ਵਾਹਗਾ-ਅਟਾਰੀ ਸੀਮਾ `ਤੇ ਜਗਣਗੀਆਂ ਮੋਮਬੱਤੀਆਂ

ਗੁਲਜ਼ਾਰ ਸਿੰਘ ਸੰਧੂ
ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦੇਣ ਲਈ ਪਿਛਲੇ ਦਹਾਕਿਆਂ ਤੋਂ ਅਟਾਰੀ-ਵਾਹਗਾ ਬਾਰਡਰ ’ਤੇ ਮੋਮਬੱਤੀਆਂ ਜਗਾਉਂਦੀਆਂ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਅਤੇ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ (ਸਾਫ਼ਮਾ) ਵਲੋਂ ਇਸ ਵਾਰ ਵੀ 14 ਅਗਸਤ ਦੀ ਰਾਤ ਨੂੰ ਸਰਹੱਦਾਂ ’ਤੇ ਮੋਮਬੱਤੀਆਂ ਜਗਾਉਣ ਦਾ ਫ਼ੈਸਲਾ ਹੈ|

ਪਾਕਿਸਤਾਨ ਵਾਲੇ ਪਾਸੇ ਮੋਮਬੱਤੀਆਂ ਜਗਾਉਣ ਦਾ ਪ੍ਰੋਗਰਾਮ ਸਾਫ਼ਮਾ ਵਲੋਂ ਕੀਤਾ ਜਾਵੇਗਾ| ਇਸ ਤੋਂ ਪਹਿਲਾਂ ਲਾਹੌਰ ਵਿਚ ਸਾਫ਼ਮਾ ਦੇ ਐਡੀਟੋਰੀਅਮ ਵਿਚ ‘ਸ਼ਾਂਤੀ ਨੂੰ ਇਕ ਮੌਕਾ ਹੋਰ ਦਿਉਂ’ ਵਿਸ਼ੇ ’ਤੇ ਭਾਰਤ-ਪਾਕਿ ਸੰਬੰਧਾਂ ਬਾਰੇ ਸ਼ਾਮ 4 ਤੋਂ 6 ਵਜੇ ਤੱਕ ਸੈਮੀਨਾਰ ਹੋਵੇਗਾ| ਇਸ ਵਿਚ ਮੁੱਖ ਬੁਲਾਰੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮੁਹੰਮਦ ਕਸੂਰੀ, ਰਾਸ਼ਿਦ ਰਹਿਮਾਨ (ਪੱਤਰਕਾਰ), ਮੁਜੀਜ਼ਦ ਰਹਿਮਾਨ ਸਾਮੀ (ਪੱਤਰਕਾਰ), ਡਾ. ਅਮਰ ਜਾਨ ਜਨਰਲ ਸਕੱਤਰ ਖਲਕ ਪਾਰਟੀ, ਹੁਮਾਂ ਜ਼ਮਾਨ ਖ਼ਾਨ ਫਿਕਰ-ਓ-ਅਮਨ ਜਥੇਬੰਦੀ ਦੇ ਆਗੂ ਅਤੇ ਸਾਫ਼ਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਹੋਣਗੇ| ਸਾਫ਼ਮਾ ਦੇ ਐਡੀਟੋਰੀਅਮ ਵਿਚ ਹੀ ਸ਼ਾਮ 6.30 ਤੋਂ 8.30 ਤੱਕ ਮਨੁੱਖੀ ਅਧਿਕਾਰਾਂ ਸੰਬੰਧੀ ਕਾਨਫ਼ਰੰਸ ਹੋਵੇਗੀ| ਇਸ ਕਾਨਫ਼ਰੰਸ ਦਾ ਵਿਸ਼ਾ ਮਨੁੱਖੀ ਅਧਿਕਾਰਾਂ ਦੀ ਸਥਿਤੀ ਅਤੇ ਵਿਵਾਦਾਂ ਦਾ ਹੱਲ ਹੋਵੇਗਾ| ਇਹ ਸੈਮੀਨਾਰ ਪੀਪਲਜ਼ ਰਾਈਟਸ ਇਨਫੋਰਸਮੈਂਟ ਮੂਵਮੈਂਟ (ਪ੍ਰੇਮ) ਵਲੋਂ ਕਰਵਾਈ ਜਾਵੇਗੀ| ਇਸ ਉਪਰੰਤ ਰਾਤ 11 ਵਜੇ ਤੋਂ 12.30 ਵਜੇ ਤੱਕ ਪਾਕਿਸਤਾਨ ਵਾਲੇ ਪਾਸੇ ਵਾਹਗੇ ਦੀ ਸਰਹੱਦ ’ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ| ਇਹ ਜਾਣਕਾਰੀ ਸਾਫ਼ਮਾ ਦੇ ਸਕੱਤਰ ਜਨਰਲ ਇਮਤਿਆਜ਼ ਆਲਮ ਵਲੋਂ ਦਿੱਤੀ ਗਈ ਹੈ|
ਇਸੇ ਦੌਰਾਨ ਸਰਹੱਦ ’ਤੇ ਬਾਰਤ ਵਾਲੇ ਪਾਸੇ ਮੋਮਬੱਤੀਆਂ ਜਗਾਉਣ ਦਾ ਆਯੋਜਨ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ ਤੇ ‘ਫੋਕਲੋਰ ਰਿਸਰਚ ਅਕੈਡਮੀ’ ਅੰਮ੍ਰਿਤਸਰ ਨੇ ਵੀ ਇਹ ਫ਼ੈਸਲਾ ਕੀਤਾ ਹੈ ਕਿ ਉਹ ਵੀ 14 ਅਗਸਤ ਨੂੰ ਭਾਰਤ ਵਾਲੇ ਪਾਸੇ ਅਟਾਰੀ-ਵਾਹਗਾ ਦੀ ਸਰਹੱਦ ’ਤੇ ਰਾਤ 12 ਵਜੇ ਮੋਮਬੱਤੀਆਂ ਜਗਾਉਣ ਦਾ ਆਯੋਜਨ ਕਰਨਗੀਆਂ| ਇਸ ਤੋਂ ਪਹਿਲਾਂ ਵਿਰਸਾ ਵਿਹਾਰ, ਅੰਮ੍ਰਿਤਸਰ ਵਿਚ ਸਵੇਰੇ 11 ਵਜੇ ਤੋਂ 2.30 ਵਜੇ ਤੱਕ ‘ਭਾਰਤ-ਪਾਕਿਸਤਾਨ ਸੰਬੰਧ ਔਕੜਾਂ ਤੇ ਸੰਭਾਵਨਾਵਾਂ’ ਵਿਸ਼ੇ ’ਤੇ ਸੈਮੀਨਾਰ ਹੋਵੇਗਾ, ਜਿਸ ਵਿਚ ਪੰਜਾਬ ਅਤੇ ਕਈ ਹੋਰ ਸੂਬਿਆਂ ਦੇ ਬੁੱਧੀਜੀਵੀ ਤੇ ਸ਼ਾਂਤੀ ਪ੍ਰੇਮੀ ਆਪਣੇ ਵਿਚਾਰ ਪੇਸ਼ ਕਰਨਗੇ| ਇਸ ਸੰਬੰਧੀ ਉਪਰੋਕਤ ਜਥੇਬੰਦੀਆਂ ਵਲੋਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ| ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਸਤਨਾਮ ਸਿੰਘ ਮਾਣਕ ਤੇ ਰਮੇਸ਼ ਯਾਦਵ ਪੂਰੀ ਤਰ੍ਹਾਂ ਸਰਗਰਮ ਹਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਪ੍ਰੋਗਰਾਮ ਅਗਲੇ ਦਿਨਾਂ ਵਿਚ ਵੀ ਜਾਰੀ ਰਹੇਗਾ|
ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਨੇ ਮੁੜ ਦੁਹਰਾਇਆ ਭਾਰਤ-ਪਾਕਿਸਤਾਨ ਦਰਮਿਆਨ ਪਾਣੀ ਦੀ ਵੰਡ ਨੂੰ ਲੈ ਕੇ 1960 ’ਚ ਹੋਏ ਸਮਝੌਤੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ, ਸਮਝੌਤੇ ਨੂੰ ਇੰਨ-ਬਿੰਨ ਲਾਗੂ ਰਹਿਣ ਦੇਣਾ ਚਾਹੀਦਾ ਹੈ| ਪਾਣੀ ਦੀ ਜੰਗ ਪ੍ਰਮਾਣੂ ਜੰਗ ਬਣ ਸਕਦੀ ਹੈ, ਜੋ ਦੋਵਾਂ ਮੁਲਕਾਂ ਲਈ ਖਤਰਨਾਕ ਸਿੱਧ ਹੋਵੇਗੀ|
ਹਿੰਦ-ਪਾਕਿ ਦੋਸਤੀ ਲਈ ਤਿੰਨ ਦਹਾਕਿਆਂ ਤੋਂ ਯਤਨਸ਼ੀਲ ਸੰਸਥਾਵਾਂ ਹਿੰਦ-ਪਾਕਿ ਦੋਸਤੀ ਮੰਚ ਸਾਫ਼ਮਾ ਅਤੇ ਫੋਕਲਰ ਰਿਸਰਚ ਅਕਾਦਮੀ ਵਲੋਂ ਆਪਣੀਆਂ ਹਮਖਿਆਲ ਸੰਸਥਾਵਾਂ ਨਾਲ ਮਿਲ ਕੇ ਹਰ ਸਾਲ 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਅਟਾਰੀ-ਵਾਹਘਾ ਸਰਹੱਦ ਵਿਖੇ ਕਰਵਾਏ ਜਾਂਦੇ ਹਿੰਦ-ਪਾਕਿ ਦੋਸਤੀ ਮੇਲੇ ਦੀਆਂ ਤਿਆਰੀਆਂ ਸੰਬੰਧੀ ਵਿਰਸਾ ਵਿਹਾਰ ਅੰਮ੍ਰਿਤਸਰ ’ਚ ਰੱਖੀ ਬੈਠਕ ’ਚ ਮੁੱਖ ਤੌਰ ’ਤੇ ਸ਼ਿਰਕਤ ਕਰਦੇ ਹੋਏ ਸ੍ਰੀ ਮਾਣਕ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ 95 ਫੀਸਦੀ ਲੋਕ ਆਪਸ ਵਿਚ ਦੋਸਤੀ ਚਾਹੁੰਦੇ ਹਨ ਪਰ ਸਰਕਾਰਾਂ ਵਲੋਂ ਖੜ੍ਹੇ ਕੀਤੇ ਗਏ ਸੰਗਠਨ ਇਸ ਦੇ ਵਿਰੋਧ ’ਚ ਹਨ| ਲੇਖਕਾਂ, ਬੁੱਧੀਜੀਵੀਆਂ, ਕਿਸਾਨ ਆਗੂਆਂ ਅਤੇ ਅਮਨ ਪਸੰਦ ਲੋਕਾਂ ਦੇ ਵਿਚਾਰ ਜਾਨਣ ਤੋਂ ਬਾਅਦ ਸ੍ਰੀ ਮਾਣਕ ਨੇ ਕਿਹਾ ਕਿ 30 ਸਾਲ ਪਹਿਲਾਂ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਵਲੋਂ ਹਿੰਦ-ਪਾਕਿ ਮਿੱਤਰਤਾ ਲਈ ਸ਼ੁਰੂ ਕੀਤੇ ਸਮਾਗਮਾਂ ’ਚ ਪਹਿਲਾਂ ਪਾਕਿਸਤਾਨ ਵਲੋਂ ਵੀ ਅਮਨ ਪਸੰਦ ਲੋਕ ਸ਼ਾਮਿਲ ਹੁੰਦੇ ਸਨ ਪਰ ਬਾਅਦ ਵਿਚ ਉਨ੍ਹਾਂ ਨੂੰ ਵੀਜ਼ੇ ਨਹੀਂ ਦਿੱਤੇ ਗਏ ਜਿਸ ਕਾਰਨ ਉਹ ਨਿਰਾਸ਼ ਹੋਏ| ਉਨ੍ਹਾਂ ਕਿਹਾ ਕਿ ਹੁਣ ਵੀ ਉਹ ਪਾਕਿਸਤਾਨ ਵਾਲੇ ਪਾਸੇ ਵਾਹਘਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਸ਼ਾਂਤੀ ਦਾ ਸੁਨੇਹਾ ਦੇ ਰਹੇ ਹਨ ਅਤੇ ਭਾਰਤ ਵਾਲੇ ਪਾਸੇ ਵੀ ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ 1947 ਦੀ ਵੰਡ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ| ਉਨ੍ਹਾਂ ਭਾਰਤ- ਪਾਕਿਸਤਾਨ ਵਪਾਰ ਸ਼ੁਰੂ ਕਰਨ ਤੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਮੰਗ ਨੂੰ ਦੁਹਰਾਇਆ ਤੇ ਸਰਹੱਦ ਪਾਰ ਤੋਂ ਆ ਰਹੇ ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਸਮਗਲਿੰਗ ਅਤੇ ਗੈਰ-ਰਾਸ਼ਟਰਵਾਦ ਦੀ ਨਿਖੇਧੀ ਕਰਦਿਆਂ ਅਜਿਹੀਆਂ ਸਰਗਰਮੀਆਂ ਨੂੰ ਬੰਦ ਕਰਵਾਉਣ ਲਈ ਸਰਕਾਰਾਂ ਤੋਂ ਮੰਗ ਕੀਤੀ ਗਈ|
ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਫੋਕਲੋਰ ਰਿਸਰਚ ਅਕਾਦਮੀ ਦੇ ਚੇਅਰਮੈਨ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਸੁਰਜੀਤ ਜੱਜ ਨੇ ਵੱਖ-ਵੱਖ ਮੁਲਕਾਂ ਦਰਮਿਆਨ ਚੱਲ ਰਹੀ ਜੰਗ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਰੁਝਾਨ ਵਿਸ਼ਵ ਭਰ ਲਈ ਖ਼ਤਰਨਾਕ ਹੈ| ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਦੇ ਸੰਬੰਧਾਂ ਦਾ ਮੁੱਦਾ ਵੋਟਾਂ ਦਾ ਮੁੱਦਾ ਬਣ ਕੇ ਰਹਿ ਗਿਆ ਹੈ| ਜਿਸ ਨੂੰ ਸਰਕਾਰਾਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ| ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਨੂੰ ਅਡਾਨੀ ਅਤੇ ਅੰਬਾਨੀ ਵਰਗੇ ਵੱਡੇ ਘਰਾਣੇ ਖਾ ਰਹੇ ਹਨ ਅਤੇ ਹੁਣ ਪੰਜਾਬ ‘ਤੇ ਵੀ ਉਨ੍ਹਾਂ ਦੀ ਨਜ਼ਰ ਹੈ| ਉਨ੍ਹਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਦ-ਪਾਕਿ ਦੋਸਤੀ ਦੀ ਮੰਗ ਆਪਣੇ ਚੋਣ ਮਨੋਰਥ ਵਿਚ ਸ਼ਾਮਿਲ ਕਰਨ ਅਤੇ ਇਸ ਨੂੰ ਲੋਕ ਲਹਿਰ ਬਣਾਉਣ| ਰਮੇਸ਼ ਯਾਦਵ ਨੇ 14 ਅਗਸਤ ਨੂੰ ਕਰਵਾਏ ਜਾਣ ਵਾਲੇ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 14 ਅਗਸਤ ਨੂੰ ਭਾਰਤ-ਪਾਕਿਸਤਾਨ ਦੇ ਸੰਬੰਧਾਂ ਸੰਬੰਧੀ ਸਵੇਰੇ 10.30 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸੈਮੀਨਾਰ ਕਰਵਾਇਆ ਜਾਵੇਗਾ ਅਤੇ ਅੱਧੀ ਰਾਤ ਨੂੰ ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ 1947 ਦੀ ਵੰਡ ਦੌਰਾਨ ਹੋਈ ਹਿੰਸਾ ’ਚ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ|
ਇਸ ਦੌਰਾਨ ਵਿਰਸਾ ਵਿਹਾਰ ਦੇ ਪ੍ਰਧਾਨ ਸ੍ਰੋLਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਹਿੰਦ-ਪਾਕਿ ਦੇ ਸੰਬੰਧਾਂ ਵਿਚ ਮਜ਼ਬੂਤੀ ਲਿਆਉਣ ਲਈ ਲੋਕ ਲਹਿਰ ਬਣਾਉਣ ’ਤੇ ਜ਼ੋਰ ਦਿੱਤਾ| ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਵਾਲੇ ਰਮਿੰਦਰ ਸਿੰਘ ਛੱਜਲਵਿੱਡੀ, ਕੌਮੀ ਕਿਸਾਨ ਸਭਾ ਵਲੋਂ ਗੁਰਜਿੰਦਰ ਸਿੰਘ ਬਘਿਆੜੀ, ਪੰਜਾਬ ਕਿਸਾਨ ਯੂਨੀਅਨ ਰੁਲਦੂ ਵਾਲੇ ਬਲਬੀਰ ਸਿੰਘ ਮੂਧਲ, ਡੈਮੋਕ੍ਰੇਟਿਵ ਟੀਚਰ ਫਰੰਟ ਵਾਲੇ ਅਸ਼ਵਨੀ ਅਵਸਥੀ, ਆਲ ਇੰਡੀਆ ਕਿਸਾਨ ਸਭਾ ਵਲੋਂ ਲਖਬੀਰ ਸਿੰਘ ਨਿਜਾਮਪੁਰਾ ਆਦਿ ਨੇ ਸੰਬੋਧਨ ਕਰਦੇ ਹੋਏ ਦੋਵੇਂ ਮੁਲਕਾਂ ਵਿਚ ਪੈਦਾ ਹੋਏ ਮੌਜੂਦਾ ਹਲਾਤਾਂ ਲਈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ’ਚ ਮਿੱਤਰਤਾ ਦੀਆਂ ਤੰਦਾਂ ਨੂੰ ਪੀਢਿਆਂ ਕਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਪੂਰਨ ਤੌਰ ’ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ| ਸਮਾਗਮ ਦੇ ਅੰਤ ਵਿਚ ਕਰਮਜੀਤ ਕੌਰ ਜੱਸਲ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ| ਇਸ ਮੌਕੇ ’ਤੇ ਗਿਆਨੀ ਗਰਮਦੀਪ ਸਿੰਘ, ਬਲਜਿੰਦਰ ਸਿੰਘ ਪੰਧੇਰ, ਸਾਫ਼ਮਾ ਵਲੋਂ ਰਾਜਿੰਦਰ ਸਿੰਘ ਰੂਬੀ, ਮਨਿੰਦਰ ਸਿੰਘ ਮੋਗਾ, ਸੁਰਜੀਤ ਸਿੰਘ ਗੋਪੀਪੁਰ, ਡਾ. ਪ੍ਰਭਜੋਤ ਕੌਰ, ਕਮਲਜੀਤ ਗਿੱਲ, ਜਗਰੂਪ ਸਿੰਘ, ਹਰਜੀਤ ਸਿੰਘ ਸਰਕਾਰੀਆ ਅਤੇ ਮਨਜੀਤ ਸਿੰਘ ਮੌਜੂਦ ਸਨ|

ਅੰਤਿਕਾ
—ਇਕ ਲਾਸਾਨੀ ਸ਼ਿਅਰ—
ਯੇਹ ਦਿਲ ਨਾ ਉਮੀਦ ਤੋਂ ਨਵੀਂ ਨਾਕਾਮ ਹੀ
ਗਹਿਰੀ ਹੈ ਗਮ ਦੀ ਸ਼ਾਮ, ਮਗਰ ਸ਼ਾਮ ਹੀ ਤੋ ਹੈ।