ਦਿਕਸ਼ਿਆ ਕੋਇਰਾਲਾ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਦੂਜੇ ਰਾਜਾਂ ਤੋਂ ਜੰਤਰ-ਮੰਤਰ ਅੰਦੋਲਨ ’ਚ ਸ਼ਾਮਲ ਹੋਏ ਕਿਰਤੀ ਦੱਸਦੇ ਹਨ ਕਿ ਉਹ ਜੰਤਰ ਮੰਤਰ ’ਤੇ ਕਿਉਂ ਡੇਰੇ ਲਾਈ ਬੈਠੇ ਸਨ: ‘ਅਸੀਂ ਤਾਂ ਪਹਿਲਾਂ ਹੀ ਲਗਾਤਾਰ ਦੁੱਖਾਂ ਵਿਚ ਜੀ ਰਹੇ ਹਾਂ ਅਤੇ ਤਿਲ-ਤਿਲ ਕਰਕੇ ਮਰ ਰਹੇ ਹਾਂ। ਉਸ ਨਾਲੋਂ ਇੱਥੇ ਮਰਨਾ ਚੰਗਾ ਹੈ।’
ਜਦੋਂ ਉੱਤਰ ਪ੍ਰਦੇਸ਼ ਤੋਂ 27-ਸਾਲ ਦੇ ਮੋਚੀ ਅਰੁਣ ਨੇ ਸ਼ੁੱਕਰਵਾਰ ਨੂੰ ਜੰਤਰ ਮੰਤਰ ’ਤੇ ਗੱਲ ਕਰਦਿਆਂ ਇਹ ਕਿਹਾ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਅਗਲੇ ਦਿਨ ਕੀ ਹੋਣ ਵਾਲਾ ਸੀ। ਅਗਲੇ ਦਿਨ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਨੇ ਅਸਤੀਫਾ ਦੇ ਦਿੱਤਾ, ਅਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਨੇ ਆਪਣਾ ਹਫ਼ਤਿਆਂ ਤੋਂ ਚੱਲ ਰਿਹਾ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ, ਇਹ ਦੱਸਦੇ ਹੋਏ ਕਿ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਫੁੱਟਪਾਥ ’ਤੇ ਰਾਤਾਂ ਕੱਟ ਰਹੇ ਪ੍ਰਦਰਸ਼ਨਕਾਰੀ ਘਰਾਂ ਨੂੰ ਵਾਪਸ ਜਾਣੇ ਸ਼ੁਰੂ ਹੋ ਗਏ।
20 ਜੁਲਾਈ ਦੀ ਪੁਲਿਸ ਕਾਰਵਾਈ ਤੋਂ ਬਾਅਦ ਇਸ ਅੰਦੋਲਨ ਦਾ ਜਨਤਕ ਚਿਹਰਾ – ਜ਼ਿਆਦਾਤਰ ਵਿਦਿਆਰਥੀ, ਦੁਖੀ ਅਤੇ ਚਿੰਤਤ ਮਾਪੇ, ਸੀ.ਜੇ.ਪੀ. ਦੀ ਲੀਡਰਸ਼ਿਪ, ਸੋਨਮ ਵਾਂਗਚੁਕ, ਨੌਜਵਾਨ ਪ੍ਰੋਫੈਸ਼ਨਲ ਅਤੇ ਉਹ ਇਨਫਲੂਐਂਸਰ ਤੇ ਕੰਟੈਂਟ ਸਿਰਜਕ ਸਨ ਜਿਨ੍ਹਾਂ ਨੇ ਜੰਤਰ-ਮੰਤਰ ਨੂੰ ਲਾਈਵ ਪ੍ਰਸਾਰਣ ਵਿਚ ਬਦਲ ਦਿੱਤਾ ਸੀ।
ਪਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਡੱਟੇ– ਉਸੇ ਫੁੱਟਪਾਥ ’ਤੇ ਸੌਣ ਵਾਲਿਆਂ, ਉਹੀ ਲਾਠੀਆਂ ਝੱਲਣ ਵਾਲਿਆਂ– ਦਾ ਇੱਕ ਹੋਰ ਸਮੂਹ ਵੀ ਸੀ ਜੋ ਮੁਕਾਬਲਤਨ ਅਣਗੌਲਿਆ ਰਿਹਾ: ਪਲੰਬਰ, ਪੇਂਟਰ, ਰਾਜਗੀਰ, ਨਾਈ, ਅਤੇ ਮੋਚੀ, ਜਿਨ੍ਹਾਂ ਵਿਚੋਂ ਕਿਸੇ ਨੇ ਵੀ ਕੋਈ ਪ੍ਰੀਖਿਆ ਨਹੀਂ ਸੀ ਦੇਣੀ ਅਤੇ ਨਾ ਹੀ ਉਨ੍ਹਾਂ ਦੀ ਕੋਈ ਡਿਗਰੀ ਖ਼ਤਰੇ ’ਚ ਸੀ। ਉਨ੍ਹਾਂ ਨੇ ਸਭ ਤੋਂ ਵੱਧ ਗੁਆਉਣਾ ਸੀ ਅਤੇ ਸਭ ਤੋਂ ਘੱਟ ਹਾਸਲ ਕਰਨਾ ਸੀ, ਪਰ ਉਹ ਫਿਰ ਵੀ ਆਏ। ਇਹ ਹੈ ਉਨ੍ਹਾਂ ਦੀ ਕਹਾਣੀ।
‘ਪੁਲਿਸ ਸਾਡੇ ਪ੍ਰਤੀ ਬੇਰਹਿਮ ਸੀ’
ਨਿਊਜ਼ਲਾਂਡਰੀ ਨੂੰ ਗੱਲ ਕਰਦਿਆਂ, ਅਰੁਣ ਨੇ 20 ਜੁਲਾਈ ਦੇ ਪੁਲਿਸ ਲਾਠੀਚਾਰਜ ਨਾਲ ਆਪਣੇ ਹੱਥ ਅਤੇ ਲੱਤ ’ਤੇ ਲੱਗੀਆਂ ਸੱਟਾਂ ਦਿਖਾਈਆਂ।
‘ਅਮਨ-ਪਸੰਦ ਪ੍ਰਦਰਸ਼ਨ ਵਿਚ ਵੀ ਉਹ ਸਾਡੇ ਪ੍ਰਤੀ ਏਨੇ ਬਦਰਦ ਪਤਾ ਨਹੀਂ ਕਿੳਂੁ ਸਨ,’ ਉਸਨੇ ਕਿਹਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਗ੍ਰਿਫ਼ਤਾਰੀ ਤੋਂ ਡਰਦਾ ਹੈ, ਤਾਂ ਉਸਨੇ ਕਿਹਾ, ‘ਅਸੀਂ ਇੱਕ ਅਜਿਹੇ ਮੁਲਕ ਵਿਚ ਰਹਿ ਰਹੇ ਹਾਂ ਜਿੱਥੇ ਮੈਨੂੰ ਪਹਿਲਾਂ ਹੀ ਲੱਗਦਾ ਹੈ ਜਿਵੇਂ ਮੈਂ ਕੈਦ ਹਾਂ। ਅਸੀਂ ਆਪਣੀ ਅਵਾਜ਼ ਉਠਾਉਣ ਜਾਂ ਆਪਣੇ ਅਧਿਕਾਰਾਂ ਲਈ ਲੜਨ ਦੇ ਯੋਗ ਨਹੀਂ ਹਾਂ।’
ਉਹ ਪਿਛਲੇ ਇੱਕ ਹਫਤੇ ਤੋਂ ਜੰਤਰ ਮੰਤਰ ’ਤੇ ਸੀ। ਉਹ ਦਰਜਨਾਂ ਮਜ਼ਦੂਰਾਂ ਵਿਚੋਂ ਇੱਕ ਸੀ ਜੋ ਉੱਤਰੀ ਭਾਰਤ ਤੋਂ ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਵਿਚੋਂ ਬਹੁਤ ਸਾਰੇ 3 ਤੋਂ 10 ਲੋਕਾਂ ਦੀਆਂ ਟੋਲੀਆਂ ਵਿਚ ਆਏ ਸਨ। ਕੁਝ 20 ਜੁਲਾਈ ਤੋਂ ਪਹਿਲਾਂ ਸ਼ਾਮਲ ਹੋਏ; ਦੂਸਰੇ ਬਾਅਦ ਵਿਚ, ਪੁਲਿਸ ਕਾਰਵਾਈ ਨੂੰ ਆਨਲਾਈਨ ਦੇਖਣ ਤੋਂ ਬਾਅਦ ਸ਼ਾਮਲ ਹੋਏ। ਕਈਆਂ ਨੇ ਦੱਸਿਆ ਕਿ ਖ਼ਬਰ ਮੁੱਖ ਤੌਰ ‘ਤੇ ਇੰਸਟਾਗ੍ਰਾਮ ਰਾਹੀਂ ਫੈਲੀ ਸੀ।
‘ਮੇਰੇ ਵਰਗਾ ਕੋਈ ਮਰ ਜਾਵੇਗਾ’
ਮੁਹੰਮਦ ਸ਼ਾਹਰੁਖ ਅੰਸਾਰੀ, ਜੋ ਇੱਕ ਪਲੰਬਰ, ਇਲੈਕਟ੍ਰੀਸ਼ੀਅਨ, ਅਤੇ ਉਸਾਰੀ ਮਜ਼ਦੂਰ ਵਜੋਂ ਕੰਮ ਕਰਦਾ ਹੈ, ਅਤੇ ਨਾਲ ਦੀ ਨਾਲ ਲਦਾਈ-ਲੁਹਾਈ ਦਾ ਕੰਮ ਵੀ ਲੈਂਦਾ ਹੈ, 19 ਜੁਲਾਈ ਤੋਂ ਵਿਰੋਧ ਸਥਾਨ ’ਤੇ ਸੀ। ਉਹ 30 ਸਾਲ ਤੋਂ ਵੱਧ ਉਮਰ ਦਾ ਸੀ, ਜਿਨ੍ਹਾਂ ਵਿਦਿਆਰਥੀਆਂ ਦੀ ਉਹ ਹਮਾਇਤ ਕਰਨ ਆਇਆ ਸੀ, ਉਨ੍ਹਾਂ ਦੀ ਉਮਰ ਤੋਂ ਕਾਫ਼ੀ ਵੱਧ, ਅਤੇ ਇਹ ਦੱਸਦਿਆਂ ਉਹ ਪੂਰਾ ਸੁਚੇਤ ਸੀ ਕਿ ਇਸ ਨੇ ਉਸਨੂੰ ਕਿਉਂ ਨਹੀਂ ਰੋਕਿਆ।
‘ਮੈਂ ਇੱਥੇ ਇਸ ਲਈ ਆਇਆ ਹਾਂ ਕਿਉਂਕਿ ਮੈਂ ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਨਿਰਾਸ਼ਾ ਦੇਖੀ ਹੈ। ਭਵਿੱਖ ਵਿਚ ਇਹ ਸੰਭਵ ਹੈ ਕਿ ਮੈਨੂੰ ਵੀ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ,’ ਉਸਨੇ ਕਿਹਾ। ‘ਜੇ ਪੇਪਰ ਲੀਕ ਕਾਰਨ, ਕੋਈ ਅਨਪੜ੍ਹ ਡਾਕਟਰ ਬਣ ਗਿਆ ਅਤੇ ਸਿਸਟਮ ਵਿਚ ਗੜਬੜ ਕਰ ਦਿੱਤੀ, ਤਾਂ ਮੇਰੇ ਵਰਗਾ ਕੋਈ ਮਰ ਜਾਵੇਗਾ… ਇੱਥੋਂ ਤੱਕ ਕਿ ਮੇਰੇ ਬੱਚਿਆਂ ਦਾ ਭਵਿੱਖ ਵੀ ਤਬਾਹ ਹੋ ਜਾਵੇਗਾ।’
ਸ਼ਾਹਰੁਖ ਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ ਕਿ ਉਹ ਉੱਥੇ ਹੈ। ਉਹ ਹਰਿਆਣਾ ਦੇ ਬਹਾਦਰਗੜ੍ਹ ਤੋਂ ਆਪਣਾ ਘਰ ਛੱਡ ਕੇ ਆਇਆ ਸੀ, ਅਤੇ ਉਦੋਂ ਤੋਂ ਹਰ ਰਾਤ ਪ੍ਰਦਰਸ਼ਨ ਵਾਲੀ ਜਗਾ੍ਹ ’ਤੇ ਹੀ ਸੁੱਤਾ ਸੀ। ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਸੌਣ ਦੀਆਂ ਆਪਣੀਆਂ ਸਮੱਸਿਆਵਾਂ ਸਨ। ਨਹਾਉਣ ਲਈ ਕੋਈ ਵਿਸ਼ੇਸ਼ ਜਗ੍ਹਾ ਨਹੀਂ ਸੀ, ਵਾਸ਼ਰੂਮ ਜਨਤਕ ਵਰਤੋਂ ਲਈ ਸਨ ਅਤੇ ਅਕਸਰ ਸਾਫ਼ ਨਹੀਂ ਕੀਤੇ ਜਾਂਦੇ ਸਨ, ਅਤੇ ਸਾਬਣ ਤੇ ਕੂੜੇਦਾਨਾਂ ਵਰਗੀਆਂ ਬੁਨਿਆਦੀ ਚੀਜ਼ਾਂ ਦੀ ਘਾਟ ਸੀ। ਫਿਰ ਵੀ, ਸ਼ਾਹਰੁਖ ਨੇ ਕਿਹਾ ਕਿ ਉਹ ਉੱਥੇ ਰਹਿਣ ਲਈ ਆਇਆ ਸੀ।
ਉਸਨੇ ਦੱਸਿਆ ਕਿ ਉਸ ਨੂੰ ਸਭ ਤੋਂ ਵੱਧ ਜਿਹੜੀ ਗੱਲ ਨੇ ਝੰਜੋੜਿਆ, ਉਹ ਸੀ ਜੋ ਉਸਨੇ 20 ਜੁਲਾਈ ਨੂੰ ਦੇਖਿਆ, ਜਿਸ ਦਿਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ। ਇਹ ਗ਼ਲਤ ਹੈ। ਇਹ ਤਾਨਾਸ਼ਾਹੀ ਹੈ; ਇਸੇ ਲਈ ਮੇਰਾ ਘਰ ਵਾਪਸ ਜਾਣ ਲਈ ਮਨ ਨਹੀਂ ਕਰਦਾ।’
ਖੁੱਸ ਰਹੀ ਉਜਰਤ ਦਾ ਹਿਸਾਬ
ਜੰਤਰ ਮੰਤਰ ’ਤੇ ਆਉਣਾ ਬਿਨਾਂ ਕੀਮਤ ਚੁਕਾਏ ਨਹੀਂ ਸੀ।
ਸ਼ਾਹਰੁਖ ਨੇ ਆਪਣੇ ਮਨ ਵਿਚ ਹਿਸਾਬ ਲਗਾਇਆ: ‘ਹਾਲ ਹੀ ਵਿਚ ਮੈਂ 500 ਰੁਪਏ ਕਮਾਏ ਅਤੇ ਪਹਿਲਾਂ ਹੀ 200 ਰੁਪਏ ਖ਼ਰਚ ਕਰ ਚੁੱਕਾ ਹਾਂ। ਹਾਲਾਂਕਿ, ਮੇਰੇ ਕੋਲ ਅਜੇ ਵੀ 200 ਰੁਪਏ ਬਾਕੀ ਹਨ। ਵਿਰੋਧ ਸਥਾਨ (ਜੰਤਰ ਮੰਤਰ) ’ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਮੈਨੂੰ ਆਪਣਾ ਖਾਣਾ ਨਹੀਂ ਖ਼ਰੀਦਣਾ ਪੈਂਦਾ।’
ਮੁੰਬਈ ਤੋਂ 22 ਸਾਲ ਦਾ ਮਜ਼ਦੂਰ ਸ਼ਿਵ, ਜੋ ਦਰ ਅਸਲ ਉੱਤਰ ਪ੍ਰਦੇਸ਼ ਤੋਂ ਹੈ, ਵਿਰੋਧ ਲਈ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦਿੱਲੀ ਆਇਆ। ਉਸਨੇ ਖ਼ਰਚੇ ਨੂੰ ਨਜ਼ਰਅੰਦਾਜ਼ ਕਰ ਦਿੱਤਾ। ‘ਮੈਂ ਸੋਚਿਆ ਕਿ ਉਹ ਮੈਂ ਬਾਅਦ ਵਿਚ ਦੇਖ ਲਵਾਂਗਾ, ਪਰ ਇਸ ਸਮੇਂ ਇਹ ਮੁਲਕ ਲਈ ਮਹੱਤਵਪੂਰਨ ਹੈ,’ ਉਸਨੇ ਕਿਹਾ।
ਗੋਰਖਪੁਰ ਤੋਂ ਰਾਜ-ਮਿਸਤਰੀ ਕਿਸ਼ਨ, ਜੋ ਚਾਰ ਹੋਰਾਂ ਨਾਲ ਆਇਆ ਸੀ, ਨੇ ਵੀ ਇਹੀ ਕਿਹਾ, ਅਤੇ ਕੁਝ ਹੋਰ ਗੱਲ ਵੀ ਕੀਤੀ। ਉਸਨੇ ਕੁਝ ਸਮੇਂ ਲਈ ਪੜ੍ਹਾਈ ਕੀਤੀ ਸੀ ਪਰ ਹਾਲਾਤਾਂ ਕਾਰਨ ਉਸਨੂੰ ਪੜ੍ਹਾਈ ਛੱਡਣੀ ਪਈ ਸੀ। ਉਸਨੇ ਕਿਹਾ, ‘ਇਸੇ ਕਾਰਨ ਹੋਰ ਵਿਦਿਆਰਥੀਆਂ ਦਾ ਭਵਿੱਖ ਉਸ ਲਈ ਮਾਇਨੇ ਰੱਖਦਾ ਸੀ।’
ਗ੍ਰਿਫ਼ਤਾਰੀ ਦਾ ਡਰ ਨਾ ਹੋਣਾ
ਲਗਭਗ ਕਿਸੇ ਵੀ ਵਿਅਕਤੀ ਨੇ ਗ੍ਰਿਫ਼ਤਾਰੀ ਦੀ ਸੰਭਾਵਨਾ ਨੂੰ ਰੁਕਾਵਟ ਵਜੋਂ ਨਹੀਂ ਮੰਨਿਆ। ਨਰੇਲਾ ਤੋਂ 25 ਦਾ ਸਾਲ ਦਾ ਪਲੰਬਰ ਅਤੇ ਇਲੈਕਟ੍ਰੀਸ਼ੀਅਨ ਵਿਸ਼ਾਲ, ਜੋ 19 ਜੁਲਾਈ ਤੋਂ ਆਉਂਦਾ-ਜਾਂਦਾ ਰਿਹਾ ਸੀ, ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਕੀ ਹੋਵੇਗਾ।
‘ਮੈਂ ਸੁਣਿਆ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਉਹ ਤੁਹਾਨੂੰ ਕਿਤੇ ਦੂਰ ਲੈ ਜਾਂਦੇ ਹਨ ਅਤੇ ਛੱਡ ਆਉਂਦੇ ਹਨ, ਇਸ ਲਈ ਕੋਈ ਸਮੱਸਿਆ ਨਹੀਂ ਹੋਵੇਗੀ; ਮੈਂ ਵਾਪਸ ਆ ਸਕਦਾ ਹਾਂ,’ ਉਸਨੇ ਕਿਹਾ। ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਪ੍ਰਦਰਸ਼ਨ ਵਾਲੀ ਜਗਾ੍ਹ ’ਤੇ ਹੈ ਅਤੇ ਇੱਕ ਹਫ਼ਤਾ ਰਹਿਣ ਦੀ ਯੋਜਨਾ ਬਣਾ ਰਿਹਾ ਸੀ, ‘ਪਰ ਜੇ ਮੇਰੀ ਹਾਲਤ ਖਰਾਬ ਹੋ ਗਈ ਤਾਂ ਮੈਨੂੰ ਵਾਪਸ ਜਾਣਾ ਪਵੇਗਾ।’
ਫੁਰਕਾਨ ਖ਼ਾਨ, ਜੋ ਅਜੇ 20 ਦਾ ਵੀ ਨਹੀਂ ਹੋਇਆ, ਆਪਣੀ ਮਾਂ ਦੀਆਂ ਇੱਛਾਵਾਂ ਦੇ ਉਲਟ, ਇੰਟਰਵਿਊ ਤੋਂ ਇੱਕ ਰਾਤ ਪਹਿਲਾਂ ਅਲੀਗੜ੍ਹ ਤੋਂ ਪਹੁੰਚਿਆ ਸੀ। ‘ਉਹ ਮੈਂ ਅੱਲਾ ’ਤੇ ਛੱਡ ਦਿੱਤਾ ਹੈ। ਮੈਂ ਬਸ ਬਹਾਦਰ ਬਣਨ ਜਾ ਰਿਹਾ ਹਾਂ, ਭਾਵੇਂ 10 ਪੁਲਿਸ ਅਧਿਕਾਰੀ ਹੋਣ ਜਾਂ 20’ ਉਸਨੇ ਕਿਹਾ। ਉਸਨੇ ਆਪਣੇ ਆਪ ਨੂੰ ਅਨਪੜ੍ਹ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਭਰਾ ਦੇ ਬੱਚਿਆਂ ਲਈ ਆਪਣੀ ਅਵਾਜ਼ ਉਠਾਉਣ ਆਇਆ ਸੀ। ‘ਮੇਰੇ ਕੋਲ ਸਰਕਾਰ ਨੂੰ ਦੱਸਣ ਲਈ ਕੁਝ ਖ਼ਾਸ ਨਹੀਂ ਹੈ; ਅਸੀਂ ਆਪਣੇ ਅਧਿਕਾਰਾਂ ਲਈ ਆਪਣੀ ਆਵਾਜ਼ ਉਠਾ ਰਹੇ ਹਾਂ।’
ਇਸ ਦੌਰਾਨ ਕਿਸ਼ਨ ਨੇ ਕਿਹਾ ਕਿ ਉਸਨੇ ਅਤੇ ਦੂਸਰਿਆਂ ਨੇ ਏਨਾ ਅੱਗੇ ਨਹੀਂ ਸੋਚਿਆ ਸੀ, ਅਤੇ ਇਹ ਉਸਦੇ ਉਨ੍ਹਾਂ ਦੋਸਤਾਂ ਲਈ ਲੜਾਈ ਸੀ ਜੋ ਉਸ ਸਮੇਂ ਪੜ੍ਹ ਰਹੇ ਸਨ।
‘ਪੜ੍ਹੇਗਾ ਇੰਡੀਆ, ਤਬ ਹੀ ਤੋਂ ਬੜ੍ਹੇਗਾ ਇੰਡੀਆ’
ਅਰੁਣ ਨੇ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਸਰਕਾਰ ਮੁਲਕ ਵਿਚ ਸਿਹਤ ਅਤੇ ਸਿੱਖਿਆ ਦਾ ਵਿਕਾਸ ਕਰੇ। ਮੁਲਕ ਉਦੋਂ ਹੀ ਵਿਕਸਤ ਹੋਵੇਗਾ ਜੇ ਨੌਜਵਾਨ ਸਿੱਖਿਅਤ ਹੋਣਗੇ। ਸਿਰਫ਼ ਤਾਂ ਹੀ ਇੰਡੀਆ ਸਿੱਖੇਗਾ ਤਾਂ ਹੀ ਇੰਡੀਆ ਵਧੇਗਾ (ਪੜ੍ਹੇਗਾ ਇੰਡੀਆ, ਤਬ ਹੀ ਤੋਂ ਬੜ੍ਹੇਗਾ ਇੰਡੀਆ)। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਭਾਵੇਂ ਉਹ ਸਿੱਖਿਅਤ ਨਹੀਂ ਹਨ, ਉਨ੍ਹਾਂ ਨੂੰ ਪੜ੍ਹਨ ਵਿਚ ਮਦਦ ਕਰਨੀ ਚਾਹੀਦੀ ਹੈ ਜੋ ਸਿੱਖਿਅਤ ਹੋਣਾ ਚਾਹੁੰਦੇ ਹਨ।’ ਸ਼ਾਹਰੁਖ ਇਸ ਗੱਲ ਨੂੰ ਬਾਖ਼ੂਬੀ ਸਮਝਦਾ ਸੀ ਕਿ ਸਟੇਟ ਦੀ ਨੌਜਵਾਨਾਂ ਪ੍ਰਤੀ ਕੀ ਜ਼ਿੰਮੇਵਾਰੀ ਹੈ। ‘ਸਾਡੀਆਂ ਫ਼ਿਕਰਮੰਦੀਆਂ ਸੁਣੀਆਂ ਨਹੀਂ ਜਾ ਰਹੀਆਂ; ਇਹ ਛੇਤੀ ਹੋਣਾ ਚਾਹੀਦਾ ਹੈ। ਫ਼ਿਕਰਮੰਦੀਆਂ ਨੂੰ 20 ਤਰੀਕ ਨੂੰ ਹੀ ਸੰਬੋਧਿਤ ਕੀਤਾ ਜਾਣਾ ਚਾਹੀਦਾ ਸੀ ਕਿਉਂਕਿ ਉਸ ਦਿਨ ਨੌਜਵਾਨਾਂ ਦੀ ਵੱਡੀ ਗਿਣਤੀ ਸੀ। ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਇਹ ਮੇਰੇ ਮੁਲਕ ਦੇ ਨੌਜਵਾਨ ਹਨ ਅਤੇ ਸਾਨੂੰ ਉਨ੍ਹਾਂ ਲਈ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਨੇ ਹਿੰਸਾ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ, ਜੋ ਕਿ ਗ਼ਲਤ ਸੀ। ਨੌਜਵਾਨਾਂ ਨੂੰ ਛੇਤੀਂ ਨਿਆਂ ਮਿਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਤੱਕ ਕੁਝ ਨਹੀਂ ਮਿਲਿਆ ਹੈ।’ ਇੱਕ ਦਿਨ ਬਾਅਦ, ਸ਼ਾਹਰੁਖ ਦੀ ਮੰਗ ਪੂਰੀ ਹੋ ਗਈ। ਅਤੇ ਜਦੋਂ ਇਸਦਾ ਐਲਾਨ ਹੋਇਆ, ਤਾਂ ਇਹ ਪ੍ਰਾਪਤੀ ਜਿੰਨੀ ਵਿਦਿਆਰਥੀਆਂ ਦੀ ਸੀ ਓਨੀਂ ਹੀ ਇਨ੍ਹਾਂ ਤਮਾਮ ਕਾਮਿਆਂ ਦੀ ਸੀ।
