਬਲਾ ਕਰਨਾ ਜਣੇ-ਖਣੇ ਦੇ ਵਸ ਦਾ ਰੋਗ ਨਹੀਂ! ਭਾਜਪਾ ਦਾ ਆਈ.ਟੀ. ਸੈਲ ਤਾਂ ਇਨ੍ਹਾਂ ਅਗੇ ਇੱਕ ਨੌਸਿਖੀਆ ਬਾਲ ਬਣ ਗਿਆ।
ਠੀਕ ਹੈ, ਇਸ ਪੀੜ੍ਹੀ ਨੇ ਸੰਘਰਸ਼ ‘ਚ ਹਲਕੇ-ਫੁਲਕੇ ਰੰਗ ਵੀ ਭਰੇ। ਉਹ ਰੋਏ ਵੀ, ਹੱਸੇ ਵੀ, ਆਪਣੇ ਉਪਰ ਡਾਂਗਾਂ ਵਰ੍ਹਾਉਣ ਵਾਲੇ ਪੁਲਸੀਆਂ ਨੂੰ ‘ਅੰਕਲ’ ਵੀ ਕਿਹਾ, ਫੁੱਲ ਵੀ ਭੇਂਟ ਕੀਤੇ, ਸ਼ਰਾਰਤੀ ਲਹਿਜੇ ‘ਚ ਪੁੱਛਿਆ ਵੀ ਕਿ ‘ਪੁਲਿਸ ਅੰਕਲ, ਸਾਡੇ ਡੰਡੇ ਕਿਉਂ ਮਾਰਦੇ ਹੋ, ਸਾਡੇ ਕੋਲ ਤਾਂ ਕੁਝ ਵੀ ਨਹੀਂ’ ਜਾਂ ‘ਪੁਲਿਸ ਅੰਕਲ, ਹੁਣ ਲਾਠੀਚਾਰਜ ਕਦ ਹੋਵੇਗਾ, ਅਥਰੂ ਗੈਸ ਕਦ ਛਡੋਗੇ, ਗਰਮੀ ਬੜੀ ਐ’! ਜਾਂ, ’ਪਾਣੀ ਦੀਆਂ ਬੌਛਾਰਾਂ ਕਦ ਸੁਟੋਗੇ, ਨਹਾਉਣਾ ਸੀ’ ਆਦਿ। ਇੱਕ ਲੜਕੀ ਪੁਲਸੀਏ ਨੂੰ ਆਪਣੀ ਪੀੜ੍ਹੀ ਦੀ ਘੜੀ ਹੋਈ ਮਜ਼ਾਕੀਆ ਨੌਨ-ਸ਼ੈਂਸੀਕਲ ਸਤਰ ਰਾਹੀਂ ਕਹਿੰਦੀ ਹੈ, ‘ਪੁਲਿਸ ਅੰਕਲ’, ਵਾਸਤੇ ਗੁਨਾ ਹੁਇਆ’ ਤੇ ਵਿਚਾਰਾ ਪੁਲਿਸ ਵਾਲਾ ਠਠੰਬਰ ਜਿਹਾ ਜਾਂਦੈ ਕਿ ਕੁੜੀ ਭਲਾ ਕੀ ਪੁੱਛਦੀ ਐ।
ਸੰਘਰਸ਼ ਦਾ ਚਿਹਰਾ ਬੇਸ਼ਕ ਕੌਕਰੋਚ ਜਨਤਾ ਪਾਰਟੀ ਦਾ ਬਾਨੀ ਅਭੀਜੀਤ ਦੀਪਕੇ ਸੀ ਪਰ ਇਸ ਦੇ ਹੋਰ ਵੀ ਮੁਹਤਬਰ ਚਿਹਰੇ ਸਨ। ਇਨ੍ਹਾਂ ਵਿਚ ਸਟੂਡੈਂਟਸ ਫੈਡਰੇਸ਼ਨ ਔਫ ਇੰਡੀਆ ਦੀ ਐਕਟੇਵਿਸਟ ਲੜਕੀ ਸ਼ਰਨਯਾ ਵਰਮਾ, ਆਲ ਇੰਡੀਆ ਸਟੂਡੈਂਟਸ ਅੇੈਸੋਸੀੲਸ਼ਨ ਦੀ ਪ੍ਰਧਾਨ ਨੇਹਾ ਬੋਰਾ, ਦਲਿਤ ਐਕਟੇਵਿਸਟ ਨੇਹਾ ਭਾਰਤੀ ਸਮੇਤ ਕੁਝ ਹੋਰ ਲੜਕੀਆਂ ਸ਼ਾਮਿਲ ਹਨ। ਇਨ੍ਹਾਂ ਸਭ ਨੇ ਇਸ ਸੰਘਰਸ਼ ਨੂੰ ਸੰਜੀਦਗੀ, ਸੇਧ, ਸਾਰਥਿਕਤਾ ਅਤੇ ਸੁਹਜਾਤਮਕਤਾ ਪ੍ਰਦਾਨ ਕੀਤੀ। ਦੀਪਕੇ ਅਤੇ ਉਸ ਵਲੋਂ ਥਾਪੇ ਗਏ ਬੁਲਾਰੇ ਵੀ ਬਹੁਤ ਅਰਥ ਭਰਪੂਰ ਗੱਲਾਂ ਕਰਦੇ ਸਨ। ਪਰ ਉਪਰੋਕਤ ਲੜਕੀਆਂ ਬਹੁਤ ਹੀ ਗਿਆਨਵਾਨ ਅਤੇ ਮੁੱਦਾ-ਅਧਾਰਤ ਸੰਵਾਦ ਰਚਦੀਆਂ ਰਹੀਆਂ। ਸ਼ਰਨਯਾ ਵਰਮਾ ਤਾਂ ਡਫਲੀ ਉਪਰ ਇਸ ਕਦਰ ਸੁਰ-ਬੱਧ ਨਾਅਰੇ ਲਗਾਉਂਦੀ ਸੀ ਕਿ ਅਸੀਂ ਉਸ ਦੇ ਇਨ੍ਹਾਂ ਸੰਗੀਤਮਈ ਨਾਅਰਿਆਂ ਨੂੰ ਕਈ ਵਾਰ ਸੁਣਿਆਂ। ਜ਼ਰਾ ਕੁਝ ਕੁ ਤੁਸੀਂ ਵੀ ਸੁਣੋ-ਪੜ੍ਹੋ:
‘ਪੇਪਰ ਲੀਕ ਕੀ ਯੇਹ ਸਰਕਾਰ, ਨਹੀਂ ਚਲੇਗੀ ਅਬ ਕੀ ਵਾਰ।
ਮੋਦੀ-ਸ਼ਾਹ ਕੀ ਯੇਹ ਸਰਕਾਰ, ਨਹੀਂ ਚਲੇਗੀ ਅਬ ਕੀ ਵਾਰ।
ਅੰਬਾਨੀ-ਅਡਾਨੀ ਕੀ ਯੇਹ ਸਰਕਾਰ, ਨਹੀਂ ਚਲੇਗੀ ਅਬ ਕੀ ਵਾਰ।
-ਇਨਕਲਾਬੋ, ਇਨਕਲਾਬੋ, ਇਨਕਲਾਬੋ, ਇਨਕਲਾਬ ਜ਼ਿੰਦਾਬਾਦ, ਜ਼ਿੰਦਾਬਾਦ।
-ਹਰ ਜ਼ੋਰ-ਜ਼ੁਲਮ ਕੀ ਟੱਕਰ ਮੇਂ, ਸੰਘਰਸ਼ ਹਮਾਰਾ ਨਾਅਰਾ ਹੈ।
-ਜ਼ੁਲਮੀ ਜਬ ਜਬ ਜ਼ੁਲਮ ਕਰੇਗਾ, ਸੱਤਾ ਕੇ ਗਲਿਆਰੋਂ ਸੇ,
ਚੱਪਾ ਚੱਪਾ ਗੂੰਜ ਉੱਠੇਗਾ, ਇਨਕਲਾਬ ਕੇ ਨਾਅਰੋਂ ਸੇ।
ਫਿਰ ਉਹ ਬੜੇ ਹੀ ਸਹਿਜ ਨਾਲ ‘ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੀ ਹੈ। ਉਸੇ ਹੀ ਸਹਿਜ ਨਾਲ ‘ਜੈ ਭੀਮ, ਸਵਿੱਤਰੀ ਬਾਈ ਤੇ ਜੋਤੀਬਾ ਫੂਲੇ’ ਦੇ ਨਾਅਰੇ ਵੀ ਲਾਉਂਦੀ ਹੈ।
ਤੇ ਬਹੁਤ ਹੀ ਸਹਿਜ ਨਾਲ ਉਹ ਰਾਮ ਪਰਸ਼ਾਦ ਬਿਸਮਿਲ ਦੁਆਰਾ ਆਜ਼ਾਦੀ ਦੇ ਹੋਕੇ ਵਜੋਂ ਵਰਤੀ ਗਈ ਇਕ ਦੇਸ਼ ਭਗਤੀ ਦੀ ਕਵਿਤਾ ਆਪਣੇ ਜੈ-ਘੋਸ਼ ‘ਚ ਸ਼ਾਮਿਲ ਕਰ ਲੈਂਦੀ ਹੈ-
‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।…
ਵਕਤ ਆਨੇ ਪਰ ਬਤਾ ਦੇਂਗੇ ਤੁਝੇ ਐ ਆਸਮਾਂ,
ਹਮ ਅਭੀ ਸੇ ਕਯਾ ਬਤਾਏਂ ਕਯਾ ਹਮਾਰੇ ਦਿਲ ਮੇਂ ਹੈ’।
ਇੱਕ ਥਾਂ ਉਹ ਵੱਖ-ਵੱਖ ਕਿਸਮ ਦੀਆਂ ‘ਆਜ਼ਾਦੀਆਂ’ ਪ੍ਰਾਪਤ ਕਰਨ ਸਬੰਧੀ ਨਾਅਰੇ ਲਾਉਂਦੀ ਹੈ।
ਨੇਹਾ ਬੋਰਾ, ਜਿਸ ਨੇ 23 ਦਿਨ ਦੀ ਭੁੱਖ ਹੜਤਾਲ ਵੀ ਕੀਤੀ, ਬਹੁਤ ਹੀ ਬਾਦਲੀਲ ਗੱਲ ਕਰਦੀ ਹੈ। ਉਹ ਹਰ ਵਿਰੋਧੀ ਨੂੰ 19 ਨਹੀਂ 21 ਬਣ ਕੇ ਟੱਕਰਦੀ ਹੈ। 20 ਜੁਲਾਈ ਦੇ ਪੁਲਿਸ ਜਬਰ ਉਪਰੰਤ ਉਸ ਦਾ ਭਾਸ਼ਨ ‘ਹਮ ਨਹੀਂ ਭੂਲੇਂਗੇ’ ਸੰਘਰਸ਼ ਕਰਦੀਆਂ ਸ਼ਕਤੀਆਂ ਲਈ ਸਦਾ ਹੀ ਪ੍ਰੇਰਨਾਦਾਇਕ ਸਾਬਤ ਹੋਵੇਗਾ।
ਉਸ ਦੇ ਨਾਅਰਿਆਂ ‘ਚ ਬੇਰੁਜ਼ਗਾਰੀ, ਜਾਤ-ਪਾਤ ਦਾ ਵਿਰੋਧ ਅਤੇ ਵਿਦਿਆ ਦੇ ਸਰਬ-ਸਾਂਝੇ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ। ਤੁਸੀਂ ਵੀ ਸੁਣੋ-
‘ਬੱਤੀਸ ਕਰੋੜ ਹੈਂ ਬੇਰੁਜ਼ਗਾਰ, ਕੌਨ ਹੈ ਇਸ ਕਾ ਜ਼ਿੰਮਵਾਰ।
ਅੰਬਾਨੀ-ਅਡਾਨੀ ਕੀ ਸਰਕਾਰ, ਯੇ ਹੈਂ ਇਸ ਕੇ ਜ਼ਿੰਮੇਵਾਰ।
ਸਿਖਸ਼ਾ ਹੈ ਸਭ ਕਾ ਅਧਿਕਾਰ, ਬੰਦ ਕਰੋ ਇਸ ਕਾ ਵਿਉਪਾਰ’।
ਜਾਤੀ-ਧਰਮ ਮੇਂ ਨਹੀਂ ਬਟੇਂਗੇ, ਮਿਲ-ਜੁਲ ਕਰ ਸੰਘਰਸ਼ ਕਰੇਂਗੇ।
ਨੇਹਾ ਭਾਰਤੀ ਤਾਂ ਠੋਕ ਵਜਾ ਕੇ ਕਹਿੰਦੀ ਹੈ ਕਿ ਜੰਤਰ-ਮੰਤਰ ਦਾ ਸੰਘਰਸ਼ ਕਿਸੇ ਖਾਨ-ਮੁਹੰਮਦ-ਪੰਡਿਤ-ਸ਼ਰਮਾ’ ਦਾ ਨਹੀਂ, ਮੁੱਦਿਆਂ-ਮਸਲਿਆਂ ਦਾ ਹੈ। ਦੀਪਕੇ ਵੀ ਸਾਫ ਕਹਿੰਦੈ ਕਿ ਸਾਡੇ ਲਈ ‘ਹਿੰਦੂ-ਮੁਸਲਮਾਨ’ ਦਾ ਕੋਈ ਮਸਲਾ ਹੈ ਹੀ ਨਹੀਂ।
ਇਸ ਪ੍ਰਕਾਰ ਇਹ ਸੰਘਰਸ਼ ਧਰਮ-ਨਿਰਪੱਖ ਤਾਕਤਾਂ ਦੀ ਸਫਲਤਾ ਦਾ ਸੰਘਰਸ਼ ਸਾਬਤ ਹੋਇਆ!
ਲੜਕੀਆਂ ਦਾ ਇਕ ਗਰੁੱਪ ਡਫਲੀ ਦੀ ਥਾਪ ‘ਤੇ ਕਿਰਤੀਆਂ ਦਾ ਦਰਦ ਬਿਆਨ ਕਰਦੈ, ਜਿਸ ‘ਚ ਕਿਰਤੀ ਸਵਾਲ ਕਰਦੈ ਕਿ ਅੰਨ ਤਾਂ ਉਹ ਉਗਾਉਂਦੈ ਤੇ ਭਲਾ ‘ਹਮ ਭੂਖੇ ਪੇਟ ਕਿਉਂ ਸੋਏਂ’? ਚੰਦਾ-ਚੋਰੀ, ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਹੋਰ ਅਨੇਕਾਂ ਵਿਦਿਅਕ, ਸਮਾਜਿਕ, ਸਭਿਆਚਾਰਕ, ਆਰਥਿਕ ਮਸਲਿਆਂ ਬਾਰੇ ਨਾਅਰਿਆਂ, ਗੀਤਾਂ, ਮੀਮਾਂ, ਰੀਲਾਂ ਰਾਹੀਂ ਗੱਲਾਂ ਹੁੰਦੀਆਂ ਰਹੀਆਂ।
ਫੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’, ਜੋ ਰੋਹ-ਵਿਦਰੋਹ ਦਾ ਕੌਮਾਂਤਰੀ ਗੀਤ ਹੈ, ਵੀ ਸੁਣਨ ਨੂੰ ਮਿਲੀ-
‘ਲਾਜ਼ਿਮ ਕਿ ਹਮ ਭੀ ਦੇਖੇਂਗੇ
ਵੋ ਦਿਨ ਕੇ ਜਿਸ ਕਾ ਵਾਦਾ ਹੈ
ਜੋ ਲੌਹ-ਏ-ਅਜ਼ਲ ਮੇਂ ਲਿਖਾ ਹੈ
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਰਾਂ
ਰੂਈ ਕੀ ਤਰਹ ਉੜ ਜਾਏਂਗੇ
ਹਮ ਮਹਿਕੂਮੋ ਕੇ ਪਾਉਂ ਤਲੇ
ਯੇ ਧਰਤੀ ਧੜ ਧੜ ਧੜਕੇਗੀ
ਔਰ ਅਹਿਲ-ਏ-ਹਾਕਮ ਕੇ ਸਰ ਊਪਰ
ਜਬ ਬਿਜਲੀ ਕੜ ਕੜ ਕੜਗੇਗੀ…
ਹਮ ਅਹਿਲ-ਏ-ਸਫਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ
ਸਬ ਤਾਜ ਉਛਾਲੇ ਜਾਏਂਗੇ
ਸਬ ਤਖਤ ਗਿਰਾਏ ਜਾਏਂਗੇ…
ਔੋਰ ਰਾਜ ਕਰੇਗੀ ਖਲਕ-ਏ-ਖੁਦਾ
ਜੋ ਮੇਂ ਭੀ ਹੂੰ ਅੋਰ ਤੁਮ ਭੀ ਹੋ
ਹਮ ਦੇਖੇਂਗੇ…।
ਹੋਰ ਤਾਂ ਹੋਰ, ਕ੍ਰਾਂਤੀਕਾਰੀ ਹਿੰਦੀ ਕਵੀ ਦੁਸ਼ਯੰਤ ਕੁਮਾਰ ਦੀ ਮਸ਼ਹੂਰ ਰਚਨਾ ਵੀ ਸੁਨਣ ਨੂੰ ਮਿਲੀ-
‘ਹੋ ਗਈ ਹੈ ਪੀਰ ਪਰਬਤ-ਸੀ ਪਿਘਲਨੀ ਚਾਹੀਏ,
ਇਸ ਹਿਮਾਲੇ ਸੇ ਕੋਈ ਗੰਗਾ ਨਿਕਲਨੀ ਚਾਹੀਏ।…
ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ,
ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਨੀ ਚਾਹੀਏ।’
ਮੈਂ ਇਹ ਸਭ ਕੁਝ ਸੁਣ ਕੇ ਹੈਰਾਨ ਵੀ ਹੋਇਆ ਤੇ ਖੁਸ਼ ਵੀ। ਹੈਰਾਨ ਇਸ ਲਈ ਕਿ ਜੰਤਰ-ਮੰਤਰ ਦਾ ਸੰਘਰਸ਼ ਡਿਜੀਟਲ ਦੌਰ ਦੇ ਗੱਭਰੂ-ਮੁਟਿਆਰਾਂ ਦਾ ਸੰਘਰਸ਼ ਸੀ, ਜਿਸ ਦੌਰਾਨ ਅਜਿਹੀਆਂ ਸੁੰਦਰ ਸਾਹਿਤਕ ਗੱਲਾਂ ਦੀ ਉਮੀਦ ਘਟ ਵਧ ਹੀ ਕੀਤੀ ਜਾਂਦੀ ਹੈ। ਖੁਸ਼ ਇਸ ਲਈ ਕਿ ਜੈੱਨ-ਜ਼ੀ, ਜੋ ਰੀਲਾਂ, ਮੀਮਾਂ ਤੇ ਹੋਰ ਹਲਕੇ-ਫੁਲਕੇ ਨੈੱਟਵਰਕੀ ਮਾਧਿਅਮਾਂ ਦੀ ਆਦੀ ਹੈ, ਵੀ ਸੰਜੀਦਾ ਸ਼ਾਇਰੀ ਤੇ ਸਾਹਿਤ ਦੀ ਮਸ ਰਖਦੀ ਹੈ!
ਇਸ ਪੀੜ੍ਹੀ ਦੇ ਡਿਜਿਟਲ ਮਾਧਿਅਮ/ਇੰਸਟਾਕ੍ਰਾਂਤੀ ਦਾ ਐਡਾ ਅਸਰ ਹੋਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੋਦੀ-ਮੀਡੀਆ ਛਡ ਕੇ ਅੱਧੀ ਰਾਤ ਨੂੰ ਇਸ ਪੀੜ੍ਹੀ ਨੂੰ ਇੰਸਟਾਗ੍ਰਾਮ ‘ਤੇ ਸੰਬੋਧਨ ਕਰਦਿਆਂ ਸ਼ਾਇਦ ਪਹਿਲੀ ਵਾਰ ਸ਼ਬਦ ‘ਫ੍ਰੈਂਡਜ਼’ ਵਰਤਿਆ! ਉਨ੍ਹਾਂ ਵਲੋਂ ਆਮ ਤੌਰ ਤੇ ਸ਼ਬਦ ‘ਮਿਤਰੋ’ ਵਰਤਿਆ ਜਾਂਦੈ। ਮੋਦੀ ਜੀ ਨੂੰ ਵੀ ਅਹਿਸਾਸ ਹੋ ਗਿਆ ਕਿ ਇਸ ਪੀੜ੍ਹੀ ਕੋਲ ਰੀਲ਼ ਰਾਹੀਂ/ਇੰਸਟਾਗ੍ਰਾਮ ਰਾਹੀਂ ਹੀ ਪੁੱਜਿਆ ਜਾ ਸਕਦੈ, ਕਿਉਂਕਿ ਇਹ ਪੀੜ੍ਹੀ ਗੋਦੀ ਮੀਡੀਆ ਤਾਂ ਦੇਖਦੀ ਨਹੀਂ। ਮੋਦੀ ਨੂੰ ਇਹ ਵੀ ਪਤੈ ਕਿ ਇਸ ਪੀੜ੍ਹੀ ਦਾ ਸਕਰੀਨ ਟਾਈਮ ਦੇਰ ਰਾਤ ਹੁੰਦੈ, ਇਸ ਲਈ ਉਨ੍ਹਾਂ ਅੱਧੀ ਰਾਤ ਨੂੰ ਇੰਸਟਾ ਰਾਹੀਂ ਸੰਬੋਧਨ ਕੀਤਾ। ਨੋਟਿਸ ਤਾਂ ਲੈਣਾ ਹੀ ਪਿਆ, ਜਨਾਬ!
ਇਸ ਸੰਘਰਸ਼ ਸਮੇਂ ਨੌਜਵਾਨ ਮੁੰਡੇ-ਕੁੜੀਆਂ ਬੜੇ ਗੁੱਸੇ ਨਾਲ ਇਹ ਬੋਲ ਵੀ ਵਾਰ ਵਾਰ ਬੋਲਦੇ ਰਹੇ ਕਿ ‘ਇਹ ਦੇਸ਼ ਸਾਡਾ ਹੈ,ਕਿਸੇ ਦੇ ਬਾਪ ਦਾ ਨਹੀਂ’!
ਬਿਲਕੁਲ ਠੀਕ! ਇਥੇ ਸਾਨੂੰ ਰਾਹਤ ਇੰਦੌਰੀ ਦਾ ਮਸ਼ਹੂਰ ਸ਼ੇਅਰ ਯਾਦ ਆ ਜਾਂਦੈ, ਜਿਸ ‘ਚ ਉਸ ਨੇ ਅਜਿਹੀ ਹੀ ਗੱਲ ਕਹੀ ਹੈ:
‘ਜੋ ਆਜ ਸਾਹਿਬੇ ਮਸਨਦ ਹੈਂ ਕਲ ਨਹੀਂ ਹੋਂਗੇ,
ਕਿਰਾਏਦਾਰ ਹੈਂ, ਜ਼ਾਤੀ ਮਕਾਨ ਥੋੜੀ ਹੈ।
ਸਭੀ ਕਾ ਖੁੂਨ ਸ਼ਾਮਿਲ ਹੈ ਯਹਾਂ ਕੀ ਮਿਟੀ ਮੇਂ,
ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ।’
