ਕਾਕਰੋਚ ਲੋਕਤੰਤਰ: ਨਿਹੱਥਾ ਅਤੇ ਖ਼ਤਰਨਾਕ

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਬੁੱਕਰ ਇਨਾਮ ਜੇਤੂ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਇਸ ਵਕਤ ਮੋਦੀ ਸਰਕਾਰ ਨੂੰ ਕੰਬਣੀ ਛੇੜ ਰਹੇ ਕਾਕਰੋਚ ਅੰਦੋਲਨ ਦੇ ਹਵਾਲੇ ਨਾਲ ਫਾਸ਼ੀਵਾਦੀ ਹਕੂਮਤ ਦੇ ਤਹਿਤ ਮੁਲਕ ਦੇ ਅਜੋਕੇ ਹਾਲਾਤ, ਕਾਕਰੋਚ ਅੰਦੋਲਨ ਦੀ ਸ਼ਾਨਦਾਰ ਭੂਮਿਕਾ ਇਸ ਦੀਆਂ ਸੰਭਾਵਨਾਵਾਂ ਅਤੇ ਸੀਮਤਾਈਆਂ ਵਰਗੇ ਕਈ ਪੱਖਾਂ ਬਾਰੇ ਵਿਸਤਾਰਤ ਟਿੱਪਣੀ ਕੀਤੀ ਹੈ। ਜਿਸਦਾ ਪੰਜਾਬੀ ਰੂਪ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਪਾਠਕਾਂ ਦੀ ਜਾਣਕਾਰੀ ਲਈ ਸਾਂਝਾ ਕੀਤਾ ਹੈ।-ਸੰਪਾਦਕ॥

ਕੀ ਸਾਰੇ ਲੋਕਾਂ ਨੂੰ ਹਰ ਵਕਤ ਬੇਵਕੂਫ਼ ਬਣਾਇਆ ਜਾ ਸਕਦਾ ਹੈ? ਕੀ ਡੇਢ ਅਰਬ ਦੀ ਆਬਾਦੀ ਵਾਲੇ ਮੁਲਕ ਨੂੰ ਹਮੇਸ਼ਾ ਲਈ ਇੱਕ ਲਾਸ਼ ਵਾਂਗ ਘਸੀਟਿਆ ਜਾ ਸਕਦਾ ਹੈ? ਨਹੀਂ, ਇਹ ਨਹੀਂ ਹੋ ਸਕਦਾ। ਕਾਕਰੋਚ ਬਾਹਰ ਨਿੱਕਲ ਆਏ ਹਨ। ਵਰਿ੍ਹਆਂ ਬਾਅਦ ਪਹਿਲੀ ਵਾਰ, ਭਾਰਤੀ ਹੋਣਾ ਅਦਭੁੱਤ ਲੱਗ ਰਿਹਾ ਹੈ। ਜਦੋਂ ਉਮੀਦ ਖ਼ਤਮ ਹੁੰਦੀ ਲੱਗ ਰਹੀ ਸੀ, ਓਦੋਂ ਉਹ ਆ ਗਏ। ਮੀਂਹ ਦੇ ਨਾਲ ਆਏ ਨੌਜਵਾਨ ਕਾਕਰੋਚ। ਇੱਕ ਜੱਜ ਅਤੇ ਇੱਕ ਮਜ਼ਾਕ ਦੇ ਨਾਜਾਇਜ਼ ਮੇਲ ਦੀ ਔਲਾਦ।
ਇਹ ਕਹਾਣੀ ਅਸੀਂ ਸਭ ਜਾਣਦੇ ਹਾਂ, ਪਰ ਇੱਥੇ ਰਿਕਾਰਡ ਲਈ ਲਿਖੀ ਜਾ ਰਹੀ ਹੈ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਦੀ ਇੱਕ ਹੰਕਾਰੀ ਅਤੇ ਬੇਇਜ਼ਤੀ ਭਰੀ ਟਿੱਪਣੀ ਦੇ ਜਵਾਬ ਵਿਚ, ਜਿਸ ਵਿਚ ਉਸ ਨੇ ਕੁਝ ਬੇਰੁਜ਼ਗਾਰ ਨੌਜਵਾਨ ਭਾਰਤੀਆਂ ਨੂੰ ਕਾਕਰੋਚ ਕਿਹਾ ਸੀ, ਬੋਸਟਨ ਵਿਚ ਰਹਿੰਦੇ ਇੱਕ ਵਿਦਿਆਰਥੀ ਅਭਿਜੀਤ ਦੀਪਕੇ ਨੇ ਇੰਸਟਾਗ੍ਰਾਮ ਉੱਤੇ ਇੱਕ ਟਿੱਪਣੀ ਪਾਈ: ‘ਕੀ ਹੋਵੇਗਾ ਜੇ ਸਾਰੇ ਕਾਕਰੋਚ ਇਕੱਠੇ ਹੋ ਜਾਣ?’ ਲੱਖਾਂ ਲੋਕਾਂ ਨੇ ਜਵਾਬ ਦਿੱਤਾ। ਅਤੇ ਇਸ ਤਰ੍ਹਾਂ ਕਾਕਰੋਚ ਜਨਤਾ ਪਾਰਟੀ ਦਾ ਜਨਮ ਹੋਇਆ। ਦੀਪਕੇ ਕਾਕਰੋਚਾਂ ਦਾ ਪਾਈਡ ਪਾਈਪਰ (ਮੁਰਲੀਧਰ) ਬਣ ਗਿਆ। ਇਸ ਦੀ ਪਹਿਲੀ ਮੰਗ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਮੰਗਣਾ ਸੀ, ਜੋ ਇੱਕ ਭ੍ਰਿਸ਼ਟ ਅਤੇ ਸੜੇ ਹੋਏ ਮੰਤਰਾਲੇ ਉੱਪਰ ਮੌਜ ਨਾਲ ਬਿਰਾਜਮਾਨ ਹਨ, ਜਿਸ ਦੇ ਅਧੀਨ ਪਬਲਿਕ ਪ੍ਰੀਖਿਆਵਾਂ ਦੇ ਪੇਪਰ ਬਾਕਾਇਦਗੀ ਨਾਲ ਲੀਕ ਹੁੰਦੇ ਹਨ। ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਅਨੁਸਾਰ, 2014 ਤੋਂ ਲੈ ਕੇ 152 ਵਾਰ ਲੀਕ ਹੋ ਚੁੱਕੇ ਹਨ। ਇਨ੍ਹਾਂ ਲੀਕ ਪ੍ਰੀਖਿਆਵਾਂ ਨੇ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ, ਜਿਨ੍ਹਾਂ ਨੇ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਵਿਚ ਸਾਲ ਗੁਜ਼ਾਰੇ। ਉਨ੍ਹਾਂ ਵਿਚੋਂ ਕੁਝ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਅਤੇ ਇਨ੍ਹਾਂ ਪ੍ਰੀਖਿਆਵਾਂ ਵਿਚ ਬੈਠਣ ਦਾ ਹੱਕ ਹਾਸਲ ਕਰਨ ਲਈ ਫ਼ੀਸ ਭਰਨ ਦੀ ਖ਼ਾਤਰ ਆਪਣੀ ਜ਼ਮੀਨ ਜਾਂ ਘਰ ਵੇਚਣੇ ਪਏ। ਇਹ ਕਾਨੂੰਨੀ ਜ਼ਬਰੀ-ਵਸੂਲੀ ਦਾ ਇੱਕ ਨਵਾਂ ਰੂਪ ਹੈ। ਹਾਲ ਹੀ ਵਿਚ ਨੈਸ਼ਨਲ ਐਲਿਜ਼ਿਬਿਲਿਟੀ ਕਮ ਐਂਟਰੈਂਸ ਟੈਸਟ—ਨੀਟ—ਦਾ ਪੇਪਰ ਲੀਕ ਹੋਣ ਤੋਂ ਬਾਅਦ 12 ਦੁਖੀ ਅਤੇ ਤਬਾਹ ਹੋ ਚੁੱਕੇ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ।

ਜਿਵੇਂ-ਜਿਵੇਂ ਕਾਕਰੋਚਾਂ ਦਾ ਗੁੱਸਾ ਆਨਲਾਈਨ ਸੁਨਾਮੀ ਵਿਚ ਬਦਲਦਾ ਗਿਆ, ਦੀਪਕੇ 6 ਜੂਨ ਨੂੰ ਬੋਸਟਨ ਤੋਂ ਵਾਪਸ ਆਇਆ ਅਤੇ ਸਿੱਧਾ ਹਵਾਈ ਅੱਡੇ ਤੋਂ ਦਿੱਲੀ ਦੇ ਮਸ਼ਹੂਰ ਪ੍ਰਦਰਸ਼ਨ ਸਥਾਨ ਜੰਤਰ-ਮੰਤਰ ਪਹੁੰਚਿਆ। ਲੱਦਾਖ ਤੋਂ ਮਸ਼ਹੂਰ ਕਾਰਕੁਨ ਅਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਵੀ ਉਨ੍ਹਾਂ ਨਾਲ ਆ ਕੇ ਸ਼ਾਮਲ ਹੋਏ ਅਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕੀਤਾ। ਛੇ ਯੂਨੀਵਰਸਿਟੀ ਵਿਦਿਆਰਥੀਆਂ—ਨੇਹਾ ਬੋਰਾ, ਮਨੀਸ਼ ਕੁਮਾਰ, ਆਮੀਨ ਅਮਿਤੋਸ਼, ਦਾਨਿਸ਼ ਅਲੀ, ਰਿਸ਼ੀਕੇਸ਼ ਅਤੇ ਦੀਪਕ—ਜੋ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਏਆਈਐਸਏ, ਦੇ ਮੈਂਬਰ ਹਨ, ਜੋ ਸੀ.ਪੀ.ਆਈ.ਐੱਮ.ਐੱਲ. -ਲਿਬਰੇਸ਼ਨ ਦਾ ਵਿਦਿਆਰਥੀ ਵਿੰਗ ਹੈ, ਨੇ ਐਲਾਨ ਕੀਤਾ ਕਿ ਉਹ ਵੀ ਭੁੱਖ ਹੜਤਾਲ ਕਰਨਗੇ ਅਤੇ ਨੇੜੇ ਬਣੇ ਇੱਕ ਮੰਚ ਉੱਪਰ ਭੁੱਖ ਹੜਤਾਲ ’ਤੇ ਬੈਠ ਗਏ। ਦੂਜੇ ਸ਼ਹਿਰਾਂ ਵਿਚ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ। ਜਿਵੇਂ-ਜਿਵੇਂ ਭੁੱਖ ਹੜਤਾਲ ਕਰਨ ਵਾਲਿਆਂ ਦੀ ਹਾਲਤ ਨਾਜ਼ੁਕ ਹੁੰਦੀ ਗਈ, ਇੰਟਰਨੈੱਟ ਉੱਤੇ ਛਾਏ ਨੌਜਵਾਨ ਕਾਕਰੋਚ ਵਾਸਤਵ ਵਿਚ ਜੰਤਰ-ਮੰਤਰ ਉੱਤੇ ਆਉਣੇ ਸ਼ੁਰੂ ਹੋ ਗਏ। ਕਾਕਰੋਚ ਜਨਤਾ ਪਾਰਟੀ ਨੇ ਐਲਾਨ ਕੀਤਾ ਕਿ 20 ਜੁਲਾਈ ਨੂੰ, ਜਿਸ ਦਿਨ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣਾ ਸੀ, ਉਹ ਸੰਸਦ ਵੱਲ ਮਾਰਚ ਕਰਨਗੇ। ਤੈਅ ਮਾਰਚ ਤੋਂ ਦੋ ਦਿਨ ਪਹਿਲਾਂ ਸੋਨਮ ਵਾਂਗਚੁਕ ਨੂੰ ਪੁਲਿਸ ਨੇ ਮੰਚ ਤੋਂ ਧੂਹ ਕੇ ਹਿਰਾਸਤ ਵਿਚ ਲੈ ਲਿਆ—ਪਹਿਲਾਂ ਇੱਕ ਸਰਕਾਰੀ ਹਸਪਤਾਲ ਵਿਚ ਅਤੇ ਬਾਅਦ ਵਿਚ, ਉਨ੍ਹਾਂ ਦੀ ਪਤਨੀ ਦੇ ਜ਼ੋਰ ਪਾਉਣ ਉੱਤੇ, ਇੱਕ ਨਿੱਜੀ ਹਸਪਤਾਲ ਵਿਚ ਹਿਰਾਸਤ ਵਿਚ ਰੱਖਿਆ ਗਿਆ। ਉਹ ਅਜੇ ਵੀ ਭੁੱਖ ਹੜਤਾਲ ਉੱਤੇ ਹਨ (ਲੇਖ ਸੋਨਮ ਵੱਲੋਂ ਭੁੱਖ ਹੜਤਾਲ ਖ਼ਤਮ ਕੀਤੇ ਜਾਣ ਤੋਂ ਪਹਿਲਾਂ ਦਾ ਲਿਖਿਆ ਹੋਇਆ ਹੈ)। 20 ਜੁਲਾਈ ਦੀ ਸਵੇਰ, ਮਾਰਚ ਵਾਲੇ ਦਿਨ, ਏ.ਆਈ.ਐੱਸ.ਏ. ਦੇ ਵਿਦਿਆਰਥੀਆਂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ।

ਕਾਕਰੋਚਾਂ ਨੇ ਰਾਜਧਾਨੀ ਸ਼ਹਿਰ ਨੂੰ ਤੂਫ਼ਾਨ ਵਾਂਗ ਆਪਣੇ ਕਬਜ਼ੇ ਵਿਚ ਲੈ ਲਿਆ। ਉਹ ਰੇਲ, ਬੱਸ, ਹਵਾਈ ਜਹਾਜ਼ ਅਤੇ ਮੈਟਰੋ ਰਾਹੀਂ ਆਏ। ਉਨ੍ਹਾਂ ਦੀ ਗਿਣਤੀ ਹਰ ਘੰਟੇ ਵਧਦੀ ਗਈ। ਸੂਰਜ ਦੀ ਪਹਿਲੀ ਕਿਰਨ ਤੋਂ ਕਈ ਘੰਟੇ ਪਹਿਲਾਂ, ਜਦੋਂ ਦਿੱਲੀ ਦੇ ਮਾਨਸੂਨੀ ਅਸਮਾਨ ਵਿਚ ਚਾਨਣ ਫੈਲ ਰਿਹਾ ਸੀ, ਉਹ ਹਜ਼ਾਰਾਂ ਦੀ ਗਿਣਤੀ ਵਿਚ ਜੰਤਰ-ਮੰਤਰ ਵਿਚ ਉਮੜਨੇ ਸ਼ੁਰੂ ਹੋ ਗਏ। ਸੂਰਜ ਚੜ੍ਹਨ ਤੱਕ ਇਹ ਸਾਫ਼ ਸੀ ਕਿ ਨਿਰਾਸ਼ ਅਤੇ ਗੁੱਸੇ ਨਾਲ ਭਰੀ ਨੌਜਵਾਨਾਂ ਦੀ ਇੱਕ ਪੀੜ੍ਹੀ, ਜਿਸ ਨੇ ਆਪਣਾ ਭਵਿੱਖ ਆਪਣੀਆਂ ਅੱਖਾਂ ਸਾਹਮਣੇ ਬੁਝਦਾ ਵੇਖਿਆ ਹੈ, ਉਹ ਚੀਜ਼ ਮੁੜ ਹਾਸਲ ਕਰਨ ਜਾ ਰਹੀ ਸੀ ਜਿਸ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਦਾਦੇ-ਦਾਦੀਆਂ ਦੀਆਂ ਪੀੜ੍ਹੀਆਂ ਨੇ ਤਿਆਗ ਦਿੱਤਾ ਸੀ: ਲੋਕਾਂ ਅਤੇ ਇੱਕ ਮੁਲਕ ਵਜੋਂ ਸਾਡੀ ਇੱਜ਼ਤ। ਇੱਕ ਲੋਕਤੰਤਰ ਦੇ ਨਾਗਰਿਕਾਂ ਵਜੋਂ ਸਾਡੇ ਹੱਕ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੌਸਲੇ, ਸੁਘੜਤਾ ਅਤੇ ਹਾਸੇ ਨਾਲ ਉਸ ਖੋਖਲੇ ਕਰ ਦੇਣ ਵਾਲੇ ਡਰ ਨੂੰ ਬਾਹਰ ਕੱਢ ਦਿੱਤਾ, ਜੋ ਸਾਡੇ ਲਈ ਦੂਜਾ ਸੁਭਾਅ ਬਣ ਗਿਆ ਹੈ। ਦਿਨ ਦੇ ਅੰਤ ਤੱਕ ਇਹ ਸਾਫ਼ ਸੀ ਕਿ ਪ੍ਰਦਰਸ਼ਨ ਪ੍ਰਦਰਸ਼ਨਕਾਰੀਆਂ ਜਾਂ ਉਨ੍ਹਾਂ ਦੇ ਆਗੂਆਂ ਦੀਆਂ ਮੰਗਾਂ ਨਾਲੋਂ ਕਿਤੇ ਵੱਡੀ ਗੱਲ ਬਾਰੇ ਹੋ ਗਿਆ ਸੀ। ਧਰਮੇਂਦਰ ਪ੍ਰਧਾਨ ਹੁਣ ਛੋਟੀ ਗੱਲ ਹੈ। ਦਾਅ ਕਿਤੇ ਵੱਡੇ ਹਨ। ਸ਼ਾਸਨ ਵਿਵਸਥਾ ਵਿਚ ਉੱਪਰੋਂ ਹੇਠਾਂ ਤੱਕ ਸੜਿਆਂਦ ਸਾਫ਼ ਦਿਖਾਈ ਦੇ ਰਹੀ ਹੈ ਅਤੇ ਇੱਕ ਗਲ-ਸੜ ਰਹੀ ਲਾਸ਼ ਵਾਂਗ ਬਦਬੂ ਮਾਰ ਰਹੀ ਹੈ। ਇੱਥੋਂ ਤੱਕ ਕਿ ਸਭ ਤੋਂ ਛੋਟੇ ਕਾਕਰੋਚ, ਜਿਨ੍ਹਾਂ ਵਿਚੋਂ ਕੁਝ ਸੱਤ ਜਾਂ ਅੱਠ ਸਾਲ ਤੋਂ ਵੱਧ ਉਮਰ ਦੇ ਨਹੀਂ ਸਨ, ਵੀ ਇਸ ਨੂੰ ਸਾਫ਼ ਤੌਰ ਉੱਤੇ ਬਿਆਨ ਕਰਨ ਦੇ ਸਮਰੱਥ ਸਨ।
ਮਾਰਚ ਤੋਂ ਕੁਝ ਦਿਨ ਪਹਿਲਾਂ ਇੱਕ ਨਵੇਂ ਪੁਲਿਸ ਮੁਖੀ ਦੀ ਤੇਜ਼ੀ ਨਾਲ ਅਤੇ ਲਗਭਗ ਗੁਪਤ ਨਿਯੁਕਤੀ ਦੇ ਬਾਵਜੂਦ, ਅਤੇ ਸਾਡੇ ਭਿਆਨਕ ਗ੍ਰਹਿ ਮੰਤਰੀ ਦੀ ਡਰਾਉਣੀ ਕਾਰਗੁਜ਼ਾਰੀ ਬਾਰੇ ਚਿੰਤਾਜਨਕ ਫੁਸਫੁਸਾਹਟਾਂ ਦੇ ਬਾਵਜੂਦ, ਪੁਲਿਸ ਅਤੇ ਗ੍ਰਹਿ ਮੰਤਰਾਲੇ ਦੋਵਾਂ ਨੇ 20 ਜੁਲਾਈ ਨੂੰ ਦਿੱਲੀ ਵਿਚ ਆਈ ਸੁਨਾਮੀ ਦੇ ਪੈਮਾਨੇ ਦਾ ਪੂਰੀ ਤਰ੍ਹਾਂ ਗਲਤ ਅੰਦਾਜ਼ਾ ਲਾਇਆ। ਉਨ੍ਹਾਂ ਨੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ। ਬੱਸਾਂ, ਸੜਕਾਂ ਅਤੇ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ। ਇਸ ਨਾਲ ਕੋਈ ਫ਼ਾਇਦਾ ਨਹੀਂ ਹੋਇਆ। ਇੰਟਰਨੈੱਟ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਇੰਟਰਨੈੱਟ ਦੀ ਪੈਦਾਇਸ਼ ਨੌਜਵਾਨ ਕਾਕਰੋਚ ਨੇ ਕਿਸੇ ਤਰ੍ਹਾਂ ਮੀਮਾਂ ਅਤੇ ਵੀਡੀਓਆਂ ਦੇ ਹੜ੍ਹ ਨਾਲ ਉਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਨ੍ਹਾਂ ਨੂੰ ਵੇਖ ਕੇ ਤੁਹਾਨੂੰ ਇਕੱਠੇ ਹਾਸਾ ਅਤੇ ਰੋਣਾ ਆਉਂਦਾ ਸੀ। ਪ੍ਰਦਰਸ਼ਨ ਵਿਚ ਸ਼ਾਮਲ ਨੌਜਵਾਨ ਔਰਤਾਂ ਨੇ ਕਿਹਾ ਕਿ ਉਹ ਦੁਨੀਆ ਦੀਆਂ ਸਾਰੀਆਂ ਥਾਵਾਂ ਵਿਚੋਂ, ਦਿੱਲੀ ਭੀੜ ਵਿਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ—ਹਾਲਾਂਕਿ ਕੁਝ ਨੇ ਪੁਲਿਸ ਵਾਲਿਆਂ ਵੱਲੋਂ ਛੇੜਛਾੜ ਕੀਤੇ ਜਾਣ ਦੀ ਸ਼ਿਕਾਇਤ ਕੀਤੀ। ਅਸੀਂ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਬੋਧੀਆਂ ਅਤੇ ਹਰ ਜਾਤ ਤੇ ਵਰਗ ਦੇ ਲੋਕਾਂ ਨੂੰ ਇਕੱਠੇ ਆਉਂਦੇ, ਇੱਕ-ਦੂਜੇ ਦੀ ਮਦਦ ਕਰਦੇ ਅਤੇ ਇੱਕ-ਦੂਜੇ ਦੀ ਰੱਖਿਆ ਕਰਦੇ ਵੇਖਿਆ, ਜਦੋਂ ਉਹ ਪੁਲਿਸ ਦਾ ਸਾਹਮਣਾ ਕਰ ਰਹੇ ਸਨ। ਸਾਨੂੰ ਉਪਦੇਸ਼ ਦੇਣ ਜਾਂ ਵੱਡੇ-ਵੱਡੇ ਭਾਸ਼ਣ ਦੇਣ ਦੀ ਬਜਾਏ, ਉਨ੍ਹਾਂ ਨੇ ਸਾਨੂੰ ਦਿਖਾਇਆ, ਸਾਡੇ ਸਾਹਮਣੇ ਪੇਸ਼ ਕੀਤਾ—ਸੰਭਵ ਭਾਰਤ, ਸਾਡੇ ਸੁਪਨਿਆਂ ਦਾ ਸੋਹਣਾ ਭਾਰਤ।
ਇਸ ਖ਼ਤਰੇ ਨਾਲ ਨਜਿੱਠਣ ਲਈ ਪੁਲਿਸ ਨੇ ਆਪਣੇ ਪੀਲੀ ਧਾਤ ਦੇ ਬੈਰੀਕੇਡ ਜੋੜ ਲਏ ਅਤੇ ਆਪਣਾ ਅਜ਼ਮਾਇਆ ਹੋਇਆ ਸਾਜ਼ੋ-ਸਾਮਾਨ ਲੈ ਆਈ: ਪੱਥਰਾਂ ਨਾਲ ਭਰੇ ਟਰੱਕ ਅਤੇ ਪਹਿਲਾਂ ਤੋਂ ਨੁਕਸਾਨੇ ਵਾਹਨ, ਇਸ ਉਮੀਦ ਨਾਲ ਕਿ ਉਹ ਇਹ ਦਿਖਾ ਸਕਣ ਕਿ ਨੌਜਵਾਨ ਹਿੰਸਕ ਹੋ ਗਏ ਸਨ ਅਤੇ ਪੁਲਿਸ ਸਵੈ-ਰੱਖਿਆ ਵਿਚ ਕਾਰਵਾਈ ਕਰ ਰਹੀ ਸੀ। ਉਹ ਬੈਂਤਾਂ ਅਤੇ ਡੰਡਿਆਂ ਨਾਲ ਲੈਸ ਸਾਦੇ ਕੱਪੜਿਆਂ ਵਾਲੇ ਗੁੰਡਿਆਂ ਦੀ ਫ਼ੌਜ ਲੈ ਆਏ। ਕਾਰਵਾਈ ਦੀ ਤਿਆਰੀ ਲਈ ਰੈਪਿਡ ਐਕਸ਼ਨ ਫੋਰਸ—ਆਰ.ਏ.ਐੱਫ.—ਨੇ ਆਪਣੀਆਂ ਵਰਦੀਆਂ ਤੋਂ ਆਪਣੀਆਂ ਨੇਮ-ਪਲੇਟਾਂ ਹਟਾ ਦਿੱਤੀਆਂ। ਵਫ਼ਾਦਾਰ ਮੁੱਖਧਾਰਾ ਦੇ ਟੀਵੀ ਚੈਨਲਾਂ ਨੂੰ ਝੂਠੀਆਂ ਖ਼ਬਰਾਂ ਦੇਣ ਲਈ ਤਿਆਰ ਕਰਕੇ ਖੜ੍ਹਾ ਕੀਤਾ ਗਿਆ ਸੀ। (ਕੁਝ ਨੇ ਜਲਦਬਾਜ਼ੀ ਕੀਤੀ ਅਤੇ ਉਨ੍ਹਾਂ ਗੱਲਾਂ ਦੀ ਰਿਪੋਰਟਿੰਗ ਕਰਨੀ ਸ਼ੁਰੂ ਕਰ ਦਿੱਤੀ ਜੋ ਅਜੇ ਤੱਕ ਹੋਈਆਂ ਹੀ ਨਹੀਂ ਸਨ। ਭਾਰਤ ਵਿਚ ਖ਼ਬਰਾਂ ਅਕਸਰ ਵਰਤਮਾਨ ਦੀ ਬਜਾਏ ਭਵਿੱਖ ਬਾਰੇ ਹੁੰਦੀਆਂ ਹਨ।) ਕੁਝ ਵੀ ਕੰਮ ਨਾ ਆਇਆ। ਪੁਲਿਸ ਅਤੇ ਆਰ.ਏ.ਐੱਫ. ਨੇ ਬੇਤਹਾਸ਼ਾ ਲਾਠੀਆਂ ਚਲਾਈਆਂ, ਬੱਚਿਆਂ ਦੇ ਸਿਰ ਭੰਨੇ ਅਤੇ ਹੱਥ-ਪੈਰ ਤੋੜੇ। ਅੱਥਰੂ ਗੈਸ ਦੇ ਗੋਲੇ ਸੁੱਟੇ। ਪਰ ਨੌਜਵਾਨ ਮਾਰਚ ਕਰਦੇ ਰਹੇ। ਸਿੱਧੇ ਸੰਸਦ ਵੱਲ। ਸਿੱਧੇ ਉਸ ਥਾਂ ਵੱਲ ਜਿੱਥੇ ਉਨ੍ਹਾਂ ਨੇ ਜਾਣ ਦਾ ਐਲਾਨ ਕੀਤਾ ਸੀ। ਜਿਵੇਂ ਹੀ ਉਹ ਨੇੜੇ ਆਏ, ਸੁਰੱਖਿਆ ਬਲਾਂ ਨੇ ਪੁਜੀਸ਼ਨਾਂ ਲੈ ਲਈਆਂ, ਉਨ੍ਹਾਂ ਨੇ ਆਪਣੀਆਂ ਏਕੇ-47 ਰਾਈਫ਼ਲਾਂ ਉਨ੍ਹਾਂ ਨਿਹੱਥੇ ਵਿਦਿਆਰਥੀਆਂ ਵੱਲ ਤਾਣੀਆਂ ਹੋਈਆਂ ਸਨ। ਫਿਰ ਵੀ ਕਾਕਰੋਚ ਮਾਰਚ ਕਰਦੇ ਰਹੇ। ਅਤੇ ਜਿਵੇਂ-ਜਿਵੇਂ ਉਹ ਮਾਰਚ ਕਰਦੇ ਗਏ, ਉਨ੍ਹਾਂ ਨੇ ਸਰਕਾਰ ਦੀ ਲੋਹੇ ਦੀ ਮੁੱਠੀ ਨੂੰ ਢਕਣ ਲਈ ਪਾਏ ਮਖ਼ਮਲੀ ਦਸਤਾਨੇ ਦੇ ਹਰ ਬਚੇ-ਖੁੱਚੇ ਨਿਸ਼ਾਨ ਨੂੰ ਲਾਹ ਕੇ ਸੁੱਟ ਦਿੱਤਾ ਅਤੇ ਮੌਜੂਦਾ ਹਕੂਮਤ ਨੂੰ ਉਸ ਦੇ ਅਸਲੀ ਰੂਪ ’ਚ ਬੇਨਕਾਬ ਕਰ ਦਿੱਤਾ—ਜੋ ਉਹ ਹੈ ਅਤੇ ਹਮੇਸ਼ਾ ਤੋਂ ਰਹੀ ਹੈ। ਇੱਕ ਫ਼ਾਸ਼ੀਵਾਦੀ ਲੋਹੇ ਦੀ ਮੁੱਠੀ। ਬਦਮਾਸ਼ਾਂ ਦਾ ਗਰੋਹ, ਜਿਸ ਕੋਲ ਉਸ ਮੁਲਕ ਦੇ ਇਤਿਹਾਸ ਅਤੇ ਵੰਨ-ਸੁਵੰਨਤਾ ਨੂੰ ਸਮਝਣ ਦੀ ਕੋਈ ਸਮਰੱਥਾ ਨਹੀਂ ਹੈ, ਜਿਸ ਉੱਤੇ ਉਹ ਰਾਜ ਕਰਦਾ ਹੈ। ਅਜਿਹੇ ਲੋਕ ਜੋ ਸਿਰਫ਼ ਨਫ਼ਰਤ ਕਰਨਾ ਜਾਣਦੇ ਹਨ, ਪਰ ਉਨ੍ਹਾਂ ਨੂੰ ਪਿਆਰ ਕਰਨਾ ਜਾਂ ਸੋਚਣਾ ਨਹੀਂ ਆਉਂਦਾ।
ਜਿਵੇਂ ਹੀ ਮਾਰਚ ਕਰਨ ਵਾਲੇ ਨੇੜੇ ਆਏ, ਸਾਡੇ ਬਹਾਦਰ ਅਤੇ ਸ਼ੇਖ਼ੀਬਾਜ਼ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾ ਦਿੱਤਾ ਗਿਆ। ਸੰਸਦ ਮੈਂਬਰਾਂ ਨੂੰ ਚਮਕਾਂ ਮਾਰਦੇ ਨਵੇਂ ਸੰਵਿਧਾਨ ਸੰਸਦ ਭਵਨ ਵਿਚੋਂ ਬਾਹਰ ਨਿਕਲਣ ਤੋਂ ਰੋਕ ਦਿੱਤਾ ਗਿਆ, ਜਿਸ ਦਾ ਪੂਰਾ ਮਕਸਦ ਨਿੱਤ ਦਿਨ ਸੰਵਿਧਾਨ ਨੂੰ ਕਮਜ਼ੋਰ ਕਰਨਾ ਜਾਪਦਾ ਹੈ।
ਸ਼ਾਮ ਤੱਕ ਪੁਲਿਸ ਨੇ ਪ੍ਰਦਰਸ਼ਨ ਸਥਾਨ ਉੱਤੇ ਮੁੱਖ ਮੰਚ ਤੋੜ ਦਿੱਤਾ ਸੀ। ਰਾਤ ਤੱਕ ਲੋਕਾਂ ਨੇ ਉਸ ਨੂੰ ਮੁੜ ਆਪਣੇ ਕਬਜ਼ੇ ਵਿਚ ਲੈ ਲਿਆ। ਜਿਵੇਂ ਹੀ ਪੁਲਿਸ ਰਾਤ ਲਈ ਪਿੱਛੇ ਹਟੀ, ਕਾਕਰੋਚਾਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਤਾਲੀਆਂ ਵਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਬੱਚਿਆਂ ਨੂੰ ਕੁੱਟਣ ਲਈ। ਵਾਹ ਮੋਦੀ ਜੀ! ਵਾਹ!
ਇਸ ਤੋਂ ਵੱਡੇ ਰਾਜਨੀਤਿਕ ਬਦਲਾਅ ਦੀ ਉਮੀਦ ਕਰਨਾ ਮੂਰਖਤਾ ਹੋਵੇਗੀ। ਪਰ ਇਸ ਨੂੰ ਸਿਰਫ਼ ਇੱਕ ਉਤਸ਼ਾਹ ਭਰੇ ਪਲ ਵਜੋਂ ਖਾਰਜ ਕਰ ਦੇਣਾ ਵੀ ਅਸੰਵੇਦਨਸ਼ੀਲ ਹੋਵੇਗਾ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਵਾਇਰਜ਼ ਅਤੇ ਲਾਈਵ-ਸਕ੍ਰੀਮਿੰਗ ਟੀਵੀ ਚੈਨਲ ਵਿਦੇਸ਼ੀ ਫੰਡਿੰਗ ਅਤੇ ਸੀ.ਆਈ.ਏ. ਸਾਜ਼ਿਸ਼ਾਂ ਬਾਰੇ ਗੱਪਾਂ, ਇਸ਼ਾਰਿਆਂ ਅਤੇ ਸਾਜ਼ਿਸ਼ੀ ਸਿਧਾਂਤਾਂ ਦੀ ਅੱਗ ਨਾਲ ਮੱਚ ਰਹੇ ਹਨ। ਮਾਣਮੱਤੇ ਅੰਦੋਲਨਜੀਵੀ—ਮੋਦੀ ਵੱਲੋਂ ਮੇਰੇ ਵਰਗੇ ਲੋਕਾਂ ਲਈ ਵਰਤਿਆ ਗਿਆ ਅਪਮਾਨਜਨਕ ਨਾਮ—ਵਜੋਂ ਮੈਂ ਮੰਨਦੀ ਹਾਂ ਕਿ ਜਦੋਂ ਇਹ ਸਭ ਸ਼ੁਰੂ ਹੋਇਆ, ਮੈਂ ਵੀ ਚੁਕੰਨੀ ਸੀ। ਮੈਨੂੰ ਚਿੰਤਾ ਸੀ ਕਿ ਅਸੀਂ ਇੱਕ ਹੋਰ ਅੰਨਾ ਹਜ਼ਾਰੇ ਪਲ ਵੱਲ ਜਾ ਰਹੇ ਹਾਂ—2011 ਦਾ ਕਥਿਤ ਭ੍ਰਿਸ਼ਟਾਚਾਰ ਵਿਰੋਧੀ ਜਨ-ਅੰਦੋਲਨ—ਜੋ ਆਪਣੇ ਸ਼ੁਰੂਆਤੀ ਇਰਾਦਿਆਂ ਦੇ ਬਾਵਜੂਦ ਅਖ਼ੀਰ ਸਾਨੂੰ ਤਿੰਨ ਕਾਰਜਕਾਲਾਂ ਲਈ ਅਜਿਹੀ ਰਾਜਨੀਤਿਕ ਪਾਰਟੀ ਦੇ ਰਾਜ ਦੀ ਸੌਗਾਤ ਦੇ ਗਿਆ, ਜਿਸ ਨੇ ਇਸ ਮੁਲਕ ਦੀ ਹਰ ਸੰਸਥਾ ਤਬਾਹ ਕਰ ਦਿੱਤੀ ਹੈ। ਇੱਕ ਅਜਿਹੀ ਪਾਰਟੀ ਜੋ ਆਪਣੇ ਆਪ ਨੂੰ ਇੱਕ ਰਾਜਨੀਤਿਕ ਪਾਰਟੀ ਅਤੇ ਭਾਰਤ ਸਰਕਾਰ ਵਿਚਕਾਰ ਕੋਈ ਫ਼ਰਕ ਨਹੀਂ ਦੇਖਦੀ, ਜੋ ਨਾ ਮੁਲਕ ਦਾ ਆਦਰ ਕਰਦੀ ਹੈ ਅਤੇ ਨਾ ਆਪਣੇ ਨਾਗਰਿਕਾਂ ਦਾ, ਅਤੇ ਜਿਸ ਨੇ ਸਾਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸ਼ਰਮਿੰਦਾ ਕੀਤਾ ਹੈ ਅਤੇ ਭਾਰਤ ਨੂੰ ਗੋਡਿਆਂ ਭਾਰ ਕਰ ਦਿੱਤਾ ਹੈ।
ਪਰ ਕਾਕਰੋਚ ਜਨਤਾ ਪਾਰਟੀ ਬਾਰੇ ਮੇਰੇ ਸ਼ੱਕ ਉਦੋਂ ਦੂਰ ਹੋ ਗਏ ਜਦੋਂ ਮੈਂ ਮੁੱਖਧਾਰਾ ਦੇ ਮੀਡੀਆ ਦਾ ਉਨ੍ਹਾਂ ਪ੍ਰਤੀ ਦੁਸ਼ਮਣੀ ਭਰਿਆ ਰਵੱਈਆ ਵੇਖਿਆ। ਇਹ ਮੇਰੇ ਲਈ ਪਹਿਲਾ ਅਤੇ ਸਭ ਤੋਂ ਭਰੋਸਾ ਦਿਵਾਉਣ ਵਾਲਾ ਸੰਕੇਤ ਸੀ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਅਭਿਜੀਤ ਦੀਪਕੇ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਤ ਹਨ, ਅਤੇ ਇਸ ਤੋਂ ਵੀ ਵੱਧ ਖੁਸ਼ੀ ਇਸ ਗੱਲ ਦੀ ਹੋਈ ਕਿ ਕਿਸੇ ਦਾ ਧਿਆਨ ਉਸ ਉੱਤੇ ਕੇਂਦਰਿਤ ਨਹੀਂ ਸੀ। ਮੇਰੇ ਲਈ ਸਭ ਕੁਝ ਉਦੋਂ ਬਦਲ ਗਿਆ ਜਦੋਂ ਮੈਂ ਉਸ ਨੂੰ ਇਹ ਕਹਿੰਦੇ ਸੁਣਿਆ: ‘ਜੇ ਮੇਰਾ ਨਾਮ ਖ਼ਾਲਿਦ ਹੁੰਦਾ, ਜਾਂ ਜੇ ਮੈਂ ਮੁਸਲਮਾਨ ਹੁੰਦਾ, ਤਾਂ ਮੈਂ ਹੁਣ ਤੱਕ ਜੇਲ੍ਹ ਵਿਚ ਹੁੰਦਾ।’ ਉਸ ਵਿਚ ਭਾਰਤ ਵਿਚ ਚੀਜ਼ਾਂ ਅਸਲ ਵਿਚ ਕਿਵੇਂ ਕੰਮ ਕਰਦੀਆਂ ਹਨ, ਉਸ ਦੀ ਅਸ਼ਲੀਲਤਾ ਨੂੰ ਬੇਨਕਾਬ ਕਰਨ ਦਾ ਹੌਸਲਾ ਸੀ—ਇਹ ਤੱਥ ਕਿ ਸਾਡੇ ਮੁਲਕ ਵਿਚ ਸਭ ਕੁਝ, ਖ਼ਾਸ ਕਰਕੇ ਕਾਨੂੰਨ, ਸਭ ਉੱਤੇ ਇੱਕੋ ਜਿਹਾ ਲਾਗੂ ਨਹੀਂ ਹੁੰਦਾ। ਸਭ ਕੁਝ ਪੂਰੀ ਤਰ੍ਹਾਂ ਤੁਹਾਡੇ ਧਰਮ, ਜਾਤ, ਵਰਗ, ਨਸਲੀ ਪਛਾਣ ਅਤੇ ਲਿੰਗ ਉੱਤੇ ਨਿਰਭਰ ਕਰਦਾ ਹੈ। ਇਹ ਬਹੁਤ ਸਾਦਗੀ ਨਾਲ ਕਹੀ ਗਈ ਡੂੰਘੀ ਟਿੱਪਣੀ ਸੀ। ਉਸ ਵੱਲੋਂ ਇਹ ਗੱਲ ਜਨਤਕ ਤੌਰ ਉੱਤੇ ਕਹਿਣ ਨੇ—ਜਦੋਂ ਵਿਰੋਧੀ ਧਿਰ ਦੇ ਰਾਜਨੇਤਾ ਵੀ ‘ਹਿੰਦੂ ਪ੍ਰਤੀਕਿਰਿਆ’ ਦੇ ਡਰ ਕਾਰਨ ‘ਮੁਸਲਮਾਨ’ ਕਹਿਣ ਦੀ ਬਜਾਏ ਸਿਰਫ਼ ‘ਘੱਟਗਿਣਤੀ ਭਾਈਚਾਰਾ’ ਕਹਿੰਦੇ ਹਨ—ਮੈਨੂੰ ਤੁਰੰਤ ਜੰਤਰ-ਮੰਤਰ ਵੱਲ ਜਾਣ ਲਈ ਮਜਬੂਰ ਕਰ ਦਿੱਤਾ। ਮੈਨੂੰ ਇਹ ਵੀ ਪਤਾ ਸੀ ਕਿ ਜਦੋਂ ਦੀਪਕੇ ਨੇ ‘ਖ਼ਾਲਿਦ’ ਨਾਮ ਚੁਣਿਆ, ਉਹ ਉਮਰ ਖ਼ਾਲਿਦ ਦੀ ਗੱਲ ਕਰ ਰਿਹਾ ਸੀ—ਜੇ.ਐਨ.ਯੂ. ਦਾ ਵਿਦਵਾਨ, ਜੋ ਸ਼ਰਜੀਲ ਇਮਾਮ ਅਤੇ ਕਈ ਹੋਰਾਂ ਨਾਲ ਲਗਭਗ ਛੇ ਸਾਲਾਂ ਤੋਂ ਬਿਨਾਂ ਮੁਕੱਦਮੇ ਦੇ ਜੇਲ੍ਹ ਵਿਚ ਡੱਕਿਆ ਹੋਇਆ ਹੈ। ਉਮਰ ਦਾ ਜੁਰਮ? 2020 ਦੇ ਨਾਗਰਿਕਤਾ ਸੋਧ ਕਾਨੂੰਨ—ਸੀਏਏ—ਵਿਰੁੱਧ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਅਹਿੰਸਕ ਰਹਿਣ ਦੀ ਅਪੀਲ ਕਰਨਾ, ਜਦੋਂ ਦਿੱਲੀ ਹਿੰਦੂ ਚੌਕਸੀ ਗਰੋਹਾਂ ਦੇ ਗੁੰਡਿਆਂ ਵੱਲੋਂ ਭੜਕਾਈ ਅੱਗਜ਼ਨੀ, ਕਤਲਾਂ ਅਤੇ ਮਸਜਿਦਾਂ ਸਾੜਨ ਦੀਆਂ ਘਟਨਾਵਾਂ ਨਾਲ ਜੂਝ ਰਹੀ ਸੀ, ਜੋ ਪੁਲਿਸ ਨਿਗਰਾਨੀ ਹੇਠ ਹੁੰਦੀਆਂ ਸਨ ਅਤੇ ਕਈ ਵਾਰ ਪੁਲਿਸ ਉਨ੍ਹਾਂ ਵਿਚ ਹਿੱਸਾ ਵੀ ਲੈਂਦੀ ਸੀ। ਜ਼ਮਾਨਤ ਲਈ ਉਸਦੀ ਇੱਕ ਤੋਂ ਬਾਅਦ ਇੱਕ ਅਪੀਲ ਉਨ੍ਹਾਂ ਜੱਜਾਂ ਨੇ ਰੱਦ ਕਰ ਦਿੱਤੀ, ਜੋ ਇੰਝ ਜਾਪਦਾ ਹੈ ਕਿ ਇਹ ਕਰਨ ਜਾਂ ਸਮਝਣ ਦਾ ਹੌਸਲਾ ਗੁਆ ਚੁੱਕੇ ਹਨ ਕਿ ਸਹੀ ਕੀ ਹੈ।
ਜਿਵੇਂ-ਜਿਵੇਂ ਕਾਕਰੋਚ ਮਾਰਚ ਕਰਦੇ ਗਏ ਅਤੇ ਉਨ੍ਹਾਂ ਦੀ ਗਿਣਤੀ ਵਧਦੀ ਗਈ, ਮੈਂ ਸੋਚਿਆ: ਸ਼ੁਕਰ ਹੈ ਕਿ ਉਹ ਜ਼ਿਆਦਾਤਰ ਮੁਸਲਮਾਨ, ਸਿੱਖ, ਈਸਾਈ ਜਾਂ ਆਦਿਵਾਸੀ ਨਹੀਂ ਹਨ। ਉਨ੍ਹਾਂ ਨੂੰ ਕੁਚਲ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ, ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ। ਸ਼ੁਕਰ ਹੈ ਕਿ ਉਹ ਕਸ਼ਮੀਰੀ ਨਹੀਂ ਹਨ। ਉਨ੍ਹਾਂ ਨੂੰ ਅੰਨ੍ਹਾ ਕਰ ਦਿੱਤਾ ਜਾਂਦਾ (ਹਾਲਾਂਕਿ ਕੁਝ ਨੂੰ ਪੈਲਟ ਗੰਨਾਂ ਦੇ ਛਰਿਆਂ ਵਰਗੀਆਂ ਚੋਟਾਂ ਜ਼ਰੂਰ ਲੱਗੀਆਂ)। ਸ਼ੁਕਰ ਹੈ ਕਿ ਉਹ ਜ਼ਿਆਦਾਤਰ ਹਿੰਦੂ ਹਨ। ਭਾਰਤ ਵਿਚ ਇਸ ਵੇਲੇ ਹਾਲਤ ਕਿੰਨੀ ਦੁਖਦਾਈ ਹੈ। ਹਾਲਾਂਕਿ ਹਾਲਤ ਇੱਕ ਮਿੰਟ ਵਿਚ ਬਦਲ ਸਕਦੀ ਹੈ। ਅਸੀਂ ਇੱਕ ‘ਵਿਕਾਸਸ਼ੀਲ ਸਥਿਤੀ’ ਵਿਚ ਹਾਂ। ਦੂਜੇ ਰਾਜਾਂ ਤੋਂ ਹਜ਼ਾਰਾਂ ਨੀਮ-ਫ਼ੌਜੀ ਬਲਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਲਿਆਂਦੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਅਸੀਂ ਨਹੀਂ ਜਾਣਦੇ ਕਿ ਆਉਣ ਵਾਲੇ ਦਿਨ ਕੀ ਲੈ ਕੇ ਆਉਣਗੇ।
ਇਹ ਸਭ ਸਾਨੂੰ ਕਿੱਥੇ ਛੱਡ ਦਿੰਦਾ ਹੈ? ਅੰਨਾ ਹਜ਼ਾਰੇ ਅੰਦੋਲਨ ਦੇ ਉਲਟ, ਜਿਸ ਨੂੰ ਸੈਂਕੜਿਆਂ ਉਤਾਵਲੇ, ਕਾਰਪੋਰੇਟ ਮਲਕੀਅਤ ਵਾਲੇ ਟੀਵੀ ਚੈਨਲਾਂ ਉੱਤੇ ਹਫ਼ਤਿਆਂ ਤੱਕ ਚੌਵੀ ਘੰਟੇ ਉਤਸ਼ਾਹੀ ਅਤੇ ਲਗਾਤਾਰ ਕਵਰੇਜ ਮਿਲੀ, ਕਾਕਰੋਚ ਜਨਤਾ ਪਾਰਟੀ ਕੋਲ ਸਿਰਫ਼ ਆਪਣੇ ਆਪ ਅਤੇ ਇੰਟਰਨੈੱਟ ਉੱਤੇ ਭਰੋਸਾ ਕਰਨ ਦਾ ਸਾਧਨ ਹੈ। ਅੰਨਾ ਅੰਦੋਲਨ ਦੇ ਉਲਟ, ਜਿਸ ਵਿਚ ਰਾਸ਼ਟਰੀ ਸਵੈਸੇਵਕ ਸੰਘ—ਆਰ.ਐੱਸ.ਐੱਸ.—ਨੇ ਘੁਸਪੈਠ ਕਰਕੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ, ਅਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਪੈਦਾ ਹੋਏ ਟੀ.ਵੀ. ਜਨੂੰਨ ਤੋਂ ਚੁਣਾਵੀ ਲਾਭ ਲੈਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਦਰਵਾਜ਼ੇ ਉੱਤੇ ਖੜ੍ਹੀ ਸੀ, ਕਾਕਰੋਚਾਂ ਕੋਲ ਪਿੱਛੇ ਪਰ ਤੋਲ ਰਹੀਆਂ ਸੰਗਠਿਤ ਵਿਰੋਧੀ-ਧਿਰ ਦੀ ਪਾਰਟੀ ਨਹੀਂ ਹੈ ਜੋ ਚੀਜ਼ਾਂ ਨੂੰ ਅੱਗੇ ਲੈ ਜਾਣ ਲਈ ਤਿਆਰ ਹੋਵੇ। ਅਸੀਂ ਜੋ ਸੁਭਾਵਿਕ ਗੁੱਸਾ ਦੇਖ ਰਹੇ ਹਾਂ, ਉਹ ਉਦੋਂ ਤੱਕ ਖ਼ਤਮ ਹੋ ਜਾਵੇਗਾ ਜਦੋਂ ਤੱਕ ਕੋਈ ਅਸਲ ਰਾਜਨੀਤਿਕ ਕੰਮ ਸ਼ੁਰੂ ਨਹੀਂ ਹੁੰਦਾ। ਜਦੋਂ ਤੱਕ ਵੱਡੇ ਲੋਕ ਅਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਆਪਣੇ ਜੋੜ-ਤੋੜ ਅਤੇ ਛੋਟੇ-ਮੋਟੇ ਝਗੜੇ ਛੱਡ ਕੇ ਕੁਝ ਏਕਤਾ ਨਹੀਂ ਦਿਖਾਉਂਦੇ। ਸਰਕਾਰ ਜਾਣਦੀ ਹੈ ਕਿ ਇਹ ਅਸੰਭਵ ਹੈ। ਉਹ ਬੇਅਸਰ ਬੈਠੀ ਰਹਿੰਦੀ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਸਿਰਫ਼ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ। ਰਾਜਾਂ ਕੋਲ ਇੰਤਜ਼ਾਰ ਕਰਨ ਦੀ ਤਾਕਤ ਹੁੰਦੀ ਹੈ। ਲੋਕਾਂ ਕੋਲ ਨਹੀਂ।
ਇਸ ਵੇਲੇ ਕਾਕਰੋਚ ਵਿਦਰੋਹ ਭਾਰਤ ਭਰ ਵਿਚ ਚੱਲ ਰਹੇ ਕਈ ਵਿਰੋਧ ਪ੍ਰਦਰਸ਼ਨਾਂ ਵਿਚੋਂ ਇੱਕ ਹੈ। ਮੱਧ ਪ੍ਰਦੇਸ਼ ਵਿਚ ਆਦਿਵਾਸੀ ਕੇਨ-ਬੇਤਵਾ ਨਦੀ ਜੋੜੋ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ। ਉੱਤਰਾਖੰਡ ਵਿਚ ਪਿੰਡਾਂ ਦੇ ਲੋਕ ਵੱਡੇ ਪੱਧਰ ਉੱਤੇ ਦਰੱਖ਼ਤਾਂ ਦੀ ਕਟਾਈ ਦਾ ਵਿਰੋਧ ਕਰ ਰਹੇ ਹਨ। ਲੋਕ ਗ੍ਰੇਟਰ ਨਿਕੋਬਾਰ ਟਾਪੂਆਂ ਦੇ ਵਾਤਾਵਰਣੀ ਅਪਮਾਨ ਦਾ ਵਿਰੋਧ ਕਰ ਰਹੇ ਹਨ। ਮਣੀਪੁਰ ਉਬਲ ਰਿਹਾ ਹੈ। ਨੌਕਰੀਆਂ ਗਾਇਬ ਹੋ ਰਹੀਆਂ ਹਨ। ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਗੁੱਸਾ ਵਧ ਰਿਹਾ ਹੈ। ਅਤੇ ਭਾਜਪਾ-ਆਰਐੱਸਐੱਸ ਦਾ ‘ਭਗਵਾਨ’ ਵਾਲਾ ਖੇਡ ਆਪਣੇ ਅਸਲੀ ਰੂਪ ’ਚ ਬੇਨਕਾਬ ਹੋ ਰਿਹਾ ਹੈ। ਇੱਕ ਝਾਂਸਾ। ਗੁੰਡਿਆਂ ਵੱਲੋਂ ਸੰਚਾਲਿਤ ਅਣਕਿਆਸੇ ਲਾਭ ਦੀ ਦੌੜ। ਅਯੁੱਧਿਆ ਵਿਚ ਰਾਮ ਮੰਦਰ ਦੀ ਲੁੱਟ ਨੇ ਸਾਨੂੰ ਇੱਕ ਮਾੜੀ ਬਾਲੀਵੁੱਡ ਸਕ੍ਰਿਪਟ ਦਿੱਤੀ ਹੈ, ਜੋ ਸਾਡੀਆਂ ਅੱਖਾਂ ਸਾਹਮਣੇ ਖੇਡੀ ਜਾ ਰਹੀ ਹੈ: ਆਕਰਸ਼ਕ ਭਗਵਾਨ ਅਤੇ ਭ੍ਰਿਸ਼ਟ ਰਾਜਨੇਤਾ ਹੋਟਲ ਬਣਾ ਰਹੇ ਹਨ, ਜਾਇਦਾਦਾਂ ਇਕੱਠੀਆਂ ਕਰ ਰਹੇ ਹਨ, ਐੱਸ.ਯੂ.ਵੀ. ਗੱਡੀਆਂ ਵਿਚ ਘੁੰਮ ਰਹੇ ਹਨ ਅਤੇ ਗਰੀਬ ਤੇ ਭੋਲੇ-ਭਾਲੇ ਲੋਕਾਂ ਦੇ ਵਿਸ਼ਵਾਸ ਉੱਪਰ ਗੋਗੜਾਂ ਵਧਾ ਰਹੇ ਹਨ। ਭ੍ਰਿਸ਼ਟਾਚਾਰ ਅਤੇ ਦਿਨ-ਦਿਹਾੜੇ ਲੁੱਟ ਦਾ ਜਾਲ ਉੱਪਰ ਤੱਕ ਫੈਲਿਆ ਹੋਇਆ ਹੈ।
ਕੀ ਕਾਕਰੋਚਾਂ ਦੀ ਤਾਕਤ ਸਾਨੂੰ ਇਸ ਖੱਡ ਵਿਚੋਂ ਬਾਹਰ ਕੱਢ ਸਕਦੀ ਹੈ? ਇਹ ਸੌਖਾ ਨਹੀਂ ਹੈ। ਭਾਰਤ ਵਿਚ ਜਨ-ਅੰਦੋਲਨਾਂ ਦੇ ਨਤੀਜਿਆਂ ਉੱਤੇ ਤੇਜ਼ੀ ਨਾਲ ਨਜ਼ਰ ਮਾਰਿਆਂ ਸਥਿਤੀ ਉਤਸ਼ਾਹਜਨਕ ਨਹੀਂ ਹੈ। ਇਹ ਸੁੰਗੜਦੀਆਂ ਮਹੱਤਵ ਆਕਾਖਿਆਵਾਂ ਅਤੇ ਟੁੱਟੇ ਹੋਏ ਸੁਪਨਿਆਂ ਦਾ ਸੰਖੇਪ ਇਤਿਹਾਸ ਹੈ। ਸੱਠ ਅਤੇ ਸੱਤਰ ਦੇ ਦਹਾਕਿਆਂ ਵਿਚ ਵੱਖ-ਵੱਖ ਅੰਦੋਲਨਾਂ ਨੇ—ਜਿਨ੍ਹਾਂ ਵਿਚ ਨਕਸਲੀਆਂ ਦਾ ਹਥਿਆਰਬੰਦ ਵਿਦਰੋਹ ਵੀ ਸ਼ਾਮਲ ਸੀ—ਦੌਲਤ ਅਤੇ ਜ਼ਮੀਨ ਦੀ ਮੁੜ ਵੰਡ ਦੀ ਮੰਗ ਕੀਤੀ, ਅਤੇ ਕਿਹਾ ਕਿ ਜ਼ਮੀਨ ਉਸ ਦੀ ਹੋਵੇ ਜੋ ਉਸ ਨੂੰ ਵਾਹੁੰਦਾ ਹੈ। ਉਨ੍ਹਾਂ ਨੂੰ ਕੁਚਲ ਦਿੱਤਾ ਗਿਆ। ਅੱਸੀ ਅਤੇ ਨੱਬੇ ਦੇ ਦਹਾਕਿਆਂ ਵਿਚ ਸਮਾਜਿਕ ਅੰਦੋਲਨਾਂ, ਖ਼ਾਸ ਕਰਕੇ ‘ਨਰਮਦਾ ਬਚਾਓ ਅੰਦੋਲਨ’ ਅਤੇ ਬਾਅਦ ਵਿਚ ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ ਵਿਚ ਮਾਓਵਾਦੀਆਂ ਨੇ ਕਿਸਾਨਾਂ ਅਤੇ ਆਦਿਵਾਸੀ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਉਜਾੜੇ ਜਾਣ ਦੇ ਵਿਰੁੱਧ ਲੜਾਈ ਲੜੀ। ਦੂਜੇ ਸ਼ਬਦਾਂ ਵਿਚ, ਉਹ ਮੰਗ ਕਰ ਰਹੇ ਸਨ ਕਿ ਗਰੀਬਾਂ ਕੋਲ ਜੋ ਕੁਝ ਬਚਿਆ ਹੈ, ਉਹ ਨਾ ਖੋਹਿਆ ਜਾਵੇ। ਉਨ੍ਹਾਂ ਨੂੰ ਵੀ ਕੁਚਲ ਦਿੱਤਾ ਗਿਆ। 2000 ਦੇ ਦਹਾਕੇ ਤੱਕ ਉਹ ਨੈਸ਼ਨਲ ਰੂਰਲ ਐਮਪਲਾਇਮੈਂਟ ਗਾਰੰਟੀ ਐਕਟ—ਨਰੇਗਾ—ਦੇ ਸ਼ੁਕਰਗੁਜ਼ਾਰ ਰਹਿਣ ਤੱਕ ਸੀਮਿਤ ਹੋ ਗਏ। ਘੱਟੋ-ਘੱਟ ਮਜ਼ਦੂਰੀ ਦੇ ਆਧਾਰ ’ਤੇ ਸਾਲ ਵਿਚ ਤਿੰਨ ਮਹੀਨਿਆਂ ਦੇ ਰੁਜ਼ਗਾਰ ਦਾ ਹੱਕ—ਇੱਕ ਅਜਿਹੀ ਰਕਮ, ਜੋ ਕਿਸੇ ਸ਼ਹਿਰ ਦੇ ਮਹਿੰਗੇ ਰੈਸਤਰਾਂ ਵਿਚ ਇੱਕ ਵਧੀਆ ਖਾਣੇ ਦੇ ਮੁੱਲ ਦੇ ਬਰਾਬਰ ਹੈ। ਉਸ ਨੂੰ ਵੀ ਇਸ ਸ਼ਾਸਨ ਵੱਲੋਂ ਖ਼ਤਮ ਕਰ ਦਿੱਤਾ ਗਿਆ ਹੈ, ਅਤੇ ਉਸ ਦੀ ਥਾਂ ਜੀਊਂਦੇ ਰਹਿਣ ਜਿੰਨਾ ਰਾਸ਼ਨ—ਮੋਦੀ ਦੀ ਫੋਟੋ ਵਾਲੀਆਂ ਸਹੂਲਤਾਂ ਦੀਆਂ ਥੈਲੀਆਂ—ਲੋਕਾਂ ਵੱਲ ਤਿਰਸਕਾਰ ਨਾਲ ਸੁੱਟੀਆਂ ਗਈਆਂ ਹਨ, ਜਿਵੇਂ ਚੱਲਦੀ ਕਾਰ ਵਿਚੋਂ ਭਿਖਾਰੀਆਂ ਵੱਲ ਭੀਖ ਸੁੱਟੀ ਜਾਂਦੀ ਹੈ, ਬਦਲੇ ਵਿਚ ਸ਼ੁਕਰਾਨੇ ਅਤੇ ਵੋਟਾਂ ਲਈ। ਜਿਵੇਂ-ਜਿਵੇਂ ਆਰਥਿਕਤਾ ਲੜਖੜਾ ਰਹੀ ਹੈ, ਇਹ ਵੀ ਸੰਕਟ ਵਿਚ ਹੈ।
ਅੱਜ, 2026 ਵਿਚ, ਅਸੀਂ ਆਪਣੇ ਵੋਟ ਪਾਉਣ ਦੇ ਆਪਣੇ ਅਧਿਕਾਰ ਅਤੇ ਆਪਣੀ ਨਾਗਰਿਕਤਾ ਲਈ ਲੜਨ ਤੱਕ ਸੀਮਿਤ ਹੋ ਗਏ ਹਾਂ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (ਐੱਨ.ਆਰ.ਸੀ.) ਦੇ ਨਾਲ ਮਿਲ ਕੇ ਨਾਜ਼ੀ ਜਰਮਨੀ ਦੇ 1935 ਦੇ ਨਿਊਰਨਬਰਗ ਕਾਨੂੰਨਾਂ ਦਾ ਹਿੰਦੂ ਰਾਸ਼ਟਰ ਐਡੀਸ਼ਨ ਹੈ, ਜਿਨ੍ਹਾਂ ਰਾਹੀਂ ਤੀਜੀ ਰਾਈਖ (ਨਾਜ਼ੀ ਪਾਰਲੀਮੈਂਟ) ਨੇ ਜਰਮਨ ਨਾਗਰਿਕਾਂ ਨੂੰ ਉਨ੍ਹਾਂ ਦੇ ‘ਵਿਰਾਸਤੀ ਕਾਗਜ਼ਾਂ’ ਦੇ ਆਧਾਰ ਉੱਤੇ ਨਾਗਰਿਕਤਾ ਦਿੱਤੀ ਸੀ। ਭਾਰਤ ਵਿਚ ਕਿੰਨੇ ਲੋਕਾਂ ਕੋਲ ਇਹ ਕਾਗਜ਼ ਹਨ? ਸੀ.ਏ.ਏ.-ਐੱਨ.ਆਰ.ਸੀ. ਵਿਰੋਧੀ ਅੰਦੋਲਨ ਵੱਡੇ ਪੱਧਰ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਪ੍ਰਦਰਸ਼ਨਕਾਰੀਆਂ ਦੇ ਕਤਲਾਂ ਅਤੇ ਕਾਰਕੁਨਾਂ ਨੂੰ ਜੇਲ੍ਹਾਂ ਵਿਚ ਡੱਕੇ ਜਾਣ ਤੋਂ ਬਾਅਦ ਮੱਠਾ ਪੈ ਗਿਆ। ਪਰ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਸਰਕਾਰ ਨੂੰ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਰਫ਼ਤਾਰ ਹੌਲੀ ਕਰਨੀ ਪਈ। ਪਰ ਹੁਣ ਸੀ.ਏ.ਏ.-ਐੱਨ.ਆਰ.ਸੀ., ਜਿਸ ਬਾਰੇ ਬਹੁਤ ਸਾਰੇ ਲੋਕ ਠੀਕ ਸਮਝਦੇ ਸਨ ਕਿ ਇਹ ਮੁੱਖ ਤੌਰ ਉੱਤੇ ਮੁਸਲਮਾਨਾਂ ਵਿਰੁੱਧ ਹੈ, ਚੋਣ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਭਾਵ ਵੋਟਰ ਸੂਚੀਆਂ ਦੀ ਬਾਰੀਕੀ ਨਾਲ ਸੋਧ ਦੇ ਰੂਪ ਵਿਚ ਭੇਸ ਬਦਲ ਕੇ ਵਾਪਸ ਆ ਗਿਆ ਹੈ। ਸਾਨੂੰ ਬਿਨਾਂ ਕਿਸੇ ਰਸਮੀ ਕਾਰਵਾਈ ਦੇ ਦੱਸ ਦਿੱਤਾ ਗਿਆ ਹੈ ਕਿ ਸਾਡੇ ਪਾਸਪੋਰਟ ਵੀ ਨਾਗਰਿਕਤਾ ਦਾ ਸਬੂਤ ਨਹੀਂ ਹਨ। ਲੱਖਾਂ ਲੋਕਾਂ ਨੂੰ ਵੋਟਰ ਸੂਚੀਆਂ ਵਿਚੋਂ ਹਟਾਇਆ ਜਾ ਰਿਹਾ ਹੈ। ਪੂਰਾ ਮੁਲਕ ਘਬਰਾ ਕੇ ‘ਵਿਰਾਸਤੀ ਕਾਗਜ਼’ ਲੱਭ ਰਿਹਾ ਹੈ। ਸਾਨੂੰ ਨਹੀਂ ਪਤਾ ਕਿ ਅਸੀਂ ਕਿੱਥੇ ਖੜ੍ਹੇ ਹਾਂ। ਕੀ ਅਸੀਂ ਕਾਨੂੰਨੀ ਹਾਂ? ਗੈਰਕਾਨੂੰਨੀ? ਕੀ ਸਾਡੇ ਕੋਲ ਹੱਕ ਹਨ? ਸਾਡੇ ਵਿਚੋਂ ਕੌਣ ‘ਸ਼ੱਕੀ ਨਾਗਰਿਕਾਂ’ ਲਈ ਬਣਾਏ ਜਾ ਰਹੇ ਵਿਸ਼ਾਲ ਨਜ਼ਰਬੰਦੀ ਕੇਂਦਰਾਂ ਵਿਚ ਹੋਵੇਗਾ? ਕੀ ਅਸੀਂ ਆਪਣੇ ਦਿਨ ਇੱਕ ਟ੍ਰਿਬਿਊਨਲ ਤੋਂ ਦੂਜੇ ਟ੍ਰਿਬਿਊਨਲ ਤੱਕ ਦੌੜਦਿਆਂ ਗੁਜ਼ਾਰਾਂਗੇ? ਫ਼ਾਸ਼ੀਵਾਦੀਆਂ ਨੂੰ ਅਫ਼ਰਾ-ਤਫ਼ਰੀ ਅਤੇ ਭਰਮ ਪਸੰਦ ਹੁੰਦੇ ਹਨ।

ਸਾਡੀ ਘਬਰਾਹਟ ਅਤੇ ਪੀੜ ਸਾਨੂੰ ਕਾਕਰੋਚ ਵਿਦਰੋਹ ਉੱਤੇ ਬਹੁਤ ਜ਼ਿਆਦਾ ਉਮੀਦ ਰੱਖਣ ਲਈ ਪ੍ਰੇਰਿਤ ਕਰ ਸਕਦੀ ਹੈ। ਕੁਝ ਲੋਕਾਂ ਨੇ ਇਸ ਦੀ ਤੁਲਨਾ ਉਸ ਨੌਜਵਾਨ ਵਿਦਰੋਹ ਨਾਲ ਕੀਤੀ ਹੈ ਜਿਸ ਕਾਰਨ ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ਵਿਚ ਹਕੂਮਤੀ ਬਦਲਾਅ ਹੋਏ। ਪਰ ਭਾਰਤ ਇੰਨਾ ਵਿਸ਼ਾਲ ਮੁਲਕ ਹੈ ਕਿ ਅਜਿਹਾ ਹੋ ਸਕਣਾ ਸੌਖਾ ਨਹੀਂ ਹੈ। ਹੋਰ ਲੋਕ ਇਸ ਦੀ ਤੁਲਨਾ ਜੈਪ੍ਰਕਾਸ਼ ਨਰੈਣ ਦੀ ਅਗਵਾਈ ਵਾਲੇ ਅੰਦੋਲਨ ਨਾਲ ਕਰਦੇ ਹਨ, ਜਿਸ ਨੇ 1977 ਵਿਚ ਇੰਦਰਾ ਗਾਂਧੀ ਦਾ ਤਖ਼ਤ ਪਲਟ ਦਿੱਤਾ ਸੀ। ਇਹ ਤੁਲਨਾਵਾਂ ਮਦਦਗਾਰ ਨਹੀਂ ਹਨ। ਕਾਕਰੋਚ ਜਨਤਾ ਪਾਰਟੀ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਹੈ। ਇਹ ਆਪਣੇ ਆਪ ਵਿਚ ਇੱਕ ਅਨੋਖੀ ਚੀਜ਼ ਹੈ। ਆਪਣੇ ਸਮੇਂ ਦੀ ਇੱਕ ਅਨੋਖੀ ਪੈਦਾਇਸ਼। ਇਹ ਕਮਜ਼ੋਰ ਨੌਜਵਾਨ ਹਨ, ਜੋ ਕਰੂਰ, ਬਦਲੇਖੋਰ ਸਰਕਾਰ ਦੇ ਵਿਰੁੱਧ ਖੜ੍ਹੇ ਹਨ, ਜਿਸ ਨੇ ਖ਼ੁਦ ਨੂੰ ਆਪਣੇ ਵਿਰੋਧੀਆਂ ਪ੍ਰਤੀ ਕਰੂਰ ਸਾਬਤ ਕੀਤਾ ਹੈ। ਬਦਲਾ ਯਕੀਨਨ ਹੀ ਯੋਜਨਾਬੱਧ ਕੀਤਾ ਜਾ ਰਿਹਾ ਹੋਵੇਗਾ ਅਤੇ ਉਨ੍ਹਾਂ ਲੋਕਾਂ ਉੱਤੇ ਥੋਪਿਆ ਜਾਵੇਗਾ, ਜਿਨ੍ਹਾਂ ਨੂੰ ਉਹ ਮੁੱਖ ਉਕਸਾਉਣ ਵਾਲੇ ਮੰਨਦੀ ਹੈ।
ਇੱਕ ਸ਼ਾਸਨ, ਜੋ ਸਾਫ਼ ਤੌਰ ਉੱਤੇ ਬਹੁਤ ਬਦਨਾਮ ਹੁੰਦਾ ਜਾ ਰਿਹਾ ਹੈ, ਖੁਦ ਨੂੰ ਵੋਟ ਪਾਉਣ ਵਾਲੇ ਲੋਕਾਂ ਨੂੰ ਕੋਈ ਰਿਆਇਤ ਨਾ ਦੇਣ ਦਾ ਆਤਮਵਿਸ਼ਵਾਸ ਕਿੱਥੋਂ ਲਿਆਉਂਦਾ ਹੈ? ਸ਼ਾਇਦ ਇਸ ਲਈ ਕਿ ਉਸ ਨੂੰ ਲੱਗਦਾ ਹੈ ਕਿ ਉਸ ਨੇ ਚੁਣਾਵੀ ਕਾਰੋਬਾਰ ਵਿਚ ਸਫ਼ਲਤਾਪੂਰਵਕ ਹੇਰਾਫੇਰੀ ਕਰ ਲਈ ਹੈ। ਉਸ ਨੇ ਪੂਰੀ ਮਸ਼ੀਨਰੀ ਉੱਤੇ ਕਬਜ਼ਾ ਕਰ ਲਿਆ ਹੈ। ਚੋਣ ਕਮਿਸ਼ਨ ਆਪਣੀ ਬਣਤਰ ਵਿਚ ਹੀ ਦੋਸ਼ਪੂਰਨ ਹੈ ਅਤੇ ਹੁਣ ਉਸ ਤੋਂ ਨਿਰਪੱਖ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਈ.ਵੀ.ਐੱਮ. ਨਾਲ ਛੇੜਛਾੜ ਕੀਤੀ ਗਈ ਹੈ, ਵੋਟਰ ਸੂਚੀਆਂ ਵਿਚ ਲੱਖਾਂ ਅਸਲੀ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਲੱਖਾਂ ਕਾਲਪਨਿਕ ਨਾਮ ਸ਼ਾਮਲ ਕਰ ਦਿੱਤੇ ਗਏ ਹਨ। ਚੋਣਾਂ ਦੀ ਨਿਗਰਾਨੀ ਕਰਨ ਵਾਲੀ ਨੌਕਰਸ਼ਾਹੀ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਮਿਲੀਭੁਗਤ ਵਾਲੀ ਸਾਬਤ ਕੀਤਾ ਹੈ। ਅਦਾਲਤਾਂ ਉੱਤੇ ਗੰਭੀਰ ਬੇਨਿਯਮੀਆਂ ਵਿਚ ਦੇਰੀ ਕਰਨ ਜਾਂ ਉਨ੍ਹਾਂ ਤੋਂ ਅੱਖਾਂ ਮੀਟ ਲੈਣ ਲਈ ਭਰੋਸਾ ਕੀਤਾ ਜਾ ਸਕਦਾ ਹੈ। ਪੁਲਿਸ ਨੂੰ ਨਿਰਪੱਖਤਾ ਬਾਰੇ ਕੋਈ ਪਤਾ ਹੀ ਨਹੀਂ ਹੈ। ਜਦੋਂ ਸੱਤਾ ਵਿਚ ਬੈਠਾ ਕੋਈ ਵਿਅਕਤੀ ਆਪਣੀਆਂ ਉਂਗਲੀਆਂ ਖੜਕਾਉਂਦਾ ਹੈ ਤਾਂ ਪ੍ਰੈੱਸ ਹਰ ਵਾਰ ਝੁਕ ਜਾਂਦੀ ਹੈ। ਚੋਣ ਹਲਕਿਆਂ ਦੀ ਮੁੜ ਹੱਦਬੰਦੀ ਇਹ ਯਕੀਨੀਂ ਬਣਾਉਣ ਲਈ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਇਹ ਹਮੇਸ਼ਾ ਭਾਜਪਾ ਦੇ ਹੱਕ ਵਿਚ ਰਹੇ। ਸੱਤਾਧਾਰੀ ਪਾਰਟੀ ਨੂੰ ਕਿਸ ਗੱਲ ਦਾ ਡਰ ਹੋਣਾ ਚਾਹੀਦਾ ਹੈ? ਉਸ ਨੂੰ ਕਿਸੇ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ? ਇਹ ਧਰਤੀ ਦੀ ਸਭ ਤੋਂ ਧਨਾਢ ਰਾਜਨੀਤਿਕ ਪਾਰਟੀ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਦੀ ਹਮਾਇਤ ਹਾਸਲ ਹੈ। ਇਹ ਕੁਝ ਵੀ ਖ਼ਰੀਦ ਸਕਦੀ ਹੈ। ਅਤੇ ਕਿਸੇ ਨੂੰ ਵੀ। ਜਾਂ ਘੱਟੋ-ਘੱਟ ਇਸ ਨੂੰ ਇਹੀ ਯਕੀਨ ਹੈ।
ਪਰ ਕੀ ਇਹ ਖੇਡ ਹਮੇਸ਼ਾ ਚੱਲ ਸਕਦੀ ਹੈ? ਕੀ ਸਾਰੇ ਲੋਕਾਂ ਨੂੰ ਹਰ ਵਕਤ ਬੇਵਕੂਫ਼ ਬਣਾਇਆ ਜਾ ਸਕਦਾ ਹੈ? ਕੀ ਡੇਢ ਅਰਬ ਦੀ ਆਬਾਦੀ ਵਾਲੇ ਮੁਲਕ ਨੂੰ ਹਮੇਸ਼ਾ ਲਈ ਲਾਸ਼ ਵਾਂਗ ਘਸੀਟਿਆ ਜਾ ਸਕਦਾ ਹੈ? ਨਹੀਂ, ਇਹ ਨਹੀਂ ਹੋ ਸਕਦਾ। ਕਾਕਰੋਚ ਬਾਹਰ ਆ ਗਏ ਹਨ। ਕਿਸਾਨ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨ ਲੱਗ ਪਏ ਹਨ, ਇਸ ਵਾਰ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰਨ ਲਈ—ਮੌਤ ਦੀ ਸਜ਼ਾ, ਜਿਸ ਉੱਤੇ ਭਾਰਤ ਸਰਕਾਰ ਨੇ ਉਨ੍ਹਾਂ ਦੇ ਵੱਲੋਂ ਗ਼ੁਲਾਮੀ ਭਰੇ ਢੰਗ ਨਾਲ ਦਸਤਖ਼ਤ ਕਰਨ ਲਈ ਸਹਿਮਤੀ ਦਿੱਤੀ ਹੈ। ਸ਼ਹਿਰ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ, ਪਰ ਇਸ ਨਾਲ ਉਨ੍ਹਾਂ ਨੂੰ ਰੋਕ ਲਏ ਜਾਣ ਦੀ ਸੰਭਾਵਨਾ ਨਹੀਂ ਹੈ। ਸ਼ਾਇਦ ਅਸੀਂ ਬਾਕੀ ਲੋਕ ਆਪਣੇ ਕਿਸਾਨਾਂ ਅਤੇ ਆਪਣੇ ਕਾਕਰੋਚਾਂ ਤੋਂ ਸਬਕ ਸਿੱਖ ਸਕਦੇ ਹਾਂ ਕਿ ਥੋੜ੍ਹੇ ਖ਼ਤਰਨਾਕ ਕਿਵੇਂ ਬਣਿਆ ਜਾਵੇ। ਨੌਜਵਾਨਾਂ ਨੇ ਸਾਨੂੰ ਇੱਕ ਤੋਹਫ਼ਾ ਦਿੱਤਾ ਹੈ। ਇਹ ਸਾਡੇ ਸਾਰਿਆਂ ਉੱਤੇ, ਸਾਡੇ ਵਿਚੋਂ ਹਰੇਕ ਉੱਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਜੋ ਕੀਤਾ ਹੈ, ਉਸ ਨੂੰ ਸਾਰਥਕ ਬਣਾਈਏ।
ਇੱਕ ਵਾਰ ਜਦੋਂ ਕੋਈ ਪ੍ਰਧਾਨ ਮੰਤਰੀ ਸਰੀਰਕ ਤੌਰ ਉੱਤੇ ਭੱਜ ਜਾਂਦਾ ਹੈ, ਤਾਂ ਦੇਰ ਨਹੀਂ ਲੱਗਦੀ ਕਿ ਉਸ ਨੂੰ ਰਾਜਨੀਤਿਕ ਤੌਰ ਉੱਤੇ ਵੀ ਭੱਜਣਾ ਪਵੇ।
ਪਰ ਇਹ ਸ਼ਾਸਨ ਆਸਾਨੀ ਨਾਲ ਨਹੀਂ ਜਾਵੇਗਾ। ਇਹ ਰਾਜਧਾਨੀ ਦੀਆਂ ਸੜਕਾਂ ਉੱਤੇ ਅਪਮਾਨਿਤ ਹੋਣਾ ਬਰਦਾਸ਼ਤ ਨਹੀਂ ਕਰੇਗਾ। ਸਾਨੂੰ ਖ਼ੂਨ-ਖਰਾਬਾ ਦੇਖਣ ਨੂੰ ਮਿਲ ਸਕਦਾ ਹੈ। ਨੌਜਵਾਨਾਂ ਦਾ ਮਿਜ਼ਾਜ ਤਿੱਖਾ ਹੋ ਰਿਹਾ ਹੈ। ਇਸ ਉਤੇਜਿਤ ਅਤੇ ਉਤਸ਼ਾਹੀ ਭੀੜ ਵਿਚ ਕਿਸੇ ਦਾ ਸਬਰ ਕਦੋਂ ਟੁੱਟ ਜਾਵੇਗਾ ਅਤੇ ਪੁਲਿਸ ਨੂੰ ਗੋਲੀ ਚਲਾਉਣ ਦਾ ਬਹਾਨਾ ਦੇ ਦੇਵੇਗਾ? ਉਹ ਸਾਨੂੰ ਤੋੜਨ ਲਈ ਹਰ ਸੰਭਵ ਯਤਨ ਕਰਨਗੇ। ਸਾਨੂੰ ਉਨ੍ਹਾਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। (ਦੀ ਵਾਇਰ ਦੇ ਧੰਨਵਾਦ, 22 ਜੁਲਾਈ 2026)