ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਮੁਨਸ਼ੀ ਨਾਲ ਮੇਰੀ ਪਹਿਲੀ ਮਿਲਣੀ ਗੁਰਦੁਆਰਾ ਫਰੀਮਾਂਟ, ਕੈਲੀਫੋਰਨੀਆ ਵਿਚ ਹੋਈ ਸੀ। ਹੱਥ ਵਿਚ ਫਾਈਲ ਚੁੱਕੀ ਆਉਂਦਾ ਦੇਖ ਕੇ ਮੈਂ ਅੰਦਾਜ਼ਾ ਲਾ ਲਿਆ ਸੀ ਕਿ ਇਸ ਬਾਈ ਨੂੰ ਵੀ ਮੇਰੇ ਵਾਲਾ ਹੀ ਰੋਗ ਚਿੰਬੜਿਆ ਹੋਇਆ ਹੈ। ਇਹ ਵੀ ਪੇਪਰਾਂ ਦੇ ਚੱਕਰਾਂ ਵਿਚ ਪੇਪਰਾਂ ਦੀ ਫਾਈਲ ਚੁੱਕੀ ਫਿਰਦਾ ਹੈ। ਫਤਿਹ ਤੋਂ ਬਾਅਦ ਅਸੀਂ ਲੰਗਰ ਹਾਲ ਵਿਚ ਚਾਹ ਪੀਣ ਦੇ ਬਹਾਨੇ ਆਪਣੇ ਦੁਖੜੇ ਸਾਂਝੇ ਕਰਨ ਲੱਗ ਪਏ। ਅਸੀਂ ਬੇਸ਼ਕ ਦੋਵੇਂ ਆਪਣੇ ਪਿੱਛੇ ਆਪਣਾ ਪਰਿਵਾਰ ਛੱਡ ਕੇ ਆਏ ਸੀ ਪਰ ਮੇਰੇ ਨਾਲੋਂ ਮੁਨਸ਼ੀ ਦੇ ਦੁੱਖਾਂ ਦੀ ਭੱਠੀ ਜ਼ਿਆਦਾ ਤਪ ਰਹੀ ਸੀ। ਕਾਰਨ ਸੀ, ਉਸ ਦੀ ਘਰਵਾਲੀ ਆਪਣੀ ਇਕੱਲੀ ਪੰਜ ਸਾਲ ਦੀ ਧੀ ਨਾਲ ਉਸ ਦੇ ਭਰਾ-ਭਰਜਾਈ ਨਾਲ ਰਹਿੰਦੀ ਸੀ। ਮੁਨਸ਼ੀ ਦੇ ਮਾਂ-ਪਿਉ ਪਹਿਲਾਂ ਹੀ ਜਹਾਨੋਂ ਜਾ ਚੁੱਕੇ ਸਨ। ਭਰਾ-ਭਰਜਾਈ ਉਸ ਦੀ ਘਰਵਾਲੀ ਨੂੰ ਨਾਜਾਇਜ਼ ਤੰਗ ਕਰਦੇ ਰਹਿੰਦੇ। ਉਹ ਉਨ੍ਹਾਂ ਨੂੰ ਯਾਦ ਕਰ ਕੇ ਰੋਦਾਂ ਹੀ ਨਹੀਂ ਸੀ ਸਗੋਂ ਧਾਹਾਂ ਮਾਰਦਾ ਸੀ। ਉਸ ਦਾ ਕੇਸ ਵੀ ਮੇਰੇ ਵਾਂਗ ਕੱਛੂ-ਚਾਲ ਪੈ ਗਿਆ ਸੀ।
ਅਸੀਂ ਕਈ ਦਿਨ ਇਕੱਠੇ ਗੁਰੂ ਘਰ ਵਿਚ ਰਹੇ। ਮੈਂ ਉਸ ਨੂੰ ਹਮੇਸ਼ਾ ਹੌਂਸਲਾ ਦਿੰਦਾ ਤੇ ਗੁਰਬਾਣੀ ਪੜ੍ਹਨ ਲਈ ਕਹਿੰਦਾ। ਉਸ ਨੇ ਆਪਣੇ ਪਰਿਵਾਰ ਦਾ ਪਿਛੋਕੜ ਸੁਣਾਉਂਦਿਆਂ ਮੇਰੇ ਪਰਿਵਾਰ ਦੀ ਵੀ ਜਨਮ ਪੱਤਰੀ ਪੁੱਛ ਲਈ। ਫਿਰ ਅਸੀਂ ਖੁਸ਼ੀਆਂ ਤੋਂ ਖਾਲੀ ਝੋਲੀਆਂ ਲੈ ਕੇ ਆਪੋ-ਆਪਣੇ ਸ਼ਹਿਰਾਂ ਨੂੰ ਤੁਰ ਪਏ; ਸਾਡੀਆਂ ਤਰੀਕਾਂ ਲੰਮੀਆਂ ਜੁ ਪੈ ਗਈਆਂ ਸਨ। ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ। ਉਹ ਲੰਮੇ ਹੋ ਰਹੇ ਵਿਛੋੜੇ ਤੋਂ ਦੁਖੀ ਸੀ। ਪਿੱਛੇ ਘਰਵਾਲੀ ਦੁੱਖਾਂ ਦੀਆਂ ਲਿਸਟਾਂ ਪੜ੍ਹ-ਪੜ੍ਹ ਸੁਣਾਉੁਂਦੀ ਰਹਿੰਦੀ। ਫਿਰ ਅਸੀਂ ਦੋਵੇਂ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਗੁਆਚ ਗਏ। ਨਾ ਮੁਨਸ਼ੀ ਨੇ ਘੰਟੀ ਮਾਰੀ, ਨਾ ਮੇਰੇ ਕੋਲੋਂ ਫੋਨ ਕਰ ਹੋਇਆ। ਤਿੰਨ ਸਾਲਾਂ ਬਾਅਦ ਉਸ ਦਾ ਫੋਨ ਆਇਆ, ਉਹ ਚੜ੍ਹਦੀ ਕਲਾ ਵਿਚ ਬੋਲਿਆ, “ਬਾਈ ਜੀ! ਰੱਬ ਨੇ ਨੇੜੇ ਹੋ ਕੇ ਸੁਣ ਲਈ ਗਰੀਬ ਦੀæææ ਮੇਰਾ ਕੇਸ ਪਾਸ ਹੋ ਗਿਆ। ਹੁਣ ਪ੍ਰੀਤੋ ਤੇ ਰਾਣੋ ਵੀ ਆ ਜਾਣਗੀਆਂ। ਤੂੰ ਫਿਕਰ ਨਾ ਕਰੀਂ। ਤੇਰੀ ਵੀ ਵਾਹਿਗੁਰੂ ਸੁਣੇਗਾ।”
ਮੁਨਸ਼ੀ ਦੇ ਮੂੰਹੋਂ ਖੁਸ਼ੀ ਦੀ ਖ਼ਬਰ ਸੁਣ ਕੇ ਮੈਨੂੰ ਵੀ ਚਾਅ ਚੜ੍ਹ ਗਿਆ। ਸੋਚਿਆ, ਤਾਏ ਦੀ ਧੀ ਦੇ ਮਹਿੰਦੀ ਲੱਗ ਗਈ; ਕਦੇ ਸਾਡੀ ਵਾਰੀ ਵੀ ਆ ਜਾਵੇਗੀ। ਫਿਰ ਉਸ ਦੀ ਘਰਵਾਲੀ ਪ੍ਰੀਤੋ ਤੇ ਧੀ ਰਾਣੋ ਆ ਗਈਆਂ। ਦੋ ਸਾਲ ਬਾਅਦ ਉਸ ਦਾ ਫੋਨ ਆਇਆ, “ਬਾਈ! ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਐ।” ਸਮਾਂ ਲੰਘਿਆ, ਮੁਨਸ਼ੀ ਸਿਟੀਜ਼ਨ ਹੋ ਗਿਆ। ਪ੍ਰੀਤੋ ਨੇ ਆਪਣੇ ਮਾਤਾ-ਪਿਤਾ ਨੂੰ ਸੱਦ ਲਿਆ। ਮੈਨੂੰ ਤਾਂ ਪਤਾ ਹੀ ਨਾ ਲੱਗਿਆ ਕਿ ਮੁਨਸ਼ੀ ਕਦੋਂ ਸਹੁਰਿਆਂ ਨਾਲ ਸਾਂਝੀ ਰਲ ਗਿਆ। ਫਿਰ ਇਕ ਦਿਨ ਉਸ ਦਾ ਫੋਨ ਆਇਆ। ਉਸ ਨੇ ਫਿਰ ਦੁੱਖਾਂ ਨਾਲ ਭਰੇ ਹੋਏ ਫੋੜੇ ਦੀ ਰਾਧ ਕੱਢੀ।
ਮੁਨਸ਼ੀ ਤੇ ਉਸ ਦਾ ਵੱਡਾ ਭਰਾ ਖੇਮਾ ਛੋਟੇ ਛੋਟੇ ਸਨ ਜਦੋਂ ਉਨ੍ਹਾਂ ਦਾ ਬਾਪ ਬਿਸ਼ਨ ਸਿਉਂ ਸੁਰਗਵਾਸ ਹੋ ਗਿਆ। ਮਾਂ ਦਿਆਲੋ ਨੇ ਦੋਵਾਂ ਨੂੰ ਮਸਾਂ ਪਾਲਿਆ ਸੀ। ਖੇਮਾ ਦਸਵੀਂ ਪਾਸ ਕਰ ਕੇ ਤਾਏ ਦੀ ਕ੍ਰਿਪਾ ਨਾਲ ਜਰਮਨੀ ਪੁੱਜ ਗਿਆ। ਵਿਧਵਾ ਮਾਂ ਦੇ ਮੁੱਖ ‘ਤੇ ਰੁੱਸੀ ਲਾਲੀ ਵਾਪਸ ਆਉਣ ਲੱਗੀ। ਖੇਮੇ ਨੇ ਹੱਡ-ਭੰਨਵੀਂ ਮਿਹਨਤ ਕਰ ਕੇ ਘਰ ਦਾ ਨਕਸ਼ਾ ਬਦਲ ਦਿੱਤਾ। ਮੁਨਸ਼ੀ ਪੜ੍ਹਨ ਨੂੰ ਧੱਕਾ ਸਟਾਰਟ ਸੀ, ਮਸਾਂ ਸੱਤ ਜਮਾਤਾਂ ਲੰਘਿਆ। ਆਪਣੇ ਤਾਇਆਂ ਚਾਚਿਆਂ ਨਾਲ ਕੰਮ ਕਰਵਾ ਦਿੰਦਾ। ਦੋ ਚਾਰ ਮੱਝਾਂ ਰੱਖ ਕੇ ਦੁੱਧ ਪਾ ਦਿੰਦਾ। ਦਿਆਲੋ ਨੂੰ ਖੇਮੇ ਦੀ ਉਡੀਕ ਸਤਾਉਂਦੀ ਰਹਿੰਦੀ ਕਿ ਉਹ ਕਦੋਂ ਪੱਕਾ ਹੋਵੇਗਾ ਤੇ ਉਹ ਕਦੋਂ ਉਸ ਦਾ ਵਿਆਹ ਕਰ ਕੇ ਨੂੰਹ ਲੈ ਕੇ ਆਵਾਂਗੀ। ਸਾਲ ਬੀਤਦੇ ਗਏ। ਖੇਮੇ ਨੂੰ ਜਰਮਨ ਗਿਆਂ ਦਸ ਸਾਲ ਹੋ ਗਏ ਸਨ ਪਰ ਪੱਕਾ ਨਾ ਹੋ ਸਕਿਆ। ਫਿਰ ਦਿਆਲੋ ਨੇ ਚਿੱਠੀ ਨਹੀਂ ਤਾਰ ਪਾਈ ਕਿ ‘ਜੇ ਐਤਕੀਂ ਦੀਵਾਲੀ ‘ਤੇ ਨਾ ਆਇਆ ਤਾਂ ਮਰੀ ਦਾ ਮੂੰਹ ਵੀ ਨਾ ਦੇਖੀਂ।’ ਤਾਰ ਪੜ੍ਹਦਿਆਂ ਖੇਮੇ ਨੇ ਮਨ ਬਣਾ ਲਿਆ ਕਿ ਦੀਵਾਲੀ ਤਾਂ ਦੂਰ, ਹੁਣੇ ਜਹਾਜ਼ ਚੜ੍ਹ ਜਾਣਾ ਹੈ ਪਰ ਤਾਏ ਨੇ ਕੰਮ ਦੀਆਂ ਵਾਗਾਂ ਖਿੱਚ ਕੇ ਰੋਕ ਲਿਆ।
ਆਖਰਕਾਰ, ਮਮਤਾ ਦੀ ਖਿੱਚ ਨੇ ਕੰਮ ਦੀਆਂ ਵਾਗਾਂ ਤੋੜ ਦਿੱਤੀਆਂ। ਖੇਮਾ ਗਿਆਰਾਂ ਸਾਲਾਂ ਬਾਅਦ ਮਾਂ ਦੀ ਹਿੱਕ ਨੂੰ ਜਾ ਲੱਗਿਆ। ਮਾਂ ਦੇ ਕਲੇਜੇ ਨੂੰ ਠੰਢ ਪੈ ਗਈ ਗੋਰੇ ਚਿੱਟੇ ਪੁੱਤ ਨੂੰ ਵੇਖਦਿਆਂ। ਖੇਮਾ ਤੇ ਮੁਨਸ਼ੀ ਵੀ ਗਲ ਲੱਗ ਕੇ ਰੋਂਦੇ ਹੋਏ ਮਿਲੇ। ਫਿਰ ਖੇਮੇ ਨੂੰ ਰਿਸ਼ਤੇ ਆਉਣ ਲੱਗੇ। ਮਾਂ ਦਿਆਲੋ ਕਹਿੰਦੀ, “ਮੈਂ ਤਾਂ ਆਪਣੇ ਪੁੱਤ ਦਾ ਵਿਆਹ ਉਥੇ ਕਰਨਾ ਹੈ ਜਿਥੇ ਦੋ ਭੈਣਾਂ ਹੋਣ। ਖੇਮੇ ਨਾਲ ਮੁਨਸ਼ੀ ਦਾ ਵੀ ਤੋਪਾ ਭਰਿਆ ਜਾਵੇ।” ਪਰ ਰਿਸ਼ਤੇ ਖੇਮੇ ਨੂੰ ਹੀ ਆਉਂਦੇ; ਮੁਨਸ਼ੀ ਨੂੰ ਕੋਈ ਨਾ ਪੁੱਛਦਾ। ਖੇਮਾ ਵੀ ਚਾਹੁੰਦਾ ਸੀ ਕਿ ਮੁਨਸ਼ੀ ਵੀ ਉਹਦੇ ਨਾਲ ਹੀ ਲਾੜਾ ਬਣੇ, ਪਰ ਉਡੀਕ ਲੰਮੀ ਹੁੰਦੀ ਗਈ। ਅਖੀਰ ਖੇਮੇ ਦਾ ਵਿਆਹ ਕਰ ਦਿੱਤਾ ਗਿਆ। ਖੇਮੇ ਨੇ ਵੀ ਹੁਣ ਪਰਦੇਸ ਨਾ ਜਾਣ ਦਾ ਫੈਸਲਾ ਕਰ ਲਿਆ। ਇਕ ਦਿਨ ਮਾਂ ਦਿਆਲੋ ਨੇ ਕਿਹਾ, “ਖੇਮੇ ਪੁੱਤ! ਜੇ ਆਪਾਂ ਮੁਨਸ਼ੀ ਨੂੰ ਅਮਰੀਕਾ ਤੋਰ ਦੇਈਏ ਤਾਂ ਇਹਦੀ ਜ਼ਿੰਦਗੀ ਬਣ ਜਾਊ।”
“ਮਾਂ ਤੂੰ ਕਮਲੀ ਐਂ। ਬਾਹਰ ਪੜ੍ਹਾਈਆਂ ਦਾ ਮੁੱਲ ਪੈਂਦੈ, ਅਨਪੜ੍ਹਾਂ ਦਾ ਨਹੀਂ। ਇਹਨੂੰ ਇੱਥੇ ਹੀ ਚਾਰ ਮੱਝਾਂ ਹੋਰ ਲੈ ਦਿੰਨੇ ਆਂ।” ਖੇਮੇ ਨੇ ਮਾਂ ਨੂੰ ਕਿਹਾ।
“ਪੁੱਤ ਆਪਣਾ ਮੁਨਸ਼ੀ ਤਾਂ ਫਿਰ ਵੀ ਸੱਤ ਜਮਾਤਾਂ ਪਾਸ ਹੈ; ਕਾਮਰੇਡਾਂ ਦਾ ਬੰਤਾ ਅਨਪੜ੍ਹ ਸੀ, ਦੇਖ ਲੈ ਰੁਪਈਆਂ ਦੇ ਟਿੱਬੇ ਲਾ ਦਿੱਤੇ।” ਮਾਂ ਨੇ ਕਿਹਾ।
“ਮਾਂ ਪਹਿਲਾਂ ਉਹਦਾ ਵਿਆਹ ਕਰ ਦੇ, ਫਿਰ ਤੋਰ ਦੇਈਂ ਅਮਰੀਕਾ।” ਖੇਮਾ ਜਿਵੇਂ ਮਾਂ ਦੀਆਂ ਸਲਾਹਾਂ ਤੋਂ ਅੱਕਿਆ ਪਿਆ ਸੀ।
“ਪੁੱਤ ਤੂੰ ਅਮਰੀਕਾ ਵਾਸਤੇ ਪੈਸੇ ਭਰਦੀਂ, ਮੈਂ ਉਹਦਾ ਵਿਆਹ ਕਰ ਦਿੰਨੀ ਆਂ।” ਮਾਂ ਨੂੰ ਖੇਮੇ ਦੇ ਜਵਾਬ ਵਿਚੋਂ ਜਿਵੇਂ ਮੁਨਸ਼ੀ ਦਾ ਭਵਿੱਖ ਮਿਲ ਗਿਆ ਹੋਵੇ।
ਫਿਰ ਖੇਮੇ ਦੀ ‘ਹਾਂ’ ਤੋਂ ਬਾਅਦ ਮਾਂ ਨੇ ਸਾਰੇ ਪਾਸੇ ਕਹਿ ਦਿੱਤਾ, “ਸਾਡੇ ਮੁਨਸ਼ੀ ਨੇ ਤਾਂ ਅਮਰੀਕਾ ਚਲਿਆ ਜਾਣੈਂ।” ਗੱਲ ਮੂੰਹੋਂ-ਮੂੰਹ ਹੁੰਦੀ ਮਜ਼ਾਕ ਜਿਹਾ ਬਣ ਗਈ ਪਰ ਮੁਨਸ਼ੀ ਲਈ ਵੀ ਕਿਸੇ ਗਰੀਬ ਘਰ ਦਾ ਰਿਸ਼ਤਾ ਆ ਗਿਆ। ਬਾਪ ਆਪਣੀ ਧੀ ਨੂੰ ਸਿਰਫ਼ ਤਿੰਨ ਕੱਪੜਿਆ ਵਿਚ ਹੀ ਤੋਰ ਸਕਦਾ ਸੀ। ਦੇਖ-ਦਖਾਈ ਤੋਂ ਬਾਅਦ ਦਿਆਲੋ ਨੇ ‘ਹਾਂ’ ਕਰ ਦਿੱਤੀ। ਉਸ ਦੀ ਹੋਣ ਵਾਲੀ ਨੂੰਹ ਪ੍ਰੀਤੋ ਚੰਨ ਦਾ ਟੁਕੜਾ ਸੀ। ਮੁਨਸ਼ੀ ਦੀ ਘਰਵਾਲੀ ਖੇਮੇ ਦੀ ਘਰਵਾਲੀ ਤੋਂ ਵੀ ਜ਼ਿਆਦਾ ਸੋਹਣੀ ਸੀ ਜਿਸ ਕਰ ਕੇ ਦੋਹਾਂ ਵਿਚਕਾਰ ਕੁੜੱਤਣ ਦਾ ਬੀਜ ਪਹਿਲੇ ਦਿਨ ਹੀ ਬੀਜਿਆ ਗਿਆ। ਜਿਥੇ ਦਿਆਲੋ ਦੋਹਾਂ ਨੂੰਹਾਂ ਨੂੰ ਦੇਖ ਕੇ ਫੁੱਲੀ ਨਾ ਸਮਾਉਂਦੀ, ਉਥੇ ਖੇਮੇ ਦੇ ਘਰਵਾਲੀ ਅੱਖਾਂ ਰਾਹੀਂ ਅੱਗ ਦੇ ਅੰਗਿਆਰੇ ਸੁੱਟਦੀ।
ਮੁਨਸ਼ੀ ਦੇ ਵਿਆਹ ਨੂੰ ਸਾਲ ਤੋਂ ਉਪਰ ਹੋ ਗਿਆ ਸੀ। ਦਿਆਲੋ ਨੇ ਖੇਮੇ ਨੂੰ ਉਹਦਾ ਵਾਅਦਾ ਯਾਦ ਕਰਵਾਇਆ। ਖੇਮੇ ਨੇ ਮੁਨਸ਼ੀ ਨੂੰ ਰੁਪਏ ਦੇਣੇ ਮੰਨ ਲਏ ਪਰ ਬਦਲੇ ‘ਚ ਉਸ ਦੀ ਜ਼ਮੀਨ ਲਿਖਾਉਣ ਲਈ ਕਿਹਾ। ਦਿਆਲੋ ਨੂੰ ਇੰਜ ਲੱਗਾ ਜਿਵੇਂ ਉਹ ਹੁਣ ਤੱਕ ਪੁੱਤ ਨਹੀਂ, ਨਾਗ ਪਾਲਦੀ ਆਈ ਹੋਵੇ! ਮੁਨਸ਼ੀ ਨੂੰ ਇਹ ਸ਼ਰਤ ਵੀ ਮਨਜ਼ੂਰ ਸੀ। ਉਸ ਨੂੰ ਪਤਾ ਸੀ ਕਿ ਇਹ ਗੱਲਾਂ ਉਹਦਾ ਭਰਾ ਨਹੀਂ, ਸਗੋਂ ਭਰਜਾਈ ਬੁਲਾਉਂਦੀ ਹੈ। ਖੇਮੇ ਨੇ ਮੁਨਸ਼ੀ ਦੇ ਹਿੱਸੇ ਵਾਲੀ ਜ਼ਮੀਨ ਬੈਅ ਲਿਖਵਾ ਕੇ ਰੁਪਏ ਦੇ ਦਿੱਤੇ। ਫਿਰ ਅਮਰੀਕਾ ਵਾਲਾ ਏਜੰਟ ਲੱਭ ਲਿਆ। ਅਜੇ ਮੁਨਸ਼ੀ ਦੀ ਤਿਆਰੀ ਹੋ ਰਹੀ ਸੀ ਕਿ ਪ੍ਰੀਤੋ ਨੇ ਧੀ ਨੂੰ ਜਨਮ ਦੇ ਦਿੱਤਾ। ਮੁਨਸ਼ੀ ਦਾ ਅਮਰੀਕਾ ਦਾ ਵੀਜ਼ਾ ਆ ਗਿਆ ਪਰ ਦਿਆਲੋ ਦਾ ਸਾਹਾਂ ਵਾਲਾ ਕੁੱਜਾ ਟੁੱਟ ਗਿਆ। ਫਿਰ ਇਕ ਰਾਤ ਮੁਨਸ਼ੀ, ਪ੍ਰੀਤੋ ਤੇ ਧੀ ਰਾਣੋ ਨੂੰ ਰੋਂਦਿਆਂ ਛੱਡ ਜਹਾਜ਼ ਚੜ੍ਹ ਅਮਰੀਕਾ ਪੁੱਜ ਗਿਆ। ਪਿੱਛੇ ਉਹਦੀ ਘਰਵਾਲੀ ਆਪਣੇ ਜੇਠ ਅਤੇ ਜੇਠਾਣੀ ਦੇ ਜ਼ੁਲਮ ਸਹਿਣ ਲੱਗੀ। ਜੇਠ ਨੇ ਦੋ ਮੱਝਾਂ ਹੋਰ ਕਿੱਲੇ ਬੰਨ੍ਹ ਦਿੱਤੀਆਂ। ਪ੍ਰੀਤੋ ਜਿਵੇਂ ਹੁਣ ਜੇਠਾਣੀ ਦੀ ਦਾੜ੍ਹ ਥੱਲੇ ਆ ਗਈ ਹੋਵੇ! ਉਹ ਆਪ ਆਪਣੀਆਂ ਰਿਸ਼ਤੇਦਾਰੀਆਂ ਵਿਚ ਘੁੰਮਦੀ ਰਹਿੰਦੀ, ਕੰਮ ਵਾਲਾ ਢੋਲ ਪ੍ਰੀਤੋ ਗਲ ਪਾ ਜਾਂਦੀ। ਜੇ ਉਹ ਆਪਣੇ ਜੇਠ ਨੂੰ ਜੇਠਾਣੀ ਦੀ ਸ਼ਿਕਾਇਤ ਲਾਉਂਦੀ ਤਾਂ ਉਹ ਪੁਲਿਸ ਵਾਲਿਆਂ ਵਾਂਗ ਉਲਟਾ ਪ੍ਰੀਤੋ ‘ਤੇ ਹੀ ਕੋਈ ਇਲਜ਼ਾਮ ਜੜ ਦਿੰਦਾ। ਜੇਠਾਣੀ ਆਪਣੇ ਅਮੀਰ ਪੇਕਿਆਂ ਦਾ ਮਾਣ ਕਰਦੀ ਪ੍ਰੀਤੋ ਦੇ ਗਰੀਬ ਮਾਪਿਆਂ ਦਾ ਮਜ਼ਾਕ ਉਡਾਉਣੋਂ ਵੀ ਨਾ ਟਲਦੀ।
ਇੱਧਰ, ਮੁਨਸ਼ੀ ਵੀ ਖਾਲੀ ਲਿਫਾਫੇ ਵਾਂਗ ਖੂੰਜਿਆਂ ਵਿਚ ਵੱਜਦਾ ਰਹਿੰਦਾ। ਫਿਰ ਉਸ ਨੇ ਰਿਫਿਊਜੀ ਕੇਸ ਲਾ ਦਿੱਤਾ। ਇਸੇ ਸਿਲਸਿਲੇ ਵਿਚ ਉਹ ਅਕਸਰ ਫਰੀਮਾਂਟ ਆਉਂਦਾ ਤੇ ਉਥੇ ਹੀ ਸਾਡੀ ਪਹਿਲੀ ਮਿਲਣੀ ਹੋਈ। ਜਿਹੜੀ ਪ੍ਰੀਤੋ ਮੰਡੀ ਨਹੀਂ ਸੀ ਟੱਪੀ, ਉਹ ਸੱਤ ਸਮੁੰਦਰ ਪਾਰ ਅਮਰੀਕਾ ਆ ਕੇ ਛੇਤੀ ਹੀ ਇਸ ਦੇ ਰੰਗ ਵਿਚ ਰੰਗੀ ਗਈ। ਮੁਨਸ਼ੀ ਵੀ ਖੁਸ਼ ਸੀ। ਉਸ ਨੂੰ ਕਾਲਾ ਡੋਰੀਆ ਹਵਾ ਵਿਚ ਉਡਦਾ ਚੰਗਾ ਲੱਗਦਾ ਸੀ। ਉਹਨੇ ਛੁੱਟੀਆਂ ਲੈ ਕੇ ਪ੍ਰੀਤੋ ਨੂੰ ਘੁਮਾਇਆ। ਦੋਹਾਂ ਨੂੰ ਦਿਨ ਫੁੱਲਾਂ ਦੀ ਖੁਸ਼ਬੋ ਵਰਗੇ ਲੱਗਦੇ। ਪ੍ਰੀਤੋ ਥੋੜ੍ਹੇ ਸਮੇਂ ਬਾਅਦ ਹੀ ਹੋਰ ਨਿਖ਼ਰ ਗਈ। ਹੁਣ ਉਹਨੂੰ ਮੁਨਸ਼ੀ ਜਿਵੇਂ ਉਹਦੇ ਬਰਾਬਰ ਦਾ ਲੱਗਣ ਤੋਂ ਹਟ ਗਿਆ ਸੀ। ਗੱਲ ਗੱਲ ‘ਤੇ ਤੂੰ-ਤੂੰ ਮੈਂ-ਮੈਂ ਹੋਣ ਲੱਗੀ। ਮੁਨਸ਼ੀ ਕਹਿੰਦਾ, “ਮੈਂ ਤੈਨੂੰ ਅਮਰੀਕਾ ਦਿਖਾਇਆ ਹੈ, ਪਿੰਡ ਰਹਿੰਦੀ ਤਾਂ ਗੋਹੇ ਵਿਚੋਂ ਹੱਥ ਨਹੀਂ ਸੀ ਨਿਕਲਣੇ।” ਅੱਗਿਉਂ ਪ੍ਰੀਤੋ ਆਖ ਦਿੰਦੀ, “ਤੂੰ ਕਿਹੜਾ ਪਿੰਡ ਡਾਕਟਰ ਲੱਗਿਆ ਸੀ, ਤੂੰ ਵੀ ਤਾਂ ਚੌਵੀ ਘੰਟੇ ਮੱਝਾਂ ਗਾਂਵਾਂ ਵਿਚ ਤੁਰਿਆ ਫਿਰਦਾ ਸੀ।”
ਮੁਨਸ਼ੀ ਦੇ ਘਰ ਪੁੱਤਰ ਹੋ ਗਿਆ। ਪ੍ਰੀਤੋ ਤਾਂ ਕੰਮ ‘ਤੇ ਇਕ ਦਿਨ ਵੀ ਨਹੀਂ ਸੀ ਗਈ ਅਤੇ ਮੁਨਸ਼ੀ ਇਕ ਦਿਨ ਵੀ ਕੰਮ ਤੋਂ ਛੁੱਟੀ ਨਾ ਕਰ ਸਕਿਆ। ‘ਕੱਲੇ ਦੀ ਕਮਾਈ ਨਾਲ ਘਰ ਦਾ ਮਸਾਂ ਹੀ ਸਰਦਾ। ਪ੍ਰੀਤੋ ਸੌਦੇ-ਪੱਤੇ ਵਾਲੇ ਡਾਲਰਾਂ ਵਿਚੋਂ ਕੁੰਡੀ ਲਾ ਕੇ ਪਿੰਡ ਪੇਕਿਆਂ ਨੂੰ ਭੇਜ ਦਿੰਦੀ। ਤਿੰਨਾਂ ਦੇ ਤੇਰਾਂ ਦੱਸ ਕੇ ਮੁਨਸ਼ੀ ਨੂੰ ਹੋਰ ਅਨਪੜ੍ਹ ਬਣਾ ਦਿੰਦੀ। ਫਿਰ ਪ੍ਰੀਤੋ ਦੇ ਰਾਹ ਉਲਟੇ ਹੋਣ ਲੱਗੇ। ਮੁਨਸ਼ੀ ਨੇ ਸਮਝਾਇਆ ਕਿ “ਜੇ ਮੈਂ ਬੋਲਦਾ ਤੇ ਰੋਕਦਾ ਨਹੀਂ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਨੂੰ ਕੁਝ ਪਤਾ ਨਹੀਂ ਹੈ।” ਪ੍ਰੀਤੋ ਮੌਕੇ ‘ਤੇ ਸੰਭਲੀ ਅਤੇ ਸਿਟੀਜ਼ਨ ਹੋ ਗਈ। ਮੁਨਸ਼ੀ ਦੇ ਬੇਬੇ ਬਾਪੂ ਤਾਂ ਵਿਚਾਰੇ ਪਹਿਲਾਂ ਹੀ ਤੁਰ ਗਏ ਸਨ। ਖੇਮੇ ਦੇ ਪੇਪਰ ਉਸ ਨੇ ਭਰੇ ਹੀ ਨਾ। ਪ੍ਰੀਤੋ ਨੇ ਆਪਣੇ ਮਾਂ-ਪਿਉ ਦੇ ਪੇਪਰ ਭਰ ਦਿੱਤੇ। ਉਹ ਦੋਵੇਂ ਦੋ ਅਟੈਚੀ ਲੈ ਕੇ ਆ ਗਏ। ਮਾਪਿਆਂ ਦੇ ਆਉਣ ਦੀ ਖੁਸ਼ੀ ਵਿਚ ਪ੍ਰੀਤੋ ਤਿੱਤਲੀ ਵਾਂਗ ਉਡੀ ਫਿਰਦੀ। ਉਹਦੇ ਬੁੱਲ੍ਹਾਂ ‘ਤੇ ਹਮੇਸ਼ਾ ਮੰਮੀ ਡੈਡੀ ਹੀ ਹੁੰਦੇ।
ਅਮਰੀਕਾ ਦੀ ਜ਼ਿੰਦਗੀ ਅਨਪੜ੍ਹ ਬੰਦੇ ਨੂੰ ਵੀ ਸਿਆਣਾ ਬਣਾ ਦਿੰਦੀ ਹੈ; ਮੁਨਸ਼ੀ ਤਾਂ ਫਿਰ ਵੀ ਸੱਤ ਸਾਲ ਸਕੂਲ ਗਿਆ ਸੀ। ਪ੍ਰੀਤੋ ਦਾ ਲੋੜੋਂ ਵੱਧ ਮਾਪਿਆਂ ਦਾ ਪਿਆਰ ਦੋਹਾਂ ਵਿਚਕਾਰ ਦੀਵਾਰ ਬਣਨ ਲੱਗ ਪਿਆ। ਜਿਹੜਾ ਬਾਪੂ ਖੱਬਲ-ਖਿੰਡੀ ਦਾੜ੍ਹੀ ਲੈ ਕੇ ਆਇਆ ਸੀ, ਹੁਣ ਉਹ ਵੀ ਫੌਜੀਆਂ ਵਾਂਗ ਫਿਕਸੋ ਲਾ ਕੇ ਬੰਨ੍ਹਣ ਲੱਗ ਪਿਆ ਸੀ। ਜਿਹੜੀ ਬੇਬੇ ਦੇ ਹੱਥਾਂ ਵਿਚੋਂ ਸੁਆਹ ਨਹੀਂ ਸੀ ਨਿਕਲਦੀ, ਉਹ ਵੀ ਫੱਬ ਫੱਬ ਰਹਿੰਦੀ। ਜੇ ਮੁਨਸ਼ੀ ਕੁਝ ਬੋਲਦਾ ਤਾਂ ਬੇਬੇ-ਬਾਪੂ ਸੂਈ ਕੁੱਤੀ ਵਾਂਗ ਪੈਂਦੇ। ਉਤੋਂ ਨਿੱਤ ਬੇਬੇ-ਬਾਪੂ ਦੀਆਂ ਡਾਕਟਰ ਨਾਲ ਅਪੁਆਇੰਟਮੈਂਟਾਂ ਲੋਟ ਨਾ ਆਉਂਦੀਆਂ। ਮੁਨਸ਼ੀ ਦੀ ਕਮਾਈ ਨੂੰ ਘਰੇ ਹੀ ਸੰਨ੍ਹ ਲੱਗ ਜਾਂਦੀ। 14-14 ਘੰਟੇ ਸਟੋਰ ‘ਤੇ ਕੰਮ ਕਰ ਕੇ ਉਸ ਦੇ ਤਾਂ ਬੇਬੇ-ਬਾਪੂ ਹੀ ਲੋਟ ਨਾ ਆਉਂਦੇ। ਉਤਂੋ ਪ੍ਰੀਤੋ ਆਖ ਦਿੰਦੀ, “ਤੁਸੀਂ ਮੇਰੇ ਮਾਪਿਆਂ ਦਾ ਆਦਰ-ਸਤਿਕਾਰ ਨਹੀਂ ਕਰਦੇ।” ਇਕ ਦਿਨ ਪ੍ਰੀਤੋ ਨੇ ਟੈਕਸ ਵਾਲੇ ਵਾਪਸ ਮੁੜੇ ਡਾਲਰ ਵੀ ਪੇਕੇ ਭੇਜੇ ਦਿੱਤੇ। ਕੋਈ ਵੀ ਇੰਡੀਆ ਜਾਂਦਾ, ਉਸ ਦੇ ਹੱਥ ਕੁਝ ਨਾ ਕੁੱਝ ਭੇਜਦੀ ਰਹਿੰਦੀ। ਜਿਸ ਦਿਨ ਮੁਨਸ਼ੀ ਨੇ ਰੌਲਾ ਪਾਇਆ ਤਾਂ ਪ੍ਰੀਤੋ ਨੇ ਮੂੰਹ ਪਾੜ ਕੇ ਆਖ ਦਿੱਤਾ, “ਜੇ ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਮੈਨੂੰ ਤਲਾਕ ਦੇ ਦੇ।” ਮੁਨਸ਼ੀ ਦੇ ਜਿਵੇਂ ਸਿਰ ‘ਤੇ ਪਹਾੜ ਆਣ ਪਿਆ ਹੋਵੇ। ਫੁੱਲ ਦੀ ਕਿਆਰੀ ਤੋਂ ਬਣਾਇਆ ਬਾਗ ਉਜੜਨ ਲੱਗਾ ਸੀ। ਮੁਨਸ਼ੀ ਨੇ ਆਪਣੇ ਬੱਚਿਆਂ ਖਾਤਰ ਚੁੱਪ ਵੱਟ ਲਈ। ਮੁਨਸ਼ੀ ਦੀ ਕਦਰ ਘਰ ਵਿਚ ਰੱਖੇ ਨੌਕਰ ਜਿੰਨੀ ਰਹਿ ਗਈ। ਮੁਨਸ਼ੀ ਨੂੰ ਲੱਗਦਾ, ਜਿਵੇਂ ਪ੍ਰੀਤੋ ਉਸ ਨੂੰ ਵਿਆਹ ਕੇ ਆਪਣੇ ਘਰ ਲਿਆਈ ਹੋਵੇ ਤੇ ਉਹ ਕਿਸੇ ਨੂੰਹ ਵਾਂਗ ਸੱਸ ਸਹੁਰੇ ਦੇ ਜ਼ੁਲਮ ਸਹਿ ਰਿਹਾ ਹੋਵੇ। ਮੁਨਸ਼ੀ ਰੋਇਆ-ਕੁਰਲਾਇਆ, “ਇਸ ਨਾਲੋਂ ਤਾਂ ਮੇਰਾ ਕੇਸ ਪਾਸ ਹੀ ਨਾ ਹੁੰਦਾ ਤੇ ਮੈਂ ਵਾਪਸ ਮੁੜ ਜਾਂਦਾ; ਕਿਸੇ ਸੱਜਣ-ਮਿੱਤਰ ਦੇ ਗਲ ਲੱਗ ਰੋ ਤਾਂ ਲੈਂਦਾ; ਆਪਣੇ ਭਰਾ ਨਾਲ ਹੀ ਟੁੱਟੀ ਗੰਢ ਲੈਂਦਾ।”
ਮੁਨਸ਼ੀ ਦੇ ਹਉਕਿਆਂ ਵਿਚੋਂ ਦਰਦ ਸਾਫ ਝਲਕਦਾ ਸੀ। ਮੈਂ ਤਾਂ ਬੱਸ ਇਹੀ ਕਿਹਾ ਕਿ ‘ਪਤਝੜ ਤੋਂ ਬਾਅਦ ਬਹਾਰ ਆਉਂਦੀ ਹੈ, ਤੇਰੇ ਵੀ ਚੰਗੇ ਦਿਨ ਆਉਣਗੇ। ਜੇ ਪਹਿਲੇ ਦਿਨ ਨਹੀਂ ਰਹੇ ਤਾਂ ਆਹ ਵੀ ਨਹੀਂ ਰਹਿਣਗੇ।’ ਕਈਆਂ ਨੂੰ ਅੰਗੂਰ ਤਾਂ ਮਿਲੇ ਪਰ ਸੁਆਦ ਚਿੱਬੜਾਂ ਤੋਂ ਵੀ ਭੈੜਾ ਨਿਕਲਿਆ।
Leave a Reply