ਚੰਡੀਗੜ੍ਹ:ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਤੱਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਸਾਹਮਣੇ ਪੇਸ਼ ਹੋਏ।
ਸੁਖਬੀਰ ਦੁਪਹਿਰ ਕਰੀਬ 12 ਵਜੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਐੱਸਆਈਟੀ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਤੋਂ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਹਾਲਾਂਕਿ ਜਾਂਚ ਅਧਿਕਾਰੀਆਂ ਨੇ ਸੁਖਬੀਰ ਤੋਂ ਕਿਹੜੇ ਸਵਾਲ ਪੁੱਛੇ, ਇਸਦੇ ਵੇਰਵੇ ਪ੍ਰਾਪਤ ਨਹੀ ਹੋ ਸਕੇ, ਪਰ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਤੋ ਉਹੀ ਸਵਾਲ ਵਾਰ-ਵਾਰ ਪੁੱਛੇ ਜਾ ਰਹੇ ਹਨ, ਜਿਨ੍ਹਾਂ ਦਾ ਉਹ ਜਵਾਬ ਪਹਿਲਾਂ ਹੀ ਦੇ ਚੁੱਕੇ ਹਨ।
ਓਧਰ ਸੁਖਬੀਰ ਦੀ ਪੇਸ਼ੀ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਅਕਾਲੀ ਵਰਕਰ ਤੇ ਆਗੂ ਵੀ ਚੰਡੀਗੜ੍ਹ ਪੁੱਜੇ ਹੋਏ ਸਨ। ਪੁਲਿਸ ਨੇ ਵੀ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਹੋਏ ਸਨ। ਚੰਡੀਗੜ੍ਹ ਪੁਲਿਸ ਨੇ ਇਲਾਕੇ ‘ਚ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਸਨ। ਕਈ ਥਾਵਾਂ ‘ਤੇ ਬੈਰੀਕੇਡ ਵੀ ਲਗਾਏ ਸਨ। ਫ਼ਰੀਦਕੋਟ ਜ਼ਿਲ੍ਹੇ ਦੇ ਬਰਗਾੜੀ ‘ਚ ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਦੇ ਵਿਰੋਧ ‘ਚ ਪੰਜਾਬ ਭਰ ‘ਚ ਵਿਰੋਧ ਮੁਜ਼ਾਹਰੇ ਹੋਏ। ਇਸ ਦੌਰਾਨ 14 ਅਕਤੂਬਰ 2015 ਨੂੰ ਪੁਲਿਸ ਨੇ ਬਹਿਬਲ ਕਲਾਂ ‘ਚ ਸਿੱਖ ਸੰਗਤ ‘ਤੇ ਲਾਠੀਚਾਰਜ ਤੇ ਫਾਇਰਿੰਗ ਕਰ ਦਿੱਤੀ। ਗੋਲ਼ੀ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਸਮੇਂ-ਸਮੇਂ ‘ਤੇ ਵਿਸ਼ੇਸ਼ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਐੱਸਆਈਟੀ ਦਾ ਪੁਨਰਗਠਨ ਕੀਤਾ। ਕਈ ਸਾਬਕਾ ਪੁਲਿਸ ਅਧਿਕਾਰੀਆਂ ਤੇ ਸਿਆਸੀ ਨੇਤਾਵਾਂ ਤੋਂ ਪੁੱਛਗਿੱਛ ਕੀਤੀ। ਇਸੇ ਸੰਦਰਭ ‘ਚ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਇਸ ਮਾਮਲੇ “ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ। ਸੁਖਬੀਰ ਬਾਦਲ ਨੇ ਇਸ ਜਾਂਚ ਨੂੰ ਸਿਰਫ਼ ਸਿਆਸੀ ਖੇਡ ਦੱਸਦੇ ਹੋਏ ਕਿਹਾ, ‘ਯਾਦ ਰੱਖਣਾ, ਇਹੀ ਥਾਂ ਹੋਵੇਗੀ, ਇਹੀ ਪੁਲਿਸ ਅਧਿਕਾਰੀ ਹੋਣਗੇ ਤੇ ਇੱਥੇ ਹੀ ਮੁੱਖ ਮੰਤਰੀ ਨੂੰ ਜਵਾਬ ਦੇਣਾ ਪਵੇਗਾ।’ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਵੱਧ ਰਹੇ ਆਧਾਰ ਤੋਂ ਡਰਦੀ ਹੈ। ਉਸ ਦੀ ਸਰਕਾਰ ਨੂੰ ਬੇਅਦਬੀ ਮਾਮਲਿਆਂ ‘ਚ ਇਨਸਾਫ਼ ਦਿਵਾਉਣ ‘ਚ ਕੋਈ ਦਿਲਚਸਪੀ ਨਹੀਂ। ਉਹ ਸਿਰਫ਼ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਨੋਟਿਸ ਮੁੱਖ ਮੰਤਰੀ ਨਾਲ ਜੁੜੇ ਹਾਲੀਆ ਵਿਵਾਦਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਚੌਥੀ ਵਾਰ ਤਲਬ ਕੀਤਾ ਗਿਆ ਤੇ ਉਹੀ ਸਵਾਲ ਵਾਰ ਵਾਰ ਪੁੱਛੇ ਜਾ ਰਹੇ ਹਨ ‘ ਜੋ ਕਿ ਪਿਛਲੀਆਂ ਐੱਸਆਈਟੀ ਵੱਲੋਂ ਪੁੱਛੇ ਗਏ ਸਨ। ਅੱਜ ਜੋ ਸਵਾਲ ਪੁੱਛੇ ਗਏ, ਉਹ ਸਾਰੇ ਸਿਆਸਤ ਤੋਂ ਪ੍ਰੇਰਿਤ ਸਨ। ਸੁਖਬੀਰ ਨੇ ਕਿਹਾ ਮੁੱਖ ਮੰਤਰੀ ਨੇ ਸੂਬੇ ‘ਚ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਾਸਤੇ ਕੱਖ ਵੀ ਨਹੀਂ ਕੀਤਾ। ਪਿਛਲੇ 10 ਸਾਲਾਂ ‘ਚ ਬੇਅਦਬੀ ਦੀਆਂ 597 ਘਟਨਾਵਾਂ ਵਾਪਰ ਚੁੱਕੀਆਂ ਹਨ। ਮੁੱਖ ਮੰਤਰੀ ਨੇ ਤਾਂ ਇਨ੍ਹਾਂ ਦੀ ਜਾਂਚ ਵੀ ਨਹੀਂ ਕਰਵਾਈ ਜਿਸ ਕਾਰਨ ਦੋਸ਼ੀ ਬਰੀ ਹੋ ਗਏ ਤੇ ਕੇਸ ਰੱਦ ਹੋ ਗਏ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਹਰ ਮੁੱਦੇ ‘ਤੇ ਸਰਕਾਰ ਤੋਂ ਜਵਾਬ ਮੰਗੇਗਾ ਤੇ ਪੇਸ਼ੀ ਦੌਰਾਨ ਭਾਰੀ ਗਿਣਤੀ ‘ਚ ਪੁੱਜੇ ਪਾਰਟੀ ਵਰਕਰਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਦੇ ਦਬਾਅ ‘ਚ ਨਹੀਂ ਆਉਣਗੇ।
