ਬੀ ਸੀ ਕੈਨੇਡਾ ਦਾ ਪੰਜਾਬੀ ਲਈ ਸੁਪਰ ਸਾਹਿਤ ਪੁਰਸਕਾਰ

ਗੁਲਜ਼ਾਰ ਸਿੰਘ ਸੰਧੂ
ਕਿਸੇ ਸਮੇਂ ਪੰਜਾਬੀ ਮੁਸਾਫਰਾਂ ਨਾਲ ਖਚਾ ਖਚ ਭਰੇ ਕਾਮਾਗਾਟਾ ਮਾਰੂ ਜਹਾਜ਼ ਨੂੰ ਆਪਣੀ ਮਿੱਟੀ ਦੀ ਛੁਹ ਤੋਂ ਵਾਂਝਾ ਰੱਖਣ ਵਾਲੇ ਇਸ ਧਰਤੀ ਦੇ ਇੱਕ ਪੰਜਾਬੀ ਜੀਊੜੇ ਨੇ ਭਾਰਤ ਦੇ ਗਿਆਨਪੀਠ ਤੇ ਸਰਸਵਤੀ ਸਨਮਾਨਾਂ ਨਾਲੋਂ ਵੀ ਉਚਾ ਸਾਹਿਤ ਸਨਮਾਨ ਸਥਾਪਤ ਕੀਤਾ ਹੈ। ਇਹ ਸਨਮਾਨ ਸਰੂਪ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕੰਮ ਕਰਦੀ ਸਿਹਤ, ਵਿਦਿਆ, ਵਿਕਾਸ ਤੇ ਸਾਹਿਤ ਨੂੰ ਪ੍ਰਣਾਈ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੀ ਮਦਦ ਨਾਲ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਵਲੋਂ ਗੁਰਮੁਖੀ/ਸ਼ਾਹਮੁਖੀ ਵਿਚ ਛਪੀ ਪੰਜਾਬੀ ਭਾਸ਼ਾ ਦੀ ਉਤਮ ਗਲਪ ਰਚਨਾ ਨੂੰ ਹਰ ਸਾਲ ਦਿੱਤਾ ਜਾਵੇਗਾ। ਇਨਾਮ ਦੀ ਰਕਮ 25 ਹਜ਼ਾਰ ਕੈਨੇਡੀਅਨ ਡਾਲਰ ਐਲਾਨੀ ਗਈ ਹੈ। ਰਚਨਾਵਾਂ ਹਰ ਵਰ੍ਹੇ ਦੇ ਜਨਵਰੀ ਮਹੀਨੇ ਪੇਸ਼ ਹੋਣਗੀਆਂ ਜਿਨ੍ਹਾਂ ਦਾ ਨਿਤਾਰਾ ਕਰਨ ਲਈ ਗੁਰਮੁਖੀ ਤੇ ਸ਼ਾਹਮੁਖੀ ਦੇ ਜਾਣਕਾਰ ਦੋ ਗਰੁਪ ਆਪਣੀ ਚੋਣ ਦਸਣਗੇ ਤੇ ਉਨ੍ਹਾਂ ਦਾ ਨਿਤਾਰਾ ਕਰਨ ਲਈ ਪੰਜਾਬੀ ਦੇ ਉਘੇ ਵਿਦਵਾਨਾਂ ਦੀ ਇਕ ਕੇਂਦਰੀ ਕਮੇਟੀ ਕਾਇਮ ਕੀਤੀ ਗਈ ਹੈ ਜਿਹੜੀ ਕੋਲੰਬੀਆ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਨਾਲ ਰੱਲ ਕੇ ਅੰਤਮ ਫੈਸਲਾ ਕਰੇਗੀ। ਇਨਾਮ ਸਬੰਧਤ ਵਰ੍ਹੇ ਦੇ ਅਕਤੂਬਰ ਮਹੀਨੇ ਦਿੱਤਾ ਜਾਵੇਗਾ। ਪੁਰਸਕਾਰ ਦੀ ਪੇਸ਼ਕਾਰੀ ਕੈਨੇਡੀਅਨ ਗਲਪ ਦੇ ਗਿੱਲਰ ਤੇ ਅੰਗਰੇਜ਼ੀ ਦੇ ਪੁਲਟਜ਼ਰ ਪੁਰਸਕਾਰ ਦਾ ਟਾਕਰਾ ਕਰੇਗੀ।
ਇਸ ਉਦਮ ਦੀ ਰੂਹ-ਏ-ਰਵਾਂ ਬਰਜ ਐਸ ਢਾਹਾਂ ਬੰਗਾ ਨੇੜਲੇ ਢਾਹਾਂ ਪਿੰਡ ਦਾ ਜੰਮਪਲ ਹੈ ਜਿਹੜਾ ਦਸ ਸਾਲ ਦੀ ਉਮਰ ਵਿਚ ਆਪਣਾ ਪਿੰਡ ਛੱਡ ਕੇ ਹਰੀਆਂ ਚਰਾਂਦਾਂ ਦੀ ਭਾਲ ਵਿਚ ਕੈਨੇਡਾ ਚਲਾ ਗਿਆ ਸੀ। ਉਹ ਅਤਿਅੰਤ ਸਫਲ ਵਿਅਕਤੀ ਹੈ ਤੇ ਉਸ ਨੇ ਹੁਣ ਆਪਣੀ ਮਾਤ ਭਾਸ਼ਾ ਦੀ ਉਸਾਰੀ ਤੇ ਅਮੀਰੀ ਲਈ ਇਸ ਇਨਾਮ ਦਾ ਦਸਵੰਧ ਕੱਢਣ ਦਾ ਫੈਸਲਾ ਕੀਤਾ ਹੈ। ਸਨਮਾਨ ਦਾ ਨਾਂ ਢਾਹਾਂ ਇੰਟਰਨੈਸ਼ਨਲ ਸਾਹਿਤ ਸਨਮਾਨ ਹੈ। ਇਨਾਮ ਜੇਤੂ ਪੁਸਤਕ ਅੰਗਰੇਜ਼ੀ ਵਿਚ ਅਨੁਵਾਦ ਕਰਵਾ ਕੇ ਪਾਠਕਾਂ ਦੇ ਅੰਤਰਰਾਸ਼ਟਰੀ ਪਿੜ ਵਿਚ ਪਹੁੰਚਾਈ ਜਾਵੇਗੀ। ਮੂਲ ਭਾਵਨਾ ਮਾਤ ਭੂਮੀ ਤੇ ਮਾਂ ਬੋਲੀ ਦਾ ਨਾਂ ਰੌਸ਼ਨ ਕਰਨ ਦੀ ਹੈ। ਕਿੰਨੀ ਸਫਲ ਰਹੇਗੀ, ਇਸ ਦਾ ਅਨੁਮਾਨ ਬੰਗਾ ਬਹਿਰਾਮ ਸੜਕ ਉਤੇ ਪੈਂਦੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਟਰੱਸਟ ਦੀ ਦੇਣ ਤੋਂ ਲਾਇਆ ਜਾ ਸਕਦਾ ਹੈ ਜਿਹੜਾ ਬਰਜ ਦੇ ਪਿਤਾ ਬੁੱਧ ਸਿੰਘ ਢਾਹਾਂ ਦੀ ਦੇਣ ਹੈ। ਜੇ ਪਿਤਾ ਨੇ ਆਪਣੇ ਜੱਦੀ ਇਲਾਕੇ ਦੇ ਭਲੇ ਲਈ ਉਥੇ ਹਸਪਤਾਲ, ਟਰੌਮਾ ਸੈਂਟਰ, ਨਰਸਿੰਗ ਕਾਲਜ ਤੇ ਸੀਨੀਅਰ ਸੈਕੰਡਰੀ ਸਕੂਲ ਖੋਲ੍ਹਿਆ ਹੈ ਤਾਂ ਪੁੱਤਰ ਨੇ ਆਪਣੇ ਪਿੰਡ ਦੇ ਨਾਂ ਉਤੇ ਢਾਹਾਂ ਇੰਟਰਨੈਸ਼ਲ ਸੁਪਰ ਸਾਹਿਤ ਪੁਰਸਕਾਰ ਦੀ ਸਥਾਪਨਾ ਕੀਤੀ ਹੈ। ਉਹ ਆਪਣੇ ਇਸ ਯਤਨ ਨੂੰ ਆਪਣੀ ਮਾਂ ਬੋਲੀ ਨੂੰ ਵਿਸਾਰੇ ਰੱਖਣ ਦੀ ਭੁੱਲ ਦੀ ਮੁਆਫ਼ੀ ਮਾਤਰ ਕਹਿੰਦਾ ਹੈ। ਭਾਰਤ ਵਿਚ ਇਸ ਦਾ ਐਲਾਨ ਨਵੰਬਰ ਮਹੀਨੇ ਚੰਡੀਗੜ੍ਹ ਦੇ ਮੈਰੀਅਟ ਹੋਟਲ ਵਿਚ ਇੱਕ ਵੱਡਾ ਸਮਾਗਮ ਰਚਾ ਕੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਜਿਹਾ ਸਮਾਗਮ ਵੈਨਕੂਵਰ ਵਿਚ ਹੋ ਚੁੱਕਿਆ ਹੈ ਅਤੇ ਪਾਕਿਸਤਾਨ ਤੇ ਅਮਰੀਕਾ ਵਿਚ ਛੇਤੀ ਹੀ ਹੋਣ ਵਾਲਾ ਹੈ। ਉਦਮ ਵੱਡਾ ਹੈ, ਵਧੀਆ ਹੈ ਤੇ ਵਧਾਈ ਦਾ ਹੱਕਦਾਰ ਹੈ।
ਚਰਨ ਦਾਸ ਸਿੱਧੂ ਦਾ ਹੁਸ਼ਿਆਰਪੁਰ: ਹਰਮਨ ਪਿਆਰੇ ਪੰਜਾਬੀ ਨਾਟਕਕਾਰ ਚਰਨ ਦਾਸ ਸਿੱਧੂ ਦੇ ਅਕਾਲ ਚਲਾਣੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਭਾਰਤੀ ਸਾਹਿਤ ਵਿਚ ਯੋਗਦਾਨ ਚੇਤੇ ਕਰਵਾ ਦਿੱਤਾ ਹੈ। ਤਾਰਾ ਸਿੰਘ ਕਾਮਲ ਵਾਂਗ ਉਹ ਵੀ ਭਾਰਤੀ ਸਾਹਿਤ ਅਕਾਡਮੀ ਦੇ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਸੀ। ਕਾਮਲ ਦਾ ਜਨਮ 15 ਮਾਰਚ 1929 ਨੂੰ ਫਗਵਾੜਾ-ਹੁਸ਼ਿਆਰਪੁਰ ਸੜਕ ਤੋਂ ਜ਼ਰਾ ਹਟਵੇਂ ਪਿੰਡ ਹੂਕੜਾਂ ਵਿਚ ਹੋਇਆ ਸੀ ਤੇ ਸਿੱਧੂ ਦਾ 14 ਮਾਰਚ 1938 ਨੂੰ ਇਸੇ ਸੜਕ ਤੋਂ ਥੋੜ੍ਹਾ ਹੋਰ ਹਟਵੇਂ ਪਿੰਡ ਭਾਮ ਵਿਚ। ਕਾਮਲ ਨੂੰ ਕੌਮੀ ਨਕਸ਼ੇ ਉਤੇ ਖੁਸ਼ਵੰਤ ਸਿੰਘ ਲੈ ਕੇ ਆਇਆ ਸੀ। ਉਸ ਨੇ ਚਾਰ ਦਹਾਕੇ ਪਹਿਲਾਂ ਸਟੇਟਸਮੈਨ ਲਈ ਲਿਖੇ ਆਪਣੇ ਇੱਕ ਲੇਖ ਵਿਚ ਉਸ ਦੀ ਰੰਦਾ ਵਾਹੁੰਦੇ ਦੀ ਤਸਵੀਰ ਛਾਪ ਕੇ ਉਸ ਨੂੰ ਤਰਖਾਣ ਕਵੀ ਲਿਖਿਆ ਸੀ।
ਚਰਨ ਦਾਸ ਸਿੱਧੂ ਆਪਣੇ ਨੇੜਲੇ ਮਿੱਤਰਾਂ ਨੂੰ ਆਪਣੀ ਜਾਣ-ਪਛਾਣ ਕਰਾਉਂਦੇ ਸਮੇਂ ਰੁਅਬ ਨਾਲ ਕਹਿੰਦਾ ਹੁੰਦਾ ਸੀ ਕਿ ਉਸ ਦਾ ਬਾਪ ਹੁਸ਼ਿਆਰਪੁਰ ਵਿਚ ਜੁੱਤੀਆਂ ਗੰਢਦਾ ਰਿਹਾ ਹੈ। ਹੂਕੜਾਂ ਤੇ ਭਾਮ ਮੇਰੇ ਜੱਦੀ ਪਿੰਡ ਸੂਨੀ ਤੋਂ ਬਾਰਾਂ ਕੋਹ ਦੀ ਮਾਰ ‘ਤੇ ਹਨ ਤੇ ਇਸ ਸਨਮਾਨ ਵਾਲਾ ਮੈਂ ਊਝ ਵਾਹੁੰਦੇ ਪਿਤਾ ਦਾ ਪੁੱਤਰ ਹਾਂ। ਜਦੋਂ ਕਾਮਲ ਅਤੇ ਮੇਰੇ ਵਾਂਗ ਸਿੱਧੂ ਵੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ ਤਾਂ ਮੈਂ ਭਰੀ ਸਭਾ ਵਿਚ ਕਿਹਾ ਸੀ, ਸਾਡੀ ਇਕੋ ਇੱਕ ਤਹਿਸੀਲ ਗੜ੍ਹਸ਼ੰਕਰ ਨੇ ਸਾਹਿਤ ਅਕਾਡਮੀ ਨੂੰ ਤਿੰਨ ਵਿਜੇਤਾ ਦਿੱਤੇ ਹਨ, ਤੇ ਉਹ ਵੀ ਕਵੀ, ਰੰਗਕਰਮੀ ਤੇ ਗਲਪਕਾਰ, ਜਦ ਕਿ ਭਾਰਤ ਵਿਚ ਉਨ੍ਹਾਂ ਜ਼ਿਲ੍ਹਿਆਂ ਦੀ ਗਿਣਤੀ ਕਈ ਦਰਜਨ ਹੋ ਸਕਦੀ ਹੈ ਜਿਥੋਂ ਇਹ ਸਨਮਾਨ ਪ੍ਰਾਪਤ ਕਰਨ ਵਾਲਾ ਕੋਈ ਵੀ ਨਹੀਂ। ਸਿੱਧੂ 37 ਨਾਟਕਾਂ ਦਾ ਲੇਖਕ ਤੇ ਸੰਗੀਤ ਨਾਟਕ ਅਕਾਡਮੀ ਸਨਮਾਨ ਵਿਜੇਤਾ ਅਤੇ ਪੰਜਾਬੀ ਲੇਖਕ ਸਭਾ ਨਵੀਂ ਦਿੱਲੀ ਦਾ ਫੈਲੋ ਵੀ ਸੀ। ਹੁਸ਼ਿਆਰਪੁਰੀਆਂ ਵਿਚੋਂ ਇਸ ਮਿੱਟੀ ਨੂੰ ਅਲਵਿਦਾ ਕਹਿਣ ਵਾਲਾ ਹੁਣ ਕੇਵਲ ਮੈਂ ਹੀ ਰਹਿ ਗਿਆ ਹਾਂ। ਚੰਗਾ ਹੋਇਆ ਮੇਰੇ ਲਈ ਉਪਰ ਜਾ ਕੇ ਥਾਂ ਬਣਾਉਣ ਵਾਲੇ ਦੋ ਹੋ ਗਏ ਹਨ। ਇੱਕ ਇਕੱਲਾ ਦੋ ਗਿਆਰਾਂ। ਦਿੱਲੀ ਵਿਚ ਤਾਂ ਅਸੀਂ ਤਿੰਨੇ ਇਕੱਠੇ ਸਾਂ। ਮੇਰਾ ਨਿਸਚਾ ਹੈ ਕਿ ਉਪਰ ਵਾਲੇ ਕੋਲ ਵੀ ਉਹ ਮੈਨੂੰ ਬਾਰਾਂ ਕੋਹ ਤੋਂ ਦੂਰ ਨਹੀਂ ਭੇਜਣ ਲੱਗੇ। ਬਾਰਾਂ ਕੋਹਾਂ ‘ਤੇ ਬੋਲੀ ਬਦਲਣ ਵਾਲੇ ਪੈਮਾਨੇ ਅਨੁਸਾਰ ਸਾਡੀ ਬੋਲੀ ਜੋ ਇੱਕ ਸੀ।
ਅੰਤਿਕਾ: (ਗ਼ਦਰ ਲਹਿਰ ਦਾ ਕੋਰੜਾ ਛੰਦ)
ਇਕ ਟਾਪੂ ਨਿਵਾਸੀ ਬਾਗ਼ੀ 4 ਅਗਸਤ 1914
ਹਿੰਦ ਦੇ ਸਪੁੱਤਰੋ ਕਰੋ ਧਿਆਨ ਜੀ,
ਲੁਟ ਕੇ ਤੇ ਹਿੰਦ ਕੀਤਾ ਹੈ ਵੈਰਾਨ ਜੀ।
ਤੁਸਾਂ ਵਿਚ ਪਾ ਕੇ ਵੀਰੋ ਖਾਨਾ ਜੰਗੀਆਂ,
ਖਾ ਲਿਆ ਮੁਲਕ ਲੁਟ ਕੇ ਫਰੰਗੀਆਂ।
ਹਿੰਦੂ ਮੁਸਲਮਾਨ ਅਤੇ ਸਿੰਘ ਸੂਰਮੇ,
ਕੁੱਟ ਕੇ ਬਣਾਓ ਵੈਰੀਆਂ ਦੇ ਚੂਰਮੇ।
ਫੜ ਲਓ ਸ਼ਾਤਾਬੀ ਹੱਥੀਂ ਤੇਗਾਂ ਨੰਗੀਆਂ,
ਖਾ ਲਿਆ ਮੁਲਕ ਲੁਟ ਕੇ ਫਰੰਗੀਆਂ।

Be the first to comment

Leave a Reply

Your email address will not be published.