‘ਸੰਸਕਾਰੀ’ ਸੱਤਾ ਅਤੇ ‘ਜੈੱਨ-ਜ਼ੀ’ ਦੀ ਨਾਬਰੀ

ਬੂਟਾ ਸਿੰਘ ਮਹਿਮੂਦਪੁਰ
ਸੀ.ਜੇ.ਪੀ. ਅੰਦੋਲਨ ਦੌਰਾਨ ਮੋਦੀ ਸਰਕਾਰ ਦੀ ਪੋਲ ਖੋਹਲਣ ਅਤੇ ਮਸਲੇ ਉਭਾਰਨ ਲਈ ‘ਜ਼ੈੱਨ.-ਜ਼ੀ’ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿਚ ਜੋ ਤਨਜ਼ੀਆ ਭਾਸ਼ਾ ਵਰਤੀ ਉਸ ਨਾਲ ਸੰਘ ਬਰਗੇਡ ਦੀ ‘ਸੰਸਕਾਰੀ’ ਮਾਨਸਿਕਤਾ ਨੂੰ ਬੇਹੱਦ ਠੇਸ ਪਹੁੰਚੀ ਹੈ।

ਜਦੋਂ ਸ਼ਾਹੀਨ ਬਾਗ਼, ਕਿਸਾਨ ਅੰਦੋਲਨ, ਪਹਿਲਵਾਨ ਕੁੜੀਆਂ ਦਾ ਅੰਦੋਲਨ ਵਰਗਾ ਕੋਈ ਵੀ ਲੋਕ ਸੰਘਰਸ਼ ਉੱਠਦਾ ਹੈ ਅਤੇ ਵਿਆਪਕ ਲੋਕ-ਹਮਾਇਤ ਹਾਸਲ ਕਰਦਾ ਹੈ ਤਾਂ ਉਸ ਨੂੰ ਬਦਨਾਮ ਕਰਨ ਅਤੇ ਭੰਡਣ ਲਈ ਸਮੁੱਚੇ ਭਗਵਾਤੰਤਰ ਦਾ ਪੈਮਾਨਾ ਵੱਖਰਾ ਹੁੰਦਾ ਹੈ। ਉਸ ‘ਸੰਸਕਾਰੀ’ ਮੁਹਿੰਮ ਵਿਚ ਗੋਦੀ ਮੀਡੀਆ ਵੀ ਬਰਾਬਰ ਆਪਣੀ ਭੂਮਿਕਾ ਨਿਭਾਉਂਦਾ ਹੈ। ਇਹ ਵਿਰੋਧੀ-ਧਿਰ, ਮੁਸਲਿਮ ਘੱਟ ਗਿਣਤੀ ਅਤੇ ਲੋਕ ਅੰਦੋਲਨਾਂ ਵਿਰੁੱਧ ਘਟੀਆ ਇਲਜ਼ਾਮ ਲਾ ਕੇ ਅਤੇ ਗਾਹਲਾਂ ਦੇ ਕੇ ਜ਼ਲੀਲ ਕਰਨਾ ਆਪਣਾ ਵਿਸ਼ੇਸ਼ ਅਧਿਕਾਰ ਸਮਝਦੇ ਰਹੇ ਹਨ। ਹੁਣ ਜਦੋਂ ‘ਜੈੱਨ-ਜ਼ੀ’ ਨੇ ਇਹੀ ਹਥਿਆਰ ਇਨ੍ਹਾਂ ਵਿਰੁੱਧ ਨਾਅਰੇ ਲਗਾ ਕੇ, ਮੀਮ ਬਣਾ ਕੇ ਵਰਤਿਆ ਤਾਂ ਇਨ੍ਹਾਂ ਨੂੰ ਨੈਤਿਕ ਮੁੱਲ ਅਤੇ ਮਰਿਆਦਾ ਚੇਤੇ ਆ ਗਏ। ਜੰਤਰ-ਮੰਤਰ ਪ੍ਰਦਰਸ਼ਨ ਦੌਰਾਨ ਇਕ 15 ਸਾਲ ਦੀ ਬੱਚੀ ਦੀ ਮੋਦੀ ਦੀ ਮਰਹੂਮ ਮਾਂ ਨੂੰ ਗਾਲ੍ਹਾਂ ਕੱਢਣ ਦੀ ਵੀਡੀਓ ਉਛਾਲੀ ਗਈ। ਤਾਨਾਸ਼ਾਹ ਮੋਦੀ ਨੇ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਇੰਸਟਾਗ੍ਰਾਮ ਰੀਲ ਬਣਾ ਕੇ ਅਜਿਹੇ ‘ਗ਼ਲਤੀਆਂ ਕਰਨ ਵਾਲੇ ਬੱਚਿਆਂ’ ਨੂੰ ਮਾਫ਼ ਕਰਨ ਲਈ ਉਚੇਚਾ ਸਮਾਂ ਕੱਢ ਲਿਆ। ਹਕੀਕਤ ਇਹ ਹੈ ਕਿ ਮਾਫ਼ੀ ਦੀ ਬਖ਼ਸ਼ਿਸ਼ ਕਰਨ ਦੇ ਨਾਟਕ ਤੋਂ ਬਾਅਦ ਵੀ ਸੱਤਾ ਦੀ ਸ਼ਿਸ਼ਕੇਰੀ ਪੁਲਿਸ ਅੰਦੋਲਨ ਵਿਚ ਸ਼ਾਮਲ ਹੋਏ ਬੱਚਿਆਂ ਦੇ ਪਿੱਛੇ ਪਈ ਹੋਈ ਹੈ। ਸਰਕਾਰ ਨੇ ਸੁਪਰੀਮ ਕੋਰਟ ਵਿਚ ਸਪਸ਼ਟ ਕਹਿ ਦਿੱਤਾ ਹੈ ਕਿ ‘ਅਪਰਾਧਿਕ ਪਿਛੋਕੜ’ ਵਾਲੇ 2738 ਵਿਅਕਤੀਆਂ ਵਿਰੁੱਧ ਐੱਫ.ਆਈ.ਆਰ. ਵਾਪਸ ਨਹੀਂ ਲਈਆਂ ਜਾਣਗੀਆਂ। ‘ਅਪਰਾਧਿਕ ਪਿਛੋਕੜ’ ਪੁਲਿਸ ਦਾ ਬਿਰਤਾਂਤ ਤੈਅ ਕਰੇਗਾ। ਪੁਰਾਤਨ ਸੰਸਕ੍ਰਿਤੀ ਦੀ ਰੱਖਿਆ ਕਰਨ ਵਾਲੀ ‘ਸੰਸਕਾਰੀ’ ਹਕੂਮਤ ਭਲਾ ਮਰਿਯਾਦਾ ਤੋੜਨ ਵਾਲਿਆਂ, ਖ਼ਾਸ ਕਰਕੇ ਕੁੜੀਆਂ ਨੂੰ ਸਬਕ ਸਿਖਾਉਣਾ ਕਿਵੇਂ ਭੁੱਲ ਸਕਦੀ ਹੈ!
ਬੱਚਿਆਂ ਨੂੰ ਮਰਿਆਦਾ ਵਿਚ ਰਹਿਣ ਦੇ ਉਪਦੇਸ਼ ਦੇਣ ਵਾਲੇ ਇਸੇ ਮੋਦੀ ਨੇ ਮੁਲਕ ਵਿਚ ਔਰਤਾਂ ਦੇ ਜਨਤਕ ਅਪਮਾਨ ਦੇ ਵੱਡੇ-ਵੱਡੇ ਮਸਲੇ – ਜਿਵੇਂ ਮਨੀਪੁਰ ਵਿਚ ਔਰਤਾਂ ਵਿਰੁੱਧ ਹਿੰਸਾ, ਬ੍ਰਿਜ ਭੂਸ਼ਨ ਸਿੰਘ ਵੱਲੋਂ ਪਹਿਲਵਾਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਆਦਿ – ਉੱਠਣ ਸਮੇਂ ਕਦੇ ਵੀ ਮੂੰਹ ਨਹੀਂ ਖੋਲਿ੍ਹਆ। ਉਹ ਸਿਰਫ਼ ਆਪਣੀ ‘ਮਨ ਕੀ ਬਾਤ’ ਸੁਣਾਉਣ ਜਾਂ ਮੰਚ ਉੱਪਰੋਂ ਭਾਜਪਾ ਵਿਰੋਧੀਆਂ ਉੱਪਰ ਜ਼ਹਿਰੀਲੇ ਹਮਲੇ ਕਰਨ ਲਈ ਹੀ ਮੁਖ਼ਾਤਬ ਹੁੰਦਾ ਹੈ। ਜਿਵੇਂ ਬੱਚੀ ਵਿਰੁੱਧ ਸੰਗੀਨ ਧਾਰਾਵਾਂ ਲਾ ਕੇ ਫਟਾਫਟ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ। ਭਗਵਾ ਆਈ.ਟੀ.ਸੈੱਲ., ਟ੍ਰੌਲ ਆਰਮੀ ਅਤੇ ਗੋਦੀ ਮੀਡੀਆ ਨੇ ਜਿਵੇਂ ਉਸ ਬੱਚੀ ਵਿਰੁੱਧ ਜ਼ਹਿਰੀਲੀ ਮੁਹਿੰਮ ਚਲਾ ਕੇ ਉਸਦੇ ਪਰਿਵਾਰ ਨੂੰ ਦਹਿਸ਼ਤਜ਼ਦਾ ਕੀਤਾ ਅਤੇ ਉਨ੍ਹਾਂ ਤੋਂ ਜਨਤਕ ਮਾਫ਼ੀ ਮੰਗਵਾਈ ਗਈ, ਇਨ੍ਹਾਂ ਅਪਰਾਧਾਂ ਬਾਰੇ ਇੰਸਟਾ ਰੀਲ ਬਣਾਉਣ ਵਾਲਾ ‘ਸੰਸਕਾਰੀ’ ਚੁੱਪ ਹੈ। ਮੋਦੀ ਜੀ, ਲੱਗਦੇ ਹੱਥ ਇਕ ਇੰਸਟਾ ਰੀਲ ਉਨ੍ਹਾਂ ਸੈਂਕੜੇ ਨਾਬਾਲਗ ਬੱਚੀਆਂ ਨੂੰ ‘ਮਾਫ਼ ਕਰਨ’ ਦੀ ਵੀ ਬਣਾ ਦਿਓ ਜਿਨ੍ਹਾਂ ਦੇ ਬਦੇਸ਼ਾਂ ਵਿਚ ਮੌਜ-ਮਸਤੀ ਸਮੇਂ ਸਰੀਰ ਨੋਚਣ ਦੇ ਸਬੂਤ ਬਤੌਰ ਐਪਸਟੀਨ ਗੈਂਗ ਐਪਸਟੀਨ ਫਾਈਲਾਂ ਵਿਚ ਮੌਜੂਦ ਹਨ! ਇਕ ਇੰਸਟਾ ਰੀਲ ਉਨ੍ਹਾਂ ਪਹਿਲਵਾਨ ਧੀਆਂ ਨੂੰ ‘ਮਾਫ਼ ਕਰਨ’ ਦੀ ਵੀ ਬਣਾ ਦਿਓ, ਜਿਨ੍ਹਾਂ ਨੇ ਬ੍ਰਿਜ ਭੂਸ਼ਨ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕਰਾਉਣ ਲਈ ਜੰਤਰ-ਮੰਤਰ ’ਤੇ ਅੰਦੋਲਨ ਕਰਨ ਅਤੇ ਅਦਾਲਤਾਂ ਵਿਚ ਨਿਆਂ ਲੈਣ ਦਾ ‘ਦੇਸ਼-ਧ੍ਰੋਹ’ ਕੀਤਾ ਅਤੇ ਜਿਸਨੂੰ ਤੁਹਾਡੀ ਸਰਕਾਰ ਨੇ ਆਖਿæਰਕਾਰ ਹੋਰ ਬਹੁਤ ਸਾਰੇ ‘ਸੰਸਕਾਰੀ’ ਬਲਾਤਕਾਰੀਆਂ ਵਾਂਗ ਸੱਤਾ ਦੇ ਜ਼ੋਰ ਅਦਾਲਤ ਵਿਚੋਂ ‘ਬਾਇੱਜ਼ਤ ਬਰੀ’ ਕਰਵਾ ਲਿਆ ਹੈ।
ਬੇਸ਼ਰਮੀ ਦੀ ਹੱਦ ਦੇਖੋ, ਸਵਾਲ ਤਾਂ ਨੌਜਵਾਨੀ ਤੋਂ ਮਾਫ਼ੀ ਮੰਗਣ ਦਾ ਹੈ ਅਤੇ ਇਹ ‘ਸਾਹਬ’ ਉਨ੍ਹਾਂ ਨੂੰ ਮਾਫ਼ੀ ਦੇਣ ਦੀ ਦਰਿਆਦਿਲੀ ਦਿਖਾਉਣ ਲੱਗ ਗਏ। ਮਾਫ਼ੀ ਤਾਂ ਅਵਾਮ ਨੂੰ ਟਿੱਚ ਸਮਝਣ ਵਾਲੇ ਤਾਨਾਸ਼ਾਹ ਨੂੰ ਮੁਲਕ ਦੀ ਨੌਜਵਾਨੀ ਤੋਂ ਮੰਗਣੀ ਚਾਹੀਦੀ ਸੀ, ਜਿਨ੍ਹਾਂ ਦਾ ਭਵਿੱਖ ਇਸ ਭ੍ਰਿਸ਼ਟਾਚਾਰੀ ਰਾਜ ਨੇ ਪੇਪਰ ਲੀਕ ਕਰਵਾ ਕੇ ਤਬਾਹ ਕਰ ਦਿੱਤਾ ਜਿਸ ਕਾਰਨ 20 ਤੋਂ ਵੱਧ ਬੱਚਿਆਂ ਨੇ ਖ਼ੁਦਕੁਸ਼ੀਆਂ ਕੀਤੀਆਂ; ਜਿਸਦੀ ਭੇਜੀ ਪੁਲਿਸ, ਰੈਪਿਡ ਐਕਸ਼ਨ ਫੋਰਸ ਅਤੇ ਬਿਨਾਂ ਵਰਦੀ ਗੁੰਡਿਆਂ ਨੇ ਬੱਚੀਆਂ ਉੱਪਰ ਜਿਨਸੀ ਹਮਲੇ ਕੀਤੇ, ਕਿੱਲਾਂ ਵਾਲੀਆਂ ਲਾਠੀਆਂ, ਜਲ-ਤੋਪਾਂ, ਅੱਥਰੂ ਗੈਸ ਦੇ ਗੋਲਿਆਂ, ਪੈਲਟ-ਗੰਨਾਂ ਦੀਆਂ ਬੌਛਾੜਾਂ ਨਾਲ ਅਤੇ ਸ਼ਾਕ ਬੈਟਨਾਂ ਨਾਲ ਪੁਰਅਮਨ ਪ੍ਰਦਰਸ਼ਨਕਾਰੀਆਂ ਉੱਪਰ ਕਰੂਰ ਹਿੰਸਾ ਕੀਤੀ; ਉਨ੍ਹਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਅਤੇ ਉਨ੍ਹਾਂ ਦੇ ਪੁਲਿਸ ਦੀਆਂ ਲਾਠੀਆਂ ਨਾਲ ਪਾਟੇ ਸਿਰਾਂ ਅਤੇ ਟੁੱਟੀਆਂ ਲੱਤਾਂ-ਬਾਹਵਾਂ ਦੇ ਮੰਜ਼ਰ ਪੂਰੀ ਦੁਨੀਆ ਨੇ ਦੇਖੇ। ਪੂਰੀ ਤਰ੍ਹਾਂ ਵਾਜਬ ਅੰਦੋਲਨ ਨੂੰ ਕੇਂਦਰ ਸਰਕਾਰ ਨੇ ਮਹੀਨਾ ਭਰ ਅਣਗੌiਲ਼ਆ ਕੀਤਾ। ਅੱਜ ਵੀ ਅੰਦੋਲਨ ਵਿਚ ਸ਼ਾਮਲ ਬੱਚਿਆਂ ਦੀ ਸ਼ਨਾਖ਼ਤ ਕਰਕੇ, ਉਨ੍ਹਾਂ ਦੀ ਟਰੌਲਿੰਗ ਅਤੇ ਡੌਕਸਿੰਗ ਕਰਕੇ (ਕਿਸੇ ਵਿਅਕਤੀ ਦੀ ਨਿੱਜੀ ਅਤੇ ਗੁਪਤ ਜਾਣਕਾਰੀ, ਜਿਵੇਂ ਅਸਲੀ ਨਾਂ, ਘਰ ਦਾ ਪਤਾ, ਫ਼ੋਨ ਨੰਬਰ, ਦਫ਼ਤਰ ਦਾ ਪਤਾ ਵਗੈਰਾ ਉਸਦੀ ਇਜਾਜ਼ਤ ਤੋਂ ਬਗੈਰ ਇੰਟਰਨੈੱਟ ਉੱਪਰ ਉਸਨੂੰ ਪ੍ਰਰੇਸ਼ਾਨ ਕਰਨ, ਡਰਾਉਣ ਜਾਂ ਸ਼ਰਮਿੰਦਾ ਕਰਨ ਲਈ ਜਨਤਕ ਕਰਨਾ) ਅਤੇ ਪੁਲਿਸ ਵੱਲੋਂ ਦੂਰ-ਦਰਾਜ ਰਾਜਾਂ ਵਿਚ ਉਨ੍ਹਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਨੌਜਵਾਨੀ ਨੇ ਸੜਕਾਂ ’ਤੇ ਆ ਕੇ ਸੱਤਾ ਨੂੰ ਵੰਗਾਰਨ ਦੀ ਹਿੰਮਤ, ਆਪਣੀਆਂ ਵਾਜਬ ਮੰਗਾਂ ਉੱਪਰ ਡੱਟੇ ਰਹਿਣ ਦੀ ਦ੍ਰਿੜਤਾ ਅਤੇ ਸਮੂਹਿਕ ਤਾਕਤ ਦੇ ਜ਼ੋਰ ਸਰਕਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਤੋਂ ਅਸਤੀਫ਼ਾ ਲੈਣ ਲਈ ਮਜਬੂਰ ਕੀਤਾ। ਇਸ ਦਾ ਮੁੱਲ ਉਨ੍ਹਾਂ ਨੂੰ ਕਿਸ ਤਰ੍ਹਾਂ ਚੁਕਾਉਣਾ ਪੈ ਰਿਹਾ ਹੈ, ਇਹ ਪੁਲਿਸ ਅਤੇ ਸਰਕਾਰੀ ਸਰਪ੍ਰਸਤੀ ਵਾਲੇ ਗੁੰਡਾ ਗਰੋਹਾਂ ਵੱਲੋਂ ਸਵਾਲ ਕਰਨ ਵਾਲਿਆਂ, ਖ਼ਾਸ ਕਰਕੇ ‘ਅਸੱਭਿਆ ਭਾਸ਼ਾ’ ਵਰਤਣ ਵਾਲੀਆਂ ਕੁੜੀਆਂ ਨੂੰ ਚੁਣ-ਚੁਣ ਕੇ ਡਰਾਉਣ-ਧਮਕਾਉਣ, ਉਨ੍ਹਾਂ ਵਿਰੁੱਧ ਕੇਸ ਦਰਜ ਕਰਨ, ਪਰਿਵਾਰਾਂ ਵੱਲੋਂ ਦਹਿਸ਼ਤਜ਼ਦਾ ਹੋ ਕੇ ਜਨਤਕ ਮਾਫ਼ੀਆ ਮੰਗਣ ਦੀਆਂ ਰਿਪੋਰਟਾਂ ਤੋਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਮਾਮ ਗੁਨਾਹਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ, ਤਾਨਾਸ਼ਾਹ ਮੋਦੀ ਬੱਚਿਆਂ ਨੂੰ ਹੀ ਗੁਨਾਹਗਾਰ ਠਹਿਰਾ ਕੇ ਉਨ੍ਹਾਂ ਨੂੰ ਮਾਫ਼ ਕਰਨ ਵਾਲਾ ਦਰਿਆਦਿਲ ਹਾਕਮ ਬਣ ਬੈਠਾ। ਸਭ ਨੂੰ ਪਤਾ ਹੈ ਕਿ ਗੁਨਾਹਗਾਰ ਕੌਣ ਹੈ, ਪਰ ‘ਵਿਸ਼ਵਗੁਰੂ’ ਮਾਫ਼ੀ ਮੰਗ ਕੇ ਆਪਣਾ ‘56 ਇੰਚ ਛਾਤੀ ਵਾਲਾ’ ਅਕਸ ਖ਼ਰਾਬ ਨਹੀਂ ਕਰ ਸਕਦਾ। ਇਸਦੀ ਬਜਾਏ, ਉਸ ਕੋਲ ਇਸਦਾ ਬਦਲ ਮਾਫ਼ ਕਰਨ ਦੀ ਚਲਾਕੀ ਹੈ। ਉਸਨੂੰ ਭਰਮ ਹੈ ਕਿ ਇਸ ਚਲਾਕੀ ਦੇ ਸਹਾਰੇ ਉਹ ‘ਦਰਿਆਦਿਲ’ ਹੋਣ ਦਾ ਨਾਮਣਾ ਖੱਟ ਲਵੇਗਾ।
ਸਵਾਤੀ ਚਤਰਵੇਦੀ ਵੱਲੋਂ ਆਪਣੀ ਕਿਤਾਬ ‘ਆਈ ਐੱਮ ਅ ਟਰੌਲ’ ਵਿਚ ਕੀਤੇ ਖ਼ੁਲਾਸੇ ਅਨੁਸਾਰ ਸਭ ਤੋਂ ਪਹਿਲਾਂ ਮਿਸਟਰ ਮੋਦੀ ਨੇ ਟਰੌਲ ਸ਼ਬਦ ਪ੍ਰਚਲਤ ਕੀਤਾ ਸੀ। ਗੁਜਰਾਤ ਕਤਲੇਆਮ (2002) ਕਾਰਨ ਬਣੇ ਮਾੜੇ ਅਕਸ ਨੂੰ ਸੁਧਾਰਨ ਲਈ ਮੋਦੀ ਨੇ 2007 ਵਿਚ ਇਕ ਥਾਈ ਏਜੰਸੀ ਦੀਆਂ ਸੇਵਾਵਾਂ ਲਈਆਂ ਸਨ ਅਤੇ ਭਗਵਾ ਡਿਜੀਟਲ ਆਰਮੀ ਬਣਾ ਕੇ ‘ਹਿੰਦੂ ਹਿਰਦੇ ਸਮਰਾਟ’, ’56 ਇੰਚ ਦੀ ਛਾਤੀ’, ‘ਚਾਹ ਵੇਚਣ ਵਾਲਾ’, ‘ਪਿਛੜੀ ਸ਼੍ਰੇਣੀ ਵਿਚੋਂ’ ਵਰਗੇ ਬਿਰਤਾਂਤ ਘੜਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਇਸ ਵਿੰਗ ਦਾ ਇੱਕੋ-ਇਕ ਕੰਮ ਹੈ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਉੱਪਰ ਸਵਾਲ ਉਠਾਉਣ ਵਾਲਿਆਂ ਦੀਆਂ ਨਿੱਜੀ ਜ਼ਿੰਦਗੀਆਂ ਨੂੰ ਭੰਡਣਾ ਅਤੇ ਉਨ੍ਹਾਂ ਦੀਆਂ ਮਾਵਾਂ, ਭੈਣਾਂ, ਪਤਨੀ ਅਤੇ ਧੀਆਂ ਵਿਰੁੱਧ ਅਤਿ ਗੰਦੀ ਗਾਲੀ-ਗਲੋਚ ਦੀ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਧਮਕਾਉਣਾ ਅਤੇ ਚੁੱਪ ਹੋ ਜਾਣ ਲਈ ਮਜਬੂਰ ਕਰਨਾ। ਵਿਸ਼ੇਸ਼ ਤੌਰ ’ਤੇ ਸਿਖਲਾਈਯਾਫ਼ਤਾ ਇਹ ਟੀਮ ਔਰਤ ਪੱਤਰਕਾਰਾਂ ਅਤੇ ਲੇਖਿਕਾਵਾਂ ਦਾ ਜਿਊਣਾ ਮੁਹਾਲ ਕਰਨ ਲਈ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਲਈ ਗੰਦੇ ਤੋਂ ਗੰਦੇ ਕੁਮੈਂਟ ਕਰਦੀ ਹੈ ਅਤੇ ਉਨ੍ਹਾਂ ਦੇ ਚਿਹਰਿਆਂ ਦੀ ਮੱਦਦ ਨਾਲ ਬਣਾਈਆਂ ਜਾਅਲੀ ਅਸ਼ਲੀਲ ਵੀਡੀਓਜ਼ ਵਰਤਦੀ ਹੈ। ਇਹ ਤੰਤਰ ਦਿਨ-ਰਾਤ ਕੰਮ ਕਰਦਾ ਹੈ। ਉੱਘੇ ਟਰੌਲਰ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਫਾਲੋ ਕਰਦੇ ਹਨ ਅਤੇ ਉਨ੍ਹਾਂ ਨੂੰ ਮੋਦੀ ਵੱਲੋਂ ਆਪਣੀ ਸਰਕਾਰੀ ਰਿਹਾਇਸ਼ ਉੱਪਰ ਸੱਦ ਕੇ ਸਨਮਾਨਿਤ ਕੀਤੇ ਜਾਣ ਦੀਆਂ ਤਸਵੀਰਾਂ ਵੀ ਸਵਾਤੀ ਨੇ ਆਪਣੀ ਕਿਤਾਬ ਵਿਚ ਸਬੂਤ ਵਜੋਂ ਪੇਸ਼ ਕੀਤੀਆਂ ਹਨ।
ਪ੍ਰਧਾਨ ਮੰਤਰੀ ਦੇ ਅਹੁਦੇ ਉੱਪਰ ਬੈਠ ਕੇ ਇਹ ਸ਼ਖ਼ਸ ਖੁਦ ਅਤੇ ਭਗਵਾ ਪ੍ਰਚਾਰਤੰਤਰ ਕਿਸ ਤਰ੍ਹਾਂ ਦੀ ‘ਸੰਸਕਾਰੀ’ ਸ਼ਬਦਾਵਲੀ ਵਰਤਦਾ ਰਿਹਾ ਹੈ, ਉਸ ਦੀਆਂ ਕੁਝ ਮਿਸਾਲਾਂ ਹੀ ਕਾਫ਼ੀ ਹਨ:
– ਹਿਮਾਚਲ ਪ੍ਰਦੇਸ਼ ਦੀ 2012 ਦੀ ਇੱਕ ਚੋਣ ਰੈਲੀ ’ਚ ਮਿਸਟਰ ਮੋਦੀ ਨੇ, ਓਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਸੀ, ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਤਤਕਾਲੀ ਪਤਨੀ ਸੁਨੰਦਾ ਪੁਸ਼ਕਰ ਨੂੰ ‘50 ਕਰੋੜ ਕੀ ਗਰਲ ਫਰੈੱਡ’ ਕਿਹਾ। ਇਸ਼ਾਰਾ ਆਈ.ਪੀ.ਐੱਲ. ਵਿਵਾਦ ਨਾਲ ਜੁੜੇ ਦੋਸ਼ਾਂ ਵੱਲ ਸੀ ਅਤੇ ਉਸ ਟਿੱਪਣੀ ਵਿਚੋਂ ਇਸ ‘ਮਰਿਆਦਾ ਪਾਲਕ’ ਦੀ ਔਰਤ-ਵਿਰੋਧੀ ਜ਼ਿਹਨੀਅਤ ਪਤਾ ਲੱਗਦੀ ਹੈ।
-2004 ਦੀ ਇੱਕ ਚੋਣ ਰੈਲੀ ਵਿਚ ਮਿਸਟਰ ਮੋਦੀ ਨੇ ਸੋਨੀਆ ਗਾਂਧੀ ਦੀ ਤੁਲਨਾ ‘ਜਰਸੀ ਗਾਂ’ ਨਾਲ ਅਤੇ ਰਾਹੁਲ ਗਾਂਧੀ ਦੀ ਤੁਲਨਾ ‘ਹਾਈਬ੍ਰਿਡ ਵੱਛੇ’ ਨਾਲ ਕੀਤੀ ਸੀ।
– 2018 ’ਚ ਰਾਜਸਥਾਨ ਦੀ ਇੱਕ ਰੈਲੀ ਵਿਚ ਮੋਦੀ ਨੇ ਆਪਣੇ ਭਾਸ਼ਣ ਵਿਚ ਵਿਅੰਗ ਕੀਤਾ: ‘ਇਹ ਕਾਂਗਰਸ ਦੀ ਕਿਹੜੀ ਵਿਧਵਾ ਸੀ, ਜਿਸਦੇ ਖਾਤੇ ਵਿਚ ਰੁਪਏ ਜਾਂਦੇ ਸਨ?’ ਵਿਧਵਾ ਪੈਨਸ਼ਨ ਭੁਗਤਾਨਾਂ ਵਿਚ ਕਥਿਤ ਬੇਨਿਯਮੀਆਂ ਦੇ ਹਵਾਲੇ ਨਾਲ ਉਹ ਕਿਸ ਨੂੰ ਨਿਸ਼ਾਨਾ ਬਣਾ ਰਿਹਾ ਹੈ, ਇਹ ਹਰ ਕੋਈ ਸਮਝ ਸਕਦਾ ਹੈ।
-2021 ਦੀ ਪੱਛਮੀ ਬੰਗਾਲ ਚੋਣ ਮੁਹਿੰਮ ਦੌਰਾਨ ਆਪਣੇ ਭਾਸ਼ਣਾਂ ਵਿਚ ਮੋਦੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਾਰ-ਵਾਰ ‘ਦੀਦੀ, ਓ ਦੀਦੀ’ ਕਹਿ ਕੇ ਸੰਬੋਧਨ ਕੀਤਾ। ਚੋਣ ਮੁਹਿੰਮ ਵਿਚ ਇਹ ਆਮ ਸੰਬੋਧਨੀ ਸ਼ਬਦ ਵਰਤਣ ਪਿੱਛੇ ਮੋਦੀ ਦੀ ਮਨਸ਼ਾ ਅਤੇ ਮਾਨਸਿਕਤਾ ਬਤੌਰ ਔਰਤ ਮਮਤਾ ਬੈਨਰਜੀ ਦਾ ਮਜ਼ਾਕ ਉਡਾਉਣਾ ਸੀ।
-ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ‘ਅੰਦੋਲਨਜੀਵੀ’, ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ‘ਘੁਸਪੈਠੀਏ’, ‘ਕੱਪੜੋਂ ਸੇ ਪਹਿਚਾਨੇ ਜਾਏਂਗੇ’, ਇਹ ਨਫ਼ਰਤੀ ਮੁਹਿੰਮ ਦੇ ਤਹਿਤ ਖ਼ੁਦ ਮੋਦੀ ਵੱਲੋਂ ਅਤੇ ਮੁਲਕ ਨੂੰ ਚਿੰਬੜੀ ‘ਸਿਉਂਕ’ ਆਦਿ ਖੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਹੇ ਗਏ ਸ਼ਬਦ ਹਨ।
-‘ਲਵ-ਜਿਹਾਦ’, ‘ਮੁੱਲੇ’, ‘ਕਟੂਏ’, ‘ਪਾਕਿਸਤਾਨੀ’ ਵਰਗੇ ਬੇਸ਼ੁਮਾਰ ਅਪਮਾਨਜਨਕ ਸ਼ਬਦ ਹਨ ਜੋ ਭਗਵਾ ਈਕੋ-ਸਿਸਟਮ ਵੱਲੋਂ ਮੁਸਲਮਾਨ ਘੱਟ-ਗਿਣਤੀ ਨੂੰ ਦੇਸ਼ਧ੍ਰੋਹੀ, ਸਾਜ਼ਿਸ਼ੀ, ਹਿੰਦੂ ਵਿਰੋਧੀ, ਕੱਟੜ, ਜਮਾਂਦਰੂ ਅਪਰਾਧੀ ਸਾਬਤ ਕਰਨ ਲਈ ਆਮ ਵਰਤੇ ਜਾਂਦੇ ਹਨ।
– ਮੌਜੂਦਾ ਚੀਫ਼ ਜਸਟਿਸ ਨੇ ਨੌਜਵਾਨਾਂ ਨੂੰ ‘ਕਾਕਰੋਚ’ ਅਤੇ ਕਾਰਕੁਨਾਂ ਨੂੰ ‘ਪਰਜੀਵੀ’ ਕਰਾਰ ਦੇ ਕੇ ਦੱਸ ਦਿੱਤਾ ਕਿ ਜੁਡੀਸ਼ੀਅਲ ਪ੍ਰਣਾਲੀ ਦੇ ਸਿਖ਼ਰਲੇ ਅਹੁਦੇ ’ਤੇ ਬੈਠੇ ਜੱਜ ਵੀ ਮੁਲਕ ਦੀ ਨੌਜਵਾਨੀ ਪ੍ਰਤੀ ਕਿਸ ਤਰ੍ਹਾਂ ਦੀ ਜ਼ਿਹਨੀਅਤ ਰੱਖਦੇ ਹਨ।
-ਗੁਜਰਾਤ ਕਤਲੇਆਮ ਵਿਚ ਮੋਦੀ ਸਰਕਾਰ ਦੀ ਭੂਮਿਕਾ ਦਾ ‘ਗੁਜਰਾਤ ਫ਼ਾਈਲਾਂ’ ਸਟਿੰਗ ਅਪਰੇਸ਼ਨ ਕਰਨ ਵਾਲੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਉੱਪਰ ਰਿਪੋਰਟਾਂ ਕਰਨ ਵਾਲੀ ਖੋਜੀ ਪੱਤਰਕਾਰ ਰਾਣਾ ਅਯੂਬ ਵੱਲੋਂ ਪੇਸ਼ ਕੀਤੇ ਤੱਥਾਂ ਨੂੰ ਰੱਦ ਕਰਨ ਦੀ ਬਜਾਏ ਭਗਵਾ ਆਈ.ਟੀ.ਸੈੱਲ ਵੱਲੋਂ ਮੌਰਫਿੰਗ ਤਕਨੀਕ ਰਾਹੀਂ ਉਸ ਦਾ ਚਿਹਰਾ ਲਗਾ ਕੇ ਅਸ਼ਲੀਲ ਵੀਡੀਓ ਬਣਾਈ ਗਈ ਅਤੇ ਸੋਸ਼ਲ ਮੀਡੀਆ ਰਾਹੀਂ ਫੈਲਾ ਕੇ ਉਸਨੂੰ ਜ਼ਲੀਲ ਕੀਤਾ ਗਿਆ। ਲੇਖਿਕਾ ਅਰੁੰਧਤੀ ਰਾਏ ਅਤੇ ਹੋਰ ਮਕਬੂਲ ਔਰਤਾਂ ਨੂੰ ਬਦਨਾਮ ਕਰਨ ਲਈ ਅਜਿਹੀਆਂ ਮੁਹਿੰਮ ਚਲਾਏ ਜਾਣ ’ਤੇ ਮੋਦੀ ਸਰਕਾਰ ਤਮਾਸ਼ਬੀਨ ਬਣੀ ਰਹਿੰਦੀ ਹੈ ਜੋ ਅਕਸਰ ਹੀ ਅਜਿਹਾ ਕਰਨ ਵਾਲਿਆਂ ਦੀ ਪੁਸ਼ਤਪਨਾਹੀ ਕਰਦੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੀ ਦੇਖੀ ਜਾ ਸਕਦੀ ਹੈ।
– ਜੇਕਰ ਵਿਰਾਟ ਕੋਹਲੀ ਵਰਗਾ ਨਾਮਵਰ ਖਿਡਾਰੀ ਮੁਹੰਮਦ ਸ਼ਾਮੀ ਦੀ ਤਾਰੀਫ਼ ਕਰ ਦੇਵੇ ਤਾਂ ਭਗਵਾ ਟ੍ਰੌਲ ਉਸਦੀ ਬੱਚੀ ਨਾਲ ਬਲਾਤਕਾਰ ਦੀਆਂ ਧਮਕੀਆਂ ਦੇਣ ਤੱਕ ਚਲੇ ਜਾਂਦੇ ਹਨ। ਟੀ20 ਵਰਲਡ ਕੱਪ ਵਿਚ ਪਾਕਿਸਤਾਨ ਦੀ ਜਿੱਤ ਦੀ ਖ਼ੁਸ਼ੀ ਮਨਾਉਣ ਨਾਲ ਦੁਨੀਆ ਦਾ ‘ਸਭ ਤੋਂ ਵੱਡਾ ਲੋਕਤੰਤਰ’ ਐਨਾ ਖ਼ਤਰਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਪੁਲਿਸ ਖੁਸ਼ੀ ਮਨਾਉਣ ਵਾਲੇ ਕਸ਼ਮੀਰੀ ਮੈਡੀਕਲ ਵਿਦਿਆਰਥੀਆਂ ਵਿਰੁੱਧ ਦਹਿਸ਼ਤਵਾਦ ਵਿਰੋਧੀ ਜਾਬਰ ਕਾਨੂੰਨ ਯੂ.ਏ.ਪੀ.ਏ. ਲਗਾ ਕੇ ਕੇਸ ਦਰਜ ਕਰ ਲੈਂਦੀ ਹੈ। ਭਗਵਾ ਰਾਜ ਦੀ ‘ਸੰਸਕਾਰੀ’ ਮਰਿਯਾਦਾ ਦੀਆਂ ਅਜਿਹੀਆਂ ਬੇਸ਼ੁਮਾਰ ਮਿਸਾਲਾਂ ਹਨ।
ਲਿਹਾਜ਼ਾ, ਮੁਲਕ ਦੇ ਨਾਗਰਿਕਾਂ ਨੂੰ ਆਪਣੇ ਹਿਤਾਂ ਤੇ ਅਧਿਕਾਰਾਂ ਦੀ ਲੜਾਈ ਦੇ ਨਾਲ-ਨਾਲ ਇਸ ਜ਼ਹਿਰੀਲੀ ਮੁਹਿੰਮ ਨਾਲ ਵੀ ਲੜਨਾ ਪੈ ਰਿਹਾ ਹੈ। ‘ਜੈੱਨ-ਜ਼ੀ’ ਨੂੰ ਘਿਣਾਉਣੀ ਕਿਰਦਾਰਕੁਸ਼ੀ ਝੱਲ ਕੇ ਆਪਣੇ ਹੱਕਾਂ ਲਈ ਬੋਲਣ ਅਤੇ ਜੂਝਣ ਦਾ ਮੁੱਲ ਤਾਰਦੇ ਦੇਖਿਆ ਜਾ ਸਕਦਾ ਹੈ। ਮਾਫ਼ ਕਰਨ ਦੇ ਢੌਂਗ ਦੇ ਓਹਲੇ ਬਦਲਾ ਲਊ ਮੁਹਿੰਮ ਜਾਰੀ ਰੱਖ ਕੇ ਭਗਵਾ ਸਰਕਾਰ ਆਪਣਾ ‘ਸੰਸਕਾਰੀ’ ਚਰਿੱਤਰ ਬਾਖ਼ੂਬੀ ਦਿਖਾ ਰਹੀ ਹੈ।